ਐੱਲਈਡੀ ਫੇਸ ਮਾਸਕ ਕੀ ਵਾਕਈ ਤੁਹਾਡੀ ਚਮੜੀ ਨੂੰ ਖੂਬਸੂਰਤ ਅਤੇ ਤੰਦਰੁਸਤ ਬਣਾ ਸਕਦਾ ਹੈ

ਐਲਈਡੀ ਫੇਸ ਮਾਸਕ

ਤਸਵੀਰ ਸਰੋਤ, Getty Images

    • ਲੇਖਕ, ਐਨਾਬੇਲ ਰੈਕਹੈਮ
    • ਰੋਲ, ਹੈਲਥ ਰਿਪੋਰਟਰ

ਚਮੜੀ ਦੀਆਂ ਕਈ ਸਮੱਸਿਆਵਾਂ, ਜਿਵੇਂ ਕਿ ਐਕਜ਼ਿਮਾ (ਚਮੜੀ 'ਤੇ ਖੁਸ਼ਕੀ ਅਤੇ ਲਾਲ ਹੋਣਾ), ਹਲਕੇ ਤੋਂ ਦਰਮਿਆਨੇ ਮੁਹਾਸੇ, ਸੋਰਾਇਸਿਸ ਅਤੇ ਸੂਰਜ ਦੀ ਤੇਜ਼ ਰੌਸ਼ਨੀ ਕਾਰਨ ਚਮੜੀ ਦਾ ਮੱਚਣਾ ਆਦਿ ਨੂੰ ਹੱਲ ਕਰਨ ਲਈ ਮੈਡੀਕਲ ਖੇਤਰ ਵਿੱਚ ਐਲਈਡੀ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ।

ਪਰ ਘਰੇਲੂ ਐਲਈਡੀ ਬਾਜ਼ਾਰ ਵੀ ਇੱਕ ਵਿਸ਼ਾਲ ਉਦਯੋਗ ਬਣਨ ਲਈ ਤਿਆਰ ਹੈ। ਬਾਜ਼ਾਰ ਵਿੱਚ ਇਸ ਤਕਨੀਕ ਵਾਲੇ ਮਾਸਕ ਅਤੇ ਹੋਰ ਉਤਪਾਦ ਮੌਜੂਦ ਹਨ, ਜਿਨ੍ਹਾਂ ਦੀ ਕੀਮਤ 40 ਪੌਂਡ ਤੋਂ 1500 ਪੌਂਡ ਤੱਕ ਹੈ।

ਇਹ ਤਕਨੀਕ ਪ੍ਰਕਾਸ਼-ਉਤਸਰਜਕ ਡਾਇਓਡ (LEDs) ਦੀ ਸ਼ਕਤੀ ਦੀ ਵਰਤੋਂ ਕਰਦੀ ਹੈ, ਜੋ ਵਾਰ-ਵਾਰ ਚਮੜੀ ਦੇ ਸੰਪਰਕ ਵਿੱਚ ਆਉਣ 'ਤੇ ਚਮੜੀ ਦੇ ਸੈੱਲਾਂ ਨੂੰ ਉਤੇਜਿਤ ਕਰਦੇ ਹਨ।

ਅਜਿਹੇ ਮਾਸਕ ਬਣਾਉਣ ਵਾਲੇ ਵੱਡੇ ਦਾਅਵੇ ਕਰਦੇ ਹਨ ਕਿ ਘਰੇਲੂ ਐਲਈਡੀ ਮਾਸਕ ਮੁਹਾਸਿਆਂ ਯਾਨਿ ਕਿ ਫਿਣਸੀਆਂ ਦੇ ਦਾਗਾਂ, ਸੂਰਜ ਦੇ ਨੁਕਸਾਨ ਅਤੇ ਮਹੀਨ ਰੇਖਾਵਾਂ ਦੇ ਇਲਾਜ ਲਈ ਵਰਤੇ ਜਾ ਸਕਦੇ ਹਨ - ਪਰ ਜਦੋਂ ਜਾਂਚ ਦੀ ਗੱਲ ਆਉਂਦੀ ਹੈ ਤਾਂ ਕੀ ਇਹ ਖਰੇ ਉਤਰਦੇ ਹਨ?

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

2032 ਤੱਕ ਐਲਈਡੀ ਬਾਜ਼ਾਰ ਵਿਸ਼ਵ ਪੱਧਰ 'ਤੇ 600 ਪੌਂਡ ਮਿਲੀਅਨ ਦਾ ਹੋਣ ਜਾ ਰਿਹਾ ਹੈ - ਜੋ ਕਿ ਡਾਇਸਨ ਏਅਰਰੈਪ ਵਰਗੀ ਏਅਰਫਲੋ ਤਕਨੀਕ ਦੀ ਕੀਮਤ ਨਾਲੋਂ ਲਗਭਗ ਦੁੱਗਣਾ ਹੈ।

ਚਮੜੀ ਵਿਗਿਆਨੀ ਅਤੇ ਡਾਕਟਰ ਜੋਨਾਥਨ ਕੈਂਟਲੇ ਦੇ ਅਨੁਸਾਰ, ਐਲਈਡੀ ਤਕਨੀਕ ਚਮੜੀ ਨੂੰ ਰੌਸ਼ਨੀ ਊਰਜਾ ਨੂੰ ਸੋਖਣ ਲਈ ਮਜਬੂਰ ਕਰਕੇ ਕੰਮ ਕਰਦੀ ਹੈ, ਜੋ ਫਿਰ ਫੋਟੋਬਾਇਓਮੋਡੂਲੇਸ਼ਨ (ਪੀਬੀਐਮ) ਵਜੋਂ ਜਾਣੀ ਜਾਂਦੀ ਪ੍ਰਕਿਰਿਆ ਵਿੱਚ ਸੈਲੂਲਰ ਤਬਦੀਲੀਆਂ ਨੂੰ ਚਾਲੂ ਕਰਦੀ ਹੈ।

ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ "ਇਸ ਨਾਲ ਖੂਨ ਦੀਆਂ ਨਵੀਆਂ ਨਾੜੀਆਂ ਅਤੇ ਚਮੜੀ ਦੇ ਨਵੇਂ ਸੈੱਲ ਬਣਦੇ ਹਨ।''

ਉਹ ਅੱਗੇ ਕਹਿੰਦੇ ਹਨ, "ਪੀਬੀਐਮ ਦੀ ਵਰਤੋਂ ਫਿਣਸੀਆਂ ਦੇ ਇਲਾਜ ਲਈ ਵੀ ਕੀਤੀ ਜਾਂਦੀ ਹੈ ਕਿਉਂਕਿ ਇਸ ਵਿੱਚ ਸੋਜ ਵਿਰੋਧੀ ਪ੍ਰਭਾਵ ਹੁੰਦੇ ਹਨ ਅਤੇ ਇਹ ਚਮੜੀ ਵਿੱਚ ਤੇਲ ਦੀ ਮਾਤਰਾ ਨੂੰ ਘੱਟ ਕਰਦੇ ਹਨ।''

ਪੀਬੀਐਮ ਦੇ ਇੱਕ ਹਾਲੀਆ ਵਿਆਪਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਇਸ ਨੂੰ ਪੂਰੀ ਤਰ੍ਹਾਂ ਸਮਝਣ ਲਈ ਕਿ ਇਹ ਅਸਲ ਵਿੱਚ ਕਿਵੇਂ ਕੰਮ ਕਰਦਾ ਹੈ, ਮਨੁੱਖਾਂ 'ਤੇ ਹੋਰ ਕਲੀਨਿਕਲ ਅਜ਼ਮਾਇਸ਼ਾਂ ਕਰਨ ਦੀ ਲੋੜ ਹੈ।

ਐਲਈਡੀ ਫੇਸ ਮਾਸਕ

ਤਸਵੀਰ ਸਰੋਤ, Getty Images

ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਪਹਿਲੀ ਵਾਰ 1990 ਦੇ ਦਹਾਕੇ ਵਿੱਚ ਐਲਈਡੀ ਦੇ ਪ੍ਰਭਾਵਾਂ ਦਾ ਅਧਿਐਨ ਕਰਨਾ ਸ਼ੁਰੂ ਕੀਤਾ ਸੀ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਕੀ ਇਹ ਸੈੱਲ ਪੁਨਰਜਨਮ ਵਿੱਚ ਮਦਦ ਕਰ ਸਕਦੇ ਹਨ ਜਾਂ ਨਹੀਂ।

ਡਾਕਟਰ ਕੈਂਟਲੇ ਦੇ ਅਨੁਸਾਰ, "ਉਦੋਂ ਤੋਂ ਕਈ ਸਾਲਾਂ ਤੋਂ" ਚਮੜੀ ਦੇ ਮਾਹਿਰਾਂ ਵੱਲੋਂ ਮੈਡੀਕਲ-ਗ੍ਰੇਡ ਯੰਤਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਪਰ ਘਰੇਲੂ ਵਰਤੋਂ ਲਈ ਮਾਸਕ ਲਗਭਗ ਪੰਜ ਸਾਲਾਂ ਤੋਂ ਆਮ ਬਾਜ਼ਾਰ ਵਿੱਚ ਉਪਲਬਧ ਹਨ ਅਤੇ ਇਨ੍ਹਾਂ ਦੀ ਕੀਮਤ ਡਾਕਟਰੀ ਉਪਕਰਣਾਂ ਨਾਲੋਂ ਬਹੁਤ ਘੱਟ ਹੈ।

ਮੈਡੀਕਲ ਉਪਕਰਣਾਂ ਅਤੇ ਹਾਈ ਸਟ੍ਰੀਟ ਮਾਸਕ ਵਿੱਚ ਮੁੱਖ ਅੰਤਰ ਹਨ - ਐਲਈਡੀ ਦੀ ਮਜ਼ਬੂਤੀ, ਉਪਕਰਣ 'ਤੇ ਬਲਬਾਂ ਦੀ ਗਿਣਤੀ ਅਤੇ ਵਰਤੋਂ ਦੌਰਾਨ ਇਹ ਚਮੜੀ ਦੀ ਸਤ੍ਹਾ ਦੇ ਕਿੰਨੇ ਨੇੜੇ ਹੁੰਦੇ ਹਨ।

ਐੱਲਈਡੀ ਥੈਰੇਪੀ ਮਾਸਕ 'ਦਿੱਖ ਦੇ ਤੌਰ 'ਤੇ ਦਿਲਚਸਪ' ਹਨ

ਐਲਈਡੀ ਫੇਸ ਮਾਸਕ

ਤਸਵੀਰ ਸਰੋਤ, Getty Images

ਡਾਕਟਰ ਜਸਟਿਨ ਕਲੁਕ ਆਪਣਾ ਡਰਮਾਟੋਲੋਜੀ ਕਲੀਨਿਕ ਚਲਾਉਂਦੇ ਹਨ ਅਤੇ ਫਿਣਸੀਆਂ ਦੇ ਇਲਾਜ ਵਿੱਚ ਮਾਹਰ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਹਾਲਾਂਕਿ ਘਰੇਲੂ ਮਾਸਕ "ਯਕੀਨ ਕਰਨ ਲਾਇਕ" ਜਾਪਦੇ ਹਨ, ਪਰ ਮਾਸਕ ਦੇ ਥੋਕ ਨਿਰਮਾਤਾ ਆਪਣੇ ਫਾਇਦਿਆਂ ਬਾਰੇ "ਅਟਕਲਾਂ" ਲਗਾ ਰਹੇ ਹਨ।

ਉਨ੍ਹਾਂ ਕਿਹਾ,"ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਘਰ ਵਿੱਚ ਐੱਲਈਡੀ ਮਾਸਕ ਦਾ ਕਲੀਨਿਕਲ ਟ੍ਰਾਇਲ ਕੀਤਾ ਹੈ ਕਿ ਕੀ ਇਹ ਉਸੇ ਤਰ੍ਹਾਂ ਤੁਹਾਡੇ ਲਈ ਕੰਮ ਕਰਦਾ ਹੈ ਜਿਵੇਂ ਕਿ ਕਿਸੇ ਕਲੀਨਿਕ ਜਾਂ ਹਸਪਤਾਲ ਵਾਲੇ ਉਪਕਰਣ ਨੇ ਕਰਨਾ ਸੀ।

"ਕੋਈ ਵੀ ਇਨ੍ਹਾਂ ਉਪਕਰਣਾਂ ਨੂੰ ਇੰਨੇ ਵੱਡੇ ਸੈਂਪਲ ਆਕਾਰ ਵਿੱਚ ਲੰਬੇ ਸਮੇਂ ਤੋਂ ਟੈਸਟ ਨਹੀਂ ਕਰ ਰਿਹਾ ਹੈ ਤਾਂ ਜੋ ਅਸੀਂ ਇਨ੍ਹਾਂ ਬਾਰੇ ਪੂਰੀ ਤਰ੍ਹਾਂ ਨਾਲ ਵਿਸ਼ਵਾਸ ਮਹਿਸੂਸ ਕਰ ਸਕੀਏ।''

ਉਨ੍ਹਾਂ ਕਿਹਾ, "ਇਸ ਲਈ ਮੇਰਾ ਮੰਨਣਾ ਹੈ ਕਿ ਇਨ੍ਹਾਂ ਵਿੱਚੋਂ ਇੱਕ ਮਾਸਕ ਦੀ ਵਰਤੋਂ ਕਰਨ ਦੇ ਫਾਇਦੇ ਸ਼ਾਇਦ ਬਹੁਤ ਹੀ ਮਾਮੂਲੀ ਹਨ।''

ਸੁੰਦਰਤਾ ਉਦਯੋਗ ਦੇ ਸਾਰੇ ਉਤਪਾਦਾਂ ਵਿੱਚੋਂ ਲਗਭਗ ਅੱਧੇ ਉਤਪਾਦ ਚਮੜੀ ਦੀ ਦੇਖਭਾਲ ਨਾਲ ਸਬੰਧਤ ਹਨ ਅਤੇ ਅਗਲੇ ਸਾਲ ਇਸਦੇ ਹੋਰ ਵਧਣ ਦੀ ਉਮੀਦ ਹੈ। ਇਸ ਹਿਸਾਬ ਨਾਲ ਇਹ ਵਾਲਾਂ ਦੀ ਦੇਖਭਾਲ, ਮੇਕਅਪ ਅਤੇ ਖੁਸ਼ਬੂ ਵਾਲੇ ਉਤਪਾਦਾਂ ਨੂੰ ਪਛਾੜ ਦੇਣਗੇ।

ਇਸ ਵਾਧੇ ਵਿੱਚ, ਜਨਰੇਸ਼ਨ ਜ਼ੀ (1995 ਅਤੇ 2009 ਦੇ ਵਿਚਕਾਰ ਪੈਦਾ ਹੋਏ ਲੋਕ) ਅਤੇ ਇੱਥੋਂ ਤੱਕ ਕਿ ਜਨਰੇਸ਼ਨ ਅਲਫ਼ਾ (2010 ਤੋਂ ਹੁਣ ਤੱਕ ਪੈਦਾ ਹੋਏ) ਦਾ ਖਾਸਾ ਯੋਗਦਾਨ ਹੈ, ਜਿਨ੍ਹਾਂ ਦਾ ਚਮੜੀ ਦੇ ਰੱਖ-ਰਖਾਵ ਪ੍ਰਤੀ ਵਧੇਰੇ ਮੋਹ ਹੈ ਅਤੇ ਇਹ ਸੋਸ਼ਲ ਮੀਡੀਆ ਦੇ ਰੁਝਾਨ ਨਾਲ ਪ੍ਰਭਾਵਿਤ ਹੈ।

ਡਾਕਟਰ ਕਲੁਕ ਕਹਿੰਦੇ ਹਨ, ਉਨ੍ਹਾਂ ਨੇ "ਕੋਵਿਡ ਤੋਂ ਬਾਅਦ ਘਰ ਵਿੱਚ ਚਮੜੀ ਦੀ ਦੇਖਭਾਲ ਅਤੇ ਇਲਾਜਾਂ ਵਿੱਚ ਲੋਕਾਂ ਦੀ ਦਿਲਚਸਪੀ ਵਿੱਚ ਭਾਰੀ ਵਾਧਾ ਦੇਖਿਆ ਹੈ।"

ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਘਰ ਵਿੱਚ ਵਰਤੇ ਜਾਣ ਵਾਲੇ ਐੱਲਈਡੀ ਮਾਸਕ ਦਾ "ਦਿੱਖ ਦੇ ਤੌਰ 'ਤੇ ਦਿਲਚਸਪ" ਹੋਣਾ, ਇਸ ਨੂੰ ਇੱਕ ਆਕਰਸ਼ਕ ਉਤਪਾਦ ਬਣਾਉਂਦਾ ਹੈ ਜਿਸ ਨੂੰ ਆਨਲਾਈਨ ਵੇਚਣਾ ਸੌਖਾ ਹੁੰਦਾ ਹੈ।

ਉਹ ਕਹਿੰਦੇ ਹਨ ਕਿ "ਲਾਲ ਐੱਲਈਡੀ ਮਾਸਕ ਪਹਿਨ ਟੀਵੀ ਦੇਖ ਰਹੇ ਲੋਕ, ਬਾਕੀ ਲੋਕਾਂ ਦੀ ਉਤਸੁਕਤਾ ਵਧਾਉਂਦੇ ਹਨ।"

"ਪਿਛਲੇ ਛੇ ਮਹੀਨਿਆਂ ਵਿੱਚ ਮੇਰੀ ਹਰ ਸਲਾਹ-ਮਸ਼ਵਰੇ ਵਿੱਚ, ਲੋਕ ਮੈਨੂੰ ਐੱਲਈਡੀ ਮਾਸਕ ਬਾਰੇ ਪੁੱਛ ਰਹੇ ਹਨ।"

ਐਲਈਡੀ ਫੇਸ ਮਾਸਕ

ਤਸਵੀਰ ਸਰੋਤ, Getty Images

ਜਦੋਂ ਤੁਸੀਂ ਟਿਕਟੌਕ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਐੱਲਈਡੀ ਮਾਸਕ ਦੀ ਖੋਜ ਕਰਦੇ ਹੋ, ਤਾਂ ਤੁਹਾਨੂੰ ਸੈਂਕੜੇ ਵੀਡੀਓ ਮਿਲਣਗੇ ਜਿਨ੍ਹਾਂ ਵਿੱਚ ਉਪਭੋਗਤਾ ਇਨ੍ਹਾਂ ਘਰੇਲੂ ਡਿਵਾਈਸਾਂ ਵਿੱਚੋਂ ਕਿਸੇ ਇੱਕ ਦੀ ਵਰਤੋਂ ਕਰਨ ਤੋਂ ਬਾਅਦ ਮਿਲੇ ਉਨ੍ਹਾਂ ਦੇ ਨਤੀਜਿਆਂ ਬਾਰੇ ਦੱਸਦੇ ਹਨ।

29 ਸਾਲਾ ਨੈਟਲੀ ਓ'ਨੀਲ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ "ਇਹ ਦੇਖਣ ਲਈ ਉਤਸੁਕਤਾ ਨਾਲ ਮਾਸਕ ਦੀ ਵਰਤੋਂ ਸ਼ੁਰੂ ਕੀਤੀ ਸੀ ਕਿ ਕੀ ਮੈਨੂੰ ਕੋਈ ਫ਼ਰਕ ਨਜ਼ਰ ਆਵੇਗਾ" ਅਤੇ ਉਨ੍ਹਾਂ ਨੇ ਇਸਦੀ ਵਰਤੋਂ ਫਿਣਸੀਆਂ ਵਰਗੀ ਮੌਜੂਦਾ ਦਿੱਕਤ ਦੇ ਇਲਾਜ ਲਈ ਨਹੀਂ ਕੀਤੀ।

ਸਕਿੱਨ ਕੇਅਰ ਸਬੰਧੀ ਕੰਟੈਂਟ ਬਣਾਉਣ ਵਾਲੇ ਨੈਟਲੀ ਕਹਿੰਦੇ ਹਨ ਕਿ "ਮੈਂ ਕੁਝ ਹਫ਼ਤਿਆਂ ਬਾਅਦ ਆਪਣੀ ਚਮੜੀ ਵਿੱਚ ਫ਼ਰਕ ਦੇਖਿਆ ਅਤੇ ਮਹਿਸੂਸ ਕੀਤਾ ਕਿ ਇਹ ਫਿਣਸੀਆਂ ਨੂੰ ਰੋਕਣ ਲਈ ਸੱਚਮੁੱਚ ਕੰਮ ਕਰਦੀ ਹੈ।"

ਉਨ੍ਹਾਂ ਅੱਗੇ ਕਿਹਾ ਕਿ ਮਾਸਕ ਨੇ "ਮੇਰੀ ਚਮੜੀ ਦੇ ਰੰਗ ਨੂੰ ਹੋਰ ਵੀ ਇਕਸਾਰ ਰੱਖਣ" ਵਿੱਚ ਮਦਦ ਕੀਤੀ ਹੈ ਅਤੇ ਉਨ੍ਹਾਂ ਦੇ ਚਿਹਰੇ 'ਤੇ ਨਿਸ਼ਾਨਾਂ ਨੂੰ ਤੇਜ਼ੀ ਨਾਲ ਮਿਟਾ ਦਿੱਤਾ ਹੈ।

ਨੈਟਲੀ ਨੂੰ ਕਿਸੇ ਖਾਸ ਮਾਸਕ ਦਾ ਪ੍ਰਚਾਰ ਕਰਨ ਲਈ ਭੁਗਤਾਨ ਨਹੀਂ ਕੀਤਾ ਗਿਆ ਸੀ, ਇਸ ਲਈ ਉਨ੍ਹਾਂ ਨੇ ਇਸ ਤਕਨੀਕ 'ਤੇ ਬਣਾਈ ਆਪਣੀ ਸਾਰੀ ਸਮੱਗਰੀ ਨੂੰ ਹਟਾ ਦਿੱਤਾ ਹੈ ਪਰ ਨਾਲ ਹੀ ਉਹ ਇਹ ਵੀ ਦੱਸਦੇ ਹਨ ਕਿ ਉਹ ਇਸ ਨੂੰ ਆਪਣੀ ਨਿਯਮਤ ਸਕਿੱਨ ਕੇਅਰ ਰੁਟੀਨ ਵਿੱਚ ਵਰਤ ਰਹੇ ਹਨ।

ਉਨ੍ਹਾਂ ਅੱਗੇ ਕਿਹਾ, "ਬਹੁਤ ਸਾਰੇ ਉਪਭੋਗਤਾ ਇਸ ਗੱਲ ਨੂੰ ਨਹੀਂ ਸਮਝਦੇ ਕਿ ਕਿਸੇ ਕਲੀਨਿਕ ਵਿੱਚ ਮਿਲਣ ਵਾਲੀ ਲਾਲ ਰੌਸ਼ਨੀ ਜਾਂ ਐੱਲਈਡੀ ਥੈਰੇਪੀ ਨੂੰ ਇੰਨੀ ਜਲਦੀ ਕਿਸੇ ਮਾਸਕ 'ਚ ਨਹੀਂ ਪਾਇਆ ਜਾ ਸਕਦਾ। ਮੇਰੇ ਲਈ ਇਹ ਠੀਕ ਹੈ ਕਿਉਂਕਿ ਮੇਰੀਆਂ ਉਮੀਦਾਂ ਵੀ ਨਿਰਧਾਰਤ ਹਨ।"

ਐਲਈਡੀ ਫੇਸ ਮਾਸਕ

ਤਸਵੀਰ ਸਰੋਤ, Getty Images

ਐੱਲਈਡੀ ਮਾਸਕਾਂ ਦੀ ਇੱਕ ਖਾਸ ਗੱਲ ਇਹ ਵੀ ਹੈ ਕਿ ਇਹ ਵਰਤਣ ਵਿੱਚ ਸੌਖੇ ਹਨ।

ਲਾਰੈਂਸ ਨਿਊਮੈਨ, ਕਰੰਟਬਾਡੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ, ਜਿਨ੍ਹਾਂ ਦਾ ਘਰ ਵਿੱਚ ਬਣਾਇਆ ਜਾਣ ਵਾਲਾ ਐੱਲਈਡੀ ਮਾਸਕ ਦੁਨੀਆਂ ਦੇ ਸਭ ਤੋਂ ਵੱਧ ਵਿਕਣ ਵਾਲੇ ਮਾਸਕਾਂ ਵਿੱਚੋਂ ਇੱਕ ਹੈ।

ਉਨ੍ਹਾਂ ਨੇ 25 ਸਾਲ ਤੋਂ ਵੱਧ ਸਮਾਂ ਪਹਿਲਾਂ ਕਲੀਨਿਕਾਂ ਨੂੰ ਪੇਸ਼ੇਵਰ ਉਪਕਰਣ ਵੇਚਣੇ ਸ਼ੁਰੂ ਕੀਤੇ ਸਨ ਅਤੇ ਫਿਰ 2009 ਵਿੱਚ ਇੱਕ ਮਾਸਕ ਬਣਾਉਣਾ ਸ਼ੁਰੂ ਕੀਤਾ ਜਿਸ ਨੂੰ ਘਰ ਵਿੱਚ ਹੀ ਇਸਤੇਮਾਲ ਕੀਤਾ ਜਾ ਸਕਦਾ ਸੀ। ਕੰਪਨੀ ਨੇ ਸਿਰਫ਼ 10 ਸਾਲ ਬਾਅਦ ਹੀ ਆਪਣਾ ਪਹਿਲਾ ਉਪਕਰਣ ਪੇਸ਼ ਕਰ ਦਿੱਤਾ ਸੀ।

ਬੀਬੀਸੀ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ, "ਅਸੀਂ ਦੇਖਦੇ ਹਾਂ ਕਿ ਲੋਕ ਇਸ ਨੂੰ 10 ਮਿੰਟਾਂ ਲਈ ਇਤੇਮਾਲ ਕਰਦੇ ਹਨ ਅਤੇ ਚਿਹਰੇ 'ਤੇ ਚਮਕ ਆ ਜਾਂਦੀ ਹੈ।''

ਨਿਊਮੈਨ ਦਾ ਕਹਿਣਾ ਹੈ ਕਿ ਖਾਸ ਤੌਰ 'ਤੇ ਔਰਤਾਂ 'ਚਮੜੀ ਦੀ ਪੂਰੀ ਦੇਖਭਾਲ ਵੱਲ ਵਧ ਰਹੀਆਂ ਹਨ' ਅਤੇ ਬੋਟੌਕਸ ਅਤੇ ਫਿਲਰਾਂ ਤੋਂ ਬਿਨਾਂ ਆਪਣੀ ਚਮੜੀ ਨੂੰ ਬਿਹਤਰ ਬਣਾਉਣ ਦੇ ਤਰੀਕੇ ਲੱਭ ਰਹੀਆਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੰਪਨੀ ਜੋ ਮਾਸਕ ਵੇਚਦੀ ਹੈ, ਉਹ ਮੈਡੀਕਲ ਉਪਕਰਣਾਂ ਵਾਂਗ ਹੀ ਤਕਨੀਕ ਦੀ ਵਰਤੋਂ ਕਰਕੇ ਵਿਕਸਤ ਕੀਤੇ ਜਾਂਦੇ ਹਨ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਘਰ ਵਿੱਚ ਇਸਤੇਮਾਲ ਹੁੰਦੇ ਐੱਲਈਡੀ ਮਾਸਕਾਂ ਦਾ ਬਾਜ਼ਾਰ, ਅਤੇ ਅਸਲ ਵਿੱਚ ਘਰ ਵਿੱਚ ਸੁੰਦਰਤਾ ਪਾਉਣ ਦੀ ਤਕਨੀਕ ਵਾਲਾ ਬਾਜ਼ਾਰ, ਆਪਣੀ ਸ਼ੁਰੂਆਤੀ ਅਵਸਥਾ ਵਿੱਚ ਹੈ ਜਿਸ ਵਿੱਚ "ਸਿੱਖਿਆ ਦੀ ਇੱਕ ਅਸਲ ਲਹਿਰ" ਵਧ ਰਹੀ ਹੈ।

'ਖਰਚ ਹੋਣ ਵਾਲਾ ਪੈਸਾ ਜ਼ਿਆਦਾ ਹੈ'

ਐਲਈਡੀ ਫੇਸ ਮਾਸਕ

ਤਸਵੀਰ ਸਰੋਤ, Getty Images

ਡਾਕਟਰ ਕੈਂਟਲੇ ਨੇ ਸਿੱਟਾ ਕੱਢਿਆ ਹੈ ਕਿ "ਉੱਚ ਪੱਧਰਾਂ 'ਤੇ ਵੀ ਪੀਬੀਐਮ ਨੂੰ ਜ਼ਿਆਦਾਤਰ ਸੁਰੱਖਿਅਤ ਮੰਨਿਆ ਜਾਂਦਾ ਹੈ", ਇਸ ਲਈ ਕਿਸੇ ਵੀ ਤਰ੍ਹਾਂ ਦੀ ਐਲਈਡੀ ਤਕਨੀਕ ਦੀ ਵਰਤੋਂ ਨਾਲ "ਸੈੱਲਾਂ ਨੂੰ ਨੁਕਸਾਨ ਪਹੁੰਚਾਉਣ" ਦੀ ਸੰਭਾਵਨਾ ਨਹੀਂ ਹੈ।

ਹਾਲਾਂਕਿ, ਇਹ ਸਮਝਣ ਲਈ ਕਿ ਪੀਬੀਐਮ ਅਸਲ ਵਿੱਚ ਕਿਵੇਂ ਕੰਮ ਕਰਦਾ ਹੈ ਅਤੇ ਹੋਰ ਕੀ-ਕੀ ਕਰ ਸਕਦਾ ਹੈ, ਇਸ ਬਾਰੇ ਹੋਰ ਖੋਜ ਦੀ ਲੋੜ ਹੈ।

ਉਨ੍ਹਾਂ ਅੱਗੇ ਕਿਹਾ, "ਚਮੜੀ ਸਬੰਧੀ ਵੱਖ-ਵੱਖ ਸਥਿਤੀਆਂ ਲਈ ਪੀਬੀਐੱਮ ਦੀ ਵਰਤੋਂ 'ਤੇ ਕਈ ਪ੍ਰਯੋਗਾਤਮਕ ਅਤੇ ਕਲੀਨਿਕਲ ਅਧਿਐਨ ਕੀਤੇ ਗਏ ਹਨ, ਹਾਲਾਂਕਿ ਉਹ ਉਪਕਰਣ ਦੇ ਮਾਪਦੰਡਾਂ ਅਤੇ ਇਲਾਜ ਪ੍ਰੋਟੋਕੋਲ ਵਿੱਚ ਭਿੰਨ ਹਨ।"

"ਇਨ੍ਹਾਂ ਵਿੱਚੋਂ ਬਹੁਤ ਸਾਰੇ ਅਧਿਐਨ ਛੋਟੇ ਅਤੇ ਗੈਰ-ਮਿਆਰੀ ਸਨ ਅਤੇ ਅਕਸਰ ਨਿਰਮਾਤਾਵਾਂ ਦੁਆਰਾ ਭੁਗਤਾਨ ਕੀਤੇ ਜਾਂਦੇ ਹਨ, ਇਸ ਲਈ ਪੱਕੇ ਸਿੱਟੇ ਕੱਢਣਾ ਮੁਸ਼ਕਲ ਹੈ"।

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੋਈ ਇਸ ਉਪਕਰਣ ਨੂੰ ਖਰੀਦਣਾ ਚਾਹੁੰਦਾ ਹੈ, ਤਾਂ ਉਸ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਅਜਿਹਾ ਉਪਕਰਣ ਚੁਣਨ ਜਿਸ ਕੋਲ ਈਯੂ ਸੁਰੱਖਿਆ ਪ੍ਰਮਾਣੀਕਰਣ ਹੋਵੇ ਅਤੇ ਮਾਸਕ 'ਤੇ ਉੱਚ-ਘਣਤਾ ਵਾਲੇ ਐੱਲਈਡੀ ਬਲਬ ਲੱਗੇ ਹੋਣ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਚਮੜੀ ਤੱਕ ਲੋੜੀਂਦੀ ਊਰਜਾ ਪਹੁੰਚ ਰਹੀ ਹੈ।

ਡਾਕਟਰ ਕਲੁਕ ਨੇ ਇਹ ਵੀ ਕਿਹਾ ਕਿ ਉਹ ਇਸ ਤਕਨੀਕ ਵੱਲ ਆਕਰਸ਼ਿਤ "ਕਿਸੇ ਵੀ ਵਿਅਕਤੀ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੇ", ਪਰ ਉਹ ਚਾਹੁੰਦੇ ਹਨ ਕਿ "ਉਨ੍ਹਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਚਮੜੀ ਦੀ ਸੰਭਾਵੀ ਦੇਖਭਾਲ 'ਤੇ ਖਰਚਣ ਦੇ ਨਜ਼ਰੀਏ ਤੋਂ, ਇਸ ਉੱਤੇ ਖਰਚ ਹੋਣ ਵਾਲੀ ਰਕਮ ਕਾਫ਼ੀ ਵੱਡੀ ਹੈ।''

''ਅਤੇ ਜੇਕਰ ਕਿਸੇ ਨੂੰ ਫਿਣਸੀਆਂ ਆਦਿ ਦੀ ਗੰਭੀਰ ਸਮੱਸਿਆ ਹੈ ਤਾਂ ਉਨ੍ਹਾਂ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਸੁਧਾਰ ਕਰਨ ਅਤੇ ਚੰਗੀ ਖੁਰਾਕ ਲੈਣ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਹਾਲਾਂਕਿ, ਹੋ ਸਕਦਾ ਹੈ ਕਿ ਅਜਿਹਾ ਕਰਨਾ ਕਾਫੀ ਨਾ ਹੋਵੇ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)