ਜਦੋਂ ਦੁਨੀਆਂ ਵਿੱਚ ਪਹਿਲਾ ਹਵਾਈ ਜਹਾਜ਼ ਬਣਾਉਣ ਦੀ ਹੋੜ ਲੱਗੀ ਸੀ, ਕਿਵੇਂ ਕਈ ਵਿਗਿਆਨੀ ਇਸ ਰੇਸ ’ਚ ਅੱਵਲ ਆਉਣਾ ਚਾਹੁੰਦੇ ਸੀ

ਰਾਈਟ ਬ੍ਰਦਰਜ਼, ਸੈਂਟੋਸ ਡੂਮੋਂਟ ਅਤੇ 14-ਬਿਸ ਜਹਾਜ਼ ਦੀ ਫੋਟੋ

ਤਸਵੀਰ ਸਰੋਤ, BBC/Getty Images

ਤਸਵੀਰ ਕੈਪਸ਼ਨ, ਰਾਈਟ ਬ੍ਰਦਰਜ਼, ਸੈਂਟੋਸ ਡੂਮੋਂਟ ਅਤੇ 14-ਬਿਸ ਜਹਾਜ਼ ਦੀ ਫੋਟੋ
    • ਲੇਖਕ, ਕੈਮਿਲਾ ਵੇਰਾਸ ਪਲੰਪ
    • ਰੋਲ, ਬੀਬੀਸੀ ਪੱਤਰਕਾਰ

ਹਵਾਈ ਜਹਾਜ਼ ਦੀ ਖੋਜ ਕਿਸਨੇ ਕੀਤੀ? ਇਹ ਸਵਾਲ ਬਹੁਤ ਸੌਖਾ ਲੱਗਦਾ ਹੈ, ਪਰ ਅਸਲ ਵਿੱਚ ਮਾਮਲਾ ਇੰਨਾ ਸੌਖਾ ਨਹੀਂ ਹੈ।

ਇਹ ਇੱਕ ਪੁਰਾਣੇ ਵਿਵਾਦ ਦੀ ਜੜ੍ਹ ਹੈ ਜੋ ਸੌ ਸਾਲਾਂ ਤੋਂ ਚੱਲ ਰਿਹਾ ਹੈ।

ਬਹੁਤ ਸਾਰੇ ਅਮਰੀਕੀਆਂ ਨੂੰ ਲੱਗਦਾ ਹੈ ਕਿ ਸਾਈਕਲ ਮਕੈਨਿਕ ਅਤੇ ਸਵੈ-ਸਿਖਿਅਤ ਇੰਜੀਨੀਅਰ ਔਰਵਿਲ ਅਤੇ ਵਿਲਬਰ ਰਾਈਟ ਨੂੰ ਹਵਾਈ ਉਡਾਣ ਦੇ ਅਸਲ 'ਸਿਰਜਕ' ਹਨ। ਉਨ੍ਹਾਂ ਨੇ 1903 ਵਿੱਚ ਪਹਿਲੀ ਵਾਰ ਨਿਰੰਤਰ ਉਡਾਣ ਭਰੀ ਸੀ।

ਬਹੁਤ ਸਾਰੇ ਬ੍ਰਾਜ਼ੀਲੀ ਲੋਕ ਕਹਿੰਦੇ ਹਨ ਕਿ ਅਸਲ ਸਿਹਰਾ ਅਲਬਰਟੋ ਸੈਂਟੋਸ ਡੂਮੋਂਟ ਨੂੰ ਜਾਣਾ ਚਾਹੀਦਾ ਹੈ। ਉਹ ਇੱਕ ਅਮੀਰ ਕੌਫ਼ੀ ਉਤਪਾਦਕ ਪਰਿਵਾਰ ਤੋਂ ਸਨ ਅਤੇ ਉਨ੍ਹਾਂ ਨੇ 1906 ਵਿੱਚ ਪੈਰਿਸ ਵਿੱਚ ਪਹਿਲੀ ਉਡਾਣ ਭਰੀ ਸੀ, ਇਸ ਉਡਾਨ ਨੂੰ ਕੌਮਾਂਤਰੀ ਏਅਰੋਨਾਟਿਕਲ ਫੈਡਰੇਸ਼ਨ ਵੱਲੋਂ ਵੀ ਮਾਨਤਾ ਪ੍ਰਾਪਤ ਸੀ। ਤਾਂ ਫਿਰ ਸਹੀ ਕੌਣ ਹੈ?

ਸੈਂਟੋਸ ਡੂਮੋਂਟ: ਲੋਕਾਂ ਦੇ ਸਾਹਮਣੇ ਪਹਿਲੀ ਉਡਾਣ

14-ਬੀਆਈਐੱਸ

ਤਸਵੀਰ ਸਰੋਤ, National Library of France

ਤਸਵੀਰ ਕੈਪਸ਼ਨ, ਸੈਂਟੋਸ ਡੂਮੋਂਟ ਆਪਣੀ 14-ਬੀਆਈਐੱਸ ਵਿੱਚ, ਜਿਸਨੇ ਪਹਿਲੀ ਵਾਰ ਪੈਰਿਸ ਵਿੱਚ ਉਡਾਣ ਭਰੀ ਸੀ

20ਵੀਂ ਸਦੀ ਦੀ ਸ਼ੁਰੂਆਤ ਵਿੱਚ, ਦਰਜਨਾਂ ਲੋਕ ਇੱਕ ਅਜਿਹੀ ਮਸ਼ੀਨ ਬਣਾਉਣ ਵਿੱਚ ਰੁੱਝੇ ਹੋਏ ਸਨ ਜੋ ਇੱਕ ਇੰਜਣ 'ਤੇ ਚੱਲੇਗੀ ਅਤੇ ਮਨੁੱਖੀ ਉਡਾਣ ਦੇ ਸੁਪਨੇ ਨੂੰ ਪੂਰਾ ਕਰ ਸਕੇਗੀ।

ਉਸ ਸਮੇਂ, ਪੈਰਿਸ ਉਹ ਸ਼ਹਿਰ ਬਣ ਗਿਆ ਸੀ ਜਿੱਥੇ ਹਵਾਈ ਜਹਾਜ਼ ਬਣਾਉਣ ਦੀ ਸਭ ਤੋਂ ਵੱਡੀ ਉਮੀਦ ਸੀ।

ਉੱਥੇ ਚੰਗੇ ਇੰਜੀਨੀਅਰਿੰਗ ਕਾਲਜ ਸਨ ਅਤੇ ਧਾਤੂ ਵਿਗਿਆਨ, ਮਸ਼ੀਨਾਂ, ਭੌਤਿਕ ਵਿਗਿਆਨ ਅਤੇ ਰਸਾਇਣ ਵਿਗਿਆਨ 'ਤੇ ਖੋਜ ਲਈ ਪੈਸਾ ਵੀ ਸੌਖਿਆਂ ਹੀ ਉਪੱਲਬਧ ਸੀ।

ਫਰਾਂਸੀਸੀ ਇਤਿਹਾਸਕਾਰ ਪ੍ਰੋਫੈਸਰ ਜੀਨ-ਪੀਅਰੇ ਬਲੇਅ ਕਹਿੰਦੇ ਹਨ, "ਉਸ ਸਮੇਂ, ਅਜਿਹਾ ਲੱਗ ਰਿਹਾ ਸੀ ਕਿ ਇਹ ਮਹਿਜ਼ ਸਮੇਂ ਦੀ ਗੱਲ ਹੈ।"

ਉਸ ਸਮੇਂ, ਜਹਾਜ਼ਾਂ ਦੇ ਸ਼ੌਕੀਨਾਂ ਨੇ ਫ਼ੈਸਲਾ ਕੀਤਾ ਕਿ ਕਿਸ ਨੂੰ ਪਹਿਲੀ ਉਡਾਣ ਮੰਨਿਆ ਜਾਵੇਗਾ।

ਉਨ੍ਹਾਂ ਨੇ ਇਹ ਸ਼ਰਤ ਰੱਖੀ ਕਿ ਉਡਾਣ ਬਿਨ੍ਹਾਂ ਕਿਸੇ ਬਾਹਰੀ ਮਦਦ ਦੇ (ਜਿਵੇਂ ਕਿ ਕੈਟਾਪਲਟ) ਲਈ ਜਾਵੇ ਅਤੇ ਲੋਕ ਇਸਨੂੰ ਆਪਣੀਆਂ ਅੱਖਾਂ ਨਾਲ ਵੇਖਣ ਅਤੇ ਰਿਕਾਰਡ ਕਰ ਸਕਣ।

12 ਨਵੰਬਰ, 1906 ਨੂੰ ਸੈਂਟੋਸ ਡੂਮੋਂਟ ਨੇ ਇਹ ਸਭ ਕੁਝ ਕਰ ਦਿਖਾਇਆ। ਉਨਾਂ ਨੇ ਪੈਰਿਸ ਵਿੱਚ ਇੱਕ ਭੀੜ ਦੇ ਸਾਹਮਣੇ ਆਪਣਾ ਜਹਾਜ਼ 14-ਬੀਆਈਐੱਸ 220 ਮੀਟਰ ਉਡਾਇਆ।

ਅਗਲੇ ਸਾਲ ਉਨ੍ਹਾਂ ਨੇ ਇੱਕ ਹੋਰ ਨਵਾਂ ਜਹਾਜ਼, ਡੈਮੋਇਸੇਲ, ਡਿਜ਼ਾਈਨ ਕੀਤਾ, ਜੋ ਕਿ ਦੁਨੀਆ ਦਾ ਪਹਿਲਾ ਹਲਕਾ ਅਤੇ ਵੱਡੇ ਪੱਧਰ 'ਤੇ ਤਿਆਰ ਕੀਤਾ ਗਿਆ ਜਹਾਜ਼ ਸੀ।

ਸਬੂਤਾਂ ਦੇ ਹਵਾਲੇ

ਡੈਮੋਇਸੇਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੈਮੋਇਸੇਲ ਦੁਨੀਆ ਦਾ ਪਹਿਲਾ ਵੱਡੇ ਪੱਧਰ 'ਤੇ ਤਿਆਰ ਕੀਤਾ ਗਿਆ ਜਹਾਜ਼ ਸੀ

1908 ਵਿੱਚ, ਰਾਈਟ ਭਰਾਵਾਂ ਨੇ ਪਹਿਲੀ ਵਾਰ ਪੰਜ ਸਾਲ ਪਹਿਲਾਂ ਉਡਾਣ ਭਰਨ ਦਾ ਦਾਅਵਾ ਕੀਤਾ ਸੀ।

ਇਹ ਸੁਣ ਕੇ ਫ਼ਰਾਂਸ ਦੇ ਲੋਕ ਹੈਰਾਨ ਰਹਿ ਗਏ। ਉਸ ਸਮੇਂ, ਅਮਰੀਕਾ ਅਤੇ ਯੂਰਪ ਦੇ ਫਲਾਇੰਗ ਕਲੱਬਾਂ ਵਿਚਕਾਰ ਚਿੱਠੀਆਂ ਰਾਹੀਂ ਲਗਾਤਾਰ ਸੰਪਰਕ ਹੁੰਦਾ ਸੀ।

ਹਰ ਕੋਈ ਜਾਣਦਾ ਸੀ ਕਿ ਜ਼ਮੀਨ ਤੋਂ ਲੰਬੀ ਦੂਰੀ ਤੱਕ ਉਡਾਣ ਭਰਨ ਵਾਲਾ ਪਹਿਲਾ ਜਹਾਜ਼ ਬਣਾਉਣ ਦੀ ਦੌੜ ਚੱਲ ਰਹੀ ਸੀ। ਪਰ ਕਈ ਸਾਲਾਂ ਤੋਂ ਯੂਰਪ ਵਿੱਚ ਰਾਈਟ ਬ੍ਰਦਰਜ਼ ਦੀ ਕੋਈ ਖ਼ਬਰ ਨਹੀਂ ਸੀ।

ਉਸ ਸਮੇਂ, ਰਾਈਟ ਭਰਾਵਾਂ ਨੇ ਕਿਹਾ ਕਿ ਉਹ ਆਪਣੇ ਪੇਟੈਂਟ ਦੇ ਪਾਸ ਹੋਣ ਦੀ ਉਡੀਕ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਡਰ ਸੀ ਕਿ ਕੋਈ ਉਨ੍ਹਾਂ ਦਾ ਆਈਡੀਆ ਚੋਰੀ ਕਰ ਲਵੇਗਾ।

ਪਰ ਅਸਲੀਅਤ ਵਿੱਚ 17 ਦਸੰਬਰ, 1903 ਨੂੰ ਉੱਤਰੀ ਕੈਰੋਲੀਨਾ ਦੇ ਕਿਟੀ ਹਾਕ ਵਿੱਚ ਉਨ੍ਹਾਂ ਦੇ ਫਲਾਇਰ ਨੂੰ ਸਿਰਫ਼ ਪੰਜ ਲੋਕਾਂ ਨੇ ਉੱਡਦੇ ਦੇਖਿਆ।

ਇਸ ਘਟਨਾ ਦੇ ਬਹੁਤ ਘੱਟ ਸਬੂਤ ਹਨ ਜਿਨ੍ਹਾਂ ਵਿੱਚ ਇੱਕ ਟੈਲੀਗ੍ਰਾਮ, ਕੁਝ ਤਸਵੀਰਾਂ ਅਤੇ ਓਰਵਿਲ ਦੀ ਡਾਇਰੀ ਸ਼ਾਮਲ ਹਨ।

ਬ੍ਰਾਜ਼ੀਲ ਦੇ ਖਗੋਲ ਵਿਗਿਆਨ ਅਜਾਇਬ ਘਰ ਦੇ ਸਾਬਕਾ ਨਿਰਦੇਸ਼ਕ, ਹੈਨਰੀਕ ਲਿੰਸ ਡੀ ਬੈਰੋਸ ਵਰਗੇ ਕੁਝ ਵਿਗਿਆਨੀ ਕਹਿੰਦੇ ਹਨ ਕਿ ਓਰਵਿਲ ਨੇ ਆਪਣੀ ਡਾਇਰੀ ਵਿੱਚ ਲਿਖਿਆ ਸੀ ਕਿ ਉਸ ਸਮੇਂ ਹਵਾ ਦੀ ਗਤੀ ਤਕਰੀਬਨ 40 ਕਿਲੋਮੀਟਰ ਪ੍ਰਤੀ ਘੰਟਾ ਸੀ। ਯਾਨੀ ਇੰਨੀ ਜ਼ਿਆਦਾ ਹਵਾ ਸੀ ਕਿ ਜਹਾਜ਼ ਬਿਨ੍ਹਾਂ ਇੰਜਣ ਦੇ ਵੀ ਆਪਣੇ ਆਪ ਉੱਡ ਸਕਦਾ ਸੀ।

ਹਾਲਾਂਕਿ, ਰਾਈਟ ਬ੍ਰਦਰਜ਼ ਦੇ ਸਮਰਥਕ ਇਸ ਨਾਲ ਸਹਿਮਤ ਨਹੀਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਪੈਰਿਸ ਵਿੱਚ 14-ਬੀਆਈਐੱਸ ਦੇ ਉਡਾਣ ਭਰਨ ਤੋਂ ਪਹਿਲਾਂ ਹੀ, ਰਾਈਟ ਬ੍ਰਦਰਜ਼ ਨੇ 1904-05 ਵਿੱਚ ਫਲਾਇਰ ਦੇ ਬਿਹਤਰ ਮਾਡਲ ਬਣਾਏ ਸਨ।

ਹਵਾਈ ਉਡਾਨਾਂ
ਇਹ ਵੀ ਪੜ੍ਹੋ-

ਇਤਿਹਾਸਕਾਰ ਟੌਮ ਕਰੌਚ, ਜੋ ਸਮਿਥਸੋਨੀਅਨ ਦੇ ਨੈਸ਼ਨਲ ਏਅਰ ਐਂਡ ਸਪੇਸ ਮਿਊਜ਼ੀਅਮ ਵਿੱਚ ਰਹੇ ਹਨ ਅਤੇ ਰਾਈਟ ਭਰਾਵਾਂ ਬਾਰੇ ਕਈ ਕਿਤਾਬਾਂ ਲਿਖ ਚੁੱਕੇ ਹਨ।

ਉਹ ਕਹਿੰਦੇ ਹਨ, "ਉਸੇ ਸਵੇਰ (17 ਦਸੰਬਰ 1903) ਰਾਈਟ ਬ੍ਰਦਰਜ਼ ਨੇ ਪਹਿਲੀ ਵਾਰ ਇੰਨੀ ਵਧੀਆ ਉਡਾਣ ਭਰੀ ਕਿ ਉਨ੍ਹਾਂ ਨੂੰ ਖ਼ੁਦ ਯਕੀਨ ਹੋ ਗਿਆ ਕਿ ਉਨ੍ਹਾਂ ਨੇ ਸਮੱਸਿਆ ਦਾ ਹੱਲ ਕਰ ਲਿਆ ਹੈ।"

ਉਹ ਅੱਗੇ ਕਹਿੰਦੇ ਹਨ, "ਉਨ੍ਹਾਂ ਨੂੰ ਅਜੇ ਵੀ ਕੁਝ ਹੋਰ ਸੁਧਾਰ ਕਰਨੇ ਪਏ ਸਨ, ਪਰ ਉਨ੍ਹਾਂ ਦਾ ਜਹਾਜ਼ ਬਣ ਗਿਆ ਸੀ ਅਤੇ ਪਹਿਲਾਂ ਹੀ ਉੱਡ ਚੁੱਕਿਆ ਸੀ।"

ਇਹ ਸਾਰੇ ਸੁਧਾਰ ਗੁਪਤ ਰੂਪ ਵਿੱਚ ਕੀਤੇ ਗਏ ਜਾਪਦੇ ਸਨ ਜਦੋਂ ਤੱਕ ਕਿ 1908 ਵਿੱਚ, ਰਾਈਟ ਭਰਾਵਾਂ ਨੇ ਪਹਿਲਾਂ ਆਪਣੇ ਆਪ ਨੂੰ ਸਾਬਤ ਕਰਨ ਲਈ ਇੱਕ ਮੁਹਿੰਮ ਸ਼ੁਰੂ ਨਹੀਂ ਕੀਤੀ ਸੀ।

ਰਾਈਟ ਭਰਾ ਯੂਰਪ ਗਏ ਅਤੇ ਉਨ੍ਹਾਂ ਨੇ ਫ਼ਰਾਂਸ ਅਤੇ ਇਟਲੀ ਵਰਗੇ ਦੇਸ਼ਾਂ ਵਿੱਚ 200 ਤੋਂ ਵੱਧ ਡੈਮੋ ਉਡਾਣਾਂ ਭਰੀਆਂ। ਇੱਕ ਉਡਾਣ ਵਿੱਚ ਉਨ੍ਹਾਂ ਨੇ 124 ਕਿਲੋਮੀਟਰ ਤੱਕ ਦੀ ਯਾਤਰਾ ਵੀ ਕੀਤੀ।

ਪ੍ਰੋਫ਼ੈਸਰ ਬਲੇਅ ਦੱਸਦੇ ਹਨ, "ਉਸ ਸਮੇਂ, ਯੂਰਪ ਦੇ ਸ਼ਾਹੀ ਪਰਿਵਾਰ ਵਿਲਬਰ ਨਾਲ ਜਹਾਜ਼ ਵਿੱਚ ਬੈਠਣਾ ਚਾਹੁੰਦੇ ਸਨ। ਇਹ ਇੱਕ ਬਹੁਤ ਵੱਡਾ ਸਨਮਾਨ ਮੰਨਿਆ ਜਾਂਦਾ ਸੀ।"

ਇਸ ਦੇ ਨਾਲ ਹੀ ਫਰਡੀਨੈਂਡ ਫਰਬਰ ਵਰਗੇ ਲੋਕਾਂ ਨੇ, ਜੋ ਕਿ ਹਵਾਈ ਜਹਾਜ਼ਾਂ ਦੇ ਇੱਕ ਸ਼ੁਰੂਆਤੀ ਫ਼ਰਾਂਸੀਸੀ ਮਾਹਰ ਸਨ ਨੇ, ਵੀ ਸਵੀਕਾਰ ਕੀਤਾ ਕਿ ਰਾਈਟ ਭਰਾ ਪਹਿਲੇ ਸਨ।

ਉਨ੍ਹਾਂ ਨੇ ਕਿਹਾ ਕਿ ਇੰਨੇ ਚੰਗੇ ਨਿਯੰਤਰਣ ਵਾਲਾ ਹਵਾਈ ਜਹਾਜ਼ ਇੱਕ ਦਿਨ ਵਿੱਚ ਨਹੀਂ ਬਣਾਇਆ ਜਾ ਸਕਦਾ।

ਕੈਟਾਪਲਟ ਦੀ ਬਹਿਸ

ਰਾਈਟ ਬ੍ਰਦਰਜ਼

ਤਸਵੀਰ ਸਰੋਤ, Library of Congress

ਤਸਵੀਰ ਕੈਪਸ਼ਨ, ਰਾਈਟ ਬ੍ਰਦਰਜ਼ ਦੇ ਫਲਾਇਰ ਨੇ ਪਹਿਲੀ ਵਾਰ 1903 ਵਿੱਚ ਉਡਾਣ ਭਰਨ ਦੀ ਕੋਸ਼ਿਸ਼ ਕੀਤੀ ਸੀ

ਯੂਰਪ ਵਿੱਚ ਦਿਖਾਏ ਗਏ ਰਾਈਟ ਬ੍ਰਦਰਜ਼ ਦੇ ਫ਼ਲਾਇਰ ਜਹਾਜ਼ ਬਿਨ੍ਹਾਂ ਪਹੀਏ ਦੇ ਸਨ ਅਤੇ ਉਨ੍ਹਾਂ ਨੂੰ ਕੈਟਾਪਲਟ (ਜੋ ਕਿ ਜ਼ੋਰ ਲਗਾ ਕੇ ਜਹਾਜ਼ ਨੂੰ ਉੱਡਣ ਵਿੱਚ ਮਦਦ ਕਰਦਾ ਹੈ) ਦੀ ਮਦਦ ਦੀ ਲੋੜ ਸੀ। ਇਹ ਇੱਕ ਵੱਡੀ ਬਹਿਸ ਦਾ ਵਿਸ਼ਾ ਬਣ ਗਿਆ ਸੀ।

ਆਲੋਚਕਾਂ ਦਾ ਕਹਿਣਾ ਹੈ ਕਿ ਜਹਾਜ਼ ਦਾ ਇੰਜਣ ਇੰਨਾ ਤਾਕਤਵਰ ਨਹੀਂ ਸੀ, ਇਹ ਸਿਰਫ ਕੈਟਾਪਲਟ ਕਾਰਨ ਹੀ ਉੱਡ ਸਕਿਆ।

ਦੂਜੇ ਪਾਸੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਰਾਈਟ ਭਰਾਵਾਂ ਨੇ ਕੈਟਾਪਲਟ ਇਸ ਲਈ ਲਗਾਇਆ ਸੀ ਤਾਂ ਜੋ ਇਹ ਕਿਸੇ ਵੀ ਤਰ੍ਹਾਂ ਦੀ ਜ਼ਮੀਨ ਤੋਂ ਉਡਾਣ ਭਰ ਸਕੇ।

ਪਰ ਕਹਾਣੀ ਵਿੱਚ ਮੋੜ ਇਹ ਹੈ ਕਿ ਸੈਂਟੋਸ ਡੂਮੋਂਟ ਅਤੇ ਰਾਈਟ ਬ੍ਰਦਰਜ਼ ਹੀ ਇਕੱਲੇ ਨਹੀਂ ਸਨ ਜਿਨ੍ਹਾਂ ਨੇ ਹਵਾਈ ਯਾਤਰਾ ਦੇ ਖੋਜੀ ਹੋਣ ਦਾ ਦਾਅਵਾ ਕੀਤਾ ਸੀ।

ਕਿਹਾ ਜਾਂਦਾ ਹੈ ਕਿ ਜਰਮਨੀ ਦੇ ਗੁਸਤਾਵ ਵੀਸਕੋਪ, ਜੋ ਅਮਰੀਕਾ ਵਿੱਚ ਰਹਿੰਦੇ ਸਨ, ਨੇ 1901 ਵਿੱਚ ਉਡਾਣ ਭਰੀ ਸੀ।

ਮੰਨਿਆ ਜਾਂਦਾ ਹੈ ਕਿ ਨਿਊਜ਼ੀਲੈਂਡ ਦੇ ਰਿਚਰਡ ਪੀਅਰਸ ਨੇ ਵੀ ਮਾਰਚ 1903 ਵਿੱਚ ਇੱਕ ਜਹਾਜ਼ ਉਡਾਇਆ ਸੀ।

ਹਵਾਈ ਜਹਾਜ਼ ਦੀ ਖੋਜ

ਤਸਵੀਰ ਸਰੋਤ, US Library of Congress

ਤਸਵੀਰ ਕੈਪਸ਼ਨ, ਰਾਈਟ ਬ੍ਰਦਰਜ਼ ਦੇ ਉਡਾਣ ਦੀ ਖ਼ਬਰ ਕਈ ਸਾਲਾਂ ਬਾਅਦ ਆਈ

ਇਸ ਗੱਲ ਦੇ ਕੁਝ ਸਬੂਤ ਵੀ ਹਨ ਕਿ ਜੌਨ ਗੁੱਡਮੈਨ ਅਤੇ ਉਨ੍ਹਾਂ ਦੇ ਪਰਿਵਾਰ ਨੇ 1871 ਵਿੱਚ ਦੱਖਣੀ ਅਫ਼ਰੀਕਾ ਦੇ ਹਾਵਿਕ ਸ਼ਹਿਰ ਦੇ ਨੇੜੇ ਦੁਨੀਆ ਦੀ ਪਹਿਲੀ ਮਨੁੱਖੀ ਉਡਾਣ ਭਰੀ ਸੀ, ਉਹ ਵੀ ਬਿਨ੍ਹਾਂ ਇੰਜਣ ਦੇ ਸਿਰਫ਼ ਇੱਕ ਗਲਾਈਡਰ ਵਿੱਚ।

ਅੱਜ ਵੀ, ਉਸ ਗਲਾਈਡਰ ਦੀ ਯਾਦ ਵਿੱਚ ਇੱਕ ਯਾਦਗਾਰ ਮੌਜੂਦ ਹੈ।

ਇਸੇ ਲਈ ਬਹੁਤ ਸਾਰੇ ਹਵਾਈ ਜਹਾਜ਼ ਮਾਹਰ ਮੰਨਦੇ ਹਨ ਕਿ ਹਵਾਈ ਜਹਾਜ਼ ਦੀ ਖੋਜ ਕਿਸਨੇ ਕੀਤੀ ਇਸ ਬਾਰੇ ਬਹਿਸ ਬੇਕਾਰ ਹੈ।

ਪਾਲ ਜੈਕਸਨ ਕਰੀਬ 25 ਸਾਲਾਂ ਤੱਕ ਜੇਨ ਦੇ ਆਲ ਦਿ ਵਰਲਡਜ਼ ਏਅਰਕ੍ਰਾਫਟ ਦੇ ਸੰਪਾਦਕ ਰਹੇ।

ਜੈਕਸਨ ਕਹਿੰਦੇ ਹਨ, "ਇਹ ਸਿਰਫ਼ ਇਹ ਨਹੀਂ ਸੀ ਕਿ ਕੋਈ ਇੱਕ ਦਿਨ ਉੱਠਿਆ ਇੱਕ ਡਿਜ਼ਾਈਨ ਬਣਾਇਆ ਅਤੇ ਕਿਹਾ, 'ਇਹ ਇੱਕ ਹਵਾਈ ਜਹਾਜ਼ ਹੈ ਜੋ ਉੱਡੇਗਾ!'"

ਉਹ ਕਹਿੰਦੇ ਹਨ, "ਇਹ ਦਰਜਨਾਂ ਨਹੀਂ ਸਗੋਂ ਸੈਂਕੜੇ ਲੋਕਾਂ ਦੀ ਸਾਂਝੀ ਮਿਹਨਤ ਸੀ, ਤਾਂ ਹੀ ਇਹ ਸੰਭਵ ਹੋਇਆ।"

ਮਾਨਤਾ ਮਿਲਣ ਦੀ ਕਹਾਣੀ

ਗੁਸਤਾਵ ਵੀਸਕੋਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਵਿੱਚ ਰਹਿਣ ਵਾਲਾ ਇੱਕ ਜਰਮਨ ਗੁਸਤਾਵ ਵੀਸਕੋਪ ਵੀ ਹਵਾਈ ਯਾਤਰਾ ਦਾ ਇੱਕ ਸ਼ੁਰੂਆਤੀ ਮੋਢੀ ਸੀ

ਜੈਕਸਨ ਦਾ ਮੰਨਣਾ ਹੈ ਕਿ ਸੈਂਟੋਸ ਡੂਮੋਂਟ, ਵੀਸਕੋਪ ਅਤੇ ਹੋਰ ਬਹੁਤ ਸਾਰੇ ਸ਼ੁਰੂਆਤੀ ਹਵਾਈ ਪਾਇਲਟਾਂ ਨੂੰ ਉਹ ਮਾਨਤਾ ਨਹੀਂ ਮਿਲੀ ਜਿਸਦੇ ਉਹ ਹੱਕਦਾਰ ਸਨ।

ਉਹ ਕਹਿੰਦੇ ਹਨ, "ਅੰਤ ਵਿੱਚ ਵੱਡੇ ਨਾਮ ਸਿਰਫ਼ ਉਨ੍ਹਾਂ ਲੋਕਾਂ ਨੂੰ ਮਿਲਦੇ ਹਨ ਜਿਨ੍ਹਾਂ ਕੋਲ ਮਹਿੰਗੇ ਵਕੀਲ ਹੁੰਦੇ ਹਨ।"

ਜੈਕਸਨ ਦਾਅਵਾ ਕਰਦੇ ਹਨ, "ਦੁਖਦਾਈ ਗੱਲ ਇਹ ਹੈ ਕਿ ਜੇਕਰ ਤੁਸੀਂ 19ਵੀਂ ਅਤੇ 20ਵੀਂ ਸਦੀ ਦੀਆਂ ਜ਼ਿਆਦਾਤਰ ਕਾਢਾਂ 'ਤੇ ਨਜ਼ਰ ਮਾਰੋ, ਤਾਂ ਉਨ੍ਹਾਂ ਦਾ ਸਿਹਰਾ ਅਕਸਰ ਗ਼ਲਤ ਲੋਕਾਂ ਨੂੰ ਦਿੱਤਾ ਜਾਂਦਾ ਸੀ।"

ਉਹ ਸਕਾਟਿਸ਼ ਵਿਗਿਆਨੀ ਅਲੈਗਜ਼ੈਂਡਰ ਗ੍ਰਾਹਮ ਬੈੱਲ ਦੀ ਉਦਾਹਰਣ ਦਿੰਦੇ ਹਨ, ਜਿਨ੍ਹਾਂ ਨੂੰ ਟੈਲੀਫੋਨ ਦੀ ਕਾਢ ਕੱਢਣ ਦਾ ਸਿਹਰਾ ਦਿੱਤਾ ਜਾਂਦਾ ਹੈ, ਹਾਲਾਂਕਿ ਹੁਣ ਇਸ 'ਤੇ ਸਵਾਲ ਉਠਾਏ ਜਾ ਰਹੇ ਹਨ।

ਗਲੇਨ ਹੈਮੰਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗਲੇਨ ਹੈਮੰਡ ਕਰਟਿਸ ਇੱਕ ਏਵੀਏਟਰ ਸੀ ਜਿਸਨੂੰ ਰਾਈਟ ਬ੍ਰਦਰਜ਼ ਨੇ ਅਦਾਲਤ ਵਿੱਚ ਲਿਜਾਇਆ ਸੀ

ਦਰਅਸਲ, 2002 ਵਿੱਚ, ਅਮਰੀਕੀ ਕਾਂਗਰਸ ਨੇ ਵੀ ਮੰਨਿਆ ਕਿ ਭਾਵੇਂ ਬੈੱਲ ਨੇ ਇਸਦਾ ਪੇਟੈਂਟ ਕਰਵਾਇਆ ਸੀ, ਪਰ ਅਸਲ ਕਾਢ ਇੱਕ ਗਰੀਬ ਇਤਾਲਵੀ ਐਂਟੋਨੀਓ ਮੁਚੀ ਵੱਲੋਂ ਕੀਤੀ ਗਈ ਸੀ, ਜੋ ਬੈੱਲ ਵਾਂਗ ਹੀ ਵਰਕਸ਼ਾਪ ਵਿੱਚ ਕੰਮ ਕਰਦਾ ਸੀ।

ਮਾਰਸ਼ੀਆ ਕਮਿੰਗਜ਼ ਅਮਰੀਕੀ ਹਵਾਬਾਜ਼ੀ ਵਿੱਚ ਪੁਰਾਣੇ ਨਾਮ ਗਲੇਨ ਹੈਮੰਡ ਕਰਟਿਸ ਦੀ ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ 1909 ਵਿੱਚ ਰਾਈਟ ਭਰਾਵਾਂ ਨੇ ਆਪਣੇ ਪੇਟੈਂਟ ਦੀ ਉਲੰਘਣਾ ਕਰਨ ਦੇ ਇਲਜ਼ਾਮ ਵਿੱਚ ਅਦਾਲਤ ਵਿੱਚ ਲਿਜਾਇਆ ਸੀ।

ਅੱਜ ਕਮਿੰਗਜ਼ ਇੱਕ ਬਲੌਗ ਚਲਾਉਂਦੇ ਹਨ ਜੋ ਰਾਈਟ ਭਰਾਵਾਂ ਦੀ ਕਹਾਣੀ ਦੀ ਸੱਚਾਈ ਦੀ ਪਰਖ ਕਰਦਾ ਹੈ।

ਕਮਿੰਗਜ਼ ਕਹਿੰਦੇ ਹਨ ਕਿ ਉਹ ਸੋਚਦੀ ਹੈ ਕਿ ਰਾਈਟ ਭਰਾਵਾਂ ਨੇ ਜਾਣਬੁੱਝ ਕੇ ਕਰਟਿਸ ਵਰਗੇ ਲੋਕਾਂ ਨੂੰ ਇਤਿਹਾਸ ਵਿੱਚੋਂ ਮਿਟਾਉਣ ਦੀ ਕੋਸ਼ਿਸ਼ ਕੀਤੀ।

ਦੂਜੇ ਪਾਸੇ ਔਰਵਿਲ ਅਤੇ ਵਿਲਬਰ ਦੀ ਪੜਪੋਤੀ ਅਮਾਂਡਾ ਰਾਈਟ ਲੇਨ, ਜੋ ਉਨ੍ਹਾਂ ਦੇ ਕੰਮ ਦੇ ਪ੍ਰਬੰਧਨ ਵਿੱਚ ਸ਼ਾਮਲ ਹੈ, ਇਸ ਗੱਲ 'ਤੇ ਵਿਸ਼ਵਾਸ ਨਹੀਂ ਕਰਦੀ।

ਉਹ ਕਹਿੰਦੇ ਹਨ, "ਜਿਵੇਂ ਕਿ ਮੈਂ ਔਰਵਿਲ ਨੂੰ ਜਾਣਦੀ ਹਾਂ, ਮੈਨੂੰ ਨਹੀਂ ਲੱਗਦਾ ਕਿ ਉਸਨੇ ਜਾਣਬੁੱਝ ਕੇ ਕਿਸੇ ਨੂੰ ਨਿਸ਼ਾਨਾ ਬਣਾਇਆ ਹੋਵੇਗਾ।"

"ਹਾਂ, ਪਰ ਉਹ ਇਹ ਜ਼ਰੂਰ ਯਕੀਨੀ ਬਣਾਉਂਦੇ ਕਿ ਉਨ੍ਹਾਂ ਨੇ ਅਤੇ ਵਿਲਬਰ ਨੇ ਜੋ ਕੀਤਾ ਸੀ ਉਸ ਦੀ ਸੱਚਾਈ ਜਿਉਂਦੀ ਰਹੇ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)