'13-0 ਨਾਲ ਅੱਗੇ ਹੋ ਤਾਂ ਕਿਹੋ ਜਿਹਾ ਮੁਕਾਬਲਾ?' ਕੀ ਭਾਰਤ ਤੇ ਪਾਕਿਸਤਾਨ ਵਿਚਕਾਰ ਕ੍ਰਿਕਟ ਸਿਰਫ਼ ਨਾਮ ਦੀ ਬਚੀ ਹੈ?

ਤਸਵੀਰ ਸਰੋਤ, Getty Images
- ਲੇਖਕ, ਪ੍ਰਵੀਨ
- ਰੋਲ, ਬੀਬੀਸੀ ਪੱਤਰਕਾਰ
"ਮੈਂ 15 ਓਵਰ ਤੋਂ ਬਾਅਦ ਹੀ ਮੈਚ ਦੇਖਣਾ ਬੰਦ ਕਰ ਦਿੱਤਾ ਸੀ, ਕਿਉਂਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਕੋਈ ਟੱਕਰ ਹੀ ਨਹੀਂ ਬਚੀ ਹੈ।"
ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ 14 ਸਤੰਬਰ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਗਰੁੱਪ ਸਟੇਜ ਦੇ ਮੁਕਾਬਲੇ ਦੇ ਇੱਕ ਦਿਨ ਬਾਅਦ ਇਹ ਕਿਹਾ ਸੀ।
ਕੁਝ ਅਜਿਹੀ ਹੀ ਕਹਾਣੀ ਐਤਵਾਰ 21 ਸਤੰਬਰ ਨੂੰ ਏਸ਼ੀਆ ਕੱਪ 2025 ਦੇ ਗਰੁੱਪ ਸਟੇਜ ਦੇ ਭਾਰਤ-ਪਾਕਿਸਤਾਨ ਦੇ ਮੁਕਾਬਲੇ ਵਿੱਚ ਮੁੜ ਤੋਂ ਦੇਖਣ ਨੂੰ ਮਿਲੀ। ਭਾਰਤ ਨੇ ਇੱਕ ਵਾਰ ਮੁੜ ਅਸਾਨੀ ਨਾਲ ਪਾਕਿਸਤਾਨ ਨੂੰ 6 ਵਿਕਟਾਂ ਨਾਲ ਮਾਤ ਦੇ ਦਿੱਤੀ।
ਮੈਚ ਤੋਂ ਬਾਅਦ ਸੋਨੀ ਲਿਵ ਦੇ ਇੱਕ ਪ੍ਰੋਗਰਾਮ ਵਿੱਚ ਪਾਕਿਸਤਾਨ ਦੇ ਸਾਬਕਾ ਕਪਤਾਨ ਵਸੀਮ ਅਕਰਮ ਨੇ ਵੀ ਮੰਨਿਆ ਕਿ ਪਾਕਿਸਤਾਨ ਦੀ ਟੀਮ ਹੁਣ ਭਾਰਤ ਨੂੰ ਟੱਕਰ ਨਹੀਂ ਦੇ ਸਕਦੀ ਹੈ।
ਮੈਚ ਤੋਂ ਬਾਅਦ ਹੋਈ ਪ੍ਰੈੱਸ ਕਾਨਫਰੰਸ ਵਿੱਚ ਟੀਮ ਇੰਡੀਆ ਦੇ ਕਪਤਾਨ ਸੂਰਿਆ ਕੁਮਾਰ ਯਾਦਵ ਨੇ ਵੀ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਹੁਣ ਕੋਈ ਮੁਕਾਬਲਾ ਨਹੀਂ ਬਚਿਆ ਹੈ ਤੇ ਇਸ ਬਾਰੇ ਹੁਣ ਸਵਾਲ ਕਰਨਾ ਵੀ ਬੰਦ ਕਰ ਦੇਣਾ ਚਾਹੀਦਾ ਹੈ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਕਿਹਾ, "ਤੁਹਾਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲੇ ਬਾਰੇ ਸਵਾਲ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਮੇਰੇ ਮੁਤਾਬਕ ਜੇਕਰ ਦੋ ਟੀਮਾਂ 15-20 ਮੈਚ ਖੇਡਦੀਆਂ ਹਨ ਤਾਂ ਉਸ ਵਿੱਚ ਕੋਈ ਟੀਮ 7-8 ਤੋਂ ਅੱਗੇ ਚੱਲ ਰਹੀ ਹੋਵੇ ਤਾਂ ਉਸ ਨੂੰ ਚੰਗਾ ਕ੍ਰਿਕਟ ਖੇਡਣਾ ਕਹਿ ਸਕਦੇ ਹਾਂ। ਪਰ 13-0 ਜਾਂ ਫਿਰ 10-1 (ਮੈਨੂੰ ਪਤਾ ਨਹੀਂ ਕੀ ਅੰਕੜੇ ਹਨ) ਹੋਵੇ ਤਾਂ ਫਿਰ ਇਹ ਰਾਇਵਲਰੀ ਨਹੀਂ ਹੈ।''
ਸੂਰਿਆ ਕੁਮਾਰ ਯਾਦਵ ਦਾ ਇਸ਼ਾਰਾ ਟੀ-20 ਇੰਟਰਨੈਸ਼ਨਲ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਆਹਮਣੇ-ਸਾਹਮਣੇ ਹੋਈ ਟੱਕਰ ਵੱਲ ਸੀ। ਦੋਵਾਂ ਦੇਸਾਂ ਵਿਚਾਲੇ ਅਜੇ ਤੱਕ 15 ਟੀ-20 ਮੁਕਾਬਲੇ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ 11 ਵਿੱਚ ਭਾਰਤ ਨੂੰ ਜਿੱਤ ਮਿਲੀ ਹੈ। ਜਦਕਿ ਪਾਕਿਸਤਾਨ ਦੀ ਟੀਮ ਤਿੰਨ ਮੈਚਾਂ ਵਿੱਚ ਹੀ ਜਿੱਤ ਦਰਜ ਸਕੀ ਹੈ। ਦੋਵਾਂ ਦੇਸਾਂ ਵਿਚਾਲੇ ਖੇਡਿਆ ਗਿਆ ਇੱਕ ਮੁਕਾਬਲਾ ਟਾਈ ਰਿਹਾ ਸੀ।
ਲੰਘੇ ਸੋਮਵਾਰ 15 ਸਤੰਬਰ ਨੂੰ ਸੌਰਵ ਗਾਂਗੁਲੀ ਨੇ ਤਾਂ ਇੱਥੋ ਤੱਕ ਕਹਿ ਦਿੱਤਾ ਸੀ ਕਿ ਉਹ ਪਾਕਿਸਤਾਨ ਦੀ ਬਜਾਇ ਭਾਰਤ ਦਾ ਮੈਚ ਅਫਗਾਨਿਸਤਾਨ ਦੇ ਨਾਲ ਦੇਖਣਾ ਪਸੰਦ ਕਰਨਗੇ।
ਸੌਰਵ ਗਾਂਗੁਲੀ ਨੇ ਕਿਹਾ ਸੀ, "ਭਾਰਤ ਤੇ ਪਾਕਿਸਤਾਨ ਦੇ ਮੈਚਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ। ਪਰ ਲੰਘੇ 4-5 ਸਾਲਾਂ ਵਿੱਚ ਕੁਝ ਵੀ ਕੰਮ ਨਹੀਂ ਕਰ ਸਕਿਆ ਹੈ ਤੇ ਨਤੀਜਾ ਇੱਕਪਾਸੜ ਰਿਹਾ ਹੈ।"
21 ਫਰਵਰੀ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡੇ ਗਰੁੱਪ ਸਟੇਜ ਦੇ ਮੁਕਾਬਲੇ ਤੋਂ ਬਾਅਦ ਵਸੀਮ ਅਕਰਮ, ਸੌਰਵ ਗਾਂਗੁਲੀ ਦੀ ਇਸੇ ਗੱਲੇ ਨੂੰ ਅੱਗੇ ਵਧਾਉਂਦੇ ਹੋਏ ਨਜ਼ਰ ਆਏ।
ਉਨ੍ਹਾਂ ਨੇ ਕਿਹਾ, "ਪਾਕਿਸਤਾਨ ਨੂੰ ਇਸ ਤਰ੍ਹਾਂ ਖੇਡਦੇ ਹੋਏ ਦੇਖਣਾ ਮੁਸ਼ਕਿਲ ਹੋ ਗਿਆ ਹੈ। ਲੰਘੇ 4-5 ਸਾਲ ਵਿੱਚ ਪਾਕਿਸਤਾਨ, ਭਾਰਤ ਦਾ ਮੁਕਾਬਲਾ ਨਹੀਂ ਕਰ ਸਕਿਆ ਹੈ।"
ਸੱਤ ਸਾਲ ਪਹਿਲਾਂ ਵਨ ਡੇਅ ਮੈਚ 'ਚ ਮਿਲੀ ਸੀ ਜਿੱਤ

ਤਸਵੀਰ ਸਰੋਤ, Getty Images
ਪਾਕਿਸਤਾਨ ਟੀਮ ਨੂੰ ਕਿਸੇ ਵੀ ਫਾਰਮੈਟ ਵਿੱਚ ਭਾਰਤੀ ਕ੍ਰਿਕਟ ਟੀਮ ਨੂੰ ਹਰਾਏ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਹ ਟੀ-20 ਅਤੇ ਵਨ ਡੇਅ ਮੈਚ ਵਿੱਚ ਭਾਰਤ ਵਿਰੁੱਧ ਪਾਕਿਸਤਾਨ ਦੀ ਲਗਾਤਾਰ ਸੱਤਵੀਂ ਹਾਰ ਹੈ।
ਆਖਰੀ ਵਾਰ ਪਾਕਿਸਤਾਨ ਨੇ ਸਤੰਬਰ 2022 ਵਿੱਚ ਏਸ਼ੀਆ ਕੱਪ ਵਿੱਚ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾਇਆ ਸੀ।
ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅਪੂਰਨ ਸਬੰਧਾਂ ਕਾਰਨ, ਦੋਵਾਂ ਦੇਸ਼ਾਂ ਵਿਚਕਾਰ ਦੁਵੱਲੀ ਸੀਰੀਜ਼ ਨਹੀਂ ਖੇਡੀ ਜਾਂਦੀ। ਜਦੋਂ ਪਾਕਿਸਤਾਨ ਟੀਮ ਨੇ 2012-13 ਵਿੱਚ ਭਾਰਤ ਦਾ ਦੌਰਾ ਕੀਤਾ ਸੀ, ਤਾਂ ਦੋਵਾਂ ਦੇਸ਼ਾਂ ਵਿਚਕਾਰ ਦੋ ਮੈਚਾਂ ਦੀ ਟੀ-20 ਲੜੀ ਖੇਡੀ ਗਈ ਸੀ, ਜੋ 1-1 ਨਾਲ ਡਰਾਅ 'ਤੇ ਖਤਮ ਹੋਈ ਸੀ।
ਉਦੋਂ ਤੋਂ, ਦੋਵੇਂ ਦੇਸ਼ ਸਿਰਫ਼ ਏਸ਼ੀਆ ਕੱਪ ਅਤੇ ਆਈਸੀਸੀ ਸਮਾਗਮਾਂ ਵਿੱਚ ਹੀ ਟਕਰਾਏ ਹਨ।
2010 ਤੋਂ ਦੋਵਾਂ ਦੇਸ਼ਾਂ ਵਿਚਕਾਰ ਵਨ ਡੇਅ ਮੈਚ ਰਿਕਾਰਡ ਦੀ ਸਮੀਖਿਆ ਕੀਤੀ ਜਾਵੇ ਤਾਂ ਦੋਵਾਂ ਟੀਮਾਂ ਵਿਚਕਾਰ 18 ਮੈਚ ਹੋਏ ਹਨ। ਇਨ੍ਹਾਂ ਵਿੱਚੋਂ, ਭਾਰਤ ਨੇ 13 ਮੈਚ ਜਿੱਤੇ, ਜਦਕਿ ਪਾਕਿਸਤਾਨ ਨੇ ਸਿਰਫ਼ ਚਾਰ ਜਿੱਤੇ, ਇੱਕ ਮੈਚ ਡਰਾਅ 'ਤੇ ਖਤਮ ਹੋਇਆ।
ਹਾਲਾਂਕਿ ਪਾਕਿਸਤਾਨ ਨੇ 2017 ਵਿੱਚ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਭਾਰਤ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ।
ਉਦੋਂ ਤੋਂ, ਪਾਕਿਸਤਾਨ ਵਨ ਡੇਅ ਮੈਚ ਵਿੱਚ ਭਾਰਤ ਵਿਰੁੱਧ ਜਿੱਤ ਦੀ ਉਡੀਕ ਕਰ ਰਿਹਾ ਹੈ।
'ਭਾਰਤ ਨੂੰ ਨਹੀਂ ਦੇ ਸਕਦੇ ਟੱਕਰ'

ਤਸਵੀਰ ਸਰੋਤ, Getty Images
21 ਸਤੰਬਰ ਨੂੰ ਖੇਡੇ ਗਏ ਮੈਚ ਤੋਂ ਬਾਅਦ, ਸਾਬਕਾ ਭਾਰਤੀ ਕ੍ਰਿਕਟ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਹਰ ਵਿਭਾਗ ਵਿੱਚ ਪਾਕਿਸਤਾਨ ਨਾਲੋਂ ਮਜ਼ਬੂਤ ਹੈ।
ਉਨ੍ਹਾਂ ਕਿਹਾ, "ਪਾਕਿਸਤਾਨ ਸਮੇਂ ਸਿਰ ਵਿਕਟ ਨਹੀਂ ਲੈ ਸਕਿਆ। ਇੱਕ ਵਾਰ ਅਭਿਸ਼ੇਕ ਸ਼ਰਮਾ ਨੇ ਬੱਲੇਬਾਜ਼ੀ ਸ਼ੁਰੂ ਕੀਤੀ, ਤਾਂ ਪਾਕਿਸਤਾਨ ਮੈਚ ਤੋਂ ਬਾਹਰ ਹੋ ਗਿਆ। ਭਾਰਤੀ ਟੀਮ ਬਹੁਤ ਮਜ਼ਬੂਤ ਹੈ।"
ਪਹਿਲਗਾਮ ਹਮਲੇ ਤੋਂ ਬਾਅਦ ਮਈ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧਣ ਤੋਂ ਬਾਅਦ ਏਸ਼ੀਆ ਕੱਪ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਅਤੇ ਪਾਕਿਸਤਾਨ ਇੱਕ ਦੂਜੇ ਦਾ ਸਾਹਮਣਾ ਕਰ ਰਹੇ ਹਨ।
ਸ਼ਾਇਦ ਸਖ਼ਤ ਮੁਕਾਬਲੇ ਦੀ ਘਾਟ ਕਾਰਨ, ਦੋਵਾਂ ਮੈਚਾਂ ਵਿੱਚ ਚਰਚਾ ਖੇਡ ਨਾਲੋਂ ਮੈਚ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੀ ਹੁੰਦਾ ਹੈ, ਇਸ ਬਾਰੇ ਜ਼ਿਆਦਾ ਹੈ। ਦੋਵਾਂ ਮੈਚਾਂ ਵਿੱਚ, ਭਾਰਤੀ ਅਤੇ ਪਾਕਿਸਤਾਨੀ ਖਿਡਾਰੀਆਂ ਨੇ ਹੱਥ ਨਹੀਂ ਮਿਲਾਇਆ।
ਏਸ਼ੀਆ ਕੱਪ 2025 ਦੇ ਦੋਵੇਂ ਮੈਚਾਂ ਵਿੱਚ ਮੈਦਾਨ ਵਿੱਚ ਦਰਸ਼ਕਾਂ ਦੀਆਂ ਖਾਲੀ ਕੁਰਸੀਆਂ ਵੀ ਇਸ ਗੱਲ ਦਾ ਸੰਕੇਤ ਹਨ ਕਿ ਭਾਰਤ-ਪਾਕਿਸਤਾਨ ਮੈਚਾਂ ਵਿੱਚ ਪ੍ਰਸ਼ੰਸਕਾਂ ਦੀ ਦਿਲਚਸਪੀ ਘੱਟ ਰਹੀ ਹੈ।
ਐਤਵਾਰ ਦੇ ਮੈਚ ਤੋਂ ਬਾਅਦ, ਇੱਕ ਭਾਰਤੀ ਕ੍ਰਿਕਟ ਪ੍ਰਸ਼ੰਸਕ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ, "ਅਭਿਸ਼ੇਕ ਸ਼ਰਮਾ ਨੇ ਇਕੱਲੇ ਪਾਕਿਸਤਾਨੀ ਟੀਮ ਨੂੰ ਹਰਾਇਆ। ਮੈਨੂੰ ਨਹੀਂ ਲੱਗਦਾ ਕਿ ਪਾਕਿਸਤਾਨੀ ਟੀਮ ਫਾਈਨਲ ਵਿੱਚ ਪਹੁੰਚ ਸਕੇਗੀ। ਮੈਨੂੰ ਲੱਗਦਾ ਹੈ ਕਿ ਭਾਰਤ ਫਾਈਨਲ ਵਿੱਚ ਸ਼੍ਰੀਲੰਕਾ ਜਾਂ ਬੰਗਲਾਦੇਸ਼ ਦਾ ਸਾਹਮਣਾ ਕਰੇਗਾ।"
ਉਨ੍ਹਾਂ ਨੇ ਕਿਹਾ "ਭਾਰਤੀ ਟੀਮ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਦੇ ਰਹੀ ਹੈ, ਅਤੇ ਪਾਕਿਸਤਾਨੀ ਟੀਮ ਇਸਦਾ ਮੁਕਾਬਲਾ ਨਹੀਂ ਕਰ ਸਕਦੀ।"
ਉੱਥੇ ਹੀ ਸੋਨੀ ਲਿਵ ਪ੍ਰੋਗਰਾਮ 'ਤੇ, ਸਾਬਕਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੇ ਕਿਹਾ, "ਤੁਸੀਂ ਇਸ ਤਰ੍ਹਾਂ ਖੇਡ ਕੇ ਦੁਨੀਆ ਦੀ ਸਭ ਤੋਂ ਵਧੀਆ ਟੀਮ ਦਾ ਮੁਕਾਬਲਾ ਨਹੀਂ ਕਰ ਸਕਦੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ








