'ਭੁੱਖ ਮਾਰਨ ਵਾਲੀ ਗੋਲੀ' ਨੇ ਕਈ ਨੌਜਵਾਨਾਂ ਦੀ ਖ਼ਤਰੇ 'ਚ ਪਾਈ ਜਾਨ, ਇਹ ਕਿਹੜੀ ਦਵਾਈ ਹੈ ਅਤੇ ਇਹ ਕਿਵੇਂ ਕੰਮ ਕਰਦੀ

ਤਸਵੀਰ ਸਰੋਤ, Maria
- ਲੇਖਕ, ਸੋਫੀਆ ਵੋਲਯਾਨੋਵਾ
- ਰੋਲ, ਬੀਬੀਸੀ ਪੱਤਰਕਾਰ
ਇਸ ਸਾਲ ਦੇ ਸ਼ੁਰੂ ਵਿੱਚ, ਰੂਸੀ ਟਿੱਕਟੋਕ 'ਤੇ 'ਮੌਲੀਕਿਊਲ' ਨਾਮ ਦੀ ਇੱਕ ਗੋਲੀ ਵਾਇਰਲ ਹੋਈ ਸੀ।
ਨੌਜਵਾਨਾਂ ਦੀ ਫੀਡ ਵਿੱਚ 'ਮੌਲੀਕਿਊਲ ਲਓ ਅਤੇ ਭੋਜਨ ਭੁੱਲ ਜਾਓ' ਵਰਗੀਆਂ ਪੋਸਟਾਂ ਆਉਣ ਲੱਗੀਆਂ।
ਕੁਝ ਪੋਸਟਾਂ ਵਿੱਚ ਲਿਖਿਆ ਸੀ, "ਕੀ ਤੁਸੀਂ ਵੱਡੇ ਕੱਪੜਿਆਂ ਵਿੱਚ ਕਲਾਸ ਦੇ ਪਿੱਛੇ ਬੈਠਣਾ ਚਾਹੁੰਦੇ ਹੋ?"
ਕਈ ਵੀਡੀਓ ਕਲਿੱਪਾਂ ਵਿੱਚ ਫਰਿੱਜਾਂ ਨੂੰ ਨੀਲੇ ਡੱਬਿਆਂ ਨਾਲ ਭਰਿਆ ਦਿਖਾਇਆ ਗਿਆ ਸੀ ਜਿਨ੍ਹਾਂ 'ਤੇ "ਮੌਲੀਕਿਊਲ ਪਲੱਸ" ਲਿਖਿਆ ਹੋਇਆ ਸੀ। ਇਸ ਤੋਂ ਬਾਅਦ ਦਵਾਈ ਦੇ ਆਰਡਰਾਂ ਦਾ ਹੜ੍ਹ ਆ ਗਿਆ।
ਟੀਨਏਜ ਬੱਚਿਆਂ ਨੇ ਸੋਸ਼ਲ ਮੀਡੀਆ 'ਤੇ ਆਪਣਾ "ਵਜ਼ਨ ਘਟਾਉਣ ਦਾ ਸਫ਼ਰ" ਸਾਂਝਾ ਕਰਨਾ ਸ਼ੁਰੂ ਕਰ ਦਿੱਤਾ। ਪਰ ਇਸ ਵਿੱਚ ਇੱਕ ਰੁਕਾਵਟ ਸੀ।
ਮਾਰੀਆ ਦੀ ਕਹਾਣੀ

22 ਸਾਲਾ ਮਾਰੀਆ ਨੇ ਇਹ ਗੋਲੀ ਇੱਕ ਮਸ਼ਹੂਰ ਔਨਲਾਈਨ ਸਾਈਟ ਤੋਂ ਖਰੀਦੀ ਸੀ। ਉਹ ਰੋਜ਼ਾਨਾ ਦੋ ਗੋਲੀਆਂ ਲੈਂਦੀ ਸੀ, ਦੋ ਹਫ਼ਤਿਆਂ ਦੇ ਅੰਦਰ ਉਸਦਾ ਮੂੰਹ ਸੁੱਕਣ ਲੱਗ ਪਿਆ ਅਤੇ ਉਸ ਦੀ ਭੁੱਖ ਪੂਰੀ ਤਰ੍ਹਾਂ ਖ਼ਤਮ ਹੋ ਗਈ।
ਮਾਰੀਆ ਦੱਸਦੇ ਹਨ, "ਮੇਰਾ ਖਾਣ-ਪੀਣ ਦਾ ਮਨ ਨਹੀਂ ਕਰਦਾ ਸੀ, ਮੈਂ ਘਬਰਾ ਗਈ ਸੀ। ਕਈ ਵਾਰ ਬੁੱਲ ਟੁੱਕਦੀ ਅਤੇ ਗੱਲ੍ਹਾਂ ਦੇ ਅੰਦਰਲੇ ਹਿੱਸੇ ਨੂੰ ਚਬਾਉਂਦੀ ਰਹਿੰਦੀ ਸੀ।"
ਹੌਲੀ-ਹੌਲੀ, ਮਾਰੀਆ ਬੇਚੈਨ ਮਹਿਸੂਸ ਕਰਨ ਲੱਗੀ ਅਤੇ ਉਸਦੇ ਮਨ ਵਿੱਚ ਨਕਾਰਾਤਮਕ ਵਿਚਾਰ ਆਉਣ ਲੱਗੇ। ਉਹ ਕਹਿੰਦੀ ਹੈ, "ਇਨ੍ਹਾਂ ਗੋਲੀਆਂ ਦਾ ਮੇਰੇ ਮਨ 'ਤੇ ਡੂੰਘਾ ਪ੍ਰਭਾਵ ਪਿਆ।"
ਸੇਂਟ ਪੀਟਰਸਬਰਗ ਦੀ ਰਹਿਣ ਵਾਲੀ ਮਾਰੀਆ ਇੰਨੇ ਗੰਭੀਰ ਮਾੜੇ ਪ੍ਰਭਾਵਾਂ ਲਈ ਤਿਆਰ ਨਹੀਂ ਸੀ।
ਹੋਰ ਟਿਕਟੌਕ ਉਪਭੋਗਤਾਵਾਂ ਨੇ ਵੀ ਪੁਤਲੀਆਂ ਦਾ ਫੈਲਾਅ, ਕੰਬਣਾ ਅਤੇ ਨੀਂਦ ਨਾ ਆਉਣ ਵਰਗੇ ਲੱਛਣਾਂ ਦੀ ਰਿਪੋਰਟ ਕੀਤੀ। ਘੱਟੋ-ਘੱਟ ਤਿੰਨ ਸਕੂਲੀ ਬੱਚਿਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਅਪ੍ਰੈਲ ਵਿੱਚ ਸਾਈਬੇਰੀਅਨ ਦੇ ਚੀਤਾ ਸ਼ਹਿਰ ਦੀ ਇੱਕ ਸਕੂਲੀ ਵਿਦਿਆਰਥਣ ਨੂੰ ਮੌਲੀਕਿਊਲ ਦੀ ਜ਼ਿਆਦਾ ਮਾਤਰਾ ਲੈਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਹ ਰਿਪੋਰਟ ਕੀਤੀ ਗਈ ਸੀ ਕਿ ਉਹ ਗਰਮੀਆਂ ਤੋਂ ਪਹਿਲਾਂ ਜਲਦੀ ਭਾਰ ਘਟਾਉਣਾ ਚਾਹੁੰਦੀ ਸੀ।
ਇੱਕ ਹੋਰ ਕੁੜੀ ਦੀ ਮਾਂ ਨੇ ਕਿਹਾ ਕਿ ਉਸਦੀ ਧੀ ਨੂੰ ਇੱਕੋ ਸਮੇਂ ਕਈ ਗੋਲੀਆਂ ਖਾਣ ਤੋਂ ਬਾਅਦ ਆਈਸੀਯੂ ਵਿੱਚ ਦਾਖਲ ਕਰਵਾਉਣਾ ਪਿਆ।
ਮਈ ਵਿੱਚ ਸੇਂਟ ਪੀਟਰਸਬਰਗ ਦੇ ਇੱਕ 13 ਸਾਲ ਦੇ ਮੁੰਡੇ ਨੂੰ ਘਬਰਾਹਟ ਅਤੇ ਚੱਕਰ ਆਉਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸਕੂਲ ਵਿੱਚ ਉਸਦੇ ਭਾਰ ਨੂੰ ਲੈ ਕੇ ਮਜ਼ਾਕ ਕਰਨ ਤੋਂ ਬਾਅਦ ਉਸਨੂੰ ਇੱਕ ਦੋਸਤ ਤੋਂ ਗੋਲੀ ਮਿਲੀ ਸੀ।
ਦਵਾਈ 'ਚ ਮੌਜੂਦ ਚੀਜ਼ਾਂ ਬ੍ਰਿਟੇਨ, ਯੂਰਪ ਤੇ ਅਮਰੀਕਾ 'ਵਿੱਚ ਬੈਨ

ਤਸਵੀਰ ਸਰੋਤ, TikTok
ਮੌਲੀਕਿਊਲ ਦੇ ਪੈਕੇਟਾਂ ਵਿੱਚ ਆਮ ਤੌਰ 'ਤੇ 'ਕੁਦਰਤੀ ਤੱਤ' ਲਿਖੇ ਹੁੰਦੇ ਹਨ। ਜਿਵੇਂ ਕਿ ਡੈਂਡੇਲੀਅਨ ਰੂਟ ਅਤੇ ਸੌਂਫ ਦਾ ਅਰਕ।
ਪਰ ਜਦੋਂ ਰੂਸੀ ਅਖਬਾਰ ਇਜ਼ਵੇਸਟੀਆ ਨੇ ਇਨ੍ਹਾਂ ਗੋਲ਼ੀਆਂ ਦੀ ਜਾਂਚ ਕੀਤੀ ਤਾਂ ਇਨ੍ਹਾਂ ਵਿੱਚ ਸਿਬੂਟ੍ਰਾਮਾਈਨ ਨਾਮਕ ਪਦਾਰਥ ਪਾਇਆ ਗਿਆ।
ਇਸ ਨੂੰ 1980 ਦੇ ਦਹਾਕੇ ਵਿੱਚ ਇੱਕ ਐਂਟੀ ਡਿਪ੍ਰੈਸੈਂਟ ਵਜੋਂ ਵਿਕਸਤ ਕੀਤਾ ਗਿਆ ਸੀ। ਬਾਅਦ ਵਿੱਚ ਇਸਨੂੰ ਭੁੱਖ ਘਟਾਉਣ ਦੀ ਦਵਾਈ ਵਜੋਂ ਵਰਤਿਆ ਗਿਆ।
ਪਰ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਇਹ ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਜੋਖ਼ਮ ਨੂੰ ਵਧਾਉਂਦਾ ਹੈ। ਇਸਦਾ ਭਾਰ ਘਟਾਉਣ 'ਤੇ ਬਹੁਤ ਘੱਟ ਪ੍ਰਭਾਵ ਪੈਂਦਾ ਹੈ।
ਇਸ ਕਾਰਨ ਕਰਕੇ 2010 'ਚ ਅਮਰੀਕਾ ਵਿੱਚ ਇਸ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਹ ਯੂਕੇ, ਯੂਰਪੀਅਨ ਯੂਨੀਅਨ ਅਤੇ ਚੀਨ ਸਮੇਤ ਕਈ ਦੇਸ਼ਾਂ ਵਿੱਚ ਵੀ ਪਾਬੰਦੀਸ਼ੁਦਾ ਹੈ।
ਰੂਸ ਵਿੱਚ ਇਸ ਦਵਾਈ ਨੂੰ ਅਜੇ ਵੀ ਭਾਰ ਘਟਾਉਣ ਲਈ ਵਰਤਣ ਦੀ ਇਜਾਜ਼ਤ ਹੈ, ਪਰ ਡਾਕਟਰ ਦੀ ਪਰਚੀ ਦੀ ਲੋੜ ਹੁੰਦੀ ਹੈ ਅਤੇ ਸਿਰਫ਼ ਬਾਲਗ ਹੀ ਇਸ ਨੂੰ ਲੈ ਸਕਦੇ ਹਨ।
ਰੂਸ ਵਿੱਚ ਬਿਨ੍ਹਾਂ ਡਾਕਟਰ ਦੀ ਪਰਚੀ ਦੇ ਇਸ ਨੂੰ ਖਰੀਦਣਾ ਅਤੇ ਵੇਚਣਾ ਇੱਕ ਅਪਰਾਧ ਹੈ। ਫਿਰ ਵੀ ਬਹੁਤ ਸਾਰੇ ਲੋਕ ਅਤੇ ਛੋਟੇ ਵਪਾਰੀ ਇਸਨੂੰ ਔਨਲਾਈਨ ਵੇਚ ਰਹੇ ਹਨ।
ਇਹ ਅਕਸਰ ਤੈਅ ਖੁਰਾਕ ਤੋਂ ਵੱਧ ਖੁਰਾਕਾਂ ਵਿੱਚ ਵੇਚਿਆ ਜਾਂਦਾ ਹੈ ਅਤੇ ਰੂਸ ਵਿੱਚ ਬਿਨਾਂ ਕਿਸੇ ਨੁਸਖ਼ੇ ਦੇ ਵੀ ਵੇਚਿਆ ਜਾਂਦਾ ਹੈ।
ਇਸ ਦਵਾਈ ਦੀ 20 ਦਿਨਾਂ ਦੀ ਖੁਰਾਕ ਦੀ ਕੀਮਤ ਲਗਭਗ ਛੇ ਜਾਂ ਸੱਤ ਡਾਲਰ ਹੈ।
ਕਾਨੂੰਨੀ ਤੌਰ 'ਤੇ ਮਾਨਤਾ ਪ੍ਰਾਪਤ ਭਾਰ ਘਟਾਉਣ ਵਾਲੇ ਟੀਕੇ 50 ਡਾਲਰ ਤੋਂ 120 ਡਾਲਰ ਵਿੱਚ ਵਿਕਦੇ ਹਨ।
ਸੇਂਟ ਪੀਟਰਜ਼ਬਰਗ ਦੀ ਐਂਡੋਕ੍ਰਾਈਨੋਲੋਜਿਸਟ ਸੇਨੀਆ ਸੋਲੋਵੀਏਵਾ ਕਹਿੰਦੇ ਹਨ, "ਇਹ ਦਵਾਈ ਆਪਣੀ ਮਰਜ਼ੀ ਨਾਲ ਲੈਣਾ ਬਹੁਤ ਖ਼ਤਰਨਾਕ ਹੈ, ਕਿਉਂਕਿ ਸਾਨੂੰ ਇਹ ਨਹੀਂ ਪਤਾ ਕਿ ਇਨ੍ਹਾਂ ਕਥਿਤ 'ਡਾਇਟਰੀ ਸਪਲੀਮੈਂਟਸ' ਵਿੱਚ ਸਰਗਰਮ ਤੱਤਾਂ ਦੀ ਮਾਤਰਾ ਕਿੰਨੀ ਹੈ।"
ਗੈਰ-ਕਾਨੂੰਨੀ ਵਿਕਰੀ ਨੂੰ ਕੰਟਰੋਲ ਕਰਨਾ ਮੁਸ਼ਕਲ

ਤਸਵੀਰ ਸਰੋਤ, TikTok
ਰੂਸ ਵਿੱਚ ਕਈ ਲੋਕਾਂ ਨੂੰ ਇਸ ਮੌਲੀਕਿਊਲ ਨੂੰ ਖਰੀਦਣ ਜਾਂ ਵੇਚਣ ਦੇ ਇਲਜ਼ਾਮਾਂ ਵਿੱਚ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ, ਪਰ ਅਧਿਕਾਰੀ ਹੁਣ ਤੱਕ ਇਸ ਦੀ ਔਨਲਾਈਨ ਵਿਕਰੀ ਨੂੰ ਰੋਕਣ ਵਿੱਚ ਅਸਮਰੱਥ ਰਹੇ ਹਨ।
ਅਪ੍ਰੈਲ ਵਿੱਚ ਸਰਕਾਰ-ਸਮਰਥਿਤ ਸੇਫ ਇੰਟਰਨੈੱਟ ਲੀਗ ਨੇ ਨੌਜਵਾਨਾਂ ਵਿੱਚ ਵਧ ਰਹੇ ਰੁਝਾਨ ਦੀ ਰਿਪੋਰਟ ਸਰਕਾਰ ਨੂੰ ਦਿੱਤੀ। ਕਈ ਔਨਲਾਈਨ ਬਾਜ਼ਾਰਾਂ ਨੇ ਬਾਅਦ ਵਿੱਚ ਮੌਲੀਕਿਊਲ ਨੂੰ ਹਟਾ ਦਿੱਤਾ, ਪਰ ਇਹ ਜਲਦੀ ਹੀ "ਐਟਮ" ਨਾਂਅ ਹੇਠ ਮੌਲੀਕਿਊਲ ਵਾਂਗ ਮਿਲਦੀ ਹੋਰ ਪੈਕੇਜਿੰਗ ਵਿੱਚ ਦੁਬਾਰਾ ਵਿਕਣ ਲੱਗ ਲਈ।
ਹਾਲ ਹੀ ਵਿੱਚ ਇੱਕ ਕਾਨੂੰਨ ਪਾਸ ਕੀਤਾ ਗਿਆ ਹੈ ਜੋ "ਗ਼ੈਰ-ਰਜਿਸਟਰਡ ਡਾਇਟਰੀ ਸਪਲੀਮੈਂਟਸ" ਵੇਚਣ ਵਾਲੀਆਂ ਵੈੱਬਸਾਈਟਾਂ ਨੂੰ ਅਦਾਲਤ ਦੇ ਹੁਕਮ ਤੋਂ ਬਿਨ੍ਹਾਂ ਵੀ ਬਲਾਕ ਕੀਤਾ ਜਾ ਸਕਦਾ ਹੈ।
ਪਰ ਵੇਚਣ ਵਾਲੇ ਇਸਨੂੰ 'ਸਪੋਰਟਸ ਨਿਊਟ੍ਰੀਸ਼ਨ' ਦੱਸ ਕੇ ਬਚ ਜਾਂਦੇ ਹਨ। ਟਿਕਟੌਕ ਤੇ ਬਹੁਤ ਸਾਰੇ ਵੇਚਣ ਵਾਲੇ ਇਸਨੂੰ ਮੂਸਲੀ, ਬਿਸਕੁਟ ਜਾਂ ਇੱਥੋਂ ਤੱਕ ਕੀ ਲਾਈਟ ਬਲਬ ਦੇ ਨਾਮ ਤੋਂ ਵੀ ਵੇਚਦੇ।
ਕੁਝ ਹੁਣ ਇਸਨੂੰ ਖੁੱਲ੍ਹੇਆਮ ਵੇਚ ਰਹੇ ਹਨ। ਬੀਬੀਸੀ ਨੂੰ ਹਾਲ ਹੀ ਵਿੱਚ ਇੱਕ ਰੂਸੀ ਔਨਲਾਈਨ ਮਾਰਕੀਟਪਲੇਸ 'ਤੇ ਮੌਲੀਕਿਊਲ ਦੀ ਇੱਕ ਸੂਚੀ ਮਿਲੀ ਹੈ। ਜਦੋਂ ਬੀਬੀਸੀ ਨੇ ਪੁੱਛਿਆ ਤਾਂ ਵੈੱਬਸਾਈਟ ਮਾਲਕਾਂ ਨੇ ਕਿਹਾ ਕਿ ਉਨ੍ਹਾਂ ਨੇ ਤੁਰੰਤ ਆਪਣੇ ਪਲੇਟਫਾਰਮ ਤੋਂ ਅਜਿਹੀ ਸਾਰੀ ਸਮੱਗਰੀ ਹਟਾ ਦਿੱਤੀ ਹੈ।
ਪਰ ਉਨ੍ਹਾਂ ਨੇ ਮੰਨਿਆ ਕਿ ਜਿਨ੍ਹਾਂ ਸੂਚੀਆਂ ਵਿੱਚ ਸਿਬੂਟ੍ਰਾਮਾਈਨ ਦਾ ਜ਼ਿਕਰ ਨਹੀਂ ਹੈ, ਉਨ੍ਹਾਂ ਦੀ ਪਛਾਣ ਕਰਨਾ ਅਤੇ ਹਟਾਉਣਾ ਮੁਸ਼ਕਲ ਹੈ।
ਕੋਈ ਨਹੀਂ ਜਾਣਦਾ ਇਹ ਗੋਲੀ ਕਿੱਥੇ ਬਣਦੀ ਹੈ

ਤਸਵੀਰ ਸਰੋਤ, TikTok
ਭਾਵੇਂ ਤੁਸੀਂ ਮੌਲੀਕਿਊਲ ਖਰੀਦਦੇ ਹੋ, ਇਹ ਜਾਣਨਾ ਮੁਸ਼ਕਲ ਹੈ ਕਿ ਇਸ ਵਿੱਚ ਕੀ ਹੈ ਅਤੇ ਇਹ ਕਿੱਥੇ ਬਣਿਆ ਹੈ।
ਬੀਬੀਸੀ ਨੂੰ ਕੁੱਝ ਕੁਝ ਵਿਕਰੇਤਾਵਾਂ ਨੇ ਚੀਨ ਦੇ ਗੁਆਂਗਜ਼ੂ ਅਤੇ ਹੇਨਾਨ ਸੂਬੇ ਦੀਆਂ ਫੈਕਟਰੀਆਂ ਦੇ ਉਤਪਾਦਨ ਸਰਟੀਫਿਕੇਟ ਦਿਖਾਏ, ਜਦੋਂ ਕਿ ਕਈਆਂ ਨੇ ਦਾਅਵਾ ਕੀਤਾ ਕਿ ਇਹ ਜਰਮਨੀ ਤੋਂ ਆਇਆ ਹੈ।
ਕੁਝ ਪੈਕੇਜਾਂ 'ਤੇ "ਰਿਮਾਗੇਨ, ਜਰਮਨੀ" ਲਿਖਿਆ ਹੋਇਆ ਸੀ, ਪਰ ਬੀਬੀਸੀ ਨੇ ਪਾਇਆ ਕਿ ਉਸ ਪਤੇ 'ਤੇ ਕੋਈ ਕੰਪਨੀ ਮੌਜੂਦ ਨਹੀਂ ਸੀ।
ਕਜ਼ਾਕਿਸਤਾਨ ਦੇ ਕੁਝ ਵਿਕਰੇਤਾਵਾਂ ਨੇ ਕਿਹਾ ਕਿ ਉਹ ਗੋਲੀਆਂ ਦੋਸਤਾਂ ਤੋਂ ਜਾਂ ਫਿਰ ਗੋਦਾਮਾਂ ਤੋਂ ਖਰੀਦਦੇ ਹਨ, ਪਰ ਉਨ੍ਹਾਂ ਨੂੰ ਅਸਲ ਸਪਲਾਇਰ ਦਾ ਨਾਮ ਨਹੀਂ ਪਤਾ।
ਕਈ ਆਨਲਾਈਨ ਈਟਿੰਗ ਡਿਸਆਰਡਰ ਕਮਿਊਨਿਟੀਆਂ ਵਿੱਚ ਮੌਲੀਕਿਊਲ ਨੂੰ ਭਾਰੀ ਪ੍ਰਮੋਟ ਕੀਤਾ ਜਾ ਰਿਹਾ ਹੈ।
ਡਾ. ਸੋਲੋਵੀਏਵਾ ਕਹਿੰਦੇ ਹਨ, "ਜਿਨ੍ਹਾਂ ਨੌਜਵਾਨਾਂ ਨੂੰ ਪਹਿਲਾਂ ਹੀ ਈਟਿੰਗ ਡਿਸਆਰਡਰ (ਖਾਣ-ਪੀਣ ਦੀ ਬਿਮਾਰੀ) ਹੈ, ਉਨ੍ਹਾਂ ਲਈ ਇਹ ਗੋਲੀ ਹੋਰ ਵੀ ਖ਼ਤਰਨਾਕ ਹੈ। ਜੇ ਉਹ ਠੀਕ ਹੋਣ ਦੀ ਪ੍ਰਕਿਰਿਆ ਵਿੱਚ ਹਨ ਜਾਂ ਫਿਰ ਪੁਰਾਣੇ ਵਿਵਹਾਰ ਵਿੱਚ ਵਾਪਸ ਆਉਣ ਦੇ ਕੰਢੇ 'ਤੇ ਹਨ ਤਾਂ ਅਜਿਹੀ ਭੁੱਖ ਰੋਕਣ ਵਾਲੀ ਦਵਾਈ ਬੇਹੱਦ ਘਾਤਕ ਹੋ ਸਕਦੀ ਹੈ।"
ਅੰਨਾ ਏਨੀਨਾ ਇੱਕ ਰੂਸੀ ਇਨਫਲੂਐਂਸਰ ਹਨ। ਉਨ੍ਹਾਂ ਦੇ ਲੱਖਾਂ ਫਾਲੋਅਰ ਹਨ। ਏਨੀਨਾ ਨੇ ਪਹਿਲਾਂ ਖੁਦ ਵੀ ਅਜਿਹੀਆਂ ਗੋਲੀਆਂ ਖਾਧੀਆਂ ਸਨ। ਹੁਣ ਉਹ ਚੇਤਾਵਨੀ ਦੇ ਰਹੇ ਹਨ: "ਮੈਂ ਵੀ ਈਟਿੰਗ ਡਿਸਆਰਡਰ ਝੱਲਿਆ ਹੈ … ਨਤੀਜੇ ਭਿਆਨਕ ਹੋਣਗੇ। ਬਾਅਦ ਵਿੱਚ ਦਸ ਗੁਣਾ ਪਛਤਾਉਣਾ ਪਵੇਗਾ।"
22 ਸਾਲਾ ਮਾਰੀਆ ਨੂੰ ਮੌਲੀਕਿਊਲ ਲੈਣ ਤੋਂ ਬਾਅਦ ਗੰਭੀਰ ਮਾੜੇ ਪ੍ਰਭਾਵਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ। ਹੁਣ ਉਹ ਕੁਝ ਭਾਰ ਘਟਾਉਣ ਵਾਲੇ ਫੋਰਮਾਂ 'ਤੇ ਨੌਜਵਾਨ ਕੁੜੀਆਂ ਨੂੰ ਇਸਨੂੰ ਨਾ ਲੈਣ ਦੀ ਸਲਾਹ ਦਿੰਦੇ ਹਨ।
ਉਨ੍ਹਾਂ ਨੇ ਇੱਕ ਕੁੜੀ ਦੀ ਪੋਸਟ ਦੇਖਣ ਤੋਂ ਬਾਅਦ ਉਸਦੇ ਮਾਪਿਆਂ ਨਾਲ ਵੀ ਸੰਪਰਕ ਕੀਤਾ।
ਪਰ ਇਹ ਮੌਲੀਕਿਊਲ ਅਜੇ ਵੀ ਔਨਲਾਈਨ ਉਪਲਬਧ ਹੈ ਅਤੇ ਹਰ ਵਾਰ ਜਦੋਂ ਮਾਰੀਆ ਆਪਣੀ ਟਿਕਟੌਕ ਫੀਡ ਨੂੰ ਸਕ੍ਰੌਲ ਕਰਦੀ ਹੈ ਤਾਂ ਉਨ੍ਹਾਂ ਨੂੰ ਉਹੀ ਗੋਲੀਆਂ ਯਾਦ ਆਉਂਦੀਆਂ ਹਨ ਜਿਨ੍ਹਾਂ ਨੇ ਉਸਨੂੰ ਬਿਮਾਰ ਕੀਤਾ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












