ਕੋਟਦੁਆਰ 'ਚ ਦੀਪਕ ਕਸ਼ਯਪ ਨੇ 'ਮੁਹੰਮਦ ਦੀਪਕ' ਬਣਕੇ ਵਕੀਲ ਅਹਿਮਦ ਲਈ ਅਜਿਹਾ ਕੀ ਕੀਤਾ ਕਿ ਦੋਵੇਂ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਏ ਹਨ

ਦੀਪਕ ਕਸ਼ਯਪ ਅਤੇ ਵਕੀਲ ਅਹਿਮਦ

ਤਸਵੀਰ ਸਰੋਤ, Asif Ali/BBC

ਤਸਵੀਰ ਕੈਪਸ਼ਨ, ਕੋਟਦੁਆਰ ਵਿੱਚ 26 ਜਨਵਰੀ ਨੂੰ ਕੱਪੜਿਆਂ ਦੀ ਇੱਕ ਦੁਕਾਨ ਦੇ ਨਾਮ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ 'ਮੁਹੰਮਦ ਦੀਪਕ' ਅਤੇ ਵਕੀਲ ਅਹਿਮਦ ਦੇਸ਼ ਭਰ ਵਿੱਚ ਚਰਚਾ 'ਚ ਆ ਗਏ ਹਨ
    • ਲੇਖਕ, ਆਸਿਫ਼ ਅਲੀ
    • ਰੋਲ, ਬੀਬੀਸੀ ਹਿੰਦੀ ਲਈ
  • ਪੜ੍ਹਨ ਦਾ ਸਮਾਂ: 7 ਮਿੰਟ

ਇੱਕ ਜਿਮ ਟ੍ਰੇਨਰ ਅਤੇ ਇੱਕ ਬੁਜ਼ੁਰਗ ਦੁਕਾਨਦਾਰ - ਦੋ ਵੱਖ-ਵੱਖ ਪੀੜ੍ਹੀਆਂ, ਵੱਖ-ਵੱਖ ਪਿਛੋਕੜਾਂ ਤੋਂ ਆਉਣ ਵਾਲੇ ਲੋਕ ਪਰ ਇੱਕ ਘਟਨਾ ਇਨ੍ਹਾਂ ਦੋਹਾਂ ਦੀ ਜ਼ਿੰਦਗੀ ਨੂੰ ਆਹਮੋ-ਸਾਹਮਣੇ ਲੈ ਆਈ।

ਕੋਟਦੁਆਰ ਵਿੱਚ 26 ਜਨਵਰੀ ਨੂੰ ਕੱਪੜਿਆਂ ਦੀ ਇੱਕ ਦੁਕਾਨ ਦੇ ਨਾਮ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਇਹ ਦੋਵੇਂ ਜਣੇ ਦੇਸ਼ ਭਰ ਵਿੱਚ ਚਰਚਾ 'ਚ ਆ ਗਏ ਹਨ।

ਸੜਕਾਂ ਤੋਂ ਲੈ ਕੇ ਸੋਸ਼ਲ ਅਤੇ ਰਾਸ਼ਟਰੀ ਮੀਡੀਆ ਤੱਕ ਅਤੇ ਥਾਣਿਆਂ ਤੋਂ ਲੈ ਕੇ ਸਿਆਸੀ ਬਹਿਸਾਂ ਤੱਕ ਵਿੱਚ ਇਸ ਘਟਨਾ ਦੀ ਗੂੰਜ ਹੈ। ਪਰ ਇਸ ਸ਼ੋਰ ਵਿਚਕਾਰ ਉਹ ਦੋਵੇਂ ਉਸ ਘਟਨਾ ਤੋਂ ਬਾਅਦ ਇਹ ਇਕੱਠੇ ਨਜ਼ਰ ਨਹੀਂ ਆਏ ਸਨ।

ਉਸ ਘਟਨਾ ਨੇ ਦੋਹਾਂ ਦੀ ਹੀ ਜ਼ਿੰਦਗੀ ਨੂੰ ਵੱਖ-ਵੱਖ ਢੰਗ ਨਾਲ ਛੂਹਿਆ।

ਬੀਬੀਸੀ ਨਿਊਜ਼ ਹਿੰਦੀ ਨਾਲ ਗੱਲਬਾਤ ਦੌਰਾਨ ਇਹ ਦੋਵੇਂ ਇਕੱਠੇ ਆਏ। ਦੀਪਕ ਕਸ਼ਯਪ, ਜਿਨ੍ਹਾਂ ਨੇ 26 ਜਨਵਰੀ ਨੂੰ ਦਖਲਅੰਦਾਜ਼ੀ ਦੌਰਾਨ ਆਪਣਾ ਨਾਮ 'ਮੁਹੰਮਦ ਦੀਪਕ' ਦੱਸਿਆ ਸੀ, ਅਤੇ ਵਕੀਲ ਅਹਿਮਦ, ਜਿਨ੍ਹਾਂ ਦੀ ਦੁਕਾਨ 'ਬਾਬਾ ਕਲੈਕਸ਼ਨ' ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਸੀ।

ਦੀਪਕ ਕਸ਼ਯਪ ਅਤੇ ਵਕੀਲ ਅਹਿਮਦ

ਤਸਵੀਰ ਸਰੋਤ, Asif Ali/BBC

ਤਸਵੀਰ ਕੈਪਸ਼ਨ, ਬੀਬੀਸੀ ਨਿਊਜ਼ ਹਿੰਦੀ ਨਾਲ ਗੱਲਬਾਤ ਦੌਰਾਨ ਇਹ ਦੋਵੇਂ ਘਟਨਾ ਵਾਲੇ ਦਿਨ ਤੋਂ ਬਾਅਦ ਪਹਿਲੀ ਵਾਰ ਇਕੱਠੇ ਆਏ

ਇਨ੍ਹਾਂ ਦੋਵਾਂ ਦੀ ਮੁਲਾਕਾਤ ਵੀ ਅਜਿਹੇ ਦਿਨ ਹੋ ਰਹੀ ਸੀ, ਜਦੋਂ ਦੀਪਕ ਦਾ ਜਨਮਦਿਨ ਸੀ। ਉਹ ਕਹਿੰਦੇ ਹਨ ਕਿ ਜਨਮਦਿਨ ਮੌਕੇ ਅਤੇ ਇਸ ਪੂਰੇ ਘਟਨਾਕ੍ਰਮ ਦੇ ਵਿਚਕਾਰ ਉਨ੍ਹਾਂ ਨੂੰ ਵਕੀਲ ਅਹਿਮਦ ਨੂੰ ਦੇਖ ਕੇ ਸੁਕੂਨ ਮਹਿਸੂਸ ਹੋਇਆ।

ਦੀਪਕ ਨੇ ਕਿਹਾ, "ਇਨ੍ਹਾਂ ਦੀ ਤਬੀਅਤ ਪਹਿਲਾਂ ਨਾਲੋਂ ਬਿਹਤਰ ਲੱਗ ਰਹੀ ਹੈ। ਵਾਕਈ ਚੰਗਾ ਲੱਗ ਰਿਹਾ ਹੈ।"

ਦੀਪਕ ਲਈ ਵੀ ਇਹ ਸਿਰਫ਼ ਇੱਕ ਰਸਮੀ ਮੁਲਾਕਾਤ ਨਹੀਂ ਸੀ, ਇਹ ਉਸ ਦਿਨ ਦੀ ਅਧੂਰੀ ਗੱਲਬਾਤ ਨੂੰ ਅੱਗੇ ਵਧਾਉਣ ਦਾ ਇੱਕ ਮੌਕਾ ਸੀ।

ਵਕੀਲ ਅਹਿਮਦ ਵੀ ਕੁਝ ਇਸੇ ਤਰ੍ਹਾਂ ਮਹਿਸੂਸ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਦੋਵੇਂ ਸਹਿਮੇ ਹੋਏ ਸਨ, ਇਸ ਲਈ ਮੁਲਾਕਾਤ ਨਹੀਂ ਹੋ ਸਕੀ। ਵਕੀਲ ਅਹਿਮਦ ਕਹਿੰਦੇ ਹਨ ਕਿ ਘਟਨਾ ਤੋਂ ਬਾਅਦ ਉਹ ਮਾਨਸਿਕ ਅਤੇ ਸਰੀਰਕ ਤੌਰ 'ਤੇ ਠੀਕ ਨਹੀਂ ਸਨ, ਇਸ ਕਰਕੇ ਇਹ ਮੁਲਾਕਾਤ ਟਲਦੀ ਰਹੀ।

ਉਨ੍ਹਾਂ ਕਿਹਾ, "ਅੱਜ ਥੋੜ੍ਹੀ ਸਿਹਤ ਠੀਕ ਹੋਣ 'ਤੇ ਮੈਂ ਦੀਪਕ ਨੂੰ ਮਿਲਣ ਆਇਆ ਹਾਂ। ਉਹ ਪਲ ਅੱਜ ਵੀ ਯਾਦ ਆ ਜਾਂਦਾ ਹੈ, ਜਿਸ ਵਿਚੋਂ ਮੈਂ ਲੰਘਿਆ।"

ਜਦੋਂ ਉਸ ਦਿਨ ਮਾਹੌਲ ਬਦਲ ਗਿਆ...

31 ਜਨਵਰੀ ਨੂੰ ਬਜਰੰਗ ਦਲ ਨਾਲ ਜੁੜੇ ਦਰਜਨਾਂ ਕਾਰਕੁਨ ਕੋਟਦਵਾਰ ਪਹੁੰਚੇ ਅਤੇ ਨਾਅਰੇਬਾਜ਼ੀ ਕੀਤੀ

ਤਸਵੀਰ ਸਰੋਤ, Screen Grab/Social Media

ਤਸਵੀਰ ਕੈਪਸ਼ਨ, 31 ਜਨਵਰੀ ਨੂੰ ਬਜਰੰਗ ਦਲ ਨਾਲ ਜੁੜੇ ਦਰਜਨਾਂ ਕਾਰਕੁਨ ਕੋਟਦਵਾਰ ਪਹੁੰਚੇ ਅਤੇ ਨਾਅਰੇਬਾਜ਼ੀ ਕੀਤੀ

26 ਜਨਵਰੀ ਨੂੰ ਵਕੀਲ ਅਹਿਮਦ ਆਪਣੀ ਦੁਕਾਨ 'ਤੇ ਸਨ। ਉਨ੍ਹਾਂ ਦੱਸਿਆ ਕਿ ਉਸ ਦਿਨ ਕੁਝ ਨੌਜਵਾਨ ਉਨ੍ਹਾਂ ਦੀ ਦੁਕਾਨ 'ਤੇ ਆਏ ਅਤੇ ਦੁਕਾਨ ਦੇ ਨਾਮ 'ਤੇ ਸਵਾਲ ਚੁੱਕਣ ਲੱਗੇ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗੱਲ ਨਾਮ ਬਦਲਣ ਤੋਂ ਸ਼ੁਰੂ ਹੋਈ, ਪਰ ਲਹਿਜ਼ੇ ਅਤੇ ਦਬਾਅ ਨੇ ਸਥਿਤੀ ਨੂੰ ਤਣਾਅ ਵਾਲੀ ਬਣਾ ਦਿੱਤਾ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਨੇ ਸਥਿਤੀ ਨੂੰ ਸਮਝਦੇ ਹੋਏ ਦੁਕਾਨ ਦਾ ਨਾਮ ਬਦਲਣ ਲਈ ਸਮਾਂ ਮੰਗਿਆ, ਪਰ ਸਾਹਮਣੇ ਤੋਂ ਤੁਰੰਤ ਬਦਲਾਅ ਦਾ ਦਬਾਅ ਬਣਾਇਆ ਗਿਆ। ਇੱਥੋਂ ਹੀ ਗੱਲਬਾਤ ਅਸਹਿਜ ਹੁੰਦੀ ਚਲੀ ਗਈ।

ਵਕੀਲ ਅਹਿਮਦ ਦੱਸਦੇ ਹਨ ਕਿ ਉਸੇ ਵੇਲੇ ਦੀਪਕ ਉੱਥੇ ਪਹੁੰਚੇ। ਉਨ੍ਹਾਂ ਨੂੰ ਲੱਗਿਆ ਕਿ ਕੋਈ ਬੁਜ਼ੁਰਗ ਦਬਾਅ ਹੇਠ ਹੈ ਅਤੇ ਉਨ੍ਹਾਂ ਦੀ ਤਬੀਅਤ ਵੀ ਠੀਕ ਨਹੀਂ ਹੈ।

ਉਸ ਦਿਨ ਬਾਰੇ ਦੀਪਕ ਦੱਸਦੇ ਹਨ ਕਿ ਉਨ੍ਹਾਂ ਨੇ ਉੱਥੇ ਵੇਖਿਆ ਕਿ ਸਾਹਮਣੇ ਕੋਈ ਬੁਜ਼ੁਰਗ ਵਿਅਕਤੀ ਹੈ ਅਤੇ ਉਸ ਦੇ ਸਾਹਮਣੇ ਵੱਧ ਲੋਕ ਹਨ।

ਦੀਪਕ ਕਹਿੰਦੇ ਹਨ, "ਮੈਨੂੰ ਇਹ ਠੀਕ ਨਹੀਂ ਲੱਗਿਆ ਕਿ ਕਈ ਨੌਜਵਾਨ ਇੱਕ ਬੁਜ਼ੁਰਗ ਨਾਲ ਇਸ ਤਰ੍ਹਾਂ ਗੱਲ ਕਰ ਰਹੇ ਹਨ। ਇੱਥੋਂ ਹੀ ਮੈਂ ਦਖ਼ਲ ਦਿੱਤਾ।"

ਵਕੀਲ ਅਹਿਮਦ ਮੰਨਦੇ ਹਨ ਕਿ ਉਸ ਵੇਲੇ ਭੀੜ ਵਿਚਕਾਰ ਕੋਈ ਹੋਰ ਬੋਲਣ ਲਈ ਤਿਆਰ ਨਹੀਂ ਸੀ।

ਵਕੀਲ ਅਹਿਮਦ ਕਹਿੰਦੇ ਹਨ, "ਭੀੜ ਜਿਸ ਤਰ੍ਹਾਂ ਆਈ ਸੀ, ਉਹ ਆਪਣੀ ਗੱਲ ਮਨਵਾਉਣ ਲਈ ਕਿਸੇ ਹੱਦ ਤੱਕ ਵੀ ਜਾ ਸਕਦੀ ਸੀ। ਅਸੀਂ ਘਬਰਾ ਗਏ ਸੀ।"

'ਦੀਪਕ ਦਾ ਆਉਣਾ ਸਹਾਰੇ ਵਰਗਾ ਸੀ'

ਵਕੀਲ ਅਹਿਮਦ

ਇਸ ਘਟਨਾ ਦੌਰਾਨ ਜਦੋਂ ਦੀਪਕ ਤੋਂ ਉਨ੍ਹਾਂ ਦਾ ਨਾਮ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਆਪਣਾ ਨਾਮ "ਮੁਹੰਮਦ ਦੀਪਕ" ਦੱਸਿਆ।

ਇਹ ਗੱਲ ਬਾਅਦ ਵਿੱਚ ਬਹਿਸ ਦਾ ਹਿੱਸਾ ਬਣੀ, ਪਰ ਦੀਪਕ ਇਸ ਨੂੰ ਕਿਸੇ ਰਣਨੀਤੀ ਦੀ ਬਜਾਏ ਉਸ ਪਲ ਦੀ ਲੋੜ ਦੱਸਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਉਸ ਸਮੇਂ ਮਾਹੌਲ ਧਰਮ ਅਤੇ ਪਛਾਣ ਵੱਲ ਵਧ ਰਿਹਾ ਸੀ। ਉਨ੍ਹਾਂ ਇਹ ਦਰਸਾਉਣਾ ਚਾਹਿਆ ਕਿ ਇਨਸਾਨੀਅਤ ਕਿਸੇ ਇੱਕ ਪਛਾਣ ਦੀ ਮੋਹਤਾਜ ਨਹੀਂ ਹੁੰਦੀ।

ਦੀਪਕ ਦੱਸਦੇ ਹਨ ਕਿ ਵਕੀਲ ਅਹਿਮਦ ਨਾਲ ਉਨ੍ਹਾਂ ਦੀ ਪਹਿਲਾਂ ਕੋਈ ਨੇੜਤਾ ਨਹੀਂ ਸੀ। ਸਿਰਫ਼ ਇੰਨਾ ਸੀ ਕਿ ਉਹ ਉਨ੍ਹਾਂ ਨੂੰ ਬੁਜ਼ੁਰਗ ਮੰਨਦੇ ਸਨ ਅਤੇ ਰਸਤੇ ਵਿੱਚ ਮਿਲਣ 'ਤੇ ਸਲਾਮ-ਨਮਸਤੇ ਕਰ ਲੈਂਦੇ ਸਨ।

ਵਕੀਲ ਅਹਿਮਦ ਲਈ ਵੀ ਇਹ ਕਿਸੇ ਜਾਣ-ਪਛਾਣ ਦਾ ਮਾਮਲਾ ਨਹੀਂ ਸੀ।

ਉਨ੍ਹਾਂ ਲਈ ਇਹ ਉਸ ਪਲ ਦੀ ਗੱਲ ਸੀ, ਜਦੋਂ ਕਿਸੇ ਨੇ ਬਿਨਾਂ ਕੁਝ ਸੋਚੇ ਉਨ੍ਹਾਂ ਦਾ ਸਾਥ ਦਿੱਤਾ।

ਦੋਵੇਂ ਇਸ ਗੱਲ 'ਤੇ ਸਹਿਮਤ ਨਜ਼ਰ ਆਏ ਕਿ ਉਸ ਦਿਨ ਜੋ ਕੁਝ ਹੋਇਆ, ਉਹ ਇਸ ਲਈ ਅਸਧਾਰਣ ਬਣਿਆ ਕਿਉਂਕਿ ਆਮ ਤੌਰ 'ਤੇ ਲੋਕ ਅਜਿਹੇ ਮੌਕਿਆਂ 'ਤੇ ਚੁੱਪ ਰਹਿ ਜਾਂਦੇ ਹਨ।

ਸਮਰਥਨ, ਡਰ ਅਤੇ ਅੱਗੇ ਦੀ ਰਾਹ

ਘਟਨਾ ਤੋਂ ਬਾਅਦ ਦੀਪਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਏ।

ਫ਼ੋਨ ਕਾਲਾਂ, ਮਿਲਣ ਆਉਣ ਵਾਲੇ ਲੋਕ, ਤਸਵੀਰਾਂ - ਸਭ ਕੁਝ ਉਨ੍ਹਾਂ ਲਈ ਨਵਾਂ ਸੀ।

ਦੀਪਕ ਕਹਿੰਦੇ ਹਨ ਕਿ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਇੱਕ ਸਧਾਰਣ ਦਖ਼ਲ ਇੰਨਾ ਵੱਡਾ ਮੁੱਦਾ ਬਣ ਜਾਵੇਗਾ।

ਉਨ੍ਹਾਂ ਦੇ ਅਨੁਸਾਰ, ਉਨ੍ਹਾਂ ਨੇ ਉਹੀ ਕੀਤਾ ਜੋ ਉਨ੍ਹਾਂ ਨੂੰ ਠੀਕ ਲੱਗਿਆ।

ਵਕੀਲ ਅਹਿਮਦ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਜੇ ਮਦਦ ਕਰਨ ਵਾਲਿਆਂ ਨੂੰ ਹੀ ਮੁਸ਼ਕਲਾਂ ਝੱਲਣੀਆਂ ਪੈਣ, ਤਾਂ ਲੋਕ ਅੱਗੇ ਆਉਣ ਤੋਂ ਡਰਣਗੇ।

ਹਾਲਾਂਕਿ ਉਹ ਇਹ ਵੀ ਮੰਨਦੇ ਹਨ ਕਿ ਇਸ ਘਟਨਾ ਨੇ ਕੁਝ ਲੋਕਾਂ ਨੂੰ ਸੋਚਣ ਲਈ ਮਜਬੂਰ ਕੀਤਾ ਹੈ।

ਦੋਵੇਂ ਇਸ ਸਵਾਲ 'ਤੇ ਵੀ ਗੱਲ ਕਰਦੇ ਹਨ ਕਿ ਅੱਜ ਲੋਕ ਇੱਕ-ਦੂਜੇ ਲਈ ਸਾਹਮਣੇ ਕਿਉਂ ਨਹੀਂ ਆਉਂਦੇ।

ਦੀਪਕ ਦਾ ਮੰਨਣਾ ਹੈ, "ਜੇ ਅੱਜ ਅਸੀਂ ਚੁੱਪ ਰਹਿੰਦੇ ਹਾਂ, ਤਾਂ ਕੱਲ੍ਹ ਸਾਡੇ ਬੱਚੇ ਵੀ ਓਹੀ ਚੁੱਪੀ ਸਿੱਖਣਗੇ।"

ਵਕੀਲ ਅਹਿਮਦ ਕਹਿੰਦੇ ਹਨ ਕਿ ਇਨਸਾਨੀਅਤ ਕਿਸੇ ਇੱਕ ਧਰਮ ਦੀ ਜਾਇਦਾਦ ਨਹੀਂ ਹੁੰਦੀ।

ਦੀਪਕ ਕਸ਼ਯਮ

ਦੀਪਕ ਦਾ ਕਹਿਣਾ ਹੈ ਕਿ ਇਹ ਕੋਈ ਅਸਧਾਰਣ ਵਾਅਦਾ ਨਹੀਂ, ਸਗੋਂ ਸਵਭਾਵਿਕ ਪ੍ਰਤੀਕਿਰਿਆ ਹੈ। ਉਹ ਕਹਿੰਦੇ ਹਨ ਕਿ ਜੇ ਭਵਿੱਖ ਵਿੱਚ ਉਨ੍ਹਾਂ ਦੇ ਸਾਹਮਣੇ ਫਿਰ ਉਸੇ ਤਰ੍ਹਾਂ ਦੀ ਸਥਿਤੀ ਆਉਂਦੀ ਹੈ ਤਾਂ ਉਨ੍ਹਾਂ ਦਾ ਰੁਖ਼ ਨਹੀਂ ਬਦਲੇਗਾ, ਜਿਸ ਤਰ੍ਹਾਂ ਉਸ ਦਿਨ ਉਹ ਅੱਗੇ ਆਏ ਸਨ, ਓਸੇ ਤਰ੍ਹਾਂ ਫਿਰ ਕਰਨਗੇ।

ਵਕੀਲ ਅਹਿਮਦ ਵੀ ਮੰਨਦੇ ਹਨ ਕਿ ਉਸ ਦਿਨ ਹਾਲਾਤ ਕਿਸ ਦਿਸ਼ਾ ਵੱਲ ਜਾ ਸਕਦੇ ਸਨ, ਇਹ ਸੋਚਣਾ ਹੀ ਉਨ੍ਹਾਂ ਨੂੰ ਬੇਚੈਨ ਕਰ ਦਿੰਦਾ ਹੈ। ਉਨ੍ਹਾਂ ਮੁਤਾਬਕ, ਜੇ ਉਸ ਵੇਲੇ ਦੀਪਕ ਉੱਥੇ ਨਹੀਂ ਹੁੰਦੇ, ਤਾਂ ਗੱਲ ਸਿਰਫ਼ ਬਹਿਸ ਤੱਕ ਸੀਮਿਤ ਰਹਿੰਦੀ ਜਾਂ ਨਹੀਂ, ਇਹ ਕਹਿਣਾ ਮੁਸ਼ਕਲ ਹੈ।

ਗੱਲਬਾਤ ਹੌਲੀ-ਹੌਲੀ ਉਸ ਬਿੰਦੂ 'ਤੇ ਪਹੁੰਚਦੀ ਹੈ, ਜਿੱਥੇ ਸਵਾਲ ਘਟਨਾ ਤੋਂ ਅੱਗੇ ਵਧ ਕੇ ਭਵਿੱਖ 'ਤੇ ਟਿਕ ਜਾਂਦਾ ਹੈ - ਦੋਹਾਂ ਦੇ ਸੁਪਨਿਆਂ ਦੇ ਭਾਰਤ 'ਤੇ।

ਦੀਪਕ ਕਹਿੰਦੇ ਹਨ ਕਿ ਉਹ ਅਜਿਹੇ ਦੇਸ਼ ਦੀ ਕਲਪਨਾ ਕਰਦੇ ਹਨ, ਜਿੱਥੇ ਲੋਕ ਆਪਣੀ ਪਛਾਣ ਤੋਂ ਪਹਿਲਾਂ ਇਨਸਾਨ ਹੋਣ, ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਇਕੱਠੇ ਰਹਿਣ, ਇਕੱਠੇ ਚੱਲਣ ਅਤੇ ਇੱਕ-ਦੂਜੇ ਨਾਲ ਸਨਮਾਨ ਸਹਿਤ ਪੇਸ਼ ਆਉਣ।

ਵਕੀਲ ਅਹਿਮਦ ਲਈ ਵੀ ਭਾਰਤ ਦੀ ਤਸਵੀਰ ਇਸ ਤੋਂ ਵੱਖਰੀ ਨਹੀਂ ਹੈ। ਉਨ੍ਹਾਂ ਦੇ ਸ਼ਬਦਾਂ ਵਿੱਚ, ਇੱਕ ਚੰਗਾ ਇਨਸਾਨ ਉਹੀ ਹੁੰਦਾ ਹੈ ਜੋ ਦੂਜੇ ਦੇ ਭਲੇ ਬਾਰੇ ਸੋਚੇ - ਬਿਨਾਂ ਇਹ ਦੇਖੇ ਕਿ ਉਹ ਕੌਣ ਹੈ ਅਤੇ ਕਿੱਥੋਂ ਆਇਆ ਹੈ।

ਗੱਲਬਾਤ ਦੇ ਅੰਤ ਵਿੱਚ ਦੀਪਕ ਕਹਿੰਦੇ ਹਨ ਕਿ ਇਹ ਮੁਲਾਕਾਤ ਇੱਥੇ ਹੀ ਖਤਮ ਨਹੀਂ ਹੋਵੇਗੀ। ਜਦੋਂ ਵੀ ਉਹ ਉਸ ਸੜਕ ਤੋਂ ਲੰਘਣਗੇ, ਵਕੀਲ ਅਹਿਮਦ ਨੂੰ ਮਿਲਣਾ ਉਨ੍ਹਾਂ ਦੀ ਤਰਜੀਹ ਰਹੇਗੀ। ਉਹ ਕਹਿੰਦੇ ਹਨ ਕਿ ਬਜ਼ੁਰਗਾਂ ਦਾ ਆਸ਼ੀਰਵਾਦ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਪੂੰਜੀ ਹੁੰਦਾ ਹੈ।

ਸਾਂਝੀ ਉਮੀਦ

ਦੀਪਕ ਕਸ਼ਯਪ ਅਤੇ ਵਕੀਲ ਅਹਿਮਦ

ਤਸਵੀਰ ਸਰੋਤ, Asif Ali/BBC

ਤਸਵੀਰ ਕੈਪਸ਼ਨ, ਦੀਪਕ ਕਹਿੰਦੇ ਹਨ ਕਿ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਇੱਕ ਸਧਾਰਣ ਦਖ਼ਲ ਇੰਨਾ ਵੱਡਾ ਮੁੱਦਾ ਬਣ ਜਾਵੇਗਾ

ਦੀਪਕ ਮਜ਼ਾਕ ਵਿੱਚ ਆਪਣੇ "ਜਿਮ ਲਵਰ" ਹੋਣ ਦੀ ਗੱਲ ਕਰਦਿਆਂ ਕਹਿੰਦੇ ਹਨ, "ਬਾਹਰੋਂ ਮਜ਼ਬੂਤ, ਅੰਦਰੋਂ ਨਰਮ।"

ਵਕੀਲ ਅਹਿਮਦ ਮੁਸਕਰਾਉਂਦੇ ਹਨ ਅਤੇ ਕਹਿੰਦੇ ਹਨ ਕਿ ਦੀਪਕ ਨੂੰ ਦੇਖ ਕੇ ਉਨ੍ਹਾਂ ਨੂੰ ਊਰਜਾ ਮਿਲਦੀ ਹੈ।

ਦੋਵੇਂ ਕਹਿੰਦੇ ਹਨ ਕਿ ਉਹ ਮਿਲਦੇ ਰਹਿਣਗੇ।

ਕੋਟਦੁਆਰ ਵਿੱਚ ਇਹ ਮੁਲਾਕਾਤ ਕਿਸੇ ਵਿਵਾਦ ਦਾ ਹੱਲ ਨਹੀਂ ਹੈ, ਸਗੋਂ ਇੱਕ ਸੰਕੇਤ ਹੈ ਕਿ ਰੌਲ਼ੇ ਤੋਂ ਬਾਅਦ ਵੀ ਗੱਲਬਾਤ ਦੀ ਗੁੰਜਾਇਸ਼ ਬਚੀ ਰਹਿੰਦੀ ਹੈ।

ਇਸ ਗੱਲਬਾਤ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਕਿਸੇ ਬਹਿਸ ਜਾਂ ਇਲਜ਼ਾਮ ਦੀ ਕਹਾਣੀ ਨਹੀਂ ਹੈ। ਇਹ ਦੋ ਲੋਕਾਂ ਦੀਆਂ ਸਾਂਝੀ ਯਾਦ, ਸਾਂਝੇ ਡਰ ਅਤੇ ਸਾਂਝੀ ਉਮੀਦ ਦੀ ਕਹਾਣੀ ਹੈ।

ਇੱਕ ਜਿਮ ਟ੍ਰੇਨਰ ਅਤੇ ਇੱਕ ਬਜ਼ੁਰਗ ਦੁਕਾਨਦਾਰ ਜੋ ਅੱਜ ਇਕੱਠੇ ਬੈਠ ਕੇ ਇਹ ਦੱਸ ਰਹੇ ਹਨ ਕਿ ਇਨਸਾਨੀਅਤ ਅਜੇ ਵੀ ਜ਼ਿੰਦਾ ਹੈ, ਬਸ ਇਸਨੂੰ ਆਵਾਜ਼ ਦੇਣ ਦੀ ਲੋੜ ਹੈ।

ਪੂਰਾ ਮਾਮਲਾ ਕੀ ਸੀ

ਦੀਪਕ ਕਸ਼ਯਪ 26 ਜਨਵਰੀ ਨੂੰ ਉਸ ਸਮੇਂ ਸੁਰਖੀਆਂ ਵਿੱਚ ਆਏ ਜਦੋਂ ਇੱਕ ਵੀਡੀਓ ਵਾਇਰਲ ਹੋਇਆ, ਜਿਸ ਵਿੱਚ ਉਹ ਕੋਟਦਵਾਰ ਦੇ ਪਟੇਲ ਰੋਡ 'ਤੇ ਬਜਰੰਗ ਦਲ ਦੇ ਕਾਰਕੁਨਾਂ ਨਾਲ ਬਹਿਸ ਕਰਦੇ ਨਜ਼ਰ ਆਏ।

ਗਣਤੰਤਰ ਦਿਵਸ ਦੇ ਮੌਕੇ 'ਤੇ ਕਥਿਤ ਤੌਰ 'ਤੇ ਕੁਝ ਬਜਰੰਗ ਦਲ ਦੇ ਕੁਝ ਕਾਰਕੁਨ ਕੋਟਦਵਾਰ ਵਿੱਚ ਉਸ ਦੁਕਾਨ 'ਤੇ ਪਹੁੰਚੇ ਸਨ, ਜਿਸ ਦਾ ਨਾਮ "ਬਾਬਾ ਸਕੂਲ ਡਰੈੱਸ ਐਂਡ ਮੈਚਿੰਗ ਸੈਂਟਰ" ਹੈ।

ਇਹ ਲੋਕ 75 ਸਾਲਾ ਵਕੀਲ ਅਹਿਮਦ 'ਤੇ ਦਬਾਅ ਪਾ ਰਹੇ ਸਨ ਕਿ ਉਹ ਦੁਕਾਨ ਦੇ ਨਾਮ ਤੋਂ "ਬਾਬਾ" ਸ਼ਬਦ ਹਟਾ ਦੇਣ।

ਉਸ ਸਮੇਂ ਦੀਪਕ ਦੇ ਦਖਲ ਤੋਂ ਬਾਅਦ ਉਹ ਲੋਕ ਵਾਪਸ ਚਲੇ ਗਏ। ਪਰ ਫਿਰ 31 ਜਨਵਰੀ ਨੂੰ ਬਜਰੰਗ ਦਲ ਨਾਲ ਜੁੜੇ ਦਰਜਨਾਂ ਕਾਰਕੁਨ ਕੋਟਦਵਾਰ ਪਹੁੰਚੇ ਅਤੇ ਨਾਅਰੇਬਾਜ਼ੀ ਕੀਤੀ।

ਬਾਅਦ ਵਿੱਚ ਪੁਲਿਸ ਨੇ ਦੋਵਾਂ ਧਿਰਾਂ ਵਿਰੁੱਧ ਐਫਆਈਆਰ ਦਰਜ ਕੀਤੀ, ਜਿਸ ਵਿੱਚ ਦੀਪਕ ਦਾ ਨਾਮ ਵੀ ਸ਼ਾਮਲ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)