ਦੁਬਈ ਦੇ ਗਲੈਮਰ ਭਰੇ ਇਲਾਕਿਆਂ ਵਿੱਚ ਵੇਸਵਾਗਮਨੀ ਦੇ 'ਬੌਸ' ਦਾ ਬੀਬੀਸੀ ਨੇ ਕੀਤਾ ਪਰਦਾਫਾਸ਼

- ਲੇਖਕ, ਰੁਨਾਕੋ ਸੇਲੀਨਾ
- ਰੋਲ, ਬੀਬੀਸੀ ਆਈ ਇਨਵੈਸਟੀਗੇਸ਼ਨ
(ਚੇਤਾਵਨੀ: ਇਸ ਲੇਖ ਵਿੱਚ ਪਰੇਸ਼ਾਨ ਕਰਨ ਵਾਲੀ ਸਮੱਗਰੀ ਅਤੇ ਵੇਸਵਾਗਮਨੀ ਬਾਰੇ ਜਾਣਕਾਰੀ ਹੈ।)
ਬੀਬੀਸੀ ਇਨਵੈਸਟੀਗੇਸ਼ਨ ਨੇ ਦੁਬਈ ਦੇ ਇੱਕ ਗਲੈਮਰਸ ਨਾਲ ਭਰਪੂਰ ਇਲਾਕਿਆਂ ਵਿੱਚ ਸੈਕਸ ਰੈਕੇਟ ਚਲਾਉਣ ਵਾਲੇ ਅਤੇ ਕਮਜ਼ੋਰ ਔਰਤਾਂ ਦਾ ਸ਼ੋਸ਼ਣ ਕਰਨ ਵਾਲੇ ਇੱਕ ਆਦਮੀ ਦਾ ਪਰਦਾਫਾਸ਼ ਕੀਤਾ ਹੈ।
ਚਾਰਲਸ ਮਵੇਸਿਗਵਾ ਨਾਮ ਦਾ ਇੱਕ ਆਦਮੀ, ਲੰਡਨ ਦਾ ਇੱਕ ਸਾਬਕਾ ਬੱਸ ਡਰਾਈਵਰ ਹੋਣ ਦਾ ਦਾਅਵਾ ਕਰਦਾ ਹੈ। ਚਾਰਲਸ ਨੇ ਬੀਬੀਸੀ ਦੇ ਅੰਡਰਕਵਰ ਰਿਪੋਰਟਰ ਨੂੰ ਦੱਸਿਆ ਕਿ ਉਹ 1,000 ਅਮਰੀਕੀ ਡਾਲਰ ਦੀ ਸ਼ੁਰੂਆਤੀ ਕੀਮਤ 'ਤੇ ਸੈਕਸ ਪਾਰਟੀਆਂ ਲਈ ਔਰਤਾਂ ਮੁਹੱਈਆ ਕਰਵਾ ਸਕਦਾ ਹੈ।
ਚਾਰਲਸ ਨੇ ਕਿਹਾ ਕਿ ਬਹੁਤ ਸਾਰੀਆਂ ਔਰਤਾਂ ਆਪਣੇ ਗਾਹਕਾਂ ਲਈ "ਲਗਭਗ ਸਭ ਕੁਝ" ਕਰ ਸਕਦੀਆਂ ਹਨ। ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਸਾਲਾਂ ਤੋਂ ਅਜਿਹੀਆਂ ਸੈਕਸ ਪਾਰਟੀਆਂ ਦੀਆਂ ਅਫ਼ਵਾਹਾਂ ਰਹੀਆਂ ਹਨ।
ਟਿਕਟੌਕ ʼਤੇ ਹੈਸ਼ਟੈਗ (#Dubaiportapotty) ਨੂੰ 45 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ਹੈ।
ਇਸ ਹੈਸ਼ਟੈਗ ਨਾਲ ਉਨ੍ਹਾਂ ਔਰਤਾਂ ਦੀ ਪੈਰੋਡੀ ਕੀਤੀ ਜਾਂਦੀ ਹੈ, ਜਿਨ੍ਹਾਂ 'ਤੇ ਆਪਣੀ ਜੀਵਨ ਸ਼ੈਲੀ ਨੂੰ ਚਲਾਉਣ ਲਈ ਸੈਕਸ ਦੀ ਵਰਤੋਂ ਕਰਨ ਦਾ ਇਲਜ਼ਾਮ ਲਗਾਇਆ ਜਾਂਦਾ ਹੈ।
ਪਰ ਬੀਬੀਸੀ ਵਰਲਡ ਸਰਵਿਸ ਦੀ ਇੱਕ ਜਾਂਚ ਨੇ ਖੁਲਾਸਾ ਕੀਤਾ ਹੈ ਕਿ ਅਸਲੀਅਤ ਕਿਤੇ ਜ਼ਿਆਦਾ ਭਿਆਨਕ ਹੈ।
ਇਮਾਰਤਾਂ ਤੋਂ ਡਿੱਗਣ ਨਾਲ ਦੋ ਔਰਤਾਂ ਦੀ ਮੌਤ

ਤਸਵੀਰ ਸਰੋਤ, Family handout
ਯੂਗਾਂਡਾ ਦੀਆਂ ਨੌਜਵਾਨ ਔਰਤਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੇ ਕਦੇ ਉਮੀਦ ਨਹੀਂ ਕੀਤੀ ਸੀ ਕਿ ਚਾਰਲਸ ਮਵੇਸਿਗਵਾ ਉਨ੍ਹਾਂ ਨੂੰ ਸੈਕਸ ਵਰਕਰ ਬਣਾ ਦੇਵੇਗਾ। ਉਨ੍ਹਾਂ ਨੇ ਸੋਚਿਆ ਸੀ ਕਿ ਉਹ ਯੂਏਈ ਵਿੱਚ ਸੁਪਰਮਾਰਕੀਟਾਂ ਜਾਂ ਹੋਟਲਾਂ ਵਿੱਚ ਕੰਮ ਕਰਨ ਜਾ ਰਹੀਆਂ ਹਨ।
ਚਾਰਲਸ ਦਾ ਇੱਕ ਗਾਹਕ ਵਾਰ-ਵਾਰ ਔਰਤਾਂ ਵੱਲੋਂ ਬਾਥਰੂਮ ਜਾਣ ਦੀ ਮੰਗ ਕਰਦਾ ਸੀ। ਸਾਨੂੰ ਇਹ ਗੱਲ ਮੀਆ ਨੇ ਦੱਸੀ। ਉਨ੍ਹਾਂ ਦੀ ਪਛਾਣ ਗੁਪਤ ਰੱਖਣ ਲਈ ਅਸੀਂ ਉਨ੍ਹਾਂ ਦਾ ਨਾਮ ਬਦਲਿਆ ਹੈ।
ਪਰ ਚਾਰਲਸ ਮਵੇਸਿਗਵਾ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਔਰਤਾਂ ਨੂੰ ਘਰ ਲੱਭਣ ਵਿੱਚ ਮਦਦ ਕਰਦਾ ਹੈ ਅਤੇ ਔਰਤਾਂ ਦੁਬਈ ਵਿੱਚ ਅਮੀਰ ਲੋਕਾਂ ਨਾਲ ਪਾਰਟੀਆਂ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਦੇ ਪਿੱਛੇ ਚਲੀਆਂ ਜਾਂਦੀਆਂ ਹਨ।
ਸਾਡੀ ਜਾਂਚ ਦੌਰਾਨ, ਅਸੀਂ ਇਹ ਵੀ ਦੇਖਿਆ ਕਿ ਮਵੇਸਿਗਵਾ ਦੇ ਸੰਪਰਕ ਵਿੱਚ ਰਹੀਆਂ ਦੋ ਔਰਤਾਂ ਦੀ ਉੱਚੀਆਂ ਇਮਾਰਤਾਂ ਤੋਂ ਡਿੱਗਣ ਮਗਰੋਂ ਮੌਤ ਹੋ ਗਈ। ਉਨ੍ਹਾਂ ਦੀਆਂ ਮੌਤਾਂ ਨੂੰ ਖੁਦਕੁਸ਼ੀਆਂ ਵਜੋਂ ਮੰਨਿਆ ਗਿਆ ਸੀ, ਪਰ ਉਨ੍ਹਾਂ ਦੇ ਦੋਸਤਾਂ ਅਤੇ ਪਰਿਵਾਰ ਦਾ ਮੰਨਣਾ ਹੈ ਕਿ ਪੁਲਿਸ ਨੂੰ ਹੋਰ ਜਾਂਚ ਕਰਨੀ ਚਾਹੀਦੀ ਸੀ।
ਮਵੇਸਿਗਵਾ ਨੇ ਕਿਹਾ ਕਿ ਦੁਬਈ ਪੁਲਿਸ ਨੇ ਜਾਂਚ ਕੀਤੀ ਸੀ। ਉਨ੍ਹਾਂ ਨੇ ਸਾਨੂੰ ਜਾਣਕਾਰੀ ਲਈ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ। ਸਾਨੂੰ ਅਜੇ ਤੱਕ ਦੁਬਈ ਪੁਲਿਸ ਤੋਂ ਕੋਈ ਜਵਾਬ ਨਹੀਂ ਮਿਲਿਆ ਹੈ।

ਕਰਜ਼ੇ ਦਾ ਜਾਲ
ਆਪਣੀ ਜਾਨ ਗੁਆਉਣ ਵਾਲੀਆਂ ਔਰਤਾਂ ਵਿੱਚੋਂ ਇੱਕ, ਮੋਨਿਕ ਕਰੂੰਗੀ, ਪੱਛਮੀ ਯੂਗਾਂਡਾ ਤੋਂ ਦੁਬਈ ਪਹੁੰਚੀ। ਦੁਬਈ ਵਿੱਚ ਉਹ ਮਵੇਸਿਗਵਾ ਲਈ ਕੰਮ ਕਰਨ ਵਾਲੀਆਂ ਕਈ ਔਰਤਾਂ ਨਾਲ ਇੱਕ ਫਲੈਟ ਸਾਂਝਾ ਕਰ ਰਹੀ ਸੀ।
ਕਿਏਰਾ (ਬਦਲਿਆ ਹੋਇਆ ਨਾਮ) ਵੀ 2022 ਵਿੱਚ ਮੋਨਿਕ ਨਾਲ ਉਸੇ ਫਲੈਟ ਵਿੱਚ ਰਹਿੰਦੀ ਸੀ।
ਉਨ੍ਹਾਂ ਨੇ ਕਿਹਾ, "ਉਸਦਾ ਘਰ ਇੱਕ ਬਾਜ਼ਾਰ ਵਰਗਾ ਸੀ... ਉੱਥੇ ਲਗਭਗ 50 ਕੁੜੀਆਂ ਸਨ। ਮੋਨਿਕ ਖੁਸ਼ ਨਹੀਂ ਸੀ ਕਿਉਂਕਿ ਉਸ ਨੂੰ ਉਹ ਨਹੀਂ ਮਿਲਿਆ ਜੋ ਉਸ ਨੇ ਉਮੀਦ ਕੀਤੀ ਸੀ।"
ਮੋਨਿਕ ਦੀ ਭੈਣ ਰੀਟਾ ਦੱਸਦੀ ਹੈ ਕਿ ਉਹ ਇੱਕ ਸੁਪਰਮਾਰਕੀਟ ਵਿੱਚ ਨੌਕਰੀ ਹਾਸਲ ਕਰਨ ਦੀ ਉਮੀਦ ਵਿੱਚ ਦੁਬਈ ਆਈ ਸੀ।
ਮੀਆ ਵੀ ਮੋਨਿਕ ਨੂੰ ਜਾਣਦੀ ਸੀ।
ਮੀਆ ਨੇ ਕਿਹਾ, "ਜਦੋਂ ਮੈਂ ਕਿਹਾ ਕਿ ਮੈਂ ਘਰ ਵਾਪਸ ਜਾਣਾ ਚਾਹੁੰਦੀ ਹਾਂ ਤਾਂ ਮਵੇਸਿਗਵਾ ਹਿੰਸਕ ਹੋ ਗਿਆ।"
ਦੁਬਈ ਪਹੁੰਚਦੇ ਹੀ ਮੀਆ ਨੂੰ ਦੱਸਿਆ ਗਿਆ ਕਿ ਉਨ੍ਹਾਂ ਦਾ ਕਰਜ਼ਾ 2,711 ਡਾਲਰ ਹੋ ਗਿਆ ਹੈ ਅਤੇ ਕਿਹਾ ਕਿ ਜੇਕਰ ਪੈਸੇ ਦੋ ਹਫ਼ਤਿਆਂ ਵਿੱਚ ਵਾਪਸ ਨਹੀਂ ਕੀਤੇ ਗਏ, ਤਾਂ ਕਰਜ਼ਾ ਦੁੱਗਣਾ ਹੋ ਜਾਵੇਗਾ।
ਮਿਆ ਨੇ ਦੱਸਿਆ, "ਇਹ ਸਾਰਾ ਪੈਸਾ ਹਵਾਈ ਟਿਕਟਾਂ, ਵੀਜ਼ਾ, ਰਿਹਾਇਸ਼ ਅਤੇ ਖਾਣੇ ਲਈ ਲਿਆ ਜਾਂਦਾ ਸੀ। ਤੁਹਾਨੂੰ ਇਹ ਕਰਜ਼ਾ ਚੁਕਾਉਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਅਸੀਂ ਮਰਦਾਂ ਨੂੰ ਗੁਜ਼ਾਰਿਸ਼ ਕਰਦੇ ਸੀ ਕਿ ਸਾਡੇ ਕੋਲ ਆਉਣ ਅਤੇ ਸਾਡੇ ਨਾਲ ਸਬੰਧ ਬਣਾਉਣ।"
ਮੋਨਿਕ ਨੇ ਇੱਕ ਰਿਸ਼ਤੇਦਾਰ, ਮਾਈਕਲ (ਬਦਲਿਆ ਹੋਇਆ ਨਾਮ) ਨੂੰ ਦੱਸਿਆ ਕਿ ਕੁਝ ਹਫ਼ਤਿਆਂ ਬਾਅਦ ਉਸ ਨੇ ਮਵੇਸਿਗਵਾ ਨੂੰ 27,000 ਡਾਲਰ ਤੋਂ ਵੱਧ ਦਾ ਬਕਾਇਆ ਹੋ ਗਿਆ ਸੀ।
ਮੋਨਿਕ ਅਕਸਰ ਮਾਈਕਲ ਨੂੰ ਰੋਂਦਿਆਂ ਹੋਇਆ ਵੌਇਸ ਨੋਟ ਭੇਜਦੀ ਸੀ।

ਮੀਆ ਨੇ ਸਾਨੂੰ ਦੱਸਿਆ ਕਿ ਜ਼ਿਆਦਾਤਰ ਗਾਹਕ ਗੋਰੇ ਯੂਰਪੀਅਨ ਸਨ, ਜਿਨ੍ਹਾਂ ਵਿੱਚੋਂ ਕੁਝ "ਬਹੁਤ ਜ਼ਿਆਦਾ ਜਿਨਸੀ ਤੌਰ 'ਤੇ ਅਸ਼ਲੀਲ" ਸਨ।
ਮੀਆ ਹੌਲੀ ਜਿਹੀ ਕਹਿੰਦੀ ਹੈ, "ਇੱਕ ਗਾਹਕ ਹੈ ... ਉਹ ਕੁੜੀਆਂ 'ਤੇ ਮਲ-ਮੂਤਰ ਕਰਦਾ ਹੈ। ਇੰਨਾ ਹੀ ਨਹੀਂ ਉਹ ਉਨ੍ਹਾਂ ਨੂੰ ਖਾਣ ਲਈ ਵੀ ਕਹਿੰਦਾ ਹੈ।"
ਲੈਕਸੀ (ਨਾਮ ਬਦਲਿਆ ਗਿਆ ਹੈ) ਨੇ ਕਿਹਾ ਕਿ ਉਸ ਨੂੰ ਇੱਕ ਹੋਰ ਨੈੱਟਵਰਕ ਦੁਆਰਾ ਧੋਖਾ ਦਿੱਤਾ ਗਿਆ ਸੀ, ਮੀਆ ਦੀ ਕਹਾਣੀ ਨੂੰ ਦੁਹਰਾਉਂਦੇ ਹੋਏ ਕਿਹਾ ਕਿ "ਪੋਰਟਾ ਪੋਟੀਜ਼" ਲਈ ਬੇਨਤੀਆਂ ਅਕਸਰ ਹੁੰਦੀਆਂ ਸਨ।
ਲੈਕਸੀ ਨੇ ਕਿਹਾ, "ਇੱਕ ਗਾਹਕ ਨੇ ਕਿਹਾ, 'ਅਸੀਂ ਤੁਹਾਡੇ ਨਾਲ ਸਮੂਹਿਕ ਬਲਾਤਕਾਰ ਕਰਨ, ਤੁਹਾਡੇ ਚਿਹਰੇ 'ਤੇ ਮਲ-ਮੂਤਰ ਕਰਨ, ਤੁਹਾਨੂੰ ਕੁੱਟਣ ਲਈ 15000 ਦਿਰਹਮ (4084 ਡਾਲਰ) ਦਿਆਂਗੇ ਅਤੇ ਮਲ ਖਾਂਦੇ ਹੋਏ ਰਿਕਾਰਡ ਕਰਨ ਲਈ ਹੋਰ 5,000 ਦਿਰਹਮ (1361 ਡਾਲਰ) ਹੋਰ ਦਿਆਂਗੇ।"
ਉਸ ਦੇ ਤਜਰਬਿਆਂ ਨੇ ਉਸ ਨੂੰ ਯਕੀਨ ਦਿਵਾਇਆ ਕਿ ਇਸ ਵਿਗੜੀ ਮਾਨਸਿਕਤਾ ਵਿੱਚ ਇੱਕ ਨਸਲੀ ਤੱਤ ਵੀ ਸ਼ਾਮਲ ਹੈ।
ਲੈਕਸੀ ਕਹਿੰਦੀ ਹੈ, "ਜਦੋਂ ਵੀ ਮੈਂ ਕਿਹਾ ਕਿ ਮੈਂ ਅਜਿਹਾ ਨਹੀਂ ਕਰਨਾ ਚਾਹੁੰਦੀ, ਉਨ੍ਹਾਂ ਦੀ ਦਿਲਚਸਪੀ ਹੋਰ ਵਧ ਜਾਂਦੀ ਸੀ। ਉਹ ਕੋਈ ਅਜਿਹਾ ਵਿਅਕਤੀ ਚਾਹੁੰਦੇ ਸਨ ਜੋ ਰੋਵੇ, ਚੀਕੇ ਅਤੇ ਭੱਜੇ। ਅਤੇ ਉਹ ਵਿਅਕਤੀ (ਉਨ੍ਹਾਂ ਦੀਆਂ ਨਜ਼ਰਾਂ ਵਿੱਚ) ਕਾਲਾ ਹੋਵੇ।"
ਲੈਕਸੀ ਕਹਿੰਦੀ ਹੈ ਕਿ ਉਨ੍ਹਾਂ ਨੇ ਪੁਲਿਸ ਦੀ ਮਦਦ ਲੈਣ ਦੀ ਕੋਸ਼ਿਸ਼ ਕੀਤੀ।
"ਪੁਲਿਸ ਕਹਿੰਦੀ ਸੀ, 'ਤੁਸੀਂ ਅਫਰੀਕੀ ਇੱਕ ਦੂਜੇ ਲਈ ਮੁਸੀਬਤਾਂ ਖੜ੍ਹੀਆਂ ਕਰਦੇ ਹੋ। ਅਸੀਂ ਇਸ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ।' ਅਤੇ ਉਹ ਫ਼ੋਨ ਕੱਟ ਦਿੱਤਾ।"
ਅਸੀਂ ਇਹ ਇਲਜ਼ਾਮ ਦੁਬਈ ਪੁਲਿਸ ਦੇ ਸਾਹਮਣੇ ਰੱਖਿਆ ਪਰ ਕੋਈ ਜਵਾਬ ਨਹੀਂ ਆਇਆ।
ਲੈਕਸੀ ਆਖਰਕਾਰ ਯੂਗਾਂਡਾ ਵਾਪਸ ਆ ਗਈ। ਉਹ ਹੁਣ ਅਜਿਹੀਆਂ ਸਥਿਤੀਆਂ ਵਿੱਚ ਔਰਤਾਂ ਨੂੰ ਬਚਾਉਣ ਅਤੇ ਮਦਦ ਕਰਨ ਲਈ ਕੰਮ ਕਰਦੀ ਹੈ।
ਰੈਕੇਟ ਦਾ ਸਰਗਨਾ
ਚਾਰਲਸ ਮਵੇਸਿਗਵਾ ਨੂੰ ਲੱਭਣਾ ਆਸਾਨ ਨਹੀਂ ਸੀ। ਸਾਨੂੰ ਔਨਲਾਈਨ ਸਿਰਫ਼ ਇੱਕ ਫੋਟੋ ਮਿਲ ਸਕੀ ਅਤੇ ਉਹ ਵੀ ਪਿੱਛਿਓਂ ਲਈ ਗਈ ਸੀ। ਉਹ ਸੋਸ਼ਲ ਮੀਡੀਆ 'ਤੇ ਕਈ ਨਾਵਾਂ ਦੀ ਵਰਤੋਂ ਕਰਦਾ ਹੈ।
ਪਰ ਓਪਨ ਸੋਰਸ ਇੰਟੈਲੀਜੈਂਸ, ਅੰਡਰਕਵਰ ਜਾਂਚਾਂ ਅਤੇ ਉਸ ਦੇ ਨੈੱਟਵਰਕ ਦੇ ਇੱਕ ਸਾਬਕਾ ਮੈਂਬਰ ਤੋਂ ਜਾਣਕਾਰੀ ਨੂੰ ਜੋੜ ਕੇ, ਅਸੀਂ ਉਸ ਨੂੰ ਦੁਬਈ ਦੇ ਮੱਧ-ਵਰਗੀ ਇਲਾਕੇ, ਜੁਮੇਰਾਹ ਵਿਲੇਜ ਸਰਕਲ ਵਿੱਚ ਲੱਭਣ ਵਿੱਚ ਕਾਮਯਾਬ ਰਹੇ।
ਸੂਤਰਾਂ ਨੇ ਸਾਨੂੰ ਦੱਸਿਆ ਸੀ ਕਿ ਮਵੇਸਿਗਵਾ "ਔਰਤਾਂ ਨੂੰ ਘਟੀਆ ਜਿਨਸੀ ਕੰਮਾਂ ਲਈ ਉਪਲਬਧ" ਕਰਵਾਉਂਦਾ ਹੈ। ਇਸ ਦੀ ਪੁਸ਼ਟੀ ਕਰਨ ਲਈ ਅਸੀਂ ਇੱਕ ਅੰਡਰਕਵਰ ਏਜੰਟ ਨੂੰ ਭੇਜਿਆ।
ਰਿਪੋਰਟਰ ਨੂੰ ਇੱਕ ਪ੍ਰੋਗਰਾਮ ਪ੍ਰਬੰਧਕ ਵਜੋਂ ਭੇਜਿਆ ਗਿਆ ਜੋ ਹਾਈ ਕਲਾਸ ਪਾਰਟੀਆਂ ਲਈ ਔਰਤਾਂ ਮੁਹੱਈਆ ਕਰਵਾਉਂਦਾ ਸੀ।
ਜਦੋਂ ਮਵੇਸਿਗਵਾ ਆਪਣੇ ਕਾਰੋਬਾਰ ਬਾਰੇ ਗੱਲ ਕਰ ਰਿਹਾ ਸੀ ਤਾਂ ਉਹ ਸ਼ਾਂਤ ਅਤੇ ਆਤਮਵਿਸ਼ਵਾਸੀ ਲੱਗ ਰਿਹਾ ਸੀ।
ਉਨ੍ਹਾਂ ਨੇ ਕਿਹਾ, "ਸਾਡੇ ਕੋਲ ਲਗਭਗ 25 ਕੁੜੀਆਂ ਹਨ। ਕਈ ਖੁੱਲ੍ਹੇ ਵਿਚਾਰਾਂ ਵਾਲੀਆਂ ਹਨ... ਉਹ ਲਗਭਗ ਸਭ ਕੁਝ ਕਰ ਸਕਦੀਆਂ ਹਨ।"
ਉਨ੍ਹਾਂ ਨੇ ਕਿਹਾ ਕਿ ਇੱਕ ਕੁੜੀ ਦੀ ਇੱਕ ਰਾਤ ਦੀ ਔਸਤ ਕੀਮਤ 1,000 ਡਾਲਰ ਹੈ, ਪਰ "ਕ੍ਰੇਜ਼ ਸਟਫ" ਲਈ ਇਸ ਤੋਂ ਵੀ ਵੱਧ ਹੈ। ਉਨ੍ਹਾਂ ਨੇ ਸਾਡੇ ਰਿਪੋਰਟਰ ਨੂੰ "ਸੈਂਪਲ ਨਾਈਟ" ਲਈ ਵੀ ਸੱਦਾ ਦਿੱਤਾ।
"ਦੁਬਈ ਪੋਰਟਾ ਪੋਟੀ" ਬਾਰੇ ਪੁੱਛੇ ਜਾਣ 'ਤੇ, ਉਨ੍ਹਾਂ ਨੇ ਜਵਾਬ ਦਿੱਤਾ, "ਮੈਂ ਤੁਹਾਨੂੰ ਦੱਸਿਆ ਹੈ, ਉਹ ਖੁੱਲ੍ਹੀ ਸੋਚ ਵਾਲੀਆਂ ਹਨ। ਜਦੋਂ ਮੈਂ ਕਹਿੰਦਾ ਹਾਂ ਕਿ ਖੁੱਲ੍ਹੀ ਸੋਚ ਵਾਲੀਆਂ ਹਨ... ਤਾਂ ਮੈਂ ਤੁਹਾਨੂੰ ਆਪਣੇ ਕੋਲ ਸਭ ਤੋਂ ਕ੍ਰੇਜ਼ੀਏਸਟ ਕੁੜੀਆਂ ਭੇਜਾਂਗਾ।"
ਗੱਲਬਾਤ ਦੌਰਾਨ ਮਵੇਸਿਗਵਾ ਨੇ ਖੁਲਾਸਾ ਕੀਤਾ ਕਿ ਉਹ ਪਹਿਲਾਂ ਲੰਡਨ ਵਿੱਚ ਇੱਕ ਬੱਸ ਡਰਾਈਵਰ ਸੀ। ਉਨ੍ਹਾਂ ਨੇ ਪੂਰਬੀ ਲੰਡਨ ਤੋਂ ਇੱਕ ਅਧਿਕਾਰਤ ਦਸਤਾਵੇਜ਼ ਦਿਖਾਇਆ ਜਿਸ ਵਿੱਚ ਸਬੂਤ ਵਜੋਂ ਮਵੇਸਿਗਵਾ ਦੇ ਕਿੱਤੇ ਨੂੰ ਦਰਸਾਇਆ ਗਿਆ ਸੀ।
ਮਵੇਸਿਗਵਾ ਨੇ ਰਿਪੋਰਟਰ ਨੂੰ ਦੱਸਿਆ ਕਿ ਉਸ ਨੂੰ ਆਪਣਾ ਧੰਦਾ ਬਹੁਤ ਪਸੰਦ ਹੈ।
ਉਨ੍ਹਾਂ ਨੇ ਕਿਹਾ, "ਭਾਵੇਂ ਮੈਂ ਇੱਕ ਮਿਲੀਅਨ ਪੌਂਡ ਦੀ ਲਾਟਰੀ ਜਿੱਤ ਲਵਾਂ, ਮੈਂ ਫਿਰ ਵੀ ਇਹ ਕਰਾਂਗਾ... ਇਹ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ।"

ਇਸ ਤਰ੍ਹਾਂ ਕੰਮ ਕਰਦਾ ਹੈ ਨੈੱਟਵਰਕ
ਟਰੌਏ ਨਾਮ ਦੇ ਇੱਕ ਆਦਮੀ ਨੇ ਦੱਸਿਆ ਕਿ ਉਹ ਪਹਿਲਾਂ ਮਵੇਸਿਗਵਾ ਦੇ ਨੈੱਟਵਰਕ ਲਈ ਇੱਕ ਓਪਰੇਸ਼ਨ ਮੈਨੇਜਰ ਵਜੋਂ ਕੰਮ ਕਰਦਾ ਸੀ।
ਟਰੌਏ ਨੇ ਸਾਨੂੰ ਮਵੇਸਿਗਵਾ ਬਾਰੇ ਹੋਰ ਦੱਸਿਆ।
ਉਨ੍ਹਾਂ ਨੇ ਕਿਹਾ ਕਿ ਮਵੇਸਿਗਵਾ ਨਾਈਟ ਕਲੱਬਾਂ ਵਿੱਚ ਸੁਰੱਖਿਆ ਕਰਮਚਾਰੀਆਂ ਨੂੰ ਰਿਸ਼ਵਤ ਦਿੰਦਾ ਹੈ ਤਾਂ ਜੋ ਉਹ ਉਸ ਦੀਆਂ ਔਰਤਾਂ ਨੂੰ ਗਾਹਕ ਲੱਭਣ ਲਈ ਅੰਦਰ ਜਾਣ ਦੇਣ।
ਟਰੌਏ ਨੇ ਕਿਹਾ, "ਮੈਂ ਸੈਕਸ ਦੇ ਅਜਿਹੇ-ਅਜਿਹੇ ਤਰੀਕਿਆਂ ਬਾਰੇ ਸੁਣਿਆ ਹੈ ਜੋ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਦੇਖੇ। ਜਿੰਨਾ ਚਿਰ ਉਸ ਦੇ ਅਮੀਰ ਗਾਹਕ ਖੁਸ਼ ਹਨ, ਕੋਈ ਵੀ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਤੁਹਾਡੇ ਉੱਤੇ ਕੀ ਗੁਜ਼ਰ ਰਹੀ ਹੈ। ਉਨ੍ਹਾਂ ਕੋਲ ਬਚਣ ਦਾ ਕੋਈ ਰਸਤਾ ਨਹੀਂ ਹੈ... ਇਹ ਵੱਡੇ ਲੋਕ ਹਨ ਜੋ ਸੰਗੀਤਕਾਰਾਂ, ਫੁੱਟਬਾਲਰਾਂ ਅਤੇ ਰਾਸ਼ਟਰਪਤੀਆਂ ਨਾਲ ਘੁੰਮਦੇ-ਫਿਰਦੇ ਹਨ।"
ਟਰੌਏ ਦਾ ਦਾਅਵਾ ਹੈ ਕਿ ਮਵੇਸਿਗਵਾ ਨੈੱਟਵਰਕ ਚਲਾਉਣ ਦੇ ਯੋਗ ਹੋ ਗਿਆ ਹੈ ਕਿਉਂਕਿ ਉਹ ਸਿਰਫ਼ ਆਪਣੇ ਵਰਗੇ ਲੋਕਾਂ ਨੂੰ ਡਰਾਈਵਰਾਂ ਵਜੋਂ ਨਹੀਂ ਵਰਤਦਾ। ਮਵੇਸਿਗਵਾ ਉਨ੍ਹਾਂ ਦੇ ਨਾਮ 'ਤੇ ਕਾਰਾਂ ਅਤੇ ਅਪਾਰਟਮੈਂਟ ਕਿਰਾਏ 'ਤੇ ਲੈਂਦਾ ਹੈ। ਇਸ ਤਰ੍ਹਾਂ ਉਨ੍ਹਾਂ ਦਾ ਨਾਮ ਕਦੇ ਵੀ ਕਾਗਜ਼ਾਂ 'ਤੇ ਨਹੀਂ ਆਉਂਦਾ।
27 ਅਪ੍ਰੈਲ 2022 ਨੂੰ ਮੋਨਿਕ ਨੇ ਦੁਬਈ ਦੇ ਪਰਵਾਸੀਆਂ ਵਿੱਚ ਪ੍ਰਸਿੱਧ ਰਿਹਾਇਸ਼ੀ ਖੇਤਰ ਅਲ ਬਰਸ਼ਾ ਤੋਂ ਇੱਕ ਸੈਲਫੀ ਪੋਸਟ ਕੀਤੀ। ਚਾਰ ਦਿਨ ਬਾਅਦ ਉਸ ਦੀ ਮੌਤ ਹੋ ਗਈ। ਉਹ ਸਿਰਫ਼ ਚਾਰ ਮਹੀਨਿਆਂ ਤੋਂ ਯੂਏਈ ਵਿੱਚ ਸੀ।
ਮੀਆ ਦੇ ਅਨੁਸਾਰ, ਮੋਨਿਕ ਅਤੇ ਮਵੇਸਿਗਵਾ ਅਕਸਰ ਬਹਿਸ ਕਰਦੇ ਰਹਿੰਦੇ ਸਨ।
ਮੀਆ ਕਹਿੰਦੀ ਹੈ ਕਿ ਮੋਨਿਕ ਮਵੇਸਿਗਵਾ ਦੀਆਂ ਮੰਗਾਂ ਮੰਨਣ ਤੋਂ ਇਨਕਾਰ ਕਰ ਰਹੀ ਸੀ ਅਤੇ ਉਸ ਦੇ ਨੈੱਟਵਰਕ ਤੋਂ ਬਾਹਰ ਨਿਕਲਣ ਦਾ ਰਸਤਾ ਲੱਭ ਰਹੀ ਸੀ।
ਮੀਆ ਕਹਿੰਦੀ ਹੈ, "ਉਸਨੂੰ ਕੋਈ ਨਾ ਕੋਈ ਨੌਕਰੀ ਮਿਲ ਗਈ ਸੀ। ਉਹ ਬਹੁਤ ਉਤਸ਼ਾਹਿਤ ਸੀ। ਉਸ ਨੇ ਸੋਚਿਆ ਕਿ ਉਹ ਆਜ਼ਾਦ ਹੋ ਜਾਵੇਗੀ, ਉਸਨੂੰ ਆਪਣੀ ਜ਼ਿੰਦਗੀ ਵਾਪਸ ਮਿਲ ਜਾਵੇਗੀ ਕਿਉਂਕਿ ਇਹ ਹੁਣ ਇੱਕ ਅਸਲੀ ਨੌਕਰੀ ਸੀ, ਉਸ ਨੂੰ ਹੁਣ ਮਰਦਾਂ ਨਾਲ ਸੌਣ ਦੀ ਲੋੜ ਨਹੀਂ ਸੀ।"
ਮੋਨਿਕਾ ਲਗਭਗ 10 ਮਿੰਟ ਦੂਰ ਇੱਕ ਵੱਖਰੇ ਅਪਾਰਟਮੈਂਟ ਵਿੱਚ ਚਲੀ ਗਈ। ਇਸ ਅਪਾਰਟਮੈਂਟ ਦੀ ਬਾਲਕਨੀ ਤੋਂ ਉਹ 1 ਮਈ 2022 ਨੂੰ ਡਿੱਗ ਪਈ।

ਤਸਵੀਰ ਸਰੋਤ, Instagram
ਆਖ਼ਰੀ ਸੈਲਫੀ
ਮਾਈਕਲ ਯੂਏਈ ਵਿੱਚ ਸੀ ਜਦੋਂ ਮੋਨਿਕ ਦੀ ਮੌਤ ਹੋਈ। ਉਸ ਨੇ ਮੋਨਿਕ ਦੀ ਮੌਤ ਬਾਰੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ।
ਪੁਲਿਸ ਨੇ ਮਾਈਕਲ ਨੂੰ ਦੱਸਿਆ ਕਿ ਮੋਨਿਕ ਦੇ ਅਪਾਰਟਮੈਂਟ ਵਿੱਚ ਨਸ਼ੀਲੇ ਪਦਾਰਥ ਅਤੇ ਸ਼ਰਾਬ ਮਿਲੀ ਹੈ। ਬਾਲਕਨੀ ਵਿੱਚ ਸਿਰਫ਼ ਮੋਨਿਕ ਦੇ ਉਂਗਲਾਂ ਦੇ ਨਿਸ਼ਾਨ ਮਿਲੇ ਹਨ।
ਉਨ੍ਹਾਂ ਨੂੰ ਹਸਪਤਾਲ ਤੋਂ ਮੋਨਿਕ ਦਾ ਮੌਤ ਸਰਟੀਫਿਕੇਟ ਮਿਲਿਆ ਪਰ ਇਸ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਉਸ ਦੀ ਮੌਤ ਕਿਵੇਂ ਹੋਈ।
ਮੋਨਿਕ ਦੇ ਪਰਿਵਾਰ ਨੂੰ ਉਸ ਦੀ ਟੌਕਸੀਕੋਲੋਜੀ ਰਿਪੋਰਟ ਵੀ ਨਹੀਂ ਮਿਲੀ।
ਪਰ ਮੋਨਿਕ ਦੀ ਇਮਾਰਤ ਵਿੱਚ ਰਹਿਣ ਵਾਲੇ ਇੱਕ ਘਾਨਾ ਵਾਸੀ ਨੇ ਮਾਈਕਲ ਦੀ ਮਦਦ ਕੀਤੀ। ਉਸ ਨੇ ਮਾਈਕਲ ਨੂੰ ਮੋਨਿਕ ਦੇ 'ਬੌਸ' ਨਾਲ ਮਿਲਾਇਆ।
ਮਾਈਕਲ ਨੇ ਵਿਸਥਾਰ ਵਿੱਚ ਦੱਸਿਆ ਕਿ ਜਦੋਂ ਉਹ ਉੱਥੇ ਪਹੁੰਚਿਆ ਤਾਂ ਉਸ ਨੇ ਕੀ ਦੇਖਿਆ।
ਉਸ ਨੇ ਕਿਹਾ ਕਿ ਲਿਵਿੰਗ ਰੂਮ ਵਿੱਚ ਹੁੱਕੇ ʼਚੋਂ ਨਿਕਲਦਾ ਧੂੰਆਂ ਕਮਰੇ ਵਿੱਚ ਛਾਇਆ ਹੋਇਆ ਸੀ। ਧੂੰਏਂ ਦੇ ਪਾਰ, ਇੱਕ ਮੇਜ਼ 'ਤੇ ਕੋਕੀਨ ਵਰਗੀ ਕੋਈ ਚੀਜ਼ ਰੱਖੀ ਹੋਈ ਸੀ। ਔਰਤਾਂ ਕੁਰਸੀਆਂ 'ਤੇ ਗਾਹਕਾਂ ਨਾਲ ਸੈਕਸ ਕਰ ਰਹੀਆਂ ਸਨ।
ਮਾਈਕਲ ਨੇ ਦਾਅਵਾ ਕੀਤਾ ਕਿ ਚਾਰਲਸ ਮਵੇਸਿਗਵਾ ਵੀ ਦੋ ਔਰਤਾਂ ਦੇ ਬਿਸਤਰੇ ਵਿੱਚ ਸੀ।
ਜਦੋਂ ਮਾਈਕਲ ਨੇ ਮਵੇਸਿਗਵਾ ਨੂੰ ਪੁਲਿਸ ਕੋਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਿਹਾ, "ਮੈਂ 25 ਸਾਲ ਦੁਬਈ ਵਿੱਚ ਬਿਤਾਏ ਹਨ। ਦੁਬਈ ਮੇਰਾ ਹੈ... ਤੁਸੀਂ ਕਿਸੇ ਵੀ ਤਰ੍ਹਾਂ ਮੇਰੇ ਵਿਰੁੱਧ ਰਿਪੋਰਟ ਦਰਜ ਨਹੀਂ ਕਰਵਾ ਸਕੋਗੇ... ਮੈਂ ਦੂਤਾਵਾਸ ਹਾਂ।"
ਮਾਈਕਲ ਦੇ ਅਨੁਸਾਰ, ਉਸ ਨੇ ਅੱਗੇ ਕਿਹਾ, "ਮੋਨਿਕ ਮਰਨ ਵਾਲੀ ਪਹਿਲੀ ਔਰਤ ਨਹੀਂ ਹੈ ਅਤੇ ਉਹ ਆਖ਼ਰੀ ਨਹੀਂ ਹੋਵੇਗੀ।"
ਮੀਆ ਅਤੇ ਕਿਏਰਾ ਦੋਵਾਂ ਨੇ ਸੁਤੰਤਰ ਤੌਰ 'ਤੇ ਕਿਹਾ ਕਿ ਉਨ੍ਹਾਂ ਦੀ ਗੱਲਬਾਤ ਦੇ ਗਵਾਹ ਹਨ।
ਦੋਵਾਂ ਨੇ ਕਿਹਾ ਕਿ ਮਵੇਸਿਗਵਾ ਨੇ ਇਹੀ ਸ਼ਬਦ ਵਰਤੇ ਸਨ। ਜਦੋਂ ਅਸੀਂ ਮਵੇਸਿਗਵਾ ਨੂੰ ਇਸ ਬਾਰੇ ਪੁੱਛਿਆ, ਤਾਂ ਉਸ ਨੇ ਇਸ ਤਰ੍ਹਾਂ ਦਾ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਮੋਨਿਕ ਅਤੇ ਕਾਇਲਾ ਬਿਰੁੰਗੀ ਦੀਆਂ ਮੌਤਾਂ ਵਿੱਚ ਬਹੁਤ ਸਾਰੀਆਂ ਡਰਾਉਣੀਆਂ ਸਮਾਨਤਾਵਾਂ ਹਨ।
ਯੂਗਾਂਡਾ ਦੀ ਕਾਇਲਾ ਵੀ ਉਸੇ ਮੁਹੱਲੇ ਵਿੱਚ ਰਹਿੰਦੀ ਸੀ। ਕਾਇਲਾ ਦੀ ਮੌਤ 2021 ਵਿੱਚ ਦੁਬਈ ਵਿੱਚ ਇੱਕ ਹਾਈ-ਰਾਈਜ਼ ਅਪਾਰਟਮੈਂਟ ਤੋਂ ਡਿੱਗਣ ਤੋਂ ਬਾਅਦ ਹੋਈ ਸੀ। ਸਾਡੇ ਕੋਲ ਅਜਿਹੇ ਸਬੂਤ ਹਨ ਜੋ ਦਰਸਾਉਂਦੇ ਹਨ ਕਿ ਅਪਾਰਟਮੈਂਟ ਦੀ ਦੇਖਭਾਲ ਵੀ ਚਾਰਲਸ ਮਵੇਸਿਗਵਾ ਦੁਆਰਾ ਕੀਤੀ ਜਾਂਦੀ ਸੀ।
ਕਾਇਲਾ ਦੇ ਪਰਿਵਾਰ ਨੇ ਸਾਨੂੰ ਉਸ ਦੇ ਮਕਾਨ ਮਾਲਕ ਦਾ ਜੋ ਫ਼ੋਨ ਨੰਬਰ ਦੱਸਿਆ ਸੀ, ਉਹ ਮਵੇਸਿਗਵਾ ਦਾ ਨੰਬਰ ਨਿਕਲਿਆ। ਟਰੌਏ ਨੇ ਪੁਸ਼ਟੀ ਕੀਤੀ ਕਿ ਮਵੇਸਿਗਵਾ ਹੀ ਅਪਾਰਟਮੈਂਟ ਦੀ ਦੇਖਭਾਲ ਕਰਨ ਵਾਲਾ ਹੈ।
ਇਸ ਦੀ ਜਾਂਚ ਲਈ ਅਸੀਂ ਜਿਨ੍ਹਾਂ ਚਾਰ ਹੋਰ ਔਰਤਾਂ ਨਾਲ ਗੱਲ ਕੀਤੀ, ਉਨ੍ਹਾਂ ਨੇ ਵੀ ਇਹੀ ਗੱਲ ਕਹੀ।

ਤਸਵੀਰ ਸਰੋਤ, Instagram
ਇਹ ਮੌਕਾ ਨਹੀਂ, ਮੌਤ
ਕਾਇਲਾ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੋਨਿਕ ਦੇ ਪਰਿਵਾਰ ਵਾਂਗ, ਸੁਣਿਆ ਸੀ ਕਿ ਕਾਇਲਾ ਦੀ ਮੌਤ ਸ਼ਰਾਬ ਅਤੇ ਡਰੱਗ ਨਾਲ ਜੁੜੀ ਹੋਈ ਸੀ।
ਪਰ ਬੀਬੀਸੀ ਵੱਲੋਂ ਦੇਖੀ ਗਈ ਇੱਕ ਟੌਕਸੀਕੋਲੋਜੀ ਰਿਪੋਰਟ ਦਰਸਾਉਂਦੀ ਹੈ ਕਿ ਉਸ ਦੀ ਮੌਤ ਦੇ ਸਮੇਂ ਇਨ੍ਹਾਂ ਵਿੱਚੋਂ ਕੋਈ ਵੀ ਉਸ ਦੇ ਸਰੀਰ ਵਿੱਚ ਮੌਜੂਦ ਨਹੀਂ ਸੀ।
ਕਾਇਲਾ ਦਾ ਪਰਿਵਾਰ ਉਸ ਦੀ ਲਾਸ਼ ਨੂੰ ਵਾਪਸ ਲੈ ਕੇ ਆਉਣ ਅਤੇ ਅੰਤਿਮ ਸੰਸਕਾਰ ਕਰਨ ਦੇ ਵਿੱਚ ਸਫ਼ਲ ਰਿਹਾ, ਜਦਕਿ ਮੋਨਿਕ ਦਾ ਪਰਿਵਾਰ ਅਜਿਹਾ ਨਹੀਂ ਕਰ ਸਕਿਆ।
ਸਾਡੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੋਨਿਕ ਨੂੰ ਸੰਭਾਵਿਤ ਤੌਰ 'ਤੇ ਦੁਬਈ ਦੇ ਅਲ ਕੁਸੈਸ ਕਬਰਿਸਤਾਨ ਦੇ ਇੱਕ ਹਿੱਸੇ ਵਿੱਚ ਦਫ਼ਨਾਇਆ ਗਿਆ ਸੀ ਜਿਸ ਨੂੰ "ਅਣਜਾਣ" ਕਿਹਾ ਜਾਂਦਾ ਹੈ।
ਅਣ-ਨਿਸ਼ਾਨ ਵਾਲੀਆਂ ਕਬਰਾਂ ਦੀਆਂ ਕਤਾਰਾਂ ਹਨ, ਮੰਨਿਆ ਜਾਂਦਾ ਹੈ ਕਿ ਇਹ ਪਰਵਾਸੀਆਂ ਦੀਆਂ ਕਬਰਾਂ ਹਨ ਜਿਨ੍ਹਾਂ ਦੇ ਪਰਿਵਾਰ ਆਪਣੀਆਂ ਲਾਸ਼ਾਂ ਨੂੰ ਲੈਣ ਨਹੀਂ ਜਾ ਸਕੇ ਸਨ।
ਮੋਨਿਕ ਅਤੇ ਕਾਇਲਾ ਇੱਕ ਵੱਡੇ ਗ਼ੈਰ-ਰਸਮੀ ਨੈੱਟਵਰਕ ਦਾ ਹਿੱਸਾ ਸਨ ਜੋ ਯੂਗਾਂਡਾ ਨੂੰ ਖਾੜੀ ਦੇਸ਼ਾਂ ਨਾਲ ਜੋੜਦਾ ਸੀ।
ਯੂਗਾਂਡਾ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਵਧਦੀ ਜਾ ਰਹੀ ਹੈ, ਇਸ ਲਈ ਨੌਕਰੀਆਂ ਲਈ ਖਾੜੀ ਦੇਸ਼ਾਂ ਵਿੱਚ ਪਰਵਾਸ ਇੱਕ ਵੱਡਾ ਉਦਯੋਗ ਬਣ ਗਿਆ ਹੈ, ਜੋ ਹਰ ਸਾਲ ਯੂਗਾਂਡਾ ਲਈ 1.2 ਬਿਲੀਅਨ ਡਾਲਰ ਦਾ ਮਾਲੀਆ ਮਿਲਦਾ।
ਪਰ ਇਹ ਨੌਕਰੀ ਦੇ ਮੌਕੇ ਖ਼ਤਰਨਾਕ ਵੀ ਹੋ ਸਕਦੇ ਹਨ।
ਮਰੀਅਮ ਮਵਿਜ਼ਾ ਇੱਕ ਯੂਗਾਂਡਾ ਦੀ ਸ਼ੋਸ਼ਣ ਵਿਰੋਧੀ ਕਾਰਕੁਨ ਹੈ। ਉਹ ਕਹਿੰਦੀ ਹੈ ਕਿ ਉਸਨੇ ਖਾੜੀ ਨਾਲ ਜੁੜੇ 700 ਤੋਂ ਵੱਧ ਲੋਕਾਂ ਨੂੰ ਬਚਾਉਣ ਵਿੱਚ ਮਦਦ ਕੀਤੀ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਸਾਨੂੰ ਅਜਿਹੇ ਲੋਕਾਂ ਦੇ ਮਾਮਲੇ ਮਿਲਦੇ ਹਨ ਜਿਨ੍ਹਾਂ ਨੂੰ ਸੁਪਰਮਾਰਕੀਟਾਂ ਵਿੱਚ ਨੌਕਰੀਆਂ ਦਾ ਵਾਅਦਾ ਕੀਤਾ ਜਾਂਦਾ ਹੈ। ਫਿਰ ਉਨ੍ਹਾਂ ਨੂੰ ਸੈਕਸ ਵਿੱਚ ਵੇਚ ਦਿੱਤਾ ਜਾਂਦਾ ਹੈ।"

ਦੁੱਖ ਅਤੇ ਡਰ ਵਿਚਾਲੇ ਝੂਲਦੀ ਜ਼ਿੰਦਗੀ
ਮੋਨਿਕ ਦੇ ਪਰਿਵਾਰ ਲਈ ਦੁੱਖ ਹੁਣ ਡਰ ਵਿੱਚ ਬਦਲ ਗਿਆ ਹੈ। ਉਨ੍ਹਾਂ ਨੂੰ ਡਰ ਹੈ ਕਿ ਜੇ ਕੁਝ ਨਾ ਕੀਤਾ ਗਿਆ, ਤਾਂ ਦੂਜੇ ਪਰਿਵਾਰਾਂ ਦਾ ਵੀ ਇਹੀ ਹਾਲ ਹੋ ਸਕਦਾ ਹੈ।
ਮਾਈਕਲ ਕਹਿੰਦੇ ਹਨ, "ਅਸੀਂ ਸਾਰੇ ਮੋਨਿਕ ਦੀ ਮੌਤ ਦੇ ਗਵਾਹ ਹਾਂ, ਪਰ ਉਨ੍ਹਾਂ ਕੁੜੀਆਂ ਦੀ ਰੱਖਿਆ ਕੌਣ ਕਰੇਗਾ ਜੋ ਅਜੇ ਵੀ ਜ਼ਿੰਦਾ ਹਨ? ਉਹ ਅਜੇ ਵੀ ਬਾਹਰ ਹਨ, ਅਜੇ ਵੀ ਦੁੱਖ ਝੱਲ ਰਹੀਆਂ ਹਨ।"
ਬੀਬੀਸੀ ਨੇ ਚਾਰਲਸ "ਅਬੇ" ਮਵੇਸਿਗਵਾ ਨੂੰ ਸਾਡੀ ਜਾਂਚ ਵਿੱਚ ਲਗਾਏ ਗਏ ਸਾਰੇ ਇਲਜ਼ਾਮਾਂ ਦਾ ਜਵਾਬ ਦੇਣ ਲਈ ਕਿਹਾ। ਉਨ੍ਹਾਂ ਨੇ ਸੈਕਸ ਰੈਕੇਟ ਚਲਾਉਣ ਤੋਂ ਇਨਕਾਰ ਕੀਤਾ।
ਉਸ ਨੇ ਕਿਹਾ, "ਇਹ ਸਾਰੇ ਇਲਜ਼ਾਮ ਝੂਠੇ ਹਨ।"
"ਮੈਂ ਤੁਹਾਨੂੰ ਦੱਸਿਆ ਸੀ, ਮੈਂ ਸਿਰਫ਼ ਇੱਕ ਪਾਰਟੀ ਵਾਲਾ ਆਦਮੀ ਹਾਂ ਜੋ ਉਨ੍ਹਾਂ ਲੋਕਾਂ ਨੂੰ ਸੱਦਾ ਦਿੰਦਾ ਹੈ ਜੋ ਮੇਰੇ ਮੇਜ਼ 'ਤੇ ਪੈਸੇ ਖਰਚ ਕਰਦੇ ਹਨ। ਇਹੀ ਕਾਰਨ ਹੈ ਕਿ ਬਹੁਤ ਸਾਰੀਆਂ ਕੁੜੀਆਂ ਮੇਰੇ ਕੋਲ ਆਉਂਦੀਆਂ ਹਨ। ਇਸੇ ਕਰਕੇ ਮੈਂ ਬਹੁਤ ਸਾਰੀਆਂ ਕੁੜੀਆਂ ਨੂੰ ਜਾਣਦਾ ਹਾਂ। ਬੱਸ ਇੰਨਾ ਹੀ।"
ਉਸ ਨੇ ਇਹ ਵੀ ਕਿਹਾ, "ਮੋਨਿਕ ਆਪਣੇ ਪਾਸਪੋਰਟ ਨਾਲ ਮਰ ਗਈ, ਜਿਸਦਾ ਮਤਲਬ ਹੈ ਕਿ ਕੋਈ ਵੀ ਉਸ ਨੂੰ ਲੈ ਕੇ ਜਾਣ ਲਈ ਪੈਸੇ ਨਹੀਂ ਮੰਗ ਰਿਹਾ ਸੀ। ਮੈਂ ਉਸ ਨੂੰ ਮਰਨ ਤੋਂ ਪਹਿਲਾਂ ਚਾਰ ਤੋਂ ਪੰਜ ਹਫ਼ਤਿਆਂ ਤੋਂ ਨਹੀਂ ਦੇਖਿਆ ਸੀ।"
"ਮੈਂ ਮੋਨਿਕ ਅਤੇ ਕਾਇਲਾ ਨੂੰ ਜਾਣਦਾ ਸੀ ਅਤੇ ਉਹ ਵੱਖ-ਵੱਖ ਮਕਾਨ ਮਾਲਕਾਂ ਦੇ ਕਿਰਾਏ 'ਤੇ ਰਹਿ ਰਹੀਆਂ ਸਨ। ਜੇਕਰ ਨਾ ਤਾਂ ਫਲੈਟ ਵਿੱਚੋਂ ਕਿਸੇ ਨੂੰ ਅਤੇ ਨਾ ਹੀ ਮਕਾਨ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਤਾਂ ਇਸ ਦਾ ਕੋਈ ਕਾਰਨ ਹੋਵੇਗਾ। ਦੋਵਾਂ ਘਟਨਾਵਾਂ ਦੀ ਜਾਂਚ ਦੁਬਈ ਪੁਲਿਸ ਦੁਆਰਾ ਕੀਤੀ ਗਈ ਸੀ ਅਤੇ ਸ਼ਾਇਦ ਉਹ ਮਦਦ ਕਰ ਸਕਣ।"
ਬੀਬੀਸੀ ਨੇ ਅਲ ਬਰਸ਼ਾ ਪੁਲਿਸ ਸਟੇਸ਼ਨ ਨਾਲ ਸੰਪਰਕ ਕੀਤਾ ਅਤੇ ਮੋਨਿਕ ਕਰੂੰਗੀ ਅਤੇ ਕਾਇਲਾ ਬਿਰੁੰਗੀ ਦੀਆਂ ਕੇਸ ਫਾਈਲਾਂ ਦੇਖਣ ਦੀ ਬੇਨਤੀ ਕੀਤੀ। ਪੁਲਿਸ ਨੇ ਇਸ ਬੇਨਤੀ ਦਾ ਜਵਾਬ ਨਹੀਂ ਦਿੱਤਾ, ਨਾ ਹੀ ਮੋਨਿਕ ਅਤੇ ਕਾਇਲਾ ਦੀਆਂ ਮੌਤਾਂ ਦੀ ਸਹੀ ਜਾਂਚ ਦੀ ਘਾਟ ਦੇ ਇਲਜ਼ਾਮਾਂ ਦਾ।
ਬੀਬੀਸੀ ਮੋਨਿਕ ਕਰੂੰਗੀ ਨਾਲ ਸਬੰਧਤ ਟੌਕਸੀਕੋਲੋਜੀ ਰਿਪੋਰਟ ਦੇਖਣ ਨੂੰ ਨਹੀਂ ਮਿਲੀ ਅਤੇ ਨਾ ਹੀ ਉਸ ਅਪਾਰਟਮੈਂਟ ਦੇ ਮਕਾਨ ਮਾਲਕ ਨਾਲ ਗੱਲ ਹੋਈ ਜਿੱਥੇ ਉਹ ਮੌਤ ਵੇਲੇ ਰਹਿ ਰਹੀ ਸੀ।
ਜੇਕਰ ਤੁਹਾਡੇ ਕੋਲ ਇਸ ਜਾਂਚ ਵਿੱਚ ਜੋੜਨ ਲਈ ਕੋਈ ਜਾਣਕਾਰੀ ਹੈ, ਤਾਂ ਕ੍ਰਿਪਾ ਕਰਕੇ [email protected] 'ਤੇ ਸੰਪਰਕ ਕਰੋ।
ਜਿਨਸੀ ਸ਼ੋਸ਼ਣ ਜਾਂ ਨਿਰਾਸ਼ਾ ਦੀਆਂ ਭਾਵਨਾਵਾਂ ਬਾਰੇ ਜਾਣਕਾਰੀ ਜਾਂ ਸਹਾਇਤਾ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਦੇ ਵੇਰਵੇ bbc.co.uk/actionline 'ਤੇ ਉਪਲਬਧ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












