ਏਸ਼ੀਆ ਕੱਪ: ਭਾਰਤ ਨੇ ਪਾਕਿਸਤਾਨ ਟੀਮ ਨਾਲ ਹੱਥ ਮਿਲਾਉਣ ਤੋਂ ਕੀਤਾ ਇਨਕਾਰ, ਪਾਕ ਨੂੰ ਹਰਾਉਣ ਤੋਂ ਬਾਅਦ ਪਹਿਲਗਾਮ ਹਮਲੇ ਬਾਰੇ ਕੀ ਬੋਲੇ ਸੂਰਿਆਕੁਮਾਰ ਯਾਦਵ

ਤਸਵੀਰ ਸਰੋਤ, Getty Images
ਏਸ਼ੀਆ ਕੱਪ ਦੇ ਛੇਵੇਂ ਮੁਕਾਬਲੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ।
ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਪਾਕਿਸਤਾਨ ਨੇ ਭਾਰਤ ਦੇ ਸਾਹਮਣੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜਿੱਤ ਲਈ 20 ਓਵਰਾਂ ਵਿੱਚ 128 ਦੌੜਾਂ ਦਾ ਟੀਚਾ ਰੱਖਿਆ।
ਭਾਰਤ ਨੇ 15.5 ਓਵਰਾਂ ਵਿੱਚ ਸਿਰਫ਼ ਤਿੰਨ ਵਿਕਟਾਂ ਦੇ ਨੁਕਸਾਨ 'ਤੇ ਇਹ ਟੀਚਾ ਪ੍ਰਾਪਤ ਕਰ ਲਿਆ। ਕਪਤਾਨ ਸੂਰਿਆਕੁਮਾਰ ਯਾਦਵ ਨੇ ਭਾਰਤ ਲਈ 37 ਗੇਂਦਾਂ ਵਿੱਚ 47 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਇਸ ਤੋਂ ਪਹਿਲਾਂ, ਕੁਲਦੀਪ ਯਾਦਵ ਨੇ ਚਾਰ ਓਵਰਾਂ ਵਿੱਚ ਤਿੰਨ ਵਿਕਟਾਂ ਲੈ ਕੇ ਪਾਕਿਸਤਾਨ ਦੀ ਪਾਰੀ ਨੂੰ 127 ਦੌੜਾਂ 'ਤੇ ਸਮੇਟਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਮੈਚ ਤੋਂ ਬਾਅਦ, ਕਪਤਾਨ ਸੂਰਿਆਕੁਮਾਰ ਯਾਦਵ ਨੇ ਕਿਹਾ ਕਿ ਉਹ ਪਹਿਲਗਾਮ ਹਮਲੇ ਦੇ ਪੀੜਤਾਂ ਦੇ ਨਾਲ ਖੜ੍ਹੇ ਹਨ।
ਸੂਰਿਆਕੁਮਾਰ ਯਾਦਵ ਨੇ ਕਿਹਾ, "ਮੈਂ ਕੁਝ ਸਮਾਂ ਲੈਣਾ ਚਾਹੁੰਦਾ ਹਾਂ। ਕੁਝ ਚੀਜ਼ਾਂ ਖੇਡ ਭਾਵਨਾ ਤੋਂ ਵੀ ਵਧ ਕੇ ਹੁੰਦੀਆਂ ਹਨ। ਅਸੀਂ ਪਹਿਲਗਾਮ ਹਮਲੇ ਦੇ ਪੀੜਤਾਂ ਦੇ ਨਾਲ ਖੜ੍ਹੇ ਹਾਂ। ਅਸੀਂ ਉਨ੍ਹਾਂ ਦੇ ਨਾਲ ਹਾਂ। ਅਸੀਂ ਇਸ ਜਿੱਤ ਨੂੰ 'ਆਪ੍ਰੇਸ਼ਨ ਸਿੰਦੂਰ' ਵਿੱਚ ਹਿੱਸਾ ਲੈਣ ਵਾਲੇ ਆਪਣੇ ਫੌਜੀਆਂ ਨੂੰ ਸਮਰਪਿਤ ਕਰਦੇ ਹਾਂ। ਉਹ ਸਾਨੂੰ ਪ੍ਰੇਰਿਤ ਕਰਦੇ ਰਹਿਣਗੇ।"
ਅਭਿਸ਼ੇਕ ਸ਼ਰਮਾ ਨੇ ਖੇਡੀ ਤੇਜ਼ ਪਾਰੀ

ਤਸਵੀਰ ਸਰੋਤ, Getty Images
128 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਅਭਿਸ਼ੇਕ ਸ਼ਰਮਾ ਅਤੇ ਸ਼ੁਭਮਨ ਗਿੱਲ ਦੀ ਜੋੜੀ ਨੇ ਭਾਰਤ ਨੂੰ ਤੇਜ਼ ਸ਼ੁਰੂਆਤ ਦੇਣ ਦੀ ਕੋਸ਼ਿਸ਼ ਕੀਤੀ। ਪਰ ਦੂਜੇ ਓਵਰ ਦੀ ਆਖਰੀ ਗੇਂਦ 'ਤੇ ਸਈਮ ਆਯੂਬ ਨੇ ਸ਼ੁਭਮਨ ਗਿੱਲ ਨੂੰ ਸਟੰਪ ਆਉਟ ਕਰਾ ਕੇ ਪੈਵੇਲੀਅਨ ਭੇਜ ਦਿੱਤਾ।
ਜਦੋਂ ਗਿੱਲ ਆਊਟ ਹੋਏ ਤਾਂ ਭਾਰਤ ਦਾ ਸਕੋਰ 22 ਦੌੜਾਂ ਸੀ। ਹਾਲਾਂਕਿ, ਇਸ ਤੋਂ ਬਾਅਦ ਵੀ ਅਭਿਸ਼ੇਕ ਸ਼ਰਮਾ ਤੇਜ਼ੀ ਨਾਲ ਦੌੜਾਂ ਬਣਾਉਂਦੇ ਰਹੇ। ਪਰ ਉਹ ਆਪਣੀ ਪਾਰੀ ਨੂੰ 31 ਦੌੜਾਂ ਤੋਂ ਅੱਗੇ ਨਹੀਂ ਲੈ ਜਾ ਸਕੇ। ਉਨ੍ਹਾਂ ਨੇ 13 ਗੇਂਦਾਂ ਵਿੱਚ ਦੋ ਛੱਕੇ ਅਤੇ ਚਾਰ ਚੌਕਿਆਂ ਦੀ ਮਦਦ ਨਾਲ ਇਹ ਦੌੜਾਂ ਬਣਾਈਆਂ। ਉਨ੍ਹਾਂ ਦੀ ਵਿਕਟ ਵੀ ਸਈਮ ਆਯੂਬ ਨੇ ਲਈ।
ਇਸ ਤੋਂ ਬਾਅਦ, ਕਪਤਾਨ ਸੂਰਿਆਕੁਮਾਰ ਯਾਦਵ ਨੇ ਤਿਲਕ ਵਰਮਾ ਨਾਲ ਮਿਲ ਕੇ ਭਾਰਤੀ ਪਾਰੀ ਨੂੰ ਅੱਗੇ ਵਧਾਇਆ। ਪਾਵਰਪਲੇ ਦੇ ਅੰਤ ਤੱਕ ਭਾਰਤ ਨੇ ਦੋ ਵਿਕਟਾਂ ਦੇ ਨੁਕਸਾਨ 'ਤੇ 61 ਦੌੜਾਂ ਬਣਾ ਲਈਆਂ ਸਨ।
10 ਓਵਰਾਂ ਤੋਂ ਬਾਅਦ, ਸੂਰਿਆਕੁਮਾਰ ਅਤੇ ਤਿਲਕ ਵਰਮਾ ਦੀ ਜੋੜੀ ਨੇ 10 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ 'ਤੇ ਭਾਰਤ ਦਾ ਸਕੋਰ 88 ਦੌੜਾਂ ਤੱਕ ਪਹੁੰਚਾ ਦਿੱਤਾ।
ਹਾਲਾਂਕਿ, 13ਵੇਂ ਓਵਰ ਦੀ ਦੂਜੀ ਗੇਂਦ 'ਤੇ ਸਈਮ ਆਯੂਬ ਨੇ ਤਿਲਕ ਵਰਮਾ ਨੂੰ ਬੋਲਡ ਕਰ ਦਿੱਤਾ। ਤਿਲਕ ਵਰਮਾ ਨੇ 31 ਗੇਂਦਾਂ 'ਤੇ 31 ਦੌੜਾਂ ਦੀ ਪਾਰੀ ਖੇਡੀ।
ਇਸ ਤੋਂ ਬਾਅਦ ਕਪਤਾਨ ਸੂਰਿਆਕੁਮਾਰ ਯਾਦਵ ਨੇ ਸ਼ਿਵਮ ਦੂਬੇ ਨਾਲ ਮਿਲ ਕੇ ਭਾਰਤ ਦੀ ਪਾਰੀ ਨੂੰ ਅੱਗੇ ਵਧਾਇਆ। ਦੋਵਾਂ ਵਿਚਕਾਰ ਚੌਥੀ ਵਿਕਟ ਲਈ 34 ਦੌੜਾਂ ਦੀ ਅਜੇਤੂ ਸਾਂਝੇਦਾਰੀ ਹੋਈ।
ਸੂਰਿਆਕੁਮਾਰ ਯਾਦਵ 47 ਦੌੜਾਂ ਬਣਾਉਣ ਤੋਂ ਬਾਅਦ ਅਜੇਤੂ ਰਹੇ, ਜਦਕਿ ਸ਼ਿਵਮ ਦੂਬੇ ਨੇ 10 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਪਾਕਿਸਤਾਨ ਲਈ ਤਿੰਨੋਂ ਵਿਕਟਾਂ ਸਈਮ ਆਯੂਬ ਨੇ ਲਈਆਂ।
ਪਾਕਿਸਤਾਨ ਦੀ ਮਾੜੀ ਸ਼ੁਰੂਆਤ

ਤਸਵੀਰ ਸਰੋਤ, Getty Images
ਇਸ ਤੋਂ ਪਹਿਲਾਂ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।
ਪਾਕਿਸਤਾਨ ਦੇ ਓਪਨਰ ਸਈਮ ਆਯੂਬ ਨੂੰ ਹਾਰਦਿਕ ਪੰਡਯਾ ਨੇ ਪਹਿਲੇ ਓਵਰ ਦੀ ਪਹਿਲੀ ਗੇਂਦ 'ਤੇ ਹੀ ਪੈਵੇਲੀਅਨ ਵਾਪਸ ਭੇਜ ਦਿੱਤਾ। ਹਾਲਾਂਕਿ, ਹਾਰਦਿਕ ਪਾਂਡਿਆ ਨੇ ਇਸ ਤੋਂ ਪਹਿਲਾਂ ਇੱਕ ਵਾਈਡ ਗੇਂਦ ਵੀ ਸੁੱਟੀ ਸੀ।
ਪਾਂਡਿਆ ਨੇ ਪਹਿਲੇ ਓਵਰ ਵਿੱਚ ਵਿਕਟ ਲੈਣ ਦਾ ਜੋ ਸਿਲਸਿਲਾ ਸ਼ੁਰੂ ਕੀਤਾ, ਜਸਪ੍ਰੀਤ ਬੁਮਰਾਹ ਨੇ ਉਹ ਅਗਲੇ ਓਵਰ ਵਿੱਚ ਵੀ ਜਾਰੀ ਰੱਖਿਆ। ਬੁਮਰਾਹ ਨੇ ਦੂਜੇ ਓਵਰ ਦੀ ਦੂਜੀ ਗੇਂਦ 'ਤੇ ਮੁਹੰਮਦ ਹਾਰਿਸ ਦਾ ਵਿਕਟ ਲਿਆ।
ਪਾਕਿਸਤਾਨ ਨੇ 1.2 ਓਵਰਾਂ ਵਿੱਚ 6 ਦੌੜਾਂ 'ਤੇ ਦੋ ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਫਰਹਾਨ ਨੇ ਫਖਰ ਨਾਲ ਮਿਲ ਕੇ ਪਾਕਿਸਤਾਨ ਦੀ ਪਾਰੀ ਨੂੰ ਸੰਭਾਲਿਆ। ਪਰ ਪਾਵਰਪਲੇਅ ਦੇ ਅੰਤ ਤੱਕ ਪਾਕਿਸਤਾਨ ਦੋ ਵਿਕਟਾਂ ਗੁਆਉਣ ਤੋਂ ਬਾਅਦ ਸਿਰਫ 42 ਦੌੜਾਂ ਹੀ ਬਣਾ ਸਕਿਆ।
ਅੱਠਵੇਂ ਓਵਰ ਦੀ ਚੌਥੀ ਗੇਂਦ 'ਤੇ ਅਕਸ਼ਰ ਪਟੇਲ ਨੇ ਫਖਰ ਜਮਾਨ ਨੂੰ ਵਾਪਸ ਪੈਵੇਲੀਅਨ ਭੇਜ ਦਿੱਤਾ ਅਤੇ ਪਾਕਿਸਤਾਨ ਨੇ 45 ਦੌੜਾਂ ਦੇ ਸਕੋਰ 'ਤੇ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ।
10ਵੇਂ ਓਵਰ ਦੀ ਆਖਰੀ ਗੇਂਦ 'ਤੇ ਅਕਸ਼ਰ ਪਟੇਲ ਨੇ ਪਾਕਿਸਤਾਨ ਦੇ ਕਪਤਾਨ ਸਲਮਾਨ ਅਲੀ ਆਗਾ ਨੂੰ ਆਊਟ ਕੀਤਾ। ਉਨ੍ਹਾਂ ਨੇ 12 ਗੇਂਦਾਂ ਵਿੱਚ ਸਿਰਫ ਤਿੰਨ ਦੌੜਾਂ ਬਣਾਈਆਂ ਅਤੇ ਪਾਕਿਸਤਾਨ ਦਾ ਸਕੋਰ 10 ਓਵਰਾਂ ਤੋਂ ਬਾਅਦ ਚਾਰ ਵਿਕਟਾਂ ਦੇ ਨੁਕਸਾਨ 'ਤੇ ਸਿਰਫ 49 ਦੌੜਾਂ ਤੱਕ ਹੀ ਪਹੁੰਚਿਆ।

ਤਸਵੀਰ ਸਰੋਤ, Getty Images
13ਵੇਂ ਓਵਰ ਦੀ ਚੌਥੀ ਗੇਂਦ 'ਤੇ ਕੁਲਦੀਪ ਯਾਦਵ ਨੇ ਹਸਨ ਨਵਾਜ਼ ਨੂੰ ਆਊਟ ਕੀਤਾ ਅਤੇ ਉਸੇ ਓਵਰ ਦੀ ਪੰਜਵੀਂ ਗੇਂਦ 'ਤੇ ਉਨ੍ਹਾਂ ਨੇ ਮੁਹੰਮਦ ਨਵਾਜ਼ ਨੂੰ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਵਾਪਸ ਭੇਜ ਦਿੱਤਾ।
13 ਓਵਰਾਂ ਤੱਕ ਪਾਕਿਸਤਾਨ ਦਾ ਸਕੋਰ 6 ਵਿਕਟਾਂ ਦੇ ਨੁਕਸਾਨ 'ਤੇ ਸਿਰਫ 65 ਦੌੜਾਂ ਤੱਕ ਪਹੁੰਚ ਸਕਿਆ।
ਲਗਾਤਾਰ ਡਿੱਗਦੀਆਂ ਵਿਕਟਾਂ ਵਿਚਕਾਰ ਸਲਾਮੀ ਬੱਲੇਬਾਜ਼ ਸਾਹਿਬਜ਼ਾਦਾ ਫਰਹਾਨ 16 ਓਵਰਾਂ ਤੱਕ ਮਜ਼ਬੂਤੀ ਨਾਲ ਖੜ੍ਹੇ ਰਹੇ। ਪਰ ਕੁਲਦੀਪ ਯਾਦਵ ਨੇ 17ਵੇਂ ਓਵਰ ਦੀ ਪਹਿਲੀ ਗੇਂਦ 'ਤੇ ਉਨ੍ਹਾਂ ਦੀ ਵਿਕਟ ਲੈ ਲਈ। ਉਨ੍ਹਾਂ ਨੇ 44 ਗੇਂਦਾਂ 'ਤੇ 40 ਦੌੜਾਂ ਦੀ ਪਾਰੀ ਖੇਡੀ।
ਪਾਕਿਸਤਾਨ ਦਾ ਸਕੋਰ 100 ਤੱਕ ਪਹੁੰਚ ਪਾਉਂਦਾ, ਇਸ ਤੋਂ ਪਹਿਲਾਂ ਹੀ ਵਰੁਣ ਚੱਕਰਵਰਤੀ ਨੇ ਫਹੀਮ ਅਸ਼ਰਫ ਨੂੰ ਵਾਪਸ ਪੈਵੇਲੀਅਨ ਭੇਜ ਦਿੱਤਾ। 19ਵੇਂ ਓਵਰ ਦੀ ਆਖਰੀ ਗੇਂਦ 'ਤੇ ਜਦੋਂ ਪਾਕਿਸਤਾਨ ਦਾ ਸਕੋਰ 111 ਸੀ, ਜਸਪ੍ਰੀਤ ਬੁਮਰਾਹ ਨੇ ਸੂਫੀਆਨ ਮਕੀਮ ਨੂੰ ਬੋਲਡ ਕਰਕੇ ਪਾਕਿਸਤਾਨ ਦੀ 9ਵੀਂ ਵਿਕਟ ਲਈ।
ਹਾਲਾਂਕਿ, ਸ਼ਾਹੀਨ ਸ਼ਾਹ ਅਫਰੀਦੀ ਨੇ 16 ਗੇਂਦਾਂ 'ਚ ਚਾਰ ਛੱਕਿਆਂ ਦੀ ਮਦਦ ਨਾਲ 33 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ 'ਤੇ ਪਾਕਿਸਤਾਨ ਦਾ ਸਕੋਰ 127 ਦੌੜਾਂ ਤੱਕ ਪਹੁੰਚਾ ਦਿੱਤਾ।
ਕੁਲਦੀਪ ਯਾਦਵ ਦੀਆਂ ਤਿੰਨ ਵਿਕਟਾਂ ਤੋਂ ਇਲਾਵਾ, ਅਕਸ਼ਰ ਪਟੇਲ ਅਤੇ ਜਸਪ੍ਰੀਤ ਬੁਮਰਾਹ ਨੇ ਦੋ-ਦੋ ਵਿਕਟਾਂ ਲਈਆਂ। ਵਰੁਣ ਚੱਕਰਵਰਤੀ ਅਤੇ ਹਾਰਦਿਕ ਪੰਡਯਾ ਨੇ 1-1 ਵਿਕਟਾਂ ਲਈਆਂ।
ਭਾਰਤੀ ਖਿਡਾਰੀਆਂ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਏ

ਤਸਵੀਰ ਸਰੋਤ, Getty Images
ਬੀਬੀਸੀ ਸਪੋਰਟਸ ਦੀ ਰਿਪੋਰਟ ਮੁਤਾਬਕ, ਪਾਕਿਸਤਾਨ ਦੇ ਕੋਚ ਮਾਈਕ ਹੇਸਨ ਨੇ ਦਾਅਵਾ ਕੀਤਾ ਹੈ ਕਿ ਇਸ ਸਾਲ ਦੇ ਸ਼ੁਰੂ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਹੋਏ ਟਕਰਾਅ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਖਿਡਾਰੀ ਪਹਿਲੀ ਵਾਰ ਇਸ ਮੈਚ 'ਚ ਮਿਲੇ ਅਤੇ ਇਸ ਦੌਰਾਨ ਭਾਰਤ ਦੇ ਕ੍ਰਿਕਟਰਾਂ ਨੇ ਪਾਕਿਸਤਾਨ ਦੇ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ।
ਮੈਚ ਜਿੱਤਣ ਤੋਂ ਬਾਅਦ ਕਪਤਾਨ ਸੂਰਿਆਕੁਮਾਰ ਯਾਦਵ ਅਤੇ ਸਾਥੀ ਬੱਲੇਬਾਜ਼ ਸ਼ਿਵਮ ਦੂਬੇ ਪਾਕਿਸਤਾਨ ਟੀਮ ਦੇ ਖਿਡਾਰੀਆਂ ਨਾਲ ਹੱਥ ਮਿਲਾਉਣ ਦੀ ਬਜਾਏ ਤੁਰੰਤ ਮੈਦਾਨ ਛੱਡ ਕੇ ਚਲੇ ਗਏ।
ਇਸ ਮਗਰੋਂ ਪਾਕਿਸਤਾਨ ਦੇ ਖਿਡਾਰੀ ਮੈਦਾਨ ਤੋਂ ਭਾਰਤ ਦੇ ਡਗਆਊਟ ਵੱਲ ਤੁਰਦੇ ਦਿਖਾਈ ਦਿੱਤੇ ਪਰ ਭਾਰਤੀ ਖਿਡਾਰੀ ਪਹਿਲਾਂ ਹੀ ਡਰੈਸਿੰਗ ਰੂਮ ਵਿੱਚ ਵਾਪਸ ਜਾ ਚੁੱਕੇ ਸਨ।

ਟੌਸ ਵੇਲੇ ਵੀ ਸੂਰਿਆਕੁਮਾਰ ਅਤੇ ਪਾਕਿਸਤਾਨ ਦੇ ਕਪਤਾਨ ਸਲਮਾਨ ਆਗਾ ਨੇ ਹੱਥ ਨਹੀਂ ਮਿਲਾਇਆ।
ਪਾਕਿਸਤਾਨ ਦੇ ਕੋਚ ਹੇਸਨ ਨੇ ਕਿਹਾ, "ਸਪਸ਼ਟ ਤੌਰ 'ਤੇ ਅਸੀਂ ਖੇਡ ਦੇ ਅੰਤ ਵਿੱਚ ਹੱਥ ਮਿਲਾਉਣ ਲਈ ਤਿਆਰ ਸੀ।"
"ਅਸੀਂ ਨਿਰਾਸ਼ ਸੀ ਕਿ ਸਾਡੀ ਵਿਰੋਧੀ ਟੀਮ ਨੇ ਅਜਿਹਾ ਨਹੀਂ ਕੀਤਾ।"
ਮੈਚ ਤੋਂ ਬਾਅਦ ਹੋਈ ਪ੍ਰੈਜ਼ੈਂਟੇਸ਼ਨ ਵਿੱਚ ਸੂਰਿਆਕੁਮਾਰ ਨੇ ਇਸ ਜਿੱਤ ਨੂੰ "ਭਾਰਤ ਲਈ ਪਰਫੈਕਟ ਰਿਟਰਨ ਗਿਫ਼ਟ" ਦੱਸਿਆ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












