ਪੰਜਾਬ ਦੇ ਧਰਤੀ ਹੇਠਲੇ ਪਾਣੀ ਵਿੱਚ ਦੇਸ਼ ਭਰ 'ਚ ਸਭ ਤੋਂ ਵੱਧ ਯੂਰੇਨੀਅਮ, ਜਾਣੋ ਸਾਡੇ ਸਰੀਰ 'ਤੇ ਇਸ ਦਾ ਕੀ ਅਸਰ ਪੈਂਦਾ ਹੈ

ਪਾਣੀ ਪ੍ਰਦੂਸ਼ਣ

ਤਸਵੀਰ ਸਰੋਤ, Getty Images

ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ ਦੇਸ਼ ਭਰ ਦੇ ਸੂਬਿਆਂ ਵਿੱਚੋਂ ਸਭ ਤੋਂ ਜ਼ਿਆਦਾ ਪਾਈ ਗਈ ਹੈ।

ਇਹ ਅੰਕੜੇ, ਕੇਂਦਰੀ ਭੂਮੀਗਤ ਜਲ ਬੋਰਡ ਦੀ ਸਾਲਾਨਾ ਭੂਮੀਗਤ ਜਲ ਗੁਣਵੱਤਾ ਰਿਪੋਰਟ 2025 ਵਿੱਚ ਸ਼ਾਮਲ ਕੀਤੇ ਗਏ ਹਨ।

ਰਿਪੋਰਟ ਮੁਤਾਬਕ, ਪੰਜਾਬ, ਹਰਿਆਣਾ, ਰਾਜਸਥਾਨ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਰਗੇ ਸੂਬਿਆਂ ਵਿੱਚ ਕਿਤੇ-ਕਿਤੇ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ ਦਾ ਪੱਧਰ (30 ਪੀਪੀਬੀ (ਪਾਰਟਸ ਪਰ ਬਿਲੀਅਨ) ਤੈਅ ਸੀਮਾ ਤੋਂ ਵੱਧ) ਪਾਇਆ ਗਿਆ ਹੈ।

ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਯੂਰੇਨੀਅਮ ਪ੍ਰਦੂਸ਼ਣ ਪੰਜਾਬ ਦੇ ਪਾਣੀ ਵਿੱਚ ਮਿਲਿਆ ਹੈ।

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਵਿੱਚ ਮਾਨਸੂਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਲਏ ਗਏ ਧਰਤੀ ਹੇਠਲੇ ਪਾਣੀ ਦੇ ਨਮੂਨਿਆਂ ਵਿੱਚੋਂ ਅੱਧੇ ਤੋਂ ਵੱਧ ਨਮੂਨਿਆਂ ਵਿੱਚ ਯੂਰੇਨੀਅਮ ਦਾ ਪੱਧਰ ਸੁਰੱਖਿਅਤ ਸੀਮਾ ਤੋਂ ਵੱਧ ਪਾਇਆ ਗਿਆ।

ਕਿਵੇਂ ਕੀਤੀ ਗਈ ਜਾਂਚ ਤੇ ਕੀ ਹੈ ਪੰਜਾਬ ਦਾ ਹਾਲ

ਪਾਣੀ ਪ੍ਰਦੂਸ਼ਣ

ਤਸਵੀਰ ਸਰੋਤ, Getty Images

ਪਾਣੀ ਦੀ ਜਾਂਚ ਲਈ ਸਾਲ 2024 ਵਿੱਚ ਦੇਸ਼ ਭਰ ਦੇ ਸੂਬਿਆਂ ਵਿੱਚੋਂ ਮਾਨਸੂਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਧਰਤੀ ਹੇਠਲੇ ਪਾਣੀ ਦੇ ਕੁੱਲ 3,754 ਨਮੂਨੇ ਲਏ ਗਏ ਸਨ।

ਰਿਪੋਰਟ ਕਹਿੰਦੀ ਹੈ ਕਿ ਯੂਰੇਨੀਅਮ ਦੇ ਪੱਧਰ, ਮਾਨਸੂਨ ਤੋਂ ਪਹਿਲਾਂ 6.71% ਅਤੇ ਮਾਨਸੂਨ ਤੋਂ ਬਾਅਦ 7.91% ਨਮੂਨਿਆਂ ਵਿੱਚ 30 ਪੀਪੀਬੀ ਦੀ ਸੁਰੱਖਿਅਤ ਸੀਮਾ ਤੋਂ ਉੱਪਰ ਪਾਏ ਗਏ, ਜੋ ਕਿ ਬਾਰਿਸ਼ ਤੋਂ ਬਾਅਦ ਮਾਮੂਲੀ ਵਾਧਾ ਦਰਸਾਉਂਦੇ ਹਨ।

ਪੰਜਾਬ ਦੀ ਗੱਲ ਕਰੀਏ ਤਾਂ ਸੂਬੇ ਵਿੱਚ ਮਾਨਸੂਨ ਤੋਂ ਪਹਿਲਾਂ ਦੇ ਪਾਣੀ ਦੇ ਨਮੂਨਿਆਂ 'ਚ ਯੂਰੇਨੀਅਮ ਪੱਧਰ 53.04% ਅਤੇ ਮਾਨਸੂਨ ਤੋਂ ਬਾਅਦ ਪਾਣੀ ਵਿੱਚ 62.50% ਵੱਧ ਪਾਇਆ ਗਿਆ।

ਇਸ ਦੇ ਨਾਲ ਹੀ ਗੁਆਂਢੀ ਸੂਬੇ ਹਰਿਆਣਾ ਵਿੱਚ ਮਾਨਸੂਨ ਤੋਂ ਪਹਿਲਾਂ ਦੇ ਪਾਣੀ ਦੇ ਨਮੂਨਿਆਂ 'ਚ ਯੂਰੇਨੀਅਮ ਪੱਧਰ 15% ਅਤੇ ਮਾਨਸੂਨ ਤੋਂ ਬਾਅਦ 23.75% ਵੱਧ ਮਿਲਿਆ।

ਰਾਜਧਾਨੀ ਦਿੱਲੀ (13–15.66%), ਕਰਨਾਟਕ (6–8%), ਅਤੇ ਉੱਤਰ ਪ੍ਰਦੇਸ਼ (5–6%) ਵਿੱਚ ਵੀ ਉੱਚ ਪੱਧਰ ਪਾਏ ਗਏ। ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਦਰਮਿਆਨਾ ਪ੍ਰਦੂਸ਼ਣ ਦੇਖਿਆ ਗਿਆ, ਜਦਕਿ ਜ਼ਿਆਦਾਤਰ ਹੋਰ ਸੂਬਿਆਂ ਵਿੱਚ ਯੂਰੇਨੀਅਮ ਪੱਧਰ ਸੁਰੱਖਿਅਤ ਸੀਮਾਵਾਂ ਦੇ ਅੰਦਰ ਸਨ।

ਰਿਪੋਰਟ ਵਿੱਚ ਕਿਹਾ ਗਿਆ ਹੈ ਯੂਰੇਨੀਅਮ ਪ੍ਰਦੂਸ਼ਣ ਸੰਭਾਵਤ ਤੌਰ 'ਤੇ ਭੂ-ਵਿਗਿਆਨਕ ਕਾਰਕਾਂ, ਭੂਮੀਗਤ ਪਾਣੀ ਦੀ ਕਮੀ, ਅਤੇ ਐਕਵਿਫਰ ਵਿਸ਼ੇਸ਼ਤਾਵਾਂ ਕਾਰਨ ਹੋ ਸਕਦਾ ਹੈ।

ਆਰਸੈਨਿਕ ਦੀ ਮਾਤਰਾ ਵੀ ਤੈਅ ਸੀਮਾ ਤੋਂ ਵੱਧ

ਪਾਣੀ ਪ੍ਰਦੂਸ਼ਣ

ਤਸਵੀਰ ਸਰੋਤ, Getty Images

ਰਿਪੋਰਟ ਮੁਤਾਬਕ, ਅਸਾਮ, ਬਿਹਾਰ, ਛੱਤੀਸਗੜ੍ਹ, ਝਾਰਖੰਡ, ਪੰਜਾਬ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਭਾਰਤੀ ਸੂਬਿਆਂ ਵਿੱਚ ਭੂਮੀਗਤ ਪਾਣੀ ਵਿੱਚ ਆਰਸੈਨਿਕ ਪ੍ਰਦੂਸ਼ਣ ਦੀ ਰਿਪੋਰਟ ਕੀਤੀ ਗਈ ਹੈ।

ਆਰਸੈਨਿਕ ਗੰਦਗੀ ਦੀ ਮੌਜੂਦਗੀ ਦਾ ਮੁਲਾਂਕਣ ਕਰਨ ਲਈ 32 ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੁੱਲ 3,415 ਭੂਮੀਗਤ ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ।

ਮੁੱਖ ਤੌਰ 'ਤੇ ਇੰਡੋ-ਗੰਗਾ ਐਲੂਵੀਅਲ ਮੈਦਾਨਾਂ (ਹੜ੍ਹ ਵਾਲੇ ਮੈਦਾਨਾਂ) ਵਿੱਚ ਆਰਸੈਨਿਕ ਦੀ ਮੌਜੂਦਗੀ ਤੈਅ ਸੀਮਾ (>10 ਪੀਪੀਬੀ) ਤੋਂ ਵੱਧ ਪਾਈ ਗਈ। ਆਰਸੈਨਿਕ ਦਾ ਪੱਧਰ ਪੱਛਮੀ ਬੰਗਾਲ ਵਿੱਚ 19.5% - 15.7%, ਪੰਜਾਬ ਵਿੱਚ 9.1% - 9.5% ਅਤੇ ਉੱਤਰ ਪ੍ਰਦੇਸ਼ ਵਿੱਚ 3.8% - 4.2% ਵੱਧ ਪਾਇਆ ਗਿਆ।

ਇਹ ਅੰਕੜੇ ਮਾਨਸੂਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਲਏ ਗਏ ਪਾਣੀ ਦੇ ਨਮੂਨਿਆਂ 'ਤੇ ਅਧਾਰਿਤ ਹਨ।

ਇਸ ਤੋਂ ਇਲਾਵਾ ਸੀਸੇ ਦੀ ਮੌਜੂਦਗੀ ਵੀ ਮੁੱਖ ਤੌਰ 'ਤੇ ਅਸਮ, ਓਡੀਸ਼ਾ, ਰਾਜਸਥਾਨ, ਪੰਜਾਬ ਅਤੇ ਤਾਮਿਲਨਾਡੂ ਦੀਆਂ ਕੁਝ ਥਾਵਾਂ 'ਤੇ ਮਿਲੀ।

ਰਾਜਸਥਾਨ, ਹਰਿਆਣਾ, ਪੰਜਾਬ, ਗੁਜਰਾਤ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਸੂਬਿਆਂ ਵਿੱਚ ਧਰਤੀ ਹੇਠਲੇ ਪਾਣੀ ਵਿੱਚ ਨਾਈਟ੍ਰੇਟ ਦੀ ਮਾਤਰਾ ਵੀ ਪਾਈ ਗਈ ਹੈ।

ਡਬਲਿਊਐੱਚਓ ਅਤੇ ਬੀਆਈਐੱਸ ਮੁਤਾਬਕ ਪਾਣੀ 'ਚ ਆਰਸੈਨਿਕ ਦੀ ਮਾਤਰਾ 0.05 ਮਿਲੀਗ੍ਰਾਮ ਪ੍ਰਤੀ ਲੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਇਹ ਵੀ ਪੜ੍ਹੋ-
ਪਾਣੀ ਪ੍ਰਦੂਸ਼ਣ

ਬੀਤੇ ਮਹੀਨੇ ਬੀਬੀਸੀ ਪੰਜਾਬੀ ਦੇ ਪੱਤਕਾਰ ਡਿੰਕਲ ਪੋਪਲੀ ਨੇ ਸੂਬੇ 'ਚ ਧਰਤੀ ਹੇਠਲੇ ਪਾਣੀ ਪ੍ਰਦੂਸ਼ਣ ਸਬੰਧੀ ਇੱਕ ਰਿਪੋਰਟ ਤਿਆਰ ਕੀਤੀ ਸੀ। ਇਸ ਰਿਪੋਰਟ ਵਿੱਚ ਮਾਹਰਾਂ ਨਾਲ ਗੱਲਬਾਤ ਕਰਕੇ ਦੱਸਿਆ ਗਿਆ ਸੀ ਕਿ ਯੂਰੇਨੀਅਮ ਅਤੇ ਆਰਸੈਨਿਕ ਵਰਗੇ ਰਸਾਇਣਾਂ ਕਾਰਨ ਸਾਡੀ ਸਿਹਤ ਨੂੰ ਕਿੰਨਾ ਖਤਰਾ ਹੋ ਸਕਦਾ ਹੈ।

ਉਸੇ ਰਿਪੋਰਟ ਦੇ ਕੁਝ ਅੰਸ਼ ਅਸੀਂ ਇੱਥੇ ਹੁਬਹੂ ਪ੍ਰਕਾਸ਼ਿਤ ਕਰ ਰਹੇ ਹਾਂ।

ਸਿਹਤ 'ਤੇ ਇਸ ਦਾ ਕੀ ਹੁੰਦਾ ਹੈ ਅਸਰ?

ਪਾਣੀ ਪ੍ਰਦੂਸ਼ਣ

ਤਸਵੀਰ ਸਰੋਤ, Getty Images

ਜਦੋਂ ਸੁਰੱਖਿਅਤ ਮਾਤਰਾ ਤੋਂ ਵੱਧ ਅਜਿਹੇ ਰਸਾਇਣ ਸਾਡੇ ਸਰੀਰ 'ਚ ਦਾਖਲ ਹੁੰਦੇ ਨੇ ਤਾਂ ਉਹ ਬਿਮਾਰੀਆਂ ਦਾ ਘਰ ਬਣਦੇ ਹਨ।

ਅਜਿਹੇ ਤੱਤਾਂ ਦੀ ਲਗਾਤਾਰ ਖ਼ਪਤ ਨਾਲ ਗੁਰਦੇ, ਜਿਗਰ ਦੇ ਰੋਗ, ਬਾਂਝਪਣ, ਇੱਥੋਂ ਤੱਕ ਕਿ ਕੈਂਸਰ ਵਰਗੀਆਂ ਸਮੱਸਿਆਵਾ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।

ਡਾਕਟਰ ਰਾਜੀਵ ਦੇਵਗਨ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਦੇ ਪ੍ਰਿੰਸੀਪਲ ਹਨ।

ਉਹ ਦੱਸਦੇ ਹਨ, "ਮੁੱਖ ਤੌਰ 'ਤੇ ਖਾਣ-ਪੀਣ ਅਤੇ ਜੀਵਨਸ਼ੈਲੀ 'ਚ ਆ ਰਹੇ ਬਦਲਾਅ ਦੇ ਨਾਲ ਜਦੋਂ ਮਨੁੱਖੀ ਸਰੀਰ ਵਧੇ ਪ੍ਰਦੂਸ਼ਣ ਦੀ ਮਾਰ ਝੱਲਦਾ ਹੈ ਤਾਂ ਇਨ੍ਹਾਂ ਬਿਮਾਰੀਆਂ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਲੰਬੇ ਸਮੇਂ ਤੱਕ ਪ੍ਰਦੂਸ਼ਿਤ ਪਾਣੀ ਪੀਣ ਨਾਲ ਸਿਹਤ 'ਤੇ ਮਾੜਾ ਅਸਰ ਪੈਣਾ ਲਾਜ਼ਮੀ ਹੈ।"

ਰਸਾਇਣਕ ਤੱਤ ਪਾਣੀ 'ਚ ਕਿੱਥੋਂ ਆਉਂਦੇ ਹਨ?

ਪਾਣੀ ਪ੍ਰਦੂਸ਼ਣ

ਤਸਵੀਰ ਸਰੋਤ, Getty Images

ਡਾ. ਏ. ਸ਼ਰੀਫ਼, ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦਿੱਲੀ ਦੇ ਕਲੀਨਿਕਲ ਈਕੋਟੌਕਸਿਕਲੋਜੀ ਡਾਇਗਨੌਸਟਿਕ ਐਂਡ ਰਿਸਰਚ ਫਸੀਲਿਟੀ ਦੇ ਸੰਸਥਾਪਕ ਅਤੇ ਸਰੀਰ ਵਿਗਿਆਨ ਵਿਭਾਗ ਦੇ ਮੁਖੀ ਹਨ।

ਉਹ ਇਸਦੇ ਪਿੱਛੇ ਮਨੁੱਖੀ ਅਤੇ ਕੁਦਰਤੀ ਕਾਰਨ ਮੰਨਦੇ ਹਨ।

ਡਾਕਟਰ ਏ ਸ਼ਰੀਫ਼ ਕਹਿੰਦੇ ਹਨ, "ਇਹ ਰਸਾਇਣ ਪਹਾੜੀ ਇਲਾਕਿਆਂ ਤੋਂ ਆ ਰਹੇ ਪਾਣੀ ਦੇ ਨਾਲ ਮੈਦਾਨੀ ਇਲਾਕਿਆਂ 'ਚ ਵੱਡੀ ਮਾਤਰਾ ਨਾਲ ਜਮ੍ਹਾਂ ਹੋ ਜਾਂਦੇ ਹਨ। ਇਹ ਪ੍ਰਦੂਸ਼ਿਤ ਪਾਣੀ ਦਾ ਕੁਦਰਤੀ ਸਰੋਤ ਹੈ। ਪਰ ਪੰਜਾਬ 'ਚ ਕਿਸਾਨਾਂ ਵਲੋਂ ਖੇਤੀਬਾੜੀ ਲਈ ਕੀਟਨਾਸ਼ਕ ਅਤੇ ਖ਼ਾਦ ਦੀ ਬਹੁਤ ਜ਼ਿਆਦਾ ਮਾਤਰਾ 'ਚ ਵਰਤੋਂ ਕੀਤੀ ਜਾਂਦੀ ਹੈ। ਇਹ ਰਸਾਇਣ ਪਾਣੀ 'ਚ ਘੁਲ ਕੇ ਉਸ ਨੂੰ ਪ੍ਰਦੂਸ਼ਿਤ ਬਣਾਉਂਦੇ ਹਨ।"

ਡਾ. ਸ਼ਰੀਫ਼ ਅੱਗੇ ਦੱਸਦੇ ਹਨ, "ਕਿਉਂਕਿ ਪੰਜਾਬ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਬਹੁਤ ਡੂੰਘਾ ਹੋ ਗਿਆ ਹੈ, ਇਸ ਕਰਕੇ ਪਾਣੀ ਬਹੁਤ ਡੂੰਘਾਈ 'ਚੋ ਕੱਢਿਆ ਜਾ ਰਿਹਾ ਹੈ। ਬਹੁਤ ਜ਼ਿਆਦਾ ਡੂੰਘਾਈ 'ਚੋ ਨਿਕਲੇ ਪਾਣੀ ਵਿੱਚ ਆਮਤੌਰ 'ਤੇ ਇਨ੍ਹਾਂ ਤੱਤਾਂ ਦੀ ਮਾਤਰਾ ਕਾਫੀ ਵੱਧ ਹੁੰਦੀ ਹੈ।"

ਉਨ੍ਹਾਂ ਨੇ ਅੱਗੇ ਦੱਸਿਆ ਕਿ ਅਜਿਹਾ ਪਾਣੀ ਪੀਣ ਨਾਲ ਸਰੀਰ 'ਤੇ ਇੱਕੋ ਦਮ ਕੋਈ ਅਸਰ ਨਹੀਂ ਆਉਂਦਾ, ਪਰ ਕਿਉਂਕਿ ਇਸਦਾ ਸੇਵਨ ਰੋਜ਼ਾਨਾ ਕੀਤਾ ਜਾ ਰਿਹਾ ਹੈ, ਹੌਲੀ ਹੌਲੀ ਇਹ ਤੱਤ ਸਾਡੇ ਸਰੀਰ 'ਚ ਜਮ੍ਹਾ ਹੁੰਦੇ ਜਾਂਦੇ ਹਨ ਅਤੇ ਰੋਗਾਂ ਦੇ ਖ਼ਦਸ਼ੇ ਨੂੰ ਵਧਾਉਂਦੇ ਹਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)