ਜਾਦੂ-ਟੋਣੇ ਦੀਆਂ ਰੀਤਾਂ ਦੀ ਭੇਂਟ ਚੜ੍ਹਦਾ ਇਹ ਲੁਪਤ ਹੁੰਦਾ ਜਾਨਵਰ, ਇਸ ਨੂੰ ਕਿਹੜੇ ਤਸੀਹੇ ਝੱਲਣੇ ਪੈਂਦੇ ਹਨ

ਤਸਵੀਰ ਸਰੋਤ, TNWCCB
- ਲੇਖਕ, ਕੇ. ਸੁਬਾਗੁਨਮ
- ਰੋਲ, ਬੀਬੀਸੀ ਪੱਤਕਾਰ
- ਪੜ੍ਹਨ ਦਾ ਸਮਾਂ: 9 ਮਿੰਟ
ਚੇਤਾਵਨੀ: ਇਸ ਲੇਖ ਵਿੱਚ ਕੁਝ ਵੇਰਵੇ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ।
23 ਜਨਵਰੀ ਨੂੰ ਤਾਮਿਲ ਨਾਡੂ ਫਾਰੈਸਟ ਐਂਡ ਵਾਈਲਡਲਾਈਫ ਕ੍ਰਾਈਮ ਕੰਟ੍ਰੋਲ ਬਿਊਰੋ (ਟੀਐੱਨਐੱਫਡਬਲਿਯੂਸੀਸੀਬੀ) ਨੇ ਤਾਮਿਲਨਾਡੂ ਦੇ ਮੇਟੂਪਾਲਯਮ ਖੇਤਰ ਵਿੱਚ ਇੱਕ ਬੁਜ਼ੁਰਗ ਆਦਮੀ ਦੇ ਘਰੋਂ ਸਲੇਂਡਰ ਲੋਰਿਸ ਦੇ ਦੋ ਬੱਚੇ ਬਚਾਏ।
ਤਾਮਿਲ ਨਾਡੂ ਫਾਰੈਸਟ ਐਂਡ ਵਾਈਲਡਲਾਈਫ ਕ੍ਰਾਈਮ ਕੰਟ੍ਰੋਲ ਬਿਊਰੋ (ਟੀਐੱਨਐੱਫਡਬਲਿਯੂਸੀਸੀਬੀ) ਦੇ ਅਧਿਕਾਰੀਆਂ ਨੇ ਬੀਬੀਸੀ ਤਮਿਲ ਨੂੰ ਦੱਸਿਆ ਕਿ ਇਹ ਬੱਚੇ "ਦੇਵਾਂਗੂ ਸਾਸਤ੍ਰਮ" ਨਾਮ ਦੀ ਇੱਕ ਰਸਮ ਲਈ ਰੱਖੇ ਗਏ ਸਨ।
ਇਹ ਰਸਮ ਅੰਧਵਿਸ਼ਵਾਸ ਨਾਲ ਜੁੜੀ ਹੈ, ਜਿਸ ਮੁਤਾਬਕ ਸਲੇਂਡਰ ਲੋਰਿਸ ਵੱਲੋਂ ਕੱਟੀ ਗਈ ਰੱਸੀ ਨੂੰ ਬੰਨ੍ਹਣ ਨਾਲ ਚੰਗੀ ਕਿਸਮਤ ਮਿਲਦੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਬੁਜ਼ੁਰਗ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਵਾਈਲਡਲਾਈਫ ਵੈਟਰਨਰੀ ਡਾਕਟਰ ਵੱਲੋਂ ਇਹ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਕਿ ਬਚਾਏ ਗਏ ਬੱਚੇ ਸਿਹਤਮੰਦ ਹਨ ਅਤੇ 28 ਜਨਵਰੀ ਨੂੰ ਉਨ੍ਹਾਂ ਨੂੰ ਅੱਪਰ ਅਲਿਆਰ ਜੰਗਲੀ ਖੇਤਰ ਵਿੱਚ ਵਾਪਸ ਜੰਗਲ ਵਿੱਚ ਛੱਡ ਦਿੱਤਾ ਗਿਆ।
ਬਚਾਅ ਕਾਰਵਾਈ ਨਾਲ ਜੁੜੇ ਇੱਕ ਅਧਿਕਾਰੀ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਤਾਮਿਲ ਨੂੰ ਇਹ ਜਾਣਕਾਰੀ ਦਿੱਤੀ।
ਬੀਬੀਸੀ ਤਾਮਿਲ ਨਾਲ ਗੱਲਬਾਤ ਕਰਦਿਆਂ ਤਾਮਿਲਨਾਡੂ ਦੇ ਵਾਤਾਵਰਣ ਅਤੇ ਜੰਗਲਾਤ ਵਿਭਾਗ ਦੀ ਐਡੀਸ਼ਨਲ ਚੀਫ਼ ਸਕੱਤਰ ਸੁਪ੍ਰਿਆ ਸਾਹੂ ਨੇ ਕਿਹਾ ਕਿ ਟੀਐੱਨਐੱਫਡਬਲਿਯੂਸੀਸੀਬੀ ਸਲੇਂਡਰ ਲੋਰਿਸ ਦੇ ਗ਼ੈਰ-ਕਾਨੂੰਨੀ ਸ਼ਿਕਾਰ ਨੂੰ ਰੋਕਣ ਲਈ ਕਈ ਕਦਮ ਚੁੱਕ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਵਿਭਾਗ ਇਸ ਪ੍ਰਜਾਤੀ ਨਾਲ ਜੁੜੀਆਂ ਅੰਧਵਿਸ਼ਵਾਸੀ ਧਾਰਨਾਵਾਂ ਨੂੰ ਚੁਣੌਤੀ ਦੇਣ ਲਈ ਜਾਗਰੂਕਤਾ ਮੁਹਿੰਮਾਂ ਵੀ ਚਲਾ ਰਿਹਾ ਹੈ।
ਪਰ ਸਵਾਲ ਇਹ ਹੈ ਕਿ ਲਗਭਗ 200 ਗ੍ਰਾਮ ਵਜ਼ਨ ਵਾਲੇ ਇਹ ਨਿੱਕੇ ਜਿਹੇ ਥਣਧਾਰੀ ਗ਼ੈਰ-ਕਾਨੂੰਨੀ ਤੌਰ 'ਤੇ ਕਿਉਂ ਫੜ੍ਹੇ ਜਾਂਦੇ ਹਨ। ਅਤੇ ਅਜਿਹੀਆਂ ਪ੍ਰਥਾਵਾਂ ਦੇ ਕਾਰਨ ਪਹਿਲਾਂ ਹੀ ਲੁਪਤ ਹੋਣ ਦੇ ਕਿਨਾਰੇ ਖੜ੍ਹੀ ਸਲੇਂਡਰ ਲੋਰਿਸ ਨੂੰ ਕਿਹੜੇ ਖ਼ਤਰੇ ਦਰਪੇਸ਼ ਹਨ।

ਤਸਵੀਰ ਸਰੋਤ, HANDOUT
ਸਲੇਂਡਰ ਲੋਰਿਸ ਅਤੇ ਕਾਲਾ ਜਾਦੂ
ਕਈ ਕਿਸਮ ਦੇ ਜੰਗਲੀ ਜਾਨਵਰਾਂ ਦਾ ਪਰੰਪਰਾਗਤ ਦਵਾਈਆਂ ਅਤੇ ਕਾਲੇ ਜਾਦੂ ਦੀਆਂ ਰਸਮਾਂ ਲਈ ਗ਼ੈਰ-ਕਾਨੂੰਨੀ ਤੌਰ 'ਤੇ ਸ਼ਿਕਾਰ ਕੀਤਾ ਜਾਂਦਾ ਹੈ, ਜੋ ਅਕਸਰ ਨਿਗਰਾਨੀ ਪ੍ਰਣਾਲੀ ਤੋਂ ਬਚ ਜਾਂਦਾ ਹੈ।
ਵਾਈਲਡਲਾਈਫ ਪ੍ਰੇਮੀ ਸੀ. ਵਿਮਲ ਰਾਜ ਨੇ ਬੀਬੀਸੀ ਤਾਮਿਲ ਨੂੰ ਦੱਸਿਆ ਕਿ ਅਜਿਹੀਆਂ ਰਸਮਾਂ ਜਾਨਵਰਾਂ ਦੀ ਗਿਣਤੀ ਵਿੱਚ ਕਮੀ ਦਾ ਕਾਰਨ ਬਣ ਰਹੀਆਂ ਹਨ ਅਤੇ ਜੈਵ ਵਿਭਿੰਨਤਾ ਲਈ ਗੰਭੀਰ ਖ਼ਤਰਾ ਪੈਦਾ ਕਰ ਰਹੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਰਾਤ ਨੂੰ ਸਰਗਰਮ ਰਹਿਣ ਵਾਲਾ ਛੋਟਾ ਥਣਧਾਰੀ ਜਾਨਵਰ ਸਲੇਂਡਰ ਲੋਰਿਸ ਉਨ੍ਹਾਂ ਪ੍ਰਜਾਤੀਆਂ ਵਿੱਚ ਸ਼ਾਮਲ ਹੈ ਜੋ ਇਸ ਗ਼ੈਰ-ਕਾਨੂੰਨੀ ਗਤੀਵਿਧੀ ਦਾ ਸਭ ਤੋਂ ਵੱਧ ਨੁਕਸਾਨ ਸਹਿ ਰਹੀਆਂ ਹਨ।
ਸੀ. ਵਿਮਲ ਰਾਜ ਮੁਤਾਬਕ, ਡੂੰਘੀਆਂ ਜੜ੍ਹਾਂ ਵਾਲੇ ਅੰਧਵਿਸ਼ਵਾਸਾਂ ਕਾਰਨ ਇਹ ਜਾਨਵਰ ਕਾਫੀ ਤਕਲੀਫ਼ ਸਹਿੰਦੇ ਹਨ। ਇਨ੍ਹਾਂ ਅੰਧਵਿਸ਼ਵਾਸਾਂ ਵਿੱਚ ਇਹ ਧਾਰਨਾ ਵੀ ਸ਼ਾਮਲ ਹੈ ਕਿ ਸਲੇਂਡਰ ਲੋਰਿਸ ਸਿਰਫ਼ ਉੱਤਰ ਵੱਲ ਮੂੰਹ ਕਰਕੇ ਹੀ ਬੈਠਦੀ ਹੈ ਅਤੇ ਇਸ ਵਿੱਚ ਬੁਰੀਆਂ ਆਤਮਾਵਾਂ ਨੂੰ ਦੂਰ ਰੱਖਣ ਦੀ ਤਾਕਤ ਹੁੰਦੀ ਹੈ।
2022 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਇਨ੍ਹਾਂ ਧਾਰਨਾਵਾਂ ਦੇ ਪ੍ਰਭਾਵ ਦੀ ਜਾਂਚ ਕੀਤੀ ਗਈ। ਅਧਿਐਨ ਵਿੱਚ ਪਾਇਆ ਗਿਆ ਕਿ ਸਲੇਂਡਰ ਲੋਰਿਸ ਨੂੰ ਦਵਾਈਆਂ ਅਤੇ ਰਸਮੀ ਮਕਸਦਾਂ ਦੋਵਾਂ ਲਈ ਵਰਤਿਆ ਜਾਂਦਾ ਹੈ।
ਇਹ ਰਿਸਰਚ ਕੇਰਲ, ਕਰਨਾਟਕ ਅਤੇ ਤਾਮਿਲਨਾਡੂ ਦੇ 12 ਵੱਖ-ਵੱਖ ਆਵਾਸ ਖੇਤਰਾਂ ਵਿੱਚ ਕੀਤੀ ਗਈ। ਇਹ ਉਹ ਖੇਤਰ ਹਨ ਜਿੱਥੇ ਭਾਰਤ ਵਿੱਚ ਸਲੇਟੀ ਸਲੇਂਡਰ ਲੋਰਿਸ ਆਮ ਤੌਰ 'ਤੇ ਪਾਈ ਜਾਂਦੀ ਹੈ।
ਅਧਿਐਨ ਵਿੱਚ ਕਾਲੇ ਜਾਦੂ ਅਤੇ ਹੋਰ ਰਸਮਾਂ ਵਿੱਚ ਜ਼ਿੰਦਾ ਲੋਰਿਸ ਅਤੇ ਉਨ੍ਹਾਂ ਦੇ ਸਰੀਰਕ ਅੰਗਾਂ ਦੀ ਵਰਤੋਂ ਬਾਰੇ ਰਿਪੋਰਟਾਂ ਦਰਜ ਕੀਤੀਆਂ ਗਈਆਂ ਹਨ।
ਖੋਜਕਾਰਾਂ ਨੇ 139 ਜ਼ਿੰਦਾ ਸਲੇਂਡਰ ਲੋਰਿਸ ਦੀ ਜਾਂਚ ਕੀਤੀ, ਜਿਨ੍ਹਾਂ ਨੂੰ ਅਜਿਹੀਆਂ ਰੀਤਾਂ ਦਾ ਸ਼ਿਕਾਰ ਬਣਾਏ ਜਾਣ ਤੋਂ ਬਾਅਦ ਬਚਾਇਆ ਗਿਆ ਸੀ। ਅਧਿਐਨ ਮੁਤਾਬਕ, 116 ਜਾਨਵਰਾਂ ਦੇ ਸਰੀਰਾਂ 'ਤੇ ਰਸਮੀ ਵਰਤੋਂ ਨਾਲ ਜੁੜੀ ਸਰੀਰਕ ਤਸੀਹਿਆਂ ਦੇ ਸਬੂਤ ਮਿਲੇ।

ਤਸਵੀਰ ਸਰੋਤ, HANDOUT
ਰਹੱਸ ਨਾਲ ਭਰੀਆਂ ਰਸਮਾਂ ਵਿੱਚ ਬੇਰਹਿਮੀ
ਮੇਟੂਪਾਲਯਮ ਵਿੱਚ ਹੋਈ ਬਚਾਅ ਕਾਰਵਾਈ ਨਾਲ ਜੁੜੇ ਅਧਿਕਾਰੀਆਂ ਨੇ ਬੀਬੀਸੀ ਤਾਮਿਲ ਨੂੰ ਦੱਸਿਆ ਕਿ ਉੱਥੇ "ਦੇਵਾਂਗੂ ਸਾਸਤ੍ਰਮ" ਨਾਮ ਦੀ ਇੱਕ ਰਸਮ ਅਦਾ ਕੀਤੀ ਗਈ ਸੀ।
ਇਸ ਤੋਂ ਇਲਾਵਾ, ਡੂੰਘੀਆਂ ਜੜ੍ਹਾਂ ਵਾਲੇ ਅੰਧਵਿਸ਼ਵਾਸਾਂ ਕਾਰਨ ਸਲੇਂਡਰ ਲੋਰਿਸ ਨੂੰ ਹੋਰ ਕਈ ਤਰੀਕਿਆਂ ਨਾਲ ਵੀ ਖ਼ਤਰਾ ਹੈ। ਇਨ੍ਹਾਂ ਰਸਮਾਂ ਨੂੰ ਸਮਝਣ ਲਈ ਬੀਬੀਸੀ ਤਾਮਿਲ ਨੇ ਉਨ੍ਹਾਂ ਵਲੰਟੀਅਰਾਂ ਨਾਲ ਗੱਲਬਾਤ ਕੀਤੀ ਜੋ ਵਾਈਲਡਲਾਈਫ ਕ੍ਰਾਈਮ ਕੰਟ੍ਰੋਲ ਬਿਊਰੋ (ਡਬਲਿਯੂਸੀਸੀਬੀ) ਨਾਲ ਕੰਮ ਕਰਨ ਵਾਲੇ ਇੱਕ ਗੁਪਤ ਜਾਣਕਾਰੀ ਸਾਂਝਾ ਕਰਨ ਵਾਲੇ ਨੈੱਟਵਰਕ ਦਾ ਹਿੱਸਾ ਹਨ।
ਇਨ੍ਹਾਂ ਵਲੰਟੀਅਰਾਂ ਮੁਤਾਬਕ, ਤੰਤਰ-ਮੰਤਰ ਅਤੇ ਕਾਲੇ ਜਾਦੂ ਦੀਆਂ ਰਸਮਾਂ ਵਿੱਚ ਸਲੇਂਡਰ ਲੋਰਿਸ ਨਾਲ ਬੇਹੱਦ ਬੇਰਹਿਮੀ ਵਰਤੀ ਜਾਂਦੀ ਹੈ।
ਇੱਕ ਵਲੰਟੀਅਰ ਨੇ ਕਿਹਾ, "ਕਾਲੇ ਜਾਦੂ ਵਿੱਚ ਉਨ੍ਹਾਂ ਨੂੰ ਪੁਤਲਿਆਂ ਵਾਂਗ ਵਰਤਿਆ ਜਾਂਦਾ ਹੈ। ਤਾਂਤਰਿਕ ਰਸਮਾਂ ਵਿੱਚ ਸ਼ਾਮਲ ਲੋਕ ਜ਼ਿੰਦਾ ਸਲੇਂਡਰ ਲੋਰਿਸ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਦੌਰਾਨ ਉਨ੍ਹਾਂ ਦੇ ਸਰੀਰਾਂ ਨੂੰ ਤਸੀਹੇ ਦਿੱਤੇ ਜਾਂਦੇ ਹਨ, ਜਿਸ ਵਿੱਚ ਸੂਈਆਂ ਨਾਲ ਵਿੰਨਣਾ ਵੀ ਸ਼ਾਮਲ ਹੁੰਦਾ ਹੈ।"
2022 ਵਿੱਚ ਪ੍ਰਕਾਸ਼ਿਤ ਇੱਕ ਰਿਸਰਚ ਪੇਪਰ, ਜਿਸ ਵਿੱਚ ਕਾਲੇ ਜਾਦੂ ਵਿੱਚ ਸਲੇਂਡਰ ਲੋਰਿਸ ਦੀ ਵਰਤੋਂ ਨੂੰ ਦਰਜ ਕੀਤਾ ਗਿਆ, ਵਿੱਚ ਪਾਇਆ ਗਿਆ ਕਿ ਖੋਜਕਾਰਾਂ ਵੱਲੋਂ ਜਾਂਚੇ ਗਏ ਜਾਨਵਰਾਂ ਦੇ ਸਰੀਰਾਂ 'ਤੇ ਛੋਟੀਆਂ ਸੂਈਆਂ ਨਾਲ ਕੀਤੇ ਗਏ ਕਈ ਛੇਦਾਂ ਦੇ ਨਿਸ਼ਾਨ ਸਨ। ਇਹ ਨਿਸ਼ਾਨ ਅੱਖਾਂ, ਟੰਗਾਂ ਅਤੇ ਦਿਲ ਸਣੇ ਸਰੀਰ ਦੇ ਵੱਖ-ਵੱਖ ਹਿੱਸਿਆਂ 'ਤੇ ਮਿਲੇ।

ਤਸਵੀਰ ਸਰੋਤ, TNWCCB
ਖੋਜ ਟੀਮ ਦੀ ਮੈਂਬਰ ਅਤੇ ਬੈਂਗਲੁਰੂ ਦੇ ਬੈਨਰਘੱਟਾ ਸਥਿਤ ਵਾਈਲਡਲਾਈਫ ਰੈਸਕਿਊ ਐਂਡ ਰਿਹੈਬਿਲੀਟੇਸ਼ਨ ਸੈਂਟਰ ਦੀ ਸੀਨੀਅਰ ਵੈਟਰਨਰੀ ਡਾਕਟਰ ਰੂਪਾ ਸਤੀਸ਼ ਨੇ ਦੱਸਿਆ ਕਿ ਅਜਿਹੀਆਂ ਰਸਮਾਂ ਅਕਸਰ ਮੱਸਿਆ ਦੀਆਂ ਰਾਤਾਂ ਨੂੰ ਕੀਤੀਆਂ ਜਾਂਦੀਆਂ ਹਨ।
ਰਸਮ ਬਾਰੇ ਸਮਝਾਉਂਦੇ ਹੋਏ ਡਾ. ਰੂਪਾ ਨੇ ਕਿਹਾ, "ਕਿਉਂਕਿ ਸਲੇਂਡਰ ਲੋਰਿਸ ਦੀ ਸਰੀਰਕ ਬਣਾਵਟ ਮਨੁੱਖੀ ਆਕਾਰ ਨਾਲ ਮਿਲਦੀ ਹੈ, ਇਸਨੂੰ ਵੂਡੂ ਗੁੱਡੀ ਵਾਂਗ ਵਰਤਿਆ ਜਾਂਦਾ ਹੈ। ਇਨ੍ਹਾਂ ਰਸਮਾਂ ਦੌਰਾਨ ਇਸਦੇ ਸਰੀਰ ਵਿੱਚ ਸੂਈਆਂ ਚੁਭੋਈਆਂ ਜਾਂਦੀਆਂ ਹਨ। ਮੈਂ ਖ਼ੁਦ ਅਜਿਹੀਆਂ ਰੀਤਾਂ ਦਾ ਸ਼ਿਕਾਰ ਬਣੇ ਸਲੇਂਡਰ ਲੋਰਿਸ ਦਾ ਇਲਾਜ ਕੀਤਾ ਹੈ।"
ਉਨ੍ਹਾਂ ਨੇ ਕਿਹਾ ਕਿ ਸ਼ੁਰੂ ਵਿੱਚ ਬਚਾਅ ਕਰਮਚਾਰੀਆਂ ਨੂੰ ਲੱਗਦਾ ਸੀ ਕਿ ਇਹ ਸੱਟਾਂ ਹਾਦਸਿਆਂ ਜਾਂ ਹੋਰ ਜਾਨਵਰਾਂ ਦੇ ਹਮਲਿਆਂ ਕਾਰਨ ਲੱਗੀਆਂ ਹੋ ਸਕਦੀਆਂ ਹਨ।
ਉਨ੍ਹਾਂ ਨੇ ਅੱਗੇ ਕਿਹਾ, "ਪਰ ਸਮੇਂ ਦੇ ਨਾਲ ਅਸੀਂ ਵੇਖਿਆ ਕਿ ਬਚਾਏ ਗਏ ਕਈ ਸਲੇਂਡਰ ਲੋਰਿਸ ਦੇ ਖ਼ਾਸ ਅੰਗਾਂ 'ਤੇ ਇੱਕ ਨਿਯਮਤ ਪੈਟਰਨ ਅਨੁਸਾਰ ਸੱਟਾਂ ਸਨ। ਉਦੋਂ ਸਾਨੂੰ ਸਮਝ ਆਈ ਕਿ ਕੁਝ ਲੋਕ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਅਤੇ ਬੇਰਹਿਮੀ ਭਰੀਆਂ ਕਾਲੇ ਜਾਦੂ ਦੀਆਂ ਰਸਮਾਂ ਵਿੱਚ ਵਰਤ ਰਹੇ ਹਨ।"
ਡਬਲਿਯੂਸੀਸੀਬੀ ਨਾਲ ਗੁਪਤ ਤੌਰ 'ਤੇ ਜਾਣਕਾਰੀ ਸਾਂਝੀ ਕਰਨ ਵਾਲੇ ਵਲੰਟੀਅਰ ਨੇ ਵੀ ਆਪਣੀ ਪਛਾਣ ਗੁਪਤ ਰੱਖਦਿਆਂ ਬੀਬੀਸੀ ਤਾਮਿਲ ਨੂੰ ਦੱਸਿਆ ਕਿ ਕੁਝ ਲੋਕ ਮੰਨਦੇ ਹਨ ਕਿ ਸਲੇਂਡਰ ਲੋਰਿਸ ਦੇ ਕੁਝ ਸਰੀਰਕ ਅੰਗਾਂ ਵਿੱਚ ਦਵਾਈ ਵਾਲੇ ਗੁਣ ਹੁੰਦੇ ਹਨ। ਉਨ੍ਹਾਂ ਦੇ ਅਨੁਸਾਰ, ਇਹ ਅੰਗ ਅੱਖਾਂ ਨਾਲ ਸਬੰਧਤ ਬਿਮਾਰੀਆਂ ਅਤੇ ਜੋੜਾਂ ਦੇ ਦਰਦ ਦਾ ਇਲਾਜ ਕਰਨ ਦੇ ਦਾਅਵੇ ਵਾਲੀਆਂ ਦਵਾਈਆਂ ਵਿੱਚ ਵਰਤੇ ਜਾਂਦੇ ਹਨ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੁਝ ਜੋਤਿਸ਼ੀ ਭਵਿੱਖਬਾਣੀ ਕਰਨ, ਬੁਰੀਆਂ ਆਤਮਾਵਾਂ ਨੂੰ ਦੂਰ ਕਰਨ ਅਤੇ ਬਿਮਾਰੀਆਂ ਠੀਕ ਕਰਨ ਵਰਗੀਆਂ ਗਤੀਵਿਧੀਆਂ ਲਈ ਜ਼ਿੰਦਾ ਸਲੇਂਡਰ ਲੋਰਿਸ ਦੀ ਵਰਤੋਂ ਕਰਨ ਦੀਆਂ ਰਿਪੋਰਟਾਂ ਮਿਲਦੀਆਂ ਹਨ।

ਤਸਵੀਰ ਸਰੋਤ, HANDOUT
'ਇਹ ਬਚਣਾ ਅਸੰਭਵ ਬਣਾ ਦਿੰਦਾ ਹੈ'
ਅਜਿਹੀਆਂ ਰਸਮਾਂ ਕਰਨ ਵਾਲੇ ਲੋਕ ਅਕਸਰ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਸਲੇਂਡਰ ਲੋਰਿਸ ਨੂੰ ਛੱਡ ਦਿੰਦੇ ਹਨ। ਪਰ ਮਾਹਰਾਂ ਮੁਤਾਬਕ, ਉਨ੍ਹਾਂ ਨੂੰ ਲੱਗੀਆਂ ਸੱਟਾਂ ਕਾਰਨ ਇਹ ਜਾਨਵਰ ਜੀਣ ਦੇ ਯੋਗ ਨਹੀਂ ਰਹਿੰਦੇ ਅਤੇ ਕੁਝ ਹੀ ਦਿਨਾਂ ਵਿੱਚ ਮਰ ਜਾਂਦੇ ਹਨ।
ਡਾ. ਰੂਪਾ ਸਤੀਸ਼ ਨੇ ਕਿਹਾ ਕਿ ਮਹੱਤਵਪੂਰਨ ਅੰਗਾਂ ਨੂੰ ਹੋਇਆ ਨੁਕਸਾਨ ਬਚਣ ਨੂੰ ਅਸੰਭਵ ਬਣਾ ਦਿੰਦਾ ਹੈ। ਜਦੋਂ ਉਹ ਆਪਣੇ ਵੇਖੇ ਜ਼ਖ਼ਮਾਂ ਦੀ ਗੰਭੀਰਤਾ ਬਾਰੇ ਦੱਸ ਰਹੀ ਸੀ, ਤਾਂ ਉਨ੍ਹਾਂ ਦੀ ਆਵਾਜ਼ ਭਾਵੁਕਤਾ ਨਾਲ ਕੰਬ ਰਹੀ ਸੀ।
ਜਾਂਚ ਦੌਰਾਨ ਸਲੇਂਡਰ ਲੋਰਿਸ ਦੀਆਂ ਸੰਭਾਲ ਕੇ ਰੱਖੀਆਂ ਗਈਆਂ ਲਾਸ਼ਾਂ ਵੀ ਬਰਾਮਦ ਹੋਈਆਂ ਹਨ, ਜਿਨ੍ਹਾਂ ਦੇ ਸਰੀਰਕ ਅੰਗ ਪੂਰੀ ਤਰ੍ਹਾਂ ਵੱਖ ਕੀਤੇ ਹੋਏ ਸਨ।
ਇਸ ਬਾਰੇ ਪੁੱਛੇ ਜਾਣ 'ਤੇ ਡਾ. ਰੂਪਾ ਨੇ ਕਿਹਾ, "ਰਵਾਇਤੀ ਦਵਾਈ ਦੀ ਆੜ ਵਿੱਚ ਸਰੀਰ ਦੇ ਅੰਗਾਂ ਨੂੰ ਦਵਾਈਆਂ ਤਿਆਰ ਕਰਨ ਜਾਂ ਜਾਦੂ-ਟੂਣੇ ਲਈ ਲੋੜੀਂਦੀ ਸਮੱਗਰੀ ਬਣਾਉਣ ਲਈ ਕੱਟਿਆ ਗਿਆ ਹੋ ਸਕਦਾ ਹੈ।"
ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਇਹ ਅਜੇ ਵੀ ਸਪੱਸ਼ਟ ਨਹੀਂ ਹੈ ਕਿ ਸੰਭਾਲ ਕੇ ਰੱਖੀਆਂ ਗਈਆਂ ਇਹ ਲਾਸ਼ਾਂ ਦੀ ਵਰਤੋਂ ਆਖ਼ਿਰਕਾਰ ਕਿਵੇਂ ਹੁੰਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਅਜਿਹੀਆਂ ਗਤੀਵਿਧੀਆਂ ਬਹੁਤ ਜ਼ਿਆਦਾ ਗੁਪਤ ਤਰੀਕੇ ਨਾਲ ਕੀਤੀਆਂ ਜਾਂਦੀਆਂ ਹਨ, ਜਿਸ ਕਾਰਨ ਇਹ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ ਕਿ ਇਹ ਰਸਮਾਂ ਕਿੱਥੇ, ਕਿਵੇਂ ਅਤੇ ਕਿਸ ਵੱਲੋਂ ਅਦਾ ਕੀਤੀਆਂ ਜਾਂਦੀਆਂ ਹਨ।
ਸੜੀਆਂ ਹੋਈਆਂ ਲੱਤਾਂ ਵਾਲੀ ਸਲੇਂਡਰ ਲੋਰਿਸ ਦਾ ਬਚਾਅ ਕਾਰਜ

ਤਸਵੀਰ ਸਰੋਤ, HANDOUT
ਡਾ. ਰੂਪਾ ਸਤੀਸ਼ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਦੁਰਲਭ ਕਹਿ ਕੇ ਰੱਦ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਦਸੰਬਰ ਵਿੱਚ ਬਚਾਈ ਗਈ ਇੱਕ ਸਲੇਂਡਰ ਲੋਰਿਸ ਦੇ ਮਾਮਲੇ ਦਾ ਜ਼ਿਕਰ ਕੀਤਾ, ਜਿਸ ਬਾਰੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਕਾਲੇ ਜਾਦੂ ਦੀ ਰਸਮ ਦਾ ਸ਼ਿਕਾਰ ਬਣੀ ਸੀ।
ਉਨ੍ਹਾਂ ਨੇ ਕਿਹਾ, "ਦਸੰਬਰ ਦੇ ਅਖ਼ੀਰ ਵਿੱਚ ਗੰਭੀਰ ਜ਼ਖ਼ਮਾਂ ਨਾਲ ਭਰੀ ਇੱਕ ਸਲੇਂਡਰ ਲੋਰਿਸ ਨੂੰ ਬਚਾ ਕੇ ਇਲਾਜ ਲਈ ਮੇਰੇ ਕੋਲ ਲਿਆਂਦਾ ਗਿਆ। ਉਸਦੇ ਸਰੀਰ ਦੀ ਹਾਲਤ ਤੋਂ ਤੁਰੰਤ ਸਪੱਸ਼ਟ ਹੋ ਗਿਆ ਸੀ ਕਿ ਉਸਨੂੰ ਕਾਲੇ ਜਾਦੂ ਦੀ ਰਸਮ ਦੇ ਤਹਿਤ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਸੀ।"
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਾਨਵਰ ਦੇ ਬਚਾਅ ਕਾਰਜ ਤੋਂ ਸਿਰਫ਼ ਇੱਕ ਹਫ਼ਤਾ ਪਹਿਲਾਂ ਮੱਸਿਆ ਦਾ ਦਿਨ ਸੀ।
ਉਨ੍ਹਾਂ ਨੇ ਕਿਹਾ, "ਉਸਦੇ ਜ਼ਖ਼ਮ ਇਹ ਦਰਸਾਉਂਦੇ ਸਨ ਕਿ ਇਸ ਨਿੱਕੇ ਜਿਹੇ ਜਾਨਵਰ ਨੇ ਕਿੰਨੀ ਭਿਆਨਕ ਬੇਰਹਿਮੀ ਸਹੀ ਸੀ। ਇਹ ਬੇਹੱਦ ਅਣਮਨੁੱਖੀ ਕਿਰਤ ਹੈ। ਅਸੀਂ ਉਸਦਾ ਇਲਾਜ ਕਰਨ ਅਤੇ ਉਸਨੂੰ ਸਿਹਤਮੰਦ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।"
ਹਾਲਾਂਕਿ ਉਨ੍ਹਾਂ ਨੇ ਦੱਸਿਆ ਕਿ ਕਈ ਦਿਨਾਂ ਦੀ ਤਕਲੀਫ਼ ਤੋਂ ਬਾਅਦ ਉਹ ਸਲੇਂਡਰ ਲੋਰਿਸ ਆਪਣੇ ਜ਼ਖ਼ਮਾਂ ਕਾਰਨ ਜਾਨ ਗੁਆ ਬੈਠੀ ਅਤੇ ਜਨਵਰੀ ਦੇ ਅਖ਼ੀਰ ਤੱਕ ਉਸ ਦੀ ਮੌਤ ਹੋ ਗਈ।
ਡਾ. ਰੂਪਾ ਨੇ ਕਿਹਾ, "ਅਜਿਹੇ ਕਾਰਜ ਉਨ੍ਹਾਂ ਜਾਨਵਰਾਂ ਦੇ ਜਿਉਣ ਲਈ ਗੰਭੀਰ ਖ਼ਤਰਾ ਪੈਦਾ ਕਰਦੇ ਹਨ, ਜੋ ਪਹਿਲਾਂ ਹੀ ਲੁਪਤ ਹੋਣ ਦੀ ਕਗਾਰ 'ਤੇ ਹਨ ਅਤੇ ਜਿੰਨ੍ਹਾਂ ਦੀ ਤੁਰੰਤ ਸੁਰੱਖਿਆ ਦੀ ਲੋੜ ਹੈ। ਇਹ ਜ਼ਰੂਰੀ ਹੈ ਕਿ ਇਨ੍ਹਾਂ ਅਪਰਾਧਾਂ ਨੂੰ ਰੋਕਣ ਲਈ ਕਠੋਰ ਕਦਮ ਉਠਾਏ ਜਾਣ।"
ਜੰਗਲ ਵਿਭਾਗ ਵੱਲੋਂ ਕੀ ਕਦਮ ਚੁੱਕੇ ਜਾ ਰਹੇ ਹਨ?

ਤਸਵੀਰ ਸਰੋਤ, HANDOUT
ਸਲੇਂਡਰ ਲੋਰਿਸ ਦੇ ਆਵਾਸ ਸੁਰੱਖਿਅਤ ਕਰਨ ਲਈ ਤਾਮਿਲਨਾਡੂ ਸਰਕਾਰ ਨੇ 2022 ਵਿੱਚ ਕਦਾਵੁਰ ਸਲੇਂਡਰ ਲੋਰਿਸ ਸੈਂਚੁਰੀ ਖੇਤਰ ਸਥਾਪਿਤ ਕੀਤਾ।
ਤਾਮਿਲਨਾਡੂ ਵਾਤਾਵਰਣ ਅਤੇ ਜੰਗਲਾਤ ਵਿਭਾਗ ਦੀ ਵਧੀਕ ਮੁੱਖ ਸਕੱਤਰ ਸੁਪ੍ਰਿਆ ਸਾਹੂ, ਜਿਨ੍ਹਾਂ ਨੇ ਇਨ੍ਹਾਂ ਯਤਨਾਂ ਦੀ ਅਗਵਾਈ ਕੀਤੀ, ਨੇ ਕਿਹਾ ਕਿ ਜੰਗਲੀ ਜੀਵ ਅਪਰਾਧਾਂ ਦੇ ਮਾਮਲਿਆਂ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਨੂੰ ਅਪਰਾਧਾਂ ਵਿੱਚ ਵਾਧੇ ਵਜੋਂ ਨਹੀਂ ਸਮਝਿਆ ਜਾਣਾ ਚਾਹੀਦਾ।
ਉਨ੍ਹਾਂ ਨੇ ਬੀਬੀਸੀ ਤਾਮਿਲ ਨੂੰ ਦੱਸਿਆ, "ਰਜਿਸਟਰਡ ਮਾਮਲਿਆਂ ਵਿੱਚ ਵਾਧਾ ਜੰਗਲੀ ਜੀਵ ਅਪਰਾਧਾਂ ਵਿੱਚ ਵਾਧੇ ਦਾ ਸੰਕੇਤ ਨਹੀਂ ਦਿੰਦਾ। ਸਗੋਂ, ਇਹ ਮਜ਼ਬੂਤ ਖ਼ੁਫ਼ੀਆ ਨੈੱਟਵਰਕਾਂ ਅਤੇ ਬਿਹਤਰ ਭਾਈਚਾਰਕ ਭਾਗੀਦਾਰੀ ਨੂੰ ਦਰਸਾਉਂਦਾ ਹੈ।"
ਮਿਸ ਸਾਹੂ ਮੁਤਾਬਕ, ਇੱਕ ਮਜ਼ਬੂਤ ਖ਼ੁਫ਼ੀਆ ਜਾਣਕਾਰੀ ਇਕੱਠਾ ਕਰਨ ਵਾਲਾ ਢਾਂਚਾ ਤਾਮਿਲਨਾਡੂ ਫਾਰੈਸਟ ਅਤੇ ਵਾਈਲਡਲਾਈਫ ਕ੍ਰਾਈਮ ਕੰਟ੍ਰੋਲ ਬਿਊਰੋ (ਐੱਨਟੀਐੱਫਡਬਲਿਯੂਸੀਸੀਬੀ) ਨੂੰ ਉਹ ਅਪਰਾਧ ਪਛਾਣਣਨ ਯੋਗ ਬਣਾਉਂਦਾ ਹੈ, ਜੋ ਪਹਿਲਾਂ ਅਣੌਗਲੇ ਰਹਿੰਦੇ ਸਨ।
ਉਸਨੇ ਕਿਹਾ, "ਇਹ ਚੰਗੀ ਤਰ੍ਹਾਂ ਸਥਾਪਿਤ ਖ਼ੁਫ਼ੀਆ ਨੈੱਟਵਰਕ ਤਾਮਿਲਨਾਡੂ ਵਿੱਚ ਜੰਗਲੀ ਜੀਵਾਂ ਦੇ ਅਪਰਾਧਾਂ ਦਾ ਪਤਾ ਲਗਾਉਣ ਅਤੇ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।"
"ਨੈੱਟਵਰਕ ਰਾਹੀਂ ਇਕੱਠੀ ਕੀਤੀ ਗਈ ਜਾਣਕਾਰੀ ਨੇ ਰਾਜ ਭਰ ਵਿੱਚ ਖੋਜ ਦਰਾਂ ਵਿੱਚ ਕਾਫ਼ੀ ਸੁਧਾਰ ਕੀਤਾ ਹੈ, ਜਿਸ ਵਿੱਚ ਸਲੇਂਡਰ ਲੋਰਿਸ ਅਤੇ ਪੈਂਗੋਲਿਨ ਵਰਗੀਆਂ ਖ਼ਤਰੇ ਵਿੱਚ ਪੈ ਰਹੀਆਂ ਪ੍ਰਜਾਤੀਆਂ ਦੇ ਮਾਮਲੇ ਵੀ ਸ਼ਾਮਲ ਹਨ। ਇਸ ਨਾਲ ਨਿਸ਼ਾਨਾਬੱਧ ਛਾਪੇਮਾਰੀ ਅਤੇ ਸ਼ਾਮਿਲ ਲੋਕਾਂ ਦੀ ਗ੍ਰਿਫ਼ਤਾਰੀ ਸੰਭਵ ਹੋਈ ਹੈ।"

ਤਸਵੀਰ ਸਰੋਤ, N.Senthil Kumaran
ਉਨ੍ਹਾਂ ਨੇ ਇਹ ਵੀ ਜੋੜਿਆ ਕਿ ਹਰ ਬਚਾਈ ਗਈ ਸਲੇਂਡਰ ਲੋਰਿਸ ਨੂੰ ਵਾਪਸ ਜੰਗਲ ਵਿੱਚ ਛੱਡਣ ਤੋਂ ਪਹਿਲਾਂ ਇੱਕ ਮੈਡੀਕਲ ਜਾਂਚ ਤੋਂ ਕੱਢਿਆ ਜਾਂਦਾ ਹੈ।
ਕਦਾਵੁਰ ਸਲੇਂਡਰ ਲੋਰਿਸ ਸੈਂਚੁਰੀ ਖੇਤਰ ਦੇ ਕੰਮ ਬਾਰੇ ਵੇਰਵਾ ਦਿੰਦਿਆਂ ਮਿਸ ਸਾਹੂ ਨੇ ਕਿਹਾ ਕਿ ਪੂਰੇ ਸਾਲ ਕਈ ਗਤੀਵਿਧੀਆਂ ਚਲਾਈਆਂ ਜਾਂਦੀਆਂ ਹਨ, ਜਿਸ ਵਿੱਚ ਸੰਭਾਲ ਪਹਿਲਕਦਮੀਆਂ, ਈਕੋਟੂਰਿਜ਼ਮ, ਈਕੋ-ਵਿਕਾਸ ਪ੍ਰੋਗਰਾਮ, ਖੋਜ ਅਤੇ ਜੰਗਲੀ ਜੀਵ ਬਚਾਅ ਸ਼ਾਮਲ ਹਨ।
ਉਨ੍ਹਾਂ ਨੇ ਕਿਹਾ, "ਵਿਕਾਸਸ਼ੀਲ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ, ਸਥਾਨਕ ਸਮੁਦਾਇਆਂ ਵਿੱਚ ਜਾਗਰੂਕਤਾ ਵਧਾਉਣ ਲਈ ਵਾਈਲਡਲਾਈਫ ਸੰਭਾਲ ਸਿੱਖਿਆ ਅਤੇ ਨਿਗਰਾਨੀ ਪ੍ਰੋਗਰਾਮ ਚਲਾਏ ਜਾ ਰਹੇ ਹਨ।"
ਉਨ੍ਹਾਂ ਨੇ ਅੱਗੇ ਕਿਹਾ ਕਿ ਲੋਕਾਂ ਨੂੰ ਪਤਲੇ ਲੋਰੀਜ਼ ਦੇ ਵਾਤਾਵਰਣ ਦੇ ਮਹੱਤਵ ਬਾਰੇ ਸਿੱਖਿਅਤ ਕਰਕੇ ਅੰਧਵਿਸ਼ਵਾਸ-ਸੰਚਾਲਿਤ ਅਭਿਆਸਾਂ ਦਾ ਮੁਕਾਬਲਾ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ, ਨਾਲ ਹੀ ਸਮਾਜਿਕ-ਆਰਥਿਕ ਤੰਦਰੁਸਤੀ ਨਾਲ ਸੰਭਾਲ ਟੀਚਿਆਂ ਨੂੰ ਜੋੜ ਕੇ ਸਥਾਨਕ ਰੋਜ਼ੀ-ਰੋਟੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



































