ਡੌਨਲਡ ਟਰੰਪ ਨੇ ਈਰਾਨ 'ਤੇ ਹਮਲਾ ਕਰਕੇ ਕੀ ਵੱਡਾ ਜੋਖਮ ਲੈ ਲਿਆ ਹੈ?

ਤਸਵੀਰ ਸਰੋਤ, Getty Images
- ਲੇਖਕ, ਐਂਥਨੀ ਜ਼ਰਚਰ
- ਰੋਲ, ਬੀਬੀਸੀ ਪੱਤਰਕਾਰ, ਉੱਤਰੀ ਅਮਰੀਕਾ
ਡੌਨਲਡ ਟਰੰਪ ਇਸ ਸਾਲ ਜਨਵਰੀ ਵਿੱਚ ਆਪਣੇ ਆਪ ਨੂੰ 'ਸ਼ਾਂਤੀ ਦੂਤ' ਕਹਿ ਕੇ ਸੱਤਾ ਵਿੱਚ ਵਾਪਸ ਆਏ ਸਨ। ਪਰ ਹੁਣ ਉਨ੍ਹਾਂ ਨੇ ਈਰਾਨ ਅਤੇ ਇਜ਼ਰਾਈਲ ਵਿਚਕਾਰ ਗੁੰਝਲਦਾਰ ਟਕਰਾਅ ਵਿੱਚ ਅਮਰੀਕਾ ਨੂੰ ਸ਼ਾਮਲ ਕਰਨ ਦਾ ਕਦਮ ਚੁੱਕਿਆ ਹੈ।
ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਤੋਂ ਹੀ ਟਰੰਪ ਮੱਧ ਪੂਰਬ ਵਿੱਚ ਸ਼ਾਂਤੀ ਲਿਆਉਣ 'ਚ ਸਫਲ ਨਹੀਂ ਹੋ ਸਕੇ ਹਨ। ਹੁਣ ਉਹ ਇੱਕ ਅਜਿਹੇ ਖੇਤਰ ਦੀ ਅਗਵਾਈ ਕਰ ਰਹੇ ਹਨ ਜੋ ਹੋਰ ਵੱਡੀ ਜੰਗ ਦੀ ਕਗਾਰ 'ਤੇ ਹੈ ਅਤੇ ਅਮਰੀਕਾ ਇਸ ਵਿੱਚ ਸਰਗਰਮ ਹਿੱਸੇਦਾਰ ਹੈ।
ਈਰਾਨ 'ਤੇ ਅਮਰੀਕੀ ਹਮਲੇ ਤੋਂ ਸਿਰਫ਼ ਦੋ ਘੰਟੇ ਬਾਅਦ, ਉਨ੍ਹਾਂ ਨੇ ਵ੍ਹਾਈਟ ਹਾਊਸ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਟਰੰਪ ਨੇ ਇਸ ਮੁਹਿੰਮ ਨੂੰ 'ਵੱਡੀ ਸਫਲਤਾ' ਦੱਸਿਆ।
ਉਨ੍ਹਾਂ ਨੇ ਉਮੀਦ ਜਤਾਈ ਕਿ ਉਨ੍ਹਾਂ ਦਾ ਇਹ ਕਦਮ ਇੱਕ ਸਥਾਈ ਸ਼ਾਂਤੀ ਦੀ ਰਾਹ ਖੋਲ੍ਹੇਗਾ, ਜਿਸ ਵਿੱਚ ਈਰਾਨ ਕੋਲ ਪਰਮਾਣੂ ਸ਼ਕਤੀ ਬਣਨ ਦੀ ਸੰਭਾਵਨਾ ਨਹੀਂ ਰਹੇਗੀ।
ਪਰ ਈਰਾਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਫੋਰਦੋ ਪਰਮਾਣੂ ਟਿਕਾਣੇ ਨੂੰ ਸਿਰਫ ਮਾਮੂਲੀ ਨੁਕਸਾਨ ਹੋਇਆ ਹੈ।
ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸ ਦੀ ਗੱਲ ਸਹੀ ਹੈ।

ਅਮਰੀਕਾ ਦੇ ਉਪ-ਰਾਸ਼ਟਰਪਤੀ ਜੇਡੀ ਵੈਂਸ, ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਰੱਖਿਆ ਸਕੱਤਰ ਪੀਟ ਹੇਗਸੇਥ ਦੇ ਨਾਲ ਖੜ੍ਹੇ ਹੋ ਕੇ ਟਰੰਪ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸਨੇ ਆਪਣਾ ਪਰਮਾਣੂ ਪ੍ਰੋਗਰਾਮ ਨਹੀਂ ਛੱਡਿਆ ਤਾਂ ਭਵਿੱਖ ਦੇ ਹਮਲੇ "ਬਹੁਤ ਜ਼ਿਆਦਾ ਵਿਨਾਸ਼ਕਾਰੀ ਅਤੇ ਬਹੁਤ ਆਸਾਨ" ਹੋਣਗੇ।
ਟਰੰਪ ਨੇ ਕਿਹਾ ਕਿ "ਕਈ ਟਿਕਾਣੇ ਬਚੇ ਹਨ" ਅਤੇ ਅਮਰੀਕਾ ਉਨ੍ਹਾਂ 'ਤੇ "ਤੇਜ਼ੀ, ਸਟੀਕਤਾ ਅਤੇ ਕੌਸ਼ਲ" ਨਾਲ ਹਮਲਾ ਕਰੇਗਾ।
ਰਾਸ਼ਟਰਪਤੀ ਦੇ ਇਸ ਆਤਮ-ਵਿਸ਼ਵਾਸ ਦੇ ਬਾਵਜੂਦ, ਈਰਾਨ ਵਿੱਚ ਅਮਰੀਕੀ ਫੌਜ ਦਾ ਦਖਲ ਜਾਰੀ ਰਹਿਣਾ ਅਮਰੀਕਾ, ਮੱਧ ਪੂਰਬ ਅਤੇ ਦੁਨੀਆਂ ਲਈ ਸਭ ਤੋਂ ਖਤਰਨਾਕ ਮੰਜ਼ਰ ਹੋ ਸਕਦਾ ਹੈ।
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਚੇਤਾਵਨੀ ਦਿੱਤੀ ਕਿ ਜੇਕਰ ਟਕਰਾਅ ਵਧਦਾ ਹੈ ਤਾਂ ਅਮਰੀਕੀ ਫੈਸਲੇ ਨਾਲ ਸੰਘਰਸ਼ ਵਧਣ ਦੀ ਸਥਿਤੀ ਵਿੱਚ "ਅਰਾਜਕਤਾ ਦਾ ਸਿਲਸਿਲਾ" ਸ਼ੁਰੂ ਕਰ ਸਕਦਾ ਹੈ ਕਿਉਂਕਿ ਮੱਧ ਪੂਰਬ ਪਹਿਲਾਂ ਤੋਂ ਹੀ "ਤਣਾਅ ਦੀ ਸਥਿਤੀ" ਵਿੱਚ ਹੈ।
ਜੇਕਰ ਈਰਾਨ ਨੇ ਜਵਾਬੀ ਕਾਰਵਾਈ ਕੀਤੀ, ਜਿਵੇਂ ਕਿ ਆਯਤੁੱਲ੍ਹਾ ਅਲੀ ਖਾਮੇਨੇਈ ਨੇ ਅਮਰੀਕੀ ਹਮਲੇ ਦੀ ਸਥਿਤੀ 'ਚ ਚੇਤਾਵਨੀ ਦਿੱਤੀ ਸੀ, ਤਾਂ ਅਮਰੀਕਾ ਨੂੰ ਵੀ ਜਵਾਬ ਦੇਣਾ ਪੈ ਸਕਦਾ ਹੈ।
'ਦੋ ਹਫ਼ਤੇ' ਬਣੇ ਦੋ ਦਿਨ

ਤਸਵੀਰ ਸਰੋਤ, Getty Images
ਇਸ ਹਫ਼ਤੇ ਦੇ ਸ਼ੁਰੂ ਵਿੱਚ ਟਰੰਪ ਦੀ ਗੱਲ ਕਿ ਈਰਾਨ ਨੂੰ "ਬਿਨ੍ਹਾਂ ਸ਼ਰਤ" ਆਤਮ ਸਮਰਪਣ ਕਰਨਾ ਪਵੇਗਾ, ਉਨ੍ਹਾਂ ਨੂੰ ਇੱਕ ਅਜਿਹੀ ਸਥਿਤੀ ਵਿੱਚ ਲੈ ਆਈ ਸੀ ਜਿੱਥੇ ਉਨ੍ਹਾਂ ਲਈ ਪਿੱਛੇ ਹਟਣਾ ਮੁਸ਼ਕਲ ਸੀ। ਈਰਾਨ ਨੇ ਆਪਣੀਆਂ ਧਮਕੀਆਂ ਨਾਲ ਆਪਣੇ ਆਪ ਨੂੰ ਅਜਿਹੀ ਹੀ ਸਥਿਤੀ ਵਿੱਚ ਪਾ ਦਿੱਤਾ ਸੀ।
ਜੰਗਾਂ ਇਸ ਤਰ੍ਹਾਂ ਹੀ ਸ਼ੁਰੂ ਹੁੰਦੀਆਂ ਹਨ ਅਤੇ ਇਸੇ ਤਰ੍ਹਾਂ ਉਹ ਇਸ ਸਭ 'ਚ ਸ਼ਾਮਲ ਲੋਕਾਂ ਦੇ ਕੰਟਰੋਲ ਅਤੇ ਸੋਚ ਤੋਂ ਵੱਡੀਆਂ ਹੋ ਜਾਂਦੀਆਂ ਹਨ।
ਵੀਰਵਾਰ ਨੂੰ, ਡੌਨਲਡ ਟਰੰਪ ਨੇ ਈਰਾਨ ਨੂੰ ਦੋ ਹਫ਼ਤਿਆਂ ਦੀ ਡੈੱਡਲਾਈਨ ਦਿੱਤੀ ਸੀ, ਪਰ ਇਹ ਉਮੀਦ ਨਾਲੋਂ ਬਹੁਤ ਘੱਟ ਨਿਕਲੀ - ਸਿਰਫ਼ ਦੋ ਦਿਨ। ਸ਼ਨੀਵਾਰ ਨੂੰ, ਸਥਾਨਕ ਸਮੇਂ ਅਨੁਸਾਰ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਕਾਰਵਾਈ ਕੀਤੀ ਹੈ।
ਕੀ "ਦੋ ਹਫ਼ਤਿਆਂ ਦੀ ਡੈਡਲਾਈਨ" ਸਿਰਫ਼ ਇੱਕ ਧੋਖਾ ਸੀ? ਕੀ ਇਹ ਇਸ ਹਫ਼ਤੇ ਈਰਾਨ ਨੂੰ ਝੂਠੀ ਸੁਰੱਖਿਆ ਦੀ ਭਾਵਨਾ ਦੇਣ ਦੀ ਕੋਸ਼ਿਸ਼ ਸੀ? ਜਾਂ ਫਿਰ ਟਰੰਪ ਵੱਲੋਂ ਸ਼ਾਂਤੀ ਕਾਇਮ ਕਰਨ ਲਈ ਚੁਣੇ ਗਏ ਸਟੀਵ ਵਿਟਕਾਫ਼ ਦੀ ਅਗਵਾਈ 'ਚ ਚੱਲ ਰਹੀ ਪਰਦੇ ਪਿੱਛੇ ਦੀ ਗੱਲਬਾਤ ਨਾਕਾਮ ਹੋ ਗਈ ਹੈ?
ਹਮਲਿਆਂ ਤੋਂ ਤੁਰੰਤ ਬਾਅਦ ਬਹੁਤ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਅਤੇ ਰਾਸ਼ਟਰ ਨੂੰ ਸੰਬੋਧਨ ਵਿੱਚ, ਟਰੰਪ ਨੇ ਸ਼ਾਂਤੀ ਦਾ ਰਸਤਾ ਖੋਲ੍ਹਣ ਦੀ ਕੋਸ਼ਿਸ਼ ਕੀਤੀ।
ਹਾਲਾਂਕਿ, ਇਹ ਨਜ਼ਰੀਆ ਬਹੁਤ ਜ਼ਿਆਦਾ ਆਸ਼ਾਵਾਦੀ ਜਾਪ ਸਕਦਾ ਹੈ। ਇਜ਼ਰਾਈਲ ਨੇ ਈਰਾਨ ਦੀਆਂ ਫੌਜੀ ਸਮਰੱਥਾਵਾਂ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਤਾਂ ਕੀਤੀਆਂ ਹਨ, ਪਰ ਅਯਾਤੁੱਲ੍ਹਾ ਕੋਲ ਅਜੇ ਵੀ ਹਥਿਆਰ ਹਨ। ਜੇਕਰ ਸਥਿਤੀ ਇਹੀ ਰਹੀ, ਤਾਂ ਸਥਿਤੀ ਬਹੁਤ ਜਲਦੀ ਵਿਗੜ ਸਕਦੀ ਹੈ।

ਤਸਵੀਰ ਸਰੋਤ, Getty Images
ਹੁਣ ਉਡੀਕ ਕਰਨ ਦਾ ਸਮਾਂ ਹੈ। ਈਰਾਨ ਆਪਣੇ ਤਿੰਨ ਟਿਕਾਣਿਆਂ 'ਤੇ ਹਮਲਿਆਂ ਦਾ ਜਵਾਬ ਕਿਵੇਂ ਦੇਵੇਗਾ? ਇਨ੍ਹਾਂ ਥਾਵਾਂ 'ਚ ਫੋਰਦੋ ਵੀ ਸ਼ਾਮਲ ਹੈ, ਜਿਸ ਨੂੰ ਉਸਦੇ ਪਰਮਾਣੂ ਪ੍ਰੋਗਰਾਮ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ।
ਟਰੰਪ ਨੂੰ ਉਮੀਦ ਹੈ ਕਿ ਅਮਰੀਕੀ ਹਮਲੇ ਈਰਾਨ ਨੂੰ ਗੱਲਬਾਤ ਦੀ ਮੇਜ਼ 'ਤੇ ਹੋਰ ਰਿਆਇਤਾਂ ਦੇਣ ਲਈ ਮਜਬੂਰ ਕਰਨਗੇ। ਪਰ ਇਹ ਅਸੰਭਵ ਜਾਪਦਾ ਹੈ ਕਿ ਇੱਕ ਦੇਸ਼ ਜੋ ਇਜ਼ਰਾਈਲੀ ਹਮਲਿਆਂ ਦਾ ਸਾਹਮਣਾ ਕਰਦੇ ਹੋਏ ਗੱਲਬਾਤ ਕਰਨ ਲਈ ਤਿਆਰ ਨਹੀਂ ਸੀ, ਅਮਰੀਕੀ ਬੰਬ ਡਿੱਗਣ ਤੋਂ ਬਾਅਦ ਗੱਲਬਾਤ ਕਰਨ ਲਈ ਤਿਆਰ ਹੋਵੇਗਾ।
ਟਰੰਪ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅਮਰੀਕੀ ਹਮਲਾ ਇੱਕ ਵਾਰ 'ਚ ਕੀਤਾ ਗਿਆ ਸਫਲ ਹਮਲਾ ਸੀ, ਪਰ ਇਹ ਜਾਣਨ ਵਿੱਚ ਸਮਾਂ ਲੱਗੇਗਾ ਕਿ ਕੀ ਅਮਰੀਕਾ ਸੱਚਮੁੱਚ ਈਰਾਨ ਦੀਆਂ ਮਜ਼ਬੂਤੀ ਨਾਲ ਸੁਰੱਖਿਅਤ ਪਰਮਾਣੂ ਰਿਸਰਚ ਸਹੂਲਤਾਂ ਨੂੰ ਤਬਾਹ ਕਰਨ ਵਿੱਚ ਸਫਲ ਹੋਇਆ।
ਜੇਕਰ ਅਜਿਹਾ ਨਹੀਂ ਹੋਇਆ ਤਾਂ ਦੁਬਾਰਾ ਹਮਲਾ ਕਰਨ ਦਾ ਦਬਾਅ ਵਧੇਗਾ ਜਾਂ ਰਾਸ਼ਟਰਪਤੀ ਨੂੰ ਮਾਮੂਲੀ ਫੌਜੀ ਲਾਭ ਲਈ ਇੱਕ ਵੱਡਾ ਸਿਆਸੀ ਜੋਖਮ ਲੈਣਾ ਪਵੇਗਾ।
ਅਮਰੀਕੀ ਸਿਆਸਤ ਵਿੱਚ ਟਰੰਪ ਦੇ ਹਮਲੇ ਦਾ ਪ੍ਰਭਾਵ

ਤਸਵੀਰ ਸਰੋਤ, Getty Images
ਇਸ ਜੋਖਮ ਵਿੱਚ ਘਰੇਲੂ ਸਿਆਸੀ ਚਿੰਤਾਵਾਂ ਅਤੇ ਅੰਤਰਰਾਸ਼ਟਰੀ ਸੁਰੱਖਿਆ ਬਾਰੇ ਸਵਾਲ ਵੀ ਸ਼ਾਮਲ ਹਨ।
ਈਰਾਨ 'ਤੇ ਅਮਰੀਕੀ ਹਮਲੇ ਦੀ ਸੰਭਾਵਨਾ ਨੂੰ ਪਹਿਲਾਂ ਹੀ ਡੈਮੋਕਰੇਟਸ ਦੇ ਨਾਲ-ਨਾਲ ਟਰੰਪ ਦੀ ਆਪਣੀ "ਅਮਰੀਕਾ ਫਸਟ" ਵਾਲੀ ਸੋਚ ਨਾਲ ਜੁੜੇ ਲੋਕਾਂ ਵਲੋਂ ਕੜੀ ਆਲੋਚਨਾ ਸ਼ੁਰੂ ਹੋ ਗਈ ਸੀ।
ਰਾਸ਼ਟਰਪਤੀ ਦਾ ਇਹ ਅਸਾਧਾਰਨ ਫੈਸਲਾ ਕਿ ਆਪਣੇ ਤਿੰਨ ਨਜ਼ਦੀਕੀ ਸਲਾਹਕਾਰਾਂ ਨਾਲ ਰਾਸ਼ਟਰ ਨੂੰ ਸੰਬੋਧਨ ਕੀਤਾ, ਸ਼ਾਇਦ ਪਾਰਟੀ ਅੰਦਰ ਏਕਤਾ ਦਿਖਾਉਣ ਦੀ ਕੋਸ਼ਿਸ਼ ਸੀ।
ਖਾਸ ਕਰਕੇ, ਵੈਂਸ ਨੇ ਖੁੱਲ੍ਹ ਕੇ ਇੱਕ ਸੰਜਮੀ ਅਮਰੀਕੀ ਵਿਦੇਸ਼ ਨੀਤੀ ਦਾ ਸਮਰਥਨ ਕੀਤਾ ਹੈ ਅਤੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਦਲੀਲ ਦਿੱਤੀ ਹੈ ਕਿ ਟਰੰਪ ਅਜੇ ਵੀ ਇੱਕ ਗੈਰ-ਦਖਲਅੰਦਾਜ਼ੀਵਾਦੀ ਵਾਲੇ ਆਗੂ ਹਨ।
ਜੇਕਰ ਹਮਲਾ ਸਿਰਫ਼ ਇੱਕ ਵਾਰ ਦੀ ਕਾਰਵਾਈ ਸੀ ਤਾਂ ਟਰੰਪ ਸ਼ਾਇਦ ਆਪਣੇ ਸਮਰਥਕਾਂ ਵਿੱਚ ਆਏ ਪਾੜੇ ਨੂੰ ਪੂਰਾ ਕਰ ਸਕਣ। ਪਰ ਜੇਕਰ ਇਸ ਕਾਰਨ ਅਮਰੀਕਾ ਇੱਕ ਵੱਡੇ ਟਕਰਾਅ ਵੱਲ ਖਿੱਚਿਆ ਜਾਂਦਾ ਹੈ, ਤਾਂ ਆਪਣੇ ਆਪ ਨੂੰ ''ਸ਼ਾਂਤੀ ਦੂਤ'' ਕਹਿਣ ਵਾਲੇ ਰਾਸ਼ਟਰਪਤੀ ਨੂੰ ਆਪਣੇ ਹੀ ਲੋਕਾਂ ਵਿਚਕਾਰ ਬਗਾਵਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸ਼ਨੀਵਾਰ ਦਾ ਹਮਲਾ ਉਸ ਰਾਸ਼ਟਰਪਤੀ ਵੱਲੋਂ ਇੱਕ ਹਮਲਾਵਰ ਕਦਮ ਸੀ, ਜਿਸਨੇ ਆਪਣੇ ਪਹਿਲੇ ਕਾਰਜਕਾਲ ਵਿੱਚ ਕੋਈ ਨਵੀਂ ਜੰਗ ਸ਼ੁਰੂ ਨਾ ਕਰਨ 'ਤੇ ਮਾਣ ਕਰਦਾ ਰਿਹਾ ਹੈ ਅਤੇ ਜੋ ਪਿਛਲੇ ਸਾਲ ਦੀ ਚੋਣ ਮੁਹਿੰਮ ਵਿੱਚ ਉਨ੍ਹਾਂ ਸਾਬਕਾ ਰਾਸ਼ਟਰਪਤੀਆਂ ਦੀ ਆਲੋਚਨਾ ਕਰਦਾ ਰਿਹਾ, ਜਿਨ੍ਹਾਂ ਨੇ ਅਮਰੀਕਾ ਨੂੰ ਵਿਦੇਸ਼ੀ ਯੁੱਧਾਂ ਵਿੱਚ ਘੜੀਸਿਆ ਸੀ।
ਟਰੰਪ ਨੇ ਆਪਣਾ ਕਦਮ ਚੁੱਕ ਲਿਆ ਹੈ। ਹੁਣ ਅੱਗੇ ਸਾਰਾ ਕੁਝ ਕਿਵੇਂ ਹੋਵੇਗਾ, ਇਹ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੇ ਹੱਥ ਨਹੀਂ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












