ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਤੋਂ ਪਹਿਲਾਂ ਪਹਿਲਗਾਮ ਹਮਲੇ 'ਚ ਮਾਰੇ ਗਏ ਸ਼ਖ਼ਸ ਦੀ ਪਤਨੀ ਨੇ ਕੀ ਕਿਹਾ ਸੀ

ਤਸਵੀਰ ਸਰੋਤ, Getty Images
ਭਾਰਤ-ਪਾਕਿਸਤਾਨ ਮੈਚ ਹਮੇਸ਼ਾ ਕ੍ਰਿਕਟ ਪ੍ਰੇਮੀਆਂ ਲਈ ਖਾਸ ਮੰਨਿਆ ਜਾਂਦਾ ਹੈ। ਪਰ ਇਸੇ ਸਾਲ ਮਈ ਮਹੀਨੇ ਵਿੱਚ ਹੋਏ ਪਹਿਲਗਾਮ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਸਿਖਰ 'ਤੇ ਪਹੁੰਚ ਗਿਆ ਸੀ।
ਹੁਣ ਇਸ ਹਮਲੇ ਤੋਂ ਬਾਅਦ ਪਹਿਲੀ ਵਾਰ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਇੱਕ-ਦੂਜੇ ਦੇ ਸਾਹਮਣੇ ਹੋਣਗੀਆਂ। ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼ਿਵ ਸੈਨਾ ਸਮੇਤ ਕਈ ਵਿਰੋਧੀ ਪਾਰਟੀਆਂ ਭਾਰਤ ਦੇ ਪਾਕਿਸਤਾਨ ਨਾਲ ਮੈਚ ਦਾ ਵਿਰੋਧ ਕਰ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਇਸ ਮੈਚ ਦੇ ਬਾਈਕਾਟ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਹਾਲਾਂਕਿ, ਭਾਜਪਾ ਆਗੂ ਅਨੁਰਾਗ ਠਾਕੁਰ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਫੈਸਲੇ ਦਾ ਬਚਾਅ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਟੂਰਨਾਮੈਂਟ ਦੇ ਲਿਹਾਜ਼ ਨਾਲ ਭਾਰਤ ਲਈ ਪਾਕਿਸਤਾਨ ਵਿਰੁੱਧ ਖੇਡਣਾ ਜ਼ਰੂਰੀ ਹੈ।
ਵਿਰੋਧੀ ਆਗੂਆਂ ਨੇ ਚੁੱਕੇ ਸਵਾਲ

ਤਸਵੀਰ ਸਰੋਤ, Getty Images
ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਇਸ ਮੈਚ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਪਾਰਟੀ ਦੇ ਦਿੱਲੀ ਪ੍ਰਧਾਨ ਸੌਰਭ ਭਾਰਦਵਾਜ ਨੇ ਇੰਸਟਾਗ੍ਰਾਮ 'ਤੇ ਵੀਡੀਓ ਸਾਂਝਾ ਕੀਤਾ ਅਤੇ ਲਿਖਿਆ, "ਅਜਿਹੀ ਕੀ ਮਜਬੂਰੀ ਹੈ ਕਿ ਸਾਡੀਆਂ ਭੈਣਾਂ ਦੇ ਮੱਥੇ ਤੋਂ ਸਿੰਦੂਰ ਮਿਟਾਉਣ ਵਾਲਿਆਂ ਨਾਲ ਕ੍ਰਿਕਟ ਮੈਚ ਖੇਡਿਆ ਜਾਵੇ। ਅਸੀਂ ਇਸਦਾ ਸਖ਼ਤ ਵਿਰੋਧ ਕਰਦੇ ਹਾਂ ਅਤੇ ਇਸਦਾ ਬਾਈਕਾਟ ਕਰਦੇ ਹਾਂ।"
ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਉਧਵ ਠਾਕਰੇ ਨੇ ਕੇਂਦਰ ਸਰਕਾਰ 'ਤੇ ਸਿੱਧਾ ਹਮਲਾ ਬੋਲਿਆ।
ਉਨ੍ਹਾਂ ਕਿਹਾ, "ਲਗਭਗ 3-4 ਮਹੀਨੇ ਪਹਿਲਾਂ ਪਹਿਲਗਾਮ ਵਿੱਚ ਸਾਡੇ ਨਾਗਰਿਕਾਂ ਨੂੰ ਮਾਰ ਦਿੱਤਾ ਗਿਆ, ਸਾਡੀਆਂ ਭੈਣਾਂ ਦਾ ਸਿੰਦੂਰ ਉਜਾੜ ਦਿੱਤਾ ਗਿਆ, ਜੋ ਅੱਜ ਤੱਕ ਭਰਿਆ ਨਹੀਂ ਹੈ।"
ਉਧਵ ਠਾਕਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਪੁਰਾਣੇ ਬਿਆਨ ਦੀ ਯਾਦ ਦਿਵਾਈ ਅਤੇ ਕਿਹਾ, "ਪ੍ਰਧਾਨ ਮੰਤਰੀ ਨੇ ਖੁਦ ਕਿਹਾ ਸੀ ਕਿ ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ। ਜੇਕਰ ਖੂਨ ਅਤੇ ਪਾਣੀ ਇਕੱਠੇ ਨਹੀਂ ਵਗ ਸਕਦੇ, ਤਾਂ ਕ੍ਰਿਕਟ ਅਤੇ ਖੂਨ ਇਕੱਠੇ ਕਿਵੇਂ ਚੱਲ ਸਕਦੇ ਹਨ? ਖੇਡ ਅਤੇ ਜੰਗ ਇਕੱਠੇ ਕਿਵੇਂ ਖੇਡੇ ਜਾ ਸਕਦੇ ਹਨ?"
ਠਾਕਰੇ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਨੇ ਆਪ੍ਰੇਸ਼ਨ ਵਿਚਾਲੇ ਹੀ ਰੋਕ ਦਿੱਤਾ ਹੈ ਅਤੇ ਦੇਸ਼ ਭਗਤੀ ਨੂੰ ਸਿਰਫ਼ ਵਪਾਰ ਬਣਾ ਦਿੱਤਾ।

ਤਸਵੀਰ ਸਰੋਤ, ANI
ਇਸ ਦੌਰਾਨ, ਸ਼ਿਵ ਸੈਨਾ (ਯੂਬੀਟੀ) ਦੀ ਰਾਜ ਸਭਾ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਨਾਗਰਿਕਾਂ ਨੂੰ ਸਿੱਧੀ ਅਪੀਲ ਕੀਤੀ। ਉਨ੍ਹਾਂ ਨੇ ਆਪਣੇ ਵੀਡੀਓ ਸੰਦੇਸ਼ ਵਿੱਚ ਕਿਹਾ, "ਜੇਕਰ ਬੀਸੀਸੀਆਈ ਅਤੇ ਭਾਰਤ ਸਰਕਾਰ ਭਾਰਤ-ਪਾਕਿਸਤਾਨ ਮੈਚ ਰੱਦ ਨਹੀਂ ਕਰ ਸਕਦੇ, ਤਾਂ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਨਾਗਰਿਕ ਹੀ ਇਸ ਮੈਚ ਨੂੰ ਦੇਖਣ ਦਾ ਬਾਈਕਾਟ ਕਰੀਏ। ਅੱਤਵਾਦ 'ਤੇ ਕ੍ਰਿਕਟ ਨੂੰ ਨਾਂਹ ਕਹੋ ਅਤੇ ਸ਼ਹੀਦ ਪਰਿਵਾਰਾਂ ਦੇ ਨਾਲ ਖੜ੍ਹੇ ਹੋਵੋ।"
ਕਾਂਗਰਸ ਆਗੂ ਪ੍ਰਿਯਾਂਕ ਖੜਗੇ ਨੇ ਵੀ ਇੱਕ ਐਕਸ ਪੋਸਟ ਵਿੱਚ ਇੱਕ ਤਿੱਖਾ ਸਵਾਲ ਪੁੱਛਿਆ। ਉਨ੍ਹਾਂ ਕਿਹਾ, "ਕੀ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਜਾਨਾਂ ਜਾਣ ਦੀ ਕੀਮਤ ਭਾਰਤ-ਪਾਕਿਸਤਾਨ ਦੇ ਇੱਕ ਕ੍ਰਿਕਟ ਮੈਚ ਤੋਂ ਹੋਣ ਵਾਲੇ ਇਸ਼ਤਿਹਾਰੀ ਮਾਲੀਏ ਤੋਂ ਘੱਟ ਹੈ? ਇਹ ਖੇਡ ਭਾਵਨਾ ਨਹੀਂ ਹੈ, ਸਗੋਂ ਸਾਡੇ ਸ਼ਹੀਦਾਂ ਦੇ ਖੂਨ ਨਾਲੋਂ ਮੁਨਾਫ਼ੇ ਨੂੰ ਤਰਜੀਹ ਦੇਣ ਦੀ ਇੱਕ ਸ਼ਰਮਨਾਕ ਉਦਾਹਰਣ ਹੈ।"
ਅਨੁਰਾਗ ਠਾਕੁਰ ਨੇ ਕੀਤਾ ਬੀਸੀਸੀਆਈ ਦਾ ਬਚਾਅ

ਤਸਵੀਰ ਸਰੋਤ, Getty Images
ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਬੀਸੀਸੀਆਈ ਪ੍ਰਧਾਨ ਅਨੁਰਾਗ ਠਾਕੁਰ ਨੇ ਭਾਰਤ-ਪਾਕਿਸਤਾਨ ਮੈਚ ਖੇਡਣ ਦੇ ਫੈਸਲੇ ਦਾ ਸਮਰਥਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, "ਮਲਟੀਨੈਸ਼ਨਲ ਟੂਰਨਾਮੈਂਟ ਏਸੀਸੀ ਜਾਂ ਆਈਸੀਸੀ ਦੁਆਰਾ ਆਯੋਜਿਤ ਕੀਤੇ ਜਾਂਦੇ ਹਨ, ਉੱਥੇ ਕਿਸੇ ਵੀ ਦੇਸ਼ ਲਈ ਹਿੱਸਾ ਲੈਣਾ ਮਜਬੂਰੀ ਅਤੇ ਜ਼ਰੂਰੀ ਹੋ ਜਾਂਦਾ ਹੈ। ਜੇਕਰ ਅਸੀਂ ਹਿੱਸਾ ਨਹੀਂ ਲੈਂਦੇ ਤਾਂ ਅਸੀਂ ਟੂਰਨਾਮੈਂਟ ਤੋਂ ਬਾਹਰ ਹੋ ਜਾਵਾਂਗੇ। ਦੂਜੀ ਟੀਮ ਨੂੰ ਇਸਦੇ ਅੰਕ ਵੀ ਮਿਲ ਜਾਣਗੇ।"
ਅਨੁਰਾਗ ਠਾਕੁਰ ਨੇ ਇਹ ਵੀ ਸਪਸ਼ਟ ਕੀਤਾ ਕਿ ਭਾਰਤ ਪਾਕਿਸਤਾਨ ਨਾਲ ਦੁਵੱਲੀ ਸੀਰੀਜ਼ ਨਹੀਂ ਖੇਡਦਾ।
ਉਨ੍ਹਾਂ ਕਿਹਾ, "ਕਈ ਸਾਲਾਂ ਤੋਂ ਅਸੀਂ ਫੈਸਲਾ ਕੀਤਾ ਹੈ ਕਿ ਭਾਰਤ ਪਾਕਿਸਤਾਨ ਦੇ ਨਾਲ ਦੁਵੱਲੇ ਮੈਚ ਨਹੀਂ ਖੇਡੇਗਾ, ਜਦੋਂ ਤੱਕ ਪਾਕਿਸਤਾਨ ਭਾਰਤ 'ਤੇ ਅੱਤਵਾਦੀ ਹਮਲੇ ਬੰਦ ਨਹੀਂ ਕਰ ਦਿੰਦਾ।"
ਪਹਿਲਗਾਮ ਹਮਲੇ ਵਿੱਚ ਮਾਰੇ ਗਏ ਸ਼ੁਭਮ ਦਿਵੇਦੀ ਦੀ ਪਤਨੀ ਨੇ ਕੀ ਕਿਹਾ?
ਪਹਿਲਗਾਮ ਹਮਲੇ ਵਿੱਚ ਮਾਰੇ ਗਏ ਸ਼ੁਭਮ ਦਿਵੇਦੀ ਦੀ ਪਤਨੀ ਐਸ਼ਨਿਆ ਦਿਵੇਦੀ ਨੇ ਖ਼ਬਰ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੇ ਹਮਲੇ ਤੋਂ ਬਾਅਦ ਸਖ਼ਤ ਕਦਮ ਚੁੱਕੇ ਸਨ ਪਰ ਪਾਕਿਸਤਾਨ ਨਾਲ ਮੈਚ ਹੋਣਾ ਗਲਤ ਸੁਨੇਹਾ ਦਿੰਦਾ ਹੈ।
ਉਨ੍ਹਾਂ ਕਿਹਾ, "ਬੀਸੀਸੀਆਈ ਨੂੰ ਇਹ ਨਹੀਂ ਮੰਨਣਾ ਚਾਹੀਦਾ ਸੀ ਕਿ ਭਾਰਤ ਪਾਕਿਸਤਾਨ ਨਾਲ ਮੈਚ ਖੇਡੇਗਾ। ਇਹ ਇੱਕ ਬਹੁਤ ਵੱਡੀ ਗਲਤੀ ਹੈ ਅਤੇ ਸਾਡੇ ਆਪਣੇ ਦੇਸ਼ ਦੇ ਲੋਕ ਇਹ ਕਰ ਰਹੇ ਹਨ। ਬੀਸੀਸੀਆਈ ਨੂੰ ਇਨ੍ਹਾਂ ਭਾਵਨਾਵਾਂ ਦੀ ਕੋਈ ਪਰਵਾਹ ਨਹੀਂ ਹੈ।"

ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਖੇਡ ਕੇ ਅਸੀਂ ਉਸ ਨੂੰ ਮਜ਼ਬੂਤ ਕਰ ਰਹੇ ਹਾਂ। "ਇਸ ਮੈਚ ਤੋਂ ਜੋ ਵੀ ਮਾਲੀਆ ਮਿਲੇਗਾ, ਪਾਕਿਸਤਾਨ ਉਸ ਨੂੰ ਅੱਤਵਾਦ 'ਤੇ ਹੀ ਖਰਚ ਕਰੇਗਾ। ਜਦੋਂ ਪਤਾ ਹੈ ਕਿ ਪਾਕਿਸਤਾਨ ਅੱਤਵਾਦ ਦਾ ਅੱਡਾ ਹੈ, ਤਾਂ ਅਸੀਂ ਉਸ ਨੂੰ ਮਾਲੀਆ ਕਿਉਂ ਦੇਵਾਂਗੇ?"
ਉਹ ਸਵਾਲ ਉਠਾਉਂਦੇ ਹਨ ਕਿ ਕੋਈ ਵੀ ਭਾਰਤੀ ਕ੍ਰਿਕਟਰ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਿਹਾ।
ਐਸ਼ਨਿਆ ਨੇ ਕਿਹਾ ਕਿ ਜੇਕਰ ਕਿਸੇ ਵੀ ਖੇਡ ਵਿੱਚ "ਰਾਸ਼ਟਰੀ ਭਾਵਨਾ" ਨੂੰ ਸਭ ਤੋਂ ਵੱਧ ਮੰਨਿਆ ਜਾਂਦਾ ਹੈ, ਤਾਂ ਇਸ ਦੇ ਬਾਵਜੂਦ ਕੋਈ ਵੀ ਕ੍ਰਿਕਟਰ ਇਹ ਨਹੀਂ ਕਹਿ ਰਿਹਾ ਕਿ ਭਾਰਤ-ਪਾਕਿਸਤਾਨ ਮੈਚ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਮੌਜੂਦਾ ਖਿਡਾਰੀਆਂ ਨੂੰ ਅਪੀਲ ਕਰਦੇ ਹੋਏ ਪੁੱਛਿਆ, "ਤੁਸੀਂ (ਭਾਰਤੀ ਕ੍ਰਿਕਟਰ) ਸਟੈਂਡ ਕਿਉਂ ਨਹੀਂ ਲੈਂਦੇ? ਬੀਸੀਸੀਆਈ ਦੀ ਟੀਮ ਥੋੜੇ ਨਾ ਤੁਹਾਡੇ 'ਤੇ ਬੰਦੂਕ ਤਾਣ ਕੇ ਖੜ੍ਹੀ ਹੈ? ਤੁਸੀਂ ਖੁਦ ਦੇਸ਼ ਲਈ ਸਟੈਂਡ ਲਵੋ, ਪਰ ਉਹ ਵੀ ਨਹੀਂ ਲੈ ਰਹੇ ਹਨ।"
ਕੀ ਟਿਕਟਾਂ ਦੀ ਵਿਕਰੀ ਹੌਲੀ ਹੋ ਰਹੀ ਹੈ?

ਤਸਵੀਰ ਸਰੋਤ, Getty Images
14 ਸਤੰਬਰ ਨੂੰ ਏਸ਼ੀਆ ਕੱਪ 2025 ਦੇ ਗਰੁੱਪ ਏ ਮੈਚ ਵਿੱਚ ਭਾਰਤ ਅਤੇ ਪਾਕਿਸਤਾਨ ਦਿਨ ਕ੍ਰਿਕਟ ਟੀਮਾਂ ਇੱਕ-ਦੂਜੇ ਦੇ ਸਾਹਮਣੇ ਹੋਣਗੀਆਂ।
ਇਸ ਗਰੁੱਪ ਵਿੱਚ ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਵੀ ਸ਼ਾਮਲ ਹਨ। ਜੇਕਰ ਭਾਰਤ ਅਤੇ ਪਾਕਿਸਤਾਨ ਅਗਲੇ ਪੜਾਅ ਲਈ ਕੁਆਲੀਫਾਈ ਕਰਦੇ ਹਨ, ਤਾਂ ਉਹ 21 ਸਤੰਬਰ ਨੂੰ ਦੁਬਾਰਾ ਇੱਕ-ਦੂਜੇ ਦਾ ਸਾਹਮਣਾ ਕਰਨਗੇ।
ਐਤਵਾਰ ਨੂੰ ਹੋਣ ਵਾਲੇ ਇਸ ਮੈਚ ਤੋਂ ਪਹਿਲਾਂ ਟਿਕਟਾਂ ਦੀ ਵਿਕਰੀ ਬਾਰੇ ਵੱਖ-ਵੱਖ ਦਾਅਵੇ ਸਾਹਮਣੇ ਆਏ ਹਨ।
ਬੀਬੀਸੀ ਉਰਦੂ ਨੇ ਔਨਲਾਈਨ ਟਿਕਟਿੰਗ ਵੈੱਬਸਾਈਟਾਂ ਦੀ ਜਾਂਚ ਕੀਤੀ ਅਤੇ ਪਾਇਆ ਕਿ ਟਿਕਟਾਂ ਸ਼ੁੱਕਰਵਾਰ ਦੁਪਹਿਰ ਤੱਕ ਵੀ ਉਪਲੱਬਧ ਸਨ, ਜਦਕਿ ਬੁਕਿੰਗ 29 ਅਗਸਤ ਨੂੰ ਹੀ ਸ਼ੁਰੂ ਹੋ ਗਈ ਸੀ।
23 ਫਰਵਰੀ ਨੂੰ ਦੁਬਈ ਵਿੱਚ ਹੋਏ ਭਾਰਤ-ਪਾਕਿਸਤਾਨ ਚੈਂਪੀਅਨਜ਼ ਟਰਾਫੀ ਮੈਚ ਦੀਆਂ ਟਿਕਟਾਂ ਕੁਝ ਮਿੰਟਾਂ ਵਿੱਚ ਹੀ ਵਿਕ ਗਈਆਂ ਸਨ।
ਐਮੀਰੇਟਸ ਕ੍ਰਿਕਟ ਬੋਰਡ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਉਰਦੂ ਨੂੰ ਦੱਸਿਆ ਕਿ ਟਿਕਟਾਂ ਦੀ ਵਿਕਰੀ ਹੌਲੀ ਹੋਣ ਦੀ ਧਾਰਨਾ ਗਲਤ ਹੈ, ਕਿਉਂਕਿ ਮੈਚ ਸ਼ੁਰੂ ਹੋਣ ਵਿੱਚ ਅਜੇ ਦੋ ਦਿਨ ਬਾਕੀ ਹਨ।
ਅਧਿਕਾਰੀ ਨੇ ਦਾਅਵਾ ਕੀਤਾ ਕਿ 70 ਤੋਂ 80 ਫੀਸਦੀ ਟਿਕਟਾਂ ਵਿਕ ਚੁੱਕੀਆਂ ਹਨ ਅਤੇ ਐਤਵਾਰ ਤੱਕ ਸਾਰੀਆਂ ਟਿਕਟਾਂ ਵਿਕ ਜਾਣ ਦੀ ਉਮੀਦ ਹੈ।

ਦੂਜੇ ਪਾਸੇ, ਸੁਪਰਵਾਈਜ਼ਰਾਂ ਦਾ ਕਹਿਣਾ ਹੈ ਕਿ ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤੀ ਭਾਈਚਾਰਾ ਵੱਡਾ ਹੈ ਅਤੇ ਆਮ ਤੌਰ 'ਤੇ ਵੱਡੀ ਗਿਣਤੀ ਵਿੱਚ ਲੋਕ ਭਾਰਤ-ਪਾਕਿਸਤਾਨ ਮੈਚ ਦੇਖਣ ਲਈ ਸਟੇਡੀਅਮ ਵਿੱਚ ਆਉਂਦੇ ਹਨ। ਪਰ ਇਸ ਵਾਰ ਪਾਕਿਸਤਾਨ ਨਾਲ ਮੈਚ ਦੇ ਖਿਲਾਫ ਚੱਲ ਰਹੀ ਬਾਈਕਾਟ ਮੁਹਿੰਮ ਨੇ ਵੀ ਇਨ੍ਹਾਂ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ।
ਪਾਕਿਸਤਾਨੀ ਦਰਸ਼ਕਾਂ ਦੇ ਵੀਜ਼ੇ ਬਾਰੇ ਖਦਸ਼ਿਆਂ ਨੇ ਵੀ ਟਿਕਟਾਂ ਖਰੀਦਣ ਦੀ ਰਫ਼ਤਾਰ ਨੂੰ ਹੌਲੀ ਕਰ ਦਿੱਤਾ ਹੈ। ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਰਾਸ਼ਿਦ ਲਤੀਫ ਨੇ ਕਿਹਾ, "ਪਹਿਲੀ ਵਾਰ ਮੈਂ ਦੇਖ ਰਿਹਾ ਹਾਂ ਕਿ ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਰਵਾਇਤੀ ਉਤਸ਼ਾਹ ਨਜ਼ਰ ਨਹੀਂ ਆ ਰਿਹਾ ਹੈ।"
ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਇਸਨੂੰ ਮੁਕਾਬਲੇ ਦੀ ਘਾਟ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਭਾਰਤੀ ਟੀਮ ਦੂਜੀਆਂ ਟੀਮਾਂ ਨਾਲੋਂ ਬਹੁਤ ਜ਼ਿਆਦਾ ਮਜ਼ਬੂਤ ਹੈ। "ਭਾਵੇਂ ਭਾਰਤ ਆਪਣੀ 'ਏ' ਟੀਮ ਵੀ ਭੇਜੇ ਤਾਂ ਵੀ ਇਹ ਦੂਜੀਆਂ ਟੀਮਾਂ ਨਾਲ ਮੁਕਾਬਲਾ ਕਰ ਸਕਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












