ਬੱਚਿਆਂ ਨੂੰ ਵੇਸਵਾਗਮਨੀ ਵਿੱਚ ਧੱਕਣ ਵਾਲੀਆਂ ʻਮੈਡਮਾਂʼ ਦਾ ਪਰਦਾਫਾਸ਼, ਬੀਬੀਸੀ ਦੀ ਗੁਪਤ ਜਾਂਚ ਵਿੱਚ ਕੀ-ਕੀ ਪਤਾ ਲੱਗਿਆ

- ਲੇਖਕ, ਨਜੇਰੀ ਮਵਾਂਗੀ ਅਤੇ ਤਾਮਾਸਿਨ ਫੋਰਡ
- ਰੋਲ, ਬੀਬੀਸੀ ਅਫਰੀਕਾ ਆਈ
ਬੀਬੀਸੀ ਅਫਰੀਕਾ ਆਈ ਦੀ ਇੱਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਿਵੇਂ "ਮੈਡਮਜ਼" ਵਜੋਂ ਜਾਣੀਆਂ ਜਾਂਦੀਆਂ ਔਰਤਾਂ ਨੇ ਕੀਨੀਆ ਵਿੱਚ 13 ਸਾਲ ਦੀ ਉਮਰ ਦੇ ਬੱਚਿਆਂ ਨੂੰ ਵੇਸਵਾਗਮਨੀ ਵਿੱਚ ਧੱਕਿਆ ਹੈ।
ਕੀਨੀਆ ਦੀ ਰਿਫਟ ਵੈਲੀ ਵਿੱਚ ਮਾਈ ਮਾਹੀਯੂ ਦੇ ਟ੍ਰਾਂਜ਼ਿਟ ਕਸਬੇ ਵਿੱਚ ਟਰੱਕ ਦਿਨ-ਰਾਤ ਸੜਕਾਂ 'ਤੇ ਘੁੰਮਦੇ ਰਹਿੰਦੇ ਹਨ ਜੋ ਸਾਮਾਨ ਅਤੇ ਲੋਕਾਂ ਨੂੰ ਯੂਗਾਂਡਾ, ਰਵਾਂਡਾ, ਦੱਖਣੀ ਸੁਡਾਨ ਅਤੇ ਕਾਂਗੋ ਲੋਕਤੰਤਰੀ ਗਣਰਾਜ ਵਿੱਚ ਪਹੁੰਚਾਉਂਦੇ ਹਨ।
ਰਾਜਧਾਨੀ ਨੈਰੋਬੀ ਤੋਂ ਸਿਰਫ਼ 50 ਕਿਲੋਮੀਟਰ ਪੂਰਬ ਵਿੱਚ ਸਥਿਤ ਮੁੱਖ ਆਵਾਜਾਈ ਕੇਂਦਰ, ਵੇਸਵਾਗਮਨੀ ਲਈ ਜਾਣਿਆ ਜਾਂਦਾ ਹੈ, ਪਰ ਇਹ ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਵੀ ਇੱਕ ਆਧਾਰ ਹੈ।
ਦੋ ਲੋਕਾਂ ਨੇ ਗੁਪਤ ਢੰਗ ਨਾਲ ਜਾਂਚ ਕੀਤਾ ਅਤੇ ਦੇਖਿਆ ਕਿ ਸੈਕਸ ਵਰਕਰ ਬਣਨ ਦੀ ਕਲਾ ਸਿੱਖਣ ਦੀ ਇੱਛਾ ਰੱਖਣ ਵਾਲੇ ਕੁਝ ਲੋਕਾਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਸ਼ਹਿਰ ਵਿੱਚ ਕਈ ਮਹੀਨੇ ਬਿਤਾਏ।
ਉਨ੍ਹਾਂ ਦੀ ਗੁਪਤ ਫਿਲਮਿੰਗ ਵਿੱਚ ਦੋ ਵੱਖ-ਵੱਖ ਔਰਤਾਂ ਨੇ ਦੱਸਿਆ ਕਿ ਉਹ ਜਾਣਦੀਆਂ ਹਨ ਕਿ ਇਹ ਗ਼ੈਰ-ਕਾਨੂੰਨੀ ਹੈ ਅਤੇ ਫਿਰ ਉਨ੍ਹਾਂ ਨੇ ਜਾਂਚਕਾਰਾਂ ਨੂੰ ਸੈਕਸ ਇੰਡਸਟਰੀ ਵਿੱਚ ਨਾਬਾਲਗ਼ ਕੁੜੀਆਂ ਨਾਲ ਮਿਲਵਾਇਆ।
ਬੀਬੀਸੀ ਨੇ ਮਾਰਚ ਵਿੱਚ ਸਾਰੇ ਸਬੂਤ ਕੀਨੀਆ ਪੁਲਿਸ ਨੂੰ ਸੌੰਪ ਦਿੱਤੇ ਹਨ। ਬੀਬੀਸੀ ਦਾ ਮੰਨਣਾ ਹੈ ਕਿ ʻਮੈਡਮਾਂʼ ਨੇ ਉਦੋਂ ਤੋਂ ਆਪਣੀ ਜਗ੍ਹਾ ਬਦਲ ਲਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜਿਨ੍ਹਾਂ ਔਰਤਾਂ ਅਤੇ ਜਵਾਨ ਕੁੜੀਆਂ ਨੂੰ ਅਸੀਂ ਫਿਲਮਾਇਆ ਸੀ, ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ। ਅੱਜ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਕੀਨੀਆ ਵਿੱਚ ਦੋਸ਼ੀ ਠਹਿਰਾਏ ਜਾਣ ਦੀਆਂ ਘਟਨਾਵਾਂ ਬਹੁਤ ਘੱਟ ਹੁੰਦੀਆਂ ਹਨ। ਸਫ਼ਲ ਮੁਕੱਦਮਿਆਂ ਲਈ ਪੁਲਿਸ ਨੂੰ ਬੱਚਿਆਂ ਤੋਂ ਗਵਾਹੀਆਂ ਦੀ ਲੋੜ ਹੁੰਦੀ ਹੈ। ਨਾਬਾਲਗ਼ ਅਕਸਰ ਗਵਾਹੀ ਦੇਣ ਤੋਂ ਬਹੁਤ ਡਰਦੇ ਹਨ।
ਬੀਬੀਸੀ ਦੀ ਧੁੰਦਲੀ ਜਿਹੀ ਫੁਟੇਜ ਵਿੱਚ ਇੱਕ ਔਰਤ ਜੋ ਆਪਣੇ-ਆਪ ਨੂੰ ਨਿਆਮਬੂਰਾ ਕਹਿੰਦੀ ਹੈ, ਉਹ ਹੱਸਦੇ ਹੋਏ ਕਹਿੰਦੀ ਨਜ਼ਰ ਆਉਂਦੀ ਹੈ, "ਉਹ ਅਜੇ ਵੀ ਬੱਚੇ ਹਨ, ਇਸ ਲਈ ਉਨ੍ਹਾਂ ਨੂੰ ਸਿਰਫ਼ ਮਠਿਆਈਆਂ ਦੇ ਕੇ ਉਨ੍ਹਾਂ ਨਾਲ ਛੇੜਛਾੜ ਕਰਨਾ ਆਸਾਨ ਹੈ।"

ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਕੋਲ ਇੱਕ 13 ਸਾਲ ਦੀ ਕੁੜੀ ਸੀ, ਜੋ ਪਹਿਲਾਂ ਹੀ ਛੇ ਮਹੀਨਿਆਂ ਤੋਂ "ਕੰਮ" ਕਰ ਰਹੀ ਸੀ।
ਉਹ ਸਮਝਾਉਂਦੇ ਹਨ, "ਮਾਈ ਮਾਹੀਯੂ ਵਿੱਚ ਵੇਸਵਾਗਮਨੀ ਮੁਨਾਫ਼ੇ ਦਾ ਧੰਦਾ ਹੈ। ਟਰੱਕਾਂ ਵਾਲੇ ਅਸਲ ਵਿੱਚ ਇਸ ਨੂੰ ਵਧਾਵਾ ਦਿੰਦੇ ਹਨ ਅਤੇ ਇਸ ਤਰ੍ਹਾਂ ਸਾਨੂੰ ਫਾਇਦਾ ਹੁੰਦਾ ਹੈ। ਮਾਈ ਮਾਹੀਯੂ ਵਿੱਚ ਇਹ ਆਮ ਹੈ।"
ਨਿਆਮਬੂਰਾ ਦਾ ਕਹਿਣਾ ਹੈ, "ਤੁਸੀਂ ਨਾਬਾਲਗ਼ਾਂ ਨਾਲ ਕੰਮ ਕਰ ਰਹੇ ਹੋ ਇਸ ਲਈ ਇਹ ਬੇਹੱਦ ਜੋਖ਼ਮ ਭਰਿਆ ਹੈ। ਤੁਸੀਂ ਉਨ੍ਹਾਂ ਨੂੰ ਸ਼ਹਿਰ ਵਿੱਚ ਖੁੱਲ੍ਹੇਆਮ ਨਹੀਂ ਲਿਆ ਸਕਦੇ। ਮੈਂ ਉਨ੍ਹਾਂ ਨੂੰ ਰਾਤ ਵੇਲੇ ਸਖ਼ਤ ਪਹਿਰੇ ਹੇਠ ਕੱਢਦੀ ਹਾਂ।"
ਕੀਨੀਆ ਦੇ ਕੌਮੀ ਕਾਨੂੰਨ ਅਧੀਨ ਸਹਿਮਤੀ ਨਾਲ ਬਾਲਗ਼ ਦਾ ਵੇਸਵਾਗਮਨੀ ਦਾ ਕੰਮ ਸਪੱਸ਼ਟ ਤੌਰ 'ਤੇ ਅਪਰਾਧ ਨਹੀਂ ਹੈ ਪਰ ਕਈ ਨਗਰਪਾਲਿਕਾਵਾਂ ਵਿੱਚ ਉਪ-ਨਿਯਮਾਂ ਤਹਿਤ ਇਸ 'ਤੇ ਪਾਬੰਦੀ ਹੈ। ਹਾਲਾਂਕਿ ਮਾਈ ਮਾਹੀਯੂ ਵਿੱਚ ਇਸ 'ਤੇ ਪਾਬੰਦੀ ਨਹੀਂ ਹੈ।
ਦੰਡ ਸੰਹਿਤਾ ਦੇ ਤਹਿਤ ਵੇਸਵਾਗਮਨੀ ਦੀ ਕਮਾਈ ਨਾਲ ਗੁਜ਼ਾਰਾ ਕਰਨਾ ਗ਼ੈਰ-ਕਾਨੂੰਨੀ ਹੈ, ਭਾਵੇਂ ਉਹ ਇੱਕ ਸੈਕਸ ਵਰਕਰ ਵਜੋਂ ਹੋਵੇ ਜਾਂ ਵੇਸਵਾਗਮਨੀ ਵਿੱਚ ਸਹਾਇਤਾ ਕਰਨ ਵਾਲੇ ਵਜੋਂ ਜਾਂ ਉਸ ਤੋਂ ਲਾਭ ਕਮਾਉਣ ਵਾਲੀ ਤੀਜੀ ਧਿਰ ਵਜੋਂ।
18 ਸਾਲ ਤੋਂ ਘੱਟ ਉਮਰ ਦੀਆਂ ਨਾਬਾਲਗਾਂ ਦੀ ਤਸਕਰੀ ਜਾਂ ਵਿਕਰੀ 'ਤੇ 10 ਸਾਲ ਤੋਂ ਲੈ ਕੇ ਉਮਰ ਕੈਦ ਦੀ ਸਜ਼ਾ ਹੈ।
ਨਿਆਮਬੂਰਾ ਦਾ ਕਹਿਣਾ ਹੈ ਕਿ ਸੁਰੱਖਿਆ ਯਕੀਨੀ ਬਣਾਉਣ ਲਈ ਗਾਹਕ ਨੂੰ ਪੁੱਛਿਆ ਜਾਂਦਾ ਹੈ ਕਿ ਕੰਡੋਮ ਪਹਿਨਣ ਪਰ ਹਰ ਕੋਈ ਅਜਿਹਾ ਨਹੀਂ ਕਰਦਾ।
ਉਨ੍ਹਾਂ ਦਾ ਕਹਿਣਾ, "ਕੁਝ ਬੱਚੇ ਵੱਧ ਕਮਾਉਣਾ ਚਾਹੁੰਦੇ ਹਨ, ਇਸ ਲਈ ਉਨ੍ਹਾਂ (ਕੰਡੋਮ) ਦੀ ਵਰਤੋਂ ਨਹੀਂ ਕਰਦੇ। ਕੁਝ ਨੂੰ ਉਨ੍ਹਾਂ ਤੋਂ ਬਿਨਾਂ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।"

'ਕਲਪਨਾ ਤੋਂ ਵੀ ਪਰੇ ਕੰਮ ਕਰਨ ਲਈ ਮਜਬੂਰ ਕਰਦੇ ਹਨ'
ਇੱਕ ਹੋਰ ਮੀਟਿੰਗ ਵਿੱਚ ਉਹ ਗੁਪਤ ਜਾਂਚ ਕਰਨ ਵਾਲਿਆਂ ਨੂੰ ਇੱਕ ਘਰ ਵਿੱਚ ਲੈ ਗਈ ਜਿੱਥੇ ਤਿੰਨ ਛੋਟੀਆਂ ਕੁੜੀਆਂ ਇੱਕ ਸੋਫੇ 'ਤੇ ਬੈਠੀਆਂ ਸਨ ਅਤੇ ਇੱਕ ਕੁਰਸੀ 'ਤੇ ਬੈਠੀ ਸੀ।
ਜਾਂਚਕਰਤਾ ਨੂੰ ਇਕੱਲੀਆਂ ਕੁੜੀਆਂ ਨਾਲ ਗੱਲ ਕਰਨ ਦਾ ਮੌਕਾ ਦਿੰਦਿਆਂ ਨਿਆਮਬੂਰਾ ਕਮਰੇ ਤੋਂ ਬਾਹਰ ਚਲੀ ਗਈ।
ਉਨ੍ਹਾਂ ਨੇ ਦੱਸਿਆ ਕਿ ਰੋਜ਼ਾਨਾ ਸੈਕਸ ਲਈ ਵਾਰ-ਵਾਰ ਦੁਰਵਿਵਹਾਰ ਕੀਤਾ ਜਾ ਰਿਹਾ ਹੈ।
ਇੱਕ ਕੁੜੀ ਨੇ ਦੱਸਿਆ, "ਕਈ ਵਾਰ ਤੁਸੀਂ ਕਈ ਲੋਕਾਂ ਨਾਲ ਸੈਕਸ ਕਰਦੇ ਹੋ। ਗਾਹਕ ਤੁਹਾਨੂੰ ਕਲਪਨਾ ਤੋਂ ਵੀ ਪਰੇ ਕੰਮ ਕਰਨ ਲਈ ਮਜਬੂਰ ਕਰਦੇ ਹਨ।"
ਕੀਨੀਆ ਦੇ ਸੈਕਸ ਉਦਯੋਗ ਵਿੱਚ ਕੰਮ ਕਰਨ ਲਈ ਮਜਬੂਰ ਬੱਚਿਆਂ ਦੀ ਗਿਣਤੀ ਬਾਰੇ ਕੋਈ ਤਾਜ਼ਾ ਅੰਕੜੇ ਨਹੀਂ ਹਨ।
2012 ਵਿੱਚ, ਕੀਨੀਆ ਵਿੱਚ ਅਮਰੀਕੀ ਵਿਦੇਸ਼ ਵਿਭਾਗ ਦੀ ਹਿਊਮਨ ਰਾਈਟਸ ਪ੍ਰੈਕਟਿਸ ਇਨ ਕੀਨੀਆ ਦੀ ਰਿਪੋਰਟ ਵਿੱਚ 30,000 ਦਾ ਅਨੁਮਾਨ ਲਗਾਇਆ ਗਿਆ ਸੀ, ਜੋ ਕਿ ਕੀਨੀਆ ਦੀ ਸਰਕਾਰ ਅਤੇ ਹੁਣ ਬੰਦ ਹੋ ਚੁੱਕੀ ਗ਼ੈਰ-ਸਰਕਾਰੀ ਸੰਸਥਾ (ਐੱਨਜੀਓ), ਈਰਾਡੀਕੇਟ ਚਾਈਲਡ ਪ੍ਰੋਸਟੀਚਿਊਸ਼ਨ ਇਨ ਕੀਨੀਆ ਤੋਂ ਲਿਆ ਗਿਆ ਹੈ।
ਐੱਨਜੀਓ ਗਲੋਬਲ ਫੰਡ ਟੂ ਐਂਡ ਮਾਡਰਨ ਸਲੇਵਰੀ ਲਈ 2022 ਦੀ ਇੱਕ ਰਿਪੋਰਟ ਵਿੱਚ ਪਾਇਆ ਗਿਆ ਕਿ ਕਿਲੀਫੀ ਅਤੇ ਕਵਾਲੇ ਕਾਉਂਟੀਆਂ ਵਿੱਚ ਲਗਭਗ 2500 ਬੱਚਿਆਂ ਨੂੰ ਸੈਕਸ ਵਰਕਰ ਵਜੋਂ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਸੀ।
ਇੱਕ ਹੋਰ ਜਾਂਚਕਰਤਾ ਨੇ ਇੱਕ ਔਰਤ ਦਾ ਵਿਸ਼ਵਾਸ ਜਿੱਤਿਆ ਜਿਸ ਨੇ ਆਪਣਾ ਨਾਮ ਚੇਪਟੂ ਦੱਸਿਆ ਅਤੇ ਉਸ ਨਾਲ ਕਈ ਮੁਲਾਕਾਤਾਂ ਕੀਤੀਆਂ।
ਉਸ ਨੇ ਕਿਹਾ ਕਿ ਜਵਾਨ ਕੁੜੀਆਂ ਵੇਚਣ ਦਾ ਮਤਲਬ ਹੈ ਕਿ ਉਹ "ਰੋਜ਼ੀ ਕਮਾ ਸਕਦੀ ਹੈ ਅਤੇ ਆਰਾਮ ਨਾਲ ਰਹਿ ਸਕਦੀ ਹੈ"।
ਉਹ ਕਹਿੰਦੀ ਹੈ, "ਤੁਹਾਨੂੰ ਆਪਣੇ ਕੰਮ ਨੂੰ ਗੁਪਤ ਢੰਗ ਨਾਲ ਰੱਖਣਾ ਪੈਂਦਾ ਹੈ ਕਿਉਂਕਿ ਇਹ ਗ਼ੈਰ-ਕਾਨੂੰਨੀ ਹੈ। ਜੇਕਰ ਕੋਈ ਕਹਿੰਦਾ ਹੈ ਕਿ ਉਸ ਨੂੰ ਜਵਾਨ ਕੁੜੀ ਚਾਹੀਦੀ ਹੈ ਤਾਂ ਮੈਂ ਉਨ੍ਹਾਂ ਨੂੰ ਕਹਿੰਦੀ ਹਾਂ ਕਿ ਮੈਨੂੰ ਪੈਸੇ ਦਿਓ। ਸਾਡੇ ਕਈ ਗਾਹਕ ਪੱਕੇ ਹਨ ਅਤੇ ਸਾਡੇ ਕੋਲ ਆਉਂਦੇ ਰਹਿੰਦੇ ਹਨ।"

ਚੇਪਟੂ ਆਪਣੀਆਂ ਚਾਰ ਕੁੜੀਆਂ ਨੂੰ ਮਿਲਵਾਉਣ ਲਈ ਗੁਪਤ ਜਾਂਚਕਰਤਾ ਨੂੰ ਇੱਕ ਕਲੱਬ ਲੈ ਗਈ। ਜਿੱਥੇ ਸਭ ਤੋਂ ਛੋਟੀ ਕੁੜੀ ਨੇ ਕਿਹਾ ਕਿ ਉਹ 13 ਸਾਲ ਦੀ ਸੀ। ਬਾਕੀਆਂ ਨੇ ਕਿਹਾ ਕਿ ਉਹ 15 ਸਾਲ ਦੀਆਂ ਸਨ।
ਉਸ ਨੇ ਉਨ੍ਹਾਂ ਤੋਂ ਹੋਣ ਵਾਲੇ ਮੁਨਾਫ਼ੇ ਬਾਰੇ ਖੁੱਲ੍ਹ ਕੇ ਦੱਸਦਿਆ ਕਿਹਾ, ਕੁੜੀਆਂ ਨੂੰ ਪਹੁੰਚਾਉਣ ਲਈ 3,000 ਕੀਨੀਆਈ ਸ਼ਿਲਿੰਗ (23 ਡਾਲਰ) ਵਿੱਚ ਉਸ ਦਾ ਹਿੱਸਾ 2,500 ਸ਼ਿਲਿੰਗ (17 ਡਾਲਰ) ਹੁੰਦਾ ਸੀ।
ਇੱਕ ਹੋਰ ਮੀਟਿੰਗ ਵਿੱਚ ਮਾਈ ਮਾਹੀਯੂ ਦੇ ਇੱਕ ਘਰ ਵਿੱਚ ਚੇਪਟੂ ਨੇ ਗੁਪਤ ਜਾਂਚਕਰਤਾ ਨੂੰ ਦੋ ਨਾਬਾਲਗ਼ ਕੁੜੀਆਂ ਨਾਲ ਇਕੱਲਾ ਛੱਡ ਦਿੱਤਾ।
ਉਨ੍ਹਾਂ ਵਿੱਚੋਂ ਇੱਕ ਨੇ ਦੱਸਿਆ ਕਿ ਉਹ ਰੋਜ਼ਾਨਾ ਔਸਤਨ ਪੰਜ ਬੰਦਿਆਂ ਨਾਲ ਸੈਕਸ ਕਰਦੀ ਹੈ।
ਜਦੋਂ ਉਸ ਕੋਲੋਂ ਪੁੱਛਿਆ ਗਿਆ ਕਿ ਜੇਕਰ ਉਹ ਕੰਡੋਮ ਵਰਤਣ ਤੋਂ ਮਨ੍ਹਾਂ ਕਰ ਦੇਣ ਤਾਂ ਫਿਰ, ਉਸ ਨੇ ਕਿਹਾ ਕਿ ਉਨ੍ਹਾਂ ਕੋਲ ਹੋਰ ਬਦਲ ਨਹੀਂ ਹੈ।
"ਮੈਨੂੰ ਬਿਨਾਂ ਕੰਡੋਮ ਦੇ ਹੀ ਕਰਨਾ ਪੈਂਦਾ ਹੈ। ਨਹੀਂ ਤਾਂ ਮੈਨੂੰ ਭਜਾ ਦਿੱਤਾ ਜਾਵੇਗਾ ਅਤੇ ਮੇਰੇ ਕੋਲ ਭੱਜਣ ਲਈ ਕਿਤੇ ਵੀ ਰਸਤਾ ਨਹੀਂ ਹੈ। ਮੈਂ ਇੱਕ ਅਨਾਥ ਹਾਂ।"
ਕੀਨੀਆ ਦਾ ਸੈਕਸ ਉਦਯੋਗ ਇੱਕ ਗੁੰਝਲਦਾਰ, ਧੁੰਦਲਾ ਸੰਸਾਰ ਹੈ ਜਿੱਥੇ ਮਰਦ ਅਤੇ ਔਰਤਾਂ ਦੋਵੇਂ ਬਾਲ ਵੇਸਵਾਗਮਨੀ ਵਿੱਚ ਸ਼ਾਮਲ ਹਨ।
ਇਹ ਪਤਾ ਨਹੀਂ ਹੈ ਕਿ ਮਾਈ ਮਾਹੀਯੂ ਵਿੱਚ ਕਿੰਨੀਆਂ ਬੱਚੀਆਂ ਨੂੰ ਸੈਕਸ ਕੰਮ ਲਈ ਮਜਬੂਰ ਕੀਤਾ ਜਾਂਦਾ ਹੈ, ਪਰ ਲਗਭਗ 50,000 ਲੋਕਾਂ ਦੇ ਇਸ ਛੋਟੇ ਜਿਹੇ ਕਸਬੇ ਵਿੱਚ ਉਨ੍ਹਾਂ ਨੂੰ ਲੱਭਣਾ ਆਸਾਨ ਹੈ।
ਇੱਕ ਸਾਬਕਾ ਸੈਕਸ ਵਰਕਰ, ਜਿਸ ਨੂੰ "ਬੇਬੀ ਗਰਲ" ਵਜੋਂ ਜਾਣਿਆ ਜਾਂਦਾ ਹੈ, ਹੁਣ ਮਾਈ ਮਾਹੀਯੂ ਵਿੱਚ ਉਨ੍ਹਾਂ ਕੁੜੀਆਂ ਨੂੰ ਸ਼ਰਨ ਦਿੰਦੀ ਹੈ ਜੋ ਸ਼ੋਸ਼ਣ ਤੋਂ ਬਚ ਕੇ ਨਿਕਲੀਆਂ ਹਨ।
ਇਸ 61 ਸਾਲਾ ਔਰਤ ਨੇ 40 ਸਾਲਾਂ ਤੱਕ ਸੈਕਸ ਇੰਡਸਟਰੀ ਵਿੱਚ ਕੰਮ ਕੀਤਾ। ਉਸ ਨੇ ਆਪਣੀ ਉਮਰ ਦੇ ਵੀਹਵਿਆਂ ਦੇ ਸ਼ੁਰੂ ਵਿੱਚ ਪਹਿਲੀ ਵਾਰ ਆਪਣੇ-ਆਪ ਨੂੰ ਸੜਕਾਂ 'ਤੇ ਖੜ੍ਹੀ ਦੇਖਿਆ ਸੀ। ਉਹ ਗਰਭਵਤੀ ਸੀ ਅਤੇ ਘਰੇਲੂ ਹਿੰਸਾ ਕਾਰਨ ਆਪਣੇ ਪਤੀ ਤੋਂ ਭੱਜਣ ਤੋਂ ਬਾਅਦ ਆਪਣੇ ਤਿੰਨ ਛੋਟੇ ਬੱਚੇ ਆਪਣੇ ਨੂੰ ਨਾਲ ਰੱਖਦੀ ਸੀ।
ਉਸ ਨੇ ਬੀਬੀਸੀ ਨੂੰ ਚਾਰ ਨੌਜਵਾਨ ਔਰਤਾਂ ਨਾਲ ਮਿਲਾਇਆ ਜਿਨ੍ਹਾਂ ਨੂੰ ਮਾਈ ਮਾਹੀਯੂ ਵਿੱਚ ਮੈਡਮਾਂ ਦੁਆਰਾ ਬਚਪਨ ਵਿੱਚ ਸੈਕਸ ਦੇ ਧੰਦੇ ਵਿੱਚ ਉਤਰਨ ਲਈ ਮਜਬੂਰ ਕੀਤਾ ਗਿਆ ਸੀ।

ਕੁੜੀਆਂ ਦੀ ਮਦਦ ਕਰਨ ਵਾਲੀ 'ਬੇਬੀ ਗਰਲ'
ਹਰੇਕ ਕੁੜੀ ਨੇ ਟੁੱਟੇ ਪਰਿਵਾਰਾਂ ਜਾਂ ਘਰ ਵਿੱਚ ਦੁਰਵਿਵਹਾਰ ਦੀਆਂ ਇੱਕੋ ਜਿਹੀਆਂ ਕਹਾਣੀਆਂ ਸਾਂਝੀਆਂ ਕੀਤੀਆਂ, ਉਹ ਬਚਣ ਲਈ ਮਾਈ ਮਾਹੀਯੂ ਆਈਆਂ ਸਨ।
ਮਿਸ਼ੇਲ ਨੇ ਦੱਸਿਆ ਕਿ ਕਿਵੇਂ, 12 ਸਾਲ ਦੀ ਉਮਰ ਵਿੱਚ, ਉਸ ਦੇ ਮਾਤਾ-ਪਿਤਾ ਐੱਚਆਈਵੀ ਕਾਰਨ ਮਾਰੇ ਗਏ ਸਨ ਅਤੇ ਉਸ ਨੂੰ ਸੜਕਾਂ 'ਤੇ ਕੱਢ ਦਿੱਤਾ ਗਿਆ ਸੀ ਜਿੱਥੇ ਉਹ ਇੱਕ ਆਦਮੀ ਨੂੰ ਮਿਲੀ ਜਿਸ ਨੇ ਉਸ ਨੂੰ ਰਹਿਣ ਲਈ ਜਗ੍ਹਾ ਦਿੱਤੀ ਅਤੇ ਉਸ ਦਾ ਜਿਨਸੀ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ।
ਦੋ ਸਾਲ ਬਾਅਦ, ਇੱਕ ਔਰਤ ਨੇ ਉਸ ਨਾਲ ਸੰਪਰਕ ਕੀਤਾ ਜੋ ਮਾਈ ਮਾਹੀਯੂ ਵਿੱਚ ਇੱਕ ਮੈਡਮ ਨਿਕਲੀ ਅਤੇ ਉਸ ਨੂੰ ਸੈਕਸ ਧੰਦੇ ਲਈ ਮਜਬੂਰ ਕੀਤਾ।
ਲਿਲੀਅਨ, ਜੋ ਹੁਣ 19 ਸਾਲਾਂ ਦੀ ਹੈ, ਨੇ ਵੀ ਬਹੁਤ ਛੋਟੀ ਉਮਰ ਵਿੱਚ ਆਪਣੇ ਮਾਪਿਆਂ ਨੂੰ ਗੁਆ ਦਿੱਤਾ ਸੀ।
ਉਹ ਇੱਕ ਚਾਚੇ ਕੋਲ ਰਹਿ ਗਈ ਜਿਸ ਨੇ ਉਸ ਦੀ ਨਹਾਉਂਦਿਆਂ ਹੋਇਆ ਵੀਡੀਓ ਬਣਾਈ ਅਤੇ ਤਸਵੀਰਾਂ ਆਪਣੇ ਦੋਸਤਾਂ ਨੂੰ ਵੇਚ ਦਿੱਤੀਆਂ। ਤਾਕ-ਝਾਕ ਜਲਦੀ ਹੀ ਬਲਾਤਕਾਰ ਵਿੱਚ ਬਦਲ ਗਈ।
"ਉਹ ਮੇਰਾ ਸਭ ਤੋਂ ਬੁਰਾ ਦਿਨ ਸੀ। ਮੈਂ ਉਦੋਂ 12 ਸਾਲਾਂ ਦੀ ਸੀ।"
ਜਦੋਂ ਉਹ ਭੱਜ ਗਈ ਤਾਂ ਇੱਕ ਟਰੱਕ ਡਰਾਈਵਰ ਨੇ ਉਸਦਾ ਦੁਬਾਰਾ ਬਲਾਤਕਾਰ ਕੀਤਾ ਜੋ ਉਸਨੂੰ ਮਾਈ ਮਾਹੀਯੂ ਲੈ ਗਿਆ। ਇੱਥੇ ਮਿਸ਼ੇਲ ਵਾਂਗ ਇੱਕ ਔਰਤ ਨੇ ਉਸ ਨਾਲ ਸੰਪਰਕ ਕੀਤਾ ਜਿਸਨੇ ਉਸਨੂੰ ਸੈਕਸ ਧੰਦੇ ਲਈ ਮਜਬੂਰ ਕੀਤਾ।
ਇਨ੍ਹਾਂ ਨੌਜਵਾਨ ਔਰਤਾਂ ਦੀਆਂ ਜ਼ਿੰਦਗੀਆਂ ਹਿੰਸਾ, ਅਣਗਹਿਲੀ ਅਤੇ ਦੁਰਵਿਵਹਾਰ ਨਾਲ ਪ੍ਰਭਾਵਿਤ ਹਨ।
ਹੁਣ ਬੇਬੀ ਗਰਲ ਕੋਲ ਰਹਿੰਦਿਆਂ ਉਹ ਨਵੇਂ ਹੁਨਰ ਸਿੱਖ ਰਹੀਆਂ ਹਨ, ਕੁਝ ਫੋਟੋਗ੍ਰਾਫੀ ਸਟੂਡੀਓ ਵਿੱਚ ਅਤੇ ਕੁਝ ਬਿਊਟੀ ਸੈਲੂਨ ਵਿੱਚ।
ਉਹ ਬੇਬੀ ਗਰਲ ਨੂੰ ਭਾਈਚਾਰੇ ਵਿੱਚ ਉਸ ਦੇ ਕੰਮ ਲਈ ਵੀ ਸਹਾਇਤਾ ਕਰਦੀਆਂ ਹਨ।
ਕੀਨੀਆ ਵਿੱਚ ਨਕੁਰੂ ਕਾਉਂਟੀ ਵਿੱਚ ਐੱਚਆਈਵੀ ਇਨਫੈਕਸ਼ਨ ਦੀ ਦਰ ਸਭ ਤੋਂ ਵੱਧ ਹੈ ਅਤੇ ਬੇਬੀ ਗਰਲ, ਜੋ ਕਿ ਅਮਰੀਕੀ ਸਹਾਇਤਾ ਏਜੰਸੀ ਯੂਐੱਸਏਆਈਡੀ ਦੁਆਰਾ ਸਮਰਥਤ ਹੈ, ਲੋਕਾਂ ਨੂੰ ਅਸੁਰੱਖਿਅਤ ਸੈਕਸ ਦੇ ਜੋਖ਼ਮਾਂ ਬਾਰੇ ਜਾਗਰੂਕ ਕਰਨ ਦੇ ਮਿਸ਼ਨ 'ਤੇ ਹੈ।
ਉਸ ਦਾ ਨਾਈਵਾਸ਼ਾ ਝੀਲ ਦੇ ਨੇੜੇ ਕਰਾਗੀਟਾ ਕਮਿਊਨਿਟੀ ਹੈਲਥ ਸੈਂਟਰ ਵਿੱਚ ਇੱਕ ਦਫ਼ਤਰ ਹੈ, ਜਿੱਥੇ ਉਹ ਕੰਡੋਮ ਅਤੇ ਸਲਾਹ ਪ੍ਰਦਾਨ ਕਰਨ ਦਾ ਕੰਮ ਕਰਦੀ ਹੈ।
ਹਾਲਾਂਕਿ, ਯੂਐੱਸਏਆਈਡੀ ਫੰਡਿੰਗ ਨੂੰ ਵਾਪਸ ਲੈਣ ਦੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਫ਼ੈਸਲੇ ਨਾਲ, ਉਸ ਦੇ ਸਹਾਇਤਾ ਪ੍ਰੋਗਰਾਮ ਬੰਦ ਹੋਣ ਵਾਲੇ ਹਨ।
ਉਸ ਨੇ ਬੀਬੀਸੀ ਨੂੰ ਦੱਸਿਆ, "ਸਤੰਬਰ ਤੋਂ ਅਸੀਂ ਬੇਰੁਜ਼ਗਾਰ ਹੋਣ ਵਾਲੇ ਹਾਂ। ਉਹ ਉਨ੍ਹਾਂ ਨੌਜਵਾਨ ਔਰਤਾਂ ਅਤੇ ਕੁੜੀਆਂ ਬਾਰੇ ਚਿੰਤਤ ਸੀ ਜੋ ਉਸ 'ਤੇ ਨਿਰਭਰ ਹਨ।
ਉਸ ਨੇ ਦੱਸਿਆ, "ਤੁਸੀਂ ਦੇਖਦੇ ਹੋ ਕਿ ਇਹ ਬੱਚੇ ਕਿੰਨੇ ਕਮਜ਼ੋਰ ਹਨ। ਉਹ ਆਪਣੇ-ਆਪ ਕਿਵੇਂ ਬਚਾਉਣਗੇ? ਉਹ ਅਜੇ ਵੀ ਠੀਕ ਹੋ ਰਹੇ ਹਨ।"
ਅਮਰੀਕੀ ਸਰਕਾਰ ਨੇ ਆਪਣੇ ਫੰਡਿੰਗ ਕਟੌਤੀਆਂ ਦੇ ਸੰਭਾਵਿਤ ਪ੍ਰਭਾਵ ਬਾਰੇ ਇਸ ਜਾਂਚ ਵਿੱਚ ਟਿੱਪਣੀਆਂ ਦਾ ਜਵਾਬ ਨਹੀਂ ਦਿੱਤਾ। ਯੂਐੱਸਏਆਈਡੀ ਪਿਛਲੇ ਮਹੀਨੇ ਅਧਿਕਾਰਤ ਤੌਰ 'ਤੇ ਬੰਦ ਹੋ ਗਿਆ ਸੀ।
ਫਿਲਹਾਲ, ਲਿਲੀਅਨ ਫੋਟੋਗ੍ਰਾਫੀ ਸਿੱਖਣ ਅਤੇ ਦੁਰਵਿਵਹਾਰ ਤੋਂ ਉਭਰਨ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ।
ਉਹ ਦੱਸਦੀ ਹੈ, "ਮੈਂ ਹੁਣ ਡਰਦੀ ਨਹੀਂ ਹਾਂ, ਕਿਉਂਕਿ ਬੇਬੀ ਗਰਲ ਮੇਰੇ ਨਾਲ ਹੈ। ਉਹ ਸਾਨੂੰ ਅਤੀਤ ਨੂੰ ਦਫ਼ਨਾਉਣ ਵਿੱਚ ਮਦਦ ਕਰ ਰਹੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












