ਸਕਿੱਨ ਕੈਂਸਰ ਸਿਰਫ਼ ਧੁੱਪ ਹੀ ਨਹੀਂ ਇਨ੍ਹਾਂ ਕਾਰਨਾਂ ਕਰਕੇ ਵੀ ਹੋ ਸਕਦਾ ਹੈ, ਜਾਣੋ ਲੱਛਣ

ਚਮੜੀ ਦਾ ਕੈਂਸਰ

ਤਸਵੀਰ ਸਰੋਤ, Getty Images

    • ਲੇਖਕ, ਚੰਦਨ ਕੁਮਾਰ ਜਾਜਵਾੜੇ
    • ਰੋਲ, ਬੀਬੀਸੀ ਪੱਤਰਕਾਰ

ਮਸ਼ਹੂਰ ਬ੍ਰਿਟਿਸ਼ ਸ਼ੈੱਫ ਗਾਰਡਨ ਰਾਮਸੇ ਨੇ ਹਾਲ ਹੀ ਵਿੱਚ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਚਮੜੀ ਦੇ ਕੈਂਸਰ ਦਾ ਇਲਾਜ ਕਰਵਾਇਆ ਹੈ।

ਪਿਛਲੇ ਹਫ਼ਤੇ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਡਾਕਟਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੇ ਬੇਸਲ ਸੈੱਲ ਕਾਰਸੀਨੋਮਾ (ਨਾਨ-ਮੇਲਾਨੋਮਾ ਕੈਂਸਰ ਦੀ ਇੱਕ ਕਿਸਮ) ਨੂੰ ਹਟਾਇਆ।

ਇਸ ਤੋਂ ਪਹਿਲਾਂ ਸਾਬਕਾ ਆਸਟ੍ਰੇਲੀਆਈ ਕ੍ਰਿਕਟ ਕਪਤਾਨ ਮਾਈਕਲ ਕਲਾਰਕ ਨੇ ਵੀ ਚਮੜੀ ਦੇ ਕੈਂਸਰ ਦੀ ਸਰਜਰੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਆਪਣੀ ਤਸਵੀਰ ਸਾਂਝੀ ਕੀਤੀ ਸੀ।

ਉਹ ਲੋਕਾਂ ਨੂੰ ਚਮੜੀ ਦੇ ਕੈਂਸਰ ਬਾਰੇ ਜਾਗਰੂਕ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਨ।

ਦਰਅਸਲ, ਚਮੜੀ ਦੇ ਕੈਂਸਰ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇੱਕ ਅਨੁਮਾਨ ਮੁਤਾਬਕ, ਦੁਨੀਆਂ ਭਰ ਵਿੱਚ ਹਰ ਸਾਲ ਚਮੜੀ ਦੇ ਕੈਂਸਰ ਦੇ 15 ਲੱਖ ਨਵੇਂ ਕੇਸ ਸਾਹਮਣੇ ਆਉਂਦੇ ਹਨ।

ਸਾਲ 2040 ਤੱਕ ਇਸਦੀ ਗਿਣਤੀ ਵਿੱਚ ਲਗਭਗ 50 ਫੀਸਦੀ ਵਾਧਾ ਹੋਣ ਦੀ ਉਮੀਦ ਹੈ।

ਇਸ ਰਿਪੋਰਟ ਵਿੱਚ ਅਸੀਂ ਜਾਣਾਂਗੇ ਕਿ ਸ਼ੁਰੂਆਤ ਵਿੱਚ ਹੀ ਚਮੜੀ ਦੇ ਕੈਂਸਰ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ ਅਤੇ ਕਿਹੜੇ ਲੋਕਾਂ ਨੂੰ ਇਸ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।

ਚਮੜੀ ਦੇ ਕੈਂਸਰ ਦਾ ਮੁੱਖ ਕਾਰਨ

ਚਮੜੀ ਦਾ ਕੈਂਸਰ

ਤਸਵੀਰ ਸਰੋਤ, Vishal Bhatnagar/NurPhoto via Getty Images

ਦੁਨੀਆਂ ਭਰ ਵਿੱਚ ਚਮੜੀ ਦੇ ਕੈਂਸਰ ਦਾ ਮੁੱਖ ਕਾਰਨ ਸੂਰਜ ਤੋਂ ਆਉਣ ਵਾਲੀਆਂ ਅਲਟਰਾਵਾਇਲਟ ਕਿਰਨਾਂ ਹਨ। ਸੂਰਜ ਦੀਆਂ ਇਹ ਕਿਰਨਾਂ ਕਾਰਸੀਨੋਜੇਨਿਕ ਹੁੰਦੀਆਂ ਹਨ, ਭਾਵ ਇਨ੍ਹਾਂ ਵਿੱਚ ਅਜਿਹੇ ਤੱਤ ਹੁੰਦੇ ਹਨ ਜੋ ਕੈਂਸਰ ਦਾ ਕਾਰਨ ਬਣਦੇ ਹਨ।

ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੇ ਚਮੜੀ ਦੇ ਮਾਹਿਰ ਪ੍ਰੋਫੈਸਰ ਸੋਮੇਸ਼ ਗੁਪਤਾ ਕਹਿੰਦੇ ਹਨ, "ਜੋ ਲੋਕ ਧੁੱਪ ਵਿੱਚ ਕੰਮ ਕਰਦੇ ਹਨ ਉਨ੍ਹਾਂ ਨੂੰ ਚਮੜੀ ਦੇ ਕੈਂਸਰ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਜੇਕਰ ਸਰੀਰ ਕਈ ਸਾਲਾਂ ਤੱਕ ਹਰ ਰੋਜ਼ ਲੰਬੇ ਸਮੇਂ ਤੱਕ ਧੁੱਪ ਦੇ ਸੰਪਰਕ ਵਿੱਚ ਰਹਿੰਦਾ ਹੈ, ਤਾਂ ਕੁਝ ਲੋਕਾਂ ਨੂੰ ਇਸ ਦਾ ਖ਼ਤਰਾ ਹੋ ਸਕਦਾ ਹੈ।"

ਧੁੱਪ ਵਿੱਚ ਕੰਮ ਕਰਨ ਦਾ ਮਤਲਬ ਹੈ ਕਿ ਖੇਤਾਂ, ਖੁੱਲ੍ਹੇ ਮੈਦਾਨਾਂ ਅਤੇ ਹੋਰ ਥਾਵਾਂ 'ਤੇ ਕੰਮ ਕਰਨ ਵਾਲੇ ਲੋਕਾਂ ਨੂੰ ਜ਼ਿਆਦਾ ਖ਼ਤਰਾ ਹੁੰਦਾ ਹੈ।

ਡਾਕਟਰ ਸੋਮੇਸ਼ ਕਹਿੰਦੇ ਹਨ, "ਗੋਰੇ ਲੋਕਾਂ ਵਿੱਚ ਇਸਦਾ ਖ਼ਤਰਾ ਜ਼ਿਆਦਾ ਹੁੰਦਾ ਹੈ ਕਿਉਂਕਿ ਗਹਿਰੇ ਰੰਗ ਦੀ ਚਮੜੀ ਉੱਪਰ ਹੀ ਜ਼ਿਆਦਾਤਰ ਸੂਰਜ ਦੀ ਰੌਸ਼ਨੀ ਨੂੰ ਸੋਖ ਲੈਂਦੀ ਹੈ ਅਤੇ ਇਹ ਅੰਦਰ ਤੱਕ ਨਹੀਂ ਪਹੁੰਚਦੀ। ਇਸ ਲਈ ਇਹ ਖ਼ਤਰਾ ਉੱਤਰੀ ਭਾਰਤ ਦੇ ਮੁਕਾਬਲੇ ਦੱਖਣੀ ਭਾਰਤ ਦੇ ਲੋਕਾਂ ਵਿੱਚ ਘੱਟ ਹੈ, ਕਿਉਂਕਿ ਉਨ੍ਹਾਂ ਦੀ ਚਮੜੀ ਉੱਤਰੀ ਭਾਰਤ ਦੇ ਲੋਕਾਂ ਦੀ ਚਮੜੀ ਨਾਲੋਂ ਥੋੜ੍ਹੀ ਸਿਆਹ ਹੁੰਦੀ ਹੈ।"

ਇਹ ਵੀ ਪੜ੍ਹੋ-

ਜੇਕਰ ਸਾਡੀ ਚਮੜੀ ਨੂੰ ਕੁਝ ਹੱਦ ਤੱਕ ਸੀਮਤ ਅਲਟਰਾਵਾਇਲਟ ਕਿਰਨਾਂ ਮਿਲਦੀਆਂ ਹਨ, ਤਾਂ ਇਸਦੇ ਸੈੱਲ ਵਿਟਾਮਿਨ ਡੀ ਪੈਦਾ ਕਰਦੇ ਹਨ। ਪਰ ਜਦੋਂ ਅਸੀਂ ਲੰਬੇ ਸਮੇਂ ਤੱਕ ਸੂਰਜੀ ਧੁੱਪ ਵਿੱਚ ਰਹਿੰਦੇ ਹਾਂ, ਤਾਂ ਸਾਡੀ ਚਮੜੀ ਮੇਲਾਨਿਨ ਪੈਦਾ ਕਰਦੀ ਹੈ। ਇਸ ਪ੍ਰਕਿਰਿਆ ਵਿੱਚ ਇਹ ਆਪਣੇ ਆਪ ਨੂੰ ਟੈਨ (ਚਮੜੀ ਦਾ ਕਾਲਾ ਹੋਣਾ) ਕਰਕੇ ਆਪਣੀ ਰੱਖਿਆ ਕਰਦੀ ਹੈ।

ਇਹ ਕ੍ਰਿਕਟਰ ਮਾਈਕਲ ਕਲਾਰਕ ਦੇ ਮਾਮਲੇ ਵਿੱਚ ਵੀ ਸਪਸ਼ਟ ਤੌਰ 'ਤੇ ਦਿਖਾਈ ਦਿੰਦਾ ਹੈ। ਉਹ ਲੰਬੇ ਸਮੇਂ ਤੋਂ ਖੁਲ੍ਹੇ 'ਚ ਖੇਡਦੇ ਰਹੇ ਹਨ ਅਤੇ ਉਨ੍ਹਾਂ ਦਾ ਰੰਗ ਵੀ ਗੋਰਾ ਹੈ।

ਇਸ ਤੋਂ ਇਲਾਵਾ, ਜਿਨ੍ਹਾਂ ਦੇ ਉੱਪਰ ਅਸਮਾਨ 'ਚ ਓਜ਼ੋਨ ਪਰਤ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਿਆ ਹੈ, ਆਸਟ੍ਰੇਲੀਆ ਉਨ੍ਹਾਂ ਦੇਸ਼ਾਂ ਵਿੱਚੋਂ ਪ੍ਰਮੁੱਖ ਹੈ ।

ਓਜ਼ੋਨ ਪਰਤ ਨੂੰ ਨੁਕਸਾਨ ਦਾ ਮਤਲਬ ਹੈ ਕਿ ਸੂਰਜ ਦੀਆਂ ਕਿਰਨਾਂ ਦੇ ਨਾਲ ਆਉਣ ਵਾਲੀਆਂ ਅਲਟਰਾਵਾਇਲਟ (ਯੂਵੀ) ਕਿਰਨਾਂ ਫਿਲਟਰ ਨਹੀਂ ਹੁੰਦੀਆਂ ਅਤੇ ਇਸ ਨਾਲ ਚਮੜੀ ਨੂੰ ਵਧੇਰੇ ਨੁਕਸਾਨ ਹੁੰਦਾ ਹੈ।

ਜਿਨ੍ਹਾਂ ਲੋਕਾਂ ਦੀ ਚਮੜੀ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਹੈ, ਉਨ੍ਹਾਂ ਨੂੰ ਸ਼ੀਸ਼ੇ ਦੀ ਖਿੜਕੀ ਵਿੱਚੋਂ ਆਉਣ ਵਾਲੀ ਸੂਰਜ ਦੀ ਰੌਸ਼ਨੀ ਤੋਂ ਵੀ ਨੁਕਸਾਨ ਹੋਣ ਦਾ ਖ਼ਤਰਾ ਹੁੰਦਾ ਹੈ।

ਚਮੜੀ ਦੇ ਕੈਂਸਰ ਦੇ ਲੱਛਣ ਕੀ ਹਨ?

ਚਮੜੀ ਦੇ ਕੈਂਸਰ ਦੇ ਲੱਛਣ

ਤਸਵੀਰ ਸਰੋਤ, Getty Images

ਚਮੜੀ ਦੇ ਕੈਂਸਰ ਦੇ ਲੱਛਣਾਂ ਦੀ ਪਛਾਣ ਕਰਨਾ ਆਸਾਨ ਨਹੀਂ ਹੈ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਇਸ ਬਿਮਾਰੀ ਤੋਂ ਪੀੜਤ ਬਹੁਤ ਸਾਰੇ ਲੋਕ ਸ਼ੁਰੂਆਤ ਵਿੱਚ ਇਨ੍ਹਾਂ ਲੱਛਣਾਂ ਪ੍ਰਤੀ ਲਾਪਰਵਾਹ ਜਾਪਦੇ ਹਨ।

ਜੇਕਰ ਸਰੀਰ ਦੇ ਕਿਸੇ ਹਿੱਸੇ (ਜਿਵੇਂ ਕਿ ਚਿਹਰਾ) 'ਤੇ ਲੰਬੇ ਸਮੇਂ ਤੱਕ ਸਿੱਧੀ ਧੁੱਪ ਪੈਂਦੀ ਰਹੀ ਹੋਵੇ ਅਤੇ ਉਸ 'ਤੇ ਧੱਫੜ, ਜ਼ਖ਼ਮ ਜਾਂ ਅਲਸਰ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਏਮਜ਼ ਦੇ ਚਮੜੀ ਵਿਗਿਆਨ ਵਿਭਾਗ ਦੇ ਮੁਖੀ ਡਾਕਟਰ ਕੌਸ਼ਲ ਵਰਮਾ ਕਹਿੰਦੇ ਹਨ, "ਇਹ ਬਿਮਾਰੀ ਹਾਈ ਆਲਟੀਟਿਊਡ ਭਾਵ ਪਹਾੜਾਂ 'ਤੇ ਰਹਿਣ ਵਾਲੇ ਲੋਕਾਂ ਨੂੰ ਹੋਣ ਦਾ ਖ਼ਤਰਾ ਵਧੇਰੇ ਹੁੰਦਾ ਹੈ ਕਿਉਂਕਿ ਉਹ ਜ਼ਿਆਦਾ ਯੂਵੀ ਕਿਰਨਾਂ ਦੇ ਸੰਪਰਕ ਵਿੱਚ ਆਉਂਦੇ ਹਨ। ਕਿਸੇ ਸਮੇਂ ਕਸ਼ਮੀਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਉੱਥੇ ਵਰਤੀ ਜਾਂਦੀ ਕਾਂਗੜੀ ਦੇ ਕਾਰਨ ਵੀ ਇਹ ਬਿਮਾਰੀ ਜ਼ਿਆਦਾ ਹੁੰਦੀ ਸੀ।"

ਯਾਨੀ ਸਿਰਫ਼ ਧੁੱਪ ਹੀ ਨਹੀਂ, ਜੋ ਲੋਕ ਲਗਾਤਾਰ ਗਰਮੀ (ਅੱਗ) ਦੇ ਸੰਪਰਕ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਵੀ ਆਮ ਲੋਕਾਂ ਨਾਲੋਂ ਚਮੜੀ ਦੇ ਕੈਂਸਰ ਦਾ ਖ਼ਤਰਾ ਵਧੇਰੇ ਹੁੰਦਾ ਹੈ।

ਏਮਜ਼ ਵਿੱਚ ਇਹ ਵੀ ਦੇਖਿਆ ਜਾਂਦਾ ਹੈ ਕਿ ਚਮੜੀ ਦੇ ਕੈਂਸਰ ਦੇ ਮਰੀਜ਼ ਬਿਮਾਰੀ ਦੇ ਗੰਭੀਰ ਹਾਲਤ ਵਿੱਚ ਪਹੁੰਚਣ ਤੋਂ ਬਾਅਦ ਉੱਥੇ ਆਉਂਦੇ ਹਨ, ਕਿਉਂਕਿ ਲੋਕ ਸ਼ੁਰੂਆਤੀ ਪੜਾਅ ਵਿੱਚ ਇਸਦੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਦੇ ਹਨ।

ਡਾਕਟਰ ਕੌਸ਼ਲ ਵਰਮਾ ਕਹਿੰਦੇ ਹਨ, "ਜੇਕਰ ਚਮੜੀ 'ਤੇ ਕਾਲੇ ਜਾਂ ਭੂਰੇ ਧੱਬੇ ਵਰਗੇ ਲੱਛਣ ਦਿਖਾਈ ਦਿੰਦੇ ਹਨ, ਤਾਂ ਇਸਦੀ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ।"

ਅਜਿਹੇ ਮਰੀਜ਼ਾਂ ਦਾ ਚਮੜੀ ਦਾ ਕੈਂਸਰ ਅਕਸਰ ਫੈਲ ਕੇ ਨੱਕ ਨੂੰ ਪੂਰੀ ਤਰ੍ਹਾਂ ਨੁਕਸਾਨ ਪਹੁੰਚਾ ਚੁੱਕਿਆ ਹੁੰਦਾ ਹੈ ਜਾਂ ਅੱਖ ਦੇ ਅੰਦਰ ਤੱਕ ਪਹੁੰਚ ਚੁੱਕਿਆ ਹੁੰਦਾ ਹੈ।

ਚਮੜੀ ਦਾ ਕੈਂਸਰ ਕਿੰਨਾ ਖਤਰਨਾਕ ਹੈ?

ਚਮੜੀ ਦਾ ਕੈਂਸਰ

ਡਾਕਟਰ ਕੌਸ਼ਲ ਵਰਮਾ ਕਹਿੰਦੇ ਹਨ, "ਹੋਰ ਕੈਂਸਰ ਰੋਗਾਂ ਵਾਂਗ ਹੀ ਜੇਕਰ ਚਮੜੀ ਦਾ ਕੈਂਸਰ ਬਹੁਤ ਜ਼ਿਆਦਾ ਵਧ ਜਾਂਦਾ ਹੈ ਤਾਂ ਇਹ ਵੀ ਘਾਤਕ ਹੋ ਜਾਂਦਾ ਹੈ। ਜੇਕਰ ਮਰੀਜ਼ ਜਲਦੀ ਡਾਕਟਰ ਕੋਲ ਪਹੁੰਚ ਜਾਂਦਾ ਹੈ ਅਤੇ ਸ਼ੁਰੂਆਤੀ ਪੜਾਅ ਵਿੱਚ ਇਲਾਜ ਸ਼ੁਰੂ ਹੋ ਜਾਂਦਾ ਹੈ, ਤਾਂ ਮਰੀਜ਼ ਨੂੰ ਬਚਾਉਣਾ ਆਸਾਨ ਹੁੰਦਾ ਹੈ।"

ਚਮੜੀ ਦੇ ਕੈਂਸਰ ਦੀਆਂ ਮੂਲ ਰੂਪ ਵਿੱਚ ਦੋ ਕਿਸਮਾਂ ਹਨ। ਉਨ੍ਹਾਂ ਵਿੱਚੋਂ ਇੱਕ ਹੈ - ਮੇਲੇਨੋਮਾ।

ਇਸ ਕਿਸਮ ਦੇ ਕੈਂਸਰ ਦੇ ਮਾਮਲੇ ਬਹੁਤ ਘੱਟ ਦੇਖੇ ਜਾਂਦੇ ਹਨ। ਇਹ ਕੇਸ ਭਾਰਤ ਵਿੱਚ ਵੀ ਬਹੁਤ ਘੱਟ ਹੁੰਦੇ ਹਨ ਯਾਨਿ ਇਸ ਕਿਸਮ ਦਾ ਕੈਂਸਰ ਆਮ ਤੌਰ 'ਤੇ ਭਾਰਤ ਵਿੱਚ ਲੋਕਾਂ ਨੂੰ ਨਹੀਂ ਹੁੰਦਾ।

ਇਹ ਘਾਤਕ ਹੁੰਦਾ ਹੈ। ਆਮ ਤੌਰ 'ਤੇ ਜੋ ਮਰੀਜ਼ ਸ਼ੁਰੂਆਤੀ ਪੜਾਅ ਵਿੱਚ ਮੇਲੇਨੋਮਾ ਕੈਂਸਰ ਨਾਲ ਡਾਕਟਰ ਕੋਲ ਪਹੁੰਚਦੇ ਹਨ, ਉਨ੍ਹਾਂ ਵਿੱਚੋਂ 90 ਫੀਸਦੀ ਦਾ ਇਲਾਜ ਹੋ ਜਾਂਦਾ ਹੈ।

ਪਰ ਜੇਕਰ ਅਜਿਹੇ ਮਰੀਜ਼ ਬਿਮਾਰੀ ਦੇ ਬਾਅਦ ਦੇ ਪੜਾਅ 'ਤੇ ਪਹੁੰਚਦੇ ਹਨ, ਤਾਂ ਉਨ੍ਹਾਂ ਵਿੱਚੋਂ 90 ਫੀਸਦੀ ਨੂੰ ਬਚਾਉਣਾ ਮੁਸ਼ਕਲ ਹੋ ਜਾਂਦਾ ਹੈ।

ਡਾਕਟਰ ਸੋਮੇਸ਼ ਦੱਸਦੇ ਹਨ, "ਇਸ ਤੋਂ ਇਲਾਵਾ ਇੱਕ ਹੁੰਦਾ ਹੈ - ਗੈਰ-ਮੇਲੇਨੋਮਾ। ਇਨ੍ਹਾਂ ਵਿੱਚੋਂ ਇੱਕ ਹੁੰਦਾ ਹੈ ਬੇਸਲ ਸੈੱਲ ਕਾਰਸਿਨੋਮਾ। ਇਹ ਬਹੁਤ ਤੇਜ਼ੀ ਨਾਲ ਨਹੀਂ ਫੈਲਦਾ। ਜਦਕਿ ਦੂਜਾ ਹੁੰਦਾ ਹੈ ਸਕੁਐਮਸ ਸੈੱਲ ਕਾਰਸਿਨੋਮਾ ਹੈ, ਜੋ ਵਧੇਰੇ ਫੈਲਦਾ ਹੈ ਅਤੇ ਵਧੇਰੇ ਖਤਰਨਾਕ ਹੁੰਦਾ ਹੈ।"

ਚਮੜੀ ਦੇ ਕੈਂਸਰ ਦਾ ਇਲਾਜ

ਚਮੜੀ ਦੇ ਕੈਂਸਰ ਦਾ ਇਲਾਜ

ਤਸਵੀਰ ਸਰੋਤ, Getty Images

ਨੋਇਡਾ ਦੇ ਕੈਲਾਸ਼ ਹਸਪਤਾਲ ਦੀ ਸੀਨੀਅਰ ਸਲਾਹਕਾਰ ਅਤੇ ਚਮੜੀ ਵਿਗਿਆਨੀ ਡਾਕਟਰ ਅੰਜੂ ਝਾਅ ਕਹਿੰਦੇ ਹਨ, "ਭਾਰਤ ਚਮੜੀ ਦੇ ਕੈਂਸਰ ਦੇ ਮਾਮਲੇ ਵਿੱਚ ਟਾਈਪ 5 ਅਤੇ ਟਾਈਪ 6 ਵਿੱਚ ਆਉਂਦਾ ਹੈ ਜੋ ਕਿ ਘੱਟ ਖ਼ਤਰਨਾਕ ਹੈ, ਜਦਕਿ ਗੋਰੀ ਚਮੜੀ ਵਾਲੇ ਲੋਕ ਟਾਈਪ 1 ਅਤੇ 2 ਵਿੱਚ ਆਉਂਦੇ ਹਨ।"

ਉਹ ਕਹਿੰਦੇ ਹਨ, "ਆਮ ਤੌਰ 'ਤੇ ਚਮੜੀ ਦੇ ਕੈਂਸਰ ਦੇ ਲੱਛਣਾਂ ਵਿੱਚ ਕੋਈ ਦਰਦ, ਜਲਣ ਜਾਂ ਖੁਜਲੀ ਨਹੀਂ ਹੁੰਦੀ, ਇਸ ਲਈ ਲੋਕ ਇਸਨੂੰ ਨਜ਼ਰਅੰਦਾਜ਼ ਕਰਦੇ ਹਨ। ਜੇਕਰ ਸਿੱਧੇ ਸੂਰਜ ਦੇ ਸੰਪਰਕ ਵਿੱਚ ਆਉਣ ਵਾਲੇ ਸਰੀਰ ਦੇ ਕਿਸੇ ਵੀ ਹਿੱਸੇ 'ਤੇ ਕੋਈ ਅਲਸਰ (ਜ਼ਖ਼ਮ) ਆਉਂਦਾ ਹੈ, ਜੋ ਲੰਬੇ ਸਮੇਂ ਤੱਕ ਠੀਕ ਨਹੀਂ ਹੁੰਦਾ, ਤਾਂ ਤੁਰੰਤ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।"

ਜੇਕਰ ਸ਼ੁਰੂਆਤ ਵਿੱਚ ਇਹ ਪਤਾ ਲੱਗ ਜਾਵੇ ਕਿ ਮਰੀਜ਼ ਦੀ ਚਮੜੀ 'ਤੇ ਲੱਛਣ ਅਸਲ ਵਿੱਚ 'ਕੈਂਸਰ' ਦੀ ਸ਼ੁਰੂਆਤ ਹਨ, ਤਾਂ ਇਸਦਾ ਇਲਾਜ ਆਸਾਨ ਹੋ ਜਾਂਦਾ ਹੈ। ਚਮੜੀ ਦੇ ਕੈਂਸਰ ਲਈ ਮੋਹਸ (MOHS) ਸਰਜਰੀ ਕੀਤੀ ਜਾਂਦੀ ਹੈ।

ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਸਨਸਕ੍ਰੀਨ ਲਗਾਉਣਾ ਸੂਰਜ ਦੀਆਂ ਨੁਕਸਾਨਦੇਹ ਕਿਰਨਾਂ ਤੋਂ ਬਚਾਉਣ ਦੇ ਸਭ ਤੋਂ ਵਧੀਆ ਤਰੀਕਿਆਂ ਵਿੱਚੋਂ ਇੱਕ ਹੋ ਸਕਦਾ ਹੈ।

ਦੁਨੀਆਂ ਭਰ ਵਿੱਚ ਮੇਲੇਨੋਮਾ ਚਮੜੀ ਦੇ ਕੈਂਸਰ ਦੇ 80 ਫੀਸਦੀ ਮਾਮਲਿਆਂ ਦਾ ਕਾਰਨ ਸਨਬਰਨ ਭਾਵ ਧੁੱਪ ਨਾਲ ਚਮੜੀ ਦਾ ਝੁਲਸਣਾ ਹੈ।

ਡਾਕਟਰ ਅੰਜੂ ਝਾਅ ਦੇ ਅਨੁਸਾਰ, "ਜ਼ਿਆਦਾਤਰ ਮਾਮਲਿਆਂ ਵਿੱਚ ਚਮੜੀ ਦਾ ਕੈਂਸਰ ਘਾਤਕ ਨਹੀਂ ਹੁੰਦਾ ਅਤੇ ਪ੍ਰਭਾਵਿਤ ਹਿੱਸੇ ਨੂੰ ਸਰਜਰੀ ਜਾਂ ਆਪ੍ਰੇਸ਼ਨ ਰਾਹੀਂ ਹਟਾ ਦਿੱਤਾ ਜਾਂਦਾ ਹੈ, ਪਰ ਇਸ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਸਨਸਕ੍ਰੀਨ ਦੀ ਵਰਤੋਂ ਕਰਨਾ ਹੈ।"

ਸਨਸਕ੍ਰੀਨ ਨਾ ਸਿਰਫ਼ ਸਰੀਰ ਨੂੰ ਸੂਰਜ ਦੀਆਂ ਯੂਵੀ ਕਿਰਨਾਂ ਤੋਂ ਬਚਾ ਸਕਦੀ ਹੈ ਅਤੇ ਗੰਭੀਰ ਬਿਮਾਰੀਆਂ ਨੂੰ ਦੂਰ ਰੱਖ ਸਕਦੀ ਹੈ, ਸਗੋਂ ਇਹ ਚਮੜੀ 'ਤੇ ਉਮਰ ਵਧਣ ਦੇ ਪ੍ਰਭਾਵਾਂ ਨੂੰ ਵੀ ਹੌਲੀ ਕਰ ਸਕਦੀ ਹੈ।

ਪਰ ਆਮ ਲੋਕਾਂ ਵਿੱਚ ਸਨਸਕ੍ਰੀਨ ਕਿਵੇਂ ਅਤੇ ਕਦੋਂ ਲਗਾਉਣੀ ਹੈ ਇਸ ਬਾਰੇ ਸਹੀ ਅਤੇ ਸਟੀਕ ਜਾਣਕਾਰੀ ਦੀ ਘਾਟ ਹੈ।

ਡਾਕਟਰ ਸੋਮੇਸ਼ ਦੱਸਦੇ ਹਨ, "ਘਰ ਤੋਂ ਬਾਹਰ ਜਾਣ ਤੋਂ ਲਗਭਗ 30 ਮਿੰਟ ਪਹਿਲਾਂ ਸਨਸਕ੍ਰੀਨ ਲਗਾਉਣੀ ਚਾਹੀਦੀ ਹੈ, ਕਿਉਂਕਿ ਇਹ ਤੁਰੰਤ ਕੰਮ ਨਹੀਂ ਕਰਦੀ। ਇਸ ਦੇ ਨਾਲ ਹੀ ਇਸਨੂੰ ਦਿਨ ਵਿੱਚ ਘੱਟੋ-ਘੱਟ 2 ਜਾਂ 3 ਵਾਰ ਵਰਤਣਾ ਜ਼ਰੂਰੀ ਹੈ ਕਿਉਂਕਿ ਇਹ ਸਿਰਫ 4 ਘੰਟਿਆਂ ਲਈ ਕੰਮ ਕਰਦੀ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)