ਇੱਕ ਅਜਿਹੀ ਜੈੱਲ ਜਿਸ ਨਾਲ ਦੰਦਾਂ ਦੀਆਂ ਖੋੜਾਂ ਹੋਣ ਤੋਂ ਬਚਾਈਆਂ ਜਾ ਸਕਦੀਆਂ ਹਨ

ਤਸਵੀਰ ਸਰੋਤ, BBC East Midlands
ਇੱਕ ਨਵੀਂ ਜੈੱਲ, ਦੰਦਾਂ ਦੀਆਂ ਖੋੜਾਂ ਯਾਨੀ ਕੈਵਿਟੀ ਦੀ ਮੁਰੰਮਤ ਕਰਨ ਅਤੇ ਉਨ੍ਹਾਂ ਦੇ ਇਨੈਮਲ ਦੇ ਮੁੜ ਬਣਨ ਵਿੱਚ ਮਦਦਗਾਰ ਸਾਬਤ ਹੋਈ ਹੈ। ਇਸ ਦਾ ਵਿਕਾਸ ਕਰਨ ਵਾਲੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਨਾਲ ਇਲਾਜ ਲਈ 'ਨਵੀਆਂ ਸੰਭਾਵਨਾਵਾਂ' ਪੈਦਾ ਹੋ ਸਕਦੀਆਂ ਹਨ।
ਯੂਨੀਵਰਸਿਟੀ ਆਫ਼ ਨੌਟਿੰਘਮ ਦੇ ਸਕੂਲ ਆਫ਼ ਫਾਰਮੇਸੀ ਅਤੇ ਕੈਮੀਕਲ ਅਤੇ ਵਾਤਾਵਰਣ ਇੰਜੀਨੀਅਰਿੰਗ ਵਿਭਾਗ ਦੇ ਮਾਹਰ ਦੁਨੀਆ ਭਰ ਦੇ ਖੋਜਕਰਤਾਵਾਂ ਨਾਲ ਦੰਦਾਂ ਨੂੰ ਮਜ਼ਬੂਤ ਕਰਨ ਅਤੇ ਦੰਦਾਂ ਦੀਆਂ ਖੋੜਾਂ ਨੂੰ ਰੋਕਣ ਤੋਂ ਬਚਾਉਣ ਲਈ ਕੰਮ ਕਰ ਰਹੇ ਹਨ।
ਯੂਨੀਵਰਸਿਟੀ ਨੇ ਕਿਹਾ ਕਿ ਪ੍ਰੋਟੀਨ-ਅਧਾਰਤ ਪਦਾਰਥ 'ਮੁੱਖ ਵਿਸ਼ੇਸ਼ਤਾਵਾਂ ਦੀ ਨਕਲ ਕਰਕੇ ਕੰਮ ਕਰਦਾ ਹੈ' ਜੋ ਬੱਚਿਆਂ ਵਿੱਚ ਇਨੈਮਲ ਦੇ ਵਿਕਾਸ ਲਈ ਵਰਤੇ ਜਾਂਦੇ ਹਨ, ਲਾਰ ਵਿੱਚ ਕੈਲਸ਼ੀਅਮ ਅਤੇ ਫੋਸਫੇਟ ਆਓਨਜ਼ ਲਈ 'ਇੱਕ ਸਕੈਫੋਲਡ ਵਜੋਂ' ਕੰਮ ਕਰਦਾ ਹੈ।
ਖੋੜਾਂ ਕਈ ਬਿਮਾਰੀਆਂ ਦੀਆਂ ਜੜ੍ਹਾਂ ਹਨ

ਤਸਵੀਰ ਸਰੋਤ, Getty Images
ਖੋਜ ਦੇ ਪੂਰੇ ਨਤੀਜੇ ਵਿਗਿਆਨਕ ਜਰਨਲ ਨੇਚਰ ਕਮਿਊਨੀਕੇਸ਼ਨਜ਼ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ।
ਵਿਸ਼ਵ ਸਿਹਤ ਸੰਗਠਨ ਮੁਤਾਬਕ, ਤਕਰੀਬਨ 3.7 ਕਰੋੜ ਲੋਕ ਮੂੰਹ ਦੀਆਂ ਬਿਮਾਰੀਆਂ ਤੋਂ ਪੀੜਤ ਹਨ , ਜਿਸ ਵਿੱਚ ਇਨੈਮਲ ਦਾ ਖ਼ਰਾਬ ਹੋਣਾ ਇੱਕ ਵੱਡਾ ਕਾਰਕ ਹੈ।
ਇਨੈਮਲ ਦੇ ਸੜਨ ਦੇ ਨਤੀਜੇ ਵਜੋਂ ਹੋਣ ਵਾਲੀਆਂ ਸਮੱਸਿਆਵਾਂ ਵਿੱਚ ਇਨਫੈਕਸ਼ਨ, ਵਧੀ ਹੋਈ ਸੰਵੇਦਨਸ਼ੀਲਤਾ ਅਤੇ ਦੰਦਾਂ ਦਾ ਨੁਕਸਾਨ ਸ਼ਾਮਲ ਹਨ। ਇਸ ਨੂੰ ਸ਼ੂਗਰ ਅਤੇ ਦਿਲ ਦੀ ਬਿਮਾਰੀ ਵਰਗੀਆਂ ਹੋਰ ਗੰਭੀਰ ਸਥਿਤੀਆਂ ਨਾਲ ਜੋੜਿਆ ਜਾ ਸਕਦਾ ਹੈ।
ਹਾਲਾਂਕਿ ਫਲੋਰਾਈਡ ਵਾਰਨਿਸ਼ ਵਰਗੇ ਮੌਜੂਦਾ ਇਲਾਜ ਲੱਛਣਾਂ ਤੋਂ ਰਾਹਤ ਪਾ ਸਕਦੇ ਹਨ, ਪਰ ਇਨੈਮਲ ਕੁਦਰਤੀ ਤੌਰ 'ਤੇ ਦੁਬਾਰਾ ਪੈਦਾ ਨਹੀਂ ਹੁੰਦੀ।
ਦੰਦਾਂ ਦੀ ਰੀਪੇਅਰ ਸੌਖੀ ਹੋ ਸਕੇਗੀ

ਤਸਵੀਰ ਸਰੋਤ, University of Nottingham
ਬਾਇਓਮੈਡੀਕਲ ਇੰਜੀਨੀਅਰਿੰਗ ਅਤੇ ਬਾਇਓਮੈਟੀਰੀਅਲਜ਼ ਦੇ ਚੇਅਰਪਰਸਨ, ਪ੍ਰੋਫ਼ੈਸਰ ਅਲਵਾਰੋ ਮਾਟਾ ਜਿਨ੍ਹਾਂ ਨੇ ਅਧਿਐਨ ਦੀ ਅਗਵਾਈ ਕੀਤੀ ਨੇ ਕਿਹਾ ਕਿ ਨਵੀਂ ਜੈੱਲ ਆਸਾਨੀ ਨਾਲ ਅਤੇ ਤੇਜ਼ੀ ਨਾਲ ਲਗਾਈ ਜਾ ਸਕਦੀ ਹੈ।
ਉਨ੍ਹਾਂ ਕਿਹਾ, "ਅਸੀਂ ਬਹੁਤ ਉਤਸ਼ਾਹਿਤ ਹਾਂ ਕਿਉਂਕਿ ਤਕਨੀਕ ਨੂੰ ਡਾਕਟਰੀ ਮਾਹਰ ਅਤੇ ਮਰੀਜ਼ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।"
"ਸਾਨੂੰ ਉਮੀਦ ਹੈ ਕਿ ਅਗਲੇ ਸਾਲ ਇਸਦਾ ਪਹਿਲਾ ਉਤਪਾਦ ਆਵੇਗਾ ਅਤੇ ਇਹ ਨਵੀਂ ਤਕਨੀਕ ਜਲਦੀ ਹੀ ਦੁਨੀਆ ਭਰ ਦੇ ਮਰੀਜ਼ਾਂ ਦੀ ਮਦਦ ਕਰ ਸਕਦੀ ਹੈ।"
ਸ਼ੈਫੀਲਡ ਦੇ ਸਕੂਲ ਆਫ਼ ਕਲੀਨਿਕਲ ਡੈਂਟਿਸਟਰੀ ਵਿੱਚ ਬਾਇਓਮਟੀਰੀਅਲ ਸਾਇੰਸ ਦੇ ਪ੍ਰੋਫੈਸਰ ਅਤੇ ਬ੍ਰਿਟਿਸ਼ ਡੈਂਟਲ ਐਸੋਸੀਏਸ਼ਨ ਦੀ ਸਿਹਤ ਅਤੇ ਵਿਗਿਆਨ ਕਮੇਟੀ ਦੇ ਮੈਂਬਰ ਪਾਲ ਹੈਟਨ ਨੇ ਕਿਹਾ, "ਦੰਦਾਂ ਦੀ ਮੁਰੰਮਤ ਲਈ ਕੁਦਰਤੀ ਇਨੈਮਲ ਨੂੰ ਦੁਬਾਰਾ ਬਣਾਉਣਾ ਕਈ ਸਾਲਾਂ ਤੋਂ ਦੰਦਾਂ ਦੇ ਇਲਾਜ ਬੂਾਰੇ ਖੋਜ ਕਰਨ ਵਾਲੇ ਵਿਗਿਆਨੀਆਂ ਲਈ ਇੱਕ ਅਹਿਮ ਕੰਮ ਵਰਗਾ ਰਿਹਾ ਹੈ।"
"ਇਹ ਖੋਜ ਪੇਪਰ ਬੇਹੱਦ ਦਿਲਚਸਪ ਸਫਲਤਾ ਵੱਲ ਵੱਧਮ ਬਾਰੇ ਸੁਝਾਅ ਦਿੰਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












