ਅਫ਼ਗਾਨਿਸਤਾਨੀ ਬੱਚਾ ਜਦੋਂ ਜਹਾਜ਼ ਦੇ ਲੈਂਡਿੰਗ ਗੀਅਰ ਵਿੱਚ ਲੁਕ ਕੇ, ਕਾਬੁਲ ਤੋਂ ਪਹੁੰਚਿਆ ਦਿੱਲੀ

ਤਸਵੀਰ ਸਰੋਤ, Getty Images
ਅਫ਼ਗਾਨਿਸਤਾਨ ਦੇ ਕੁੰਦੂਜ਼ ਸੂਬੇ ਦਾ ਇੱਕ ਮੁੰਡਾ ਇੱਕ ਹੈਰਾਨੀਜਨਕ ਘਟਨਾ ਲਈ ਸੁਰਖ਼ੀਆਂ ਵਿੱਚ ਹੈ।
13 ਸਾਲਾ ਮੁੰਡਾ ਐਤਵਾਰ ਨੂੰ ਇੱਕ ਜਹਾਜ਼ ਦੇ ਲੈਂਡਿੰਗ ਗੀਅਰ ਦੇ ਉੱਪਰਲੇ ਹਿੱਸੇ ਵਿੱਚ ਲੁਕ ਕੇ ਦਿੱਲੀ ਪਹੁੰਚ ਗਿਆ ਸੀ।
ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ, ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੁੱਛਗਿੱਛ ਤੋਂ ਬਾਅਦ ਉਸ ਨੂੰ ਉਸੇ ਉਡਾਣ ਵਿੱਚ ਵਾਪਸ ਅਫ਼ਗਾਨਿਸਤਾਨ ਭੇਜ ਦਿੱਤਾ ਗਿਆ।
ਪੀਟੀਆਈ ਦੇ ਅਨੁਸਾਰ, ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ʼਕਾਮ ਏਅਰਲਾਈਨਜ਼ʼ ਦੀ ਇੱਕ ਉਡਾਣ (ਫਲਾਈਟ ਨੰਬਰ RQ-4401) ਦੇ ਅਮਲੇ ਨੇ ਇੱਕ ਮੁੰਡੇ ਨੂੰ ਜਹਾਜ਼ ਦੇ ਨੇੜੇ ਤੁਰਦੇ ਦੇਖਿਆ।
ਉਨ੍ਹਾਂ ਨੇ ਤੁਰੰਤ ਹਵਾਈ ਅੱਡੇ 'ਤੇ ਤੈਨਾਤ ਸੀਆਈਐੱਸਐੱਫ ਸੁਰੱਖਿਆ ਕਰਮਚਾਰੀਆਂ ਨੂੰ ਸੁਚੇਤ ਕੀਤਾ। ਸੁਰੱਖਿਆ ਕਰਮਚਾਰੀ ਉਸ ਨੂੰ ਪੁੱਛਗਿੱਛ ਲਈ ਟਰਮੀਨਲ-3 'ਤੇ ਲੈ ਗਏ।
ਪੀਟੀਆਈ ਦੇ ਅਨੁਸਾਰ, ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਮੁੰਡਾ ਅਫ਼ਗਾਨਿਸਤਾਨ ਦੇ ਕੁੰਦੂਜ਼ ਸੂਬੇ ਦਾ ਰਹਿਣ ਵਾਲਾ ਸੀ।
ਮੁੰਡੇ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਕਾਬੁਲ ਹਵਾਈ ਅੱਡੇ ਵਿੱਚ ਵੜ ਗਿਆ ਅਤੇ ਕਿਸੇ ਤਰ੍ਹਾਂ ਜਹਾਜ਼ ਦੇ ਪਿਛਲੇ ਪਾਸੇ ਕੇਂਦਰੀ ਲੈਂਡਿੰਗ ਕੰਪਾਰਟਮੈਂਟ ਤੱਕ ਪਹੁੰਚ ਗਿਆ।

ਕਾਬੁਲ ਹਵਾਈ ਅੱਡੇ ਦੀ ਸੁਰੱਖਿਆ ਬਾਰੇ ਉਠਾਏ ਗਏ ਸਵਾਲ
ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਜਾਂਚ ਦੌਰਾਨ ਕਾਬੁਲ ਏਅਰਲਾਈਨਜ਼ ਦੇ ਸੁਰੱਖਿਆ ਅਧਿਕਾਰੀਆਂ ਨੂੰ ਲੈਂਡਿੰਗ ਗੀਅਰ ਕੰਪਾਰਟਮੈਂਟ ਵਿੱਚ ਇੱਕ ਛੋਟਾ ਲਾਲ ਰੰਗ ਦਾ ਸਪੀਕਰ ਮਿਲਿਆ। ਇਹ ਸੰਭਾਵਤ ਤੌਰ 'ਤੇ ਉਹ ਹੀ ਲਿਆਇਆ ਸੀ।
ਜਾਂਚ ਤੋਂ ਬਾਅਦ ਜਹਾਜ਼ ਨੂੰ ਸੁਰੱਖਿਅਤ ਐਲਾਨ ਦਿੱਤਾ ਗਿਆ ਸੀ ਅਤੇ ਇਹ ਕਿਹਾ ਗਿਆ ਸੀ ਕਿ ਕੋਈ ਭੰਨਤੋੜ ਦੀ ਸਾਜ਼ਿਸ਼ ਨਹੀਂ ਸੀ। ਮੁੰਡੇ ਦੀ ਪੂਰੀ ਪਛਾਣ ਅਤੇ ਨਾਮ ਅਜੇ ਤੱਕ ਉਜਾਗਰ ਨਹੀਂ ਕੀਤਾ ਗਿਆ ਹੈ।
ਅਫ਼ਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਨੇ ਅਜੇ ਤੱਕ ਇਸ ਖ਼ਬਰ 'ਤੇ ਅਧਿਕਾਰਤ ਤੌਰ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਹਾਲਾਂਕਿ, ਤਾਲਿਬਾਨ ਸਰਕਾਰ ਦੀ ਸਰਹੱਦੀ ਪੁਲਿਸ ਦੇ ਬੁਲਾਰੇ ਅਬਦੁੱਲ੍ਹਾ ਫਾਰੂਕੀ ਨੇ ਬੀਬੀਸੀ ਦੀ ਪਸ਼ਤੋ ਸਰਵਿਸ ਨੂੰ ਦੱਸਿਆ ਕਿ ਉਹ ਇਸ ਘਟਨਾ ਦੀ ਜਾਂਚ ਕਰ ਰਹੇ ਹਨ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਕਿਹਾ, "ਹਵਾਈ ਅੱਡੇ ਦੇ ਰਨਵੇਅ ਦੀ 24 ਘੰਟੇ ਨਿਗਰਾਨੀ ਕੀਤੀ ਜਾਂਦੀ ਹੈ ਅਤੇ ਵਿਸ਼ੇਸ਼ ਸੁਰੱਖਿਆ ਹੇਠ ਹੈ। ਕਿਸੇ ਵੀ ਹਾਲਤ ਵਿੱਚ ਕਿਸੇ ਨੂੰ, ਇੱਥੋਂ ਤੱਕ ਕਿ ਅਧਿਕਾਰੀ ਵੀ, ਰਨਵੇਅ ਵਿੱਚ ਦਾਖ਼ਲ ਨਹੀਂ ਹੋ ਸਕਦਾ।"
ਉਨ੍ਹਾਂ ਕਿਹਾ, "ਰੱਬ ਨਾ ਕਰੇ, ਜੇਕਰ ਕੋਈ ਅਧਿਕਾਰੀ ਗ਼ਲਤੀ ਨਾਲ ਰਨਵੇਅ ਵਿੱਚ ਦਾਖਲ ਹੁੰਦਾ ਹੈ, ਤਾਂ ਸਾਰੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ ਅਤੇ ਇੱਕ ਆਮ ਤਲਾਸ਼ੀ ਸ਼ੁਰੂ ਕੀਤੀ ਜਾਵੇਗੀ। ਹਵਾਈ ਅੱਡੇ ਨੂੰ ਕੰਟ੍ਰੋਲ ਵਿੱਚ ਲੈ ਲਿਆ ਜਾਵੇਗਾ।"
ਇਸ ਮੁੰਡੇ ਦੀ ਜਹਾਜ਼ ਤੱਕ ਪਹੁੰਚ ਨੇ ਕਾਬੁਲ ਹਵਾਈ ਅੱਡੇ 'ਤੇ ਸੁਰੱਖਿਆ ਉਪਾਵਾਂ ਬਾਰੇ ਸਵਾਲ ਖੜ੍ਹੇ ਕੀਤੇ ਹਨ।
ਪਰ ਫਾਰੂਕੀ ਨੇ ਬੀਬੀਸੀ ਨੂੰ ਦੱਸਿਆ, "ਹਵਾਈ ਅੱਡੇ 'ਤੇ ਸੁਰੱਖਿਆ ਕਰਮਚਾਰੀ ਹਾਈ ਅਲਰਟ 'ਤੇ ਹਨ ਅਤੇ ਕਿਸੇ ਨੂੰ ਵੀ ਗ਼ੈਰ-ਕਾਨੂੰਨੀ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦੇਣਗੇ।"
ਮੁੰਡੇ ਦਾ ਬਚਣਾ ਚਮਤਕਾਰ ਮੰਨਿਆ ਜਾ ਰਿਹਾ ਹੈ

ਤਸਵੀਰ ਸਰੋਤ, Getty Images
ਇਸ ਦਲੇਰਾਨਾ ਕਾਰਨਾਮੇ ਤੋਂ ਬਾਅਦ ਮੁੰਡੇ ਦੇ ਬਚਣ ਨੂੰ ਇੱਕ ਚਮਤਕਾਰ ਮੰਨਿਆ ਜਾ ਰਿਹਾ ਹੈ।
ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਕੋਈ ਜਹਾਜ਼ ਵਿੱਚ ਲੁਕ ਕੇ ਆਪਣੀ ਮੰਜ਼ਿਲ 'ਤੇ ਪਹੁੰਚਿਆ ਹੋਵੇ। ਪਰ ਇਹ ਸ਼ਾਇਦ ਪਹਿਲੀ ਵਾਰ ਹੈ ਜਦੋਂ ਕਿਸੇ ਨੇ ਜਹਾਜ਼ ਦੇ ਇਸ ਹਿੱਸੇ ਵਿੱਚ ਗੁਪਤ ਯਾਤਰਾ ਕੀਤੀ ਹੋਵੇ।
ਬੀਬੀਸੀ ਦੀ ਪਸ਼ਤੋ ਸਰਵਿਸ ਨੇ ਮਾਹਰਾਂ ਦੇ ਹਵਾਲੇ ਨਾਲ ਕਿਹਾ ਕਿ ਆਕਸੀਜਨ ਦੀ ਘਾਟ ਅਤੇ ਬਹੁਤ ਜ਼ਿਆਦਾ ਠੰਢ ਕਾਰਨ ਇੰਨੀ ਉੱਚਾਈ 'ਤੇ ਬਚਣਾ ਲਗਭਗ ਅਸੰਭਵ ਹੈ।
ਅਜਿਹੀ ਸਥਿਤੀ ਵਿੱਚ, ਕੋਈ ਵਿਅਕਤੀ ਕੁਝ ਹੀ ਦੇਰ ਵਿੱਚ ਬੇਹੋਸ਼ ਹੋ ਜਾਵੇਗਾ ਅਤੇ ਉਸ ਦੀ ਮੌਤ ਹੋ ਜਾਵੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












