ਓਮਾਨ ਖ਼ਿਲਾਫ ਏਸ਼ੀਆ ਕੱਪ ਦਾ ਮੈਚ ਭਾਵੇਂ ਭਾਰਤ ਨੇ ਜਿੱਤਿਆ ਪਰ ਹਾਰ ਦੇ ਬਾਵਜੂਦ ਪੰਜਾਬੀ ਕਪਤਾਨ ਜਤਿੰਦਰ ਸਿੰਘ ਵਾਲੀ ਟੀਮ ਦੀ ਕਿਉਂ ਹੋ ਰਹੀ ਇੰਨੀ ਤਾਰੀਫ਼

ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਅਤੇ ਓਮਾਨ ਦੇ ਕਪਤਾਨ ਜਤਿੰਦਰ ਸਿੰਘ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਏਸ਼ੀਆ ਕੱਪ ਮੈਚ ਤੋਂ ਪਹਿਲਾਂ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਅਤੇ ਓਮਾਨ ਦੇ ਕਪਤਾਨ ਜਤਿੰਦਰ ਸਿੰਘ

ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਖੇਡਿਆ ਜਾ ਰਿਹਾ ਹੈ, ਜਿਸ ਵਿੱਚ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ ਦੇ ਨਾਲ-ਨਾਲ ਯੂਏਈ, ਹਾਂਗਕਾਂਗ ਅਤੇ ਓਮਾਨ ਦੀਆਂ ਟੀਮਾਂ ਵੀ ਸ਼ਾਮਲ ਹਨ।

ਪਾਕਿਸਤਾਨ ਅਤੇ ਯੂਏਈ ਨੂੰ ਆਸਾਨੀ ਨਾਲ ਹਰਾਉਣ ਤੋਂ ਬਾਅਦ ਭਾਰਤ ਨੇ 19 ਸਤੰਬਰ ਨੂੰ ਓਮਾਨ ਨੂੰ ਵੀ 21 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਨੇ ਏਸ਼ੀਆ ਕੱਪ ਵਿੱਚ ਜਿੱਤਾਂ ਦੀ ਹੈਟ੍ਰਿਕ ਬਣਾ ਲਈ ਹੈ।

ਹਾਲਾਂਕਿ, ਵਿਸ਼ਵ ਟੀ-20 ਰੈਂਕਿੰਗ ਵਿੱਚ 20ਵੇਂ ਸਥਾਨ 'ਤੇ ਕਾਬਜ਼ ਓਮਾਨ ਨੇ ਨੰਬਰ-ਵਨ ਟੀਮ ਨੂੰ ਚੰਗੀ ਖ਼ਾਸੀ ਚੁਣੌਤੀ ਦਿੱਤੀ ਸੀ, ਜਿਸਦੀ ਚਰਚਾ ਸੋਸ਼ਲ ਮੀਡੀਆ 'ਤੇ ਵੀ ਹੋ ਰਹੀ ਹੈ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ ਵਿੱਚ 188 ਦੌੜਾਂ ਬਣਾਈਆਂ, ਜਦਕਿ ਓਮਾਨ ਨੇ 20 ਓਵਰਾਂ ਵਿੱਚ 167 ਦੌੜਾਂ ਬਣਾਈਆਂ।

ਜਿੱਥੇ ਭਾਰਤੀ ਟੀਮ ਦੇ ਅੱਠ ਬੱਲੇਬਾਜ਼ਾਂ ਪਵੇਲੀਅਨ ਪਰਤੇ, ਉੱਥੇ ਹੀ ਭਾਰਤੀ ਗੇਂਦਬਾਜ਼ ਓਮਾਨ ਦੇ ਸਿਰਫ਼ ਚਾਰ ਬੱਲੇਬਾਜ਼ਾਂ ਨੂੰ ਹੀ ਆਊਟ ਕਰ ਸਕੇ।

ਓਮਾਨ ਲਈ ਬੱਲੇਬਾਜ਼ੀ ਦੀ ਸ਼ੁਰੂਆਤ ਕਰਦੇ ਹੋਏ ਆਮਿਰ ਕਲੀਮ ਨੇ 46 ਗੇਂਦਾਂ 'ਤੇ 64 ਦੌੜਾਂ ਬਣਾਈਆਂ, ਜਦਕਿ ਹਮਾਦ ਮਿਰਜ਼ਾ ਨੇ 33 ਗੇਂਦਾਂ 'ਤੇ 51 ਦੌੜਾਂ ਦੀ ਪਾਰੀ ਖੇਡੀ।

ਆਮਿਰ ਕਲੀਮ ਨੇ ਭਾਰਤ ਵਿਰੁੱਧ 46 ਗੇਂਦਾਂ ਵਿੱਚ 64 ਦੌੜਾਂ ਬਣਾਈਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਮਿਰ ਕਲੀਮ ਨੇ ਭਾਰਤ ਵਿਰੁੱਧ 46 ਗੇਂਦਾਂ ਵਿੱਚ 64 ਦੌੜਾਂ ਬਣਾਈਆਂ

ਭਾਰਤ ਦੇ 189 ਦੌੜਾਂ ਦੇ ਟੀਚੇ ਨੂੰ ਚੁਣੌਤੀ ਦਿੰਦੇ ਹੋਏ ਓਮਾਨ ਟੀਮ ਨੇ ਬਹੁਤ ਸ਼ਾਨਦਾਰ ਸ਼ੁਰੂਆਤ ਕੀਤੀ।

ਜਤਿੰਦਰ ਸਿੰਘ ਅਤੇ ਆਮਿਰ ਕਲੀਮ ਨੇ 7ਵੇਂ ਓਵਰ ਵਿੱਚ ਸਕੋਰ 50 ਤੋਂ ਪਾਰ ਪਹੁੰਚਾ ਦਿੱਤਾ। ਕੁਲਦੀਪ ਯਾਦਵ ਨੇ 9ਵੇਂ ਓਵਰ ਵਿੱਚ ਓਮਾਨ ਨੂੰ ਆਪਣਾ ਪਹਿਲਾ ਝਟਕਾ ਦਿੱਤਾ, ਜਦੋਂ ਉਨ੍ਹਾਂ ਨੇ 32 ਦੌੜਾਂ 'ਤੇ ਖੇਡ ਰਹੇ ਜਤਿੰਦਰ ਸਿੰਘ ਨੂੰ ਆਊਟ ਕੀਤਾ।

ਇਸ ਤੋਂ ਬਾਅਦ, ਕਲੀਮ ਅਤੇ ਹਮਾਦ ਮਿਰਜ਼ਾ ਨੇ ਇੱਕ ਮਜ਼ਬੂਤ ਸਾਂਝੇਦਾਰੀ ਬਣਾਈ। ਕਲੀਮ ਨੇ ਸਿਰਫ਼ 38 ਗੇਂਦਾਂ 'ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ।

ਅੱਠ ਭਾਰਤੀ ਖਿਡਾਰੀਆਂ ਨੇ ਇਸ ਸਾਂਝੇਦਾਰੀ ਨੂੰ ਤੋੜਨ ਲਈ ਗੇਂਦਬਾਜ਼ੀ ਕੀਤੀ, ਪਰ ਅੰਤ ਵਿੱਚ ਹਰਸ਼ਿਤ ਰਾਣਾ ਕਾਮਯਾਬ ਹੋਏ।

ਦੋਵਾਂ ਨੇ 93 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਕਲੀਮ 64 ਦੌੜਾਂ 'ਤੇ ਆਊਟ ਹੋ ਗਏ।

ਓਮਾਨ ਟੀਮ ਦੀ ਅਗਵਾਈ ਕਰ ਰਿਹਾ ਪੰਜਾਬੀ ਖਿਡਾਰੀ ਜਤਿੰਦਰ ਸਿੰਘ

ਜਤਿੰਦਰ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੈਚ ਦੌਰਾਨ ਕੈਚ ਫੜਨ ਬਾਅਦ ਖੁਸ਼ੀ ਮਨਾਉਂਦੇ ਜਤਿੰਦਰ ਸਿੰਘ

ਓਮਾਨ ਦੀ ਕ੍ਰਿਕਟ ਟੀਮ ਦੀ ਕਪਤਾਨੀ ਜਤਿੰਦਰ ਸਿੰਘ ਕਰ ਰਹੇ ਹਨ, ਜੋ ਮੂਲ ਰੂਪ ਵਿੱਚ ਪੰਜਾਬ ਦੇ ਰਹਿਣ ਵਾਲੇ ਹਨ ਅਤੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਓਮਾਨ ਲਈ ਖੇਡ ਰਹੇ ਹਨ।

ਕ੍ਰਿਕਇੰਫ਼ੋ ਦੀ ਵੈਬਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਕ, ਜਤਿੰਦਰ ਸਿੰਘ ਦਾ ਜਨਮ ਪੰਜਾਬ ਦੇ ਲੁਧਿਆਣਾ ਵਿੱਚ ਹੋਇਆ ਸੀ ਅਤੇ ਉਹ ਛੋਟੀ ਉਮਰ ਵਿੱਚ ਹੀ ਓਮਾਨ ਚਲੇ ਗਏ ਸਨ, ਜਿੱਥੇ ਉਨ੍ਹਾਂ ਨੇ ਅੰਡਰ-19 ਪੱਧਰ 'ਤੇ ਉਨ੍ਹਾਂ ਦੀ ਨੁਮਾਇੰਦਗੀ ਕੀਤੀ।

ਜਤਿੰਦਰ ਨੇ 2019 ਵਿੱਚ ਇੱਕ ਰੋਜ਼ਾ ਵਿੱਚ ਡੈਬਿਊ ਕੀਤਾ ਸੀ। ਮੱਧ ਕ੍ਰਮ ਤੋਂ ਬਾਹਰ ਹੋਣ ਤੋਂ ਬਾਅਦ ਉਨ੍ਹਾਂ ਟੀ-20ਆਈ ਅਤੇ ਇੱਕ ਰੋਜ਼ਾ ਮੈਚਾਂ ਵਿੱਚ ਓਪਨਰ ਵਜੋਂ ਆਪਣੀ ਜਗ੍ਹਾ ਪੱਕੀ ਕੀਤੀ।

ਉਨ੍ਹਾਂ ਨੇ ਪਹਿਲਾ ਇੱਕ ਰੋਜ਼ਾ ਸੈਂਕੜਾ 2021 ਵਿੱਚ ਜੜਿਆ ਸੀ, ਜਦੋਂ ਉਨ੍ਹਾਂ ਨੇ ਨੇਪਾਲ ਵਿਰੁੱਧ ਜਿੱਤ ਲਈ ਸਿਰਫ਼ 62 ਗੇਂਦਾਂ ਵਿੱਚ 107 ਦੌੜਾਂ ਬਣਾਈਆਂ ਸਨ। ਸਾਲ 2022 ਵਿੱਚ ਪਾਪੂਆ ਨਿਊ ਗਿਨੀ ਵਿਰੁੱਧ ਖੇਡੇ ਗਏ ਇੱਕ ਰੋਜ਼ਾ ਮੈਚ ਵਿੱਚ ਉਨ੍ਹਾਂ ਨੇ 118 ਦੌੜਾਂ ਬਣਾਈਆਂ ਸਨ ਜੋ ਇੱਕ ਰੋਜ਼ਾ ਮੈਚਾਂ ਵਿੱਚ ਓਮਾਨ ਲਈ ਕਿਸੇ ਕ੍ਰਿਕਟਰ ਵੱਲੋਂ ਇੱਕਲੇ ਬਣਾਇਆ ਗਿਆ ਸਭ ਤੋਂ ਵੱਧ ਸਕੋਰ ਹੈ।

ਅਕਤੂਬਰ 2024 ਵਿੱਚ ਉਨ੍ਹਾਂ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ।

ਇਹ ਵੀ ਪੜ੍ਹੋ-

ਭਾਰਤੀ ਕ੍ਰਿਕਟਰਾਂ ਤੋਂ ਇਸ ਤਰ੍ਹਾਂ ਵੱਖਰੇ ਹਨ ਓਮਾਨ ਦੇ ਖਿਡਾਰੀ

ਭਾਰਤੀ ਕ੍ਰਿਕਟਰਾਂ ਅਤੇ ਕੋਚਾਂ ਦਾ ਓਮਾਨ ਕ੍ਰਿਕਟ ਟੀਮ ਨਾਲ ਪੁਰਾਣਾ ਸਬੰਧ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤੀ ਕ੍ਰਿਕਟਰਾਂ ਅਤੇ ਕੋਚਾਂ ਦਾ ਓਮਾਨ ਕ੍ਰਿਕਟ ਟੀਮ ਨਾਲ ਪੁਰਾਣਾ ਸਬੰਧ ਹੈ

ਭਾਰਤੀ ਖਿਡਾਰੀ ਕ੍ਰਿਕਟ ਨੂੰ ਆਪਣੇ ਪੇਸ਼ੇ ਵਜੋਂ ਅਪਣਾਉਂਦੇ ਹਨ। ਜਦਕਿ ਓਮਾਨ ਟੀਮ ਦੇ ਜ਼ਿਆਦਾਤਰ ਖਿਡਾਰੀ ਕ੍ਰਿਕਟ ਤੋਂ ਬਾਹਰ ਕਿਸੇ ਹੋਰ ਨੌਕਰੀ ਜਾਂ ਕਾਰੋਬਾਰ ਵਿੱਚ ਲੱਗੇ ਹੋਏ ਹਨ।

ਜਤਿੰਦਰ ਸਿੰਘ ਤੋਂ ਇਲਾਵਾ, ਓਮਾਨ ਟੀਮ ਵਿੱਚ ਭਾਰਤੀ ਮੂਲ ਦੇ ਖਿਡਾਰੀਆਂ ਵਿੱਚ ਵਿਨਾਇਕ ਸ਼ੁਕਲਾ, ਆਸ਼ੀਸ਼ ਓਡੇਦਰਾ, ਸਮਯ ਸ਼੍ਰੀਵਾਸਤਵ ਅਤੇ ਕਰਨ ਸੋਨਵਲੇ ਸ਼ਾਮਲ ਹਨ।

ਗੁਜਰਾਤੀ ਖਿਡਾਰੀਆਂ ਦਾ ਦਬਦਬਾ

ਓਮਾਨ ਦੀ ਟੀਮ ਵਿੱਚ ਜਿਤੇਨ ਰਾਮਾਨੰਦੀ ਕਦੇ ਗੁਜਰਾਤ ਵਿੱਚ ਹਾਰਦਿਕ ਪਾਂਡਿਆ ਨਾਲ ਕ੍ਰਿਕਟ ਖੇਡਦੇ ਸਨ

ਤਸਵੀਰ ਸਰੋਤ, Jiten Ramanandi/FB

ਤਸਵੀਰ ਕੈਪਸ਼ਨ, ਓਮਾਨ ਦੀ ਟੀਮ ਵਿੱਚ ਜਿਤੇਨ ਰਾਮਾਨੰਦੀ ਕਦੇ ਗੁਜਰਾਤ ਵਿੱਚ ਹਾਰਦਿਕ ਪਾਂਡਿਆ ਨਾਲ ਕ੍ਰਿਕਟ ਖੇਡਦੇ ਸਨ

ਓਮਾਨ ਦੀ ਕ੍ਰਿਕਟ ਟੀਮ ਦੀ ਗੱਲ ਕਰੀਏ ਤਾਂ ਇਸ ਵਿੱਚ ਭਾਰਤੀ ਮੂਲ ਦੇ ਕਈ ਖਿਡਾਰੀ ਹਨ, ਜਿਨ੍ਹਾਂ ਵਿੱਚੋਂ ਚਾਰ ਗੁਜਰਾਤੀ ਹਨ। ਇਸ ਨਾਲ ਓਮਾਨ ਟੀਮ ਵਿੱਚ ਬਹੁਤ ਸਾਰੇ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਦੀ ਦਿਲਚਸਪੀ ਵੱਧ ਗਈ ਹੈ।

ਓਮਾਨ ਦੀ ਟੀਮ ਵਿੱਚ ਜਿਤੇਨ ਰਾਮਾਨੰਦੀ ਸ਼ਾਮਲ ਹਨ, ਜੋ ਕਦੇ ਗੁਜਰਾਤ ਵਿੱਚ ਹਾਰਦਿਕ ਪਾਂਡਿਆ ਨਾਲ ਕ੍ਰਿਕਟ ਖੇਡਦੇ ਸਨ। 19 ਸਤੰਬਰ ਨੂੰ ਭਾਰਤ ਵਿਰੁੱਧ ਓਮਾਨ ਲਈ ਖੇਡਦੇ ਹੋਏ ਜਿਤੇਨ ਰਾਮਾਨੰਦੀ ਨੇ ਚਾਰ ਓਵਰਾਂ ਵਿੱਚ 33 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

ਉਨ੍ਹਾਂ ਨੇ ਪਹਿਲਾ ਵਿਕਟ ਅਭਿਸ਼ੇਕ ਸ਼ਰਮਾ ਦਾ ਲਿਆ, ਜੋ 38 ਦੌੜਾਂ 'ਤੇ ਬੱਲੇਬਾਜ਼ੀ ਕਰ ਰਹੇ ਸਨ ਅਤੇ ਉਸ ਸਮੇਂ ਭਾਰਤ ਦਾ ਕੁੱਲ ਸਕੋਰ 72 ਸੀ।

ਫਿਰ 18ਵੇਂ ਓਵਰ ਦੀ ਤੀਜੀ ਗੇਂਦ 'ਤੇ ਉਨ੍ਹਾਂ ਨੇ ਤਿਲਕ ਵਰਮਾ ਨੂੰ ਕਵਰ ਫੀਲਡਰ ਦੁਆਰਾ ਕੈਚ ਕਰਵਾਇਆ। ਉਸ ਸਮੇਂ ਭਾਰਤ ਦਾ ਸਕੋਰ 176 ਸੀ।

ਇਸਦੇ ਨਾਲ ਹੀ ਰਾਮਾਨੰਦੀ ਨੇ ਹਾਰਦਿਕ ਪਾਂਡਿਆ ਅਤੇ ਅਰਸ਼ਦੀਪ ਸਿੰਘ ਨੂੰ ਰਨ ਆਊਟ ਵੀ ਕਰਵਾਇਆ।

ਰਾਮਾਨੰਦੀ ਕਦੇ ਬੜੌਦਾ ਟੀਮ ਲਈ ਆਲਰਾਊਂਡਰ ਰਹਿ ਚੁੱਕੇ ਹਨ।

ਭਾਰਤੀ ਕਪਤਾਨ ਦੇ ਨਾਲ ਓਮਾਨ ਦੇ ਕਪਤਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਓਮਾਨ ਟੀਮ ਵਿੱਚ ਬਹੁਤ ਸਾਰੇ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਦੀ ਦਿਲਚਸਪੀ ਵੱਧ ਗਈ ਹੈ

ਰਾਮਾਨੰਦੀ ਨੂੰ ਉਨ੍ਹਾਂ ਦੇ ਕੋਚ ਰਾਕੇਸ਼ ਪਟੇਲ ਨੇ ਓਮਾਨ ਜਾਣ ਲਈ ਪ੍ਰੇਰਿਤ ਕੀਤਾ ਸੀ। ਰਾਕੇਸ਼ ਪਟੇਲ ਖੁਦ ਬੜੌਦਾ ਟੀਮ ਲਈ ਇੱਕ ਸਾਬਕਾ ਗੇਂਦਬਾਜ਼ ਰਹੇ ਸਨ।

ਅੰਗਰੇਜ਼ੀ ਅਖਬਾਰ ਟਾਈਮਜ਼ ਆਫ ਇੰਡੀਆ ਦੀ ਇੱਕ ਰਿਪੋਰਟ ਅਨੁਸਾਰ, ਜਿਤੇਨ ਰਾਮਾਨੰਦੀ ਮੂਲ ਰੂਪ ਵਿੱਚ ਨਵਸਾਰੀ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਹਨ ਅਤੇ ਬੜੌਦਾ ਅੰਡਰ-19 ਟੀਮ ਲਈ ਵੀ ਖੇਡ ਚੁੱਕੇ ਹਨ।

ਸਾਲ 2019 ਵਿੱਚ ਉਹ ਵਿੱਤੀ ਕਾਰਨਾਂ ਕਰਕੇ ਓਮਾਨ ਗਏ ਸਨ ਅਤੇ ਬਾਅਦ ਵਿੱਚ ਉੱਥੋਂ ਦੀ ਕ੍ਰਿਕਟ ਟੀਮ ਵਿੱਚ ਸ਼ਾਮਲ ਹੋ ਗਏ।

ਓਮਾਨ ਟੀਮ ਵਿੱਚ ਆਸ਼ੀਸ਼ ਓਡੇਦਰਾ ਵੀ ਸ਼ਾਮਲ ਹਨ, ਜਿਨ੍ਹਾਂ ਦਾ ਜਨਮ ਜੂਨਾਗੜ੍ਹ ਵਿੱਚ ਹੋਇਆ ਸੀ।

ਓਮਾਨ ਦੀ ਟੀਮ ਵਿੱਚ ਪਹਿਲਾਂ ਅਜੈ ਲਾਲਚੇਤਾ, ਰਾਜੇਸ਼ ਕੁਮਾਰ ਰਾਣਪਰਾ ਅਤੇ ਕਸ਼ਯਪ ਪ੍ਰਜਾਪਤੀ ਸ਼ਾਮਲ ਰਹੇ ਹਨ, ਇਹ ਤਿੰਨੋਂ ਵੀ ਮੂਲ ਰੂਪ ਵਿੱਚ ਗੁਜਰਾਤ ਦੇ ਹਨ।

ਕਸ਼ਯਪ ਪ੍ਰਜਾਪਤੀ ਦਾ ਜਨਮ ਖੇੜਾ ਜ਼ਿਲ੍ਹੇ ਵਿੱਚ ਹੋਇਆ ਸੀ। ਉਹ ਸੱਜੇ ਹੱਥ ਦੇ ਬੱਲੇਬਾਜ਼ ਅਤੇ ਗੇਂਦਬਾਜ਼ ਹਨ।

ਅਜੈ ਲਾਲਚੇਤਾ ਦਾ ਜਨਮ ਪੋਰਬੰਦਰ ਵਿੱਚ ਹੋਇਆ ਸੀ। ਉਹ ਖੱਬੇ ਹੱਥ ਦੇ ਬੱਲੇਬਾਜ਼ ਅਤੇ ਸਪਿਨ ਗੇਂਦਬਾਜ਼ ਹਨ। ਉਹ ਓਮਾਨ ਟੀਮ ਲਈ ਇੱਕ ਆਲਰਾਊਂਡਰ ਵਜੋਂ ਖੇਡਦੇ ਹਨ। ਉਹ ਸੌਰਾਸ਼ਟਰ ਦੀਆਂ ਅੰਡਰ-16 ਅਤੇ ਅੰਡਰ-19 ਟੀਮਾਂ ਲਈ ਵੀ ਖੇਡ ਚੁੱਕੇ ਹਨ।

ਰਾਜੇਸ਼ ਰਾਣਪਰਾ ਮੂਲ ਰੂਪ ਵਿੱਚ ਪਾਲਨਪੁਰ ਦੇ ਰਹਿਣ ਵਾਲੇ ਹਨ।

ਸਾਬਕਾ ਭਾਰਤੀ ਕ੍ਰਿਕਟਰਾਂ ਦਾ ਵੀ ਯੋਗਦਾਨ

ਪਿਛਲੇ ਹਫ਼ਤੇ ਏਸ਼ੀਆ ਕੱਪ ਮੈਚ ਵਿੱਚ ਇੱਕ ਪਾਕਿਸਤਾਨੀ ਬੱਲੇਬਾਜ਼ ਨੂੰ ਆਊਟ ਕਰਨ ਤੋਂ ਬਾਅਦ ਜਸ਼ਨ ਮਨਾਉਂਦੇ ਓਮਾਨ ਦੇ ਖਿਡਾਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਿਛਲੇ ਹਫ਼ਤੇ ਏਸ਼ੀਆ ਕੱਪ ਮੈਚ ਵਿੱਚ ਇੱਕ ਪਾਕਿਸਤਾਨੀ ਬੱਲੇਬਾਜ਼ ਨੂੰ ਆਊਟ ਕਰਨ ਤੋਂ ਬਾਅਦ ਜਸ਼ਨ ਮਨਾਉਂਦੇ ਓਮਾਨ ਦੇ ਖਿਡਾਰੀ

ਸਾਬਕਾ ਭਾਰਤੀ ਕ੍ਰਿਕਟਰ ਸੰਦੀਪ ਪਾਟਿਲ ਅਤੇ ਅੰਸ਼ੁਮਾਨ ਗਾਇਕਵਾੜ ਵੀ ਇੱਕ ਜ਼ਮਾਨੇ ਵਿੱਚ ਓਮਾਨ ਦੀ ਕ੍ਰਿਕਟ ਟੀਮ ਦੇ ਕੋਚ ਰਹਿ ਚੁੱਕੇ ਹਨ।

ਅੰਗਰੇਜ਼ੀ ਅਖ਼ਬਾਰ ਟਾਈਮਸ ਆਫ ਇੰਡੀਆ ਦੀ ਰਿਪੋਰਟ ਦੇ ਅਨੁਸਾਰ, ਓਮਾਨ ਵਿੱਚ 80 ਘਰੇਲੂ ਕ੍ਰਿਕਟ ਟੀਮਾਂ ਹਨ, ਜਿਨ੍ਹਾਂ ਵਿੱਚ ਗੁਜਰਾਤ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਕਰੀਬ 140 ਖਿਡਾਰੀ ਖੇਡਦੇ ਹਨ।

ਇਸ ਵਿੱਚ ਖ਼ਾਸ ਤੌਰ ਉੱਤੇ ਪੋਰਬੰਦਰ, ਆਣੰਦ, ਸੂਰਤ, ਵਡੋਦਰਾ ਅਤੇ ਅਹਿਮਦਾਬਾਦ ਦੇ ਨੌਜਵਾਨ ਕ੍ਰਿਕਟਰ ਓਮਾਨ ਦੇ ਲਈ ਖੇਡਦੇ ਹਨ। ਓਮਾਨ ਦੀ ਕੌਮੀ ਟੀਮ ਦੇ ਹੁਣ ਤੱਕ ਦੇ ਸੱਤ ਕਪਤਾਨਾਂ ਵਿੱਚੋਂ ਚਾਰ ਗੁਜਰਾਤੀ ਰਹੇ ਹਨ।

ਓਮਾਨ ਕ੍ਰਿਕਟ ਦੇ 'ਗੌਡਫਾਦਰ'

2003 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੋਂ ਪਰਵਾਸੀ ਭਾਰਤੀ ਪੁਰਸਕਾਰ ਪ੍ਰਾਪਤ ਕਰਦੇ ਹੋਏ ਕਨਕਸੀ ਖਿਮਜੀ

ਤਸਵੀਰ ਸਰੋਤ, National Archives of India

ਤਸਵੀਰ ਕੈਪਸ਼ਨ, 2003 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੋਂ ਪਰਵਾਸੀ ਭਾਰਤੀ ਪੁਰਸਕਾਰ ਪ੍ਰਾਪਤ ਕਰਦੇ ਹੋਏ ਕਨਕਸੀ ਖਿਮਜੀ

ਭਾਰਤੀ,ਲੰਬੇ ਸਮੇਂ ਤੋਂ ਓਮਾਨ ਕ੍ਰਿਕਟ 'ਤੇ ਦਬਦਬਾ ਰੱਖਦੇ ਰਹੇ ਹਨ। ਜਦੋਂ 1979 ਵਿੱਚ ਓਮਾਨੀ ਸ਼ਾਹੀ ਪਰਿਵਾਰ ਦੀ ਮਦਦ ਨਾਲ ਓਮਾਨ ਕ੍ਰਿਕਟ ਦੀ ਸਥਾਪਨਾ ਕੀਤੀ ਗਈ ਸੀ, ਤਾਂ ਭਾਰਤੀ ਮੂਲ ਦੇ ਉਦਯੋਗਪਤੀ ਕਨਕਸੀ ਖਿਮਜੀ ਨੂੰ ਇਸਦਾ ਪਹਿਲਾ ਪ੍ਰਧਾਨ ਲਾਇਆ ਗਿਆ ਸੀ।

ਕੱਛ ਦੇ ਤੱਟਵਰਤੀ ਸ਼ਹਿਰ ਮਾਂਡਵੀ ਦੇ ਰਹਿਣ ਵਾਲੇ ਕਨਕਸ਼ੀ ਗੋਕਲਦਾਸ ਖਿਮਜੀ 1970 ਦੇ ਦਹਾਕੇ ਵਿੱਚ ਓਮਾਨ ਗਏ ਅਤੇ ਉੱਥੇ ਕ੍ਰਿਕਟ ਖੇਡਣਾ ਸ਼ੁਰੂ ਕੀਤਾ।

ਉਨ੍ਹਾਂ ਨੂੰ ਪ੍ਰਵਾਸੀ ਭਾਰਤੀ ਪੁਰਸਕਾਰ ਵੀ ਮਿਲਿਆ, ਜਿਸ ਨਾਲ ਉਹ ਖਾੜੀ ਖੇਤਰ ਤੋਂ ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਬਣੇ।

ਕਨਕਸੀ ਖਿਮਜੀ ਦਾ ਯੋਗਦਾਨ

ਕਨਕਸੀ ਖਿਮਜੀ ਕ੍ਰਿਕਟ ਬੱਲੇ ਦੇ ਨਾਲ

ਤਸਵੀਰ ਸਰੋਤ, Oman Cricket

ਤਸਵੀਰ ਕੈਪਸ਼ਨ, ਕਨਕਸੀ ਖਿਮਜੀ ਕ੍ਰਿਕਟ ਬੱਲੇ ਦੇ ਨਾਲ

ਕਨਕਸੀ ਖਿਮਜੀ ਇੱਕ ਕਾਰੋਬਾਰੀ ਸਨ ਜਿਨ੍ਹਾਂ ਨੂੰ 'ਦੁਨੀਆ ਦੇ ਪਹਿਲੇ ਹਿੰਦੂ ਸ਼ੇਖ' ਦਾ ਖਿਤਾਬ ਦਿੱਤਾ ਗਿਆ ਸੀ।

ਅੱਜ ਵੀ, ਬਹੁਤ ਸਾਰੇ ਓਮਾਨੀ ਉਸਨੂੰ 'ਓਮਾਨ ਕ੍ਰਿਕਟ ਦੇ ਗੌਡਫਾਦਰ' ਵਜੋਂ ਯਾਦ ਕਰਦੇ ਹਨ। ਉਨ੍ਹਾਂ ਦਾ ਪੁੱਤਰ, ਪੰਕਜ ਖਿਮਜੀ, ਇਸ ਸਮੇਂ ਓਮਾਨ ਕ੍ਰਿਕਟ ਬੋਰਡ ਦਾ ਪ੍ਰਧਾਨ ਹੈ।

ਈਐੱਸਪੀਐੱਨ ਕ੍ਰਿਕਟ ਇਨਫੋ ਦੀ ਇੱਕ ਰਿਪੋਰਟ ਵਿੱਚ ਪੀਟਰ ਡੇਲਾ ਪੇਨਾ ਨੇ ਲਿਖਿਆ ਹੈ,"1970 ਦੇ ਦਹਾਕੇ ਤੋਂ ਓਮਾਨ ਵਿੱਚ ਆਧੁਨਿਕ ਕ੍ਰਿਕਟ ਦਾ ਇਤਿਹਾਸ ਸ਼ੁਰੂ ਹੋਇਆ ਹੈ। ਜਿਸ ਵਿੱਚ ਕਨਕਸੀ ਖਿਮਜੀ ਦਾ ਉਤਸ਼ਾਹ ਅਤੇ ਮਾਰਗ ਦਰਸ਼ਨ ਮੁੱਖ ਕਾਰਨ ਰਿਹਾ।"

ਪੰਕਜ ਖਿਮਜੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਓਮਾਨ ਵਿੱਚ ਬ੍ਰਿਟਿਸ਼ ਨੇਵਲ ਟੀਮਾਂ ਵਿਰੁੱਧ ਕ੍ਰਿਕਟ ਖੇਡਦੇ ਸਨ ਅਤੇ ਓਮਾਨ ਦੇ ਸ਼ਾਹੀ ਪਰਿਵਾਰ ਨੂੰ ਵੀ ਕ੍ਰਿਕਟ ਵਿੱਚ ਦਿਲਚਸਪੀ ਸੀ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਬੁਖਾਤਿਰ ਲੀਗ ਮੈਚ ਦੇਖਣ ਲਈ ਸ਼ਾਰਜਾਹ ਕਾਰ ਰਾਹੀਂ ਛੇ ਘੰਟੇ ਦਾ ਸਫ਼ਰ ਕਰਕੇ ਜਾਂਦਾ ਸੀ। ਪਰਿਵਾਰ ਦੇ ਵਿਹਲੇ ਸਮੇਂ ਦਾ ਮੁੱਖ ਕੇਂਦਰ ਕ੍ਰਿਕਟ ਸੀ।

2011 ਵਿੱਚ, ਆਈਸੀਸੀ ਡਿਵੈਲਪਮੈਂਟ ਪ੍ਰੋਗਰਾਮ ਨੇ ਕਨਕਸੀ ਖਿਨਜੀ ਨੂੰ ਓਮਾਨ ਕ੍ਰਿਕਟ ਵਿੱਚ ਯੋਗਦਾਨ ਲਈ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਸੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)