'ਸਾਡੇ ਕਲੰਡਰ ਅੱਜ ਵੀ ਗੋਰਿਆਂ ਦਾ ਚੱਲਦਾ, ਬਾਰਡਰ ਦੇ ਨਾਂ 'ਤੇ ਜੋ ਖ਼ੂਨੀ ਲਕੀਰਾਂ ਉਨ੍ਹਾਂ ਖਿੱਚੀਆਂ, ਉਹ ਵੀ ਕਾਇਮ ਨੇ ਬਲਕਿ ਹੋਰ ਖ਼ੂਨੀ ਹੋ ਗਈਆਂ' - ਹਨੀਫ਼ ਦਾ ਵਲੌਗ

- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
''ਨਵਾਂ ਸਾਲ ਸ਼ੁਰੂ ਹੋ ਗਿਆ ਹੈ ਮੁਬਾਰਕ ਤੇ ਬਣਦੀ ਹੈ ਲੇਕਿਨ ਨਾਲ ਨਾਲ ਇਹ ਵੀ ਖ਼ਿਆਲ ਆਉਂਦਾ ਹੈ ਕਿ ਇਹ ਨਵਾਂ ਸਾਲ ਗੋਰਿਆਂ ਦਾ ਸ਼ੁਰੂ ਹੋਇਆ ਹੈ। ਇਹ ਕਲੰਡਰ ਸਾਨੂੰ ਗੋਰਿਆਂ ਨੇ ਦਿੱਤਾ ਸੀ।
ਸਾਡੇ ਆਪਣੇ ਦੇਸੀਆਂ ਦਾ, ਪੰਜਾਬੀਆਂ ਦਾ ਵੀ ਇੱਕ ਕਲੰਡਰ ਹੈ ਜਿਹੜਾ ਆਪਣੇ ਮੁਕਾਮੀ ਮੌਸਮਾਂ ਦੇ ਹਿਸਾਬ ਨਾਲ ਬਣਾਇਆ ਗਿਆ ਸੀ। ਉਸ ਦਾ ਨਵਾਂ ਸਾਲ ਹਾਲੇ ਚੇਤਰ 'ਚ ਸ਼ੁਰੂ ਹੋਣਾ ਹੈ।
ਗੋਰਿਆਂ ਨੂੰ ਇੱਥੋਂ ਗਏ ਕੋਈ 80 ਕੁ ਵਰ੍ਹੇ ਹੋਣ ਵਾਲੇ ਹਨ, ਲੇਕਿਨ ਸਾਡੇ ਕਲੰਡਰ ਉਨ੍ਹਾਂ ਦਾ ਹੀ ਚੱਲਦਾ ਹੈ ਤੇ ਨਾਲ ਨਾਲ ਬਾਰਡਰ ਦੇ ਨਾਮ 'ਤੇ ਜਿਹੜੀ ਖ਼ੂਨੀ ਲਕੀਰਾਂ ਉਹ ਖਿੱਚ ਕੇ ਗਏ ਸਨ, ਉਹ ਵੀ ਅਜੇ ਤੱਕ ਕਾਇਮ ਦਾਇਮ ਹਨ ਬਲਕਿ ਪਹਿਲੇ ਤੋਂ ਜ਼ਿਆਦਾ ਖ਼ੂਨੀ ਹੋ ਗਈਆਂ ਹਨ।
ਇਹ ਜਿਹੜਾ ਸਾਲ ਗੁਜਰਿਆ, ਪੂਰੇ ਸਾਲ ਵਿੱਚ ਜੰਗ ਦਾ ਮਾਹੌਲ ਰਿਹਾ, ਚਾਰ ਪੰਜ ਦਿਨ ਦਾ ਯੁੱਧ ਵੀ ਪਿਆ, ਜਹਾਜ਼ ਡਿੱਗੇ ਨੇ, ਮਿਜ਼ਾਇਲ ਉੱਡੇ ਹਨ। ਫਿਰ ਸੱਤ ਸਮੁੰਦਰ ਪਾਰ ਬੈਠੇ ਇੱਕ ਹੋਰ ਗੋਰੇ ਡੌਨਲਡ ਟਰੰਪ ਨੇ ਟੈਲੀਫੋਨ ਕਰਕੇ ਸਾਡਾ ਸੀਜ਼ਫਾਇਰ ਕਰਵਾਇਆ।
ਉਸ ਤੋਂ ਬਾਅਦ ਇੰਡੀਆ ਕਹਿੰਦਾ ਅਸੀਂ ਜੰਗ ਜਿੱਤ ਗਏ ਹਾਂ, ਪਾਕਿਸਤਾਨ ਕਹਿੰਦਾ 'ਹਮਨੇ ਨਾਕੋ ਚਨੇ ਚਬਾ ਦੀਏਂ' ਹੈਂ।
ਜੰਗ ਜਿੱਤਣ ਦੀ ਖੁਸ਼ੀ 'ਚ ਪਾਕਿਸਤਾਨ ਨੂੰ ਇੱਕ ਫੀਲਡ ਮਾਰਸ਼ਲ ਮਿਲ ਗਿਆ ਤੇ ਇੰਡੀਆ ਨੇ ਜੰਗ ਜਿੱਤ ਕਿ ਫਿਲਮ ਧੁਰੰਦਰ ਬਣਾ ਲਈ ਹੈ ਤੇ ਹੁਣ ਦੋਵੇਂ ਆਪਣੇ ਆਪਣੇ ਘਰ ਖੁਸ਼ ਹਨ।
ਜਿਹੜੀ ਖ਼ੂਨੀ ਲਕੀਰ ਗੋਰਾ ਖਿੱਚ ਕੇ ਗਿਆ ਸੀ ਉਸ 'ਤੇ ਹੁਣ ਬਿਜਲੀ ਦੇ ਕਰੰਟ ਵਾਲੀਆਂ ਤਾਰਾਂ ਹਨ ਤੇ ਉੱਤੇ ਡ੍ਰੋਨ ਉੱਡਦੇ ਹਨ।

ਤਸਵੀਰ ਸਰੋਤ, Getty Images
ਇੰਡੀਆ ਤੇ ਪਾਕਿਸਤਾਨ ਨੇ ਇੱਕ ਦੂਜੇ ਨੂੰ ਹਰਾਇਆ, ਸਾਡੇ ਗੁਆਂਢ ਵਿੱਚ ਇੱਕ ਹੋਰ ਵੀ ਮੁਲਕ ਹੈ ਅਫ਼ਗਾਨਿਸਤਾਨ, ਉਹ ਪੂਰੀ ਦੁਨੀਆਂ ਨੂੰ ਹਰਾ ਚੁੱਕਿਆ, ਇੱਕ ਨਹੀਂ ਦੋ ਦਫ਼ਾ।
ਪਾਕਿਸਤਾਨ ਨਾਲ ਉਸ ਦੀ ਬੜੀ ਭਰਾਬੰਦੀ ਸੀ। ਖ਼ਲਕਤ ਵੀ ਆਉਂਦੀ ਜਾਂਦੀ ਸੀ ਤੇ ਇੱਧਰ ਦਾ ਮਾਲ ਵੀ ਉੱਧਰ ਤੇ ਉੱਧਰ ਦਾ ਮਾਲ ਵੀ ਇੱਧਰ ਖੁੱਲ੍ਹਾ ਆਉਂਦਾ ਸੀ। ਹੁਣ ਉਹ ਵੀ ਸਾਡੇ ਨਾਲ ਰੁਸ ਗਏ ਹਨ। ਉਸ ਬਾਰਡਰ 'ਤੇ ਵੀ ਹੁਣ ਮਿਜ਼ਾਇਲ ਤੇ ਰਾਕੇਟ ਹੀ ਆ ਜਾ ਸਕਦੇ ਹਨ।
ਕਣਕ ਤੇ ਅਨਾਰਾਂ ਦੀਆਂ ਫ਼ਸਲਾਂ ਅਸੀਂ ਆਪਣੇ ਘਰਾਂ 'ਚ ਬੈਠੇ ਗਾਲ ਰਹੇ ਹਾਂ।
ਬਾਰਡਰਾਂ ਦੇ ਅੰਦਰ ਆਪਣੀ-ਆਪਣੀ ਅਵਾਮ ਨੂੰ ਬੰਦ ਕਰਕੇ ਡਰਾ ਕੇ ਹੁਕਮਰਾਨ ਸਾਡੇ ਖੁਸ਼ ਹਨ। ਜੇ ਕੋਈ ਸ਼ਿਕਾਇਤ ਕਰੇ ਕਿ ਸਾਡੀ ਦਾਲ ਰੋਟੀ ਦਾ ਖ਼ਰਚਾ ਪੂਰਾ ਨਹੀਂ ਹੁੰਦਾ ਜਾਂ ਤੁਸੀਂ ਸਾਨੂੰ ਖੁੱਲ੍ਹ ਕੇ ਸਾਹ ਨਹੀਂ ਲੈਣ ਦਿੰਦੇ ਤੇ ਉਹ ਸਾਨੂੰ ਕਹਿ ਦਿੰਦੇ ਹਨ ਕਿ ਸਾਡਾ ਸ਼ੁਕਰ ਅਦਾ ਕਰੋ ਕਿ ਅਸੀਂ ਤੁਹਾਡੇ ਗੁਆਂਢੀ ਦੁਸ਼ਮਣ ਤੋਂ ਤੁਹਾਨੂੰ ਬਚਾਅ ਲਿਆ ਹੈ।
ਇੱਥੋਂ ਕੀਤੇ ਦੂਰ ਬੈਠਾ ਅਮਰੀਕਾ ਦਾ ਸਦਰ ਟਰੰਪ ਹੁਣ ਵੀ ਜਦੋਂ ਮੂੰਹ ਖੋਲ੍ਹਦਾ ਤੇ ਇਹੀ ਕਹਿੰਦਾ ਹੈ ਕਿ ਇੰਡੀਆ ਪਾਕਿਸਤਾਨ 'ਚ ਡੇਢ ਪੌਣ ਦੋ ਅਰਬ ਬੰਦਾ ਵਸਦਾ ਹੈ ਤੇ ਇਹ ਸਾਰੇ ਇੱਕ ਦੂਜੇ ਨੂੰ ਮਾਰੂ ਸਨ ਤੇ ਇਨ੍ਹਾਂ ਨੂੰ ਸਿਰਫ਼ ਮੈਂ ਹੀ ਬਚਾਅ ਲਿਆ।

ਤਸਵੀਰ ਸਰੋਤ, Getty Images
ਗੋਰਿਆਂ ਦੀਆਂ ਗੱਲਾਂ ਤੇ ਗੋਰਿਆਂ ਦਾ ਨਵਾਂ ਸਾਲ ਮੁਬਾਰਕ ਤਾਂ ਹੈ ਹੀ ਲੇਕਿਨ ਇੱਥੇ ਜਿਹੜਾ ਆਪਣਾ ਦੇਸੀ ਕਲੰਡਰ ਹੈ ਉਸ ਵਿੱਚ ਵੀ 12 ਮਹੀਨੇ ਹਨ, ਤੇ ਵਾਰਿਸ ਸ਼ਾਹ ਤੋਂ ਲੈ ਕੇ ਬਾਬਾ ਫਰੀਦ ਤੱਕ ਸਾਡੇ ਸਾਰੇ ਵੱਡੇ ਸ਼ਾਇਰਾਂ ਨੇ ਇਨ੍ਹਾਂ ਮੌਸਮਾਂ 'ਤੇ ਨਜ਼ਮਾਂ ਲਿਖੀਆਂ ਹਨ ਜਿਨ੍ਹਾਂ ਨੂੰ ਬਾਰਹਮਾਹ ਕਹਿੰਦੇ ਹਨ। ਜਿਸ ਦੇ ਵਿੱਚ ਉਨ੍ਹਾਂ ਨੇ ਆਪਣੇ ਮੌਸਮਾਂ ਦੇ ਹਰ ਮਹੀਨੇ ਦਾ ਦੁੱਖ ਸੁਖ ਬਿਆਨ ਕੀਤਾ ਹੈ।
ਗੋਰਿਆਂ ਦਾ ਦਸੰਬਰ ਜਨਵਰੀ ਚੱਲ ਰਿਹਾ ਤੇ ਸਾਡਾ ਇਹ ਪੋਹ ਦਾ ਮਹੀਨਾ ਹੈ। ਪੰਜਾਬੀ ਦੇ ਵੱਡੇ ਸ਼ਾਇਰ ਮੌਲਵੀ ਗੁਲਾਮ ਰਸੂਲ ਪੋਹ ਦੇ ਮਹੀਨੇ ਦਾ ਕੁਝ ਇੰਝ ਬਿਆਨ ਕਰਦੇ ਹਨ -
''ਪੋਹ ਪਾਲਾ ਪਿਆ ਕਮਾਲ ਹੋਇਆ ਥਰ ਥਰ ਕੰਬੇ ਜਾਨ ਵੇਚਾਰੀ ਹੋ
ਕੂੰਜ ਵਾਂਗ ਪੁਕਾਰਦੀ ਰਾਤ ਸਾਰੀ, ਲੱਗੀ ਹਿਜਰ ਦੀ ਸ਼ਖਤ ਬਿਮਾਰੀ ਹੋ
ਬਾਗ਼ ਉੱਜੜਿਆ ਤੇ ਪੱਤਰ ਝੜ ਗਏ ਬੁਲਬੁਲ ਕੈਦ ਦੇ ਵਿੱਚ ਦੁਖਾਰੀ ਹੋ
ਗੁਲਾਮ ਰਸੂਲ ਕੀ ਆਖੇ ਮਾਲੀ ਤਾਈਂ ਹੁਣ ਮਿਟ ਗਈ ਸਭ ਅਯਾਰੀ ਹੋ''
“ਹੈਪੀ ਨਿਊ ਯੀਅਰ ਤੇ ਰੱਬ ਰਾਖਾ''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












