ਪਾਕਿਸਤਾਨ ਦੇ ਇਤਿਹਾਸ ਦੀ ਸਭ ਤੋਂ ਮਸ਼ਹੂਰ ਰਹੱਸਮਈ ਮੌਤ: ਇੱਕ ਮਸ਼ਹੂਰ ਸ਼ਾਇਰ ਜਦੋਂ ਸ਼ਹਿਨਾਜ਼ ਗੁਲ ਦੇ ਪਿਆਰ 'ਚ ਪੈ ਗਿਆ

ਸ਼ਹਿਨਾਜ਼ ਗੁਲ (ਖੱਬੇ) ਅਤੇ ਪਾਕਿਸਤਾਨ ਦੇ ਮਸ਼ਹੂਰ ਕਵੀ, ਸੀਨੀਅਰ ਨੌਕਰਸ਼ਾਹ ਮੁਸਤਫਾ ਹਸਨੈਨ ਜ਼ੈਦੀ (ਸੱਜੇ)

ਤਸਵੀਰ ਸਰੋਤ, Saba Imtiaz

ਤਸਵੀਰ ਕੈਪਸ਼ਨ, ਸ਼ਹਿਨਾਜ਼ ਗੁਲ (ਖੱਬੇ) ਅਤੇ ਪਾਕਿਸਤਾਨ ਦੇ ਮਸ਼ਹੂਰ ਕਵੀ, ਸੀਨੀਅਰ ਨੌਕਰਸ਼ਾਹ ਮੁਸਤਫਾ ਹਸਨੈਨ ਜ਼ੈਦੀ (ਸੱਜੇ)
    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਹਿੰਦੀ ਦੇ ਲਈ

ਇਹ ਉਸ ਸਮੇਂ ਦੀ ਗੱਲ ਹੈ ਜਦੋਂ ਪਾਕਿਸਤਾਨ ਨਾਲੋਂ ਵੱਖ ਹੋ ਕੇ ਬੰਗਲਾਦੇਸ਼ ਹੋਂਦ ’ਚ ਆਇਆ ਸੀ।

ਅਜਿਹੇ ਸਮੇਂ ’ਚ ਵੀ ਲਗਭਗ ਦੋ ਸਾਲ ਤੱਕ ਦੇਸ ਦੀਆਂ ਅਖ਼ਬਾਰਾਂ ਦੀਆਂ ਸੁਰਖੀਆਂ ’ਚ ਸ਼ਹਿਨਾਜ਼ ਗੁਲ ਦਾ ਨਾਮ ਛਾਇਆ ਰਿਹਾ ਸੀ।

ਅਦਾਲਤ ਨੇ ਸ਼ਹਿਨਾਜ਼ ਨੂੰ ਕਤਲ ਦੇ ਇਲਜ਼ਾਮ ਤੋਂ ਬਰੀ ਕਰ ਦਿੱਤਾ।

ਸ਼ਹਿਨਾਜ਼ ਗੁਲ, ਜੋ ਪਾਕਿਸਤਾਨ ਦੀਆਂ ਅਖਬਾਰਾਂ ਦੇ ਪਹਿਲੇ ਪੰਨੇ ’ਤੇ ਛਾਈ ਰਹੀ, ਕੁਝ ਸਾਲਾਂ ਬਾਅਦ ਗੁੰਮਨਾਮੀ ਦੇ ਹਨੇਰੇ ’ਚ ਉਨ੍ਹਾਂ ਦੀ ਮੌਤ ਹੋ ਗਈ।

ਅੱਜ ਤੱਕ ਇਸ ਗੱਲ ਦਾ ਪਤਾ ਹੀ ਨਹੀਂ ਲੱਗਿਆ ਕਿ ਮਸ਼ਹੂਰ ਸ਼ਾਇਰ ਜੋਸ਼ ਮਲੀਹਾਬਾਦੀ ਦੇ ਚੇਲੇ ਅਤੇ ਫ਼ੈਜ਼ ਅਹਿਮਦ ਫ਼ੈਜ਼ ਦੇ ਮਿੱਤਰ ਮੁਸਤਫ਼ਾ ਹਸਨੈਨ ਜ਼ੈਦੀ ਦੀ ਮੌਤ ਕਿਵੇਂ ਹੋਈ ਸੀ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਮੁਸਤਫਾ ਹਸਨੈਨ ਜ਼ੈਦੀ ਅਤੇ ਸ਼ਹਿਨਾਜ਼ ਗੁਲ

ਤਸਵੀਰ ਸਰੋਤ, Saba Imtiaz

ਤਸਵੀਰ ਕੈਪਸ਼ਨ, ਮੁਸਤਫਾ ਹਸਨੈਨ ਜ਼ੈਦੀ ਅਤੇ ਸ਼ਹਿਨਾਜ਼ ਗੁਲ

ਫੋਨ ਜਿਸ ਦੀ ਘੰਟੀ ਨਹੀਂ ਵੱਜੀ

ਇਹ ਗੱਲ 13 ਅਕਤੂਬਰ, 1970 ਦੀ ਅੱਧੀ ਰਾਤ ਦੀ ਹੈ। ਕਰਾਚੀ ਦੀ ਟੈਲੀਫੋਨ ਐਕਸਚੇਂਜ ’ਚ ਇੱਕ ਸ਼ਿਕਾਇਤ ਆਈ ਕਿ ਟੈਲੀਫੋਨ ਨੰਬਰ 417935 ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਪਰ ਘੰਟੀ ਨਹੀਂ ਵੱਜ ਰਹੀ ਹੈ।

ਲਾਈਨ ਚੈੱਕ ਕਰਨ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਦੱਸਿਆ ਗਿਆ ਕਿ ਫੋਨ ਇੰਗੇਜ਼ਡ ਹੈ। ਜਿਸ ਵਿਅਕਤੀ ਨਾਲ ਉਹ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਉਸ ਦਾ ਨਾਮ ਸਈਅਦ ਮੁਸਤਫਾ ਹਸਨੈਨ ਜ਼ੈਦੀ ਸੀ।

ਜ਼ੈਦੀ ਨੇ ਕੁਝ ਦਿਨ ਪਹਿਲਾਂ ਹੀ ਆਪਣੀ 40ਵੀਂ ਵਰ੍ਹੇਗੰਢ ਮਨਾਈ ਸੀ। ਮੁਸਤਫਾ ਦੇ ਇੱਕ ਦੋਸਤ ਸ਼ਾਹਿਦ ਆਬਿਦੀ ਵੀ ਉਨ੍ਹਾਂ ਨੂੰ ਫੋਨ ਕਰ ਰਹੇ ਸਨ, ਕਿਉਂਕਿ ਉਨ੍ਹਾਂ ਦੇ ਘਰ ਇੱਕ ਵਿਅਕਤੀ ਆਇਆ ਸੀ, ਜਿਸ ਦਾ ਨਾਮ ਸਲੀਮ ਸੀ।

ਸਲੀਮ ਦੀ ਪਰੇਸ਼ਾਨੀ ਇਹ ਸੀ ਕਿ ਉਨ੍ਹਾਂ ਦੀ ਪਤਨੀ ਪਿਛਲੇ ਕੁਝ ਘੰਟਿਆਂ ਤੋਂ ਲਾਪਤਾ ਸੀ। ਉਸ ਦੀ ਉਮਰ 26 ਸਾਲ ਸੀ ਅਤੇ ਉਸ ਦਾ ਨਾਮ ਸ਼ਹਿਨਾਜ਼ ਗੁਲ ਸੀ।

ਸਲੀਮ ਬਦਨਾਮੀ ਦੇ ਡਰ ਤੋਂ ਪੁਲਿਸ ਨੂੰ ਸ਼ਹਿਨਾਜ਼ ਦੇ ਲਾਪਤਾ ਹੋਣ ਦੀ ਖ਼ਬਰ ਨਹੀਂ ਦੇਣਾ ਚਾਹੁੰਦੇ ਸਨ। ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਸ਼ਹਿਨਾਜ਼ ਸ਼ਾਇਦ ਮੁਸਤਫਾ ਦੇ ਨਾਲ ਹੋਵੇਗੀ, ਇਸ ਲਈ ਉਹ ਮੁਸਤਫਾ ਦਾ ਪਤਾ ਪੁੱਛਣ ਲਈ ਸ਼ਾਹਿਦ ਦੇ ਘਰ ਗਏ ਸਨ।

ਸਲੀਮ ਰਾਤ ਦੇ 2 ਵਜੇ ਮੁਸਤਫਾ ਦੇ ਘਰ ਪਹੁੰਚੇ। ਉਨ੍ਹਾਂ ਨੇ ਚੌਕੀਦਾਰ ਤੋਂ ਪੁੱਛਿਆ ਕਿ ਮੁਸਤਫਾ ਕਿੱਥੇ ਹਨ? ਚੌਕੀਦਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਆਪਣੇ ਬੈੱਡਰੂਮ ’ਚ ਸੌ ਰਹੇ ਹਨ। ਦਰਵਾਜ਼ਾ ਖੜਕਾਇਆ ਗਿਆ , ਪਰ ਅੰਦਰੋਂ ਕੋਈ ਆਵਾਜ਼ ਨਹੀਂ ਆਈ।

ਏਅਰ ਕੰਡੀਸ਼ਨਰ ਚੱਲਣ ਦੀ ਆਵਾਜ਼ ਬਾਹਰ ਸੁਣਾਈ ਦੇ ਰਹੀ ਸੀ। ਮੁਸਤਫਾ ਦੀ ਕਾਰ ਗੈਰੇਜ ’ਚ ਖੜ੍ਹੀ ਸੀ।

ਸ਼ਹਿਨਾਜ਼ ਗੁਲ

ਤਸਵੀਰ ਸਰੋਤ, Saba Imtiaz

ਤਸਵੀਰ ਕੈਪਸ਼ਨ, ਸ਼ਹਿਨਾਜ਼ ਗੁਲ

ਮੁਸਤਫਾ ਜ਼ੈਦੀ ਦੀ ਲਾਸ਼ ਬਰਾਮਦ ਹੋਈ

ਸਲੀਮ ਨੇ ਉਹ ਰਾਤ ਬਹੁਤ ਹੀ ਬੇਚੈਨੀ ’ਚ ਕੱਟੀ। ਅਗਲੇ ਦਿਨ ਸਵੇਰੇ 7:30 ਵਜੇ ਇੱਕ ਵਾਰ ਫਿਰ ਮੁਸਤਫਾ ਨੂੰ ਫੋਨ ਮਿਲਾਉਣ ਦੀ ਅਸਫਲ ਕੋਸ਼ਿਸ਼ ਕੀਤੀ ਗਈ। ਆਖਰਕਾਰ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ।

ਇਸ ਘਟਨਾ ’ਤੇ ਹਾਲ ਹੀ ’ਚ ਪ੍ਰਕਾਸ਼ਿਤ ਹੋਈ ਕਿਤਾਬ ‘ਸੋਸਾਇਟੀ ਗਰਲ, ਅ ਟੇਲ ਆਫ਼ ਸੈਕਸ, ਲਾਈਜ਼ ਐਂਡ ਸਕੈਂਡਲ’ ਦੀ ਲੇਖਿਕਾ ਤੂਬਾ ਮਸੂਦ ਖ਼ਾਨ ਦੱਸਦੇ ਹਨ ਕਿ “ਉਨ੍ਹਾਂ ਦਿਨਾਂ ਦੌਰਾਨ ਜ਼ੈਦੀ ਬਹੁਤ ਹੀ ਪਰੇਸ਼ਾਨ ਸਨ ਅਤੇ ਉਹ ਸ਼ਹਿਨਾਜ਼ ਗੁਲ ਨੂੰ ਮਿਲਣਾ ਚਾਹੁੰਦੇ ਸਨ ਪਰ ਸ਼ਹਿਨਾਜ਼ ਉਨ੍ਹਾਂ ਨੂੰ ਟਾਲ ਰਹੀ ਸੀ। ਉਨ੍ਹਾਂ ਦੇ ਬਹੁਤ ਕਹਿਣ ’ਤੇ ਹੀ ਸ਼ਹਿਨਾਜ਼ ਉਨ੍ਹਾਂ ਨੂੰ ਮਿਲਣ ਗਈ ਸੀ।”

ਜਦੋਂ ਪੁਲਿਸ ਨੇ ਦਰਵਾਜ਼ਾ ਤੋੜਿਆ ਤਾਂ ਮੁਸਤਫਾ ਦੀ ਲਾਸ਼ ਬਿਸਤਰ ’ਤੇ ਖੂਨ ਨਾਲ ਲੱਥ-ਪੱਥ ਪਈ ਹੋਈ ਸੀ। ਉਨ੍ਹਾਂ ਦੀ ਨੱਕ ਅਤੇ ਮੂੰਹ ’ਚੋਂ ਖੂਨ ਨਿਕਲ ਰਿਹਾ ਸੀ, ਪਰ ਸਰੀਰ ’ਤੇ ਕੋਈ ਜ਼ਖਮ ਨਹੀਂ ਸੀ। ਉਨ੍ਹਾਂ ਦੇ ਫੋਨ ਦਾ ਰਿਸੀਵਰ ਕ੍ਰੇਡਿਲ ’ਤੇ ਨਾ ਹੋ ਕੇ ਹੇਠਾਂ ਲਟਕ ਰਿਹਾ ਸੀ।

ਸ਼ਹਿਨਾਜ਼ ਉਨ੍ਹਾਂ ਦੇ ਕਮਰੇ ਦੇ ਬਾਹਰ ਕੋਰੀਡੋਰ ’ਚ ਬੇਹੋਸ਼ ਪਈ ਹੋਈ ਸੀ।

'ਸੋਸਾਇਟੀ ਗਰਲ' ਦੀ ਸਹਿ-ਲੇਖਕ ਤੂਬਾ ਮਸੂਦ ਖ਼ਾਨ।

ਤਸਵੀਰ ਸਰੋਤ, Tooba Masood Khan

ਤਸਵੀਰ ਕੈਪਸ਼ਨ, 'ਸੋਸਾਇਟੀ ਗਰਲ' ਦੀ ਸਹਿ-ਲੇਖਕ ਤੂਬਾ ਮਸੂਦ ਖ਼ਾਨ।

ਸ਼ਹਿਨਾਜ਼ ਗੁਲ ਦੀ ਡਰਾਮੇ ’ਚ ਐਂਟਰੀ

ਇਹ ਮੌਤ ਕਿਸੇ ਆਮ ਆਦਮੀ ਦੀ ਨਹੀਂ ਸੀ। ਕੁਝ ਸਮਾਂ ਪਹਿਲਾਂ ਤੱਕ ਮੁਸਤਫ਼ਾ ਲਾਹੌਰ ਦੇ ਜ਼ਿਲ੍ਹਾ ਕਮਿਸ਼ਨਰ ਹੋਇਆ ਕਰਦੇ ਸਨ। ਇਸ ਦੇ ਨਾਲ ਹੀ ਉਨ੍ਹਾਂ ਦੀ ਗਿਣਤੀ ਪਾਕਿਸਤਾਨ ਦੇ ਨੌਜਵਾਨ ਸ਼ਾਇਰਾਂ ’ਚ ਹੁੰਦੀ ਸੀ ਅਤੇ ਮਸ਼ਹੂਰ ਸ਼ਾਇਰ ਜੋਸ਼ ਮਲੀਹਾਬਾਦੀ ਉਨ੍ਹਾਂ ਦੇ ਉਸਤਾਦ ਹੋਇਆ ਕਰਦੇ ਸਨ।

ਬੇਹੋਸ਼ ਸ਼ਹਿਨਾਜ਼ ਨੂੰ ਤੁਰੰਤ ਜਿਨਾਹ ਹਸਪਤਾਲ ਭਰਤੀ ਕੀਤਾ ਗਿਆ। ਉਨ੍ਹਾਂ ਦੇ ਪਤੀ ਸਲੀਮ ਉਨ੍ਹਾਂ ਦੇ ਨਾਲ ਹੀ ਸਨ।

ਜਦੋਂ ਮੁਸਤਫ਼ਾ ਦੀ ਲਾਸ਼ ਮਿਲੀ ਤਾਂ ਉਸ ਸਮੇਂ ਉਨ੍ਹਾਂ ਨੇ ਨੀਲੇ ਰੰਗ ਦੀ ਕਮੀਜ਼ ਪਾਈ ਹੋਈ ਸੀ, ਜੋ ਕਿ ਉਨ੍ਹਾਂ ਦੀ ਪੈਂਟ ’ਚ ਵੜੀ ਹੋਈ ਸੀ। ਉਨ੍ਹਾਂ ਦਾ ਖੱਬਾ ਹੱਥ ਆਪਣੇ ਢਿੱਡ ’ਤੇ ਸੀ ਅਤੇ ਉਨ੍ਹਾਂ ਦੀ ਕਮੀਜ਼ ਦੇ ਬਟਨ ਖੁੱਲੇ ਹੋਏ ਸਨ।

ਮੁਸਤਫ਼ਾ ਦੇ ਭਤੀਜੇ ਸ਼ਾਹਿਦ ਰਜ਼ਾ ਨੇ ਅਦਾਲਤ ’ਚ ਆਪਣੀ ਗਵਾਹੀ ਦੌਰਾਨ ਕਿਹਾ, “ਕਮਰੇ ’ਚ ਪਿਆ ਫਰਨੀਚਰ ਖਿਲਰਿਆ ਪਿਆ ਸੀ। ਸੋਫਾ ਉਲਟਾ ਪਿਆ ਸੀ ਅਤੇ ਲੈਂਪ ਡਿੱਗੀ ਹੋਈ ਸੀ। ਤਕਰੀਬਨ ਚਾਰ ਦਰਜਨ ਨੈਫਥਲੀਨ ਦੀਆਂ ਗੋਲੀਆਂ ਬੈੱਡ ਅਤੇ ਹੇਠਾਂ ਫਰਸ਼ ’ਤੇ ਖਿੱਲਰੀਆਂ ਪਈਆਂ ਸਨ। ਕੁਝ ਗੰਦੇ ਕੱਪੜੇ ਪਏ ਸਨ, ਜਿਨ੍ਹਾਂ ’ਚ ਕੁਝ ਕੌਫ਼ੀ ਬਚੀ ਹੋਈ ਸੀ। ਫੋਨ ਦੇ ਕੋਲ ਨੀਲੇ ਰੰਗ ਦੀਆਂ ਤਿੰਨ ਛੋਟੀਆਂ ਗੋਲੀਆਂ ਸਨ ਅਤੇ ਕੁਝ ਕਾਗਜ਼ ਖਿੱਲਰੇ ਪਏ ਸਨ, ਜਿਨ੍ਹਾਂ ’ਤੇ ਮੁਸਤਫ਼ਾ ਜਰਮਨ ਭਾਸ਼ਾ ਦੇ ਕੁਝ ਸ਼ਬਦ ਲਿਖਣ ਦਾ ਅਭਿਆਸ ਕਰ ਰਹੇ ਸਨ।”

ਏਅਰ ਕੰਡੀਸ਼ਨਰ ਦੇ ਉੱਪਰ ਮੁਸਤਫ਼ਾ ਦੀ ਛੋਟੀ ਬੇਟੀ ਇਸਮਤ ਦੀ ਤਸਵੀਰ ਰੱਖੀ ਹੋਈ ਸੀ

ਮੁਸਤਫ਼ਾ ਦੀ ਮੌਤ ਦੀ ਖ਼ਬਰ ਸੁਣ ਕੇ ਮਸ਼ਹੂਰ ਸ਼ਾਇਰ ਅਹਿਮਦ ਫੈਜ਼ ਵੀ ਉੱਥੇ ਪਹੁੰਚ ਗਏ ਸਨ।

ਮੁਸਤਫਾ ਦੀ ਲਾਸ਼ ਦੀ ਜਾਂਚ ਕਰਨ ਵਾਲੇ ਡਾਕਟਰ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਮੌਤ 18 ਤੋਂ 24 ਘੰਟੇ ਪਹਿਲਾਂ ਹੋਈ ਸੀ।

ਮੁਸਤਫਾ ਹਸਨੈਨ ਜ਼ੈਦੀ

ਤਸਵੀਰ ਸਰੋਤ, Saba Imtiaz

ਤਸਵੀਰ ਕੈਪਸ਼ਨ, ਮੁਸਤਫਾ ਹਸਨੈਨ ਜ਼ੈਦੀ

ਮਸਤ ਸ਼ਾਇਰ ਅਤੇ ਮੁਅੱਤਲ ਅਧਿਕਾਰੀ

ਮੁਸਤਫ਼ਾ ਭਾਰਤ ਦੇ ਇਲਾਹਾਬਾਦ ਦੇ ਵਸਨੀਕ ਸਨ ਅਤੇ ਪਾਕਿਸਤਾਨ ਜਾਣ ਤੋਂ ਪਹਿਲਾਂ ਤੇਗ ਇਲਾਹਾਬਾਦੀ ਦੇ ਨਾਮ ਹੇਠ ਸ਼ਾਇਰੀ ਕਰਦੇ ਸਨ।

‘ਸੋਸਾਇਟੀ ਗਰਲ’ ਦੀ ਸਹਿ-ਲੇਖਿਕਾ ਸਬਾ ਇਮਤਿਆਜ਼ ਦੱਸਦੇ ਹਨ, “ਉਨ੍ਹਾਂ ਦਾ ਪਹਿਲਾ ਕਾਵਿ ਸੰਗ੍ਰਹਿ ‘ਜ਼ੰਜੀਰੇਂ’ 1947 ’ਚ ਪ੍ਰਕਾਸ਼ਿਤ ਹੋਇਆ ਸੀ, ਜਿਸ ਦੀ ਭੂਮਿਕਾ ਮਸ਼ਹੂਰ ਸ਼ਾਇਰ ਫ਼ਿਰਾਕ ਗੋਰਖਪੁਰੀ ਨੇ ਲਿਖੀ ਸੀ। ਉਹ ਛੋਟੀ ਉਮਰੇ ਹੀ ਬਹੁਤ ਪ੍ਰਸਿੱਧ ਹੋ ਗਏ ਸਨ ਅਤੇ ਪ੍ਰਗਤੀਵਾਦੀ ਸੋਚ ਦੇ ਮਾਲਕ ਸਨ। ਉਨ੍ਹਾਂ ਦਾ ਮਾਰਕਸਵਾਦ ’ਚ ਵਿਸ਼ਵਾਸ ਸੀ। ਇਲਾਹਾਬਾਦ ਦੇ ਜ਼ਮਾਨੇ ਤੋਂ ਹੀ ਉਨ੍ਹਾਂ ਨੇ ਮੁਸ਼ਾਇਰਿਆਂ ’ਚ ਜਾਣਾ ਸ਼ੁਰੂ ਕਰ ਦਿੱਤਾ ਸੀ।”

ਵੰਡ ਤੋਂ ਬਾਅਦ ਪਾਕਿਸਤਾਨ ਆ ਕੇ ਪਹਿਲਾਂ ਉਨ੍ਹਾਂ ਨੇ ਇੱਕ ਕਾਲਜ ’ਚ ਪੜ੍ਹਾਇਆ ਅਤੇ ਫਿਰ ਉਨ੍ਹਾਂ ਦੀ ਚੋਣ ਪਾਕਿਸਤਾਨ ਸਿਵਲ ਸਰਵਿਸ ’ਚ ਹੋ ਗਈ। 1954 ਬੈਚ ਦੇ ਮੁਸਤਫਾ ਜ਼ੈਦੀ ਨੂੰ ਪ੍ਰਤੀਭਾਸ਼ਾਲੀ ਅਫ਼ਸਰ ਮੰਨਿਆ ਜਾਂਦਾ ਸੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਲਈ ‘ਤਮਗਾ-ਏ-ਕਾਇਦ-ਏ-ਆਜ਼ਮ’ ਨਾਲ ਸਨਮਾਨਿਤ ਕੀਤਾ ਗਿਆ ਸੀ।

ਉਨ੍ਹਾਂ ਨੇ ਸਾਲ 1957 ’ਚ ਇੱਕ ਜਰਮਨ ਔਰਤ ਵੇਰਾ ਨਾਲ ਵਿਆਹ ਰਚਾਇਆ ਸੀ, ਜਿਸ ਤੋਂ ਉਨ੍ਹਾਂ ਦੇ 2 ਬੱਚੇ ਸਨ।

ਸਬਾ ਇਮਤਿਆਜ਼ ਅੱਗੇ ਦੱਸਦੇ ਹਨ, “ਦਸੰਬਰ, 1969 ’ਚ ਪਾਕਿਸਤਾਨ ਸਰਕਾਰ ਨੇ 303 ਸਿਵਲ ਸੇਵਾ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਸੀ। ਮੁਸਤਫਾ ਜ਼ੈਦੀ ਵੀ ਉਨ੍ਹਾਂ ’ਚੋਂ ਇੱਕ ਸਨ। ਉਨ੍ਹਾਂ ’ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਆਇਦ ਹੋਏ ਸਨ, ਪਰ ਇਹ ਇਲਜ਼ਾਮ ਸਾਬਤ ਨਹੀਂ ਹੋ ਸਕੇ ਸਨ।”

'ਸੋਸਾਇਟੀ ਗਰਲ' ਦੇ ਲੇਖਕ ਸਾਬਾ ਇਮਤਿਆਜ਼ ਅਤੇ ਤੂਬਾ ਮਸੂਦ ਖਾਨ

ਤਸਵੀਰ ਸਰੋਤ, Tooba Masood Khan

ਤਸਵੀਰ ਕੈਪਸ਼ਨ, 'ਸੋਸਾਇਟੀ ਗਰਲ' ਦੇ ਲੇਖਕ ਸਾਬਾ ਇਮਤਿਆਜ਼ ਅਤੇ ਤੂਬਾ ਮਸੂਦ ਖਾਨ

ਸ਼ਹਿਨਾਜ਼ ਗੁਲ

ਜਦੋਂ ਜਿਨਾਹ ਹਸਪਤਾਲ ’ਚ ਸ਼ਹਿਨਾਜ਼ ਗੁਲ ਦੇ ਢਿੱਡ ਦੀ ਸਫਾਈ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਨ੍ਹਾਂ ਨੇ ਵੈਲੀਅਮ ਨਾਲ ਮਿਲਦੀ-ਜੁਲਦੀ ਲਾਈਬ੍ਰੀਅਮ ਦੀਆਂ ਗੋਲੀਆਂ ਖਾਦੀਆਂ ਸਨ। ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਉਸ ਰਾਤ ਬਾਰੇ ਕੁਝ ਵੀ ਯਾਦ ਨਹੀਂ ਹੈ। ਉਨ੍ਹਾਂ ਨੂੰ ਸਿਰਫ ਇਹ ਯਾਦ ਹੈ ਕਿ ਉਹ ਮੁਸਤਫਾ ਨੂੰ ਮਿਲਣ ਲਈ ਗਏ ਸਨ।

ਹਸਪਤਾਲ ’ਚ ਵੀ ਉਨ੍ਹਾਂ ਨੇ ਉਹੀ ਕਾਲੇ ਕੱਪੜੇ ਪਾਏ ਹੋਏ ਸਨ, ਜਿਸ ’ਚ ਉਹ ਮੁਸਤਫਾ ਦੇ ਘਰ ਬੇਹੋਸ਼ ਮਿਲੇ ਸਨ। ਉਨ੍ਹਾਂ ਦੇ ਵਾਲ ਬਿਖਰੇ ਹੋਏ ਸਨ ਅਤੇ ਉਨ੍ਹਾਂ ਦੇ ਮੂੰਹ ’ਤੇ ਸੋਜ ਸੀ।

ਇੱਕ ਦਿਨ ਬਾਅਦ ਉਨ੍ਹਾਂ ਦੇ ਪਤੀ ਸਲੀਮ ਸ਼ਹਿਨਾਜ਼ ਨੂੰ ਹਸਪਤਾਲ ਤੋਂ ਛੁੱਟੀ ਦਵਾ ਕੇ ਘਰ ਲੈ ਗਏ।

ਸਬਾ ਇਮਤਿਆਜ ਦੱਸਦੇ ਹਨ, “ਸ਼ਹਿਨਾਜ਼ ਗੁਲ ਆਪਣੇ ਸਮੇਂ ’ਚ ਬਹੁਤ ਹੀ ਹਸੀਨ ਅਤੇ ਖੂਬਸੂਰਤ ਔਰਤ ਸੀ। ਇਸ ਘਟਨਾ ਦੇ 54 ਸਾਲ ਬਾਅਦ ਵੀ ਲੋਕ ਕਹਿੰਦੇ ਹਨ ਕਿ ਉਨ੍ਹਾਂ ਵਰਗੀ ਖੂਬਸੂਰਤ ਔਰਤ ਕਿਸੇ ਨੇ ਵੀ ਪਾਕਿਸਤਾਨ ’ਚ ਨਹੀਂ ਵੇਖੀ ਹੈ। ਉਨ੍ਹਾਂ ਦੇ ਪਤੀ ਸਲੀਮ ਉਨ੍ਹਾਂ ਤੋਂ ਉਮਰ ’ਚ ਘੱਟ ਤੋਂ ਘੱਟ 30 ਸਾਲ ਵੱਡੇ ਸਨ। ਸਲੀਮ ਦਾ ਪਹਿਲਾ ਵਿਆਹ ਇੱਕ ਅੰਗਰੇਜ਼ ਔਰਤ ਨਾਲ ਹੋਇਆ ਸੀ । ਉਹ ਪਹਿਲਾਂ ਭਾਰਤੀ ਫੌਜ ’ਚ ਸੇਵਾਵਾਂ ਨਿਭਾ ਰਹੇ ਸਨ, ਪਰ ਵੰਡ ਤੋਂ ਬਾਅਦ ਉਨ੍ਹਾਂ ਨੇ ਆਪਣੀ ਇਸ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ।”

ਸ਼ਹਿਨਾਜ਼ ਨਾਲ ਵਿਆਹ ਦੇ ਸਮੇਂ ਉਨ੍ਹਾਂ ਦੀ ਉਮਰ 46 ਸਾਲ ਦੀ ਸੀ ਜਦਕਿ ਉਸ ਸਮੇਂ ਸ਼ਹਿਨਾਜ਼ ਮਹਿਜ 17 ਸਾਲਾ ਦੀ ਅੱਲੜ ਮੁਟਿਆਰ ਸੀ।

ਸਬਾ ਦੱਸਦੇ ਹਨ, “ਸ਼ਹਿਨਾਜ਼ ਨੂੰ ਵੀ ਕੁਝ ਹੱਦ ਤੱਕ ਸ਼ਾਇਰੀ ਦਾ ਸ਼ੌਕ ਸੀ। ਉਨ੍ਹਾਂ ਨੂੰ ਪਾਰਟੀਆਂ ’ਚ ਜਾਣਾ ਪਸੰਦ ਸੀ। ਲੋਕ ਉਨ੍ਹਾਂ ਦੇ ਨਾਲ ਉੱਠਣਾ-ਬੈਠਣਾ ਪਸੰਦ ਕਰਦੇ ਸਨ। 1964 ’ਚ ਸ਼ਹਿਨਾਜ਼ ਦੇ ਘਰ ਪਹਿਲੇ ਬੱਚੇ ਨੇ ਜਨਮ ਲਿਆ ਅਤੇ ਲਗਭਗ ਉਸੇ ਸਮੇਂ ਉਹ ਲਾਹੌਰ ਤੋਂ ਕਰਾਚੀ ਰਹਿਣ ਲਈ ਆ ਗਏ ਸਨ।”

ਸ਼ਹਿਨਾਜ਼ ਗੁਲ ਅਤੇ ਪਤੀ ਸਲੀਮ ਖਾਨ

ਤਸਵੀਰ ਸਰੋਤ, Roli Books

ਤਸਵੀਰ ਕੈਪਸ਼ਨ, ਸ਼ਹਿਨਾਜ਼ ਗੁਲ ਅਤੇ ਪਤੀ ਸਲੀਮ ਖਾਨ

ਇੱਕ ਪਾਰਟੀ ਦੌਰਾਨ ਮੁਸਤਫਾ ਅਤੇ ਸ਼ਹਿਨਾਜ਼ ਦੀ ਹੋਈ ਸੀ ਮੁਲਾਕਾਤ

ਮੁਸਤਫਾ ਜ਼ੈਦੀ ਜਦੋਂ ਸਿਵਲ ਮੁਲਾਜ਼ਮ ਸਨ, ਉਸ ਸਮੇਂ ਉਹ ਅਕਸਰ ਹੀ ਕਰਾਚੀ ਆਉਂਦੇ-ਜਾਂਦੇ ਰਹਿੰਦੇ ਸਨ। ਸਿੰਧ ਕਲੱਬ ’ਚ ਸ਼ਹਿਨਾਜ਼ ਅਤੇ ਸਲੀਮ ਦੀ ਪਹਿਲੀ ਮੁਲਾਕਾਤ ਸਈਅਦ ਮੁਸਤਫਾ ਹਸਨੈਨ ਜ਼ੈਦੀ ਨਾਲ ਹੋਈ ਸੀ।

ਸਬਾ ਇਮਤਿਆਜ਼ ਅੱਗੇ ਦੱਸਦੇ ਹਨ, “ਮੁਸਤਫਾ ਜ਼ੈਦੀ ਨੇ ਆਪਣੇ ਦੋਸਤਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਸ਼ਹਿਨਾਜ਼ ਬਹੁਤ ਪਸੰਦ ਹੈ। ਉਹ ਜਦੋਂ ਆਪਣੇ ਦੋਸਤ-ਮਿੱਤਰਾਂ ਨਾਲ ਪਿਕਨਿਕ ’ਤੇ ਜਾਂਦੇ ਸਨ ਤਾਂ ਉਨ੍ਹਾਂ ’ਚ ਸ਼ਹਿਨਾਜ਼ ਅਤੇ ਉਨ੍ਹਾਂ ਦੇ ਪਤੀ ਸਲੀਮ ਵੀ ਸ਼ਾਮਲ ਹੁੰਦੇ ਸਨ। ਕਈ ਲੋਕਾਂ ਨੇ ਮੁਸਤਫਾ ਨੂੰ ਕਿਹਾ ਸੀ ਕਿ ਸ਼ਹਿਨਾਜ਼ ਸ਼ਾਦੀਸ਼ੁਦਾ ਹੈ। ਉਸ ਨਾਲ ਸਬੰਧ ਵਧਾਉਣ ਤੋਂ ਪਹਿਲਾਂ ਸੋਚ ਸਮਝ ਲੈਣਾ, ਪਰ ਮੁਸਤਫਾ ਨੇ ਕਿਸੇ ਦੀ ਇੱਕ ਵੀ ਨਾ ਸੁਣੀ।”

ਫਿਰ ਜਦੋਂ ਮੁਸਤਫਾ ਲਾਹੌਰ ਤੋਂ ਕਰਾਚੀ ਸ਼ਿਫਟ ਹੋ ਗਏ ਤਾਂ ਉੱਥੇ ਹੀ ਇਨ੍ਹਾਂ ਦਰਮਿਆਨ ਰਿਸ਼ਤਾ ਹੋਰ ਡੂੰਘਾ ਹੋ ਗਿਆ।

ਸਬਾ ਦੱਸਦੇ ਹਨ, “ਸਾਡੀ ਰਿਸਰਚ ਦੱਸਦੀ ਹੈ ਕਿ ਸ਼ਹਿਨਾਜ਼ ਗੁਲ ਕਿਸੇ ਵੀ ਪੜਾਅ ’ਤੇ ਮੁਸਤਫਾ ਜ਼ੈਦੀ ਦੇ ਲਈ ਆਪਣਾ ਪਰਿਵਾਰ ਛੱਡਣਾ ਨਹੀਂ ਚਾਹੁੰਦੇ ਸਨ।”

ਪਹਿਲੀ ਮੁਲਾਕਾਤ ਤੋਂ ਬਾਅਦ ਮੁਸਤਫਾ ਅਤੇ ਸ਼ਹਿਨਾਜ਼ ਅਕਸਰ ਇੱਕ ਦੂਜੇ ਨੂੰ ਮਿਲਣ ਲੱਗੇ। ਮੁਸਤਫਾ ਨੂੰ ਜਾਣਨ ਵਾਲੇ ਦੱਸਦੇ ਹਨ ਕਿ ਉਹ ਔਰਤਾਂ ਦੇ ਨਾਲ ਫਲਰਟ ਕਰਨ ਦੇ ਸ਼ੌਕੀਨ ਸਨ।

ਸਭਾ ਇਮਤਿਆਜ਼ ਦੱਸਦੇ ਹਨ, “ਮੁਸਤਫਾ ਸ਼ਹਿਨਾਜ਼ ਨੂੰ ਪਿਆਰ ਨਾਲ ਲਾਲੀ ਕਹਿ ਕੇ ਬੁਲਾਉਂਦੇ ਸਨ, ਇਸ ਦਾ ਕਾਰਨ ਇਹ ਸੀ ਕਿ ਉਹ ਜਦੋਂ ਬਲੱਸ਼ ਕਰਦੇ ਸਨ ਤਾਂ ਉਨ੍ਹਾਂ ਦੀਆਂ ਗੱਲ੍ਹਾਂ ਪੂਰੀ ਤਰ੍ਹਾਂ ਨਾਲ ਲਾਲ ਹੋ ਜਾਂਦੀਆਂ ਸਨ।”

ਤੂਬਾ ਮਸੂਦ ਦੱਸਦੇ ਹਨ, “ਮੁਸਤਫਾ ਦੇ ਦੋਸਤ ਦੱਸਦੇ ਹਨ ਕਿ ਉਹ ਔਰਤਾਂ ਨਾਲ ਸਬੰਧ ਕਾਇਮ ਕਰਕੇ ਆਪਣੀ ਈਗੋ ਬੂਸਟ ਕਰਦੇ ਸਨ। ਉਨ੍ਹਾਂ ਨੂੰ ਸ਼ਾਇਦ ਇਹ ਵੀ ਖੁਸ਼ਫਹਿਮੀ ਸੀ ਕਿ ਉਨ੍ਹਾਂ ਦੀ ਜਰਮਨ ਪਤਨੀ ਇਸ ਗੱਲ ਦਾ ਬੁਰਾ ਨਹੀਂ ਮੰਨੇਗੀ। ਆਪਣੇ ਦੋਸਤਾਂ ਨੂੰ ਆਪਣੇ ਵਿਆਹ ਤੋਂ ਬਾਹਰਲੇ ਸਬੰਧਾਂ ਦੇ ਲਈ ਉਹ ਬੌਧਿਕ ਕਾਰਣ ਦੱਸਦੇ ਸਨ।”

ਮੁਸਤਫਾ ਜ਼ੈਦੀ

ਤਸਵੀਰ ਸਰੋਤ, Saba Imtiaz

ਤਸਵੀਰ ਕੈਪਸ਼ਨ, ਮੁਸਤਫਾ ਜ਼ੈਦੀ

ਫ਼ੈਜ਼ ਦੀ ਧੀ ਸਲੀਮਾ ਨੇ ਸਬਾ ਨੂੰ ਦੱਸਿਆ ਕਿ ਮੁਸਤਫਾ ਫਰਾਂਸੀਸੀ ਨਾਵਲਕਾਰ ਫ੍ਰਾਂਸੁਆ ਸਗਾਨ ਦੇ ਨਾਵਲ ‘ਬੋਨਜੋ ਤਿਰਤੇਸ’ ਅਤੇ ਉਨ੍ਹਾਂ ਦੇ ਸਮਾਨਾਂਤਰ ਨੈਤਕਿਤਾ ਦੇ ਵਿਚਾਰ ਤੋਂ ਬਹੁਤ ਪ੍ਰਭਾਵਿਤ ਸਨ। ਉਨ੍ਹਾਂ ਨੇ ਇੱਕ ਵਾਰ ਆਪਣੀ ਪਤਨੀ ਵੇਰਾ ਦੇ ਲਈ ਇੱਕ ਸ਼ੇਅਰ ਕਿਹਾ ਸੀ-

‘ਮਿਰੇ ਸਿਆਹੀ ਦਾਮਨ ਕੋ ਦੇਖਣੇ ਪਰ ਭੀ ਤਿਰੇ ਸੁਫ਼ੈਦ ਦੁਪੱਟੋਂ ਕਾ ਦਿਲ ਬੁਰਾ ਨਾ ਹੁਆ’

ਸ਼ਹਿਨਾਜ਼ ’ਤੇ ਮੁਸਤਫਾ ਨੇ 5 ਨਜ਼ਮਾਂ ਲਿਖੀਆਂ ਸਨ। ਉਨ੍ਹਾਂ ’ਚੋਂ ਇੱਕ ‘ਆਪਣੀ ਜਾਨ ਨਜ਼ਰ ਕਰੂੰ’ ਉਨ੍ਹਾਂ ਦੀ ਮੌਤ ਤੋਂ ਬਾਅਦ ਅਖ਼ਬਾਰ ’ਚ ਪ੍ਰਕਾਸ਼ਿਤ ਹੋਈ ਸੀ-

ਮੈਂ ਅਲੱਗ ਹੋ ਕਰ ਲਿਖੂੰ ਤੇਰੀ ਕਹਾਣੀ ਕੈਸੇ

ਮੇਰਾ ਫਨ, ਮੇਰਾ ਸੁਖ਼ਨ, ਮੇਰਾ ਕਲਮ ਤੁਝਸੇ ਹੈ।

‘ਕਰਾਚੀ ਦੀ ਕ੍ਰਿਸਟੀਨ ਕੀਲਰ’

ਇਸ ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਅਬਦੁੱਲ ਰਸ਼ੀਦ ਨੂੰ ਮੁਸਤਫਾ ਦੀ ਅਲਮਾਰੀ ’ਚ ਇੱਕ ਬ੍ਰੀਫਕੇਸ ਬਰਾਮਦ ਹੋਇਆ ਸੀ, ਜਿਸ ’ਚ ਇੱਕ ਪਿਸਤੌਲ ਅਤੇ 25 ਗੋਲੀਆਂ ਰੱਖੀਆਂ ਗੋਈਆਂ ਸਨ।

ਇਸ ਤੋਂ ਇਲਾਵਾ ਉਸ ’ਚ ਛਪੇ ਹੋਏ ਪੈਂਫਲੈਟ ਸਨ, ਜਿਨ੍ਹਾਂ ਦਾ ਸਿਰਲੇਖ ਸੀ ‘ਕਰਾਚੀ ਦੀ ਕ੍ਰਿਸਟੀਨ ਕੀਲਰ ਸ਼ਹਿਨਾਜ਼’। ਉਸ ਪੈਂਫਲੈਟ ’ਚ ਸ਼ਹਿਨਾਜ਼ ਦੀਆਂ ਫੋਟੋਆਂ ਵੀ ਸਨ, ਜਿਸ ’ਚ ਉਨ੍ਹਾਂ ਨੂੰ ਲੱਕ ਤੋਂ ਉੱਪਰ ਬਿਨਾਂ ਕਪੜਿਆਂ ਤੋਂ ਵਿਖਾਇਆ ਗਿਆ ਸੀ।

ਸਬਾ ਇਮਤਿਆਜ਼ ਦੱਸਦੇ ਹਨ, “ਉਨ੍ਹਾਂ ਦੀ ਮੌਤ ਤੋਂ ਕੁਝ ਮਹੀਨੇ ਪਹਿਲਾਂ ਸ਼ਹਿਨਾਜ਼ ਯੂਰਪ ਚਲੇ ਗਏ ਸਨ। ਇਸ ਦੌਰਾਨ ਮੁਸਤਫਾ ਨੂੰ ਲੱਗਿਆ ਕਿ ਸ਼ਹਿਨਾਜ਼ ਦਾ ਉਨ੍ਹਾਂ ਪ੍ਰਤੀ ਰਵੱਈਆ ਬਦਲ ਗਿਆ ਹੈ। ਨਾ ਹੀ ਉਹ ਫੋਨ ’ਤੇ ਗੱਲ ਕਰਦੇ ਸਨ ਅਤੇ ਨਾ ਹੀ ਮੁਸਤਫਾ ਦੇ ਕਿਸੇ ਪੱਤਰ ਦਾ ਜਵਾਬ ਦੇ ਰਹੇ ਸਨ। ਮੁਸਤਫਾ ਨੂੰ ਲੱਗਿਆ ਕਿ ਸ਼ਹਿਨਾਜ਼ ਦਾ ਕਿਸੇ ਹੋਰ ਵਿਅਕਤੀ ਨਾਲ ਸਬੰਧ ਕਾਇਮ ਹੋ ਗਿਆ। ਹੁਣ ਉਨ੍ਹਾਂ ਦਾ ਰਵੱਈਆ ਗੁੱਸੇ ਅਤੇ ਬਦਲੇ ਦੀ ਭਾਵਨਾ ’ਚ ਤਬਦੀਲ ਹੋ ਗਿਆ ਸੀ।”

ਕ੍ਰਿਸਟੀਨ ਕੀਲਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕ੍ਰਿਸਟੀਨ ਕੀਲਰ

“ਉਨ੍ਹਾਂ ਦੇ ਕੋਲ ਸ਼ਹਿਨਾਜ਼ ਦੀਆਂ ਕੁਝ ਤਸਵੀਰਾਂ ਸਨ। ਉਨ੍ਹਾਂ ਨੇ ਕਰਾਚੀ ਦੀ ਇੱਕ ਪ੍ਰਿੰਟਿੰਗ ਪ੍ਰੈਸ ’ਚ 4 ਹਜ਼ਾਰ ਪੈਂਫਲੈਟ ਛਪਵਾਏ। ਉਨ੍ਹਾਂ ਦਾ ਸਿਰਲੇਖ ਸੀ ‘ਕਰਾਚੀ ਦੀ ਕ੍ਰਿਸਟੀਨ ਕੀਲਰ’। ਉਨ੍ਹਾਂ ਨੇ ਲਿਖਿਆ ਕਿ ਉਹ ਪਾਕਿਸਤਾਨ ਦੀ ਹਾਈ ਸੋਸਾਇਟੀ ਅਤੇ ਉਨ੍ਹਾਂ ਦੇ ਕਿਰਦਾਰਾਂ ਦਾ ਪਰਦਾਫਾਸ਼ ਕਰਨਗੇ। ਉਨ੍ਹਾਂ ਨੇ ਇਹ ਛਪਵਾਇਆ ਤਾਂ ਜ਼ਰੂਰ ਪਰ ਵੰਡਿਆ ਨਹੀਂ। ਉਨ੍ਹਾਂ ਨੇ ਆਪਣੇ ਇੱਕ ਦੋਸਤ ਨੂੰ ਇਹ ਵਿਖਾਇਆ ਤਾਂ ਸੀ, ਪਰ ਉਨ੍ਹਾਂ ਕਿਹਾ ਕਿ ਤੁਸੀਂ ਇਹ ਸਭ ਛੱਡ ਦਿਓ।”

ਕ੍ਰਿਸਟੀਨ ਕੀਲਰ ਦਾ ਸਬੰਧ 1963 ’ਚ ਬ੍ਰਿਟੇਨ ਦੇ ਯੁੱਧ ਮੰਤਰੀ ਜੌਹਨ ਪ੍ਰੋਫਿਊਮੋ ਨਾਲ ਸੀ, ਜੋ ਕਿ ਉਨ੍ਹਾਂ ਨਾਲ ਇਸ਼ਕ ਫ਼ਰਮਾ ਰਹੇ ਸਨ। ਬਾਅਦ ’ਚ ਪਤਾ ਲੱਗਿਆ ਕਿ ਕੀਲਰ ਲੰਡਨ ’ਚ ਸੋਵੀਅਤ ਨੇਵਲ ਅਟੈਸ਼ੇ ਦੇ ਨਾਲ ਵੀ ਸਬੰਧ ’ਚ ਸੀ।

ਇਸ ਸਕੈਂਡਲ ਦੇ ਕਾਰਨ ਪ੍ਰਫਿਊਮੋ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਕੀਲਰ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਅਯੂਬ ਖ਼ਾਨ ਦੀ ਵੀ ਦੋਸਤ ਸੀ ਅਤੇ ਦੋਵੇਂ ਇੱਕ ਹੀ ਸਵੀਮਿੰਗ ਪੂਲ ’ਚ ਤੈਰਦੇ ਵੇਖੇ ਗਏ ਸਨ।

ਸ਼ਹਿਨਾਜ਼ ਗੁਲ ਦੀ ਗ੍ਰਿਫਤਾਰੀ

ਉਨ੍ਹੀਂ ਦਿਨੀ ਮਾਰਨਿੰਗ ਨਿਊਜ਼ ਦੇ ਪੱਤਰਕਾਰ ਐਸਕੇ ਪਾਸ਼ਾ ਨੇ ਸ਼ਹਿਨਾਜ਼ ਗੁਲ ਦਾ ਇੰਟਰਵਿਊ ਲਿਆ ਸੀ।

ਪਾਸ਼ਾ ਨੇ ਲਿਖਿਆ ਸੀ, “ਉਨ੍ਹਾਂ ਦਾ ਸੁੰਦਰ ਚਿਹਰਾ ਪੀਲਾ ਪਿਆ ਹੋਇਆ ਸੀ। ਉਨ੍ਹਾਂ ਦੀਆਂ ਬਾਦਾਮੀ ਅੱਖਾਂ ਨੀਂਦ ਦੀਆਂ ਗੋਲੀਆਂ ਦੇ ਭਾਰ ਹੇਠ ਦੱਬੀਆਂ ਹੋਈਆਂ ਸਨ। ਉਹ ਮਾਸੂਮੀਅਤ ਦੀ ਮੂਰਤ ਵਿਖਾਈ ਦੇ ਰਹੇ ਸਨ। ਉਹ ਸਾਧਾਰਨ ਅੰਗਰੇਜ਼ੀ ’ਚ ਗੱਲ ਕਰ ਰਹੇ ਸਨ। ਸ਼ਹਿਨਾਜ਼ ਨੇ ਦੱਸਿਆ ਕਿ ਉਨ੍ਹਾਂ ਅਤੇ ਮੁਸਤਫਾ ਦਰਮਿਆਨ ਮਾਮੂਲੀ ਜਿਹੀ ਜਾਣ-ਪਛਾਣ ਸੀ। ਉਨ੍ਹਾਂ ਨੇ ਕਦੇ ਵੀ ਸਰੀਰਕ ਸਬੰਧ ਨਹੀਂ ਬਣਾਏ ਸਨ।”

ਉਨ੍ਹਾਂ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਮੁਸਤਫਾ ਦੀ ਮੌਤ ਤੋਂ 2 ਹਫ਼ਤੇ ਬਾਅਦ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਉਹ ਮੁਸਤਫਾ ਜ਼ੈਦੀ ਦੀ ਮੌਤ ਦੀ ਨਿਰਪੱਖ ਜਾਂਚ ਕਰ ਰਹੀ ਹੈ , ਪਰ ਫਿਰ ਵੀ ਕਈ ਸਵਾਲ ਖੜ੍ਹੇ ਹੋ ਰਹੇ ਸਨ।

ਕੁਝ ਲੋਕਾਂ ਦਾ ਮੰਨਣਾ ਸੀ ਕਿ ਇਸ ਮਾਮਲੇ ’ਚ ਕੁਝ ਨਹੀਂ ਹੈ, ਜਦਕਿ ਹੋਰਨਾਂ ਲੋਕਾਂ ਦਾ ਮੰਨਣਾ ਸੀ ਕਿ ਮੁਸਤਫਾ ਦੀ ਮੌਤ ਦੇ ਪਿੱਛੇ ਸ਼ਹਿਨਾਜ਼ ਦਾ ਹੱਥ ਹੈ।

ਪੂਰੇ ਪਾਕਿਸਤਾਨ ’ਚ ਅਜਿਹਾ ਮਾਹੌਲ ਬਣ ਗਿਆ ਕਿ ਪੁਲਿਸ ਸ਼ਹਿਨਾਜ਼ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ।

ਮੁਸਤਫਾ ਦੇ ਭਰਾ ਇਰਤਜ਼ਾ ਜ਼ੈਦੀ ਨੇ ਸਵਾਲ ਚੁੱਕਿਆ, “ਮੁਸਤਫਾ ਨੇ ਮੌਤ ਦੇ ਸਮੇਂ ਅਜਿਹੇ ਕੱਪੜੇ ਪਾਏ ਹੋਏ ਸਨ, ਜਿਵੇਂ ਉਹ ਕਿਤੇ ਜਾ ਰਹੇ ਸਨ। ਜੇਕਰ ਇਹ ਖੁਦਕੁਸ਼ੀ ਸੀ ਤਾਂ ਸ਼ਹਿਨਾਜ਼ ਅਤੇ ਮੁਸਤਫਾ ਨੇ ਇੱਕੋ ਜਿਹਾ ਜ਼ਹਿਰ ਕਿਉਂ ਨਹੀਂ ਖਾਧਾ?”

ਸ਼ਹਿਨਾਜ਼ ਗੁਲ

ਤਸਵੀਰ ਸਰੋਤ, Saba Imtiaz

ਤਸਵੀਰ ਕੈਪਸ਼ਨ, ਸ਼ਹਿਨਾਜ਼ ਗੁਲ

ਇਸ ਦੌਰਾਨ ਸਿੰਧ ਅਤੇ ਬਲੂਚਿਸਤਾਨ ਹਾਈ ਕੋਰਟ ਦੇ ਸੀਨੀਅਰ ਜੱਜ ਅਬਦੁਲ ਕਾਦਿਰ ਸ਼ੇਖ ਨੇ ਇੱਕ ਅਚਨਚੇਤ ਕਦਮ ਚੁੱਕਦੇ ਹੋਏ ਸਿੰਧ ਪੁਲਿਸ ਮੁਖੀ ਨੂੰ ਹੁਕਮ ਜਾਰੀ ਕੀਤਾ ਕਿ ਉਹ ਇਸ ਮਾਮਲੇ ’ਚ ਹੁਣ ਤੱਕ ਦੀ ਹੋਈ ਜਾਂਚ ਰਿਪੋਰਟ ਉਨ੍ਹਾਂ ਸਾਹਮਣੇ ਪੇਸ਼ ਕਰਨ।

ਨਤੀਜਾ ਇਹ ਹੋਇਆ ਕਿ 5 ਨਵੰਬਰ, 1970 ਨੂੰ ਮੁਸਤਫਾ ਦੇ ਕਤਲ ਦੀ ਐਫਆਈਆਰ ਦਰਜ ਕੀਤੀ ਗਈ ਅਤੇ ਸ਼ਹਿਨਾਜ਼ ਦੇ ਖਿਲਾਫ ਪਾਕਿਸਤਾਨ ਪੀਨਲ ਕੋਡ ਦੀ ਧਾਰਾ 302 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ।

ਉਸੇ ਰਾਤ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਸ਼ਹਿਨਾਜ਼ ਨੂੰ ਗ੍ਰਿਫਤਾਰ ਕਰਨ ਲਈ ਉਨ੍ਹਾਂ ਦੇ ਘਰ ਪਹੁੰਚ ਗਏ ਸਨ।

ਮਾਰਨਿੰਗ ਸਟਾਰ ਨੇ 7 ਨਵੰਬਰ, 1970 ਦੇ ਆਪਣੇ ਅੰਕ ’ਚ ਲਿਖਿਆ , “ਜਦੋਂ ਪੁਲਿਸ ਸ਼ਹਿਨਾਜ਼ ਗੁਲ ਦੇ ਘਰ ਪਹੁੰਚੀ ਤਾਂ ਉਹ ਸੌ ਰਹੇ ਸਨ। ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੂੰ ਮੁਸਤਫਾ ਜ਼ੈਦੀ ਕਤਲ ਦੇ ਇਲਜ਼ਾਮ ’ਚ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤਾਂ ਉਹ ਬੇਹੋਸ਼ ਹੋ ਗਏ।”

ਇਸ ਦੌਰਾਨ ਪੁਲਿਸ ਨੇ ਮੁਸਤਫਾ ਦੀ ਲਾਸ਼ ਨੂੰ ਉਨ੍ਹਾਂ ਦੀ ਕਬਰ ’ਚੋਂ ਕੱਢ ਕੇ ਉਨ੍ਹਾਂ ਦਾ ਮੁੜ ਪੋਸਟਮਾਰਟਮ ਕਰਵਾਉਣ ਦਾ ਫੈਸਲਾ ਕੀਤਾ। ਪੁਲਿਸ ਸ਼ਹਿਨਾਜ਼ ਨੂੰ ਜਮਸ਼ੇਦ ਕੁਆਰਟਰ ਪੁਲਿਸ ਸਟੇਸ਼ਨ ਲੈ ਗਈ।

ਉੱਥੇ ਮਹਿਲਾ ਕੈਦੀਆਂ ਦੇ ਲਈ ਰਹਿਣ ਲਈ ਵੱਖਰਾ ਪ੍ਰਬੰਧ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਥਾਣੇ ਦੇ ਵਿਹੜੇ ’ਚ ਰੱਖਿਆ ਗਿਆ ਅਤੇ ਮਹਿਲਾ ਪੁਲਿਸ ਅਧਿਕਾਰੀ ਨੂੰ ਉਨ੍ਹਾਂ ’ਤੇ ਨਜ਼ਰ ਰੱਖਣ ਲਈ ਤੈਨਾਤ ਕੀਤਾ ਗਿਆ।

ਪਾਕਿਸਤਾਨੀ ਅਖ਼ਬਾਰਾਂ ’ਚ ਲਗਾਤਾਰ ਖ਼ਬਰਾਂ ਛਪਦੀਆਂ ਰਹੀਆਂ, “ਸ਼ਹਿਨਾਜ਼ ਨੇ ਸੂਤੀ ਪ੍ਰਿੰਟਿੰਡ ਸਲਵਾਰ ਕਮੀਜ਼ ਪਾਈ ਹੋਈ ਸੀ। ਉਹ ਲੱਕੜ ਦੇ ਬੈਂਚ ’ਤੇ ਸੌਣ ਦੀ ਬਜਾਏ ਫਰਸ਼ ’ਤੇ ਸੌਂ ਰਹੀ ਸੀ। ਉਨ੍ਹਾਂ ਨੂੰ ਆਪਣੇ ਉੱਪਰ ਲੈਣ ਲਈ 2 ਕੰਬਲ ਦਿੱਤੇ ਗਏ ਸਨ। ਉਹ ਪੰਜੇ ਵਕਤ ਦੀ ਨਮਾਜ਼ ਅਦਾ ਕਰਦੀ ਸੀ। ਹਾਲਾਂਕਿ ਉਸ ਸਮੇਂ ਰਮਜ਼ਾਨ ਦਾ ਪਹਿਲਾ ਹਫ਼ਤਾ ਚਲ ਰਿਹਾ ਸੀ, ਪਰ ਉਹ ਰੋਜ਼ੇ ਨਹੀਂ ਰੱਖ ਰਹੀ ਸੀ।” (ਜੰਗ, 14 ਨਵੰਬਰ, 1970)

ਸ਼ਹਿਨਾਜ਼ ਗੁਲ ਦੇ ਖਿਲਾਫ ਇਲਜ਼ਾਮ ਸਿੱਧ ਨਹੀਂ ਹੋਏ

ਮੁਕੱਦਮੇ ਦੌਰਾਨ ਸ਼ਹਿਨਾਜ਼ ਆਪਣੇ ਬਿਆਨ ’ਤੇ ਕਾਇਮ ਰਹੇ ਕਿ ਉਨ੍ਹਾਂ ਦੇ ਮੁਸਤਫਾ ਜ਼ੈਦੀ ਨਾਲ ਕੋਈ ਸਰੀਰਕ ਸਬੰਧ ਨਹੀਂ ਸਨ।

ਉਨ੍ਹਾਂ ਕਿਹਾ ਕਿ ਮੁਸਤਫਾ ਦੀ ਅਲਮਾਰੀ ’ਚੋਂ ਬਰਾਮਦ ਹੋਈਆਂ ਫੋਟੋਆਂ ਉਨ੍ਹਾਂ ਦੀਆਂ ਨਹੀਂ ਹਨ। ਅਦਾਲਤ ਨੇ ਆਪਣੇ ਫੈਸਲੇ ’ਚ ਕਿਹਾ ਕਿ ਮੁਸਤਫਾ ਦੇ ਕਤਲ ਦੇ ਕੋਈ ਸਬੂਤ ਨਹੀਂ ਮਿਲੇ ਹਨ।

ਸਿਰਫ ਇਸ ਲਈ ਕਿ ਸ਼ਹਿਨਾਜ਼ ਉੱਥੇ ਮੌਜੂਦ ਸੀ, ਇਸ ਦੇ ਆਧਾਰ ’ਤੇ ਇਹ ਫੈਸਲਾ ਨਹੀਂ ਕੀਤਾ ਜਾ ਸਕਦਾ ਹੈ ਕਿ ਉਨ੍ਹਾਂ ਨੇ ਇਹ ਕਤਲ ਕੀਤਾ ਸੀ।

ਜੱਜ ਕੁੰਵਰ ਇਦਰੀਸ ਨੇ ਕਿਹਾ, “ਮੈਂ ਇਹ ਗੱਲ ਨੋਟ ਕੀਤੀ ਹੈ ਕਿ ਆਪਣੀ ਮੌਤ ਤੋਂ ਪਹਿਲਾਂ ਮੁਸਤਫਾ ਤਣਾਅ ’ਚ ਸਨ। ਆਪਣੀ ਮੌਤ ਤੋਂ ਪਹਿਲਾਂ ਉਨ੍ਹਾਂ ਨੇ ਜੋ ਸ਼ਬਦ ਕਹੇ ਸਨ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੀ ਜਾਨ ਲੈ ਸਕਦੇ ਸਨ। ਮੇਰਾ ਵਿਚਾਰ ਹੈ ਕਿ ਸਿਰਫ ਹਾਲਾਤੀ ਸਬੂਤ ਤੋਂ ਇਹ ਸਿੱਧ ਨਹੀਂ ਹੁੰਦਾ ਹੈ ਕਿ ਉਨ੍ਹਾਂ ਦੀ ਮੌਤ ਲਈ ਸ਼ਹਿਨਾਜ਼ ਜ਼ਿੰਮੇਵਾਰ ਸਨ। ਇਸਤਗਾਸਾ ਪੱਖ ਉਨ੍ਹਾਂ ਵਿਰੁੱਧ ਇਲਜ਼ਾਮ ਸਾਬਤ ਕਰਨ ’ਚ ਅਸਫਲ ਰਿਹਾ।”

ਤੂਬਾ ਮਸੂਦ ਦੱਸਦੇ ਹਨ, “ਫੈਸਲੇ ਤੋਂ ਬਾਅਦ ਸ਼ਹਿਨਾਜ਼ ਨੇ ਆਪਣੇ ਵਕੀਲ ਐਸਐਸ ਸ਼ੇਖ਼ ਨਾਲ ਗੱਲ ਕੀਤੀ ਅਤੇ ਤੇਜ਼ੀ ਨਾਲ ਕਮਰੇ ਤੋਂ ਬਾਹਰ ਚਲੇ ਗਏ। ਇੱਕ ਫੋਟੋਗ੍ਰਾਫਰ ਨੇ ਉਨ੍ਹਾਂ ਦੀ ਫੋਟੋ ਲੈਣ ਦੀ ਕੋਸ਼ਿਸ਼ ਕੀਤੀ। ਇਸ ਵਾਰ ਉਨ੍ਹਾਂ ਨੇ ਸ਼ਾਲ ’ਚ ਆਪਣਾ ਮੂੰਹ ਨਹੀਂ ਛੁਪਾਇਆ ਅਤੇ ਨਾ ਹੀ ਜ਼ਮੀਨ ਵੱਲ ਵੇਖਿਆ। ਉਨ੍ਹਾਂ ਨੇ ਸਿੱਧੇ ਕੈਮਰੇ ’ਚ ਵੇਖ ਕੇ ਤਸਵੀਰ ਖਿੱਚਵਾਈ।”

ਸ਼ਹਿਨਾਜ਼ ਗੁਲ

ਤਸਵੀਰ ਸਰੋਤ, Saba Imtiaz

ਤਸਵੀਰ ਕੈਪਸ਼ਨ, ਸ਼ਹਿਨਾਜ਼ ਗੁਲ

ਪਾਕਿਸਤਾਨ ਅਖ਼ਬਾਰਾਂ ’ਚ ਸਿਰਫ ਸ਼ਹਿਨਾਜ਼ ਗੁਲ ਦੀਆਂ ਹੀ ਖ਼ਬਰਾਂ

ਇਹ ਉਸ ਸਮੇਂ ਦਾ ਸਭ ਤੋਂ ਸਨਸਨੀਖੇਜ਼ ਮਾਮਲਾ ਸੀ। ਉਸ ਸਮੇਂ ਪਾਕਿਸਤਾਨ ’ਚ ਬਹੁਤ ਕੁਝ ਵਾਪਰ ਰਿਹਾ ਸੀ, ਪਰ ਹਰ ਰੋਜ਼ ਸ਼ਹਿਨਾਜ਼ ਗੁਲ ਦੀਆਂ ਹੀ ਤਸਵੀਰਾਂ ਅਖਬਾਰਾਂ ’ਚ ਛਪਦੀਆਂ ਸਨ ਅਤੇ ਉਨ੍ਹਾਂ ਨਾਲ ਸਬੰਧਤ ਕੋਈ ਨਾ ਕੋਈ ਖ਼ਬਰ ਵੀ ਜ਼ਰੂਰ ਹੁੰਦੀ ਸੀ।

ਜੰਗ ਅਖ਼ਬਾਰ ਦੇ ਇੱਕ ਰਿਪੋਰਟਰ ਨੇ ਪੁਲਿਸ ਸਟੇਸ਼ਨ ਦੀ ਕੰਧ ਤੱਕ ਟੱਪੀ ਤਾਂ ਜੋ ਉਹ ਵੇਖ ਸਕੇ ਕਿ ਸ਼ਹਿਨਾਜ਼ ਜੇਲ੍ਹ ਦੇ ਅੰਦਰ ਕੀ ਕਰ ਰਹੀ ਹੈ।

ਮਾਹੌਲ ਅਜਿਹਾ ਸੀ ਕਿ ਲੋਕਾਂ ਦੇ ਘਰਾਂ ’ਚ ਅਖ਼ਬਾਰਾਂ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ ਤਾਂ ਜੋ ਬੱਚੇ ਉਸ ਖ਼ਬਰ ਨੂੰ ਨਾ ਪੜ੍ਹ ਸਕੇ।

ਸ਼ਹਿਨਾਜ਼ ਗੁਲ ਦੇ ਲਈ ਉਹ ਬਹੁਤ ਹੀ ਮੁਸ਼ਕਲ ਵਾਲਾ ਸਮਾਂ ਸੀ। ਲਗਭਗ 2 ਸਾਲ ਤੱਕ ਉਹ ਅਖ਼ਬਾਰਾਂ ਦੇ ਪਹਿਲੇ ਪੰਨੇ ’ਤੇ ਛਾਏ ਰਹੇ।

ਤੂਬਾ ਮਸੂਦ ਦੱਸਦੇ ਹਨ, “ਪ੍ਰੈਸ ਨੇ ਬਹੁਤ ਸਨਸਨੀਖੇਜ਼ ਤਰੀਕੇ ਨਾ ਕੰਮ ਕੀਤਾ ਸੀ। ਤੁਸੀਂ ਜ਼ਰਾ ਇਹ ਸੋਚੋ ਕਿ ਅਕਤੂਬਰ 1970 ਤੋਂ 1972 ਦਰਮਿਆਨ ਸ਼ਹਿਨਾਜ਼ ਦੀ ਸ਼ਕਲ ਅਖ਼ਬਾਰਾਂ ਦੇ ਪਹਿਲੇ ਪੰਨੇ ’ਤੇ ਹੁੰਦੀ ਸੀ। ਇਸ ਦੌਰਾਨ ਪੂਰਬੀ ਪਾਕਿਸਤਾਨ ਵੱਖ ਹੋ ਗਿਆ, ਪਰ ਇਸ ਦੇ ਬਾਵਜੂਦ ਸ਼ਹਿਨਾਜ਼ ਹਮੇਸ਼ਾ ਸੁਰਖੀਆਂ ਬਟੋਰਦੇ ਰਹੇ। ਡਾਨ ਅਤੇ ਸ਼ਾਮ ਦੇ ਅਖ਼ਬਾਰਾਂ ’ਚ ਉਨ੍ਹਾਂ ਦੀ ਸੈਕਸ ਲਾਈਫ ਦੇ ਬਾਰੇ ’ਚ ਚਰਚਾ ਹੁੰਦੀ ਰਹੀ ਸੀ। ਉਨ੍ਹਾਂ ਦੀ ਹਰ ਚੀਜ਼ ਕਵਰ ਹੁੰਦੀ ਸੀ। ਮੈਂ ਅਜਿਹੀ ਕਵਰੇਜ ਆਪਣੀ ਜ਼ਿੰਦਗੀ ’ਚ ਕਦੇ ਨਹੀਂ ਵੇਖੀ।”

ਪਾਕਿਸਤਾਨ ਅਖ਼ਬਾਰਾਂ ’ਚ ਸਿਰਫ ਸ਼ਹਿਨਾਜ਼ ਗੁਲ ਦੀਆਂ ਹੀ ਖ਼ਬਰਾਂ ਸਨ

ਤਸਵੀਰ ਸਰੋਤ, Roli books

ਤਸਵੀਰ ਕੈਪਸ਼ਨ, ਪਾਕਿਸਤਾਨ ਅਖ਼ਬਾਰਾਂ ’ਚ ਸਿਰਫ ਸ਼ਹਿਨਾਜ਼ ਗੁਲ ਦੀਆਂ ਹੀ ਖ਼ਬਰਾਂ ਸਨ

ਬਰੀ ਹੋਣ ਤੋਂ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਨੇ ਜਨਤਕ ਤੌਰ ’ਤੇ ਬਾਹਰ ਨਿਕਲਣਾ ਸ਼ੁਰੂ ਕਰ ਦਿੱਤਾ ਸੀ।

ਸਬਾ ਇਮਤਿਆਜ਼ ਦੱਸਦੇ ਹਨ ਕਿ “ਬਹੁਤ ਸਾਰੇ ਲੋਕ ਉਨ੍ਹਾਂ ਨਾਲ ਹਮਦਰਦੀ ਰੱਖਦੇ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਸ਼ਹਿਨਾਜ਼ ਦੇ ਨਾਲ ਬਹੁਤ ਗਲਤ ਹੋਇਆ ਹੈ। ਇਸ ਘਟਨਾ ਤੋਂ ਬਾਅਦ ਜਦੋਂ ਵੀ ਉਹ ਕਿਸੇ ਪਾਰਟੀ ਜਾਂ ਰੈਸਟੋਰੈਂਟ ’ਚ ਜਾਂਦੇ ਸਨ ਜਾਂ ਸੜਕ ’ਤੇ ਫਲ ਖਰੀਦਦੇ ਹੁੰਦੇ ਤਾਂ ਲੋਕ ਰੁੱਕ-ਰੁੱਕ ਕੇ ਉਨ੍ਹਾਂ ਨੂੰ ਵੇਖਦੇ ਸਨ। ਬਾਅਦ ’ਚ ਉਨ੍ਹਾਂ ਨੇ ਕਦੇ ਵੀ ਮੁਸਤਫਾ ਜ਼ੈਦੀ ਦਾ ਜ਼ਿਕਰ ਨਹੀਂ ਕੀਤਾ।”

ਹੁਣ ਤੋਂ ਤਕਰੀਬਨ 20 ਸਾਲ ਪਹਿਲਾਂ ਗੁੰਮਨਾਮੀ ’ਚ ਉਨ੍ਹਾਂ ਦੀ ਮੌਤ ਹੋ ਗਈ।

ਉਨ੍ਹਾਂ ਦੀ ਮੌਤ ਦਾ ਜ਼ਿਕਰ ਕਿਸੇ ਅਖ਼ਬਾਰ ’ਚ ਨਹੀਂ ਹੋਇਆ। ਇਹ ਉਹੀ ਅਖ਼ਬਾਰ ਸਨ, ਜੋ ਕਿਸੇ ਜ਼ਮਾਨੇ ’ਚ ਉਨ੍ਹਾਂ ਨਾਲ ਸਬੰਧਤ ਹਰ ਛੋਟੀ ਤੋਂ ਛੋਟੀ ਚੀਜ਼ ਰੋਜ਼ ਪਹਿਲੇ ਪੰਨੇ ’ਤੇ ਛਾਪਦੇ ਸਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)