ਕਠਪੁਤਲੀਆਂ ਦੇ ਨਾਲ ਬੱਚਿਆਂ ਨੂੰ ਕਿਵੇਂ ਦਿੱਤੀ ਜਾ ਰਹੀ ਹੈ ਸਿੱਖਿਆ, ਕਿਵੇਂ ਅਸਾਨੀ ਨਾਲ ਵਿਸ਼ੇ ਆ ਜਾਂਦੇ ਹਨ ਸਮਝ

- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਸਹਿਯੋਗੀ
ਆਮ ਤੌਰ ਉੱਤੇ ਕਿਸੇ ਸਰਕਾਰੀ ਸਕੂਲ ਵਿੱਚ ਜਦੋਂ ਵਿਦਿਆਰਥੀ ਅਧਿਆਪਕ ਕੋਲੋਂ ਲੰਘਦੇ ਹਨ ਤਾਂ ਨੀਵੀਂ ਪਾ ਕੇ ਜਾਂ ਸਹਿਮੇ-ਸਹਿਮੇ ਜਿਹੇ ਲੰਘਦੇ ਹਨ, ਪਰ ਇਸ ਤੋਂ ਬਿਲਕੁਲ ਉਲਟ ਇੱਕ ਤਸਵੀਰ ਅਸੀਂ ਚੰਡੀਗੜ੍ਹ ਦੇ ਸੈਕਟਰ 20 ਵਿੱਚ ਸਥਿਤ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਦੇਖੀ।
ਇੱਥੇ ਸੋਸ਼ਲ ਸਟੱਡੀਜ਼ ਪੜ੍ਹਾਉਣ ਵਾਲੇ ਅਧਿਆਪਕਾ ਪਰਵੀਨ ਕੁਮਾਰੀ ਨੂੰ ਸਕੂਲ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਦੂਰੋਂ ਭੱਜ ਕੇ ਆ ਕੇ ਜੱਫੀ ਪਾ ਕੇ ਮਿਲ ਰਹੀਆਂ ਸਨ ਜਿੰਨੀ ਵੱਡੀ ਮੁਸਕਾਨ ਵਿਦਿਆਰਥਣਾਂ ਦੇ ਚਿਹਰੇ ਉੱਤੇ ਹੁੰਦੀ ਓਨਾ ਹੀ ਹੱਸ ਕੇ ਮੈਡਮ ਉਨ੍ਹਾਂ ਨੂੰ ਮਿਲਦੇ।
ਦਰਅਸਲ ਵਿਦਿਆਰਥਣਾਂ ਦੀ ਇਸ ਖੁਸ਼ੀ ਦਾ ਕਾਰਨ ਸੀ ਕਿ ਉਨ੍ਹਾਂ ਦੇ ਪਸੰਦੀਦਾ ਅਧਿਆਪਕ, ਪਰਵੀਨ ਕੁਮਾਰੀ ਨੂੰ ਇਸ ਸਾਲ ਭਾਰਤ ਸਰਕਾਰ ਵੱਲੋਂ ਰਾਸ਼ਟਰੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਣਾ ਹੈ।
ਕੌਮੀ ਅਧਿਆਪਕ ਪੁਰਸਕਾਰ ਭਾਰਤ ਸਰਕਾਰ ਵੱਲੋਂ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਉਨ੍ਹਾਂ ਅਧਿਆਪਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਵਿਲੱਖਣ ਯੋਗਦਾਨ ਦਿੱਤਾ ਹੋਵੇ।
ਇਸ ਐਵਾਰਡ ਲਈ ਚੰਡੀਗੜ੍ਹ ਤੋਂ ਪਰਵੀਨ ਕੁਮਾਰੀ ਅਤੇ ਪੰਜਾਬ ਤੋਂ ਨਰਿੰਦਰ ਸਿੰਘ ਦੀ ਚੋਣ ਹੋਈ ਹੈ। ਨਰਿੰਦਰ ਸਿੰਘ ਵੀ ਕਈ ਪਹਿਲਕਦਮੀਆਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਆਪਣੇ ਸਕੂਲ ਵਿੱਚ ਇੱਕ ਟ੍ਰੈਫਿਕ ਪਾਰਕ, ਸੁੰਦਰ ਲਿਖਾਈ ਪਾਰਕ, ਆਈ ਟੀ ਪਾਰਕ ਅਤੇ ਗਣਿਤ ਪਾਰਕ ਬਣਾਏ ਹਨ।
ਪਹਿਲਾਂ ਗੱਲ ਕਰਦੇ ਹਾਂ ਪਰਵੀਨ ਕੁਮਾਰੀ ਬਾਰੇ, ਜੋ ਅਨੋਖੇ ਤਰੀਕੇ ਨਾਲ ਪੜ੍ਹਾਉਣ ਲਈ ਜਾਣੇ ਜਾਂਦੇ ਹਨ।
ਕਠਪੁਤਲੀਆਂ ਦੀ ਮਦਦ ਨਾਲ ਹੁੰਦੀ ਪੜ੍ਹਾਈ

ਤਸਵੀਰ ਸਰੋਤ, Navjot Kaur/BBC
ਪਰਵੀਨ ਕੁਮਾਰੀ ਨੂੰ ਇਹ ਪੁਰਸਕਾਰ 5 ਸਤੰਬਰ 2025 ਨੂੰ ਨਵੀਂ ਦਿੱਲੀ ਵਿਖੇ ਰਾਸ਼ਟਰਪਤੀ ਦਰੌਪਦੀ ਮੁਰਮੂ ਦੁਆਰਾ ਦਿੱਤਾ ਜਾਵੇਗਾ।
ਪਰਵੀਨ ਕੁਮਾਰੀ ਚੰਡੀਗੜ੍ਹ ਵਿੱਚੋਂ ਇਕਲੌਤੇ ਅਧਿਆਪਕ ਹਨ, ਜਿਨ੍ਹਾਂ ਦੀ ਚੋਣ ਕੌਮੀ ਪੁਰਸਕਾਰ ਲਈ ਹੋਈ ਹੈ।
ਪਰਵੀਨ ਕੁਮਾਰੀ 2002 ਤੋਂ ਅਧਿਆਪਕ ਦੇ ਤੌਰ ਉੱਤੇ ਸੇਵਾਵਾਂ ਦੇ ਰਹੇ ਹਨ ਅਤੇ ਚੰਡੀਗੜ੍ਹ ਸਿੱਖਿਆ ਵਿਭਾਗ ਨਾਲ ਉਹ 2010 ਤੋਂ ਜੁੜੇ ਹੋਏ ਹਨ। ਇਸ ਸਮੇਂ ਉਹ ਚੰਡੀਗੜ੍ਹ ਦੇ ਸੈਕਟਰ 20 ਵਿੱਚ ਕੁੜੀਆਂ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿੱਚ ਛੇਵੀਂ ਤੋਂ ਦੱਸਵੀਂ ਤੱਕ ਦੀਆਂ ਵਿਦਿਆਰਥਣਾਂ ਨੂੰ ਸੋਸ਼ਲ ਸਟੱਡੀਜ਼ ਪੜ੍ਹਾ ਰਹੇ ਹਨ।
ਪਰਵੀਨ ਕੁਮਾਰੀ ਕਹਿੰਦੇ ਹਨ ਮੈਂ ਆਪਣੇ ਬੱਚਿਆਂ ਨੂੰ ਕਿਤਾਬੀ ਗਿਆਨ ਤੱਕ ਹੀ ਸੀਮਤ ਨਹੀਂ ਕਰਨਾ ਚਾਹੁੰਦੀ ਸੀ।
ਉਹ ਕਹਿੰਦੇ ਹਨ, "ਮੈਂ ਪ੍ਰੈਕਟੀਕਲ ਪੜ੍ਹਾਈ ਉੱਤੇ ਜ਼ਿਆਦਾ ਜ਼ੋਰ ਦਿੰਦੀ ਹਾਂ। ਇਸ ਲਈ ਮੇਰਾ ਪੜ੍ਹਾਉਣ ਦਾ ਤਰੀਕਾ ਵੀ ਥੋੜ੍ਹਾ ਵੱਖਰਾ ਹੈ। ਮੈਂ ਬੱਚਿਆਂ ਨੂੰ ਕਠਪੁਤਲੀਆਂ ਦੀਆਂ ਮਦਦ ਨਾਲ ਵਿਸ਼ਾ ਸਮਝਾਉਂਦੀ ਹਾਂ। ਬੱਚੇ ਵੀ ਕਠਪੁਤਲੀਆਂ ਦੇਖ ਕੇ ਵਿਸ਼ਿਆਂ ਨੂੰ ਸੌਖੇ ਤਰੀਕੇ ਸਮਝ ਜਾਂਦੇ ਹਨ।"

ਤਸਵੀਰ ਸਰੋਤ, Navjot Kaur/BBC
ਪਰਵੀਨ ਕੁਮਾਰੀ ਨੇ ਕਠਪੁਤਲੀਆਂ ਨੂੰ ਨਾਮ ਵੀ ਦਿੱਤੇ ਹੋਏ ਹਨ, ਬੱਚੇ ਕਠਪੁਤਲੀਆਂ ਨੂੰ ਨਾਮ ਲੈ ਕੇ ਹੀ ਸੰਬੋਧਨ ਕਰਦੇ ਹਨ।
ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਪਰਵੀਨ ਕੁਮਾਰੀ ਕਹਿੰਦੇ ਹਨ, "ਮੈਂ ਅਸਾਮ ਵਿੱਚ ਕਿਸੇ ਵਿੱਦਿਅਕ ਪ੍ਰੋਗਰਾਮ ਦੌਰਾਨ ਸਿੱਖਿਆ ਸੀ ਕਿ ਕਠਪੁਤਲੀਆਂ ਦੀ ਮਦਦ ਨਾਲ ਵੀ ਪੜ੍ਹਾਈ ਹੋ ਸਕਦੀ ਹੈ, ਉਸ ਤੋਂ ਬਾਅਦ ਮੈਂ ਇਸਨੂੰ ਸਕੂਲ ਵਿੱਚ ਵੀ ਅਪਣਾ ਲਿਆ।"
ਉਹ ਅੱਗੇ ਕਹਿੰਦੇ ਹਨ, "ਇੰਨਾ ਹੀ ਨਹੀਂ ਜਿੱਥੇ ਲੋੜ ਪੈਂਦੀ ਹੈ ਮੈਂ ਬੱਚਿਆਂ ਨੂੰ ਬਾਹਰ ਬਾਗ਼ ਵਿੱਚ ਲੈ ਕੇ ਜਾਂਦੀ ਹਾਂ ਤੇ ਕਿਤਾਬ ਵਿੱਚ ਜੋ ਲਿਖਿਆ ਹੈ ਉਹ ਬੱਚਿਆਂ ਦੀ ਅੱਖਾਂ ਸਾਹਮਣੇ ਕਰਕੇ ਦਿਖਾਉਂਦੀ ਹਾਂ ਤੇ ਉਹ ਸਮਝ ਜਾਂਦੇ ਹਨ।"
ਪਰਵੀਨ ਕੁਮਾਰੀ ਦੇ ਯਤਨਾਂ ਸਦਕਾ ਸਕੂਲ ਵਿੱਚ ਇੱਕ ਤਲਾਅ ਵੀ ਹੈ, ਜਿੱਥੇ ਕਮਲ ਦੇ ਫੁੱਲ ਉਗਾਏ ਗਏ ਹਨ ਅਤੇ ਪ੍ਰਵੀਨ ਕੁਮਾਰੀ ਆਪਣੇ ਵਿਦਿਆਰਥੀਆਂ ਨੂੰ ਅਕਸਰ ਇਸ ਤਲਾਅ ਦੀ ਸਾਂਭ-ਸੰਭਾਲ ਕਰਨ ਅਤੇ ਤਲਾਅ ਵਿੱਚ ਪਲੀਆਂ ਮੱਛੀਆਂ ਬਾਰੇ ਜਾਣਕਾਰੀ ਦਿੰਦੇ ਹਨ।
ਆਧੁਨਿਕ ਤਕਨੀਕ ਨਾਲ ਕਰਵਾਉਂਦੇ ਪੜ੍ਹਾਈ

ਤਸਵੀਰ ਸਰੋਤ, Navjot Kaur/BBC
ਪਰਵੀਨ ਕੁਮਾਰੀ ਕੇਂਦਰ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਦੋ ਪੋਡਕਾਸਟ ਅਤੇ ਇੱਕ ਯੂਟਿਊਬ ਚੈਨਲ ਚਲਾਉਂਦੇ ਹਨ, ਜਿਸ ਵਿੱਚ ਉਹ ਵਿਦਿਆਰਥੀਆਂ ਨੂੰ ਬੋਲ ਕੇ ਸੋਸ਼ਲ ਸਟੱਡੀਜ਼ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਦਿੰਦੇ ਹਨ।
ਉਹ ਕੇਂਦਰ ਸਰਕਾਰ ਦੇ ਦਿਕਸ਼ਾ, ਪੀਐੱਮ ਵਿੱਦਿਆ, ਅਤੇ ਕਿਸ਼ੋਰ ਮੰਚ ਵਰਗੇ ਕੌਮੀ ਪਲੇਟਫਾਰਮਾਂ 'ਤੇ ਈ-ਕੰਟੈਂਟ ਮੁਹੱਈਆ ਕਰਵਾ ਰਹੇ ਹਨ।
ਉਹ ਕਹਿੰਦੇ ਹਨ, "ਕੋਰੋਨਾ ਕਾਲ ਸਮੇਂ ਬੱਚਿਆਂ ਲਈ ਸਕੂਲ ਆਉਣਾ ਬੰਦ ਹੋ ਗਿਆ ਸੀ, ਉਸ ਸਮੇਂ ਈ-ਕੰਟੈਂਟ ਨੇ ਹੀ ਬੱਚਿਆਂ ਨੂੰ ਸਿਲੇਬਸ ਪੂਰਾ ਕਰਨ ਵਿੱਚ ਮਦਦ ਕੀਤੀ। ਹੁਣ ਵੀ ਕਈ ਕਾਰਨਾਂ ਕਰਕੇ ਸਕੂਲਾਂ ਵਿੱਚ ਛੁੱਟੀਆਂ ਵੱਧ ਸਮੇਂ ਲਈ ਹੋ ਜਾਂਦੀਆਂ ਹਨ ਤਾਂ ਯੂਟਿਊਬ ਚੈੱਨਲ ਰਾਹੀਂ ਬੱਚਿਆਂ ਦੀ ਪੜ੍ਹਾਈ ਜਾਰੀ ਰੱਖੀ ਜਾ ਸਕਦੀ ਹੈ।”

ਤਸਵੀਰ ਸਰੋਤ, Navjot Kaur/BBC
ਸਕੂਲ ਦੇ ਪ੍ਰਿੰਸੀਪਲ ਸੀਮਾ ਵੀ ਆਪਣੇ ਸਕੂਲ ਦੇ ਅਧਿਆਪਕਾ ਨੂੰ ਕੌਮੀ ਪੁਰਸਕਾਰ ਮਿਲਣ ਉੱਤੇ ਬਹੁਤ ਖੁਸ਼ ਹਨ।
ਉਹ ਕਹਿੰਦੇ ਹਨ, "ਅਸੀਂ ਚੰਡੀਗੜ੍ਹ ਦਾ ਨਾਮ ਰੌਸ਼ਨ ਕਰਨ ਵਿੱਚ ਕਾਮਯਾਬ ਹੋ ਸਕੇ ਹਾਂ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ।"
ਪਰਵੀਨ ਕੁਮਾਰੀ ਦੇ ਪੜ੍ਹਾਉਣ ਦੇ ਤਰੀਕਿਆਂ ਦੀ ਸ਼ਲਾਘਾ ਕਰਦੇ ਉਹ ਕਹਿੰਦੇ ਹਨ, "ਅਧਿਆਪਕ ਉਹ ਹੀ ਵਧੀਆ ਹਨ ਜੋ ਬੱਚਿਆਂ ਨੂੰ ਉਨ੍ਹਾਂ ਦੇ ਆਪਣੇ ਮਨ ਮੁਤਾਬਕ ਪੜ੍ਹਾਉਣ ਅਤੇ ਗੱਲ ਸਮਝਾਉਣ ਦੀ ਯੋਗਤਾ ਰੱਖਦਾ ਹੋਵੇ ਤੇ ਪਰਵੀਨ ਕੁਮਾਰੀ ਆਪਣੇ ਵਿਦਿਆਰਥੀਆਂ ਨੂੰ ਕਾਮਯਾਬ ਕਰਨ ਲਈ ਹਰ ਢੰਗ ਅਪਣਾਉਂਦੇ ਹਨ। ਇਸ ਕਰਕੇ ਅੱਜ ਉਹ ਇਸ ਮੁਕਾਮ ਤੇ ਪਹੁੰਚੇ ਹਨ।"

ਲੁਧਿਆਣਾ ਤੋਂ ਨਰਿੰਦਰ ਸਿੰਘ ਦੀ ਵੀ ਚੋਣ ਹੋਈ

ਤਸਵੀਰ ਸਰੋਤ, Harmandeep Singh/BBC
ਲੁਧਿਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ ਦੇ ਮੁੱਖ ਅਧਿਆਪਕ ਨਰਿੰਦਰ ਸਿੰਘ ਨੇ ਰਾਸ਼ਟਰੀ ਅਧਿਆਪਕ ਪੁਰਸਕਾਰ, 2025 ਲਈ ਚੁਣੇ ਗਏ ਦੇਸ਼ ਭਰ ਦੇ 45 ਅਧਿਆਪਕਾਂ ਵਿੱਚ ਸ਼ਾਮਲ ਹੋ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।
ਕੇਂਦਰੀ ਸਿੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਉਨ੍ਹਾਂ ਦੇ ਨਾਮ ਦਾ ਐਲਾਨ ਕੀਤਾ ਸੀ। ਉਹ ਇਸ ਸਾਲ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਪੰਜਾਬ ਦੇ ਇਕਲੌਤੇ ਅਧਿਆਪਕ ਹਨ।
5 ਸਤੰਬਰ ਨੂੰ ਅਧਿਆਪਕ ਦਿਵਸ ਵਾਲੇ ਦਿਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਇੱਕ ਸਮਾਰੋਹ ਵਿੱਚ ਉਨ੍ਹਾਂ ਨੂੰ ਇਹ ਪੁਰਸਕਾਰ ਪ੍ਰਦਾਨ ਕਰਨਗੇ।
ਨਵੇਕਲੇ ਤਰੀਕਿਆਂ ਨਾਲ ਪੜਾਉਣ ਵਾਲੇ ਅਧਿਆਪਕ

ਤਸਵੀਰ ਸਰੋਤ, Harmandeep Singh/BBC
ਨਰਿੰਦਰ ਸਿੰਘ ਕਈ ਪਹਿਲਕਦਮੀਆਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਆਪਣੇ ਸਕੂਲ ਵਿੱਚ ਇੱਕ ਟ੍ਰੈਫਿਕ ਪਾਰਕ, ਸੁੰਦਰ ਲਿਖਾਈ ਪਾਰਕ, ਆਈਟੀ ਪਾਰਕ ਅਤੇ ਗਣਿਤ ਪਾਰਕ ਬਣਾਏ ਹੈ।
ਅਧਿਆਪਕ ਨਰਿੰਦਰ ਨੇ ਦੱਸਿਆ ਕਿ ਟ੍ਰੈਫਿਕ ਪਾਰਕ ਵਿੱਚ ਬੱਚਿਆਂ ਨੂੰ ਟਰੈਫਿਕ ਦੇ ਨਿਯਮਾਂ, ਸੁੰਦਰ ਲਿਖਾਈ ਪਾਰਕ ਵਿੱਚ ਲਿਖਾਈ ਸੁਧਾਰਨ, ਆਈਟੀ ਪਾਰਕ ਵਿੱਚ ਕੰਪਿਊਟਰ ਦੇ ਪੁਰਜ਼ਿਆਂ ਅਤੇ ਗਣਿਤ ਪਾਰਕ ਵਿੱਚ ਨਵੀ ਤਕਨੀਕਾਂ ਨਾਲ ਗਣਿਤ ਪੜ੍ਹਾਇਆ ਜਾਂਦਾ ਹੈ।
ਨਰਿੰਦਰ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2008 ਵਿੱਚ ਸਕੂਲ ਵਿੱਚ ਇੱਕ "ਇਮਾਨਦਾਰੀ ਦੀ ਦੁਕਾਨ" ਵੀ ਸ਼ੁਰੂ ਕੀਤੀ ਸੀ। ਜਿੱਥੇ ਵਿਦਿਆਰਥੀ ਬਗੈਰ ਕਿਸੇ ਦੁਕਾਨਦਾਰ ਦੇ ਸਟੇਸ਼ਨਰੀ ਖਰੀਦਦੇ ਹਨ।
ਤਿੰਨ ਕਮਰਿਆਂ ਵਾਲੇ ਸਕੂਲ ਨੂੰ ਸਮਾਰਟ ਸਕੂਲ ਵਿੱਚ ਬਦਲਿਆ

ਤਸਵੀਰ ਸਰੋਤ, Harmandeep Singh/BBC
ਨਰਿੰਦਰ ਦੱਸਦੇ ਹਨ ਕਿ ਉਨ੍ਹਾਂ ਨੇ ਸਾਲ 2006 ਵਿੱਚ ਇਹ ਸਕੂਲ ਜੁਆਇੰਨ ਕੀਤਾ ਸੀ। ਜਦੋਂ ਉਨ੍ਹਾਂ ਇਸ ਸਕੂਲ ਵਿੱਚ ਪੜਾਉਣ ਸ਼ੁਰੂ ਕੀਤਾ ਤਾਂ ਇੱਥੇ ਸਿਰਫ਼ ਤਿੰਨ ਕਮਰੇ ਅਤੇ 174 ਵਿਦਿਆਰਥੀ ਸਨ। ਇਹ ਤਿੰਨ ਕਮਰੇ ਵਾਲੇ ਸਕੂਲ ਦੀ ਹਾਲਾਤ ਵੀ ਤਰਸਯੋਗ ਸੀ।
ਉਹ ਦੱਸਦੇ ਹਨ ਕਿ ਸਕੂਲ ਰਸਤਿਆਂ ਤੋਂ ਨੀਵਾਂ ਹੋਣ ਕਰਕੇ ਮੀਂਹ ਦੇ ਪਾਣੀ ਨਾਲ ਭਰ ਜਾਂਦਾ ਸੀ। ਕਲਾਸਾਂ ਪੰਜ ਸਨ ਪਰ ਕਲਾਸ ਰੂਮ ਤਿੰਨ ਹੀ ਸਨ।
ਮਗਰੋਂ ਉਨ੍ਹਾਂ ਤੇ ਪਿੰਡ ਦੀ ਪੰਚਾਇਤ ਅਤੇ ਐੱਨਆਰਆਈਜ਼ ਦੀ ਮਦਦ ਨਾਲ ਸਕੂਲ ਨੂੰ 15 ਏਅਰ-ਕੰਡੀਸ਼ਨਡ ਸਮਾਰਟ ਕਲਾਸਰੂਮਾਂ ਵਾਲੇ ਸਕੂਲ ਵਿੱਚ ਬਦਲਿਆ।

ਵਿਦਿਆਰਥੀਆਂ ਪ੍ਰਤੀ ਨਰਿੰਦਰ ਦੀ ਮਿਹਨਤ ਅਤੇ ਲਗਨ ਕਰਕੇ ਸਾਲ 2012 ਵਿੱਚ ਉਸਨੂੰ ਸਟੇਟ ਪੁਰਸਕਾਰ ਵੀ ਮਿਲਿਆ ਸੀ।
ਉਹ ਕਹਿੰਦੇ ਹਨ, "ਮੈਂ ਵਿਦਿਆਰਥੀ ਨੂੰ ਅਕਾਦਮਿਕ ਦੇ ਨਾਲ ਨਾਲ ਨੈਤਿਕ ਕਦਰਾਂ-ਕੀਮਤਾਂ ਪ੍ਰਤੀ ਵੀ ਮਜ਼ਬੂਤ ਕਰਨ ਵੱਲ ਜ਼ੋਰ ਲਗਾਉਂਦਾ ਹਾਂ।"
ਸਿੱਖਿਆ ਮੰਤਰੀ ਨੇ ਕੀ ਕਿਹਾ

ਤਸਵੀਰ ਸਰੋਤ, Harmandeep Singh/BBC
ਰਾਸ਼ਟਰੀ ਸਨਮਾਨ ਮਿਲਣ ਤੇ ਖੁਸ਼ੀ ਪ੍ਰਗਟ ਕਰਦੇ ਹੋਏ, ਪੰਜਾਬ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਰਿੰਦਰ ਸਿੰਘ ਨੂੰ 2025 ਦੇ ਰਾਸ਼ਟਰੀ ਅਧਿਆਪਕ ਪੁਰਸਕਾਰ ਵਾਸਤੇ ਚੁਣੇ ਜਾਣ 'ਤੇ ਵਧਾਈਆਂ ਦਿੱਤੀਆਂ ਹਨ।
ਸੋਮਵਾਰ ਨੂੰ ਇੱਕ ਪ੍ਰੈਸ ਬਿਆਨ ਰਾਹੀਂ ਉਨ੍ਹਾਂ ਨੇ ਕਿਹਾ ਕਿ ਨਰਿੰਦਰ ਦੀ ਪ੍ਰਾਪਤੀ ਸਾਥੀ ਅਧਿਆਪਕਾਂ ਲਈ ਇੱਕ ਉਦਾਹਰਣ ਬਣੀ ਹੈ, ਉਹ ਵੀ ਇਨ੍ਹਾਂ ਨਕਸ਼ੇ ਕਦਮਾਂ ਉਤੇ ਚੱਲਣ।
ਉਨ੍ਹਾਂ ਕਿਹਾ ਨਰਿੰਦਰ ਦੀ ਪ੍ਰਾਪਤੀ ਉਨ੍ਹਾਂ ਦੇ ਵਿਦਿਆਰਥੀਆਂ ਦੇ ਜੀਵਨ 'ਤੇ ਇੱਕ ਸਾਰਥਕ ਪ੍ਰਭਾਵ ਪਾਉਂਦੀ ਹੈ।
ਸਿੱਖਿਆ ਮੰਤਰੀ ਨੇ ਉਨ੍ਹਾਂ ਦੇ ਵਿਦਿਆਰਥੀਆਂ ਵਿੱਚ ਸਿੱਖਣ ਲਈ ਉਤਸੁਕਤਾ ਦੀ ਭਾਵਨਾ ਪੈਦਾ ਕਰਨ ਲਈ ਉਨ੍ਹਾਂ ਦੇ ਬੇਮਿਸਾਲ ਅਧਿਆਪਨ ਹੁਨਰ, ਨਵੀਨਤਾਕਾਰੀ ਪਹੁੰਚ ਅਤੇ ਅਣਥੱਕ ਸਮਰਪਣ ਦੀ ਵੀ ਸ਼ਲਾਘਾ ਕੀਤੀ।
‘ਪੜ੍ਹਾਉਣਾ ਇੱਕ ਨੋਬਲ ਕਿੱਤਾ ਹੈ’

ਤਸਵੀਰ ਸਰੋਤ, Harmandeep Singh/BBC
ਨਰਿੰਦਰ ਸਿੰਘ ਕਹਿੰਦੇ ਹਨ ਕਿ ਅਧਿਆਪਨ ਇੱਕ ਨੋਬਲ ਪੇਸ਼ਾ ਹੈ।
"ਅਧਿਆਪਕ ਹੋਣ ਦੇ ਨਾਤੇ ਮੇਰੇ ਲਈ ਇਹ ਇੱਕ ਤਪੱਸਿਆ ਕਰਨ ਦਾ ਸਾਮਾਨ ਹੈ। ਤੁਸੀਂ ਜਿਹੜਾ ਪੇਸ਼ਾ ਚੁਣਦੇ ਹੋ ਜਾਂ ਪੇਸ਼ਾ ਤੁਹਾਨੂੰ ਚੁਣਦਾ ਹੈ, ਸਾਨੂੰ ਉਸ ਪ੍ਰਤੀ ਇਮਾਨਦਾਰ ਰਹਿਣਾ ਚਾਹੀਦਾ ਹੈ।"
ਨਰਿੰਦਰ ਸਿੰਘ ਕਹਿੰਦੇ ਹਨ, "ਪਹਿਲਾਂ ਅਕਸਰ ਕਿਹਾ ਜਾਂਦਾ ਸੀ ਕਿ ਸਕੂਲ ਵਿੱਚ ਆਓ ਸਿੱਖੋ ਅਤੇ ਜਾਓ। ਪਰ ਹੁਣ ਸਮਾਂ ਬਦਲ ਗਿਆ ਹੈ। ਵਿਦਿਆਰਥੀ ਬਹੁਤ ਰਚਨਾਤਮਕ ਹੋ ਗਏ ਹਨ। ਵਿਦਿਆਰਥੀਆਂ ਨੂੰ ਰਚਨਾਤਮਕ ਹੋਣ ਦਾ ਮੌਕਾ ਮਿਲਣਾ ਚਾਹੀਦਾ ਹੈ। ਇਸ ਵਾਸਤੇ ਉਨ੍ਹਾਂ ਨੂੰ ਰਚਨਾਤਮਕ ਤਰੀਕੇ ਨਾਲ ਪੜ੍ਹਾਇਆ ਵੀ ਜਾਣਾ ਚਾਹੀਦਾ ਹੈ।"
"ਇਸ ਵਾਸਤੇ ਮੈਂ ਵਿਦਿਆਰਥੀਆਂ ਨੂੰ ਰਚਨਾਤਮਕ ਤਰੀਕੇ ਨਾਲ ਪੜਾਉਣਾ ਸ਼ੁਰੂ ਕੀਤਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












