ਨਸ਼ੇ ਦੀ ਆਦਤ, ਰੋਜ਼ ਦੀ ਕੁੱਟਮਾਰ, ਕਈ ਗਰਭਪਾਤ - ਦਿੱਲੀ ਦਾ ਉਹ ਇਲਾਕਾ ਜਿੱਥੇ ਕੁੜੀਆਂ ਨੂੰ ਜਬਰਨ ਦੇਹ ਵਪਾਰ 'ਚ ਧੱਕਿਆ ਜਾਂਦਾ

ਜੀਬੀ ਰੋਡ
ਤਸਵੀਰ ਕੈਪਸ਼ਨ, ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਵਿੱਚ ਲਗਭਗ 10 ਲੱਖ ਔਰਤਾਂ ਸੈਕਸ ਵਰਕਰ ਹਨ ਅਤੇ ਗੈਰ-ਲਾਭਕਾਰੀ ਸੰਸਥਾਵਾਂ ਅਨੁਸਾਰ ਇਹ ਗਿਣਤੀ 30 ਲੱਖ ਹੈ
    • ਲੇਖਕ, ਪ੍ਰੇਰਨਾ
    • ਰੋਲ, ਬੀਬੀਸੀ ਪੱਤਰਕਾਰ

(ਚੇਤਾਵਨੀ: ਇਸ ਲੇਖ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਪਰੇਸ਼ਾਨ ਕਰ ਸਕਦੀ ਹੈ।)

(ਹਰ ਸਾਲ 17 ਦਸੰਬਰ ਨੂੰ ਸੈਕਸ ਵਰਕਰਾਂ ਵਿਰੁੱਧ ਹੋਣ ਵਾਲੀ ਹਿੰਸਾ ਨੂੰ ਖ਼ਤਮ ਕਰਨ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਦੁਨੀਆ ਭਰ ਵਿੱਚ ਆਵਾਜ਼ ਚੁੱਕੀ ਜਾਂਦੀ ਹੈ, ਤਾਂ ਜੋ ਇਸ ਮੁੱਦੇ ਵੱਲ ਸਮਾਜ ਅਤੇ ਸਰਕਾਰ ਦਾ ਧਿਆਨ ਖਿੱਚਿਆ ਜਾ ਸਕੇ।)

ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਵਿੱਚ ਲਗਭਗ 10 ਲੱਖ ਔਰਤਾਂ ਸੈਕਸ ਵਰਕਰ ਹਨ ਅਤੇ ਗੈਰ-ਲਾਭਕਾਰੀ ਸੰਸਥਾਵਾਂ ਅਨੁਸਾਰ ਇਹ ਗਿਣਤੀ 30 ਲੱਖ ਹੈ।

ਭਾਰਤ ਵਿੱਚ ਜ਼ਿਆਦਾਤਰ ਔਰਤਾਂ ਨੂੰ ਸੈਕਸ ਵਰਕ ਵਿੱਚ ਧੱਕਿਆ ਜਾਂਦਾ ਹੈ। ਇਨ੍ਹਾਂ ਦੀ ਜ਼ਿੰਦਗੀ ਵਿੱਚ ਸ਼ੋਸ਼ਣ ਹੈ, ਰੋਜ਼ਾਨਾ ਦੀ ਹਿੰਸਾ ਹੈ ਅਤੇ ਕਦੇ ਨਾ ਖ਼ਤਮ ਹੋਣ ਵਾਲਾ ਸਮਾਜਿਕ ਵਿਤਕਰਾ ਹੈ।

ਦਿੱਲੀ ਦੇ ਜੀ.ਬੀ. ਰੋਡ ਦੀ ਗਿਣਤੀ ਭਾਰਤ ਦੇ ਸਭ ਤੋਂ ਵੱਡੇ ਰੈੱਡ ਲਾਈਟ ਇਲਾਕਿਆਂ ਵਿੱਚ ਕੀਤੀ ਜਾਂਦੀ ਹੈ। ਇੱਥੋਂ ਦੀਆਂ ਖਸਤਾ ਹਾਲਤ ਇਮਾਰਤਾਂ ਵਿੱਚ ਲਗਭਗ ਢਾਈ ਹਜ਼ਾਰ ਮਹਿਲਾ ਸੈਕਸ ਵਰਕਰ ਰਹਿੰਦੀਆਂ ਹਨ ਅਤੇ ਹਰ ਰੋਜ਼ ਦੇ ਸ਼ੋਸ਼ਣ ਨੂੰ ਸਹਿੰਦੀਆਂ ਹਨ।

ਰੁਖ਼ਸਾਨਾ ਦੀ ਉਮਰ ਕੋਈ 13 ਸਾਲ ਦੇ ਆਸ-ਪਾਸ ਸੀ। ਉਹ ਕਹਿੰਦੇ ਹਨ, ''ਮੇਰੇ ਪਤੀ ਨੇ ਮੈਨੂੰ ਜੀ.ਬੀ. ਰੋਡ ਦੇ ਇੱਕ ਕੋਠੇ 'ਤੇ ਵੇਚ ਦਿੱਤਾ ਸੀ।''

ਉਹ ਯਾਦ ਕਰਦੇ ਹਨ ਕਿ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਕਈ ਦਿਨਾਂ ਤੱਕ ਇੱਕ ਛੋਟੇ ਜਿਹੇ ਹਨੇਰੇ ਕਮਰੇ ਵਿੱਚ ਬੰਦ ਕਰਕੇ ਰੱਖਿਆ ਜਾਂਦਾ ਸੀ, ਤਾਂ ਜੋ ਉਹ ਕਿਤੇ ਭੱਜ ਨਾ ਸਕੇ।

ਇਹ ਦੱਸਦੇ ਹੋਏ ਉਨ੍ਹਾਂ ਦੀ ਆਵਾਜ਼ ਭਾਰੀ ਹੋ ਜਾਂਦੀ ਹੈ ਅਤੇ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ ਹਨ।

ਰੁਖ਼ਸਾਨਾ ਦੱਸਦੇ ਹਨ, '' ਮਾਹਵਾਰੀ ਦੌਰਾਨ ਵੀ ਕੰਮ ਕਰਨਾ ਪੈਂਦਾ ਸੀ।''

'ਵੀਹ ਤੋਂ ਜ਼ਿਆਦਾ ਗਰਭਪਾਤ'

ਰੁਖ਼ਸਾਨਾ
ਤਸਵੀਰ ਕੈਪਸ਼ਨ, ਰੁਖ਼ਸਾਨਾ ਦੱਸਦੇ ਹਨ ਕਿ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ ਸੈਕਸ ਵਰਕਰ ਬਣਾਇਆ

ਰੁਖ਼ਸਾਨਾ ਦੱਸਦੇ ਹਨ ਕਿ ਉਨ੍ਹਾਂ ਦੇ ਪਤੀ ਨੇ ਹੀ ਉਨ੍ਹਾਂ ਨੂੰ ਸੈਕਸ ਵਰਕਰ ਬਣਾ ਦਿੱਤਾ ਸੀ।

ਉਨ੍ਹਾਂ ਦੇ ਮੁਤਾਬਕ, ਸ਼ੁਰੂਆਤ ਵਿੱਚ ਜਦੋਂ ਕੁੜੀਆਂ ਕਿਸੇ ਵੀ ਮਰਦ ਨਾਲ ਜਾਣ ਤੋਂ ਮਨ੍ਹਾ ਕਰਦੀਆਂ ਹਨ, ਤਾਂ ਉਨ੍ਹਾਂ ਦੇ ਪਾਣੀ ਵਿੱਚ ਨਸ਼ੇ ਦੀ ਗੋਲੀ ਮਿਲਾ ਦਿੱਤੀ ਜਾਂਦੀ ਹੈ।

ਨਸ਼ੇ ਦੀ ਆਦਤ, ਰੋਜ਼ਾਨਾ ਦੀ ਕੁੱਟਮਾਰ, ਵੀਹ ਤੋਂ ਜ਼ਿਆਦਾ ਗਰਭਪਾਤ ਅਤੇ ਬੇਅੰਤ ਸ਼ੋਸ਼ਣ - ਤੇਰ੍ਹਾਂ ਸਾਲ ਦੀ ਰੁਖ਼ਸਾਨਾ ਨੇ ਆਪਣੀ ਜ਼ਿੰਦਗੀ ਦੇ ਅਗਲੇ ਚੌਦਾਂ ਸਾਲ ਇਸੇ ਤਰ੍ਹਾਂ ਹੀ ਕੱਟੇ।

ਪਰ ਇਨ੍ਹਾਂ ਸਭ ਹਾਲਾਤਾਂ ਵਿੱਚੋਂ ਲੰਘਣ ਵਾਲੇ ਉਹ ਇਕੱਲੇ ਨਹੀਂ ਹਨ। ਜੀ.ਬੀ. ਰੋਡ ਦੀਆਂ ਜ਼ਿਆਦਾਤਰ ਔਰਤਾਂ ਦੀ ਕਹਾਣੀ ਇੱਕੋ ਜਿਹੀ ਹੀ ਜਾਪਦੀ ਹੈ।

ਜੋਤੀ
ਤਸਵੀਰ ਕੈਪਸ਼ਨ, ਸਰਕਾਰੀ ਅੰਕੜਿਆਂ ਅਨੁਸਾਰ 2023 ਵਿੱਚ ਭਾਰਤ ਅੰਦਰ 2189 ਔਰਤਾਂ ਨੂੰ ਸੈਕਸ ਵਰਕਰ ਬਣਨ ਲਈ ਮਜਬੂਰ ਕੀਤਾ ਗਿਆ ਸੀ
ਇਹ ਵੀ ਪੜ੍ਹੋ-

ਜਿਵੇਂ ਕਿ ਜੋਤੀ ਨੂੰ ਨੌਕਰੀ ਦਾ ਝਾਂਸਾ ਦੇ ਕੇ ਉਨ੍ਹਾਂ ਦੇ ਹੀ ਪਿੰਡ ਦੀ ਇੱਕ ਔਰਤ ਨੇ ਜੀ.ਬੀ. ਰੋਡ ਦੀ ਇੱਕ ਦਲਾਲ ਹੱਥ ਵੇਚ ਦਿੱਤਾ ਸੀ। ਉਸ ਸਮੇਂ ਉਨ੍ਹਾਂ ਦੀ ਉਮਰ ਚੌਦਾਂ ਸਾਲ ਸੀ।

ਉਹ ਦੱਸਦੇ ਨੇ ਕਿ ਜਿਸ ਔਰਤ ਨੇ ਉਨ੍ਹਾਂ ਨੂੰ ਵੇਚਿਆ ਸੀ, ਉਸੇ ਦੇ ਪਤੀ ਨੇ ਸਭ ਤੋਂ ਪਹਿਲਾਂ ਉਨ੍ਹਾਂ ਦਾ ਬਲਾਤਕਾਰ ਕੀਤਾ। ਇਸ ਤੋਂ ਬਾਅਦ ਉਹ ਕਈ ਦਿਨਾਂ ਤੱਕ ਬਿਮਾਰ ਰਹੇ। ਫਿਰ ਉਨ੍ਹਾਂ ਨੂੰ ਜੀ.ਬੀ. ਰੋਡ ਦੀਆਂ ਤੰਗ ਪੌੜੀਆਂ ਰਾਹੀਂ ਇੱਕ ਕੋਠੇ 'ਤੇ ਪਹੁੰਚਾ ਦਿੱਤਾ ਗਿਆ।

ਉਹ ਕਹਿੰਦੇ ਹਨ, ''ਮੈਂ ਜਦੋਂ ਉਨ੍ਹਾਂ ਦਿਨਾਂ ਨੂੰ ਯਾਦ ਕਰਦੀ ਹਾਂ ਤਾਂ ਲੱਗਦਾ ਹੈ, ਅਜਿਹੇ ਦਿਨ ਕਿਸੇ ਨੂੰ ਵੀ ਨਾ ਦੇਖਣੇ ਪੈਣ। ਉਸ ਛੋਟੀ ਉਮਰ ਵਿੱਚ ਮੇਰੇ ਤੋਂ ਬਾਰਾਂ-ਪੰਦਰਾਂ ਗਾਹਕ ਅਟੈਂਡ ਕਰਵਾਉਂਦੇ ਸਨ। ਮਨ੍ਹਾ ਕਰਨ 'ਤੇ ਕੁੱਟਮਾਰ, ਰੋਟੀ ਨਾ ਦੇਣਾ ਇਹ ਸਭ ਆਮ ਗੱਲ ਸੀ। ਕੁਝ ਸਾਲ ਬੀਤ ਜਾਣ 'ਤੇ ਬੱਚੇ ਪੈਦਾ ਕਰਨ ਲਈ ਦਬਾਅ ਪਾਉਣ ਲੱਗੇ। ਮੈਂ ਗਰਭ ਅਵਸਥਾ ਦੇ ਆਖ਼ਰੀ ਮਹੀਨੇ ਤੱਕ ਕੰਮ ਕੀਤਾ।''

''ਡਿਲੀਵਰੀ ਦੇ ਕੁਝ ਦਿਨਾਂ ਦੇ ਅੰਦਰ ਹੀ ਕੋਠੇ ਦੀ ਮਾਲਕਣ ਬੱਚੇ ਨੂੰ ਮਾਂ ਤੋਂ ਵੱਖ ਕਰ ਦਿੰਦੀ ਹੈ ਤਾਂ ਜੋ ਔਰਤਾਂ ਦੁਬਾਰਾ ਉਹੀ ਸਭ ਸ਼ੁਰੂ ਕਰ ਦੇਣ ਅਤੇ ਆਪਣੇ ਬੱਚੇ ਦੇ ਮੋਹ ਵਿੱਚ ਸਾਲਾਂ-ਬੱਧੀ ਉੱਥੇ ਹੀ ਨਾ ਫਸੀਆਂ ਰਹਿ ਜਾਣ।''

ਜੀਬੀ ਰੋਡ - ਸ਼ੋਸ਼ਣ ਦੀ ਦਲਦਲ

ਜੀਬੀ ਰੋਡ, ਦਿੱਲੀ
ਤਸਵੀਰ ਕੈਪਸ਼ਨ, ਦਿੱਲੀ ਦੇ ਜੀਬੀ ਰੋਡਨੂੰ ਭਾਰਤ ਦੇ ਸਭ ਤੋਂ ਵੱਡੇ ਰੈੱਡ ਲਾਈਟ ਖੇਤਰਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ

ਦਿੱਲੀ ਦੇ ਜੀ.ਬੀ. ਰੋਡ ਦੀ ਗਿਣਤੀ ਭਾਰਤ ਦੇ ਸਭ ਤੋਂ ਵੱਡੇ ਰੈੱਡ ਲਾਈਟ ਇਲਾਕਿਆਂ ਵਿੱਚ ਕੀਤੀ ਜਾਂਦੀ ਹੈ।

ਰੁਖ਼ਸਾਨਾ ਅਤੇ ਜੋਤੀ ਦੋਵੇਂ ਹੀ ਅੱਜ ਜੀ.ਬੀ. ਰੋਡ ਤੋਂ ਆਜ਼ਾਦ ਹਨ। ਪਰ ਇਹ ਆਜ਼ਾਦੀ ਸਾਰਿਆਂ ਦੇ ਹਿੱਸੇ ਨਹੀਂ ਆਉਂਦੀ।

ਜੀ.ਬੀ. ਰੋਡ ਵਿੱਚ ਕੰਮ ਕਰਨ ਵਾਲੇ ਇੱਕ ਸੈਕਸ ਵਰਕਰ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਦੇ ਹਨ ਕਿ ਜਿਹੜੀ ਔਰਤ ਇੱਕ ਵਾਰ ਜੀ.ਬੀ. ਰੋਡ ਆ ਗਈ, ਸਮਝ ਲਓ ਉਸ ਲਈ ਇੱਥੋਂ ਨਿਕਲਣਾ ਬਹੁਤ ਮੁਸ਼ਕਿਲ ਹੈ।

ਉਹ ਕਹਿੰਦੇ ਹਨ, ''ਇੱਕ ਤਾਂ ਇੰਨੇ ਪਹਿਰੇ ਹਨ ਕਿ ਤੁਸੀਂ ਬਾਹਰ ਨਹੀਂ ਨਿਕਲ ਸਕਦੇ। ਜੇ ਨਿਕਲ ਵੀ ਗਏ ਤਾਂ ਇਸ ਸੜਕ ਦੇ ਚੱਪੇ-ਚੱਪੇ 'ਤੇ ਦਲਾਲ ਬੈਠੇ ਹਨ, ਜੋ ਤੁਹਾਨੂੰ ਪਛਾਣ ਕੇ ਵਾਪਸ ਇੱਥੇ ਲੈ ਆਉਣਗੇ। ਜੀ.ਬੀ. ਰੋਡ ਦਾ ਠੱਪਾ ਲੱਗ ਜਾਣ ਤੋਂ ਬਾਅਦ ਪਰਿਵਾਰ ਵਾਲਿਆਂ ਲਈ ਵੀ ਅਸੀਂ ਮਰ ਚੁੱਕੇ ਹੁੰਦੇ ਹਾਂ। ਤੁਹਾਡੇ ਹਰ ਦਸਤਾਵੇਜ਼ ਦੇ ਪਤੇ ਵਿੱਚ ਜੀ.ਬੀ. ਰੋਡ ਲਿਖਿਆ ਹੁੰਦਾ ਹੈ, ਜਿਸ ਕਾਰਨ ਨਾ ਸਿਰਫ਼ ਤੁਹਾਨੂੰ, ਸਗੋਂ ਤੁਹਾਡੇ ਬੱਚੇ ਨੂੰ ਵੀ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ।''

ਨਤੀਜਾ ਇਹ ਕਿ ਔਰਤਾਂ ਸਾਲ ਦਰ ਸਾਲ ਹਿੰਸਾ ਅਤੇ ਸ਼ੋਸ਼ਣ ਦੀ ਦਲਦਲ ਵਿੱਚ ਧਸਦੀਆਂ ਚਲੀਆਂ ਜਾਂਦੀਆਂ ਹਨ ਅਤੇ ਕਈ ਵਾਰ ਆਪਣੀ ਜਾਨ ਵੀ ਗੁਆ ਦਿੰਦੀਆਂ ਹਨ।

ਦੇਹ ਵਪਾਰ ਅਤੇ ਹਿੰਸਾ

ਦੋ ਸਾਲ ਪਹਿਲਾਂ ਜੀ.ਬੀ. ਰੋਡ ਦੇ ਇੱਕ ਕੋਠੇ ਦੇ ਅੰਦਰ ਕੁਝ ਗਾਹਕਾਂ ਨੇ ਗੋਲੀਬਾਰੀ ਕੀਤੀ ਸੀ ਅਤੇ ਇਸ ਗੋਲੀਬਾਰੀ ਵਿੱਚ ਇੱਕ 30 ਸਾਲਾ ਸੈਕਸ ਵਰਕਰ ਦੀ ਜਾਨ ਚਲੀ ਗਈ ਸੀ। ਉੱਥੇ ਹੀ, ਇਸੇ ਸਾਲ ਗਾਜ਼ੀਆਬਾਦ ਦੇ ਸੈਨ ਵਿਹਾਰ ਨਾਲੇ ਵਿੱਚ ਇੱਕ ਮਹਿਲਾ ਸੈਕਸ ਵਰਕਰ ਦੀ ਲਾਸ਼ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਮਹਿਲਾ ਦਾ ਕਤਲ ਉਸ ਦੇ ਹੀ ਗਾਹਕ ਨੇ ਕੀਤਾ ਸੀ।

ਸੰਯੁਕਤ ਰਾਸ਼ਟਰ ਦੀ ਯੂਐਨਏਆਈਡੀਐਸ ਰਿਪੋਰਟ ਮੁਤਾਬਕ, ਹਰ ਪੰਜ ਵਿੱਚੋਂ ਇੱਕ ਸੈਕਸ ਵਰਕਰ ਨੇ ਪਿਛਲੇ ਇੱਕ ਸਾਲ ਵਿੱਚ ਸਰੀਰਕ ਜਾਂ ਜਿਨਸੀ ਹਿੰਸਾ ਦਾ ਸਾਹਮਣਾ ਕੀਤਾ ਹੈ।

ਉੱਥੇ ਹੀ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਦੀ ਇੱਕ ਖੋਜ ਅਨੁਸਾਰ, ਭਾਰਤ ਵਿੱਚ 50% ਸੈਕਸ ਵਰਕਰਾਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਕਦੇ ਨਾ ਕਦੇ ਹਿੰਸਾ ਦਾ ਸਾਹਮਣਾ ਕੀਤਾ ਹੈ। ਅਧਿਐਨ ਵਿੱਚ ਇਹ ਵੀ ਪਾਇਆ ਗਿਆ ਕਿ ਪੁਲਿਸ ਛਾਪਿਆਂ ਦੌਰਾਨ ਫੜੀਆਂ ਗਈਆਂ ਕਈ ਸੈਕਸ ਵਰਕਰ ਔਰਤਾਂ ਨੂੰ ਕੁੱਟਮਾਰ ਅਤੇ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ।

ਏਸੀਪੀ ਪ੍ਰਿਆਸ਼੍ਰੀ ਪਾਲ
ਤਸਵੀਰ ਕੈਪਸ਼ਨ, ਗਾਜ਼ੀਆਬਾਦ ਸਿਵਲ ਲਾਈਨਜ਼ ਦੀ ਏਸੀਪੀ ਪ੍ਰਿਆਸ਼੍ਰੀ ਪਾਲ

ਗਾਜ਼ੀਆਬਾਦ ਸਿਵਲ ਲਾਈਨਜ਼ ਦੀ ਏਸੀਪੀ ਪ੍ਰਿਆਸ਼੍ਰੀ ਪਾਲ ਕਹਿੰਦੇ ਹਨ, ''ਮੇਰੀ ਨਜ਼ਰ ਵਿੱਚ ਪੁਲਿਸ ਵਲੋਂ ਸ਼ੋਸ਼ਣ ਦਾ ਕੋਈ ਮਾਮਲਾ ਤਾਂ ਨਹੀਂ ਆਇਆ, ਪਰ ਮੈਂ ਇਸ ਗੱਲ ਨੂੰ ਪੂਰੀ ਤਰ੍ਹਾਂ ਨਕਾਰ ਵੀ ਨਹੀਂ ਸਕਦੀ ਕਿ ਪੱਖਪਾਤ ਕਾਰਨ ਕਈ ਲੋਕਾਂ ਨੂੰ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ। ਪਰ 2026 ਵੱਲ ਵਧਦਿਆਂ ਸਾਨੂੰ ਉਮੀਦ ਹੈ ਕਿ 'ਮਿਸ਼ਨ ਸ਼ਕਤੀ' ਅਤੇ ਅਜਿਹੇ ਹੋਰ ਪ੍ਰੋਗਰਾਮਾਂ ਰਾਹੀਂ ਸਮਾਜ ਦੇ ਕਮਜ਼ੋਰ ਵਰਗਾਂ, ਖ਼ਾਸ ਕਰਕੇ ਔਰਤਾਂ ਲਈ ਹਾਲਾਤ ਬਿਹਤਰ ਹੋਣਗੇ।''

ਪਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਇਨ੍ਹਾਂ ਸਾਰੀਆਂ ਯੋਜਨਾਵਾਂ ਅਤੇ ਕੋਸ਼ਿਸ਼ਾਂ ਨੂੰ ਸਵੈ-ਸੇਵੀ ਸੰਸਥਾਵਾਂ ਨਾਕਾਫ਼ੀ ਦੱਸਦੀਆਂ ਹਨ।

ਸੈਕਸ ਵਰਕਰਾਂ ਦੇ ਅਧਿਕਾਰਾਂ 'ਤੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਮੀਨਾ ਸ਼ੇਸ਼ੂ ਦਾ ਕਹਿਣਾ ਹੈ, ''ਸ਼ਕਤੀ ਮਿਸ਼ਨ ਰਾਹੀਂ ਤੁਸੀਂ ਸੈਕਸ ਵਰਕ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਚਾਹੁੰਦੇ ਹੋ, ਨਾ ਕਿ ਸੈਕਸ ਵਰਕ ਵਿੱਚ ਹੋਣ ਵਾਲੀ ਹਿੰਸਾ ਨੂੰ। ਇਸ ਮਿਸ਼ਨ ਦੇ ਤਹਿਤ ਤੁਸੀਂ ਔਰਤਾਂ ਨੂੰ ਇਸ ਦਲਦਲ ਵਿੱਚੋਂ ਕੱਢ ਕੇ ਸੁਰੱਖਿਅਤ ਥਾਂ 'ਤੇ ਲੈ ਕੇ ਜਾਣਾ ਚਾਹੁੰਦੇ ਹੋ, ਪਰ ਉਨ੍ਹਾਂ ਦੇ ਬੱਚਿਆਂ ਦਾ ਕੀ ਕਰੋਗੇ? ਉਨ੍ਹਾਂ ਦੇ ਖ਼ਰਚੇ ਕੌਣ ਚੁੱਕੇਗਾ? ਕਈ ਔਰਤਾਂ ਇਸ ਪੇਸ਼ੇ ਵਿੱਚ ਗ਼ਰੀਬੀ ਕਾਰਨ ਵੀ ਆਉਂਦੀਆਂ ਹਨ, ਤਾਂ ਕੀ ਤੁਸੀਂ ਉਨ੍ਹਾਂ ਨੂੰ ਪੱਕਾ ਰੁਜ਼ਗਾਰ ਦਵੋਗੇ? ਉਨ੍ਹਾਂ ਦੇ ਪਰਿਵਾਰ ਦੀ ਦੇਖਭਾਲ ਦੀ ਜ਼ਿੰਮੇਵਾਰੀ ਚੁੱਕੋਗੇ? ਔਰਤਾਂ ਨੂੰ ਸਿਰਫ਼ ਹੁਨਰ ਸਿਖਲਾਈ ਦੇਣ ਨਾਲ ਕੁਝ ਨਹੀਂ ਹੁੰਦਾ।''

ਉੱਥੇ ਹੀ ਪਿਛਲੇ ਲਗਭਗ ਇੱਕ ਦਹਾਕੇ ਤੋਂ ਜੀਬੀ ਰੋਡ ਦੀਆਂ ਔਰਤਾਂ ਦੇ ਅਧਿਕਾਰਾਂ ਅਤੇ ਸੁਰੱਖਿਆ ਲਈ ਕੰਮ ਕਰਨ ਵਾਲੀ ਸੰਸਥਾ 'ਕਟ-ਕਥਾ' ਵਿੱਚ ਫੀਲਡ ਮੈਨੇਜਰ ਵਜੋਂ ਕੰਮ ਕਰ ਰਹੇ ਪ੍ਰਗਿਆ ਬਸੇਰੀਆ ਦਾ ਕਹਿਣਾ ਹੈ, ''ਅਜਿਹਾ ਨਹੀਂ ਹੈ ਕਿ ਸਰਕਾਰ ਜਾਂ ਐਨ.ਜੀ.ਓ. ਵੱਲੋਂ ਕੋਸ਼ਿਸ਼ਾਂ ਨਹੀਂ ਹੋਈਆਂ। ਕੋਸ਼ਿਸ਼ਾਂ ਹੁੰਦੀਆਂ ਹਨ, ਪਰ ਲੰਬੇ ਸਮੇਂ ਦੇ ਪੁਨਰਵਾਸ ਦੀ ਯੋਜਨਾ ਨਹੀਂ ਬਣਾਈ ਜਾਂਦੀ।''

ਪ੍ਰਗਿਆ ਬਸੇਰੀਆ
ਤਸਵੀਰ ਕੈਪਸ਼ਨ, ਸੈਕਸ ਵਰਕਰਾਂ ਦੇ ਅਧਿਕਾਰਾਂ ਅਤੇ ਸੁਰੱਖਿਆ ਲਈ ਕੰਮ ਕਰਨ ਵਾਲੀ ਐਨਜੀਓ ਕਟ-ਕਥਾ ਦੀ ਫੀਲਡ ਮੈਨੇਜਰ ਪ੍ਰਗਿਆ ਬਸੇਰੀਆ

ਉਹ ਕਹਿੰਦੇ ਹਨ, ''ਜਦੋਂ ਤੁਸੀਂ ਸੈਕਸ ਵਰਕਰਾਂ ਨੂੰ ਮੇਨਸਟ੍ਰੀਮ ਨਾਲ ਜੋੜਨਾ ਚਾਹੁੰਦੇ ਹੋ, ਤਾਂ ਤੁਹਾਨੂੰ ਉਨ੍ਹਾਂ ਦੀ ਮਾਨਸਿਕ ਸਿਹਤ ਤੋਂ ਲੈ ਕੇ ਬੱਚਿਆਂ ਦੀ ਦੇਖਭਾਲ, ਰੁਜ਼ਗਾਰ ਦੇ ਮੌਕੇ ਅਤੇ ਰਹਿਣ ਦੀ ਜਗ੍ਹਾ, ਸਭ ਦਾ ਖਿਆਲ ਰੱਖਣਾ ਹੋਵੇਗਾ।''

''ਜਿਵੇਂ ਅਸੀਂ 'ਡ੍ਰੀਮ ਵਿਲੇਜ' ਬਣਾਇਆ ਤਾਂ ਜੋ ਵੀ ਔਰਤਾਂ ਜੀ.ਬੀ. ਰੋਡ ਛੱਡ ਕੇ ਸਾਡੇ ਕੋਲ ਆਉਣ, ਉਨ੍ਹਾਂ ਨੂੰ ਰਹਿਣ ਲਈ ਛੱਤ ਮਿਲੇ, ਖਾਣ-ਪੀਣ ਦੀ ਸਹੂਲਤ ਹੋਵੇ। ਅਸੀਂ ਉਨ੍ਹਾਂ ਨੂੰ ਦਸ ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੰਦੇ ਹਾਂ, ਹੁਨਰ ਸਿਖਲਾਈ ਤੋਂ ਲੈ ਕੇ ਰੁਜ਼ਗਾਰ ਦੇ ਮੌਕੇ ਦਿੱਤੇ ਜਾਂਦੇ ਹਨ। ਇਸ ਦੇ ਬਾਵਜੂਦ ਕਈ ਦੀਦੀਆਂ ਵਾਪਸ ਜੀ.ਬੀ. ਰੋਡ ਚਲੀਆਂ ਜਾਂਦੀਆਂ ਹਨ ਕਿਉਂਕਿ ਉਨ੍ਹਾਂ ਦੇ ਖ਼ਰਚੇ ਇਸ ਵਿੱਚ ਪੂਰੇ ਨਹੀਂ ਹੁੰਦੇ।''

''ਕੋਠੇ ਦੀ ਮਾਲਕਣ ਉਨ੍ਹਾਂ ਨੂੰ ਹੋਰ ਪੈਸਿਆਂ ਦਾ ਲਾਲਚ ਦੇ ਕੇ ਬੁਲਾ ਲੈਂਦੀ ਹੈ। ਉਨ੍ਹਾਂ ਨੂੰ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਇਹ ਦੁਨੀਆ ਉਨ੍ਹਾਂ ਲਈ ਨਹੀਂ ਹੈ। ਉਨ੍ਹਾਂ ਨੂੰ ਜੀ.ਬੀ. ਰੋਡ ਤੋਂ ਬਾਹਰ ਕਦੇ ਵੀ ਸਤਿਕਾਰ ਨਹੀਂ ਮਿਲੇਗਾ।''

ਭਾਰਤ ਵਿੱਚ ਵੇਸਵਾਗਮਨੀ (ਪ੍ਰੋਸਟੀਟਿਊਸ਼ਨ) ਪੂਰੀ ਤਰ੍ਹਾਂ ਗੈਰ-ਕਾਨੂੰਨੀ ਨਹੀਂ ਹੈ, ਪਰ ਅਨੈਤਿਕ ਦੇਹ ਵਪਾਰ ਰੋਕੂ ਐਕਟ, 1956 (ਆਈਟੀਪੀਏ) ਦੇ ਅਨੁਸਾਰ ਕੋਠਾ ਚਲਾਉਣਾ, ਦਲਾਲੀ ਕਰਨਾ, ਕਿਸੇ ਨੂੰ ਜ਼ਬਰਦਸਤੀ ਇਸ ਵਿੱਚ ਧੱਕਣਾ, ਜਨਤਕ ਥਾਵਾਂ 'ਤੇ ਗਾਹਕ ਲੱਭਣਾ ਅਤੇ ਨਾਬਾਲਗਾਂ ਨੂੰ ਇਸ ਕੰਮ ਵਿੱਚ ਸ਼ਾਮਲ ਕਰਨਾ ਅਪਰਾਧ ਹੈ।

ਨਾਲ ਹੀ, ਕਿਸੇ ਤੋਂ ਸ਼ੋਸ਼ਣ, ਹਿੰਸਾ ਜਾਂ ਤਸਕਰੀ ਰਾਹੀਂ ਦੇਹ ਵਪਾਰ ਕਰਵਾਉਣਾ ਸਖ਼ਤ ਅਪਰਾਧ ਮੰਨਿਆ ਜਾਂਦਾ ਹੈ।

ਤਿੰਨ ਸਾਲ ਪਹਿਲਾਂ ਸਾਲ 2022 ਵਿੱਚ, ਭਾਰਤ ਦੀ ਸੁਪਰੀਮ ਕੋਰਟ ਨੇ ਪਹਿਲੀ ਵਾਰ ਸੈਕਸ ਵਰਕ ਨੂੰ ਇੱਕ 'ਪੇਸ਼ੇ' ਦਾ ਦਰਜਾ ਦਿੱਤਾ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੂੰ ਵੀ ਸਤਿਕਾਰ ਅਤੇ ਸਵੈ-ਮਾਣ ਨਾਲ ਜਿਊਣ ਦਾ ਅਧਿਕਾਰ ਹੈ।

ਪਰ ਸੁਪਰੀਮ ਕੋਰਟ ਦੇ ਇਸ ਆਦੇਸ਼ ਦੇ ਬਾਵਜੂਦ ਸਤਿਕਾਰ ਅਤੇ ਸਵੈ-ਮਾਣ ਇਹ ਦੋ ਅਜਿਹੇ ਸ਼ਬਦ ਹਨ, ਜੋ ਹਾਲੇ ਤੱਕ ਸੈਕਸ ਵਰਕਰਾਂ ਦੇ ਹਿੱਸੇ ਨਹੀਂ ਆਏ।

ਜੋਤੀ ਯਾਦ ਕਰਦੇ ਹਨ ਕਿ ਦੋ ਦਿਨ ਪਹਿਲਾਂ ਉਹ ਸੜਕ ਤੋਂ ਲੰਘ ਰਹੇ ਸੀ ਕਿ ਉਦੋਂ ਹੀ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਪਛਾਣ ਲਿਆ ਅਤੇ ਪੁੱਛਿਆ, ''ਤੂੰ ਉਹੀ ਹੈਂ ਨਾ, ਜੋ ਕੋਠੇ 'ਤੇ ਰਹਿੰਦੀ ਸੀ।''

ਉਹ ਕਹਿੰਦੇ ਹਨ, ''ਮੈਨੂੰ ਬਹੁਤ ਬੁਰਾ ਲੱਗਿਆ।''

(ਐਨਸੀਆਰਬੀ ਦੀ ਰਿਪੋਰਟ ਦੱਸਦੀ ਹੈ ਕਿ ਭਾਰਤ ਵਿੱਚ ਸਾਲ 2023 ਵਿੱਚ 3,24,763 ਔਰਤਾਂ ਲਾਪਤਾ ਹੋ ਗਈਆਂ। ਸਾਲ 2023 ਦੀ ਹੀ ਰਿਪੋਰਟ ਦੱਸਦੀ ਹੈ ਕਿ ਇਸੇ ਸਾਲ 2,189 ਔਰਤਾਂ ਦੀ ਸੈਕਸ ਵਪਾਰ ਲਈ ਤਸਕਰੀ ਕੀਤੀ ਗਈ। ਉੱਥੇ ਹੀ 12 ਨਾਬਾਲਗ ਕੁੜੀਆਂ ਨੂੰ ਦੇਹ ਵਪਾਰ ਲਈ ਵੇਚ ਦਿੱਤਾ ਗਿਆ। 3,038 ਔਰਤਾਂ ਨੂੰ ਰੈਸਕਿਊ ਕੀਤਾ ਗਿਆ। ਹਾਲਾਂਕਿ ਸਵੈ-ਸੇਵੀ ਸੰਸਥਾਵਾਂ ਦਾ ਕਹਿਣਾ ਹੈ ਕਿ ਅਸਲ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ।)

ਇਹ ਵੀ ਪੜ੍ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)