ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲੇ ਟਕਰਾਅ 'ਤੇ ਡੌਨਲਡ ਟਰੰਪ ਨੇ ਹੁਣ ਕਿਹੜਾ ਨਵਾਂ ਦਾਅਵਾ ਕੀਤਾ, ਲੜਾਕੂ ਜਹਾਜ਼ ਡੇਗਣ ਬਾਰੇ ਕੀ ਕਿਹਾ

ਤਸਵੀਰ ਸਰੋਤ, Anna Moneymaker/Getty
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਦਾਅਵਾ ਕਰਦਿਆਂ ਕਿਹਾ ਕਿ ਇਸੇ ਸਾਲ ਮਈ ਦੇ ਮਹੀਨੇ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਟਕਰਾਅ ਵਿੱਚ 'ਪੰਜ ਲੜਾਕੂ ਜਹਾਜ਼ ਡੇਗੇ ਗਏ ਸਨ'।
ਹਾਲਾਂਕਿ, ਟਰੰਪ ਨੇ ਇਹ ਨਹੀਂ ਦੱਸਿਆ ਕਿ ਕਿਸ ਦੇਸ਼ ਦੇ ਕਿੰਨੇ ਲੜਾਕੂ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ।
ਟਰੰਪ ਦਾ ਇਹ ਬਿਆਨ ਸ਼ੁੱਕਰਵਾਰ ਰਾਤ ਨੂੰ ਵ੍ਹਾਈਟ ਹਾਊਸ ਵਿੱਚ ਰਿਪਬਲਿਕਨ ਸੰਸਦ ਮੈਂਬਰਾਂ ਨਾਲ ਡਿਨਰ ਦੇ ਦੌਰਾਨ ਆਇਆ ਹੈ।
ਇਸ ਤੋਂ ਪਹਿਲਾਂ, ਪਾਕਿਸਤਾਨ ਵੀ ਭਾਰਤ ਦੇ 'ਪੰਜ ਲੜਾਕੂ ਜਹਾਜ਼ ਡੇਗੇ ਜਾਣ' ਦਾ ਦਾਅਵਾ ਕਰ ਚੁੱਕਿਆ ਹੈ। ਹਾਲਾਂਕਿ, ਭਾਰਤ ਨੇ ਹਮੇਸ਼ਾ ਇਨ੍ਹਾਂ ਦਾਅਵਿਆਂ ਨੂੰ ਖਾਰਜ ਕੀਤਾ ਹੈ।
ਮਈ ਦੇ ਅੰਤ ਵਿੱਚ, ਭਾਰਤ ਦੇ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਨੇ ਪਾਕਿਸਤਾਨ ਨਾਲ ਹੋਏ ਫੌਜੀ ਟਕਰਾਅ ਦੌਰਾਨ ਭਾਰਤੀ ਲੜਾਕੂ ਜਹਾਜ਼ਾਂ ਨੂੰ ਡੇਗੇ ਜਾਣ ਬਾਰੇ ਸਵਾਲਾਂ ਦੇ ਜਵਾਬ ਦਿੱਤੇ ਸਨ। ਉਨ੍ਹਾਂ ਨੇ ਜਹਾਜ਼ਾਂ ਨੂੰ ਨੁਕਸਾਨ ਪਹੁੰਚਾਉਣ ਦੇ ਪਾਕਿਸਤਾਨ ਦੇ ਦਾਅਵੇ ਨੂੰ ਸਿਰਿਓਂ ਖਾਰਿਜ ਕਰ ਦਿੱਤਾ ਸੀ।

ਤਸਵੀਰ ਸਰੋਤ, Francis Chung/Politico/Bloomberg via Getty
ਇਸ ਤੋਂ ਇਲਾਵਾ, ਟਰੰਪ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਕਰਾਉਣ ਦਾ ਦਾਅਵਾ ਵੀ ਕਰਦੇ ਰਹੇ ਹਨ।
ਟਰੰਪ ਨੇ ਤਾਂ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਵਪਾਰ ਬੰਦ ਕਰਨ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਦੋਵੇਂ ਦੇਸ਼ ਜੰਗਬੰਦੀ ਲਈ ਸਹਿਮਤ ਹੋ ਗਏ ਸਨ।
ਦਰਅਸਲ, ਮਈ ਦੇ ਸ਼ੁਰੂ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਦੌਰਾਨ, ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ ਸੀ।
ਅਮਰੀਕਾ ਨੇ ਇਸ ਗੱਲਬਾਤ ਨੂੰ ਜੰਗਬੰਦੀ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਟਰੰਪ ਨੇ ਹੀ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ 'ਤੇ ਜੰਗਬੰਦੀ ਦਾ ਐਲਾਨ ਕੀਤਾ ਸੀ।
ਹਾਲਾਂਕਿ ਇਸੇ ਮਹੀਨੇ ਦੇ ਸ਼ੁਰੂ ਵਿੱਚ, ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਜੰਗਬੰਦੀ ਪੂਰੀ ਤਰ੍ਹਾਂ ਦੁਵੱਲੀ ਸੀ।
ਟਰੰਪ ਨੇ ਕੀ ਕਿਹਾ?

ਸ਼ੁੱਕਰਵਾਰ ਰਾਤ ਨੂੰ, ਵ੍ਹਾਈਟ ਹਾਊਸ ਵਿੱਚ ਰਿਪਬਲਿਕਨ ਸੰਸਦ ਮੈਂਬਰਾਂ ਦੇ ਸਾਹਮਣੇ ਟਰੰਪ ਨੇ ਕਿਹਾ ਕਿ ਅਮਰੀਕਾ ਨੇ ਬਹੁਤ ਸਾਰੀਆਂ ਜੰਗਾਂ ਰੋਕੀਆਂ ਹਨ ਅਤੇ ਉਹ ਸਾਰੀਆਂ ਗੰਭੀਰ ਜੰਗਾਂ ਸਨ।
ਉਨ੍ਹਾਂ ਕਿਹਾ, "ਭਾਰਤ ਅਤੇ ਪਾਕਿਸਤਾਨ ਵਿਚਕਾਰ ਵੀ ਇਹੀ ਹੋ ਰਿਹਾ ਸੀ। ਉੱਥੇ ਜਹਾਜ਼ਾਂ ਨੂੰ ਡੇਗਿਆ ਜਾ ਰਿਹਾ ਸੀ। ਮੈਨੂੰ ਲੱਗਦਾ ਹੈ ਕਿ ਅਸਲ ਵਿੱਚ ਪੰਜ ਜੈੱਟ ਜਹਾਜ਼ਾਂ ਨੂੰ ਡੇਗਿਆ ਗਿਆ ਸੀ। ਇਹ ਦੋਵੇਂ ਪ੍ਰਮਾਣੂ ਸ਼ਕਤੀ ਨਾਲ ਲੈਸ ਦੇਸ਼ ਹਨ ਅਤੇ ਇੱਕ-ਦੂਜੇ 'ਤੇ ਹਮਲਾ ਕਰ ਰਹੇ ਸਨ।"
"ਇੰਝ ਲੱਗਦਾ ਹੈ ਕਿ ਇਹ ਇੱਕ ਨਵੀਂ ਕਿਸਮ ਦੀ ਜੰਗ ਹੈ। ਤੁਸੀਂ ਦੇਖਿਆ ਕਿ ਅਸੀਂ ਹਾਲ ਹੀ ਵਿੱਚ ਈਰਾਨ ਵਿੱਚ ਕੀ ਕੀਤਾ। ਅਸੀਂ ਉਨ੍ਹਾਂ ਦੀ ਪ੍ਰਮਾਣੂ ਸਮਰੱਥਾ ਪੂਰੀ ਤਰ੍ਹਾਂ ਤਬਾਹ ਕਰ ਦਿੱਤੀ।"
ਆਪਣੇ ਬਿਆਨ ਵਿੱਚ, ਟਰੰਪ ਨੇ ਇੱਕ ਵਾਰ ਫਿਰ ਵਪਾਰ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਰਾਹੀਂ ਅਸੀਂ ਟਕਰਾਅ ਨੂੰ ਰੋਕਿਆ।
ਟਰੰਪ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਵਧਦਾ ਜਾ ਰਿਹਾ ਸੀ ਅਤੇ ਅਸੀਂ ਇਸ ਨੂੰ ਵਪਾਰ ਰਾਹੀਂ ਸੁਲਝਾਇਆ।
ਉਨ੍ਹਾਂ ਕਿਹਾ, "ਅਸੀਂ ਕਿਹਾ - ਤੁਸੀਂ ਲੋਕ (ਅਮਰੀਕਾ ਨਾਲ) ਇੱਕ ਵਪਾਰ ਸਮਝੌਤਾ ਕਰਨਾ ਚਾਹੁੰਦੇ ਹੋ। ਜੇਕਰ ਤੁਸੀਂ ਇੱਕ-ਦੂਜੇ 'ਤੇ ਹਮਲੇ ਅਤੇ ਸ਼ਾਇਦ ਪ੍ਰਮਾਣੂ ਹਥਿਆਰਾਂ ਨਾਲ ਹਮਲੇ ਕਰੋਗੇ, ਤਾਂ ਅਸੀਂ ਵਪਾਰ ਸਮਝੌਤਾ ਨਹੀਂ ਕਰਾਂਗੇ।''
ਲੜਾਕੂ ਜਹਾਜ਼ਾਂ ਨੂੰ ਡੇਗਣ ਦੇ ਦਾਅਵਿਆਂ 'ਤੇ ਭਾਰਤ ਦਾ ਜਵਾਬ

ਤਸਵੀਰ ਸਰੋਤ, Getty Images
31 ਮਈ ਨੂੰ ਭਾਰਤ ਦੇ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਨੇ ਪਾਕਿਸਤਾਨ ਨਾਲ ਫੌਜੀ ਟਕਰਾਅ ਦੌਰਾਨ ਭਾਰਤ ਦੇ ਲੜਾਕੂ ਜਹਾਜ਼ਾਂ ਨੂੰ ਡੇਗੇ ਜਾਣ ਬਾਰੇ ਸਵਾਲਾਂ ਦੇ ਜਵਾਬ ਦਿੱਤੇ ਸਨ।
ਇਸ ਦੇ ਨਾਲ ਹੀ, ਉਨ੍ਹਾਂ ਨੇ ਜਹਾਜ਼ਾਂ ਨੂੰ ਨੁਕਸਾਨ ਪਹੁੰਚਾਉਣ ਦੇ ਪਾਕਿਸਤਾਨ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ।
ਬਲੂਮਬਰਗ ਟੀਵੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਪੱਤਰਕਾਰ ਨੇ ਜਨਰਲ ਅਨਿਲ ਚੌਹਾਨ ਨੂੰ ਪੁੱਛਿਆ ਕਿ ਪਾਕਿਸਤਾਨ ਦਾਅਵਾ ਕਰਦਾ ਹੈ ਕਿ ਉਨ੍ਹਾਂ ਨੇ ਭਾਰਤੀ ਹਵਾਈ ਫੌਜ ਦੇ ਇੱਕ ਤੋਂ ਵੱਧ ਜਹਾਜ਼ਾਂ ਨੂੰ ਡੇਗ ਦਿੱਤਾ ਸੀ, ਕੀ ਉਹ ਇਸਦੀ ਪੁਸ਼ਟੀ ਕਰ ਸਕਦੇ ਹਨ?
ਇਸ ਦਾ ਜਵਾਬ ਦਿੰਦੇ ਹੋਏ ਜਨਰਲ ਅਨਿਲ ਚੌਹਾਨ ਨੇ ਕਿਹਾ, "ਮਹੱਤਵਪੂਰਨ ਇਹ ਨਹੀਂ ਹੈ ਕਿ ਜੈੱਟ ਡੇਗਿਆ ਗਿਆ, ਮਹੱਤਵਪੂਰਨ ਗੱਲ ਇਹ ਹੈ ਕਿ ਇਹ ਕਿਉਂ ਹੋਇਆ।"
ਇਸ 'ਤੇ, ਪੱਤਰਕਾਰ ਨੇ ਉਨ੍ਹਾਂ ਨੂੰ ਇੱਕ ਵਾਰ ਫਿਰ ਪੁੱਛਿਆ, "ਘੱਟੋ-ਘੱਟ ਇੱਕ ਜੈੱਟ ਨੂੰ ਡੇਗ ਦਿੱਤਾ ਗਿਆ ਸੀ, ਕੀ ਇਹ ਸਹੀ ਹੈ?"
ਇਸ 'ਤੇ ਜਨਰਲ ਅਨਿਲ ਚੌਹਾਨ ਨੇ ਕਿਹਾ, "ਚੰਗੀ ਗੱਲ ਇਹ ਹੈ ਕਿ ਅਸੀਂ ਆਪਣੀਆਂ ਟੈਕਨੀਕਲ ਗਲਤੀਆਂ ਨੂੰ ਜਾਣ ਸਕੇ, ਅਸੀਂ ਉਸ ਨੂੰ ਸੁਧਾਰਿਆ ਅਤੇ ਉਸ ਤੋਂ ਦੋ ਦਿਨਾਂ ਬਾਅਦ ਉਸਨੂੰ ਲਾਗੂ ਕੀਤਾ। ਇਸ ਤੋਂ ਬਾਅਦ ਅਸੀਂ ਆਪਣੇ ਸਾਰੇ ਜੈੱਟ ਉਡਾਏ ਅਤੇ ਲੰਬੀ ਦੂਰੀ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।"
ਪੱਤਰਕਾਰ ਨੇ ਇੱਕ ਵਾਰ ਫਿਰ ਕਿਹਾ, "ਪਾਕਿਸਤਾਨ ਦਾ ਇਹ ਦਾਅਵਾ ਕਿ ਉਹ ਭਾਰਤ ਦੇ ਛੇ ਲੜਾਕੂ ਜਹਾਜ਼ਾਂ ਨੂੰ ਡੇਗਣ ਵਿੱਚ ਸਫਲ ਰਿਹਾ, ਕੀ ਉਸਦਾ ਇਹ ਮੁਲਾਂਕਣ ਸਹੀ ਹੈ?"
ਇਸ ਦੇ ਜਵਾਬ ਵਿੱਚ, ਜਨਰਲ ਅਨਿਲ ਚੌਹਾਨ ਨੇ ਕਿਹਾ, "ਇਹ ਬਿਲਕੁਲ ਗਲਤ ਹੈ। ਪਰ ਜਿਵੇਂ ਕਿ ਮੈਂ ਕਿਹਾ, ਇਹ ਜਾਣਕਾਰੀ ਬਿਲਕੁਲ ਵੀ ਮਹੱਤਵਪੂਰਨ ਨਹੀਂ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਜੈੱਟ ਕਿਉਂ ਡਿੱਗੇ ਅਤੇ ਅਸੀਂ ਉਸ ਤੋਂ ਬਾਅਦ ਅਸੀਂ ਕੀ ਕੀਤਾ। ਇਹ ਸਾਡੇ ਲਈ ਜ਼ਿਆਦਾ ਜ਼ਰੂਰੀ ਹੈ।"
ਕਾਂਗਰਸ ਨੇ ਟਰੰਪ ਦੇ ਦਾਅਵੇ 'ਤੇ ਮੋਦੀ ਤੋਂ ਕੀਤਾ ਸਵਾਲ

ਤਸਵੀਰ ਸਰੋਤ, Getty Images
ਕਾਂਗਰਸ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਭਾਰਤ-ਪਾਕਿਸਤਾਨ ਟਕਰਾਅ ਦੌਰਾਨ 'ਪੰਜ ਲੜਾਕੂ ਜਹਾਜ਼ਾਂ ਨੂੰ ਡੇਗਣ' ਦੇ ਦਾਅਵੇ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਕਾਂਗਰਸ ਨੇ ਸਵਾਲ ਪੁੱਛਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੁੱਦੇ 'ਤੇ 'ਚੁੱਪ' ਕਿਉਂ ਹਨ।
ਕਾਂਗਰਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕੀਤਾ, "ਟਰੰਪ ਨੇ ਕਿਹਾ, ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਵਿੱਚ ਪੰਜ ਜਹਾਜ਼ ਡੇਗੇ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ 24ਵੀਂ ਵਾਰ ਕਿਹਾ ਕਿ ਮੈਂ ਵਪਾਰ ਦੀ ਧਮਕੀ ਦੇ ਕੇ ਭਾਰਤ-ਪਾਕਿਸਤਾਨ ਜੰਗ ਰੁਕਵਾ ਦਿੱਤੀ।"
ਅੱਗੇ ਕਿਹਾ ਗਿਆ ਹੈ ਕਿ "ਟਰੰਪ ਲਗਾਤਾਰ ਇਸ ਨੂੰ ਦੁਹਰਾ ਰਹੇ ਹਨ ਅਤੇ ਨਰਿੰਦਰ ਮੋਦੀ ਚੁੱਪ ਹਨ। ਨਰਿੰਦਰ ਮੋਦੀ ਨੇ ਵਪਾਰ ਲਈ ਦੇਸ਼ ਦੇ ਸਨਮਾਨ ਨਾਲ ਸਮਝੌਤਾ ਕਿਉਂ ਕੀਤਾ?"
ਭਾਰਤ ਨੇ ਜੰਗਬੰਦੀ ਦੇ ਦਾਅਵਿਆਂ ਨੂੰ ਕੀਤਾ ਸੀ ਖਾਰਜ
ਹਾਲ ਹੀ ਵਿੱਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਕਵਾਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਗਏ ਸਨ, ਜਿੱਥੇ ਉਨ੍ਹਾਂ ਨੇ ਅਮਰੀਕੀ ਮੈਗਜ਼ੀਨ 'ਨਿਊਜ਼ਵੀਕ' ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਜੰਗਬੰਦੀ ਪੂਰੀ ਤਰ੍ਹਾਂ ਦੁਵੱਲੀ ਸੀ।
ਇੰਟਰਵਿਊ ਦੌਰਾਨ ਜੈਸ਼ੰਕਰ ਤੋਂ ਪੁੱਛਿਆ ਗਿਆ, "ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਵਿਚਕਾਰ ਗੱਲਬਾਤ ਤੋਂ ਬਾਅਦ, ਭਾਰਤ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਸੀ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਿਸੇ ਤੀਜੇ ਦੇਸ਼ ਵੱਲੋਂ ਵਿਚੋਲਗੀ ਸਵੀਕਾਰਯੋਗ ਨਹੀਂ ਹੈ। ਪਰ ਰਾਸ਼ਟਰਪਤੀ ਟਰੰਪ ਕਈ ਵਾਰ ਕਹਿ ਚੁੱਕੇ ਹਨ ਕਿ ਟਕਰਾਅ ਨੂੰ ਰੋਕਣ ਲਈ ਵਪਾਰ ਨੂੰ ਇੱਕ ਸਾਧਨ ਵਜੋਂ ਵਰਤਿਆ ਗਿਆ। ਕੀ ਇਸਦਾ ਵਪਾਰ ਸਮਝੌਤੇ ਦੀ ਗੱਲਬਾਤ 'ਤੇ ਕੋਈ ਅਸਰ ਪਿਆ ਹੈ?"
ਇਸ ਦੇ ਜਵਾਬ ਵਿੱਚ ਐਸ ਜੈਸ਼ੰਕਰ ਨੇ ਕਿਹਾ ਸੀ, "ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਮੈਂ ਕਮਰੇ ਵਿੱਚ ਮੌਜੂਦ ਸੀ, ਜਦੋਂ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ 9 ਮਈ ਦੀ ਰਾਤ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਅਸੀਂ ਕੁਝ ਗੱਲਾਂ ਨਹੀਂ ਮੰਨੀਆਂ ਤਾਂ ਪਾਕਿਸਤਾਨ ਭਾਰਤ 'ਤੇ ਇੱਕ ਵੱਡਾ ਹਮਲਾ ਕਰ ਸਕਦਾ ਹੈ। ਪਰ ਪ੍ਰਧਾਨ ਮੰਤਰੀ (ਮੋਦੀ) 'ਤੇ ਪਾਕਿਸਤਾਨ ਦੀਆਂ ਧਮਕੀਆਂ ਦਾ ਕੋਈ ਅਸਰ ਨਹੀਂ ਹੋਇਆ।''
''ਇਸ ਦੇ ਉਲਟ, ਉਨ੍ਹਾਂ ਸਪਸ਼ਟ ਤੌਰ 'ਤੇ ਸੰਕੇਤ ਦਿੱਤਾ ਕਿ ਭਾਰਤ ਵੱਲੋਂ ਜਵਾਬ ਜ਼ਰੂਰ ਮਿਲੇਗਾ।"

ਤਸਵੀਰ ਸਰੋਤ, Getty Images
ਐੱਸ ਜੈਸ਼ੰਕਰ ਨੇ ਕਿਹਾ ਕਿ ਕਈ ਸਾਲਾਂ ਤੋਂ ਇੱਕ ਰਾਸ਼ਟਰੀ ਸਹਿਮਤੀ ਰਹੀ ਹੈ ਕਿ ਪਾਕਿਸਤਾਨ ਨਾਲ ਸਾਡੇ ਸਾਰੇ ਮਸਲੇ ਆਪਸੀ ਭਾਵ ਦੁਵੱਲੇ ਹਨ।
ਐੱਸ ਜੈਸ਼ੰਕਰ ਨੇ ਕਿਹਾ, "ਇਹ ਉਸ ਰਾਤ ਦੀ ਗੱਲ ਹੈ ਅਤੇ ਜਿਵੇਂ ਕਿ ਤੁਸੀਂ ਜਾਣਦੇ ਹੋ, ਉਸੇ ਰਾਤ ਪਾਕਿਸਤਾਨ ਨੇ ਸਾਡੇ 'ਤੇ ਜ਼ਬਰਦਸਤ ਹਮਲਾ ਕੀਤਾ ਸੀ। ਅਸੀਂ ਤੁਰੰਤ ਜਵਾਬ ਦਿੱਤਾ। ਅਗਲੀ ਸਵੇਰ ਮਾਰਕੋ ਰੂਬੀਓ ਨੇ ਮੈਨੂੰ ਫ਼ੋਨ ਕਰਕੇ ਦੱਸਿਆ ਕਿ ਪਾਕਿਸਤਾਨ ਗੱਲਬਾਤ ਲਈ ਤਿਆਰ ਹੈ। ਮੈਂ ਤੁਹਾਨੂੰ ਸਿਰਫ਼ ਉਹੀ ਦੱਸ ਸਕਦਾ ਹਾਂ, ਜੋ ਮੈਂ ਖੁਦ ਅਨੁਭਵ ਕੀਤਾ ਹੈ। ਬਾਕੀ ਤੁਸੀਂ ਸਮਝ ਸਕਦੇ ਹੋ।"
ਜੂਨ ਮਹੀਨੇ ਵਿੱਚ, ਪ੍ਰਧਾਨ ਮੰਤਰੀ ਮੋਦੀ ਜੀ-7 ਸੰਮੇਲਨ ਵਿੱਚ ਸ਼ਾਮਲ ਹੋਣ ਲਈ ਕੈਨੇਡਾ ਗਏ ਸਨ ਅਤੇ ਉੱਥੋਂ ਉਨ੍ਹਾਂ ਨੇ ਰਾਸ਼ਟਰਪਤੀ ਟਰੰਪ ਨਾਲ ਫ਼ੋਨ 'ਤੇ ਗੱਲ ਕੀਤੀ ਸੀ।
ਇਸ ਗੱਲਬਾਤ ਦਾ ਵੇਰਵਾ ਦਿੰਦੇ ਹੋਏ, ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਨੂੰ ਸਪੱਸ਼ਟ ਤੌਰ 'ਤੇ ਕਿਹਾ ਕਿ ਪਾਕਿਸਤਾਨ ਨਾਲ ਜੰਗਬੰਦੀ ਦੁਵੱਲੀ ਸੀ ਅਤੇ ਕਿਸੇ ਤੀਜੇ ਦੇਸ਼ ਦੇ ਦਖਲ ਕਾਰਨ ਨਹੀਂ ਹੋਈ ਸੀ।
ਵਿਕਰਮ ਮਿਸਰੀ ਨੇ ਇਹ ਵੀ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਨੂੰ ਕਿਹਾ ਸੀ ਕਿ ਜੰਗਬੰਦੀ ਲਈ ਅਮਰੀਕਾ ਨਾਲ ਵਪਾਰ ਬਾਰੇ ਕੋਈ ਗੱਲ ਨਹੀਂ ਹੋਈ ਸੀ।
ਭਾਰਤ-ਪਾਕਿਸਤਾਨ ਟਕਰਾਅ 'ਤੇ ਹੁਣ ਤੱਕ ਕਿਹੜੇ ਦਾਅਵੇ ਕੀਤੇ ਗਏ ਹਨ?

ਤਸਵੀਰ ਸਰੋਤ, EPA/PTV
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਕਈ ਮੌਕਿਆਂ 'ਤੇ ਦਾਅਵਾ ਕਰ ਚੁੱਕੇ ਹਨ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਕਰਵਾਈ ਅਤੇ ਦੋਵਾਂ ਦੇਸ਼ਾਂ ਨੂੰ ਪ੍ਰਮਾਣੂ ਯੁੱਧ ਵੱਲ ਵਧਣ ਤੋਂ ਰੋਕਿਆ।
ਉਨ੍ਹਾਂ ਦੇ ਦਾਅਵੇ ਦਾ ਪਾਕਿਸਤਾਨ ਨੇ ਸਮਰਥਨ ਕੀਤਾ ਸੀ। ਜੰਗਬੰਦੀ ਤੋਂ ਬਾਅਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ ਸੀ, "ਮੈਂ ਰਾਸ਼ਟਰਪਤੀ ਟਰੰਪ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਵਾਸ਼ਿੰਗਟਨ ਨੇ ਜੰਗਬੰਦੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।"
ਇਸ ਤੋਂ ਇਲਾਵਾ, ਪਾਕਿਸਤਾਨ ਨੇ ਸੰਘਰਸ਼ ਦੌਰਾਨ ਦਾਅਵਾ ਕੀਤਾ ਸੀ ਕਿ ਉਸਨੇ ਪੰਜ ਭਾਰਤੀ ਲੜਾਕੂ ਜਹਾਜ਼ਾਂ ਨੂੰ ਡੇਗ ਦਿੱਤਾ ਹੈ।
ਪਾਕਿਸਤਾਨ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ ਸੀ, "ਹੁਣ ਤੱਕ, ਮੈਂ ਤੁਹਾਨੂੰ ਪੁਸ਼ਟੀ ਕਰ ਸਕਦਾ ਹਾਂ ਕਿ ਪੰਜ ਭਾਰਤੀ ਜਹਾਜ਼ - ਜਿਨ੍ਹਾਂ ਵਿੱਚ ਤਿੰਨ ਰਫ਼ਾਲ, ਇੱਕ ਐਸਯੂ-30 ਅਤੇ ਇੱਕ ਮਿਗ-29 ਸ਼ਾਮਲ ਹਨ - ਅਤੇ ਇੱਕ ਹੇਰੋਨ ਡਰੋਨ ਨੂੰ ਵੀ ਮਾਰ ਸੁੱਟੇ ਗਏ ਹਨ।"
ਉਸ ਸਮੇਂ, ਭਾਰਤ ਨੇ ਇਨ੍ਹਾਂ ਦਾਅਵਿਆਂ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ। ਹਾਲਾਂਕਿ, ਇਨ੍ਹਾਂ ਦਾਅਵਿਆਂ ਨੂੰ ਬਾਅਦ ਵਿੱਚ ਭਾਰਤ ਨੇ ਖਾਰਜ ਕਰ ਦਿੱਤਾ ਸੀ।
ਇਸ ਤੋਂ ਇਲਾਵਾ, ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਭਾਰਤੀ ਦੂਤਘਰ ਵਿੱਚ ਤਾਇਨਾਤ ਡਿਫੈਂਸ ਅਤਾਸ਼ੇ ਦੇ ਬਿਆਨ ਨੇ ਵੀ ਬਹੁਤ ਸੁਰਖੀਆਂ ਬਟੋਰੀਆਂ ਸਨ।
ਜਕਾਰਤਾ ਵਿੱਚ ਭਾਰਤੀ ਦੂਤਘਰ ਵਿੱਚ ਤਾਇਨਾਤ ਇੱਕ ਜਲ ਸੈਨਾ ਅਧਿਕਾਰੀ ਕੈਪਟਨ ਸ਼ਿਵ ਕੁਮਾਰ, 10 ਜੂਨ ਨੂੰ ਜਕਾਰਤਾ ਦੀ ਇੱਕ ਯੂਨੀਵਰਸਿਟੀ ਵਿੱਚ ਇੱਕ ਸੈਮੀਨਾਰ ਵਿੱਚ ਸ਼ਾਮਲ ਹੋਏ ਸਨ।
ਇਸ ਸੈਮੀਨਾਰ ਵਿੱਚ ਆਪਣੀ ਪ੍ਰੈਜ਼ੇਂਟੇਸ਼ਨ ਦੌਰਾਨ, ਭਾਰਤ ਦੇ ਡਿਫੈਂਸ ਅਤਾਸ਼ੇ ਨੇ ਕਥਿਤ ਤੌਰ 'ਤੇ ਕਿਹਾ ਕਿ 'ਰਾਜਨੀਤਿਕ ਲੀਡਰਸ਼ਿਪ' ਦੇ ਆਦੇਸ਼ਾਂ ਕਾਰਨ ਕੁਝ 'ਰੁਕਾਵਟਾਂ' ਦੇ ਮੱਦੇਨਜ਼ਰ, ਭਾਰਤੀ ਹਵਾਈ ਫੌਜ ਸ਼ੁਰੂਆਤੀ ਪੜਾਅ ਦੀ ਕਾਰਵਾਈ ਵਿੱਚ ਪਾਕਿਸਤਾਨੀ ਫੌਜੀ ਟਿਕਾਣਿਆਂ 'ਤੇ ਹਮਲਾ ਨਹੀਂ ਕਰ ਸਕੀ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਉਨ੍ਹਾਂ ਨੇ ਕਿਹਾ ਕਿ 'ਅਸੀਂ ਕੁਝ ਜਹਾਜ਼ ਗੁਆ ਦਿੱਤੇ ਅਤੇ ਅਜਿਹਾ ਸਿਰਫ ਇਸ ਲਈ ਹੋਇਆ ਕਿਉਂਕਿ ਫੌਜੀ ਟਿਕਾਣਿਆਂ ਜਾਂ ਉਨ੍ਹਾਂ ਦੀ ਹਵਾਈ ਰੱਖਿਆ ਪ੍ਰਣਾਲੀ 'ਤੇ ਹਮਲਾ ਨਾ ਕਰਨ ਨੂੰ ਲੈ ਕੇ ਰਾਜਨੀਤਿਕ ਲੀਡਰਸ਼ਿਪ ਵੱਲੋਂ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ ਗਈਆਂ ਸਨ।'
"ਪਰ ਗੁਆਉਣ ਤੋਂ ਬਾਅਦ, ਅਸੀਂ ਆਪਣੀ ਰਣਨੀਤੀ ਬਦਲੀ ਅਤੇ ਫੌਜੀ ਟਿਕਾਣਿਆਂ ਵੱਲ ਗਏ। ਤਾਂ ਅਸੀਂ ਸਭ ਤੋਂ ਪਹਿਲਾਂ ਦੁਸ਼ਮਣ ਦੀ ਹਵਾਈ ਰੱਖਿਆ ਪ੍ਰਣਾਲੀ ਦਮਨ ਕੀਤਾ ਅਤੇ ਤਬਾਹ ਕਰ ਦਿੱਤਾ। ਇਸੇ ਕਾਰਨ ਅਸੀਂ ਜ਼ਮੀਨ ਤੋਂ ਜ਼ਮੀਨ 'ਤੇ ਹਮਲਾ ਕਰਨ ਵਾਲੀਆਂ ਮਿਜ਼ਾਈਲਾਂ ਅਤੇ ਬ੍ਰਹਮੋਸ ਮਿਜ਼ਾਈਲਾਂ ਦੀ ਵਰਤੋਂ ਕਰਕੇ ਹਮਲਾ ਕਰ ਸਕੇ।"
ਡਿਫੈਂਸ ਅਤਾਸ਼ੇ ਦੇ ਇਸ ਬਿਆਨ ਤੋਂ ਬਾਅਦ ਭਾਰਤੀ ਦੂਤਘਰ ਨੇ ਕਿਹਾ ਸੀ, "ਅਸੀਂ ਮੀਡੀਆ ਵਿੱਚ ਕੁਝ ਰਿਪੋਰਟਾਂ ਦੇਖੀਆਂ ਹਨ ਜੋ ਇੱਕ ਸੈਮੀਨਾਰ ਵਿੱਚ ਡਿਫੈਂਸ ਅਤਾਸ਼ੇ ਦੀ ਪ੍ਰੈਜ਼ੇਂਟੇਸ਼ਨ ਨਾਲ ਸਬੰਧਤ ਹਨ। ਉਨ੍ਹਾਂ ਦੇ ਬਿਆਨ ਨੂੰ ਅਸਲ ਸੰਦਰਭ ਤੋਂ ਪਰ੍ਹੇ ਦਿਖਾਇਆ ਗਿਆ ਹੈ ਅਤੇ ਮੀਡੀਆ ਰਿਪੋਰਟਾਂ ਵਿੱਚ ਉਨ੍ਹਾਂ ਦੀਆਂ ਗੱਲਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












