ਵਿਸਕੀ ਤੋਂ ਲੈ ਕੇ ਆਟੋਮੋਬਾਈਲ ਸੈਕਟਰ ਤੱਕ, ਬ੍ਰਿਟੇਨ ਨਾਲ ਹੋਏ ਸਮਝੌਤੇ ਕਰਕੇ ਭਾਰਤ 'ਚ ਕੀ-ਕੀ ਹੋਵੇਗਾ ਸਸਤਾ

ਤਸਵੀਰ ਸਰੋਤ, Getty Images
- ਲੇਖਕ, ਪ੍ਰਵੀਣ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਛੇ ਅਰਬ ਪਾਉਂਡ ਦੇ ਇੱਕ ਵਪਾਰ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ।
ਇਸ ਸਮਝੌਤੇ ਦੇ ਤਹਿਤ, ਬ੍ਰਿਟੇਨ ਦੀ ਵਿਸਕੀ ਅਤੇ ਕਾਰਾਂ ਭਾਰਤ ਵਿੱਚ ਸਸਤੀਆਂ ਹੋਣਗੀਆਂ। ਦੂਜੇ ਪਾਸੇ, ਭਾਰਤੀ ਕੱਪੜੇ ਅਤੇ ਗਹਿਣੇ ਬ੍ਰਿਟੇਨ ਵਿੱਚ ਸਸਤੇ ਹੋਣਗੇ।
ਭਾਰਤ ਅਤੇ ਬ੍ਰਿਟੇਨ ਦੋਵੇਂ ਇਸ ਵਪਾਰ ਸਮਝੌਤੇ ਤੋਂ ਲਾਭ ਪ੍ਰਾਪਤ ਕਰਨ ਦੀ ਉਮੀਦ ਕਰ ਰਹੇ ਹਨ।
ਪਰ ਸਵਾਲ ਇਹ ਹੈ ਕਿ ਇਸ ਸੌਦੇ ਤੋਂ ਕਿਸਨੂੰ ਜ਼ਿਆਦਾ ਫਾਇਦਾ ਹੋਵੇਗਾ?

ਤਸਵੀਰ ਸਰੋਤ, Getty Images
ਪ੍ਰਧਾਨ ਮੰਤਰੀ ਮੋਦੀ ਨੇ ਬ੍ਰਿਟੇਨ ਨਾਲ ਵਪਾਰ ਸਮਝੌਤੇ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸੌਦੇ ਦੀ ਮਦਦ ਨਾਲ, ਭਾਰਤੀ ਕੱਪੜੇ, ਜੁੱਤੀਆਂ, ਗਹਿਣੇ, ਸੀਅ ਫੂਡ ਅਤੇ ਇੰਜੀਨੀਅਰਿੰਗ ਨਾਲ ਸਬੰਧਤ ਚੀਜ਼ਾਂ ਨੂੰ ਬ੍ਰਿਟਿਸ਼ ਬਾਜ਼ਾਰ ਤੱਕ ਬਿਹਤਰ ਪਹੁੰਚ ਮਿਲੇਗੀ।
ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਇਸ ਸੌਦੇ ਨਾਲ ਭਾਰਤੀਆਂ ਨੂੰ ਬ੍ਰਿਟੇਨ ਵਿੱਚ ਬਣੇ ਉਤਪਾਦਾਂ ਤੱਕ ਵਧੇਰੇ ਪਹੁੰਚ ਮਿਲੇਗੀ ਅਤੇ ਉਹ ਮੈਡੀਕਲ ਉਪਕਰਣ ਅਤੇ ਏਰੋਸਪੇਸ ਪਾਰਟਸ ਕਿਫਾਇਤੀ ਕੀਮਤਾਂ 'ਤੇ ਪ੍ਰਾਪਤ ਕਰ ਸਕਣਗੇ।
ਦੂਜੇ ਪਾਸੇ, ਪ੍ਰਧਾਨ ਮੰਤਰੀ ਸਟਾਰਮਰ ਨੇ ਇਸ ਸੌਦੇ ਨੂੰ ਬ੍ਰਿਟੇਨ ਦੀ ਜਿੱਤ ਕਿਹਾ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸੌਦੇ ਨਾਲ ਬ੍ਰਿਟੇਨ ਵਿੱਚ 2,200 ਤੋਂ ਵੱਧ ਨੌਕਰੀਆਂ ਪੈਦਾ ਹੋਣਗੀਆਂ।
ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਰੱਖਿਆ, ਸਿੱਖਿਆ, ਜਲਵਾਯੂ ਅਤੇ ਤਕਨੀਕ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਵੀ ਸਹਿਮਤੀ ਪ੍ਰਗਟਾਈ ਹੈ।
ਭਾਰਤ ਨੂੰ ਕੀ ਫਾਇਦਾ ਹੋਵੇਗਾ?

ਤਸਵੀਰ ਸਰੋਤ, Getty Images
ਇਸ ਹਫ਼ਤੇ ਦੇ ਸ਼ੁਰੂ ਵਿੱਚ ਹੀ ਮੋਦੀ ਕੈਬਨਿਟ ਨੇ ਭਾਰਤ-ਬ੍ਰਿਟੇਨ ਵਪਾਰ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਸੀ। ਪਰ ਇਸ ਸੌਦੇ ਨੂੰ ਅਜੇ ਬ੍ਰਿਟਿਸ਼ ਸੰਸਦ ਦੀ ਪ੍ਰਵਾਨਗੀ ਮਿਲਣਾ ਬਾਕੀ ਹੈ ਅਤੇ ਇਸਨੂੰ ਪ੍ਰਭਾਵੀ ਹੋਣ ਵਿੱਚ ਘੱਟੋ-ਘੱਟ ਇੱਕ ਸਾਲ ਦਾ ਸਮਾਂ ਲੱਗ ਸਕਦਾ ਹੈ।
ਭਾਰਤ ਅਤੇ ਬ੍ਰਿਟੇਨ ਵਿਚਕਾਰ ਵਪਾਰ ਸਮਝੌਤੇ ਨੂੰ ਤਿੰਨ ਸਾਲ ਲੱਗੇ ਹਨ। ਦਿੱਲੀ ਸਥਿਤ ਥਿੰਕ ਟੈਂਕ, ਰਿਸਰਚ ਐਂਡ ਇਨਫਰਮੇਸ਼ਨ ਸਿਸਟਮ ਫਾਰ ਡਿਵੈਲਪਿੰਗ ਕੰਟਰੀਜ਼ (ਆਰਆਈਐਸ) ਦੇ ਡਾਇਰੈਕਟਰ ਜਨਰਲ ਬਿਸਵਜੀਤ ਧਰ ਦਾ ਮੰਨਣਾ ਹੈ ਕਿ ਦੂਜੇ ਵਿਕਸਤ ਦੇਸ਼ਾਂ ਦੇ ਮੁਕਾਬਲੇ, ਭਾਰਤ ਬ੍ਰਿਟੇਨ ਨਾਲ ਇਸ ਸਮਝੌਤੇ 'ਤੇ ਬਹੁਤ ਜਲਦੀ ਦਸਤਖ਼ਤ ਕਰਨ 'ਚ ਕਾਮਯਾਬ ਰਿਹਾ ਹੈ।
ਬਿਸਵਜੀਤ ਧਰ ਨੇ ਸਮਝੌਤੇ ਨੂੰ ਪ੍ਰਵਾਨਗੀ ਦੇਣ ਵਿੱਚ ਤਿੰਨ ਸਾਲ ਲੱਗਣ ਦਾ ਕਾਰਨ ਦੱਸਦੇ ਹੋਏ ਕਿਹਾ, "ਭਾਰਤ ਵਿੱਚ ਬਹੁਤ ਸਾਰੇ ਛੋਟੇ ਕਿਸਾਨ ਅਤੇ ਵਪਾਰੀ ਹਨ, ਉਹ ਇਸ ਤਰ੍ਹਾਂ ਦੇ ਵਪਾਰ ਨਾਲ ਅਸਹਿਜ ਅਤੇ ਅਸੁਰੱਖਿਅਤ ਮਹਿਸੂਸ ਕਰਦੇ ਹਨ। ਸਰਕਾਰ ਨੂੰ ਉਨ੍ਹਾਂ ਨੂੰ ਮਨਾਉਣ ਅਤੇ ਸਮਝਾਉਣ ਵਿੱਚ ਬਹੁਤ ਸਮਾਂ ਲੱਗਦਾ ਹੈ। ਇਸੇ ਕਰਕੇ ਭਾਰਤ ਨੂੰ ਦੂਜੇ ਦੇਸ਼ਾਂ ਨਾਲ ਵਪਾਰਕ ਸੌਦੇ ਕਰਨ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ।"
ਬਿਸਵਜੀਤ ਧਰ ਨੇ ਕਿਹਾ, "ਹੋਰ ਵੱਡੇ ਦੇਸ਼ਾਂ ਨਾਲ ਵਪਾਰਕ ਸੌਦੇ ਕਰਨ ਵਿੱਚ ਸਾਨੂੰ ਜਿੰਨਾ ਸਮਾਂ ਲੱਗਾ ਹੈ, ਉਸ ਦੇ ਮੁਕਾਬਲੇ ਇਹ ਸੌਦਾ ਕਾਫੀ ਘੱਟ ਸਮੇਂ ਵਿੱਚ ਹੋ ਗਿਆ ਹੈ। ਯੂਰਪੀਅਨ ਯੂਨੀਅਨ ਨਾਲ ਅਸੀਂ 18 ਸਾਲਾਂ ਤੋਂ ਵਪਾਰਕ ਸੌਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਵੱਡੇ ਦੇਸ਼ਾਂ ਨਾਲ ਵਪਾਰਕ ਸੌਦੇ ਕਰਨ ਵਿੱਚ ਸਾਨੂੰ ਬਹੁਤ ਸਮਾਂ ਲੱਗ ਰਿਹਾ ਹੈ।"

ਤਸਵੀਰ ਸਰੋਤ, Getty Images
ਸਮਝੌਤੇ ਦੇ ਅਨੁਸਾਰ ਭਾਰਤ ਤੋਂ ਬ੍ਰਿਟੇਨ ਨੂੰ ਬਰਾਮਦ (ਨਿਰਯਾਤ) ਕੀਤੇ ਜਾਣ ਵਾਲੇ ਬਹੁਤ ਸਾਰੇ ਉਤਪਾਦਾਂ 'ਤੇ ਟੈਰਿਫ ਘੱਟ ਹੋਵੇਗਾ। ਇਨ੍ਹਾਂ ਵਿੱਚ ਕੱਪੜੇ ਅਤੇ ਜੁੱਤੇ ਸ਼ਾਮਲ ਹਨ।
ਇਸ ਸੌਦੇ ਨਾਲ ਭਾਰਤ ਤੋਂ ਬ੍ਰਿਟੇਨ ਨੂੰ ਬਰਾਮਦ ਕੀਤੇ ਜਾਣ ਵਾਲੇ ਭੋਜਨ ਅਤੇ ਫਰੋਜ਼ਨ ਪ੍ਰਾਨ (ਜੰਮੇ ਹੋਏ ਝੀਂਗੇ) 'ਤੇ ਵੀ ਟੈਰਿਫ ਘਟੇਗਾ। ਇਸ ਤੋਂ ਇਲਾਵਾ, ਕਾਰਾਂ ਦੀ ਬਰਾਮਦ 'ਤੇ ਟੈਰਿਫ ਵੀ ਘਟਾਇਆ ਜਾਵੇਗਾ। ਇਸ ਵਪਾਰਕ ਸੌਦੇ ਤੋਂ ਭਾਰਤ ਦੇ ਇਲੈਕਟ੍ਰਿਕ ਅਤੇ ਹਾਈਬ੍ਰਿਡ ਵਾਹਨਾਂ ਲਈ ਬ੍ਰਿਟਿਸ਼ ਬਾਜ਼ਾਰ ਤੱਕ ਪਹੁੰਚ ਮਿਲਣ ਦੀ ਵੀ ਉਮੀਦ ਹੈ।
ਬ੍ਰਿਟੇਨ ਭਾਰਤ ਤੋਂ ਲਗਭਗ 11 ਬਿਲੀਅਨ ਪਾਉਂਡ (ਲਗਭਗ 1285 ਅਰਬ ਰੁਪਏ) ਦੇ ਸਮਾਨ ਦੀ ਦਰਾਮਦ (ਆਯਾਤ) ਕਰਦਾ ਹੈ। ਟੈਰਿਫ ਘੱਟ ਹੋਣ ਨਾਲ ਬ੍ਰਿਟੇਨ ਵਿੱਚ ਭਾਰਤੀ ਬਰਾਮਦ ਸਸਤੀ ਹੋ ਜਾਵੇਗੀ। ਮਾਹਰਾਂ ਦੇ ਅਨੁਸਾਰ, ਵਪਾਰ ਸਮਝੌਤੇ ਦੇ ਕਾਰਨ ਭਾਰਤ ਤੋਂ ਬ੍ਰਿਟੇਨ ਦੀ ਦਰਾਮਦ ਵੱਧ ਸਕਦੀ ਹੈ।

ਆਈਸੀਆਰਏ ਲਿਮਟਿਡ ਦੇ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਦੇ ਅਨੁਸਾਰ, ਭਾਰਤ ਅਤੇ ਬ੍ਰਿਟੇਨ ਵਿਚਕਾਰ ਮੁਫਤ ਵਪਾਰ ਸਮਝੌਤੇ (ਐਫਟੀਏ) ਨਾਲ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਸਬੰਧਾਂ ਦੇ ਮਜ਼ਬੂਤ ਹੋਣ ਦੀ ਉਮੀਦ ਹੈ।
ਉਨ੍ਹਾਂ ਕਿਹਾ, "ਪਿਛਲੇ ਇੱਕ ਦਹਾਕੇ ਵਿੱਚ ਬ੍ਰਿਟੇਨ ਨਾਲ ਭਾਰਤ ਦਾ ਵਪਾਰ ਮਾਮੂਲੀ ਵਧਿਆ ਹੈ। ਐਫਟੀਏ ਨਾਲ ਕੱਪੜਾ, ਧਾਤਾਂ, ਖੇਤੀਬਾੜੀ ਉਤਪਾਦ, ਇਲੈਕਟ੍ਰਿਕ ਅਤੇ ਇਲੈਕਟ੍ਰਾਨਿਕ ਉਤਪਾਦ, ਖੇਡਾਂ ਸਬੰਧੀ ਸਮਾਨ ਅਤੇ ਚਮੜੇ ਸਮੇਤ ਵੱਖ-ਵੱਖ ਖੇਤਰਾਂ ਵਿੱਚ ਬਰਾਮਦ ਦੇ ਮੌਕੇ ਵਧਣਗੇ।"
ਭਾਰਤ ਤੋਂ ਬ੍ਰਿਟੇਨ ਵਿੱਚ ਸੋਨੇ-ਹੀਰੇ ਦੇ ਗਹਿਣੇ, ਕੱਪੜੇ ਅਤੇ ਚਮੜੇ ਦੇ ਸਮਾਨ ਦੀ ਬਰਾਮਦ 'ਤੇ ਕੋਈ ਟੈਰਿਫ ਨਹੀਂ ਹੋਵੇਗਾ।
ਬ੍ਰਿਟੇਨ ਬਾਸਮਤੀ ਚੌਲ, ਝੀਂਗਾ, ਮਸਾਲਿਆਂ ਅਤੇ ਚਾਹ 'ਤੇ ਵੀ ਦਰਾਮਦ ਡਿਊਟੀ ਘਟਾਏਗਾ। ਇਸ ਨਾਲ ਭਾਰਤੀ ਨਿਰਯਾਤਕਾਂ ਦੀ ਬ੍ਰਿਟਿਸ਼ ਬਾਜ਼ਾਰਾਂ ਤੱਕ ਪਹੁੰਚ ਵਧੇਗੀ।
ਬਿਸਵਜੀਤ ਧਰ ਦਾ ਕਹਿਣਾ ਹੈ ਕਿ ਭਾਰਤ ਨੂੰ ਇਸ ਵਪਾਰ ਸਮਝੌਤੇ ਤੋਂ ਬਹੁਤ ਸਾਰੇ ਲਾਭਾਂ ਦੀ ਉਮੀਦ ਕਰ ਰਿਹਾ ਹੈ। ਉਨ੍ਹਾਂ ਕਿਹਾ, "ਬ੍ਰਿਟੇਨ ਨੇ ਭਾਰਤ ਨਾਲ ਨਿਰਯਾਤ ਲਗਭਗ ਖ਼ਤਮ ਹੀ ਕਰ ਦਿੱਤਾ ਹੈ। ਭਾਰਤ ਨੂੰ ਖਿਡੌਣਿਆਂ ਅਤੇ ਕੱਪੜਿਆਂ ਨਾਲ ਸਬੰਧਤ ਖੇਤਰਾਂ ਵਿੱਚ ਲਾਭ ਹੋਣ ਦੀ ਉਮੀਦ ਹੈ। "
"ਇਨ੍ਹਾਂ ਖੇਤਰਾਂ ਵਿੱਚ ਦਰਾਮਦ ਵਧਣ ਦੀ ਉਮੀਦ ਹੈ। ਇਸ ਨਾਲ ਰੁਜ਼ਗਾਰ ਵਧੇਗਾ। ਇਹ ਸਾਡੀ ਸਭ ਤੋਂ ਵੱਡੀ ਲੋੜ ਹੈ। ਕਿਉਂਕਿ ਜਦੋਂ ਤੱਕ ਰੁਜ਼ਗਾਰ ਨਹੀਂ ਵੱਧਦਾ, ਆਮਦਨ ਨਹੀਂ ਵਧੇਗੀ।"
ਹਾਲਾਂਕਿ, ਅਰਥਸ਼ਾਸਤਰੀ ਸ਼ਰਦ ਕੋਹਲੀ ਦਾ ਮੰਨਣਾ ਹੈ ਕਿ ਇਹ ਕਹਿਣਾ ਬਹੁਤ ਜਲਦਬਾਜ਼ੀ ਹੋਵੇਗੀ ਕਿ ਇਸ ਸੌਦੇ ਤੋਂ ਭਾਰਤ ਨੂੰ ਕਿੰਨਾ ਲਾਭ ਹੋਵੇਗਾ।
ਉਨ੍ਹਾਂ ਕਿਹਾ, "ਇਹ ਸੌਦਾ ਹੋ ਤਾਂ ਗਿਆ ਹੈ। ਪਰ ਇਸਨੂੰ ਅਜੇ ਬ੍ਰਿਟੇਨ ਦੀ ਸੰਸਦ ਵਿੱਚ ਪਾਸ ਕੀਤਾ ਜਾਣਾ ਹੈ। ਉੱਥੇ ਇਸਦਾ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਵਿਰੋਧੀ ਧਿਰ ਇਸਦਾ ਵਿਰੋਧ ਕਰ ਰਹੀ ਹੈ। ਬ੍ਰਿਟੇਨ ਦੀ ਅਰਥਵਿਵਸਥਾ ਦੀ ਹਾਲਤ ਚੰਗੀ ਨਹੀਂ ਹੈ। ਲੋਕ ਉੱਥੇ ਸਾਮਾਨ ਨਹੀਂ ਖਰੀਦ ਰਹੇ ਕਿਉਂਕਿ ਉਨ੍ਹਾਂ ਕੋਲ ਖਰੀਦਣ ਲਈ ਪੈਸੇ ਨਹੀਂ ਹਨ।"
ਸਰਵਿਸ ਸੈਕਟਰ ਵਿੱਚ ਕੀ ਬਦਲੇਗਾ?

ਤਸਵੀਰ ਸਰੋਤ, Getty Images
ਪ੍ਰਧਾਨ ਮੰਤਰੀ ਮੋਦੀ ਨੇ ਉਮੀਦ ਜਤਾਈ ਹੈ ਕਿ ਇਸ ਸੌਦੇ ਤੋਂ ਦੋਵਾਂ ਦੇਸ਼ਾਂ ਦੇ ਸਰਵਿਸ ਸੈਕਟਰ ਨੂੰ ਫਾਇਦਾ ਹੋਵੇਗਾ।
ਉਨ੍ਹਾਂ ਕਿਹਾ, "ਇਸ ਸੌਦੇ ਨਾਲ ਦੋਵਾਂ ਦੇਸ਼ਾਂ ਦੇ ਸਰਵਿਸ ਸੈਕਟਰ ਨੂੰ ਫਾਇਦਾ ਹੋਵੇਗਾ। ਖਾਸ ਕਰਕੇ ਤਕਨਾਲੋਜੀ ਅਤੇ ਵਿੱਤ ਖੇਤਰਾਂ ਵਿੱਚ। ਇਸ ਨਾਲ ਵਪਾਰ ਵਿੱਚ ਵੀ ਆਸਾਨੀ ਹੋਵੇਗੀ ਅਤੇ ਕਾਰੋਬਾਰ ਕਰਨ ਦੀ ਲਾਗਤ ਵੀ ਘਟੇਗੀ। ਇਨ੍ਹਾਂ ਸਮਝੌਤਿਆਂ ਨਾਲ ਦੋਵਾਂ ਦੇਸ਼ਾਂ ਵਿੱਚ ਨਿਵੇਸ਼ ਵਧੇਗਾ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।"
ਅਦਿਤੀ ਨਾਇਰ ਦੇ ਅਨੁਸਾਰ, ਭਾਰਤ ਨੂੰ ਬ੍ਰਿਟੇਨ ਦੇ ਸਰਵਿਸ ਸੈਕਟਰ ਵਿੱਚ ਖ਼ਾਸ ਕਰਕੇ ਆਈਟੀ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ਪ੍ਰਤੀ ਬ੍ਰਿਟੇਨ ਦੀਆਂ ਵਚਨਬੱਧਤਾਵਾਂ ਨਾਲ ਭਾਰਤ ਨੂੰ ਲਾਭ ਹੋਵੇਗਾ।
ਉਨ੍ਹਾਂ ਕਿਹਾ, "ਭਾਰਤੀ ਕਾਮਿਆਂ ਨੂੰ ਤਿੰਨ ਸਾਲਾਂ ਲਈ ਸਮਾਜਿਕ ਸੁਰੱਖਿਆ ਭੁਗਤਾਨਾਂ ਤੋਂ ਛੋਟ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ, ਬ੍ਰਿਟੇਨ ਵਿੱਚ ਭਾਰਤੀ ਕਾਰਪੋਰੇਟਾਂ ਨੂੰ ਵੀ ਇਸ ਸੌਦੇ ਤੋਂ ਬਹੁਤ ਲਾਭ ਹੋਣ ਦੀ ਉਮੀਦ ਹੈ।"
ਦੂਜੇ ਪਾਸੇ ਬਿਸਵਜੀਤ ਧਰ ਕਹਿੰਦੇ ਹਨ, "ਭਾਰਤੀ ਕਾਮਿਆਂ ਨੂੰ ਤਿੰਨ ਸਾਲਾਂ ਲਈ ਸਮਾਜਿਕ ਸੁਰੱਖਿਆ ਭੁਗਤਾਨਾਂ ਤੋਂ ਛੋਟ ਮਿਲਣ ਨਾਲ ਉਨ੍ਹਾਂ ਦੇ ਖਰਚੇ ਘੱਟ ਜਾਣਗੇ। ਇਸ ਨਾਲ ਉੱਥੇ ਜਾਣ ਵਾਲੇ ਜਾਂ ਉੱਥੇ ਰਹਿਣ ਵਾਲੇ ਭਾਰਤੀਆਂ ਨੂੰ ਫਾਇਦਾ ਹੋ ਸਕਦਾ ਹੈ।
ਉਨ੍ਹਾਂ ਕਿਹਾ, "ਬ੍ਰਿਟੇਨ ਦਾ ਸਰਵਿਸ ਸੈਕਟਰ ਕਾਫੀ ਵੱਡਾ ਹੈ। ਬ੍ਰਿਟੇਨ ਵੀ ਚਾਹੁੰਦਾ ਵੀ ਹੈ ਕਿ ਸਰਵਿਸ ਸੈਕਟਰ ਵਿੱਚ ਹੋਰ ਭਾਰਤੀ ਉੱਥੇ ਆਉਣ। ਮੈਨੂੰ ਉਮੀਦ ਹੈ ਕਿ ਵਪਾਰ ਸਮਝੌਤੇ ਨਾਲ ਉੱਥੇ ਭਾਰਤੀ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ।"
ਕੀ ਬ੍ਰਿਟੇਨ ਨੂੰ ਫਾਇਦਾ ਹੋਵੇਗਾ?

ਤਸਵੀਰ ਸਰੋਤ, Getty Images
ਬ੍ਰਿਟਿਸ਼ ਸਰਕਾਰ ਉਮੀਦ ਕਰ ਰਹੀ ਹੈ ਕਿ ਕਈ ਸਾਲਾਂ ਬਾਅਦ ਹੋਏ ਇਸ ਸਮਝੌਤੇ ਨਾਲ ਬ੍ਰਿਟਿਸ਼ ਅਰਥਵਿਵਸਥਾ ਨੂੰ 4.8 ਬਿਲੀਅਨ ਪਾਉਂਡ ਯਾਨੀ ਲਗਭਗ 560 ਅਰਬ ਰੁਪਏ ਦਾ ਫਾਇਦਾ ਹੋ ਸਕਦਾ ਹੈ।
ਭਾਰਤ ਵਿੱਚ ਪਹਿਲਾਂ ਬ੍ਰਿਟੇਨ ਤੋਂ ਦਰਾਮਦ 'ਤੇ ਔਸਤਨ 15 ਫੀਸਦੀ ਟੈਰਿਫ ਲੱਗਦਾ ਸੀ, ਜੋ ਇਸ ਸੌਦੇ ਤੋਂ ਬਾਅਦ ਘਟ ਕੇ ਤਿੰਨ ਫੀਸਦੀ ਰਹਿ ਜਾਵੇਗਾ। ਟੈਰਿਫ ਵਿੱਚ ਕਮੀ ਦੇ ਕਾਰਨ, ਬ੍ਰਿਟਿਸ਼ ਕੰਪਨੀਆਂ ਲਈ ਭਾਰਤ ਵਿੱਚ ਕਾਰੋਬਾਰ ਕਰਨ ਦੇ ਹੋਰ ਮੌਕੇ ਪੈਦਾ ਹੋਣਗੇ।
ਭਾਰਤ ਵਿੱਚ ਬ੍ਰਿਟੇਨ ਤੋਂ ਵਿਸਕੀ ਦਰਾਮਦਗੀ 'ਤੇ ਪਹਿਲਾਂ 150 ਫੀਸਦੀ ਟੈਰਿਫ ਸੀ, ਜੋ ਹੁਣ ਘਟਾ ਕੇ 75 ਫੀਸਦੀ ਕਰ ਦਿੱਤਾ ਜਾਵੇਗਾ। ਇਸ ਨਾਲ ਭਾਰਤ ਵਿੱਚ ਵਿਸਕੀ ਵੇਚਣ ਦੇ ਮਾਮਲੇ ਵਿੱਚ ਬ੍ਰਿਟਿਸ਼ ਕੰਪਨੀਆਂ ਨੂੰ ਹੋਰ ਵਿਦੇਸ਼ੀ ਕੰਪਨੀਆਂ ਦੇ ਮੁਕਾਬਲੇ ਲਾਭ ਹੋ ਸਕਦਾ ਹੈ।
ਇਸ ਵਪਾਰ ਸਮਝੌਤੇ ਤੋਂ ਬ੍ਰਿਟੇਨ ਨੂੰ ਕਿਵੇਂ ਫਾਇਦਾ ਹੋਵੇਗਾ, ਇਸ ਸਵਾਲ 'ਤੇ ਬਿਸਵਜੀਤ ਧਰ ਕਹਿੰਦੇ ਹਨ, "ਬ੍ਰਿਟੇਨ ਆਰਥਿਕਤਾ ਦੇ ਮਾਮਲੇ ਵਿੱਚ ਭਾਰਤ ਤੋਂ ਪਿੱਛੇ ਹੋ ਗਿਆ ਹੈ। ਬ੍ਰਿਟੇਨ ਦੀ ਅਰਥਵਿਵਸਥਾ ਨੂੰ ਅੱਗੇ ਵਧਾਉਣਾ ਹੈ ਤਾਂ ਉਸ ਨੂੰ ਵੱਡੇ ਬਾਜ਼ਾਰ ਦੀ ਭਾਲ ਹੈ। ਚੀਨ ਨੂੰ ਛੱਡ ਕੇ ਭਾਰਤ ਜਿੰਨਾ ਵੱਡਾ ਹੋਰ ਕੋਈ ਬਾਜ਼ਾਰ ਨਹੀਂ ਹੈ। ਬ੍ਰਿਟੇਨ ਨੂੰ ਕਈ ਖੇਤਰਾਂ ਵਿੱਚ ਫਾਇਦਾ ਹੋਣ ਵਾਲਾ ਹੈ। ਜੇਕਰ ਅਸੀਂ ਇੱਕ ਸੈਕਟਰ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਫਾਇਦਾ ਬ੍ਰਿਟੇਨ ਦੇ ਆਟੋਮੋਬਾਈਲ ਸੈਕਟਰ ਨੂੰ ਹੋਵੇਗਾ।"
ਕੀ ਕਿਸੇ ਤੀਜੇ ਦੇਸ਼ ਨੂੰ ਨੁਕਸਾਨ ਹੋਵੇਗਾ?

ਤਸਵੀਰ ਸਰੋਤ, Getty Images
ਇਸ ਸਾਲ ਦੇ ਸ਼ੁਰੂ ਵਿੱਚ ਡੌਨਲਡ ਟਰੰਪ ਦੇ ਦੂਜੀ ਵਾਰ ਅਮਰੀਕੀ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਦੁਨੀਆਂ ਵਿੱਚ ਵਪਾਰ ਯੁੱਧ ਸ਼ੁਰੂ ਹੋ ਗਿਆ ਹੈ।
ਸ਼ਰਦ ਕੋਹਲੀ ਦਾ ਮੰਨਣਾ ਹੈ ਕਿ ਵਪਾਰ ਯੁੱਧ ਕਾਰਨ ਵੀ ਭਾਰਤ ਅਤੇ ਬ੍ਰਿਟੇਨ ਵਿਚਕਾਰ ਵਪਾਰ ਸਮਝੌਤਾ ਜਲਦੀ ਹੋਇਆ।
ਉਨ੍ਹਾਂ ਕਿਹਾ, "ਟਰੰਪ ਦੇ ਵਪਾਰ ਯੁੱਧ ਛੇੜਨ ਕਾਰਨ ਵਿਸ਼ਵ ਅਰਥਵਿਵਸਥਾ ਉਥਲ-ਪੁਥਲ ਹੋ ਗਈ ਹੈ। ਪਰ ਉਸਦਾ ਫਾਇਦਾ ਇਹ ਹੋਇਆ ਹੈ ਕਿ ਦੂਜੇ ਦੇਸ਼ ਆਪਣੇ ਸੌਦੇ ਜਲਦੀ ਪੂਰੇ ਕਰ ਰਹੇ ਹਨ। ਦੁਨੀਆਂ ਦੇ ਬਾਕੀ ਦੇਸ਼ਾਂ ਨੂੰ ਲੱਗਦਾ ਹੈ ਕਿ ਉਹ ਦੂਜੇ ਦੇਸ਼ਾਂ ਨਾਲ ਸੌਦੇ ਕਰਕੇ ਅਮਰੀਕਾ ਦੁਆਰਾ ਦਿੱਤੀਆਂ ਗਈਆਂ ਧਮਕੀਆਂ ਕਾਰਨ ਹੋਣ ਵਾਲੇ ਨੁਕਸਾਨ ਦੀ ਭਰਪਾਈ ਕਰ ਲੈਣਗੇ।"
ਮਾਹਰ ਭਾਰਤ ਅਤੇ ਬ੍ਰਿਟੇਨ ਵਿਚਕਾਰ ਵਪਾਰ ਸਮਝੌਤੇ ਦਾ ਚੀਨ 'ਤੇ ਜੋ ਪ੍ਰਭਾਵ ਪਵੇਗਾ, ਉਸਦਾ ਵੀ ਅੰਦਾਜ਼ਾ ਲਗਾ ਰਹੇ ਹਨ।
ਸ਼ਰਦ ਕੋਹਲੀ ਦਾ ਕਹਿਣਾ ਹੈ ਕਿ ਇਸ ਵਪਾਰ ਸਮਝੌਤੇ ਦਾ ਭਾਰਤ ਅਤੇ ਚੀਨ ਵਿਚਕਾਰ ਵਪਾਰਕ ਸਬੰਧਾਂ 'ਤੇ ਕੋਈ ਖਾਸ ਪ੍ਰਭਾਵ ਨਹੀਂ ਪਵੇਗਾ, ਪਰ ਚੀਨ ਨੂੰ ਬ੍ਰਿਟੇਨ ਨਾਲ ਵਪਾਰ ਵਿੱਚ ਨੁਕਸਾਨ ਝੱਲਣਾ ਪੈ ਸਕਦਾ ਹੈ।
ਉਨ੍ਹਾਂ ਕਿਹਾ, "ਭਾਰਤ ਅਤੇ ਚੀਨ ਦਾ ਜਿੰਨਾ ਦੁਵੱਲਾ ਵਪਾਰ ਹੈ, ਉਸ ਤੋਂ ਦੁੱਗਣਾ ਚੀਨ ਅਤੇ ਬ੍ਰਿਟੇਨ ਦਾ ਦੁਵੱਲਾ ਵਪਾਰ ਹੈ। ਚੀਨ ਤੋਂ ਬਹੁਤ ਸਾਰੀਆਂ ਸਸਤੀਆਂ ਚੀਜ਼ਾਂ ਬ੍ਰਿਟੇਨ ਜਾਂਦੀਆਂ ਹਨ, ਜਿਸ ਵਿੱਚ ਕੱਪੜੇ ਵੀ ਸ਼ਾਮਲ ਹਨ। ਪਰ ਕੱਪੜੇ ਅਤੇ ਜੁੱਤੀਆਂ ਦਾ ਸਮਾਨ ਭਾਰਤ ਤੋਂ ਉੱਥੇ ਜਾਵੇਗਾ ਤਾਂ ਉਨ੍ਹਾਂ 'ਤੇ ਟੈਰਿਫ ਨਹੀਂ ਲਗਾਏ ਜਾਣਗੇ। ਇਸ ਲਈ ਚੀਨ ਨੂੰ ਕਰੜੀ ਚੁਣੌਤੀ ਮਿਲਣ ਵਾਲੀ ਹੈ।''
"ਪਰ ਭਾਰਤ ਅਤੇ ਚੀਨ ਵਿਚਕਾਰ ਵਪਾਰ 'ਤੇ ਇਸਦਾ ਕੋਈ ਅਸਰ ਨਹੀਂ ਪਵੇਗਾ। ਭਾਰਤ ਅਤੇ ਚੀਨ ਵਿਚਕਾਰ ਵਪਾਰ ਲਗਾਤਾਰ ਵਧ ਰਿਹਾ ਹੈ। ਇਹ ਸੌਦਾ ਹੋਵੇ ਜਾਂ ਨਾ ਹੋਵੇ, ਭਾਰਤ ਅਤੇ ਚੀਨ ਵਿਚਕਾਰ ਵਪਾਰ ਵਧਦਾ ਦੇਖਿਆ ਜਾ ਰਿਹਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












