ਏਸ਼ੀਆ ਕੱਪ 'ਚ ਭਾਰਤ ਅਤੇ ਪਾਕਿਸਤਾਨ ਦੇ ਉਹ ਪੰਜ ਮੈਚ ਜੋ ਕ੍ਰਿਕਟ ਪ੍ਰੇਮੀਆਂ ਨੂੰ ਕਦੇ ਨਹੀਂ ਭੁੱਲਣੇ, ਜਦੋਂ ਲੜ ਪਏ ਸਨ ਖਿਡਾਰੀ

ਤਸਵੀਰ ਸਰੋਤ, RAVEENDRAN/AFP via Getty Images
- ਲੇਖਕ, ਹਰਪਿੰਦਰ ਸਿੰਘ ਟੌਹੜਾ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਜਦੋਂ ਵੀ ਆਹਮੋ-ਸਾਹਮਣੇ ਹੁੰਦੀਆਂ ਹਨ, ਉਹ ਮੈਚ ਦਹਾਕਿਆਂ ਤੱਕ ਯਾਦ ਰੱਖੇ ਜਾਂਦੇ ਹਨ।
ਯੂਏਈ ਦੀ ਧਰਤੀ 'ਤੇ 9 ਸਤੰਬਰ ਤੋਂ ਏਸ਼ੀਆ ਕੱਪ ਦਾ ਆਗਾਜ਼ ਹੋ ਚੁੱਕਿਆ। ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ 14 ਸਤੰਬਰ ਨੂੰ ਖੇਡਿਆ ਜਾਵੇਗਾ। ਕ੍ਰਿਕਟ ਪ੍ਰੇਮੀਆਂ ਨੂੰ ਉਮੀਦਾਂ ਹਨ ਕਿ ਇਸ ਵਾਰ ਵੀ ਦੋਵਾਂ ਟੀਮਾਂ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲੇਗੀ।
ਹਾਲਾਂਕਿ ਪਹਿਲਗਾਮ ਹਮਲੇ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਕ੍ਰਿਕਟ ਨੂੰ ਲੈ ਕੇ ਬਹੁਤ ਲੋਕਾਂ ਦੇ ਵੱਖਰੇ-ਵੱਖਰੇ ਵਿਚਾਰ ਹਨ।
ਇਸ ਤੋਂ ਪਹਿਲਾਂ ਜਦੋਂ ਵੀ ਭਾਰਤ-ਪਾਕਿਸਤਾਨ ਕ੍ਰਿਕਟ ਮੈਦਾਨ 'ਤੇ ਆਹਮੋ-ਸਾਹਮਣੇ ਹੋਏ, ਉਹ ਕ੍ਰਿਕਟ ਦੇ ਨਾਲ-ਨਾਲ ਤਲਖ਼ੀ ਦਾ ਸਬੱਬ ਵੀ ਬਣ ਜਾਂਦੇ ਹੈ। ਬਹੁਤ ਸਾਰੇ ਮੈਚ ਗਵਾਹ ਹਨ ਜਦੋਂ ਦੋਵਾਂ ਟੀਮਾਂ ਦੇ ਖਿਡਾਰੀਆਂ ਦਰਿਮਆਨ ਤਕਰਾਰ ਦੇਖਣ ਨੂੰ ਮਿਲੀ ਹੋਵੇ।
ਏਸ਼ੀਆ ਕੱਪ ਦੇ ਇਤਿਹਾਸ 'ਤੇ ਵੀ ਜੇਕਰ ਝਾਤ ਮਾਰੀਏ ਤਾਂ ਅਜਿਹੇ ਬਹੁਤ ਮੁਕਾਬਲੇ ਹਨ ਜਿੱਥੇ ਭਾਰਤ ਅਤੇ ਪਾਕਿਸਤਾਨ ਕ੍ਰਿਕਟ ਟੀਮਾਂ ਦੇ ਖਿਡਾਰੀਆਂ ਵਿਚਾਲੇ ਗਰਮਜੋਸ਼ੀ ਦੇਖਣ ਨੂੰ ਮਿਲੀ ਹੋਵੇ।
ਇਸ ਰਿਪੋਰਟ ਵਿੱਚ ਦੋਵਾਂ ਟੀਮਾਂ ਵਿਚਾਲੇ ਹੋਏ ਏਸ਼ੀਆ ਕੱਪ ਦੇ ਕੁਝ ਅਜਿਹੇ ਹੀ ਮੁਕਾਬਲਿਆਂ ਦੀ ਗੱਲ ਕਰਾਂਗੇ, ਜਿੱਥੇ ਖਿਡਾਰੀ ਇੱਕ-ਦੂਜੇ ਨਾਲ ਝਗੜਾ ਕਰਨ ਤੱਕ ਚਲੇ ਗਏ ਸਨ।
ਹਰਭਜਨ ਸਿੰਘ ਤੇ ਸ਼ੋਇਬ ਅਖ਼ਤਰ ਵਿਚਾਲੇ ਤਲਖ਼ੀ

ਤਸਵੀਰ ਸਰੋਤ, JEWEL SAMAD/AFP via Getty Images
2010 ਦਾ ਏਸ਼ੀਆ ਕੱਪ ਸਭ ਬਹੁਤੇ ਲੋਕਾਂ ਨੂੰ ਯਾਦ ਹੀ ਹੋਵੇਗਾ। ਜਦੋਂ ਦਾਮਬੁਲਾ ਵਿੱਚ ਖੇਡੇ ਜਾ ਰਹੇ ਮੈਚ ਦੌਰਾਨ ਹਰਭਜਨ ਸਿੰਘ ਤੇ ਸ਼ੋਇਬ ਅਖ਼ਤਰ ਵਿਚਾਲੇ ਹੋਏ ਟਕਰਾਅ ਨੇ ਕ੍ਰਿਕਟ ਦੇ ਪਾਰੇ ਨੂੰ ਵਧਾਉਣ ਦਾ ਕੰਮ ਕੀਤਾ ਸੀ।
ਇਹ ਏਸ਼ੀਆ ਕੱਪ ਵਨਡੇਅ ਦੇ ਰੂਪ ਵਿੱਚ ਖੇਡਿਆ ਗਿਆ ਸੀ। ਇਸ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਾਤਨ ਨੇ ਭਾਰਤ ਸਾਹਮਣੇ 268 ਦੌੜਾਂ ਦਾ ਟੀਚਾ ਰੱਖਿਆ ਸੀ। ਜਵਾਬ ਵਿੱਚ ਭਾਰਤ ਨੂੰ ਅੰਤ ਤੱਕ ਜੂਝਣਾ ਪਿਆ ਸੀ।
ਇਸੇ ਦੌਰਾਨ ਮੈਚ ਦੇ 49ਵੇਂ ਓਵਰ ਵਿੱਚ ਹਰਭਜਨ ਸਿੰਘ ਤੇ ਸ਼ੋਇਬ ਅਖ਼ਤਰ ਵਿਚਾਲੇ ਗਹਿਮਾ-ਗਹਿਮੀ ਦੇਖਣ ਨੂੰ ਮਿਲੀ ਸੀ। ਦੋਵਾਂ ਵਿਚਾਲੇ ਕੁਝ ਸ਼ਬਦਾਂ ਦਾ ਅਦਾਨ-ਪ੍ਰਦਾਨ ਹੋਇਆ ਅਤੇ ਅੰਪਾਇਰ ਨੂੰ ਵਿੱਚ ਆਉਣਾ ਪਿਆ। ਇਸ ਤੋਂ ਪਹਿਲਾਂ ਹਰਭਜਨ ਸਿੰਘ ਸ਼ੋਇਬ ਅਖ਼ਤਰ ਨੂੰ ਮੈਚ ਦੇ 47ਵੇਂ ਓਵਰ ਦੀ ਦੂਜੀ ਗੇਂਦ 'ਤੇ ਛੱਕਾ ਵੀ ਜੜ ਚੁੱਕੇ ਸਨ।
ਮੈਚ ਦੇ ਆਖ਼ਰੀ ਓਵਰ ਵਿੱਚ ਵੀ ਦੋਵਾਂ ਵਿਚਾਲੇ ਤਲਖ਼ੀ ਦੇਖਣ ਨੂੰ ਮਿਲੀ ਸੀ। ਆਖ਼ਰੀ ਓਵਰ ਵਿੱਚ ਜਦੋਂ ਭਾਰਤ ਨੂੰ ਜਿੱਤਣ ਲਈ 2 ਗੇਂਦਾਂ ਤੇ ਤਿੰਨ ਦੌੜਾਂ ਚਾਹੀਦੀਆਂ ਸਨ ਤਾਂ ਹਰਭਜਨ ਸਿੰਘ ਨੇ ਮੁਹੰਮਦ ਆਮੀਰ ਦੀ ਗੇਂਦ 'ਤੇ ਮਿਡਵਿਕੇਟ 'ਤੇ ਲੰਬਾ ਛੱਕਾ ਲਗਾ ਕੇ ਭਾਰਤ ਨੂੰ ਜਿੱਤ ਦਿਵਾਈ।
ਛੱਕਾ ਲਗਾਉਣ ਮਗਰੋਂ ਵੀ ਹਰਭਜਨ ਸਿੰਘ ਨੇ ਸ਼ੋਇਬ ਅਖ਼ਤਰ ਵੱਲ ਇਸ਼ਾਰਾ ਕਰਦਿਆਂ ਜਸ਼ਨ ਮਨਾਇਆ ਤੇ ਇਸ ਦਾ ਜਵਾਬ ਅਖ਼ਤਰ ਵੱਲੋਂ ਵੀ ਦਿੱਤਾ ਗਿਆ ਸੀ।

ਤਸਵੀਰ ਸਰੋਤ, AFP via Getty Images
ਹਰਭਜਨ ਸਿੰਘ ਨੇ ਇਸ ਮੁਕਾਬਲੇ ਦਾ ਜ਼ਿਕਰ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਵੀ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਅਖ਼ਤਰ ਨੇ ਉਨ੍ਹਾਂ ਨੂੰ ਕਮਰੇ ਵਿੱਚ ਵੜ ਕੇ ਮਾਰਨ ਦੀ ਗੱਲ ਕਹੀ ਸੀ। ਹਾਲਾਂਕਿ ਕੁਝ ਸਾਲਾਂ ਬਾਅਦ ਦੋਵੇਂ ਖਿਡਾਰੀ ਇੱਕ ਕਾਮੇਡੀ ਸ਼ੋਅ ਵਿੱਚ ਆਏ ਸੀ ਅਤੇ ਕਿਹਾ ਸੀ ਉਨ੍ਹਾਂ ਵਿਚਾਲੇ ਸਭ ਠੀਕ ਹੈ।
ਇਸੇ ਮੈਚ ਵਿੱਚ ਗੌਤਮ ਗੰਭੀਰ ਤੇ ਕਾਮਰਾਨ ਅਕਮਲ ਵਿਚਾਲੇ ਵੀ ਤਲਖ਼ੀ ਦੇਖਣ ਨੂੰ ਮਿਲੀ ਸੀ। ਦਰਅਸਲ ਮੈਚ ਦੌਰਾਨ ਸ਼ਾਹਿਦ ਅਫਰੀਦੀ ਦੀ ਗੇਂਦ ਤੇ ਅਕਮਲ ਨੇ ਕੈਚ ਦੀ ਜ਼ੋਰਦਾਰ ਅਪੀਲ ਕੀਤੀ ਸੀ, ਪਰ ਅੰਪਾਇਰ ਨੇ ਨਾਟ ਆਊਟ ਕਰਾਰ ਦੇ ਦਿੱਤਾ ਸੀ।
ਇਸ ਮਗਰੋਂ ਇੱਕ ਹੋਰ ਓਵਰ ਵਿੱਚ ਵੀ ਅਕਮਲ ਨੇ ਕੈਚ ਨੂੰ ਲੈ ਕੇ ਅਪੀਲ ਕੀਤੀ ਤਾਂ ਗੌਤਮ ਇਸ 'ਤੇ ਨਾਰਾਜ਼ ਹੋ ਗਏ। ਡ੍ਰਿੰਕਸ ਬ੍ਰੇਕ ਦੌਰਾਨ ਗੌਤਮ ਗੰਭੀਰ ਅਤੇ ਅਕਮਲ ਆਹਮੋ-ਸਾਹਮਣੇ ਹੋ ਗਏ ਤੇ ਦੋਵਾਂ ਵਿਚਾਲੇ ਖੂਬ ਬਹਿਸ ਹੋਈ। ਇੱਕ ਨਜ਼ਰ ਤਾਂ ਇੰਝ ਲੱਗਾ ਸੀ ਕਿ ਦੋਵਾਂ ਵਿਚਾਲੇ ਕੁੱਟਮਾਰ ਹੋ ਜਾਵੇਗੀ ਪਰ ਮਹਿੰਦਰ ਧੋਨੀ ਅਤੇ ਅੰਪਾਇਰਾਂ ਨੇ ਵਿੱਚ ਪੈ ਕੇ ਮਾਮਲਾ ਸ਼ਾਂਤ ਕੀਤਾ।
ਜਦੋਂ ਅਰਸ਼ਦੀਪ ਸਿੰਘ ਹੋਏ ਸੀ ਟ੍ਰੋਲ

ਤਸਵੀਰ ਸਰੋਤ, GIUSEPPE CACACE/AFP via Getty Images
4 ਸਤੰਬਰ 2022 ਨੂੰ ਦੁਬਈ ਦੇ ਮੈਦਾਨ 'ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਖੇਡਿਆ ਗਿਆ ਸੀ। ਇਸ ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 182 ਦੌੜਾਂ ਦਾ ਟੀਚਾ ਰੱਖਿਆ ਸੀ।
ਜਦੋਂ ਮੈਚ ਦਾ 18ਵਾਂ ਓਵਰ ਸੀ ਤਾਂ ਅਰਸ਼ਦੀਪ ਸਿੰਘ ਤੋਂ ਅਚਾਨਕ ਆਸੀਫ ਅਲੀ ਦਾ ਕੈਚ ਛੁੱਟ ਗਿਆ ਸੀ। ਇਸ ਮਗਰੋਂ ਭਾਰਤ ਮੈਚ ਵੀ ਹਾਰ ਗਿਆ। ਪਰ ਬਾਅਦ ਵਿੱਚ ਅਰਸ਼ਦੀਪ ਸਿੰਘ ਨੂੰ ਸੋਸ਼ਲ ਮੀਡੀਆ 'ਤੇ ਰੱਜ ਕੇ ਟ੍ਰੋਲ ਕੀਤਾ ਗਿਆ।
ਮੈਚ ਦੀ ਹਾਰ ਦਾ ਕਾਰਨ ਅਰਸ਼ਦੀਪ ਸਿੰਘ ਨੂੰ ਦੱਸਿਆ ਗਿਆ। ਸੋਸ਼ਲ ਮੀਡੀਆ ਉੱਤੇ ਅਰਸ਼ਦੀਪ ਸਿੰਘ ਨੂੰ ਖਾਲਿਸਤਾਨੀ ਤੱਕ ਕਹਿ ਦਿੱਤਾ ਗਿਆ। ਅਰਸ਼ਦੀਪ ਸਿੰਘ ਦੇ ਹੱਕ ਵਿੱਚ ਬਹੁਤ ਨਾਮੀ ਹਸਤੀਆਂ ਵੀ ਆਈਆਂ। ਉਸ ਵੇਲੇ ਮੈਚ ਦੀ ਘੱਟ ਅਤੇ ਉਸ ਇੱਕ ਕੈਚ ਦੀ ਚਰਚਾ ਵਧੇਰੇ ਹੋਈ ਸੀ।
ਜਦੋਂ ਹਾਰਦਿਕ ਪਾਂਡਿਆ ਨੇ ਸਿਕਸ ਲਗਾ ਕੇ ਦਿਵਾਈ ਸੀ ਜਿੱਤ

ਤਸਵੀਰ ਸਰੋਤ, SURJEET YADAV/AFP via Getty Images
2022 ਦੇ ਏਸ਼ੀਆ ਕੱਪ ਵਿੱਚ ਟੀ-20 ਫਾਰਮੈਟ ਵਿੱਚ ਭਾਰਤ ਤੇ ਪਾਕਿਸਤਾਨ ਦਾ ਮੈਚ ਸਭ ਤੋਂ ਦਿਲਚਸਪ ਮੈਚਾਂ ਚੋਂ ਇੱਕ ਮੰਨਿਆ ਜਾਂਦਾ ਹੈ।
ਦੁਬਈ ਦੇ ਮੈਦਾਨ 'ਤੇ ਪਾਕਿਸਤਾਨ ਨੇ ਭਾਰਤ ਸਾਹਮਣੇ 148 ਦੌੜਾਂ ਦਾ ਟੀਚਾ ਰੱਖਿਆ ਸੀ। ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ। ਭਾਰਤ ਨੂੰ ਆਖ਼ਰੀ ਓਵਰ ਵਿੱਚ ਜਿੱਤ ਲਈ ਸੱਤ ਦੌੜਾਂ ਦੀ ਲੋੜ ਸੀ।
ਹਾਰਦਿਕ ਪਾਂਡਿਆ ਨੇ ਦਬਾਅ ਹੇਠ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਇੱਕ ਛੱਕਾ ਮਾਰ ਕੇ ਭਾਰਤ ਨੂੰ ਯਾਦਗਾਰੀ ਜਿੱਤ ਦਿਵਾਈ।
ਜਦੋਂ ਵਿਰਾਟ ਕੋਹਲੀ ਨੇ ਖੇਡੀ ਸੀ ਇਤਿਹਾਸਕ ਪਾਰੀ

ਤਸਵੀਰ ਸਰੋਤ, MUNIR UZ ZAMAN/AFP via Getty Images
ਸਾਲ 2012 ਦਾ ਏਸ਼ੀਆ ਕੱਪ ਵਨਡੇਅ ਫਾਰਮੇਟ ਵਿੱਚ ਖੇਡਿਆ ਗਿਆ ਸੀ। ਬੰਗਲਾਦੇਸ਼ ਦੇ ਢਾਕਾ ਦੇ ਮੈਦਾਨ 'ਤੇ ਵਿਰਾਟ ਕੋਹਲੀ ਦੀ ਜ਼ਬਰਦਸਤ ਪਾਰੀ ਕ੍ਰਿਕਟ ਪ੍ਰੇਮੀਆਂ ਦੇ ਮਨਾਂ ਅੰਦਰ ਤਾਅ ਉਮਰ ਯਾਦ ਰਹੇਗੀ।
ਇਸ ਮੈਚ ਵਿੱਚ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਸਾਹਮਣੇ 330 ਦੌੜਾਂ ਦਾ ਪਹਾੜ ਜਿੱਡਾ ਟੀਚਾ ਰੱਖਿਆ ਸੀ। ਜਵਾਬ ਵਿੱਚ ਭਾਰਤ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਸੀ ਜਦੋਂ ਗੌਤਮ ਗੰਭੀਰ ਬਿਨ੍ਹਾਂ ਖਾਤਾ ਖੋਲੇ ਵਾਪਸ ਪਰਤ ਗਏ ਸਨ।
ਫਿਰ ਵਿਰਾਟ ਕੋਹਲੀ ਨੇ ਲਾਜਵਾਬ ਪਾਰੀ ਖੇਡਦਿਆਂ ਭਾਰਤ ਨੂੰ ਮੈਚ ਜਿਤਾਇਆ। ਵਿਰਾਟ ਕੋਹਲੀ ਨੇ 148 ਗੇਂਦਾਂ 'ਤੇ 183 ਦੌੜਾਂ ਦਾ ਪਾਰੀ ਖੇਡੀ, ਜੋ ਉਨ੍ਹਾਂ ਦੇ ਵਨਡੇਅ ਕਰੀਅਰ ਦਾ ਟੌਪ ਸਕੋਰ ਹੈ।
ਵਿਰਾਟ ਕੋਹਲੀ ਦੀ ਇਸ ਪਾਰੀ ਸਦਕਾ ਏਸ਼ੀਆ ਕੱਪ ਦਾ ਇਹ ਮੁਕਾਬਲਾ ਹਮੇਸ਼ਾ-ਹਮੇਸ਼ਾ ਲਈ ਯਾਦਗਾਰ ਬਣ ਗਿਆ।
ਜਦੋਂ ਭਾਰਤ ਨੂੰ ਪਾਕਿਸਤਾਨ ਹੱਥੋਂ ਮਿਲੀ ਸੀ ਹਾਰ

ਤਸਵੀਰ ਸਰੋਤ, DIBYANGSHU SARKAR/AFP via Getty Images
2014 ਦਾ ਏਸ਼ੀਆ ਕੱਪ ਭਾਰਤ ਦੀਆਂ ਕੌੜੀਆਂ ਯਾਦਾਂ ਵਿੱਚੋਂ ਇੱਕ ਹੈ। ਇਸ ਟੂਰਨਾਮੈਂਟ ਵਿੱਚ ਭਾਰਤ ਨੂੰ ਪਾਕਿਸਤਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਹਾਰ ਨਾਲ ਭਾਰਤ ਟੂਰਨਾਮੈਂਟ 'ਚੋਂ ਵੀ ਬਾਹਰ ਹੋ ਗਿਆ ਸੀ।
ਇਸ ਮੈਚ ਦੇ ਹੀਰੋ ਪਾਕਿਸਤਾਨ ਦੇ ਪਾਵਰ ਹਿਟਰ ਮੰਨੇ ਜਾਂਦੇ ਸ਼ਾਹਿਦ ਅਫਰੀਦੀ ਸਨ, ਜਿਨ੍ਹਾਂ ਨੇ ਆਰ ਅਸ਼ਵਿਨ ਦੇ ਆਖ਼ਰੀ ਓਵਰ ਵਿੱਚ ਦੋ ਛੱਕੇ ਲਗਾ ਕੇ ਪਾਕਿਸਤਾਨ ਨੂੰ ਮੈਚ ਜਿਤਾਇਆ ਸੀ।
ਪਾਕਿਸਤਾਨ ਨੂੰ ਆਖ਼ਰੀ ਓਵਰ ਵਿੱਚ 10 ਦੌੜਾਂ ਦੀ ਲੋੜ ਸੀ। ਧੋਨੀ ਦੀ ਗੈਰਹਾਜ਼ਰੀ ਵਿੱਚ ਕਪਤਾਨੀ ਕਰ ਰਹੇ ਵਿਰਾਟ ਕੋਹਲੀ ਨੇ ਗੇਂਦ ਆਰ ਅਸ਼ਵਿਨ ਨੂੰ ਸੌਂਪ ਦਿੱਤੀ, ਜੋ ਪਹਿਲਾਂ ਹੀ ਮੈਚ ਵਿੱਚ ਤਿੰਨ ਵਿਕਟਾਂ ਲੈ ਚੁੱਕੇ ਸਨ।
ਅਸ਼ਵਿਨ ਨੇ 50ਵੇਂ ਓਵਰ ਦੀ ਪਹਿਲੀ ਗੇਂਦ 'ਤੇ ਇੱਕ ਵਿਕਟ ਵੀ ਲਈ। ਪਰ ਅਫਰੀਦੀ ਵੱਲੋਂ ਲਗਾਤਾਰ ਦੋ ਗੇਂਦਾਂ 'ਤੇ ਦੋ ਛੱਕੇ ਲਗਾਉਣ ਮਗਰੋਂ ਭਾਰਤ ਪੱਲੇ ਨਿਰਾਸ਼ਾ ਪਈ।

ਭਾਰਤ ਤੇ ਪਾਕਿਸਤਾਨ ਰਾਇਵਲਰੀ
ਭਾਰਤ ਅਤੇ ਪਾਕਿਸਤਾਨ ਗੁਆਂਢੀ ਭਾਵੇਂ ਮੁਲਕ ਹਨ ਪਰ ਸਿਆਸੀ ਖਟਾਸ ਕਾਰਨ ਕ੍ਰਿਕਟ ਵਿੱਚ ਵੀ ਦੋਵਾਂ ਨੂੰ ਇੱਕ-ਦੂਜੇ ਦੀਆਂ ਕੱਟੜ ਵਿਰੋਧੀ ਟੀਮਾਂ ਮੰਨਿਆ ਜਾਂਦਾ ਹੈ।
ਏਸ਼ੀਆ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਣ ਵਾਲੇ ਮੁਕਾਬਲੇ ਨੂੰ ਲੈ ਕੇ ਭਾਰਤ ਦੇ ਸਾਬਕਾ ਕ੍ਰਿਕਟਰ ਸਰਨਦੀਪ ਸਿੰਘ ਨੇ ਬੀਬੀਸੀ ਨਾਲ ਖ਼ਾਸ ਗੱਲਬਾਤ ਕੀਤੀ।
ਉਨ੍ਹਾਂ ਕਿਹਾ, ''ਇਸ ਮੁਕਾਬਲੇ ਵਿੱਚ ਭਾਰਤ ਦਾ ਪਲੜਾ ਭਾਰੀ ਹੈ। ਪਾਕਿਸਾਤਨ ਦੀ ਟੀਮ ਭਾਰਤ ਨੂੰ ਮੁਕਾਬਲਾ ਦੇਣ ਕਾਬਲ ਨਹੀਂ ਹੈ।''
ਸਰਨਦੀਪ ਸਿੰਘ ਕਹਿੰਦੇ ਹਨ ਕਿ ''ਪਾਕਿਸਤਾਨ ਕੋਲ ਅਜਿਹੇ ਬੱਲੇਬਾਜ਼ ਵੀ ਨਹੀਂ ਹਨ ਕਿ ਉਹ ਭਾਰਤ ਦੇ ਗੇਂਦਬਾਜ਼ਾਂ ਦਾ ਸਾਹਮਣਾ ਕਰ ਸਕਣ। ਪਾਕਿਸਤਾਨ ਕੋਲ ਸ਼ੁਭਮਨ ਗਿੱਲ ਤੇ ਅਭਿਸ਼ੇਕ ਸ਼ਰਮਾ ਨੂੰ ਰੋਕਣ ਵਾਲੇ ਗੇਂਦਬਾਜ਼ ਵੀ ਨਹੀਂ ਹਨ।''
ਸਰਨਦੀਪ ਸਿੰਘ ਕਹਿੰਦੇ ਹਨ ਕਿ ''ਕੋਈ ਸਮਾਂ ਹੁੰਦਾ ਸੀ ਜਦੋਂ ਪਾਕਿਸਤਾਨ ਕੋਲ ਵਸੀਮ ਆਕਰਮ ਜਿਹੇ ਗੇਂਦਬਾਜ਼ ਸਨ, ਪਰ ਅੱਜ ਦੇ ਸਮੇਂ ਵਿੱਚ ਪਾਕਿਸਤਾਨ ਦੀ ਕ੍ਰਿਕਟ ਬਹੁਤ ਪਿੱਛੇ ਚਲੀ ਗਈ ਹੈ।''
ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਵਿਗੜੇ ਰਿਸ਼ਤਿਆਂ ਕਾਰਨ ਦੋਵਾਂ ਦੇਸ਼ਾਂ ਦੇ ਮੈਚ ਦੀ ਚਰਚਾ ਹੁੰਦੀ ਹੈ, ਪ੍ਰਦਰਸ਼ਨ ਦੇ ਮੁਕਾਬਲੇ ਭਾਰਤ ਦਾ ਮੁਕਾਬਲਾ ਨਹੀਂ ਹੈ।
ਏਸ਼ੀਆ ਕੱਪ ਦੀ ਮੇਜ਼ਬਾਨੀ ਕੌਣ ਕਰ ਰਿਹਾ ?
17ਵੇਂ ਏਸ਼ੀਆ ਕੱਪ ਦਾ ਆਯੋਜਨ ਏਸ਼ੀਅਨ ਕ੍ਰਿਕਟ ਕਾਊਂਸਿਲ ਯਾਨੀ ਏਸੀਸੀ ਕਰਦੀ ਹੈ ਹਾਲਾਂਕਿ ਅਧਿਕਾਰਕ ਤੌਰ 'ਤੇ ਏਸ਼ੀਆ ਕੱਪ ਦੀ ਮੇਜ਼ਬਾਨੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਕਿ ਬੀਸੀਸੀਆਈ ਕਰ ਰਿਹਾ ਹੈ।
ਟੂਰਨਾਮੈਂਟ ਸੰਯੁਕਤ ਅਰਬ ਅਮੀਰਾਤ ਭਾਵ ਯੂਏਈ ਵਿੱਚ ਖੇਡਿਆ ਜਾ ਰਿਹਾ ਹੈ। ਮੈਚ ਦੁਬਈ ਅਤੇ ਅਬੁ ਧਾਬੀ ਵਿੱਚ ਹੋ ਰਹੇ ਹਨ।
ਕਿੰਨੀਆਂ ਟੀਮਾਂ ਲੈ ਰਹੀਆਂ ਹਿੱਸਾ?

ਤਸਵੀਰ ਸਰੋਤ, SAJJAD HUSSAIN/AFP via Getty Images
ਇਸ ਸਾਲ ਏਸ਼ੀਆ ਕੱਪ ਵਿੱਚ 8 ਟੀਮਾਂ ਭਾਗ ਲੈ ਰਹੀਆਂ ਹਨ - ਭਾਰਤ, ਪਾਕਿਸਾਤਨ, ਸ਼੍ਰੀਲੰਕਾ, ਅਫ਼ਗਾਨਿਸਤਾਨ, ਯੂਏਈ, ਓਮਾਨ, ਬੰਗਲਾਦੇਸ਼ ਤੇ ਹਾਂਗ ਕਾਂਗ।
ਕਿਹੜੀ ਟੀਮ ਸਭ ਤੋਂ ਵੱਧ ਵਾਰ ਖਿਤਾਬ ਜਿੱਤੀ ਹੈ?
ਏਸ਼ੀਆ ਕੱਪ ਦੀ ਸ਼ੁਰੂਆਤ ਸਾਲ 1984 ਵਿੱਚ ਹੋਈ ਸੀ। ਇਸ ਵਰ੍ਹੇ ਏਸ਼ੀਆ ਕੱਪ ਦਾ 17ਵਾਂ ਅਡੀਸ਼ਨ ਹੈ। ਇਸ ਸਾਲ ਇਹ ਟੂਰਨਾਮੈਂਟ ਟੀ-20 ਫਾਰਮੈੱਟ ਵਿੱਚ ਖੇਡਿਆ ਜਾ ਰਿਹਾ।
ਇਸ ਤੋਂ ਪਹਿਲਾਂ 2016 ਤੇ 2022 ਵਿੱਚ ਵੀ ਟੀ-20 ਫਾਰਮੈੱਟ ਵਿੱਚ ਹੀ ਏਸ਼ੀਆ ਕੱਪ ਦਾ ਆਯੋਜਨ ਕੀਤਾ ਗਿਆ ਸੀ। ਉਸ ਤੋਂ ਪਹਿਲਾਂ ਏਸ਼ੀਆ ਕੱਪ ਵਨਡੇ ਫਾਰਮੈਟ ਵਿੱਚ ਖੇਡਿਆ ਜਾਂਦਾ ਰਿਹਾ ਹੈ।
ਹੁਣ ਤੱਕ ਸਭ ਤੋਂ ਵੱਧ 8 ਵਾਰ ਭਾਰਤ ਨੇ ਹੀ ਟ੍ਰਾਫ਼ੀ 'ਤੇ ਕਬਜ਼ਾ ਕੀਤਾ ਹੈ। ਸ਼੍ਰੀਲੰਕਾ ਨੇ 6 ਜਦਕਿ ਪਾਕਿਸਤਾਨ ਨੇ 2 ਵਾਰ ਟੂਰਨਾਮੈਂਟ ਜਿੱਤਿਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












