ਰੇਜ ਰੂਮ ਕੀ ਹੁੰਦਾ, ਜਿੱਥੇ ਪੁਰਾਣੀਆਂ ਚੀਜ਼ਾਂ ਭੰਨ ਕੇ 'ਚੰਗਾ ਮਹਿਸੂਸ' ਕਰਨ ਦਾ ਦਾਅਵਾ ਕਰ ਰਹੀਆਂ ਹਨ ਔਰਤਾਂ

ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੀਨਾ ਮੁਤਾਬਕ ਰੇਜ ਰੂਮ ਦਾ ਤਜਰਬਾ ਹੈਰਾਨੀਜਨਕ ਤੌਰ 'ਤੇ ਸੰਤੁਲਿਤ, ਸੋਚ-ਸਮਝ ਕੇ ਕੀਤਾ ਹੋਇਆ ਅਤੇ ਸਰੀਰਕ ਰਾਹਤ ਦੇਣ ਵਾਲਾ ਸੀ
    • ਲੇਖਕ, ਐਨਾਬੇਲ ਰੈਕਹੈਮ
    • ਰੋਲ, ਬੀਬੀਸੀ ਨਿਊਜ਼
  • ਪੜ੍ਹਨ ਦਾ ਸਮਾਂ: 6 ਮਿੰਟ

ਸ਼ੁਰੂ ਵਿੱਚ ਹਲਕੀ ਬੇਅਰਾਮੀ ਮਹਿਸੂਸ ਹੋਈ, ਪਰ ਡੀਨਾ ਲਈ ਇਹ ਤਜਰਬਾ ਉਮੀਦ ਤੋਂ ਬਿਲਕੁਲ ਵੱਖਰਾ ਨਿਕਲਿਆ। ਰੇਜ ਰੂਮ, ਜਿੱਥੇ ਲੋਕ ਨਿਰਜੀਵ ਚੀਜ਼ਾਂ ਤੋੜ ਕੇ ਆਪਣਾ ਗੁੱਸਾ ਕੱਢਦੇ ਹਨ, ਉੱਥੇ ਉਨ੍ਹਾਂ ਨੂੰ ਨਾਂ ਤਾਂ ਹਮਲਾਵਰ ਹੋਣ ਵਰਗਾ ਲੱਗਿਆ ਸੀ ਅਤੇ ਨਾਂ ਹੀ ਬੇਕਾਬੂ ਹੋਣ ਵਰਗਾ।

ਉਨ੍ਹਾਂ ਦੇ ਮੁਤਾਬਕ, ਇਹ ਤਜਰਬਾ ਹੈਰਾਨੀਜਨਕ ਤੌਰ 'ਤੇ ਸੰਤੁਲਿਤ, ਸੋਚ-ਸਮਝ ਕੇ ਕੀਤਾ ਹੋਇਆ ਅਤੇ ਸਰੀਰਕ ਰਾਹਤ ਦੇਣ ਵਾਲਾ ਸੀ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਮੈਂ ਇੱਕ ਵਾਰ ਇਸ ਵਿੱਚ ਰਮ ਗਈ, ਤਾਂ ਇਹ ਭਾਵਨਾਤਮਕ ਗੁੱਸੇ ਦੀ ਬਜਾਏ ਸਰੀਰਕ ਤੌਰ 'ਤੇ ਰਾਹਤ ਦੇਣ ਵਾਲਾ ਲੱਗਿਆ।"

ਡੀਨਾ ਉਨ੍ਹਾਂ ਔਰਤਾਂ ਵਿੱਚੋਂ ਇੱਕ ਹੈ, ਜਿਨ੍ਹਾਂ ਦੀ ਗਿਣਤੀ ਰਿਪੋਰਟਾਂ ਮੁਤਾਬਕ ਵੱਧ ਰਹੀ ਹੈ। ਇਹ ਔਰਤਾਂ ਖ਼ਾਸ ਸੁਰੱਖਿਆ ਕਿੱਟ ਪਾ ਕੇ ਟੀਵੀ, ਫਰਨੀਚਰ ਅਤੇ ਕਰਾਕਰੀ (ਕੱਚ ਦੇ ਭਾਂਡੇ) ਵਰਗੀਆਂ ਪੁਰਾਣੀਆਂ ਚੀਜ਼ਾਂ ਨੂੰ ਹਥੌੜੇ ਨਾਲ ਤੋੜਨ ਲਈ ਪੈਸੇ ਦਿੰਦੀਆਂ ਹਨ।

ਅਜਿਹਾ ਮੰਨਿਆ ਜਾਂਦਾ ਹੈ ਕਿ ਰੇਜ ਰੂਮ ਦੀ ਧਾਰਨਾ 2000 ਦੇ ਅਖੀਰਲੇ ਸਾਲਾਂ ਵਿੱਚ ਜਪਾਨ ਤੋਂ ਸ਼ੁਰੂ ਹੋਈ ਸੀ। ਹਾਲਾਂਕਿ ਡੋਨਾ ਅਲੈਗਜ਼ੈਂਡਰ ਨਾਮ ਦੀ ਇੱਕ ਔਰਤ ਕਹਿੰਦੀ ਹੈ ਕਿ ਉਨ੍ਹਾਂ ਨੇ ਉਸ ਸਮੇਂ ਆਪਣੇ ਟੈਕਸਸ ਦੇ ਗੈਰੇਜ ਵਿੱਚ ਇੱਕ 'ਐਂਗਰ ਰੂਮ' ਬਣਾਇਆ ਸੀ, ਜਿੱਥੇ ਲੋਕ ਆ ਕੇ ਗ਼ੈਰ-ਕਾਨੂੰਨੀ ਤਰੀਕੇ ਨਾਲ ਸੁੱਟੀਆਂ ਗਈਆਂ ਚੀਜ਼ਾਂ ਨੂੰ ਤੋੜ ਸਕਦੇ ਸਨ।

ਯੂਕੇ ਵਿੱਚ ਅਜੇ ਵੀ ਅਜਿਹੀਆਂ ਥਾਵਾਂ ਘੱਟ ਹਨ, ਜਿੱਥੇ ਲੋਕਾਂ ਨੂੰ ਬੇਸਬਾਲ ਬੈਟ ਦੇ ਕੇ ਚੀਜ਼ਾਂ ਤੋੜਣ ਦੀ ਆਜ਼ਾਦੀ ਮਿਲਦੀ ਹੈ। ਇਨ੍ਹਾਂ ਥਾਵਾਂ ਨੂੰ ਤਣਾਅ ਘਟਾਉਣ ਅਤੇ ਦੱਬਿਆ ਹੋਇਆ ਗੁੱਸਾ ਕੱਢਣ ਦੇ ਤਰੀਕੇ ਵਜੋਂ ਪੇਸ਼ ਕੀਤਾ ਜਾਂਦਾ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਦੇ ਗਾਹਕ ਕਾਫ਼ੀ ਵੱਧ ਹਨ ਅਤੇ ਕੁਝ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਜ਼ਿਆਦਾਤਰ ਗਾਹਕ ਔਰਤਾਂ ਹਨ।

ਡੀਨਾ ਨੇ ਦੱਸਿਆ ਕਿ ਉਨ੍ਹਾਂ ਨੇ ਸ਼ੁਰੂ ਵਿੱਚ ਸਿਰਫ਼ ਉਤਸੁਕਤਾ ਦੇ ਕਾਰਨ ਇਹ ਤਜਰਬਾ ਕੀਤਾ ਸੀ।

ਉਨ੍ਹਾਂ ਦਾ ਕਹਿਣਾ ਹੈ, "ਮੈਂ ਗੁੱਸੇ ਜਾਂ ਭੜਕਣ ਵਾਲੀ ਔਰਤ ਨਹੀਂ ਹਾਂ। ਮੈਂ ਆਮ ਤੌਰ 'ਤੇ ਸ਼ਾਂਤ ਅਤੇ ਧੀਰਜ ਵਾਲੀ ਲੱਗਦੀ ਹਾਂ, ਇਸ ਲਈ ਸ਼ੁਰੂ ਵਿੱਚ ਇਹ ਮੈਨੂੰ ਕਾਫ਼ੀ ਅਜੀਬ ਅਤੇ ਲਗਭਗ ਗ਼ਲਤ ਜਿਹਾ ਲੱਗਿਆ।"

ਬਾਅਦ ਵਿੱਚ ਉਨ੍ਹਾਂ ਨੇ ਆਪਣੇ ਆਪ ਨੂੰ ਬਹੁਤ ਹਲਕਾ ਅਤੇ ਬਹੁਤ ਸ਼ਾਂਤ ਮਹਿਸੂਸ ਕੀਤਾ। ਉਨ੍ਹਾਂ ਨੇ ਇਸ ਅਨੁਭਵ ਦੀ ਤੁਲਨਾ 'ਰੀਸੈਟ ਸਵਿੱਚ' ਦਬਾਉਣ ਜਾਂ 'ਇੱਕ ਵਧੀਆ ਡੂੰਘੀ ਟਿਸ਼ੂ ਮਸਾਜ' ਨਾਲ ਕੀਤੀ।

ਡੀਨਾ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਬਹੁਤ ਤੇਜ਼ ਰਫ਼ਤਾਰ ਵਾਲਾ ਹੈ ਅਤੇ ਇਸ ਵਿੱਚ ਵੱਡੀ ਜ਼ਿੰਮੇਵਾਰੀ ਨਾਲ ਫ਼ੈਸਲੇ ਲੈਣੇ ਪੈਂਦੇ ਹਨ। ਹੁਣ ਉਨ੍ਹਾਂ ਨੂੰ ਲੱਗਦਾ ਹੈ ਕਿ ਰੇਜ ਰੂਮ ਇਸ ਵਿੱਚ ਉਨ੍ਹਾਂ ਦੀ ਮਦਦ ਕਰ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਜੇ ਉਹ ਬਹੁਤ ਜ਼ਿਆਦਾ ਤਣਾਅ ਵਿੱਚ ਹੋਈ ਤਾਂ ਉਹ ਮੁੜ ਉੱਥੇ ਜਾਣਗੇ।

ਰੇਜ ਰੂਮ
ਤਸਵੀਰ ਕੈਪਸ਼ਨ, ਡੀਨਾ ਕਹਿੰਦੇ ਹਨ ਕਿ ਉਹ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਨ ਲਈ ਇੱਕ ਗੁੱਸੇ ਵਾਲੇ ਕਮਰੇ ਵਿੱਚ ਗਈ ਸੀ

'ਅਜੀਬ ਤਰ੍ਹਾਂ ਦੀ ਆਜ਼ਾਦੀ ਮਹਿਸੂਸ ਕਰਵਾਉਣ ਵਾਲਾ'

ਇਸੇ ਤਰ੍ਹਾਂ ਸ਼ੁਕਾ ਨੇ ਕਿਹਾ ਕਿ ਉਹ ਗੁੱਸੇ ਵਿੱਚ ਨਹੀਂ ਸੀ, ਪਰ ਉਹ ਇਹ ਜਾਣਨਾ ਚਾਹੁੰਦੀ ਸੀ ਕਿ ਆਪਣੇ ਆਪ ਨੂੰ ਖੁੱਲ੍ਹਾ ਛੱਡਣ 'ਤੇ ਕਿਵੇਂ ਮਹਿਸੂਸ ਹੁੰਦਾ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਮਨਪਸੰਦ ਗੀਤਾਂ ਦੀ ਪਲੇਲਿਸਟ ਸੁਣਦੇ ਹੋਏ ਇੱਕ ਕਾਰ ਤੋੜਨ ਲਈ ਦਿੱਤੀ ਗਈ।

ਉਨ੍ਹਾਂ ਨੇ ਕਿਹਾ, "ਇਹ ਮੇਰੀ ਉਮੀਦ ਤੋਂ ਕਿਤੇ ਵੱਧ ਸੰਤੁਸ਼ਟ ਕਰਨ ਵਾਲਾ ਸੀ। ਚੀਜ਼ਾਂ ਤੋੜਨਾ ਅਤੇ ਕਿਸੇ ਗੱਲ ਦੀ ਪਰਵਾਹ ਨਾ ਕਰਨੀ, ਇਸ ਵਿੱਚ ਇੱਕ ਅਜੀਬ ਜਿਹੀ ਆਜ਼ਾਦੀ ਸੀ।"

ਉਨ੍ਹਾਂ ਨੇ ਦੱਸਿਆ, "ਇਸ ਤੋਂ ਬਾਅਦ ਮੈਨੂੰ ਲੱਗਾ ਕਿ ਇਸ ਨਾਲ ਦਿਮਾਗ਼ ਦੇ ਨਾਲ-ਨਾਲ ਸਰੀਰਕ ਕਸਰਤ ਵੀ ਕਰ ਲਈ ਹੋਵੇ।"

ਈਸਟ ਸਸੈਕਸ ਵਿੱਚ ਇੱਕ ਰੇਜ ਰੂਮ ਦੀ ਸਹਿ-ਮਾਲਕ ਅਤੇ ਸੰਸਥਾਪਕ ਕੇਟ ਕਟਲਰ ਕਹਿੰਦੀ ਹੈ ਕਿ ਇਹ ਥਾਂ ਔਰਤ ਗਾਹਕਾਂ ਨਾਲ ਲਗਾਤਾਰ ਵਧੇਰੇ ਮਸਰੂਫ਼ ਰਹਿੰਦਾ ਹੈ।

ਉਨ੍ਹਾਂ ਨੇ ਇਹ ਰੇਜ ਰੂਮ ਉਸ ਸਮੇਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਸੀ, ਜਦੋਂ ਉਸਦੀ ਧੀ ਦੀ ਦਿਮਾਗ ਦੇ ਕੈਂਸਰ ਨਾਲ ਜੂਝਦੇ ਹੋਏ ਮੌਤ ਹੋ ਗਈ ਸੀ। ਰੇਜ ਰੂਮ ਜਾਣਾ ਉਨ੍ਹਾਂ ਦੀ ਆਪਣੀ ਸੂਚੀ ਵਿੱਚ ਵੀ ਸ਼ਾਮਲ ਸੀ।

ਰੇਜ ਰੂਮ

ਤਸਵੀਰ ਸਰੋਤ, Shuka Piryaee

ਤਸਵੀਰ ਕੈਪਸ਼ਨ, ਸ਼ੁਕਾ ਕਹਿੰਦੀ ਹੈ ਕਿ ਗੁੱਸੇ ਵਾਲੇ ਕਮਰੇ ਵਿੱਚ ਜਾਣਾ "ਰੀਸੈਟ ਕਰਨ ਦਾ ਇੱਕ ਮਜ਼ੇਦਾਰ ਅਤੇ ਹਾਸੋਹੀਣਾ ਤਰੀਕਾ ਹੈ"

ਉਨ੍ਹਾਂ ਨੇ ਦੱਸਿਆ ਕਿ ਕੁਝ ਔਰਤਾਂ ਧੋਖੇ ਜਾਂ ਬ੍ਰੇਕਅੱਪ ਕਾਰਨ ਇੱਥੇ ਆਉਂਦੀਆਂ ਹਨ, ਜਦਕਿ ਕਈ ਵਾਰ ਔਰਤਾਂ ਸਿਰਫ਼ ਇਸ ਲਈ ਆਉਂਦੀਆਂ ਹਨ ਕਿਉਂਕਿ "ਉਨ੍ਹਾਂ ਨੂੰ ਬਿਨਾਂ ਕਿਸੇ ਖ਼ਾਸ ਕਾਰਨ ਗੁੱਸਾ ਆ ਰਿਹਾ ਹੁੰਦਾ ਹੈ।"

ਲੇਖਕ ਅਤੇ ਮਨੋਚਿਕਿਤਸਕ ਜੈਨਿਫਰ ਕੌਕਸ ਨੇ ਰੇਡੀਓ 4 ਵੂਮੈਨਜ਼ ਆਵਰ ਨੂੰ ਦੱਸਿਆ ਕਿ ਉਨ੍ਹਾਂ ਦੇ ਮੁਤਾਬਕ ਔਰਤਾਂ ਨੂੰ ਅਕਸਰ ਇਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਕਿ ਉਹ ਆਪਣੀ ਨਿਰਾਸ਼ਾ, ਗੁੱਸਾ, ਹਮਲਾਵਰਤਾ ਅਤੇ ਕ੍ਰੋਧ ਵਰਗੀਆਂ ਭਾਵਨਾਵਾਂ ਨੂੰ ਦਬਾ ਕੇ ਰੱਖਣ।

ਉਹ ਕਹਿੰਦੀ ਹੈ ਕਿ ਖ਼ਾਸ ਕਰਕੇ ਔਰਤਾਂ ਅਕਸਰ ਕੰਮ, ਮਾਪਿਆਂ ਅਤੇ ਛੋਟੇ ਬੱਚਿਆਂ ਦੀਆਂ ਮੰਗਾਂ ਵਿਚਕਾਰ ਫਸ ਜਾਂਦੀਆਂ ਹਨ ਅਤੇ ਇਸ ਕਾਰਨ ਉਹ ਗੁੱਸੇ ਵਿੱਚ ਆ ਸਕਦੀਆਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਅਸਲ ਵਿੱਚ ਇਹ ਭਾਵਨਾਵਾਂ ਬਾਹਰ ਕੱਢਣੀਆਂ ਚਾਹੀਦੀਆਂ ਹਨ ਅਤੇ ਇਸ ਤਰ੍ਹਾਂ ਦੀਆਂ ਥਾਵਾਂ, ਜਿੱਥੇ ਔਰਤਾਂ ਸੁਰੱਖਿਅਤ ਤਰੀਕੇ ਨਾਲ ਗੁੱਸਾ ਕੱਢ ਸਕਦੀਆਂ ਹਨ, ਕਾਫ਼ੀ ਮਦਦਗਾਰ ਹੋ ਸਕਦੀਆਂ ਹਨ।

ਉਹ ਸੁਝਾਅ ਦਿੰਦੀ ਹੈ ਕਿ ਗੱਦੀਆਂ ਅਤੇ ਸਿਰਹਾਣਿਆਂ ਨਾਲ ਘਰ ਵਿੱਚ ਵੀ ਛੋਟੇ ਰੇਜ ਰੂਮ ਬਣਾਏ ਜਾ ਸਕਦੇ ਹਨ, ਤਾਂ ਜੋ ਗੁੱਸਾ ਅਤੇ ਤਣਾਅ ਕੁਝ ਹੱਦ ਤੱਕ ਘਟ ਸਕੇ।

ਉਨ੍ਹਾਂ ਦਾ ਕਹਿਣਾ ਹੈ, "ਜਦੋਂ ਅਸੀਂ ਗੁੱਸੇ ਨੂੰ ਦਬਾਉਂਦੇ ਹਾਂ ਤਾਂ ਇਹ ਚਿੰਤਾ, ਡਿਪਰੈਸ਼ਨ, ਓਸੀਡੀ, ਮਾਈਗ੍ਰੇਨ ਜਾਂ ਪੇਟ ਦੀਆਂ ਸਮੱਸਿਆਵਾਂ ਵਜੋਂ ਸਰੀਰ ਵਿੱਚੋਂ ਬਾਹਰ ਆਉਂਦਾ ਹੈ।"

ਰੇਜ ਰੂਮ
ਤਸਵੀਰ ਕੈਪਸ਼ਨ, ਰੇਜ ਰੂਮ 2000 ਦੇ ਦਹਾਕੇ ਦੇ ਅਖੀਰ ਤੋਂ ਮੌਜੂਦ ਹਨ ਅਤੇ ਦੁਨੀਆ ਭਰ ਵਿੱਚ ਇਸਦੀ ਪ੍ਰਸਿੱਧੀ ਵਧੀ ਹੈ

'ਗੁੱਸਾ ਸਿਹਤਮੰਦ ਹੈ'

ਮਾਨਸਿਕ ਸਿਹਤ ਥੈਰੇਪਿਸਟ ਸ਼ੈਲੀ ਡਾਰ ਕਹਿੰਦੇ ਹਨ ਕਿ ਰੇਜ ਰੂਮ ਤੁਰੰਤ ਰਾਹਤ ਦੇ ਸਕਦੇ ਹਨ ਅਤੇ ਇਸ ਤੋਂ ਬਾਅਦ ਵਿਅਕਤੀ ਸ਼ਾਂਤ ਮਹਿਸੂਸ ਕਰ ਸਕਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਗੁੱਸਾ ਕਰਨਾ ਸਿਹਤਮੰਦ ਹੈ, ਪਰ ਅਕਸਰ ਗੁੱਸੇ ਨੂੰ ਨਕਾਰਾਤਮਕ ਤਰੀਕੇ ਨਾਲ ਦੇਖਿਆ ਜਾਂਦਾ ਹੈ, ਨਾ ਕਿ ਉਨ੍ਹਾਂ ਦੇ ਕਾਰਨਾਂ ਨੂੰ ਸਮਝਿਆ ਜਾਂਦਾ ਹੈ।

ਸ਼ੈਲੀ ਕਹਿੰਦੇ ਹਨ, "ਅੱਜ ਦੀ ਜ਼ਿੰਦਗੀ ਵਿੱਚ ਇੰਨੇ ਬੋਝ ਹਨ ਕਿ ਭਾਵਨਾਵਾਂ ਪ੍ਰਗਟ ਕਰਨ ਲਈ ਸੁਰੱਖਿਅਤ ਜਗ੍ਹਾ ਘੱਟ ਰਹਿ ਗਈ ਹੈ।"

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਥਾਵਾਂ ਔਰਤਾਂ ਨੂੰ ਆਪਣੀਆਂ ਭਾਵਨਾਵਾਂ ਸੁਰੱਖਿਅਤ ਢੰਗ ਨਾਲ ਬਾਹਰ ਕੱਢਣ ਦਾ ਮੌਕਾ ਦਿੰਦੀਆਂ ਹਨ।

ਉਨ੍ਹਾਂ ਨੇ ਅੱਗੇ ਕਿਹਾ, "ਅੱਜ-ਕੱਲ੍ਹ ਔਰਤਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਹਮੇਸ਼ਾ ਸ਼ਾਂਤ ਮਾਂ, ਸ਼ਾਂਤ ਮਾਪੇ ਅਤੇ ਚੰਗੀ ਕੁੜੀ ਬਣ ਕੇ ਰਹਿਣ। ਇਸ ਕਾਰਨ ਉਨ੍ਹਾਂ ਨੂੰ ਆਪਣੀਆਂ ਕਈ ਭਾਵਨਾਵਾਂ ਅੰਦਰ ਹੀ ਦਬਾ ਕੇ ਰੱਖਣੀਆਂ ਪੈਂਦੀਆਂ ਹਨ ਅਤੇ ਸਮਾਜ ਨੇ ਉਨ੍ਹਾਂ ਨੂੰ ਹਮੇਸ਼ਾ ਚੰਗਾ ਬਣੇ ਰਹਿਣ ਲਈ ਤਿਆਰ ਕੀਤਾ ਹੈ।"

ਸ਼ੈਲੀ ਨੇ ਕਿਹਾ, "ਕਿਉਂਕਿ ਸਾਡੀ ਜ਼ਿੰਦਗੀ ਵਿਚ ਇੰਨੇ ਜ਼ਿਆਦਾ ਬੋਝ ਹਨ, ਇਸ ਲਈ ਕਿਸੇ ਵੀ ਗੱਲ ਨੂੰ ਪ੍ਰਗਟ ਕਰਨ ਲਈ ਕੋਈ ਸੁਰੱਖਿਅਤ ਜਗ੍ਹਾ ਨਹੀਂ ਹੈI"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)