'ਟਰੰਪ ਨੂੰ ਪਤਾ ਹੈ ਕਰੋ ਭਾਵੇਂ ਸਿਆਸਤ ਹੀ ਪਰ ਲੋਕਾਂ ਨੂੰ ਐਂਟਰਟੇਨਮੈਂਟ ਚਾਹੀਦਾ ਹੈ'- ਵਲੌਗ

ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ
    • ਲੇਖਕ, ਮੁਹੰਮਦ ਹਨੀਫ਼
    • ਰੋਲ, ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਅਤੇ ਲੇਖਕ

ਵੱਡਿਆਂ ਕੋਲੋਂ ਸੁਣਦੇ ਆਏ ਹਾਂ ਕਿ ਜ਼ੁਬਾਨ ਜਿਹੜੀ ਮਰਜ਼ੀ ਬੋਲੋ ਲੇਕਿਨ ਪਿਆਰ ਦੀ ਗੱਲ ਅਤੇ ਗਾਲ਼ ਕੱਢਣ ਦਾ ਸਵਾਦ ਆਪਣੀ ਮਾਂ-ਬੋਲੀ 'ਚ ਹੀ ਆਉਂਦਾ ਹੈ।

ਅਮਰੀਕਾ ਦੇ ਸਦਰ (ਪ੍ਰਮੁੱਖ) ਟਰੰਪ ਨੇ ਈਰਾਨ ਤੇ ਇਜ਼ਰਾਈਲ ਦੀ ਜੰਗ ਰੁਕਵਾਉਂਦੇ-ਰੁਕਵਾਉਂਦੇ ਗੁੱਸੇ 'ਚ ਆ ਕੇ ਗਾਲ਼ ਕੱਢ ਛੱਡੀ। ਗਾਲ਼ ਕੱਢੀ ਕੈਮਰਿਆਂ ਦੇ ਸਾਹਮਣੇ। ਟੀਵੀ ਵਾਲਿਆਂ ਨੂੰ ਬੀਪ ਕਰਨੀ ਪਈ ਪਰ ਗਾਲ਼ ਬੱਚੇ-ਬੱਚੇ ਨੂੰ ਸਮਝ ਆ ਗਈ।

ਗਾਲ਼ ਉਹਨੇ ਕੱਢੀ ਤਾਂ ਅੰਗਰੇਜ਼ੀ 'ਚ ਸੀ ਪਰ ਅੰਗਰੇਜ਼ੀ ਹੁਣ ਦੁਨੀਆਂ 'ਚ ਐਡੀ ਕੁ ਫੈਲ ਚੁੱਕੀ ਹੈ ਕਿ ਪੂਰੀ ਦੁਨੀਆਂ ਨੇ ਉਸ ਗਾਲ਼ ਦਾ ਸਵਾਦ ਲਿਆ।

ਈਰਾਨ ਵੀ ਤੇ ਦੁਨੀਆਂ ਦੀ ਹੋਰ ਬੜੀ ਖਲਕਤ ਵੀ ਅਮਰੀਕਾ ਨੂੰ ਗਾਲ਼-ਮੰਦਾ ਕਰਦੀ ਰਹਿੰਦੀ ਹੈ ਲੇਕਿਨ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਜਦੋਂ ਘਰ 'ਚ ਗਾਲ਼-ਮੰਦਾ ਸ਼ੁਰੂ ਹੋ ਜਾਵੇ ਤਾਂ ਲੋਕ ਸਵਾਦ ਜ਼ਿਆਦਾ ਲੈਂਦੇ ਹਨ।

'ਟਰੰਪ ਨੂੰ ਸਭ ਤੋਂ ਵੱਧ ਸਵਾਦ ਭਾਰਤ-ਪਾਕ ਸੀਜ਼ਫਾਇਰ ਕਰਵਾ ਕੇ ਆਇਆ'

ਵੀਡੀਓ ਕੈਪਸ਼ਨ, 'ਗਾਲ਼ ਟਰੰਪ ਨੇ ਅੰਗਰੇਜ਼ੀ 'ਚ ਕੱਢੀ ਪਰ ਸਵਾਦ ਪੂਰੀ ਦੁਨੀਆਂ ਨੇ ਲਿਆ'

ਟਰੰਪ ਵੈਸੇ ਤਾਂ ਇੱਕ ਲਿਸਟ ਗਿਣਵਾ ਕੇ ਦੱਸਦਾ ਹੈ ਕਿ ਮੈਂ ਫਲਾਣੀ ਜੰਗ ਬੰਦ ਕਰਵਾਈ, ਫਲਾਣੀ ਵੀ ਮੈਂ ਹੀ ਰੁਕਵਾਈ। ਲੇਕਿਨ ਉਹਨੂੰ ਸਭ ਤੋਂ ਜ਼ਿਆਦਾ ਸਵਾਦ ਇੰਡੀਆ-ਪਾਕਿਸਤਾਨ ਵਿੱਚ ਸੀਜ਼ਫਾਇਰ ਕਰਵਾ ਕੇ ਆਇਆ ਹੈ।

ਬੰਦਾ ਕਦੇ ਕੋਈ ਚੰਗਾ ਕੰਮ ਕਰ ਹੀ ਲਵੇ ਤਾਂ ਠੀਕ ਹੈ, ਇੱਕ-ਦੋ ਵਾਰ 'ਤੇ ਸ਼ੋਅ ਮਾਰ ਹੀ ਲੈਂਦਾ ਹੈ। ਪਰ ਦੁਨੀਆਂ ਗਿਣਦੀ ਪਈ ਹੈ ਕਿ ਟਰੰਪ ਨੇ ਕੋਈ ਅਠਾਰ੍ਹਵੀਂ ਦਫ਼ਾ ਕਿਹਾ ਹੈ ਕਿ ਇੰਡੀਆ ਤੇ ਪਾਕਿਸਤਾਨ ਵਿੱਚ ਸੀਜ਼ਫਾਇਰ ਮੈਂ ਕਰਵਾਇਆ ਹੈ।

ਨਾਲ ਇਹ ਵੀ ਕਹਿੰਦਾ ਹੈ ਬਈ ਇੰਡੀਆ ਦਾ 'ਮੋਦੀ ਇਜ਼ ਮਾਯ ਫ੍ਰੈਂਡ' ਅਤੇ ਉਹ ਬੜਾ ਮੁਦੱਬਰ (ਸਿਆਣਾ) ਆਦਮੀ ਹੈ ਤੇ ਇਹ ਵੀ ਨਾਲ ਫਰਮਾਇਆ ਹੈ ਕਿ ਪਾਕਿਸਤਾਨ ਦਾ ਜਨਰਲ ਵੀ ਮੈਨੂੰ ਮਿਲਣ ਆਇਆ ਸੀ ਤੇ ਉਹ ਵੀ ਬੜਾ ਸਿਆਣਾ ਆਦਮੀ ਹੈ।

ਹੁਣ ਇੰਡੀਆ ਤੇ ਪਾਕਿਸਤਾਨ 'ਚ ਲੋਕ ਸੋਚਦੇ ਹੋਣਗੇ ਕਿ ਬਈ ਸਾਡੇ ਗੁਆਂਢ 'ਚ ਐਡੇ ਸਿਆਣੇ ਲੋਕ ਕਿੱਥੋਂ ਜੰਮ ਪਏ। ਜੇ ਐਡੇ ਹੀ ਸਿਆਣੇ ਬੰਦੇ ਸਾਡੇ ਕੋਲ ਸਨ, ਤਾਂ ਅਸੀਂ ਘਰ ਦੇ ਨਿਖੇੜੇ ਆਪੇ ਨਬੇੜ ਲੈਂਦੇ। ਮੁਲਕੋ-ਮੁਲਕੀ ਜਾ ਕੇ ਰੌਲ਼ਾ ਕਿਉਂ ਪਾ ਰਹੇ ਹਾਂ।

'ਲੋਕਾਂ ਨੂੰ ਇੰਟਰਟੇਨਮੈਂਟ ਹੀ ਚਾਹੀਦਾ ਹੈ'

ਟਰੰਪ

ਤਸਵੀਰ ਸਰੋਤ, Getty Images

ਲੇਕਿਨ ਟਰੰਪ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਰਿਐਲਿਟੀ ਟੀਵੀ ਕਰਦਾ ਰਿਹਾ ਹੈ। ਉਹਨੂੰ ਸਮਝ ਹੈ ਕਿ ਭਾਵੇਂ ਕਰੋ ਸਿਆਸਤ ਹੀ ਲੇਕਿਨ ਲੋਕਾਂ ਨੂੰ ਇੰਟਰਟੇਨਮੈਂਟ ਹੀ ਚਾਹੀਦਾ ਹੈ।

ਲੋਕ ਵੈਸੇ ਵੀ ਮਿੰਟਾਂ-ਸਕਿੰਟਾਂ ਦੀਆਂ ਰੀਲਾਂ ਦੇ ਆਦੀ ਹੋ ਗਏ ਨੇ। ਲੰਮੀ ਗੱਲ ਭਾਵੇਂ ਸੋਹਣੀ ਹੋਵੇ, ਭਾਵੇਂ ਸਿਆਣੀ ਹੋਵੇ, ਲੋਕਾਂ ਨੂੰ ਬੋਰ ਕਰ ਦਿੰਦੀ ਹੈ।

ਸ਼ਾਇਦ ਇਸੇ ਲਈ ਉਹ ਇੱਕ ਜੰਗ ਬੰਦ ਕਰਵਾ ਕੇ ਫਿਰ ਦੂਸਰੀ ਸ਼ੁਰੂ ਕਰਵਾ ਦਿੰਦਾ ਹੈ, ਵਿੱਚ ਕੋਈ ਵਕਫ਼ਾ ਆ ਜਾਵੇ ਤਾਂ ਅਮਰੀਕਾ 'ਚ ਬੈਠੇ ਆਪਣੇ ਹੀ ਸਿਆਸੀ ਵੈਰੀਆਂ ਨੂੰ ਟੀਵੀ ਵਾਲਿਆਂ 'ਤੇ ਚੜ੍ਹਾਈ ਕਰ ਦਿੰਦਾ ਹੈ ਤੇ ਫਿਰ ਜਦੋਂ ਟੀਵੀ ਵਾਲਿਆਂ ਦੇ ਸਾਹਮਣੇ ਖਲੋ ਕੇ ਮੂੰਹ ਪਾੜ ਕੇ ਗਾਲ਼ ਕੱਢਦਾ ਹੈ ਤਾਂ ਲੋਕੀਂ ਬਾਕੀ ਮਸਲੇ ਭੁੱਲ ਜਾਂਦੇ ਨੇ।

'ਗਾਲ਼ੀ ਦੇਣਾ ਬਹੁਤ ਬੁਰੀ ਬਾਤ ਹੈ' ਪਰ ਜ਼ੋਰ ਨਾਲ ਆਈ ਹੋਵੇ ਤਾਂ…

ਮੁਹੰਮਦ ਹਨੀਫ਼

ਤਸਵੀਰ ਸਰੋਤ, Mohammad Hanif

ਸਾਨੂੰ ਬਚਪਨ ਤੋਂ ਹੀ ਵੱਡੇ ਸਿਖਾਉਂਦੇ ਆਏ ਨੇ ਕਿ 'ਗਾਲੀ ਦੇਣਾ ਬਹੁਤ ਬੁਰੀ ਬਾਤ ਹੈ'। ਪਰ ਜ਼ੋਰ ਨਾਲ ਆਈ ਹੋਵੇ ਤਾਂ ਦਿਲ 'ਚ ਕੱਢ ਲਿਆ ਕਰੋ।

ਬਾਜ਼, ਬਜ਼ੁਰਗ ਤਾਂ ਭਰਵੀਂ ਗਾਲ਼ ਕੱਢ ਕੇ ਨਸੀਹਤ ਕਰਦੇ ਸਨ ਬਈ 'ਤੁਮਨੇ ਗਾਲੀ ਕਭੀ ਨਹੀਂ ਦੇਨੀ'।

ਟਰੰਪ ਨੇ ਆਪਣੇ ਇਹਤਿਆਦੀ ਨੂੰ ਗਾਲ਼ ਕੱਢੀ ਤਾਂ ਮੈਨੂੰ ਪਿੰਡ ਦਾ ਇੱਕ ਥੋੜ੍ਹਾ ਜਿਹਾ ਔਕੜਾ, ਥੋੜ੍ਹਾ ਜਿਹਾ ਬਦਮਾਸ਼ ਬੰਦਾ ਯਾਦ ਆ ਗਿਆ।

ਜਦੋਂ ਉਹਦਾ ਪੁੱਤਰ ਥੋੜ੍ਹਾ ਜਿਹਾ ਵੱਡਾ ਹੋਇਆ, ਉਸ ਨੇ ਮੁਹੱਲੇ ਵਿੱਚ ਕਿਸੇ ਨੂੰ ਪਹਿਲੀ ਗਾਲ਼ ਕੱਢੀ ਤਾਂ ਪਿਓ ਨੇ ਇੱਕ ਰੁਪਈਆ ਇਨਾਮ ਦਿੱਤਾ ਤੇ ਨਾਲ ਲੋਕਾਂ ਨੂੰ ਦੱਸੇ ਕਿ ਆਹ ਵੇਖੋ ਮੇਰਾ ਸ਼ੇਰ ਪੁੱਤਰ।

ਆਖਰੀ ਉਮਰੇ ਇਹ ਬੰਦਾ ਗਲ਼ੀਆਂ 'ਚ ਪਰੇਸ਼ਾਨ ਫਿਰੇ। ਲੋਕਾਂ ਨੇ ਪੁੱਛਿਆ ਕਿ ਬਜ਼ੁਰਗੋਂ ਕੀ ਹੋਇਆ ਹੈ ਤਾਂ ਅੱਗੋਂ ਕਹਿੰਦਾ ਕਿ ਮੇਰਾ ਮੁੰਡਾ ਮੈਨੂੰ ਤੰਗ ਬੜਾ ਕਰਦਾ ਹੈ, ਗਾਲ਼ਾਂ ਵੀ ਕੱਢਦਾ ਹੈ ਤੇ ਨਾਲ ਪੈਸੇ ਵੀ ਮੰਗਦਾ ਹੈ।

ਟਰੰਪ ਨੂੰ ਇਹ ਮਸਲਾ ਨਹੀਂ ਹੋਣਾ। ਕਿਉਂਕਿ ਉਹਨੂੰ ਗਾਲ਼ਾਂ ਖਾਣੀਆਂ ਵੀ ਆਉਂਦੀਆਂ ਨੇ ਗਾਲ਼ਾਂ ਦੇਣੀਆਂ ਵੀ ਆਉਂਦੀਆਂ ਨੇ ਤੇ ਪੈਸੇ ਦਾ ਵੀ ਉਨ੍ਹਾਂ ਕੋਲ ਕੋਈ ਘਾਟਾ ਨਹੀਂ।

ਰੱਬ ਰਾਖਾ!

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)