ਮਹਿਲਾ ਦੇ ਸਰੀਰ ਵਿੱਚ ਪੁਰਸ਼ਾਂ ਵਾਲਾ XY ਕ੍ਰੋਮੋਸੋਮ ਮਿਲਣ ਦਾ ਰਹੱਸ ਕੀ ਹੈ? ਅਜਿਹਾ ਕਿਵੇਂ ਹੋ ਸਕਦਾ ਹੈ?

ਤਸਵੀਰ ਸਰੋਤ, Ana Paula Martins
- ਲੇਖਕ, ਆਂਦਰੇਈ ਬਿਅਰਨੇਥ
- ਰੋਲ, ਬੀਬੀਸੀ ਨਿਊਜ਼ ਬ੍ਰਾਜ਼ੀਲ
ਐਨਾ ਪੌਲਾ ਮਾਰਟਿਨਸ ਦੇ ਸਰੀਰ ਦੇ ਹਰ ਦੂਜੇ ਸੈੱਲ ਵਿੱਚ ਐਕਸ-ਐਕਸ (X-X) ਕ੍ਰੋਮੋਸੋਮ ਹਨ, ਜੋ ਔਰਤਾਂ ਦੀਆਂ ਜਿਨਸੀ ਵਿਸ਼ੇਸ਼ਤਾਵਾਂ ਨਾਲ ਜੁੜੇ ਹੁੰਦੇ ਹਨ।
ਪਰ ਉਨ੍ਹਾਂ ਦੇ ਖੂਨ ਦੇ ਸੈੱਲਾਂ ਵਿੱਚ ਐਕਸ-ਵਾਈ (XY) ਕ੍ਰੋਮੋਸੋਮ ਹਨ, ਜੋ ਆਮ ਤੌਰ 'ਤੇ ਪੁਰਸ਼ਾਂ ਵਿੱਚ ਪਾਏ ਜਾਂਦੇ ਹਨ।
ਡਾਕਟਰਾਂ ਦਾ ਮੰਨਣਾ ਹੈ ਕਿ ਇਹ ਇੱਕ ਵਿਲੱਖਣ ਮਾਮਲਾ ਹੈ, ਜਿਸਦੀ ਰਿਪੋਰਟ ਪਹਿਲੀ ਵਾਰ ਕੀਤੀ ਗਈ ਹੈ।
ਉਨ੍ਹਾਂ ਦਾ ਅਨੁਮਾਨ ਹੈ ਕਿ ਐਨਾ ਦੇ ਖੂਨ ਦੇ ਸੈੱਲ ਗਰਭ ਵਿੱਚ ਹੋਣ ਦੌਰਾਨ ਉਨ੍ਹਾਂ ਦੇ ਜੁੜਵਾਂ ਭਰਾ ਤੋਂ ਆਏ ਹੋਣਗੇ।
ਇਹ ਪਹਿਲੀ ਵਾਰ ਉਦੋਂ ਪਤਾ ਲੱਗਾ ਜਦੋਂ 2022 ਵਿੱਚ ਐਨਾ ਪੌਲਾ ਦਾ ਗਰਭਪਾਤ ਹੋਇਆ ਸੀ।
ਜਾਂਚ ਦੌਰਾਨ ਇੱਕ ਗਾਇਨੀਕੋਲੋਜਿਸਟ ਨੇ ਕੈਰੀਓਟਾਈਪ ਟੈਸਟ ਲਈ ਕਿਹਾ।
ਇਸ ਟੈਸਟ ਵਿੱਚ ਇੱਕ ਵਿਅਕਤੀ ਦੇ ਸੈੱਲਾਂ ਦੇ ਕ੍ਰੋਮੋਸੋਮ ਦੀ ਜਾਂਚ ਕੀਤੀ ਜਾਂਦੀ ਹੈ। ਆਮ ਤੌਰ 'ਤੇ ਇਹ ਟੈਸਟ ਖੂਨ ਦੇ ਨਮੂਨੇ ਰਾਹੀਂ ਕੀਤਾ ਜਾਂਦਾ ਹੈ।
ਐਨਾ ਪੌਲਾ ਕਹਿੰਦੇ ਹਨ, "ਲੈਬ ਨੇ ਮੇਰੇ ਨਾਲ ਸੰਪਰਕ ਕੀਤਾ ਅਤੇ ਮੈਨੂੰ ਦੱਸਿਆ ਕਿ ਮੈਨੂੰ ਦੁਬਾਰਾ ਟੈਸਟ ਕਰਵਾਉਣਾ ਪਵੇਗਾ।"
ਟੈਸਟ ਦੇ ਨਤੀਜਿਆਂ ਨੇ ਉਨ੍ਹਾਂ ਦੇ ਖੂਨ ਦੇ ਸੈੱਲਾਂ ਵਿੱਚ XY ਕ੍ਰੋਮੋਸੋਮ ਦਿਖਾਏ, ਜਿਸਨੇ ਐਨਾ ਅਤੇ ਡਾਕਟਰਾਂ ਨੂੰ ਹੈਰਾਨ ਕਰ ਦਿੱਤਾ।

ਤਸਵੀਰ ਸਰੋਤ, Getty Images
ਗੁਸਤਾਵੋ ਮਾਸੀਏਲ, ਬ੍ਰਾਜ਼ੀਲੀਅਨ ਦੇ ਸਿਹਤ ਸੰਭਾਲ ਸੰਗਠਨ ਫਲੇਰੀ ਮੈਡੀਸੀਨਾ ਏ ਸੌਦ ਵਿੱਚ ਇੱਕ ਗਾਇਨੀਕੋਲੋਜਿਸਟ ਹਨ ਅਤੇ ਸਾਓ ਪਾਉਲੋ ਯੂਨੀਵਰਸਿਟੀ ਦੇ ਸਕੂਲ ਆਫ਼ ਮੈਡੀਸਨ ਵਿੱਚ ਇੱਕ ਪ੍ਰੋਫੈਸਰ ਹਨ।
ਉਨ੍ਹਾਂ ਕਿਹਾ, "ਮੈਂ ਮਰੀਜ਼ ਦੀ ਜਾਂਚ ਕੀਤੀ ਅਤੇ ਦੇਖਿਆ ਕਿ ਉਨ੍ਹਾਂ ਦੇ ਸਾਰੇ ਸਰੀਰਕ ਗੁਣ ਬਿਲਕੁਲ ਇੱਕ ਆਮ ਮਹਿਲਾ ਵਰਗੇ ਸਨ।''
"ਉਨ੍ਹਾਂ ਦੇ ਸ਼ਰੀਰ 'ਚ ਇੱਕ ਬੱਚੇਦਾਨੀ ਅਤੇ ਅੰਡਕੋਸ਼ ਸੀ। ਅੰਡਕੋਸ਼ ਸਹੀ ਢੰਗ ਨਾਲ ਕੰਮ ਕਰ ਰਿਹਾ ਸੀ।
ਐਨਾ ਪੌਲਾ ਨੂੰ ਸਾਓ ਪਾਉਲੋ ਦੇ ਅਲਬਰਟ ਆਈਨਸਟਾਈਨ ਇਜ਼ਰਾਈਲੀ ਹਸਪਤਾਲ ਦੇ ਇੱਕ ਜੈਨੇਟਿਸਿਸਟ ਡਾਕਟਰ ਕਾਇਓ ਕਵਾਇਓ ਕੋਲ ਭੇਜਿਆ ਗਿਆ, ਜਿਨ੍ਹਾਂ ਨੇ ਪ੍ਰੋਫੈਸਰ ਮਾਸੀਏਲ ਅਤੇ ਹੋਰ ਮਾਹਰਾਂ ਨਾਲ ਮਿਲ ਕੇ ਡਾਕਟਰੀ ਜਾਂਚ ਸ਼ੁਰੂ ਕੀਤੀ।
'ਉਨ੍ਹਾਂ ਅੰਦਰ ਆਪਣੇ ਭਰਾ ਦਾ ਥੋੜ੍ਹਾ ਹਿੱਸਾ ਮੌਜੂਦ ਹੈ'

ਤਸਵੀਰ ਸਰੋਤ, Getty Images
ਖੋਜ ਦੌਰਾਨ ਐਨਾ ਪੌਲਾ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦਾ ਇੱਕ ਜੁੜਵਾਂ ਭਰਾ ਸੀ ਅਤੇ ਇਹ ਤੱਥ ਸ਼ੁਰੂ ਵਿੱਚ ਕੇਸ ਨੂੰ ਸਮਝਣ ਵਿੱਚ ਮਹੱਤਵਪੂਰਨ ਸਾਬਤ ਹੋਇਆ।
ਉਨ੍ਹਾਂ ਦੇ ਡੀਐਨਏ ਦੀ ਤੁਲਨਾ ਤੋਂ ਪਤਾ ਚੱਲਿਆ ਕਿ ਐਨਾ ਪੌਲਾ ਦੇ ਸਿਰਫ ਖੂਨ ਦੇ ਸੈੱਲ ਬਿਲਕੁਲ ਉਨ੍ਹਾਂ ਦੇ ਜੁੜਵਾਂ ਭਰਾ ਨਾਲ ਮੇਲ ਖਾਂਦੇ ਸਨ। ਉਨ੍ਹਾਂ ਅੰਦਰ ਉਹੀ ਵਿਸ਼ੇਸ਼ ਜੈਨੇਟਿਕ ਮਾਰਕਰ ਸਨ।
ਪ੍ਰੋਫੈਸਰ ਮਾਸੀਏਲ ਦੱਸਦੇ ਹਨ, "ਉਨ੍ਹਾਂ ਦੇ ਮੂੰਹ ਅਤੇ ਚਮੜੀ ਦਾ ਡੀਐਨਏ ਇੱਕੋ ਜਿਹਾ ਸੀ। ਇਹ ਉਨ੍ਹਾਂ ਦੀ ਪਛਾਣ ਸੀ, ਪਰ ਉਨ੍ਹਾਂ ਦੇ ਖੂਨ ਵਿੱਚ... ਉਨ੍ਹਾਂ ਅੰਦਰ ਆਪਣੇ ਭਰਾ ਦੀ ਵੀ ਪਛਾਣ ਸੀ।''
ਐਨਾ ਪੌਲਾ ਦੇ ਕੇਸ ਨੂੰ ਕਾਈਮੇਰਾ ਕਿਹਾ ਜਾਂਦਾ ਹੈ, ਜਦੋਂ ਕਿਸੇ ਵਿਅਕਤੀ ਦੇ ਸਰੀਰ ਵਿੱਚ ਦੋ ਤਰ੍ਹਾਂ ਦੇ ਡੀਐਨਏ ਹੁੰਦੇ ਹਨ।
ਕੁਝ ਇਲਾਜ ਨਾਲ ਕਾਈਮੇਰਿਜ਼ਮ ਦਾ ਕਾਰਨ ਬਣ ਸਕਦੇ ਹਨ - ਜਿਵੇਂ ਕਿ ਬੋਨ ਮੈਰੋ ਟ੍ਰਾਂਸਪਲਾਂਟ।
ਉਦਾਹਰਣ ਵਜੋਂ, ਜਦੋਂ ਲਿਊਕੇਮੀਆ (ਬੱਲਡ ਕੈਂਸਰ) ਦੇ ਮਰੀਜ਼ਾਂ ਨੂੰ ਡੋਨਰ ਦੀਆਂ ਕੋਸ਼ਿਕਾਵਾਂ ਜਾਂ ਸੈੱਲ ਦਾਨ ਕੀਤੇ ਜਾਂਦੇ ਹਨ ਤਾਂ ਉਹ ਉਨ੍ਹਾਂ ਦੇ ਬੋਨਮੈਰੋ ਨੂੰ ਮੁੜ ਤੋਂ ਰਿਪੋਪੁਲੇਟ ਕਰ ਦਿੰਦੇ ਹਨ।
ਪ੍ਰੋਫੈਸਰ ਮਾਸੀਏਲ ਦੱਸਦੇ ਹਨ, ਪਰ ਕੁਦਰਤੀ ਤੌਰ 'ਤੇ ਹੋਣ ਵਾਲੇ ਕਾਈਮੇਰਾ "ਬਹੁਤ ਹੀ ਦੁਰਲੱਭ" ਹੁੰਦੇ ਹਨ।
ਵਿਗਿਆਨਕ ਖੋਜ ਪ੍ਰਕਾਸ਼ਨਾਂ ਵਿੱਚ ਖੋਜ ਦੀ ਭਾਲ ਕਰਦੇ ਹੋਏ, ਖੋਜਕਰਤਾਵਾਂ ਨੂੰ ਦੂਜੇ ਥਣਧਾਰੀ ਜੀਵਾਂ ਵਿੱਚ ਜੁੜਵਾਂ ਗਰਭ ਅਵਸਥਾ ਦੇ ਕੁਝ ਮਾਮਲੇ ਮਿਲੇ ਜਿੱਥੇ ਮੇਲ ਦਾ ਖੂਨ ਫੀਮੇਲ ਤੱਕ ਪਹੁੰਚਾ ਦਿੱਤਾ।
ਖੋਜਕਰਤਾਵਾਂ ਦਾ ਮੰਨਣਾ ਹੈ ਕਿ ਗਰਭ 'ਚ ਰਹਿਣ ਦੌਰਾਨ ਐਨਾ ਪੌਲਾ ਅਤੇ ਉਨ੍ਹਾਂ ਦੇ ਭਰਾ ਦੇ ਪਲੈਸੈਂਟਾ ਵਿਚਕਾਰ ਕਿਸੇ ਕਿਸਮ ਦਾ ਸੰਪਰਕ ਹੋਇਆ ਹੋਣਾ, ਜਿਸ ਨਾਲ ਮੁੰਡੇ ਦਾ ਖੂਨ ਕੁੜੀ ਤੱਕ ਪਹੁੰਚ ਦਿੱਤਾ।
ਪ੍ਰੋਫੈਸਰ ਮਾਸੀਏਲ ਦੇ ਅਨੁਸਾਰ, "ਉੱਥੇ ਇੱਕ ਟ੍ਰਾਂਸਫਿਊਜ਼ਨ ਪ੍ਰਕਿਰਿਆ ਹੋਈ, ਜਿਸਨੂੰ ਅਸੀਂ ਭਰੂਣ-ਭਰੂਣ ਟ੍ਰਾਂਸਫਿਊਜ਼ਨ ਕਹਿੰਦੇ ਹਾਂ। ਕਿਸੇ ਬਿੰਦੂ 'ਤੇ ਦੋਵਾਂ ਦੀਆਂ ਨਾੜੀਆਂ ਅਤੇ ਧਮਨੀਆਂ ਨਾਭੀਨਾਲ ਵਿੱਚ ਜੁੜ ਗਈਆਂ। ਭਰਾ ਨੇ ਆਪਣਾ ਸਾਰਾ ਖੂਨ ਨਾਲ ਜੁੜਿਆ ਪਦਾਰਥ ਭੈਣ ਨੂੰ ਦੇ ਦਿੱਤਾ।"
ਉਹ ਕਹਿੰਦੇ ਹਨ, "ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਪਦਾਰਥ ਉਸ ਦੀ ਸਾਰੀ ਜ਼ਿੰਦਗੀ ਵਿੱਚ ਉਸ ਦੇ ਅੰਦਰ ਰਿਹਾ।"
ਮੰਨਿਆ ਗਿਆ ਕਿ ਭਰਾ ਦੇ ਖੂਨ ਦੇ ਸੈੱਲ ਐਨਾ ਪੌਲਾ ਦੇ ਬੋਨ ਮੈਰੋ ਤੱਕ ਪਹੁੰਚ ਗਏ ਅਤੇ ਫਿਰ ਉਨ੍ਹਾਂ ਨੇ ਅਜਿਹਾ ਖੂਨ ਬਣਾਉਣਾ ਸ਼ੁਰੂ ਕਰ ਦਿੱਤਾ ਜਿਸ ਵਿੱਚ XY ਕ੍ਰੋਮੋਸੋਮ ਸਨ ਜਦੋਂ ਕਿ ਬਾਕੀ ਸਰੀਰ XX ਕ੍ਰੋਮੋਸੋਮ ਰਿਹਾ।
ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਭਰਾ ਦਾ ਥੋੜ੍ਹਾ ਜਿਹਾ ਹਿੱਸਾ ਅਜੇ ਵੀ ਉਨ੍ਹਾਂ ਦੇ ਅੰਦਰ ਵਗ ਰਿਹਾ ਹੈ।
ਦੁਰਲੱਭ ਪਰ ਸਫਲ ਗਰਭ ਅਵਸਥਾ

ਤਸਵੀਰ ਸਰੋਤ, Getty Images
ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਅਸਾਧਾਰਨ ਮਾਮਲਾ ਇਮਿਊਨ ਸਿਸਟਮ ਅਤੇ ਮਨੁੱਖੀ ਪ੍ਰਜਨਨ 'ਤੇ ਖੋਜ ਵਿੱਚ ਇੱਕ ਨਵੀਂ ਦਿਸ਼ਾ ਦਿਖਾ ਸਕਦਾ ਹੈ।
ਐਨਾ ਪੌਲਾ ਦੇ ਸਰੀਰ ਨੇ ਆਪਣੇ ਭਰਾ ਦੇ ਸੈੱਲਾਂ ਨੂੰ ਉਨ੍ਹਾਂ 'ਤੇ ਹਮਲਾ ਕੀਤੇ ਬਿਨਾਂ ਬਰਦਾਸ਼ਤ ਕੀਤਾ।
ਪ੍ਰੋਫੈਸਰ ਮਾਸੀਏਲ ਕਹਿੰਦੇ ਹਨ, "ਉਨ੍ਹਾਂ ਦਾ ਕੇਸ ਸਾਨੂੰ ਅੰਗ ਟ੍ਰਾਂਸਪਲਾਂਟੇਸ਼ਨ ਵਰਗੀਆਂ ਗੁੰਝਲਦਾਰ ਸਮੱਸਿਆਵਾਂ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਇੱਕ ਖੋਜ ਦਾ ਮੌਕਾ ਦੇ ਸਕਦਾ ਹੈ।"
ਕੁਝ ਦੁਰਲੱਭ ਮਾਮਲਿਆਂ ਵਿੱਚ ਮਹਿਲਾਵਾਂ ਵਿੱਚ XY ਕ੍ਰੋਮੋਸੋਮ ਦੀਆਂ ਰਿਪੋਰਟਾਂ ਆਈਆਂ ਹਨ, ਪਰ ਆਮ ਤੌਰ 'ਤੇ ਇਸ ਨਾਲ ਪ੍ਰਜਣਨ ਸਬੰਧੀ ਸਮੱਸਿਆਵਾਂ ਆ ਸਕਦੀਆਂ ਹਨ।
ਐਨਾ ਪੌਲਾ ਨਾਲ ਅਜਿਹਾ ਨਹੀਂ ਹੋਇਆ। ਉਹ ਗਰਭਵਤੀ ਹੋਏ ਅਤੇ ਇੱਕ ਸਿਹਤਮੰਦ ਪੁੱਤਰ ਨੂੰ ਜਨਮ ਦਿੱਤਾ।
ਜੈਨੇਟਿਕ ਟੈਸਟਾਂ ਨੇ ਸਪਸ਼ਟ ਤੌਰ 'ਤੇ ਦਿਖਾਇਆ ਕਿ ਬੱਚੇ ਦਾ ਡੀਐਨਏ ਪੂਰੀ ਤਰ੍ਹਾਂ ਠੀਕ ਸੀ, ਅੱਧਾ ਮਾਂ ਤੋਂ ਅਤੇ ਅੱਧਾ ਪਿਤਾ ਤੋਂ। ਇਸ ਵਿੱਚ ਐਨਾ ਦੇ ਭਰਾ ਦਾ ਕੋਈ ਅੰਸ਼ ਨਹੀਂ ਸੀ।
ਪ੍ਰੋਫੈਸਰ ਮਾਸੀਏਲ ਦੱਸਦੇ ਹਨ, "ਐਨਾ ਪੌਲਾ ਦੇ ਅੰਡੇ ਵਿੱਚ ਉਨ੍ਹਾਂ ਦਾ ਆਪਣਾ ਜੈਨੇਟਿਕ ਪਦਾਰਥ ਸੀ। ਉਨ੍ਹਾਂ ਦੇ ਸਰੀਰ ਵਿੱਚ ਭਰਾ ਦੇ ਸੈੱਲਾਂ ਨੇ ਗਰਭ ਅਵਸਥਾ ਵਿੱਚ ਕੋਈ ਵਿਘਨ ਨਹੀਂ ਪਾਇਆ।"
ਐਨਾ ਪੌਲਾ ਲਈ, ਇਸ ਜੈਨੇਟਿਕ ਤਬਦੀਲੀ ਦਾ ਕਾਰਨ ਲੱਭਣਾ ਮਹੱਤਵਪੂਰਨ ਸੀ ਅਤੇ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਸੀ ਕਿ ਇਸਦਾ ਉਨ੍ਹਾਂ ਦੀ ਗਰਭ ਅਵਸਥਾ 'ਤੇ ਕੋਈ ਅਸਰ ਨਾ ਪਵੇ।
ਉਨ੍ਹਾਂ ਦੇ ਸ਼ਬਦਾਂ ਵਿੱਚ, "ਇਹ ਮੇਰੇ ਟੀਚੇ ਵਿੱਚ ਰੁਕਾਵਟ ਨਹੀਂ ਬਣਿਆ। ਮੇਰਾ ਟੀਚਾ ਸੀ ਕਿ ਮੈਂ ਮਾਂ ਬਣਾਂ।"
XY ਅਤੇ XX ਕ੍ਰੋਮੋਸੋਮ ਵਿੱਚ ਕੀ ਅੰਤਰ ਹੈ?

ਤਸਵੀਰ ਸਰੋਤ, Getty Images
XY ਕ੍ਰੋਮੋਸੋਮ ਮਨੁੱਖਾਂ ਅਤੇ ਹੋਰ ਬਹੁਤ ਸਾਰੇ ਜੀਵਾਂ ਵਿੱਚ ਪਾਏ ਜਾਣ ਵਾਲੇ, ਲਿੰਗ-ਨਿਰਧਾਰਨ ਕਰਨ ਵਾਲੇ ਕ੍ਰੋਮੋਸੋਮ ਹਨ।
ਆਮ ਤੌਰ 'ਤੇ ਔਰਤਾਂ ਵਿੱਚ XX ਕ੍ਰੋਮੋਸੋਮ ਹੁੰਦੇ ਹਨ ਅਤੇ ਮਰਦਾਂ ਵਿੱਚ XY ਕ੍ਰੋਮੋਸੋਮ ਹੁੰਦੇ ਹਨ।
ਮਨੁੱਖੀ ਸਰੀਰ ਵਿੱਚ ਕੁੱਲ 46 ਕ੍ਰੋਮੋਸੋਮ (23 ਜੋੜੇ) ਹੁੰਦੇ ਹਨ, ਜਿਨ੍ਹਾਂ ਵਿੱਚੋਂ 22 ਜੋੜੇ ਆਮ ਹੁੰਦੇ ਹਨ ਯਾਨੀ ਆਟੋਸੋਮ ਅਤੇ 23ਵਾਂ ਜੋੜਾ ਸੈਕਸ ਕ੍ਰੋਮੋਸੋਮ ਦਾ ਹੁੰਦਾ ਹੈ।
ਇਹ ਜੋੜਾ ਕਿਸੇ ਵਿਅਕਤੀ ਦੇ ਲਿੰਗ ਨੂੰ ਨਿਰਧਾਰਤ ਕਰਦਾ ਹੈ। ਆਮ ਹਾਲਤਾਂ ਵਿੱਚ XY ਸੁਮੇਲ ਦਾ ਅਰਥ ਹੈ ਪੁਰਸ਼ ਅਤੇ XX ਦਾ ਅਰਥ ਹੈ ਮਹਿਲਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












