ਸ਼ੇਖ ਹਸੀਨਾ ਨੂੰ ਸਜ਼ਾ-ਏ-ਮੌਤ: ਬੰਗਲਾਦੇਸ਼ ਨੇ ਭਾਰਤ ਨੂੰ ਉਨ੍ਹਾਂ ਨੂੰ ਸੌਂਪਣ ਲਈ ਕਿਹਾ ਤੇ ਮੋਦੀ ਸਰਕਾਰ ਨੇ ਕੀ ਜਵਾਬ ਦਿੱਤਾ

ਤਸਵੀਰ ਸਰੋਤ, AFP via Getty Images
ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਸਾਬਕਾ ਗ੍ਰਹਿ ਮੰਤਰੀ ਅਸਦੁਜਮਾਂ ਖ਼ਾਨ ਕਮਾਲ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਦੋਵੇਂ ਇਸ ਸਮੇਂ ਭਾਰਤ ਵਿੱਚ ਰਹਿ ਰਹੇ ਹਨ।
ਫ਼ੈਸਲੇ ਤੋਂ ਬਾਅਦ, ਬੰਗਲਾਦੇਸ਼ ਨੇ ਭਾਰਤ ਤੋਂ ਸ਼ੇਖ ਹਸੀਨਾ ਦੀ ਹਵਾਲਗੀ ਦੀ ਮੰਗ ਕੀਤੀ।
ਜਵਾਬ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ "ਜਾਣਕਾਰੀ ਹੈ ਕਿ ਬੰਗਲਾਦੇਸ਼ ਟ੍ਰਿਬਿਊਨਲ ਨੇ ਸ਼ੇਖ਼ ਹਸੀਨਾ ਬਾਰੇ ਇੱਕ ਫ਼ੈਸਲਾ ਸੁਣਾਇਆ ਹੈ।"
ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ, "ਇੱਕ ਨਜ਼ਦੀਕੀ ਗੁਆਂਢੀ ਹੋਣ ਦੇ ਨਾਤੇ, ਭਾਰਤ ਬੰਗਲਾਦੇਸ਼ ਦੇ ਲੋਕਾਂ ਦੇ ਹਿੱਤਾਂ ਲਈ ਵਚਨਬੱਧ ਹੈ, ਜਿਸ ਵਿੱਚ ਸ਼ਾਂਤੀ, ਲੋਕਤੰਤਰ, ਸਮਾਵੇਸ਼ ਅਤੇ ਸਥਿਰਤਾ ਸ਼ਾਮਲ ਹੈ। ਇਸ ਲਈ, ਭਾਰਤ ਹਮੇਸ਼ਾ ਸਾਰੇ ਸਟੇਕਹੋਲਡਰਾਂ ਨਾਲ ਰਚਨਾਤਮਕ ਤੌਰ 'ਤੇ ਜੁੜਦਾ ਰਹੇਗਾ।"
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਮਨੁੱਖਤਾ ਵਿਰੁੱਧ ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਹੈ ਅਤੇ ਮੌਤ ਦੀ ਸਜ਼ਾ ਸੁਣਾਈ ਗਈ ਹੈ।
ਸ਼ੇਖ ਹਸੀਨਾ 'ਤੇ ਪਿਛਲੇ ਸਾਲ ਜੁਲਾਈ-ਅਗਸਤ ਵਿੱਚ ਹੋਏ ਵਿਦਰੋਹ ਦੌਰਾਨ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਇਲਜ਼ਾਮ ਲਗਾਏ ਗਏ ਸਨ।
ਸ਼ੇਖ ਹਸੀਨਾ ਵਿਰੁੱਧ ਕੇਸ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿੱਚ ਚਲਾਇਆ ਗਿਆ ਸੀ, ਜੋ ਭਾਰਤ ਵਿੱਚ ਜਲਾਵਤਨ ਰਹਿ ਰਹੇ ਹਨ।
453 ਪੰਨਿਆਂ ਦੇ ਫ਼ੈਸਲੇ ਨੂੰ ਪੜ੍ਹਨ ਤੋਂ ਪਹਿਲਾਂ, ਜਸਟਿਸ ਮੁਹੰਮਦ ਗ਼ੁਲਾਮ ਮੁਰਤਜ਼ਾ ਮਜੂਮਦਾਰ ਨੇ ਕਿਹਾ ਕਿ ਇਸ ਨੂੰ ਛੇ ਹਿੱਸਿਆਂ ਵਿੱਚ ਸੁਣਾਇਆ ਜਾਵੇਗਾ।
ਫ਼ੈਸਲੇ ਦਾ ਐਲਾਨ ਬੰਗਲਾਦੇਸ਼ ਟੈਲੀਵਿਜ਼ਨ 'ਤੇ ਸਿੱਧਾ ਪ੍ਰਸਾਰਿਤ ਕੀਤਾ ਗਿਆ।
ਸ਼ੇਖ ਹਸੀਨਾ ਨੇ ਕੀ ਦਿੱਤੀ ਪ੍ਰਤੀਕਿਰਿਆ
ਉਧਰ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਢਾਕਾ ਅਦਾਲਤ ਦੇ ਫ਼ੈਸਲੇ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਅਦਾਲਤ ਦੇ ਫ਼ੈਸਲੇ ਨੂੰ "ਪੱਖਪਾਤੀ ਅਤੇ ਰਾਜਨੀਤਿਕ ਤੌਰ 'ਤੇ ਪ੍ਰੇਰਿਤ" ਕਿਹਾ ਹੈ।
ਅਦਾਲਤ ਦੇ ਫ਼ੈਸਲੇ ਤੋਂ ਬਾਅਦ, ਸ਼ੇਖ ਹਸੀਨਾ ਦੁਆਰਾ ਪੰਜ ਪੰਨਿਆਂ ਦਾ ਬਿਆਨ ਜਾਰੀ ਕੀਤਾ ਗਿਆ।
ਇਸ ਵਿੱਚ ਕਿਹਾ ਗਿਆ ਹੈ, "ਮੌਤ ਦੀ ਸਜ਼ਾ ਅੰਤਰਿਮ ਸਰਕਾਰ ਦਾ ਅਵਾਮੀ ਲੀਗ ਨੂੰ ਇੱਕ ਰਾਜਨੀਤਿਕ ਸ਼ਕਤੀ ਵਜੋਂ ਗ਼ੈਰ-ਕਾਨੂੰਨੀ ਠਹਿਰਾਉਣ ਦਾ ਤਰੀਕਾ ਹੈ।"
ਅਵਾਮੀ ਲੀਗ ਸ਼ੇਖ ਹਸੀਨਾ ਦੀ ਪਾਰਟੀ ਹੈ।
ਇਸ ਤੋਂ ਪਹਿਲਾਂ, ਸ਼ੇਖ ਹਸੀਨਾ ਨੇ ਮੁਕੱਦਮੇ ਨੂੰ "ਮਜ਼ਾਕ" ਕਿਹਾ ਸੀ ਅਤੇ ਆਪਣੇ ਵਿਰੁੱਧ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਸੀ।
ਉਨ੍ਹਾਂ ਕਿਹਾ ਸੀ, "ਮੈਨੂੰ ਆਪਣੇ ਉੱਤੇ ਲੱਗੇ ਇਲਜ਼ਾਮਾਂ ਦਾ ਸਾਹਮਣਾ ਇੱਕ ਢੁਕਵੇਂ ਟ੍ਰਿਬਿਊਨਲ ਵਿੱਚ ਕਰਨ ਵਿੱਚ ਕੋਈ ਡਰ ਨਹੀਂ ਹੈ, ਜਿੱਥੇ ਸਬੂਤਾਂ ਦਾ ਨਿਰਪੱਖ ਮੁਲਾਂਕਣ ਅਤੇ ਜਾਂਚ ਕੀਤੀ ਜਾ ਸਕਦੀ ਹੈ।"
ਉਨ੍ਹਾਂ ਨੇ ਅੰਤਰਿਮ ਸਰਕਾਰ ਨੂੰ ਹੇਗ ਵਿੱਚ ਮੌਜੂਦ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਦੇ ਸਾਹਮਣੇ ਇਨ੍ਹਾਂ ਇਲਜ਼ਾਮਾਂ ਨੂੰ ਲੈ ਕੇ ਆਉਣ ਦੀ ਚੁਣੌਤੀ ਦਿੱਤੀ ਸੀ।
ਜੂਨ ਵਿੱਚ ਇਸਤਗਾਸਾ ਪੱਖ ਨੇ ਬੰਗਲਾਦੇਸ਼ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਵਿੱਚ ਸ਼ੇਖ਼ ਹਸੀਨਾ ਸਣੇ ਤਿੰਨ ਵਿਅਕਤੀਆਂ ਵਿਰੁੱਧ ਅਧਿਕਾਰਤ ਤੌਰ 'ਤੇ ਪੰਜ ਇਲਜ਼ਾਮ ਦਾਇਰ ਕੀਤੇ ਸਨ।
ਇਸ ਦੇ ਆਧਾਰ 'ਤੇ ਟ੍ਰਿਬਿਊਨਲ ਨੇ ਸ਼ੇਖ਼ ਹਸੀਨਾ ਅਤੇ ਸਾਬਕਾ ਗ੍ਰਹਿ ਮੰਤਰੀ ਅਸਦੁਜਮਾਂ ਖ਼ਾਨ ਕਮਾਲ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤੇ ਸਨ।
ਪਿਛਲੇ ਸਾਲ ਬੰਗਲਾਦੇਸ਼ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਕਈ ਹਿੰਸਕ ਘਟਨਾਵਾਂ ਵਾਪਰੀਆਂ। ਉਸ ਵੇਲੇ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ 'ਤੇ ਇਲਜ਼ਾਮ ਲੱਗੇ ਕਿ ਮਨੁੱਖਤਾ ਦੇ ਖ਼ਿਲਾਫ਼ ਇਨ੍ਹਾਂ ਅਪਰਾਧਾਂ ਵਿੱਚ ਉਨ੍ਹਾਂ ਦਾ ਹੱਥ ਹੈ।
ਇਸ ਅੰਦੋਲਨ ਕਾਰਨ ਸ਼ੇਖ਼ ਹਸੀਨਾ ਦੀ ਸੱਤਾ ਚਲੀ ਗਈ ਅਤੇ ਉਨ੍ਹਾਂ ਨੂੰ ਅਗਸਤ 2024 ਵਿੱਚ ਦੇਸ਼ ਛੱਡ ਕੇ ਭੱਜਣ ਲਈ ਮਜਬੂਰ ਹੋਣਾ ਪਿਆ। ਉਹ ਉਦੋਂ ਤੋਂ ਭਾਰਤ ਵਿੱਚ ਰਹਿ ਰਹੇ ਹਨ।
ਜੂਨ ਵਿੱਚ ਤੈਅ ਕੀਤੇ ਗਏ ਸਨ ਇਲਜ਼ਾਮ

ਜਦੋਂ ਪਿਛਲੇ ਜੂਨ ਵਿੱਚ ਇਲਜ਼ਾਮ ਤੈਅ ਕੀਤੇ ਗਏ ਸਨ, ਤਾਂ ਉਸ ਵੇਲੇ ਮੁੱਖ ਵਕੀਲ ਤਾਜੁਲ ਇਸਲਾਮ ਨੇ ਦਲੀਲ ਦਿੱਤੀ ਸੀ ਕਿ ਪਿਛਲੇ ਸਾਲ ਜੁਲਾਈ ਅਤੇ ਅਗਸਤ ਦੇ ਵਿਚਕਾਰ 1,400 ਲੋਕਾਂ ਦਾ ਕਤਲ ਹੋਇਆ ਸੀ ਅਤੇ ਲਗਭਗ 25,000 ਜ਼ਖਮੀ ਹੋਏ ਸਨ।
ਇਸਤਗਾਸਾ ਪੱਖ ਨੇ ਟ੍ਰਿਬਿਊਨਲ ਨੂੰ ਮ੍ਰਿਤਕਾਂ ਦੀ ਇੱਕ ਸੂਚੀ ਵੀ ਸੌਂਪੀ।
ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਸਣੇ ਤਿੰਨ ਮੁਲਜ਼ਮਾਂ ਖ਼ਿਲਾਫ਼ ਇਲਜ਼ਾਮਾਂ ਦੇ ਸਮਰਥਨ ਵਿੱਚ ਟ੍ਰਿਬਿਊਨਲ ਕੋਲ 747 ਪੰਨਿਆਂ ਦਾ ਦਸਤਾਵੇਜ਼ ਦਾਇਰ ਕੀਤਾ ਗਿਆ ਸੀ।
ਤਿੰਨਾਂ ਮੁਲਜ਼ਮਾਂ ਦੇ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਸਾਜ਼ਿਸ਼, ਸਹਾਇਤਾ ਅਤੇ ਉਕਸਾਉਣਾ, ਭੜਕਾਉਣਾ ਅਤੇ ਅਪਰਾਧ ਵਿੱਚ ਸ਼ਾਮਲ ਹੋਣ ਵਰਗੇ ਪੰਜ ਇਲਜ਼ਾਮ ਲਗਾਏ ਗਏ ਹਨ।
ਤਾਜੁਲ ਇਸਲਾਮ ਨੇ ਟ੍ਰਿਬਿਊਨਲ ਨੂੰ ਦੱਸਿਆ ਕਿ ਇਨ੍ਹਾਂ ਪੰਜ ਇਲਜ਼ਾਮਾਂ ਵਿੱਚ 13 ਲੋਕਾਂ ਦਾ ਕਤਲ ਸ਼ਾਮਲ ਹੈ।
ਉਨ੍ਹਾਂ ਦਾ ਕਹਿਣਾ ਹੈ, "ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਉਂਦੇ ਹੋਏ ਪਿਛਲੇ ਸਾਲ 14 ਜੁਲਾਈ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਵਿਦਿਆਰਥੀਆਂ ਨੂੰ 'ਰਜ਼ਾਕਾਰ' ਦੇ ਪੁੱਤਰ ਅਤੇ ਪੋਤੇ ਦੱਸਦੇ ਹੋਏ ਭੜਕਾਉਣ ਵਾਲੀ ਟਿੱਪਣੀ ਕੀਤੀ ਸੀ।"

ਬੰਗਲਾਦੇਸ਼ ਵਿੱਚ 'ਰਜ਼ਾਕਾਰ' ਦੇਸ਼ਧ੍ਰੋਹੀ ਜਾਂ ਗੱਦਾਰ ਵਜੋਂ ਇੱਕ ਅਪਮਾਨਜਨਕ ਸ਼ਬਦ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਇਹ ਉਨ੍ਹਾਂ ਲੋਕਾਂ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਨੇ 1971 ਦੇ ਬੰਗਲਾਦੇਸ਼ ਮੁਕਤੀ ਯੁੱਧ ਦੌਰਾਨ ਪਾਕਿਸਤਾਨੀ ਫੌਜ ਨਾਲ ਮਿਲ ਕੇ ਕੰਮ ਕੀਤਾ ਸੀ ਅਤੇ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਸਨ।
ਇਲਜ਼ਾਮ ਪੱਤਰ ਵਿੱਚ ਕਿਹਾ ਗਿਆ ਹੈ, "ਮੁਲਜ਼ਮ ਅਸਦੁਜਮਾਂ ਖ਼ਾਨ ਕਮਾਲ ਅਤੇ ਚੌਧਰੀ ਅਬਦੁੱਲਾ ਅਲ ਮਾਮੁਲ ਸਮੇਤ ਉੱਚ ਸਰਕਾਰੀ ਅਧਿਕਾਰੀਆਂ ਦੇ ਭੜਕਾਉਣ ਅਤੇ ਉਨ੍ਹਾਂ ਦੀ ਸਹਾਇਤਾ ਨਾਲ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਅਵਾਮੀ ਲੀਗ ਦੇ ਹਥਿਆਰਬੰਦ ਬੰਦਿਆਂ ਨੇ ਮਾਸੂਮ ਅਤੇ ਨਿਹੱਥੇ ਵਿਦਿਆਰਥੀਆਂ ਅਤੇ ਨਾਗਰਿਕਾਂ 'ਤੇ ਵੱਡੇ ਪੱਧਰ 'ਤੇ, ਪਹਿਲਾਂ ਤੋਂ ਯੋਜਨਾਬੱਧ ਹਮਲੇ ਕੀਤੇ, ਜਿਨ੍ਹਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਸ਼ੋਸ਼ਣ ਵਿੱਚ ਸਹਾਇਤਾ ਸ਼ਾਮਲ ਹੈ।"
ਇਸ ਵਿੱਚ ਸਾਜ਼ਿਸ਼ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਗਿਆ ਹੈ ਕਿ ਇਹ ਸਾਰੇ ਅਪਰਾਧ ਮੁਲਜ਼ਮਾਂ ਦੀ ਜਾਣਕਾਰੀ ਨਾਲ ਕੀਤੇ ਗਏ ਸਨ।
ਸ਼ੇਖ਼ ਹਸੀਨਾ ਸਮੇਤ ਤਿੰਨਾਂ 'ਤੇ ਰੰਗਪੁਰ ਵਿੱਚ ਬੇਗ਼ਮ ਰੋਕੈਯਾ ਯੂਨੀਵਰਸਿਟੀ ਦੇ ਵਿਦਿਆਰਥੀ ਅਬੂ ਸਈਦ ਦੀ ਬਿਨ੍ਹਾਂ ਕਿਸੇ ਭੜਕਾਹਟ ਦੇ ਕਤਲ ਅਤੇ ਰਾਜਧਾਨੀ ਦੇ ਚੰਖਰ ਪੁਲ 'ਤੇ ਛੇ ਲੋਕਾਂ ਦੇ ਕਤਲ ਦੇ ਇਲਜ਼ਾਮ ਲਗਾਏ ਗਏ।
ਇਸ ਤੋਂ ਇਲਾਵਾ ਉਨ੍ਹਾਂ ਖ਼ਿਲਾਫ਼ ਬੀਤੇ ਸਾਲ 5 ਅਗਸਤ ਨੂੰ, ਜਿਸ ਦਿਨ ਉਨ੍ਹਾਂ ਨੂੰ ਬੰਗਲਦੇਸ਼ ਛੱਡਣਾ ਪਿਆ ਉਸ ਦਿਨ ਵੀ ਆਸ਼ੂਲੀਆ ਵਿੱਚ ਪੰਜ ਲੋਕਾਂ ਨੂੰ ਗੋਲੀ ਮਾਰ ਕੇ ਕਤਲ ਕਰ ਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਸਾੜ੍ਹਨ ਅਤੇ ਇੱਕ ਵਿਅਕਤੀ ਨੂੰ ਜ਼ਿੰਦਾ ਸਾੜਨ ਦਾ ਵੀ ਇਲਜ਼ਾਮ ਲਗਾਇਆ ਗਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












