ਉਸ ਖ਼ੌਫ਼ਨਾਕ ਜੇਲ੍ਹ ਦੀ ਕਹਾਣੀ ਜਿੱਥੇ ਸਰਕਾਰ ਦੇ ਵਿਰੋਧੀਆਂ ਨੂੰ 'ਮੌਤ ਤੋਂ ਬਦਤਰ ਹਾਲਾਤ' 'ਚ ਕੈਦ ਰੱਖਿਆ ਜਾਂਦਾ ਸੀ

ਤਸਵੀਰ ਸਰੋਤ, BBC/AAMIR PEERZAD
- ਲੇਖਕ, ਸਮੀਰਾ ਹੁਸੈਨ
- ਰੋਲ, ਬੀਬੀਸੀ ਨਿਊਜ਼
ਜਾਂਚ ਕਰਨ ਵਾਲਿਆਂ ਨੇ ਜਿਵੇਂ ਹੀ ਜਲਦਬਾਜ਼ੀ ਵਿੱਚ ਬਣੀ ਉਸ ਕੰਧ ਨੂੰ ਧੱਕਾ ਦਿੱਤਾ ਤਾਂ ਉਹ ਟੁੱਟ ਗਈ। ਪਰ ਸਾਹਮਣੇ ਵਾਲਾ ਮਾਹੌਲ ਹੈਰਾਨ ਕਰ ਦੇਣ ਵਾਲਾ ਸੀ। ਕੰਧ ਦੇ ਪਿੱਛੇ ਗੁਪਤ ਜੇਲ੍ਹ ਦੀਆਂ ਕੋਠੜੀਆਂ ਬਣੀਆਂ ਹੋਈਆਂ ਸਨ।
ਦਰਅਸਲ ਇੱਕ ਦਰਵਾਜ਼ੇ ਨੂੰ ਇੱਟਾਂ ਨਾਲ ਤਾਜ਼ਾ-ਤਾਜ਼ਾ ਢੱਕਿਆ ਗਿਆ ਸੀ ਤਾਂ ਜੋ ਇਸ ਦੇ ਪਿੱਛੇ ਜੋ ਹੋ ਰਿਹਾ ਸੀ ਉਹ ਨਜ਼ਰ ਨਾ ਆਵੇ।
ਅੰਦਰ ਹਾਲ ਦੇ ਰਸਤੇ ਵਿੱਚ ਦੋਵਾਂ ਪਾਸਿਓਂ (ਸੱਜਿਓਂ-ਖੱਬੇ) ਛੋਟੇ ਕਮਰੇ ਬਣੇ ਹੋਏ ਸਨ। ਪਰ ਰੌਸ਼ਨੀ ਨਹੀਂ ਸੀ। ਘੁੱਪ ਹਨੇਰਾ ਪਸਰਿਆ ਹੋਇਆ ਸੀ।
ਇਹ ਥਾਂ ਢਾਕਾ ਦੇ ਇੰਟਰਨੈਸ਼ਨਲ ਏਅਰਪੋਰਟ ਤੋਂ ਮਹਿਜ਼ ਕੁਝ ਕਦਮਾਂ ਦੀ ਦੂਰੀ ʼਤੇ ਹੈ।
ਕੰਧ ਪਿੱਛੇ ਲੁਕੀ ਸੀ ਗੁਪਤ ਜੇਲ੍ਹ
ਜੇਕਰ ਮੀਰ ਅਹਿਮਦ ਬਿਨ ਕਾਸਿਮ ਅਤੇ ਕੁਝ ਲੋਕਾਂ ਨੇ ਆਪਣੀਆਂ ਯਾਦਾਂ ਦਾ ਸਹਾਰਾ ਨਹੀਂ ਲਿਆ ਹੁੰਦਾ ਤਾਂ ਜਾਂਚ ਕਰਨ ਵਾਲਿਆਂ ਦੀ ਟੀਮ ਸ਼ਾਇਦ ਹੀ ਇਸ ਗੁਪਤ ਜੇਲ੍ਹ ਨੂੰ ਭਾਲ ਸਕਦੀ।
ਕਾਸਿਮ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਹਸੀਨਾ ਦੇ ਆਲੋਚਕ ਰਹੇ ਹਨ। ਇਸ ਇਲਜ਼ਾਮ ਵਿੱਚ ਉਨ੍ਹਾਂ ਨੂੰ ਅੱਠ ਸਾਲ ਤੱਕ ਉਨ੍ਹਾਂ ਕੋਠੜੀਆਂ ਵਿੱਚ ਬੰਦ ਰੱਖਿਆ ਗਿਆ ਸੀ।
ਜੇਲ੍ਹ ਵਿੱਚ ਰਹਿਣ ਦੌਰਾਨ ਜ਼ਿਆਦਾਤਰ ਸਮੇਂ ਉਨ੍ਹਾਂ ਦੀ ਅੱਖ ਉੱਤੇ ਪੱਟੀ ਬੰਨ੍ਹੀ ਹੁੰਦੀ ਸੀ।
ਇਸ ਲਈ ਨੇੜਿਓਂ ਆਉਣ ਵਾਲੀਆਂ ਆਵਾਜ਼ਾਂ ʼਤੇ ਨਿਰਭਰ ਰਹਿੰਦੇ ਸਨ।
ਜੇਲ੍ਹ ਵਿੱਚ ਰਹਿਣ ਦੌਰਾਨ ਇਸ ਦੇ ਸਾਹਮਣਿਓਂ ਉੱਡਣ ਵਾਲੇ ਜਹਾਜ਼ਾਂ ਦੀ ਆਵਾਜ਼ ਦੇ ਉਹ ਆਦੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਇਹ ਉਦੋਂ ਤੱਕ ਚੰਗੀ ਤਰ੍ਹਾਂ ਯਾਦ ਸੀ।
ਕਾਸਿਮ ਦੀ ਇਹ ਯਾਦ ਜਾਂਚ ਕਰਨ ਵਾਲੀ ਟੀਮ ਨੂੰ ਹਵਾਈ ਅੱਡੇ ਦੇ ਨੇੜੇ ਫੌਜੀ ਅੱਡੇ ਵੱਲ ਲੈ ਗਈ।

ਤਸਵੀਰ ਸਰੋਤ, BBC/AAMIR PEERZADA
ਇੱਥੇ ਮੁੱਖ ਇਮਾਰਤ ਦੇ ਅਹਾਤੇ ਵਿੱਚ ਬਿਨਾਂ ਖਿੜਕੀਆਂ ਵਾਲੀਆਂ ਅਜਿਹੀਆਂ ਕੋਠੜੀਆਂ ਮਿਲੀਆਂ ਜੋ ਇੱਟਾਂ ਅਤੇ ਕੰਕਰੀਟ ਦੀਆਂ ਬਣੀਆਂ ਹੋਈਆਂ ਸਨ। ਇਨ੍ਹਾਂ ਵਿੱਚ ਕੈਦੀਆਂ ਨੂੰ ਰੱਖਿਆ ਸੀ। ਇਨ੍ਹਾਂ ʼਤੇ ਸਖ਼ਤ ਪਹਿਰਾ ਰਹਿੰਦਾ ਸੀ।
ਪਰ ਇਹ ਸਾਰਾ ਢਾਂਚਾ ਓਹਲੇ ਲੁਕਿਆ ਹੋਇਆ ਸੀ।
ਪਿਛਲੇ ਸਾਲ ਬੰਗਲਾਦੇਸ਼ ਵਿੱਚ ਹੋਏ ਵਿਆਪਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸ਼ੇਖ਼ ਹਸੀਨਾ ਨੂੰ ਦੇਸ਼ ਛੱਡਣਾ ਪਿਆ ਸੀ।
ਇਸ ਤੋਂ ਬਾਅਦ ਜਾਂਚ ਕਰਨ ਵਾਲਿਆਂ ਨੇ ਕਾਸਿਮ ਵਰਗੇ ਸੈਂਕੜੇ ਪੀੜਤਾਂ ਅਤੇ ਜੇਲ੍ਹ ਵਿੱਚ ਰਹੇ ਕੈਦੀਆਂ ਨਾਲ ਗੱਲ ਕੀਤੀ ਹੈ। ਇਨ੍ਹਾਂ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ।
ਕਿਹਾ ਜਾ ਰਿਹਾ ਹੈ ਕਈ ਲੋਕਾਂ ਨੂੰ ਬਿਨਾਂ ਕੇਸ ਚਲਾਏ ਮਾਰ ਦਿੱਤਾ ਗਿਆ।
ਜਾਂਚ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਢਾਕਾ ਏਅਰਪੋਰਟ ਦੇ ਸਾਹਮਣੇ ਮੌਜੂਦ ਇਸ ਜੇਲ੍ਹ ਤੋਂ ਇਲਾਵਾ ਅਜਿਹੀਆਂ ਕਈ ਗੁਪਤ ਜੇਲ੍ਹਾਂ ਨੂੰ ਚਲਾਉਣ ਵਾਲੇ ਜ਼ਿਆਦਾਤਰ ਲੋਕ ਬੰਗਲਾਦੇਸ਼ ਦੀ ਇਲਿਟ ਅੱਤਵਾਦ ਵਿਰੋਧੀ ਯੂਨਿਟ ਰੈਪਿਡ ਐਕਸ਼ਨ ਬਟਾਲੀਅਨ ਦੇ ਸਨ। ਇਨ੍ਹਾਂ ਲੋਕਾਂ ਨੂੰ ਸ਼ੇਖ਼ ਹਸੀਨਾ ਕੋਲੋਂ ਸਿੱਧਾ ਆਦੇਸ਼ ਮਿਲਦਾ ਸੀ।

'ਸ਼ੇਖ ਹਸੀਨਾ ਦੇ ਹੁਕਮਾਂ 'ਤੇ ਲੋਕਾਂ ਨੂੰ ਗਾਇਬ ਕਰ ਦਿੱਤਾ ਜਾਂਦਾ ਸੀʼ
ਬੰਗਲਾਦੇਸ਼ ਦੇ ਇੰਟਰਨੈਸ਼ਨਲ ਕ੍ਰਾਈਮਸ ਟ੍ਰਿਬਿਊਨਲ ਦੇ ਮੁੱਖ ਵਕੀਲ ਤਾਜੁਲ ਇਸਲਾਮ ਨੇ ਬੀਬੀਸੀ ਨੂੰ ਦੱਸਿਆ, "ਲੋਕਾਂ ਨੂੰ ਜ਼ਬਰਦਸਤੀ ਲਾਪਤਾ ਕਰਵਾਉਣ ਵਿੱਚ ਜਿਨ੍ਹਾਂ ਅਧਿਕਾਰੀਆਂ ਦਾ ਹੱਥ ਸੀ ਉਨ੍ਹਾਂ ਨੇ ਕਿਹਾ ਕਿ ਸਭ ਕੁਝ ਸ਼ੇਖ ਹਸੀਨਾ ਦੀ ਮਨਜ਼ੂਰੀ ਜਾਂ ਹੁਕਮ ਨਾਲ ਹੁੰਦਾ ਸੀ।"
ਸ਼ੇਖ਼ ਹਸੀਨਾ ਦੀ ਪਾਰਟੀ ਅਵਾਮੀ ਲੀਗ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਕਥਿਤ ਅਪਰਾਧ ਬਿਨਾਂ ਉਨ੍ਹਾਂ ਦੀ ਜਾਣਕਾਰੀ ਦੇ ਹੋਏ ਹਨ। ਇਸ ਲਈ, ਉਸ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ। ਫੌਜ ਆਪਣੀ ਮਰਜ਼ੀ ਅਨੁਸਾਰ ਕੰਮ ਕਰਦੀ ਸੀ। ਪਰ ਫੌਜ ਨੇ ਇਸ ਤੋਂ ਇਨਕਾਰ ਕੀਤਾ ਹੈ।
ਕਾਸਿਮ ਅਤੇ ਇਸੇ ਤਰ੍ਹਾਂ ਦੀਆਂ ਜੇਲ੍ਹਾਂ ਵਿੱਚ ਬੰਦ ਹੋਰਾਂ ਨੂੰ ਰਿਹਾਅ ਹੋਏ ਸੱਤ ਮਹੀਨੇ ਹੋ ਗਏ ਹਨ। ਪਰ ਉਹ ਅਜੇ ਵੀ ਉਨ੍ਹਾਂ ਲੋਕਾਂ ਤੋਂ ਡਰੇ ਹੋਏ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਕੈਦ ਵਿੱਚ ਰੱਖਿਆ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲੋਕ ਅਜੇ ਵੀ ਸੁਰੱਖਿਆ ਬਲਾਂ ਵਿੱਚ ਕੰਮ ਕਰ ਰਹੇ ਹਨ ਅਤੇ ਆਜ਼ਾਦ ਹਨ।
ਕਾਸਿਮ ਕਹਿੰਦੇ ਹਨ ਕਿ ਉਹ ਕਦੇ ਵੀ ਟੋਪੀ ਅਤੇ ਮਾਸਕ ਤੋਂ ਬਿਨਾਂ ਘਰੋਂ ਨਹੀਂ ਨਿਕਲਦੇ।
ਉਹ ਕਹਿੰਦੇ ਹਨ, "ਜਦੋਂ ਮੈਂ ਤੁਰਦਾ ਹਾਂ, ਮੈਂ ਹਮੇਸ਼ਾ ਪਿੱਛੇ ਮੁੜ ਕੇ ਦੇਖਦਾ ਰਹਿੰਦਾ ਹਾਂ।"

ਤਸਵੀਰ ਸਰੋਤ, AFP
ਕਾਸਿਮ ਬੀਬੀਸੀ ਨੂੰ ਉਹ ਜਗ੍ਹਾ ਦਿਖਾਉਣ ਲਈ ਇੱਕ ਕੰਕਰੀਟ ਦੀ ਪੌੜੀ ਚੜ੍ਹਦਾ ਹੈ ਜਿੱਥੇ ਉਨ੍ਹਾਂ ਨੂੰ ਰੱਖਿਆ ਗਿਆ ਸੀ।
ਉਹ ਭਾਰੀ ਧਾਤ ਦੇ ਦਰਵਾਜ਼ੇ ਨੂੰ ਧੱਕਦੇ ਹੋਏ ਅੱਗੇ ਵਧਦੇ ਹਨ। ਸਿਰ ਝੁਕਾ ਕੇ, ਉਹ ਇੱਕ ਹੋਰ ਤੰਗ ਰਸਤੇ ਵਿੱਚੋਂ ਲੰਘਦੇ ਹੋਏ 'ਆਪਣੇ' ਕਮਰੇ ਵਿੱਚ ਪਹੁੰਚਦੇ ਹਨ। ਉਨ੍ਹਾਂ ਨੂੰ ਅੱਠ ਸਾਲ ਇਸ ਕੋਠੜੀ ਵਿੱਚ ਰੱਖਿਆ ਗਿਆ।
ਉਹ ਕਹਿੰਦੇ ਹਨ, "ਇਹ ਜ਼ਿੰਦਾ ਦਫ਼ਨ ਹੋਣ ਵਾਂਗ ਸੀ। ਮੈਂ ਦੁਨੀਆਂ ਤੋਂ ਪੂਰੀ ਤਰ੍ਹਾਂ ਕੱਟਿਆ ਹੋਇਆ ਸੀ।"
ਉਸ ਕਮਰੇ ਵਿੱਚ ਨਾ ਤਾਂ ਕੋਈ ਖਿੜਕੀ ਸੀ ਅਤੇ ਨਾ ਹੀ ਕੋਈ ਦਰਵਾਜ਼ਾ। ਬਾਹਰੋਂ ਰੌਸ਼ਨੀ ਵੀ ਨਹੀਂ ਆ ਸਕਦੀ ਸੀ। ਕਾਸਿਮ ਦੱਸਦੇ ਸਨ ਕਿ ਉਨ੍ਹਾਂ ਨੂੰ ਦਿਨ-ਰਾਤ ਵਿੱਚ ਫ਼ਰਕ ਨਹੀਂ ਪਤਾ ਹੁੰਦਾ ਸੀ।
ਆਪਣੀ ਉਮਰ ਦੇ ਚੌਥੇ ਦਹਾਕੇ ਵਿੱਚ ਚੱਲ ਰਹੇ ਕਾਸਿਮ ਇਸ ਬਾਰੇ ਪਹਿਲਾਂ ਵੀ ਗੱਲ ਦੱਸ ਚੁੱਕੇ ਹਨ ਪਰ ਇਹ ਪਹਿਲੀ ਵਾਰ ਸੀ ਜਦੋਂ ਉਹ ਮੀਡੀਆ ਸਾਹਮਣੇ ਅੰਦਰਲਾ ਹਾਲ ਬਿਆਨ ਕਰਨ ਲਈ ਪਹੁੰਚੇ।
ਇੱਥੇ ਸਿਰਫ਼ ਟਾਰਚ ਦੀ ਰੌਸ਼ਨੀ ਵਿੱਚ ਹੀ ਦੇਖਿਆ ਜਾ ਸਕਦਾ ਸੀ। ਇਹ ਕੋਠੜੀ ਇੰਨੀ ਛੋਟੀ ਸੀ ਕਿ ਇਸ ਵਿੱਚ ਕੋਈ ਵੀ ਸ਼ਖ਼ਸ ਮੁਸ਼ਕਲ ਨਾਲ ਹੀ ਖੜ੍ਹਾ ਹੋ ਸਕਦਾ ਸੀ। ਇਸ ਵਿੱਚੋਂ ਨਮੀ ਦੀ ਬਦਬੂ ਆ ਰਹੀ ਸੀ। ਕੁਝ ਕੰਧਾਂ ਟੁੱਟ ਗਈਆਂ ਸਨ। ਇੱਟਾਂ ਜ਼ਮੀਨ 'ਤੇ ਪਈਆਂ ਸਨ ਅਤੇ ਕੰਕਰੀਟ ਵੀ ਖਿੰਡਿਆ ਹੋਇਆ ਸੀ।
ਇਹ ਜ਼ੁਲਮ ਢਾਹੁਣ ਵਾਲੇ ਲੋਕਾਂ ਵੱਲੋਂ ਸਬੂਤ ਮਿਟਾਉਣ ਦੀ ਆਖਰੀ ਕੋਸ਼ਿਸ਼ ਸੀ।

ਤਸਵੀਰ ਸਰੋਤ, BBC/AAMIR PEERZADA
'ਸਾਰੇ ਦੇਸ਼ ਵਿੱਚ ਅਜਿਹੀਆਂ ਕਾਲ ਕੋਠੜੀਆਂ ਸਨ'
ਬੀਬੀਸੀ ਨਾਲ ਇਹ ਥਾਂ ਦੇਖਣ ਆਏ ਤਾਜੁਲ ਇਸਲਾਮ ਕਹਿੰਦੇ ਹਨ, "ਇਹ ਸਿਰਫ਼ ਇੱਕ ਥਾਂ ਹੈ। ਸਾਨੂੰ ਦੇਸ਼ ਭਰ ਵਿੱਚ 500 ਤੋਂ 700 ਅਜਿਹੀਆਂ ਕੋਠੜੀਆਂ ਮਿਲੀਆਂ ਹਨ। ਇਸ ਦਾ ਮਤਲਬ ਹੈ ਕਿ ਇਹ ਸਭ ਕੁਝ ਯੋਜਨਾਬੱਧ ਢੰਗ ਨਾਲ ਵੱਡੇ ਪੱਧਰ 'ਤੇ ਹੋ ਰਿਹਾ ਸੀ।
ਕਾਸਿਮ ਨੂੰ ਆਪਣੇ ਕਮਰੇ ਦੀਆਂ ਹਲਕੀਆਂ ਨੀਲੀਆਂ ਟਾਈਲਾਂ ਚੰਗੀ ਤਰ੍ਹਾਂ ਯਾਦ ਹਨ।
ਫਰਸ਼ 'ਤੇ ਵਿਛਾਈਆਂ ਇਹ ਟਾਈਲਾਂ ਟੁੱਟੀਆਂ ਅਤੇ ਖਿੰਡੀਆਂ ਹੋਈਆਂ ਹਨ। ਇਨ੍ਹਾਂ ਟਾਈਲਾਂ ਦੇ ਰੰਗਾਂ ਦੇ ਆਧਾਰ 'ਤੇ, ਜਾਂਚ ਕਰਨ ਵਾਲੇ ਇਸ ਕਮਰੇ ਤੱਕ ਪਹੁੰਚ ਸਕੇ ਸਨ।
ਗਰਾਊਂਡ ਫਲੋਰ ʼਤੇ ਬਣੀਆਂ ਕੋਠੜੀਆਂ ਨਾਲੋਂ ਇਹ ਕਮਰਾ ਵੱਡਾ ਹੈ। 10 ਗੁਣਾ 14 ਫੁੱਟ ਦਾ। ਇੱਕ ਕੋਨੇ ਵਿੱਚ ਦੇਸੀ ਸਟਾਈਲ ਦਾ ਟਾਇਲਟ ਸੀ।
ਇਸ ਕਮਰੇ ਦੇ ਚਾਰੇ ਪਾਸੇ ਘੁੰਮਦੇ ਹੋਏ ਕਾਸਿਮ ਦਰਦਨਾਕ ਵੇਰਵੇ ਸੁਣਾਉਂਦੇ ਹਨ। ਉਹ ਦੱਸਦੇ ਹਨ ਕਿ ਉਨ੍ਹਾਂ ਨੇ ਜੇਲ੍ਹ ਵਿੱਚ ਆਪਣਾ ਸਮਾਂ ਕਿਵੇਂ ਕੱਟਿਆ ਸੀ।
ਉਹ ਕਹਿੰਦੇ ਹਨ ਕਿ ਇਸ ਕਮਰੇ ਵਿੱਚ ਗਰਮੀ ਦੇ ਦਿਨਾਂ ਵਿੱਚ ਰਹਿਣਾ ਬਰਦਾਸ਼ਤ ਤੋਂ ਬਾਹਰ ਸੀ।
ਉਹ ਜ਼ਮੀਨ ʼਤੇ ਪਸਰ ਜਾਂਦੇ ਸਨ ਅਤੇ ਕਿਸੇ ਤਰ੍ਹਾਂ ਆਪਣਾ ਮੂੰਹ ਦਰਵਾਜ਼ੇ ਨਾਲ ਟਿਕਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਸਨ ਤਾਂ ਜੋ ਬਾਹਰੋਂ ਆਉਣ ਵਾਲੀ ਹਵਾ ਮਿਲ ਸਕੇ।
ਉਹ ਕਹਿੰਦੇ ਹਨ, "ਇਹ ਮੌਤ ਤੋਂ ਵੀ ਬਦਤਰ ਸੀ।"
ਕਾਸਿਮ ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਉਹ ਖ਼ੌਫ਼ਨਾਕ ਦਿਨ ਸਨ ਪਰ ਦੁਨੀਆਂ ਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਉਨ੍ਹਾਂ ਲੋਕਾਂ ਨਾਲ ਕੀ ਹੋਇਆ ਸੀ।
ਉਨ੍ਹਾਂ ਕਿਹਾ, "ਜਿਹੜੇ ਆਲਾ ਅਧਿਕਾਰੀਆਂ ਨੇ ਬੰਗਲਾਦੇਸ਼ ਦੀ ਫਾਸ਼ੀਵਾਦੀ ਸਰਕਾਰ ਨੂੰ ਉਕਸਾਇਆ, ਭੜਕਾਇਆ ਅਤੇ ਮਦਦ ਕੀਤੀ ਉਹ ਅਜੇ ਵੀ ਆਪਣੇ ਅਹੁਦਿਆਂ ʼਤੇ ਕਾਇਮ ਹਨ।"
ਉਹ ਕਹਿੰਦੇ ਹਨ, "ਸਾਡੇ ਲਈ ਇਹ ਜ਼ਰੂਰੀ ਸੀ ਕਿ ਇਹ ਕਹਾਣੀ ਸਾਹਮਣੇ ਆਏ। ਅਸੀਂ ਇਥੋਂ ਵਾਪਸ ਨਾ ਆਉਣ ਵਾਲਿਆਂ ਨੂੰ ਇਨਸਾਫ਼ ਦਿਵਾਉਣ ਲਈ ਕੁਝ ਵੀ ਕਰ ਸਕਦੇ ਹਾਂ ਤਾਂ ਕਰੀਏ, ਜੋ ਲੋਕ ਜ਼ਿੰਦਾ ਬਚੇ ਹੋਏ ਹਨ ਉਹ ਦੁਬਾਰਾ ਆਪਣੀ ਪੁਰਾਣੀ ਜ਼ਿੰਦਗੀ ਵਿੱਚ ਵਾਪਸ ਆਏ ਇਸ ਦਾ ਇੰਤਜ਼ਾਮ ਵੀ ਕਰਨਾ ਚਾਹੀਦਾ ਹੈ।"
ਇਸ ਤੋਂ ਪਹਿਲਾਂ ਦੀਆਂ ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਕਾਸਿਮ ਨੂੰ ਉਸ ਖ਼ਤਰਨਾਕ ਕੈਦ ਵਿੱਚ ਰੱਖਿਆ ਗਿਆ ਸੀ, ਜਿਸ ਨੂੰ 'ਆਈਨਾਘਰ' ਕਿਹਾ ਜਾਂਦਾ ਸੀ।
ਇਹ ਢਾਕਾ ਵਿੱਚ ਮੁੱਖ ਖ਼ੁਫ਼ੀਆ ਵਿਭਾਗ ਦੇ ਮੁੱਖ ਦਫ਼ਤਰ ਵਿੱਚ ਬਣਾਇਆ ਸੀ। ਪਰ ਜਾਂਚ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਥਾਵਾਂ ਸਨ।
ਕਾਸਿਮ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ 16 ਦਿਨਾਂ ਤੋਂ ਇਲਾਵਾ ਆਪਣੀ ਪੂਰੀ ਕੈਦ ਰੈਪਿਡ ਐਕਸ਼ਨ ਬਟਾਲੀਅਨ ਬੇਸ ਵਿੱਚ ਬਿਤਾਈ।
ਜਾਂਚ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਉਹ ਜਗ੍ਹਾ ਜਿੱਥੇ ਉਨ੍ਹਾਂ ਨੇ 16 ਦਿਨ ਬਿਤਾਏ ਸਨ, ਉਹ ਢਾਕਾ ਵਿੱਚ ਪੁਲਿਸ ਦੀ ਜਾਸੂਸ ਸ਼ਾਖਾ ਸੀ।
ਕਾਸਿਮ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਸਿਆਸਤ ਵਿੱਚ ਸਰਗਰਮ ਸੀ। ਇਸੇ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਉਹ 2016 ਤੋਂ ਆਪਣੇ ਪਿਤਾ ਦੇ ਪ੍ਰਤੀਨਿਧੀ ਵਜੋਂ ਕੰਮ ਕਰ ਰਹੇ ਸਨ। ਉਹ ਦੇਸ਼ ਦੀ ਸਭ ਤੋਂ ਵੱਡੀ ਇਸਲਾਮੀ ਪਾਰਟੀ, ਜਮਾਤ-ਏ-ਇਸਲਾਮੀ ਦੇ ਇੱਕ ਸੀਨੀਅਰ ਮੈਂਬਰ ਸਨ।
ਉਨ੍ਹਾਂ ਖ਼ਿਲਾਫ਼ ਇੱਕ ਕੇਸ ਚਲਾਇਆ ਗਿਆ ਅਤੇ ਫਿਰ ਫਾਂਸੀ ਦੇ ਦਿੱਤੀ ਗਈ।

ਤਸਵੀਰ ਸਰੋਤ, BBC/NEHA SHARMA
ʻਲੱਗਿਆ ਕਦੇ ਬਾਹਰ ਨਹੀਂ ਆ ਸਕਾਂਗਾʼ
ਬੀਬੀਸੀ ਨੇ ਪੰਜ ਹੋਰ ਲੋਕਾਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਵੀ ਕਿਹਾ ਕਿ ਉਨ੍ਹਾਂ ਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਅਤੇ ਹੱਥਕੜੀ ਲਗਾ ਕੇ ਉਨ੍ਹਾਂ ਨੂੰ ਕੋਠੜੀ ਵਿੱਚ ਰੱਖਿਆ ਗਿਆ ਸੀ।
ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਉਨ੍ਹਾਂ 'ਤੇ ਤਸ਼ੱਦਦ ਕੀਤਾ ਗਿਆ। ਬੀਬੀਸੀ ਇਨ੍ਹਾਂ ਬਿਆਨਾਂ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰ ਸਕਦਾ।
ਅਤੀਕੁਰ ਰਹਿਮਾਨ ਰਸੇਲ ਨੇ ਕਿਹਾ, "ਹੁਣ ਜਦੋਂ ਵੀ ਮੈਂ ਕਾਰ ਵਿੱਚ ਬੈਠਦਾ ਹਾਂ ਜਾਂ ਘਰ ਵਿੱਚ ਇਕੱਲਾ ਹੁੰਦਾ ਹਾਂ, ਮੈਨੂੰ ਡਰ ਲੱਗਦਾ ਹੈ। ਮੈਂ ਸੋਚਦਾ ਰਹਿੰਦਾ ਹਾਂ ਕਿ ਮੈਂ ਕਿਵੇਂ ਬਚ ਗਿਆ।"
ਰਸੇਲ ਨੇ ਕਿਹਾ ਕਿ ਕੁੱਟਮਾਰ ਕਾਰਨ ਉਨ੍ਹਾਂ ਦਾ ਨੱਕ ਤੱਕ ਟੁੱਟ ਗਿਆ ਸੀ ਅਤੇ ਹੱਥ ਵਿੱਚ ਤਾਂ ਅਜੇ ਵੀ ਦਰਦ ਹੈ।
ਰਸੇਲ ਨੇ ਦੱਸਿਆ ਕਿ ਪਿਛਲੇ ਸਾਲ ਜੁਲਾਈ ਵਿੱਚ ਢਾਕਾ ਵਿੱਚ ਇੱਕ ਮਸਜਿਦ ਦੇ ਬਾਹਰ ਕੁਝ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਸਰਕਾਰ ਵੱਲੋਂ ਆਏ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਨਾਲ ਜਾਣਾ ਪਵੇਗਾ।
ਇਸ ਤੋਂ ਬਾਅਦ ਰਸੇਲ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ ਗਈ ਅਤੇ ਹੱਥਕੜੀ ਲਗਾ ਕੇ ਇੱਕ ਕਾਰ ਵਿੱਚ ਪਾ ਦਿੱਤਾ ਗਿਆ। 40 ਮਿੰਟਾਂ ਬਾਅਦ ਉਨ੍ਹਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ।
ਰਸੇਲ ਨੇ ਦੱਸਿਆ, "ਪਹਿਲੇ ਅੱਧੇ ਘੰਟੇ ਵਿੱਚ ਬਹੁਤ ਸਾਰੇ ਲੋਕ ਆਏ ਅਤੇ ਪੁੱਛਦੇ ਰਹੇ ਕਿ ਤੁਸੀਂ ਕੌਣ ਹੋ ਅਤੇ ਕੀ ਕਰਦੇ ਹੋ। ਇਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਮੈਨੂੰ ਲੱਗਿਆ ਕਿ ਮੈਂ ਕਦੇ ਬਾਹਰ ਨਹੀਂ ਆ ਸਕਾਂਗਾ।"
ਰਸੇਲ ਹੁਣ ਆਪਣੀ ਭੈਣ ਅਤੇ ਜੀਜੇ ਦੇ ਘਰ ਰਹਿੰਦੇ ਹਨ। ਕੁਰਸੀ 'ਤੇ ਬੈਠੇ ਰਸੇਲ ਉਨ੍ਹਾਂ ਹਫ਼ਤਿਆਂ ਨੂੰ ਯਾਦ ਕਰ ਰਹੇ ਹਨ।
ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨਾਲ ਜੋ ਕੁਝ ਵੀ ਹੋਇਆ ਉਸ ਕਾਰਨ ਸਿਆਸੀ ਸੀ ਕਿਉਂਕਿ ਉਹ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਵਿਦਿਆਰਥੀ ਨੇਤਾ ਸਨ। ਵਿਦੇਸ਼ ਵਿੱਚ ਰਹਿਣ ਵਾਲੇ ਉਨ੍ਹਾਂ ਦੇ ਭਰਾ ਅਕਸਰ ਅਵਾਮੀ ਲੀਗ ਦੀ ਆਲੋਚਨਾ ਕਰਦੇ ਹੋਏ ਸੋਸ਼ਲ ਮੀਡੀਆ ਪੋਸਟਾਂ ਲਿਖਦੇ ਸਨ।
ਰਸੇਲ ਕਹਿੰਦੇ ਹਨ ਕਿ ਇਹ ਜਾਣਨਾ ਸੰਭਵ ਨਹੀਂ ਸੀ ਕਿ ਉਨ੍ਹਾਂ ਨੂੰ ਕਿੱਥੇ ਬੰਦੀ ਬਣਾ ਕੇ ਰੱਖਿਆ ਗਿਆ ਸੀ ਪਰ ਮੁਹੰਮਦ ਯੂਨਸ ਦੇ ਤਿੰਨ ਨਜ਼ਰਬੰਦੀ ਕੇਂਦਰਾਂ ਦਾ ਦੌਰਾ ਕਰਨ ਤੋਂ ਬਾਅਦ, ਉਨ੍ਹਾਂ ਨੂੰ ਲੱਗਾ ਕਿ ਸ਼ਾਇਦ ਉਨ੍ਹਾਂ ਨੂੰ ਢਾਕਾ ਦੇ ਅਗਰਗਾਓਂ ਖੇਤਰ ਵਿੱਚ ਰੱਖਿਆ ਗਿਆ ਸੀ।

ਤਸਵੀਰ ਸਰੋਤ, Getty Images
'ਮੈਨੂੰ ਗਾਇਬ ਕਰ ਦਿੱਤਾ ਜਾਵੇਗਾ'
ਇਹ ਕੋਈ ਲੁਕੀ ਹੋਈ ਗੱਲ ਨਹੀਂ ਹੈ ਕਿ ਹਸੀਨਾ ਨੂੰ ਸਿਆਸੀ ਵਿਰੋਧ ਪਸੰਦ ਨਹੀਂ ਸੀ।
ਕਈ ਸਾਬਕਾ ਕੈਦੀਆਂ ਨੇ ਸਾਨੂੰ ਦੱਸਿਆ ਕਿ ਜੇ ਤੁਸੀਂ ਉਨ੍ਹਾਂ ਦੀ ਆਲੋਚਨਾ ਕਰੋਗੇ ਤਾਂ ਤੁਹਾਨੂੰ ਗਾਇਬ ਕਰ ਦਿੱਤਾ ਜਾਵੇਗਾ।
ਪਰ ਇਹ ਦੱਸਣਾ ਸੰਭਵ ਨਹੀਂ ਹੈ ਕਿ ਇਸ ਤਰੀਕੇ ਨਾਲ ਕਿੰਨੇ ਲੋਕਾਂ ਨੂੰ ਗਾਇਬ ਕੀਤਾ ਗਿਆ ਸੀ।
ਸਾਲ 2009 ਤੋਂ ਅਜਿਹੇ ਮਾਮਲਿਆਂ 'ਤੇ ਨਜ਼ਰ ਰੱਖਣ ਵਾਲਾ ਇੱਕ ਬੰਗਲਾਦੇਸ਼ੀ ਗ਼ੈਰ-ਸਰਕਾਰੀ ਸੰਗਠਨ (ਐੱਨਜੀਓ) ਨੇ ਅਜਿਹੇ 709 ਮਾਮਲੇ ਇਕੱਠੇ ਕੀਤੇ ਹਨ।
ਇਨ੍ਹਾਂ ਵਿੱਚੋਂ 155 ਲੋਕ ਅਜੇ ਵੀ ਲਾਪਤਾ ਹਨ।
ਜੁਲਾਈ ਵਿੱਚ ਆਪਣੇ ਗਠਨ ਤੋਂ ਬਾਅਦ ਕਮਿਸ਼ਨ ਆਫ ਇਨਕੁਆਇਰੀ ਆਨ ਐਨਫੋਰਸਡ ਡਿਸਏਪਿਰੀਐਂਸ ਨੇ 1676 ਸ਼ਿਕਾਇਤਾਂ ਦਰਜ ਕੀਤੀਆਂ ਹਨ।
ਪਰ ਇਹ ਕੁੱਲ ਗਿਣਤੀ ਨਹੀਂ ਹੈ। ਲੋਕਾਂ ਦਾ ਅੰਦਾਜ਼ਾ ਹੈ ਕਿ ਇਹ ਅੰਕੜਾ ਇਸ ਤੋਂ ਕਿਤੇ ਜ਼ਿਆਦਾ ਹੈ।
ਕਾਸਿਮ ਵਰਗੇ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ, ਤਾਜੁਲ ਇਸਲਾਮ ਨੇ ਨਜ਼ਰਬੰਦੀ ਕੇਂਦਰਾਂ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕੇਸ ਤਿਆਰ ਕੀਤੇ ਹਨ। ਇਨ੍ਹਾਂ ਵਿੱਚ ਸ਼ੇਖ ਹਸੀਨਾ ਦਾ ਨਾਮ ਵੀ ਸ਼ਾਮਲ ਹੈ।
ਭਾਵੇਂ ਸਾਰੇ ਲੋਕਾਂ ਨੂੰ ਵੱਖ-ਵੱਖ ਥਾਵਾਂ 'ਤੇ ਰੱਖਿਆ ਗਿਆ ਸੀ, ਪਰ ਸਾਰਿਆਂ ਦੀ ਕਹਾਣੀ ਲਗਭਗ ਇੱਕੋ ਜਿਹੀ ਹੈ।
ਅਵਾਮੀ ਲੀਗ ਦੇ ਬੁਲਾਰੇ ਮੁਹੰਮਦ ਅਲੀ ਅਰਾਫ਼ਾਤ ਕਿਸੇ ਵੀ ਜ਼ਿੰਮੇਵਾਰੀ ਤੋਂ ਇਨਕਾਰ ਕਰਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਲੋਕਾਂ ਨੂੰ ਗਾਇਬ ਕੀਤਾ ਵੀ ਗਿਆ ਸੀ, ਇਹ ਹਸੀਨਾ ਜਾਂ ਉਨ੍ਹਾਂ ਦੀ ਕੈਬਨਿਟ ਦੇ ਲੋਕਾਂ ਦੇ ਇਸ਼ਾਰੇ 'ਤੇ ਹੋਇਆ।

ਤਸਵੀਰ ਸਰੋਤ, BANGLADESH CHIEF ADVISOR OFFICE OF INTERIM GOVERNMENT VIA AFP
ਉਨ੍ਹਾਂ ਦਾ ਕਹਿਣਾ ਹੈ, "ਅਜਿਹੀਆਂ ਨਜ਼ਰਬੰਦੀਆਂ ਗੁੰਝਲਦਾਰ ਅੰਦਰੂਨੀ ਫੌਜੀ ਕਾਰਨਾਂ ਕਰਕੇ ਸੰਭਵ ਹੋਈਆਂ ਹੋਣਗੀਆਂ। ਮੈਨੂੰ ਇਸ ਵਿੱਚ ਅਵਾਮੀ ਲੀਗ ਜਾਂ ਉਸ ਵੇਲੇ ਦੀ ਸਰਕਾਰ ਲਈ ਕੋਈ ਲਾਭ ਨਹੀਂ ਦਿਖਾਈ ਦਿੰਦਾ।"
ਫੌਜ ਦੇ ਬੁਲਾਰੇ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ।
ਲੈਫਟੀਨੈਂਟ ਕਰਨਲ ਅਬਦੁੱਲਾ ਇਬਨ ਜ਼ਾਇਦ ਨੇ ਬੀਬੀਸੀ ਨੂੰ ਦੱਸਿਆ, "ਫ਼ੌਜ ਅਜਿਹੇ ਕਿਸੇ ਵੀ ਨਜ਼ਰਬੰਦੀ ਕੇਂਦਰ ਨੂੰ ਚਲਾਉਣ ਤੋਂ ਇਨਕਾਰ ਕਰਦੀ ਹੈ।"
ਪਰ ਤਾਜੁਲ ਇਸਲਾਮ ਕਹਿੰਦੇ ਹਨ ਕਿ ਇਹ ਕੇਂਦਰ ਅਵਾਮੀ ਲੀਗ ਦੀ ਸ਼ਮੂਲੀਅਤ ਦਾ ਸਬੂਤ ਹਨ।
ਉਨ੍ਹਾਂ ਨੇ ਕਿਹਾ, "ਜਿਨ੍ਹਾਂ ਲੋਕਾਂ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਸੀ, ਉਹ ਸਾਰੇ ਵੱਖ-ਵੱਖ ਸਿਆਸੀ ਵਿਚਾਰਧਾਰਾਵਾਂ ਦੇ ਸਨ। ਉਨ੍ਹਾਂ ਸਾਰਿਆਂ ਨੇ ਪਿਛਲੀ ਸਰਕਾਰ ਵਿਰੁੱਧ ਆਵਾਜ਼ ਬੁਲੰਦ ਚੁੱਕੀ ਸੀ। ਇਸੇ ਲਈ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।"
ਹੁਣ ਤੱਕ 122 ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਪਰ ਕਿਸੇ ਨੂੰ ਵੀ ਸਜ਼ਾ ਨਹੀਂ ਮਿਲੀ ਹੈ।
71 ਸਾਲਾ ਇਕਬਾਲ ਚੌਧਰੀ ਵਰਗੇ ਲੋਕ ਅਜੇ ਵੀ ਡਰ ਦੇ ਸਾਏ ਹੇਠ ਜੀਅ ਰਹੇ ਹਨ। ਚੌਧਰੀ ਹੁਣ ਬੰਗਲਾਦੇਸ਼ ਛੱਡਣਾ ਚਾਹੁੰਦੇ ਹਨ।
ਸਾਲ 2019 ਵਿੱਚ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਹ ਅਰਸੇ ਤੱਕ ਆਪਣੇ ਘਰੋਂ ਨਹੀਂ ਨਿਕਲੇ। ਉਨ੍ਹਾਂ ਨੂੰ ਚੁੱਕਣ ਵਾਲਿਆਂ ਨੇ ਚੇਤਾਵਨੀ ਦਿੱਤੀ ਸੀ ਕਿ ਆਪਣੀ ਹੱਡਬੀਤੀ ਕਦੇ ਕਿਸੇ ਨਾਲ ਸਾਂਝੀ ਨਾ ਕਰਨ।
ਚੌਧਰੀ ਨੂੰ ਦੱਸਿਆ ਗਿਆ ਸੀ, "ਜੇ ਤੁਸੀਂ ਕਿਸੇ ਨੂੰ ਕਦੇ ਦੱਸਿਆ ਕਿ ਤੁਹਾਡੇ ਨਾਲ ਕੀ ਹੋਇਆ ਹੈ ਤਾਂ ਤੁਹਾਨੂੰ ਦੁਬਾਰਾ ਚੁੱਕ ਲਿਆ ਜਾਵੇਗਾ। ਕਿਸੇ ਨੂੰ ਖ਼ਬਰ ਤੱਕ ਨਹੀਂ ਹੋਵੇਗੀ ਕਿ ਤੁਸੀਂ ਕਿੱਥੇ ਹੋ, ਤੁਸੀਂ ਦੁਨੀਆਂ ਤੋਂ ਗਾਇਬ ਹੋ ਜਾਓਗੇ।"
ਚੌਧਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਾਰਤ ਅਤੇ ਅਵਾਮੀ ਲੀਗ ਵਿਰੁੱਧ ਲਿਖਣ ਲਈ ਤਸੀਹੇ ਦਿੱਤੇ ਗਏ ਸਨ।
ਉਨ੍ਹਾਂ ਨੇ ਕਿਹਾ, "ਮੈਨੂੰ ਬਿਜਲੀ ਦੇ ਝਟਕੇ ਦਿੱਤੇ ਗਏ ਅਤੇ ਕੁੱਟਿਆ ਗਿਆ। ਇਸ ਕਾਰਨ ਮੇਰੀ ਇੱਕ ਉਂਗਲੀ ਬੇਕਾਰ ਹੋ ਗਈ ਹੈ। ਮੇਰੀਆਂ ਲੱਤਾਂ ਵਿੱਚ ਵੀ ਜਾਨ ਨਹੀਂ ਬਚੀ।"
ਇਸ ਦੌਰਾਨ ਉਨ੍ਹਾਂ ਨੂੰ ਹੋਰ ਲੋਕਾਂ ਦੀਆਂ ਚੀਕਾਂ ਵੀ ਸੁਣਾਈ ਦਿੱਤੀਆਂ ਸਨ।
ਉਹ ਕਹਿੰਦੇ ਹਨ, "ਮੈਨੂੰ ਅਜੇ ਵੀ ਡਰ ਲੱਗਦਾ ਹੈ।"

'ਡਰ ਮੌਤ ਤੱਕ ਰਹੇਗਾ'
23 ਸਾਲਾ ਰਹਿਮਤੁੱਲ੍ਹਾ ਵੀ ਖ਼ੌਫ਼ ਵਿੱਚ ਹਨ।
ਉਹ ਕਹਿੰਦੇ ਹਨ, "ਮੇਰੀ ਜ਼ਿੰਦਗੀ ਦੇ ਡੇਢ ਸਾਲ ਬੀਤ ਗਏ। ਉਹ ਸਮਾਂ ਕਦੇ ਵਾਪਸ ਨਹੀਂ ਆਵੇਗਾ।"
29 ਅਗਸਤ 2023 ਨੂੰ ਉਨ੍ਹਾਂ ਨੂੰ ਆਰਬੀਏ ਦੇ ਅਧਿਕਾਰੀ ਅੱਧੀ ਰਾਤ ਨੂੰ ਉਨ੍ਹਾਂ ਨੂੰ ਘਰੋਂ ਚੁੱਕੇ ਕੇ ਲੈ ਗਏ ਸਨ। ਇਨ੍ਹਾਂ ਵਿੱਚੋਂ ਕੁਝ ਲੋਕ ਬਿਨਾਂ ਵਰਦੀ ਦੇ ਵੀ ਸਨ। ਉਸ ਵੇਲੇ ਰਹਿਮਤੁੱਲ੍ਹਾ ਰਸੋਈਏ ਵਜੋਂ ਕੰਮ ਕਰਦੇ ਸਨ ਅਤੇ ਬਿਜਲੀ ਦਾ ਕੰਮ ਸਿੱਖ ਰਹੇ ਸਨ।
ਰਹਿਮਤੁੱਲ੍ਹਾ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਭਾਰਤ ਵਿਰੋਧੀ ਅਤੇ ਇਸਲਾਮ ਵਿਰੋਧੀ ਪੋਸਟਾਂ ਲਿਖਣ ਲਈ ਚੁੱਕਿਆ ਗਿਆ ਸੀ। ਉਨ੍ਹਾਂ ਨੇ ਆਪਣੀ ਕੋਠੜੀ ਦਾ ਇੱਕ ਸਕੈਚ ਬਣਾਇਆ। ਉੱਥੇ ਉਹ ਨਾਲੀ ਵੀ ਸੀ ਜਿਸ ਵਿੱਚ ਉਹ ਮਲ-ਮੂਤਰ ਤਿਆਗਦੇ ਸਨ।
ਰਹਿਮਤੁੱਲ੍ਹਾ ਕਹਿੰਦੇ ਹਨ, "ਮੈਂ ਉਸ ਜਗ੍ਹਾ ਬਾਰੇ ਸੋਚ ਕੇ ਵੀ ਕੰਬ ਜਾਂਦਾ ਹਾਂ। ਲੇਟਣ ਲਈ ਵੀ ਜਗ੍ਹਾ ਨਹੀਂ ਸੀ। ਮੈਨੂੰ ਬੈਠੇ-ਬੈਠੇ ਕੇ ਸੌਣਾ ਪੈਂਦਾ ਸੀ। ਲੱਤਾਂ ਸਿੱਧੀਆਂ ਕਰਨਾ ਵੀ ਸੰਭਵ ਨਹੀਂ ਸੀ।"
ਬੀਬੀਸੀ ਨੇ ਮਾਈਕਲ ਚਕਮਾ ਅਤੇ ਮਸਰੂਰ ਅਨਵਰ ਨਾਮ ਦੇ ਦੋ ਹੋਰਾਂ ਲੋਕਾਂ ਨਾਲ ਵੀ ਗੱਲ ਕੀਤੀ।
ਇਨ੍ਹਾਂ ਦੋਵਾਂ ਨੂੰ ਵੀ ਅਜਿਹੇ ਨਜ਼ਰਬੰਦੀ ਕੇਂਦਰਾਂ ਵਿੱਚ ਰੱਖਿਆ ਗਿਆ ਸੀ।
ਕੁਝ ਪੀੜਤਾਂ ਦੇ ਸਰੀਰਾਂ 'ਤੇ ਅਜੇ ਵੀ ਉਸ ਸਮੇਂ ਦੇ ਜ਼ਖ਼ਮ ਹਨ। ਪਰ ਹਰ ਕੋਈ ਉਸ ਮਨੋਵਿਗਿਆਨਕ ਅਸਰ ਦੀ ਗੱਲ ਕਰਦਾ ਹੈ ਜੋ ਛੁੱਟਣ ਤੋਂ ਬਾਅਦ ਵੀ ਉਨ੍ਹਾਂ ʼਤੇ ਅਸਰ ਪਾ ਰਿਹਾ ਹੈ।
ਬੰਗਲਾਦੇਸ਼ ਇੱਕ ਅਹਿਮ ਮੋੜ 'ਤੇ ਹੈ। ਲੋਕਤੰਤਰ ਵੱਲ ਦੇਸ਼ ਦੀ ਯਾਤਰਾ ਦਾ ਅਹਿਮ ਇਮਤਿਹਾਨ ਅਜਿਹੇ ਲੋਕਾਂ ਨੂੰ ਨਿਆਂ ਦਿਵਾਉਣਾ ਅਤੇ ਅਪਰਾਧ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣਾ ਹੈ।
ਤਾਜੁਲ ਇਸਲਾਮ ਦਾ ਮੰਨਣਾ ਹੈ ਕਿ ਇਹ ਹੋਣਾ ਚਾਹੀਦਾ ਹੈ ਅਤੇ ਹੋਵੇਗਾ ਵੀ।
ਉਹ ਕਹਿੰਦੇ ਹਨ, "ਆਉਣ ਵਾਲੀਆਂ ਪੀੜ੍ਹੀਆਂ ਨਾਲ ਅਜਿਹਾ ਨਾ ਹੋਵੇ ਇਸ ਲਈ ਇਹ ਜ਼ਰੂਰੀ ਹੈ ਕਿ ਪੀੜਤਾਂ ਨੂੰ ਇਨਸਾਫ਼ ਮਿਲੇ। ਉਨ੍ਹਾਂ ਲੋਕਾਂ ਨੇ ਬਹੁਤ ਕੁਝ ਸਿਹਾ ਹੈ।"
ਕਾਸਿਮ ਕਹਿੰਦੇ ਹਨ ਕਿ ਟਰਾਇਲ ਜਲਦ ਤੋਂ ਜਲਦ ਸ਼ੁਰੂ ਹੋਣੇ ਚਾਹੀਦੇ ਹਨ।
ਰਹਿਮਤੁੱਲ੍ਹਾ ਕਹਿੰਦੇ ਹਨ, "ਉਹ ਡਰ ਅਜੇ ਨਹੀਂ ਗਿਆ। ਡਰ ਮੌਤ ਤੱਕ ਰਹੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












