ਭਾਰਤ-ਪਾਕ ਕ੍ਰਿਕਟ ਮੈਚ: 'ਨਾ ਹੱਥ ਮਿਲੇ ਨਾ ਦਿਲ, ਰੌਲਾ ਸਿਆਸਤ ਦਾ' - ਹਨੀਫ਼ ਦਾ ਵਲੌਗ

ਤਸਵੀਰ ਸਰੋਤ, Getty Images
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਤੇ ਲੇਖਕ
ਗਲੀ ਮੁਹੱਲਿਆਂ 'ਚ ਬਾਲਾਂ ਨੂੰ ਕ੍ਰਿਕਟ ਖੇਡਦਿਆਂ ਵੇਖਿਆ ਹੋਵੇਗਾ, ਸ਼ਾਇਦ ਆਪ ਵੀ ਖੇਡੀ ਹੋਵੇ।
ਇਨ੍ਹਾਂ ਬਾਲਾਂ ਦੇ ਆਪਣੇ ਹੀ ਰੂਲਜ਼ ਆਫ਼ ਗੇਮਜ਼ ਹੁੰਦੇ ਹਨ। ਜਿਹੜਾ ਬੈਟ ਲੈ ਕੇ ਆਉਂਦਾ ਹੈ, ਉਹ ਕਹਿੰਦਾ ਹੈ ਕਿ ਪਹਿਲੀ ਵਾਰੀ ਮੈਂ ਲਵਾਂਗਾ ਅਤੇ ਜਿਸ ਦੀਆਂ ਵਿਕਟਾਂ ਹੁੰਦੀਆਂ ਹਨ, ਉਹ ਜੇਕਰ ਆਊਟ ਹੋ ਜਾਵੇ ਤਾਂ ਵਿਕਟਾਂ ਹੀ ਪੁੱਟ ਲੈਂਦਾ ਹੈ ਅਤੇ ਨਾਲ ਹੀ ਇਲਜ਼ਾਮ ਲਗਾ ਦਿੰਦਾ ਹੈ ਕਿ ਅੰਪਾਇਰ ਤਾਂ ਤੁਹਾਡਾ ਆਪਣਾ ਜਾਨੀ ਯਾਰ ਹੈ।
ਫਿਰ ਬਾਲ ਕਿਸੇ ਦੇ ਘਰ ਚਲੀ ਜਾਵੇ ਤਾਂ ਕੋਈ ਬਜ਼ੁਰਗ ਝਿੜਕ ਦਿੰਦਾ ਹੈ ਤੇ ਕਹਿੰਦਾ ਹੈ ਕਿ ਤੁਹਾਡੇ ਮਾਂ-ਪਿਓ ਨੇ ਤੁਹਾਨੂੰ ਕੋਈ ਤਮੀਜ਼ ਨਹੀਂ ਸਿਖਾਈ। ਨੱਸੋ ਘਰਾਂ ਨੂੰ ਮੈਂ ਤੁਹਾਨੂੰ ਬਾਲ ਵਾਪਸ ਨਹੀਂ ਕਰਨਾ।
ਖੇਡ ਖ਼ਤਮ।
ਭਾਰਤ-ਪਾਕਿਸਤਾਨ ਦੀ ਖੇਡ
ਇੰਡੀਆ-ਪਾਕਿਸਤਾਨ ਦੀ ਗੇਮ ਹੁਣ ਬਾਲਾਂ ਦੀ ਗੇਮ ਤੋਂ ਵੀ ਅੱਗੇ ਤੁਰ ਗਈ ਹੈ। ਇੰਡੀਆ–ਪਾਕਿਸਤਾਨ ਵਿਚਾਲੇ ਬਹੁਤ ਹੀ ਅਰਸੇ ਤੋਂ ਬਾਅਦ ਮੈਚ ਹੋਇਆ। ਇੰਡੀਆ ਜਿਵੇਂ ਹਰਾਉਂਦਾ ਹੈ, ਰੀਝਾਂ ਲਾ ਕੇ ਪਾਕਿਸਤਾਨ ਨੂੰ ਹਰਾਇਆ।
ਪਾਕਿਸਤਾਨੀ ਟੀਮ ਵੈਸੇ ਦਿਲ ਕਰੇ ਤਾਂ ਕਿਸੇ ਵੀ ਟੀਮ ਤੋਂ ਹਾਰ ਜਾਂਦੀ ਹੈ। ਯਾਦ ਰੱਖੋ ਕਿ ਇਹ ਟੀਮ ਅਮਰੀਕਾ ਤੋਂ ਵੀ ਹਾਰ ਚੁੱਕੀ ਹੈ। ਜਿੱਥੇ ਰੂਲਜ਼ ਆਫ਼ ਗੇਮਜ਼ ਤਾਂ ਕੀ ਲੋਕਾਂ ਨੂੰ ਚੌਕੇ ਤੇ ਛੱਕੇ ਦਾ ਫ਼ਰਕ ਵੀ ਨਹੀਂ ਪਤਾ।
ਜਿਸ ਤਰ੍ਹਾਂ ਇੰਡੀਆ ਨੂੰ ਪਾਕਿਸਤਾਨ ਨੂੰ ਹਰਾਉਣ ਦਾ ਜ਼ਿਆਦਾ ਮਜ਼ਾ ਆਉਂਦਾ ਹੈ ਉਸੇ ਤਰ੍ਹਾਂ ਹੀ ਪਾਕਿਸਤਾਨ ਨੂੰ ਇੰਡੀਆ ਤੋਂ ਹਾਰ ਕੇ ਗ਼ਮ ਜ਼ਿਆਦਾ ਮਹਿਸੂਸ ਹੁੰਦਾ ਹੈ। ਲੇਕਿਨ ਇਸ ਮੈਚ ਤੋਂ ਬਾਅਦ ਨਾ ਕੋਈ ਖੁਸ਼ੀ ਅਤੇ ਨਾ ਹੀ ਕੋਈ ਗ਼ਮ।
ਬਸ ਇਹ ਰੌਲਾ ਪੈ ਗਿਆ ਕਿ ਇੰਡੀਆ ਦੀ ਟੀਮ ਨੇ ਕਿਹਾ ਹੈ ਕਿ ਅਸੀਂ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਉਣਾ, ਕਿਉਂਕਿ ਇਹ ਸਾਰੇ ਅੱਤਵਾਦੀ ਹਨ।
ਮੈਚ ਖੇਡਣ ਦਾ ਫ਼ੈਸਲਾ ਇੰਡੀਆ ਦੀ ਸਰਕਾਰ ਅਤੇ ਉਸ ਦੇ ਕ੍ਰਿਕਟ ਬੋਰਡ ਨੇ ਕੀਤਾ ਹੋਣਾ ਹੈ। ਹੱਥ ਨਾ ਮਿਲਾਉਣ ਦਾ ਫ਼ੈਸਲਾ ਵੀ ਉੱਥੇ ਹੀ ਹੋਇਆ ਹੋਣਾ ਹੈ। ਜਿਹੜੀ ਤਕਰੀਰ ਇੰਡੀਆ ਦੇ ਕਪਤਾਨ ਨੇ ਕੀਤੀ ਹੈ, ਉਸ ਦੀ ਵੀ ਪਹਿਲਾਂ ਰਿਹਰਸਲ ਹੋਈ ਹੋਣੀ ਹੈ।
ਲੋਕੀ ਹੁਣ ਪੁੱਛੀ ਜਾਂਦੇ ਹਨ ਕਿ ਜੇਕਰ ਇਹ ਇੰਨੇ ਹੀ ਅੱਤਵਾਦੀ ਹਨ ਤਾਂ ਫਿਰ ਇਨ੍ਹਾਂ ਨਾਲ ਖੇਡੇ ਹੀ ਕਿਉਂ?
ਕ੍ਰਿਕਟ 'ਤੇ ਭਖ਼ੀ ਸਿਆਸਤ

ਤਸਵੀਰ ਸਰੋਤ, Getty Images
ਇੰਡੀਅਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੁੱਛਿਆ ਹੈ ਕਿ ਕ੍ਰਿਕਟ ਖੇਡਣ ਗਏ ਹੋ ਜਾਂ ਫਿਰ ਆਪ੍ਰੇਸ਼ਨ ਸਿੰਦੂਰ ਕਰਨ।
ਜਾਂ ਤਾਂ ਕਹੋ ਕਿ ਪਾਕਿਸਤਾਨ ਦੇ ਬਾਲਰ ਨੇ ਗੇਂਦ ਸੁੱਟੀ ਹੈ ਅਤੇ ਮੈਂ ਇਸ ਨੂੰ ਇਸ ਕਾਬਲ ਹੀ ਨਹੀਂ ਸਮਝਦਾ ਕਿ ਇਸ ਨੂੰ ਹਿੱਟ ਮਾਰਾਂ। ਜਾਂ ਪਾਕਿਸਤਾਨ ਦੇ ਬੱਲੇਬਾਜ ਨੇ ਹਿੱਟ ਮਾਰੀ ਹੈ ਤੇ ਮੈਂ ਇਸ ਅੱਤਵਾਦੀ ਦਾ ਕੈਚ ਕਿਉਂ ਫੜਾਂ।

ਇੰਡੀਆ-ਪਾਕਿਸਤਾਨ ਬਾਰੇ ਕੁੱਲ ਆਲਮ ਜਾਣਦਾ ਹੈ ਕਿ ਇੱਥੇ ਬਹੁਤ ਧਰਮ ਹਨ ਅਤੇ ਧਰਮ ਦੇ ਨਾਂ 'ਤੇ ਲੜਾਈ-ਝਗੜੇ ਵੀ ਬਹੁਤ ਹਨ। ਪਰ ਦੋਵਾਂ ਮੁਲਕਾਂ ਵਿੱਚ ਇੱਕ ਵੱਡਾ ਧਰਮ ਹੈ, ਜਿਸ ਨੂੰ ਸਾਰੇ ਹੀ ਮੰਨਦੇ ਹਨ, ਉਹ ਹੈ ਕ੍ਰਿਕਟ।
ਫਿਰ ਦੋਵਾਂ ਮੁਲਕਾਂ ਦੇ ਸਿਆਣੇ ਇਹ ਵੀ ਸਮਝਾਉਂਦੇ ਰਹਿੰਦੇ ਹਨ ਕਿ ਕ੍ਰਿਕਟ ਨੂੰ ਸਿਆਸਤ ਨਾਲ ਨਾ ਜੋੜੋ।
ਅਸੀਂ ਟਮਾਟਰ-ਪਿਆਜ਼ ਇੱਕ ਦੂਜੇ ਨੂੰ ਪਹਿਲਾਂ ਹੀ ਨਹੀਂ ਵੇਚ ਸਕਦੇ ਹਾਂ। ਟਮਾਟਰ-ਪਿਆਜ਼ ਤਾਂ ਛੱਡੋ ਅਸੀਂ ਇੱਕ ਦੂਜੇ ਨੂੰ ਜਾਨ ਬਚਾਉਣ ਵਾਲੀਆਂ ਦਵਾਈਆਂ ਅਤੇ ਕਿਤਾਬਾਂ ਵੀ ਨਹੀਂ ਵੇਚ ਸਕਦੇ।
ਕ੍ਰਿਕਟ ਦੇ ਮੈਦਾਨ ਵਿੱਚ ਕਦੇ-ਕਦੇ ਟਾਕਰਾ ਹੋ ਜਾਂਦਾ ਹੈ। ਲੋਕ ਇੱਕ ਦੂਜੇ ਦਾ ਕੌਮੀ ਤਰਾਨਾ ਸੁਣ ਲੈਂਦੇ ਹਨ। ਇੱਕ ਦੂਜੇ ਦੇ ਕ੍ਰਿਕਟਰਾਂ ਨਾਲ ਥੋੜਾ ਪਿਆਰ ਤੇ ਥੋੜਾ ਮਜ਼ਾਕ ਕਰ ਲੈਂਦੇ ਹਨ।
ਇਹ ਵੀ ਪਤਾ ਲੱਗ ਜਾਂਦਾ ਹੈ ਕਿ ਇੰਡੀਆ ਵਾਲਿਆਂ ਦੇ ਸਿਰਾਂ 'ਤੇ ਸਿੰਗ ਕੋਈ ਨਹੀਂ ਅਤੇ ਪਾਕਿਸਤਾਨੀਆਂ ਨੂੰ ਵੀ ਪਰ ਨਹੀਂ ਲੱਗੇ ਹਨ। ਸਾਰੇ ਆਪੋ-ਆਪਣਾ ਰਾਝਾਂ ਰਾਜ਼ੀ ਕਰ ਲੈਂਦੇ ਹਨ।
ਅਸਲ ਮਾਮਲਾ ਪੈਸੇ ਦਾ ਹੈ

ਤਸਵੀਰ ਸਰੋਤ, Getty Images
ਪਰ ਉਹ ਵੀ ਭੋਲੇ ਬਾਦਸ਼ਾਹ ਹੀ ਹਨ ਜੋ ਕਹਿੰਦੇ ਹਨ ਕਿ ਕ੍ਰਿਕਟ ਇੱਕ ਧਰਮ ਹੈ ਅਤੇ ਇਸ ਵਿੱਚ ਸਿਆਸਤ ਨਾ ਪਾਓ।
ਜਾਂ ਤਾਂ ਉਨ੍ਹਾਂ ਨੂੰ ਧਰਮ ਦਾ ਨਹੀਂ ਪਤਾ ਜਾਂ ਫਿਰ ਸਿਆਸਤ ਦੀ ਸਮਝ ਨਹੀਂ ਹੈ। ਹੁਣ ਸਿਆਸਤ ਧਰਮ ਦੀ ਹੋ ਰਹੀ ਹੈ ਅਤੇ ਕ੍ਰਿਕਟ ਤੋਂ ਵੀ ਵੱਡਾ ਧਰਮ ਪੈਸਾ ਹੈ।
ਇੰਡੀਆ ਕ੍ਰਿਕਟ ਦੀ ਦੁਨੀਆ ਦੀ ਸਭ ਤੋਂ ਵੱਡੀ ਮਾਰਕਿਟ ਹੈ। ਇੰਡੀਆ ਅਤੇ ਪਾਕਿਸਤਾਨ ਦਾ ਮੈਚ ਹੋਵੇ ਤਾਂ ਅੰਨ੍ਹਾ ਪੈਸਾ। ਹੁਣ ਇੰਡੀਆ ਇਹ ਪੈਸਾ ਕਿਉਂ ਖੁੱਸਣ ਦੇਵੇ।
ਇਸ ਲਈ ਮੈਚ ਵੀ ਖੇਡੀ ਜਾਓ ਅਤੇ ਨਾਲ ਹੀ ਹੱਥ ਨਾ ਮਿਲਾ ਕੇ ਥੋੜ੍ਹੀ ਜਿਹਾ ਜੰਗੀ ਟੱਚ ਵੀ ਦੇਈ ਜਾਓ। ਕ੍ਰਿਕਟ ਫੈਨ ਵੀ ਖੁਸ਼ ਅਤੇ ਦੇਸ਼ ਭਗਤ ਵੀ ਰਾਜ਼ੀ।
ਬਾਲਾਂ ਦੀ ਸਟ੍ਰੀਟ ਕ੍ਰਿਕਟ ਵਿੱਚ ਇਹ ਗੱਲ ਸੁਣੀਦੀ ਸੀ, ਉਹ ਹੁਣ ਸਮਝ ਆਈ ਹੈ, ਉਹ ਕਹਿੰਦੇ ਸਨ ਕਿ ਖੇਡ ਖ਼ਤਮ ਤੇ ਪੈਸਾ ਹਜ਼ਮ।
ਰੱਬ ਰਾਖਾ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













