ਜਿਨ੍ਹਾਂ ਦੇਸ਼ਾਂ ਵਿੱਚ ਵੱਡੇ ਪੱਧਰ ਦੀ ਲਿੰਗ ਅਸਮਾਨਤਾ ਹੈ, ਉੱਥੇ ਦੀਆਂ ਔਰਤਾਂ ਦੇ ਦਿਮਾਗ ਬਾਰੇ ਖੋਜ ਵਿੱਚ ਕੀ ਪਤਾ ਲੱਗਿਆ

ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਿੰਗਵਾਦ ਦੇ ਕੁਝ ਅਜਿਹੇ ਸੂਖ਼ਮ ਰੂਪ ਹਨ ਜੋ ਰੋਜ਼ਾਨਾ ਜੀਵਨ ਵਿੱਚ ਫੈਲੇ ਹੋਏ ਹਨ, ਜਿਵੇਂ ਕਿ ਕਿਸੇ ਨੂੰ ਨੀਵਾਂ ਦਿਖਾਉਣਾ ਜਾਂ ਘਟ ਸਮਝਣਾ
    • ਲੇਖਕ, ਮੇਲਿਸਾ ਹੋਗੇਨਬੂਮ
    • ਰੋਲ, ਬੀਬੀਸੀ ਦੀ ਸਿਹਤ ਅਤੇ ਵਿਗਿਆਨ ਪੱਤਰਕਾਰ

ਰੋਜ਼ਾਨਾ ਜ਼ਿੰਦਗੀ ਵਿੱਚ ਫੈਲੇ ਸੂਖਮ ਲਿੰਗਵਾਦ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਪਰ ਖੋਜ ਤੋਂ ਪਤਾ ਚਲਦਾ ਹੈ ਕਿ ਇਸਦੇ ਲੰਬੇ ਸਮੇਂ ਤੱਕ ਰਹਿਣ ਵਾਲੇ ਮਨੋਵਿਗਿਆਨਕ ਪ੍ਰਭਾਵ ਹੋ ਸਕਦੇ ਹਨ, ਜਿਸਦੇ ਵਿੱਚ ਦਿਮਾਗ ਦੇ ਕੁਝ ਹਿੱਸਿਆਂ ਦਾ "ਪਤਲਾ ਹੋਣਾ" ਵੀ ਸ਼ਾਮਲ ਹੈ।

ਜੇਕਰ ਤੁਹਾਨੂੰ ਕਦੇ ਦੇਰ ਰਾਤ ਸੜਕ ਉੱਤੇ ਕਿਸੇ ਨੇ ਪਰੇਸ਼ਾਨ ਕੀਤਾ ਹੈ ਤਾਂ ਤੁਸੀਂ ਜਾਣਦੇ ਹੋਵੋਗੇ ਕਿ ਇਸ ਤੋਂ ਕਿੰਨਾ ਤਣਾਅ ਹੋ ਸਕਦਾ ਹੈ। ਤੁਸੀਂ ਚੇਤੰਨ ਹੋ ਜਾਂਦੇ ਹੋ ਅਤੇ ਤੁਹਾਡਾ ਸਰੀਰ ਕੰਬਣ ਲੱਗਦਾ ਹੈ ਅਤੇ ਤੁਸੀਂ ਕਮਜ਼ੋਰ ਮਹਿਸੂਸ ਕਰਨ ਲੱਗਦੇ ਹੋ।

ਮੇਰੀਆਂ ਸਾਰੀਆਂ ਮਹਿਲਾ ਦੋਸਤਾਂ ਨਾਲ ਅਜਿਹੇ ਅਨੁਭਵ ਹੋਏ ਹਨ ਅਤੇ ਅਸੀਂ ਸਾਰੀਆਂ ਹੀ ਕਦੇ ਨਾ ਕਦੇ ਹਨੇਰੇ ਵਿੱਚ ਆਪਣੀਆਂ ਚਾਬੀਆਂ ਹੱਥ ਵਿੱਚ ਫੜ੍ਹ ਕੇ ਘਰ ਗਈਆਂ ਹਾਂ।

ਮੈਂ ਤਾਂ ਯੂਨੀਵਰਸਿਟੀ ਵਿੱਚ ਇੱਕ ਕਰਾਟੇ ਕਲੱਬ ਵਿੱਚ ਵੀ ਸ਼ਾਮਲ ਹੋ ਗਈ ਸੀ, ਤਾਂ ਜੋ ਜੇਕਰ ਕੁਝ ਬਹੁਤ ਬੁਰਾ ਵਾਪਰ ਜਾਵੇ ਤਾਂ ਮੈਂ ਆਪਣਾ ਬਚਾਅ ਕਰ ਸਕਾਂ ਅਤੇ ਵਾਰ-ਵਾਰ ਅਭਿਆਸਾਂ ਰਾਹੀਂ ਸਿੱਖਿਆ ਕਿ ਵਿਰੋਧੀ ਨੂੰ ਕਿਵੇਂ ਜ਼ਮੀਨ 'ਤੇ ਸੁੱਟਣਾ ਹੈ ਅਤੇ ਦਰਦ ਪੈਦਾ ਕਰਨ ਲਈ ਕਿਵੇਂ ਸਹੀ ਪ੍ਰੈਸ਼ਰ ਪੁਆਇੰਟ ਉੱਤੇ ਮਾਰਨਾ ਹੈ।

ਪਰ ਜਦੋਂ ਅਣਚਾਹਾ ਜਿਨਸੀ ਧਿਆਨ ਤੁਰੰਤ ਖ਼ਤਰਾ ਨਹੀਂ ਹੁੰਦਾ, ਤਾਂ ਇਸਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਇਸਦਾ ਕੋਈ ਲੰਬੇ ਸਮੇਂ ਤੱਕ ਰਹਿਣ ਵਾਲਾ ਮਨੋਵਿਗਿਆਨਕ ਪ੍ਰਭਾਵ ਨਹੀਂ ਹੁੰਦਾ।

ਖੋਜ ਵਿੱਚ ਹੁਣ ਪਤਾ ਚੱਲਿਆ ਹੈ ਕਿ ਰੋਜ਼ਾਨਾ ਲਿੰਗਵਾਦ ਦਾ ਵੀ ਸਥਾਈ ਪ੍ਰਭਾਵ ਹੋ ਸਕਦਾ ਹੈ ਜੋ ਲੋਕਾਂ ਦੇ ਸਰੀਰਾਂ ਅਤੇ ਜ਼ਿੰਦਗੀ ਵਿੱਚ ਫੈਲ ਜਾਂਦਾ ਹੈ।

ਪਿਛਲੇ ਸੌ ਸਾਲਾਂ 'ਚ ਔਰਤਾਂ ਦੇ ਅਧਿਕਾਰਾਂ ਦੇ ਅੰਦੋਲਨ ਨੂੰ ਬਹੁਤ ਸਾਰੀਆਂ ਸਫ਼ਲਤਾਵਾਂ ਮਿਲੀਆਂ ਹਨ। ਬਹੁਤ ਸਾਰੇ ਦੇਸ਼ਾਂ ਵਿੱਚ, ਬਰਾਬਰ ਤਨਖਾਹ ਹੁਣ ਇੱਕ ਕਾਨੂੰਨੀ ਲੋੜ ਹੈ ਅਤੇ ਲਿੰਗ ਵਿਤਕਰਾ ਗ਼ੈਰ-ਕਾਨੂੰਨੀ ਹੈ। ਯੂਕੇ ਵਿੱਚ ਸਾਡੇ ਕੋਲ ਤਿੰਨ ਮਹਿਲਾ ਪ੍ਰਧਾਨ ਮੰਤਰੀ ਰਹਿ ਚੁੱਕੀਆਂ ਹਨ ਅਤੇ ਵੱਡੇ ਪੈਮਾਨੇ ਉੱਤੇ ਮਹਿਲਾ ਨੇਤਾ ਆਮ ਹੁੰਦੀਆਂ ਜਾ ਰਹੀਆਂ ਹਨ।

ਹਾਲਾਂਕਿ ਇਹ ਚਿੰਤਾ ਬਣੀ ਹੋਈ ਹੈ ਕਿ ਯੂਕੇ ਅਤੇ ਹੋਰ ਥਾਵਾਂ 'ਤੇ ਲਿੰਗ ਸਮਾਨਤਾ ਰੁਕੀ ਹੋਈ ਹੈ ਜਾਂ ਪਿੱਛੇ ਜਾ ਰਹੀ ਹੈ। ਲਿੰਗ ਤਨਖਾਹ ਫਰਕ ਦੇ ਅੰਕੜੇ ਜਿਓਂ ਦੇ ਤਿਓਂ ਬਣੇ ਹੋਏ ਹਨ ਅਤੇ ਔਰਤਾਂ ਅਤੇ ਕੁੜੀਆਂ ਵਿਰੁੱਧ ਹਿੰਸਾ ਲਗਾਤਾਰ ਵਧ ਰਹੀ ਹੈ

ਵਿਸ਼ਵ ਪੱਧਰ 'ਤੇ ਇਹ ਅੰਕੜੇ ਚਿੰਤਾਜਨਕ ਹਨ। ਕਿਹਾ ਜਾਂਦਾ ਹੈ ਕਿ ਲਗਭਗ ਹਰ ਤਿੰਨ ਵਿੱਚੋਂ ਇੱਕ ਔਰਤ ਨੂੰ ਸਰੀਰਕ ਜਾਂ ਜਿਨਸੀ ਹਿੰਸਾ, ਜਾਂ ਦੋਵਾਂ ਦਾ ਸ਼ਿਕਾਰ ਹੋਣਾ ਪਿਆ ਹੈ।

ਫਿਰ ਲਿੰਗਵਾਦ ਦੇ ਕੁਝ ਅਜਿਹੇ ਸੂਖ਼ਮ ਰੂਪ ਹਨ ਜੋ ਰੋਜ਼ਾਨਾ ਜੀਵਨ ਵਿੱਚ ਫੈਲੇ ਹੋਏ ਹਨ, ਜਿਵੇਂ ਕਿ ਕਿਸੇ ਨੂੰ ਨੀਵਾਂ ਦਿਖਾਉਣਾ ਜਾਂ ਘਟ ਸਮਝਣਾ। ਜੋ ਇਸ ਵਿਚਾਰ ਵੱਲ ਇਸ਼ਾਰਾ ਕਰਦਾ ਹੈ ਕਿ ਔਰਤਾਂ ਕੁਦਰਤੀ ਤੌਰ 'ਤੇ ਵਧੇਰੇ ਦਿਆਲੂ ਜਾਂ ਭਾਵਨਾਤਮਕ ਹੁੰਦੀਆਂ ਹਨ ਅਤੇ ਮਰਦ ਵਧੇਰੇ ਤਰਕਸ਼ੀਲ ਜਾਂ ਪ੍ਰਭਾਵਸ਼ਾਲੀ ਹੁੰਦੇ ਹਨ।

ਇਹ ਧਾਰਨਾਵਾਂ ਲਿੰਗਕ ਰੂੜ੍ਹੀਵਾਦੀ ਧਾਰਨਾਵਾਂ ਵਿੱਚ ਜੜ੍ਹੀਆਂ ਹੋਈਆਂ ਹਨ ਜੋ ਔਰਤਾਂ ਦੇ ਸਸ਼ਕਤੀਕਰਨ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਅਤੇ "ਔਰਤਾਂ ਦੇ ਨੀਵੇਂ ਦਰਜੇ ਨੂੰ ਮਜ਼ਬੂਤ" ਕਰ ਸਕਦੀਆਂ ਹਨ।

ਇਸ ਦੌਰਾਨ 'ਦਿ ਲੈਂਸੇਟ' ਵਿੱਚ ਫਲੋਰੀਡਾ ਸਟੇਟ ਯੂਨੀਵਰਸਿਟੀ ਤੋਂ ਸਮਾਜ ਸ਼ਾਸਤਰੀ ਪੈਟਰੀਸੀਆ ਹੋਮਨ ਅਤੇ ਉਨ੍ਹਾਂ ਦੇ ਸਾਥੀਆਂ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਅਮਰੀਕਾ ਵਿੱਚ ਔਰਤਾਂ ਦੀ ਸਿਹਤ ਨਾਲ ਜੁੜੀ ਜਾਣਕਾਰੀ ਨੂੰ ਹਾਲ ਹੀ ਵਿੱਚ ਇੱਕ ਸਰਕਾਰੀ ਵੈੱਬਸਾਈਟ ਤੋਂ ਹਟਾ ਦਿੱਤਾ ਗਿਆ ਹੈ ਅਤੇ ਉਸ ਦੇ ਵਿੱਚ ਬਦਲਾਅ ਕੀਤਾ ਗਿਆ।

ਰਿਪੋਰਟ 'ਚ ਸੰਖੇਪ ਵਿੱਚ ਕਿਹਾ ਗਿਆ ਹੈ ਕਿ "ਜੋੜੀ ਗਈ ਜਾਣਕਾਰੀ ਬਾਇਓਲੌਜਿਕ ਸੈਕਸ ਐਸੇਂਸ਼ੀਅਲਿਜ਼ਮ ਨੂੰ ਮਜ਼ਬੂਤ ਕਰਦੀ ਹੈ, ਔਰਤਾਂ ਦੇ ਸਰੀਰਾਂ ਨੂੰ ਕਮਜ਼ੋਰ ਅਤੇ ਸੁਰੱਖਿਆ ਦੀ ਲੋੜ ਵਾਲੇ ਦਰਸਾਉਂਦੀ ਹੈ ਅਤੇ ਟਰਾਂਸਜੈਂਡਰ ਲੋਕਾਂ ਨੂੰ ਇੱਕ ਖ਼ਤਰਾ ਦੱਸਦੀ ਹੈ।"

ਵੈੱਬਸਾਈਟ ਤੋਂ ਜੋ ਸਮੱਗਰੀ ਹਟਾਈ ਗਈ ਉਹ ਮਾਵਾਂ ਅਤੇ ਪ੍ਰਜਨਨ ਸਿਹਤ ਸੰਭਾਲ ਨਾਲ ਜੁੜੀ ਸੀ। ਇਸ ਵਿੱਚ ਹੁਣ ਬੰਦ ਹੋ ਚੁੱਕੀ ਸਾਈਟ "reproductiverights.gov" ਦਾ ਲਿੰਕ ਸ਼ਾਮਲ ਸੀ, ਜੋ ਦਵਾਈਆਂ, ਗਰਭ ਨਿਰੋਧ, ਐਮਰਜੈਂਸੀ ਦੇਖਭਾਲ ਅਤੇ ਗਰਭਪਾਤ ਸੇਵਾਵਾਂ ਤੱਕ ਪਹੁੰਚ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਸੀ।

ਅਸੀਂ ਅਮਰੀਕੀ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਤੋਂ ਟਿੱਪਣੀ ਲਈ ਬੇਨਤੀ ਕੀਤੀ ਸੀ ਪਰ ਪ੍ਰਕਾਸ਼ਨ ਦੇ ਸਮੇਂ ਤੱਕ ਕੋਈ ਜਵਾਬ ਨਹੀਂ ਮਿਲਿਆ।

ਕੁੱਲ ਮਿਲਾ ਕੇ ਇਹ ਸਾਰੀਆਂ "ਢਾਂਚਾਗਤ ਲਿੰਗਵਾਦ" ਦੀਆਂ ਉਦਾਹਰਣਾਂ ਹਨ, ਜਿਸਨੂੰ ਹੋਮਨ, ਸ਼ਕਤੀ ਅਤੇ ਸਰੋਤ ਵਿੱਚ ਯੋਜਨਾਬੱਧ ਲਿੰਗ ਅਸਮਾਨਤਾ ਵਜੋਂ ਪਰਿਭਾਸ਼ਤ ਕਰਦੀ ਹੈ, ਜੋ ਸਾਡੀਆਂ ਸਮਾਜਿਕ ਸੰਸਥਾਵਾਂ ਦੇ ਡੂੰਘਾਈ ਨਾਲ ਵਸੀ ਹੋਈ ਹੈ।

ਉਹ ਦੱਸਦੇ ਹਨ, "ਇਹ ਅਸਲ ਵਿੱਚ ਉਨ੍ਹਾਂ ਤਰੀਕਿਆਂ ਬਾਰੇ ਹੈ ਕਿ ਮਰਦਾਂ ਅਤੇ ਔਰਤਾਂ ਵਿਚਕਾਰ ਸ਼ਕਤੀ, ਰੁਤਬਾ ਅਤੇ ਸਰੋਤ ਕਿਵੇਂ ਅਸੰਤੁਲਿਤ ਹੁੰਦੇ ਹਨ।"

ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਚਿੰਤਾ ਬਣੀ ਹੋਈ ਹੈ ਕਿ ਯੂਕੇ ਅਤੇ ਹੋਰ ਥਾਵਾਂ 'ਤੇ ਲਿੰਗ ਸਮਾਨਤਾ ਰੁਕੀ ਹੋਈ ਹੈ ਜਾਂ ਪਿੱਛੇ ਜਾ ਰਹੀ ਹੈ

ਦਿਮਾਗ 'ਤੇ ਇੱਕ 'ਦਾਗ਼'

ਔਰਤਾਂ ਦੀ ਸਿਹਤ 'ਤੇ ਇਸਦੇ ਪ੍ਰਭਾਵ ਹੈਰਾਨੀ ਦੀ ਗੱਲ ਨਹੀਂ, ਨਤੀਜੇ ਹੋਰ ਵੀ ਗੰਭੀਰ ਵਜੋਂ ਹੋ ਸਕਦੇ ਹਨ ਅਤੇ ਇਹ ਹਮੇਸ਼ਾ ਤੁਰੰਤ ਦਿਖਾਈ ਨਹੀਂ ਦਿੰਦੇ।

29 ਦੇਸ਼ਾਂ ਵਿੱਚ 7,800 ਤੋਂ ਵੱਧ ਦਿਮਾਗੀ ਸਕੈਨਾਂ ਦਾ ਵਿਸ਼ਲੇਸ਼ਣ ਕਰਨ ਵਾਲੇ ਇੱਕ ਵੱਡੇ ਅਧਿਐਨ ਵਿੱਚ ਪਾਇਆ ਗਿਆ ਕਿ ਸਮਾਜਿਕ ਲਿੰਗ ਅਸੰਤੁਲਨ ਔਰਤਾਂ ਦੇ ਦਿਮਾਗ਼ ਨੂੰ ਸਰੀਰਕ ਤੌਰ 'ਤੇ ਬਦਲਦੇ ਹਨ।

ਖੋਜ ਨੇ ਪਤਾ ਲੱਗਿਆ ਹੈ ਕਿ ਜਿਨ੍ਹਾਂ ਦੇਸ਼ਾਂ ਵਿੱਚ ਲਿੰਗ ਅਸਮਾਨਤਾ ਬਹੁਤ ਜ਼ਿਆਦਾ ਹੈ ਉੱਥੇ ਰਹਿਣ ਵਾਲੀਆਂ ਔਰਤਾਂ ਦੇ ਉਨ੍ਹਾਂ ਦਿਮਾਗੀ ਹਿੱਸਿਆਂ ਵਿੱਚ ਕਾਰਟੀਕਲ ਮੋਟਾਈ ਘੱਟ ਸੀ ਜੋ ਭਾਵਨਾਤਮਕ ਕੰਟ੍ਰੋਲ, ਲਚਕੀਲੇਪਣ ਅਤੇ ਤਣਾਅ-ਸਬੰਧਤ ਬਿਮਾਰੀਆਂ ਜਿਵੇਂ ਕਿ ਡਿਪਰੈਸ਼ਨ ਅਤੇ ਪੋਸਟ-ਟਰਾਮੈਟਿਕ ਤਣਾਅ ਵਿਕਾਰ ਨਾਲ ਜੁੜੇ ਹੁੰਦੇ ਹਨ।

ਚਿਲੀ ਦੀ ਪੋਂਟੀਫਿਕਲ ਕੈਥੋਲਿਕ ਯੂਨੀਵਰਸਿਟੀ ਦੇ ਇੱਕ ਮਨੋਵਿਗਿਆਨੀ ਨਿਕੋਲਸ ਕਰਾਸਲੇ ਨੇ ਪਿਛਲੇ ਸਾਲ ਮੇਰੀ ਕਿਤਾਬ "ਬ੍ਰੈੱਡਵਿਨਰਸ" ਉੱਤੇ ਖੋਜ ਕਰਦੇ ਸਮੇਂ ਮੈਨੂੰ ਦੱਸਿਆ ਸੀ ਕਿ ਇਹ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਔਰਤਾਂ ਦੁਆਰਾ ਅਨੁਭਵ ਕੀਤੀ ਜਾਣ ਵਾਲੀ ਅਸਮਾਨਤਾ "ਉਨ੍ਹਾਂ ਦੇ ਦਿਮਾਗ 'ਤੇ ਇੱਕ ਦਾਗ ਛੱਡ ਜਾਂਦੀ ਹੈ।"

ਅਸਮਾਨਤਾ ਦੇ ਤਣਾਅ ਦੇ ਕਾਰਨ ਦਿਮਾਗ ਵਿੱਚ ਜੋ ਬਦਲਾਅ ਹੁੰਦਾ ਹੈ ਇਸਨੂੰ ਪਲਾਸਟੀਸਿਟੀ ਨਾਮਕ ਇੱਕ ਪ੍ਰਕਿਰਿਆ ਕਹਿੰਦੇ ਹਨ, ਜਿਸ ਨਾਲ ਦਿਮਾਗ਼ ਸਾਡੇ ਅਨੁਭਵਾਂ ਜਾਂ ਸਿੱਖਣ ਦੇ ਅਧਾਰ ਉੱਤੇ ਖ਼ੁਦ ਨੂੰ ਢਾਲ ਲੈਂਦਾ ਹੈ

ਕਰਾਸਲੇ ਨੇ ਸਮਝਾਇਆ ਕਿ ਜੇਕਰ ਜਗਲਿੰਗ ਵਰਗਾ ਕੋਈ ਹੁਨਰ ਦਿਮਾਗ਼ ਵਿੱਚ ਦੇਖਣਯੋਗ ਤਬਦੀਲੀਆਂ ਲਿਆ ਸਕਦਾ ਹੈ, ਤਾਂ ਇਹ ਸਮਝ ਆਉਂਦਾ ਹੈ ਕਿ ਇਸ ਤਰ੍ਹਾਂ ਦੇ ਸਮਾਜ ਵਿੱਚ ਰਹਿਣ ਦਾ ਡੂੰਘਾ ਪ੍ਰਭਾਵ ਪੈਂਦਾ ਹੈ ਜੋ ਲੰਬੇ ਸਮੇ ਤੱਕ ਰਹਿੰਦਾ ਹੈ ਕਿਉਂਕਿ ਪੁਰਾਣਾ ਤਣਾਅ ਦਿਮਾਗ਼ ਦੀ ਕੁਦਰਤੀ ਯੋਗਤਾ ਨੂੰ ਵਧਣ ਤੋਂ ਰੋਕਦਾ ਹੈ।

ਖ਼ਾਸ ਗੱਲ ਇਹ ਹੈ ਕਿ ਇਹ ਦਿਮਾਗੀ ਅੰਤਰ, ਵਧੇਰੇ ਲਿੰਗ ਸਮਾਨਤਾ ਵਾਲੇ ਦੇਸ਼ਾਂ ਵਿੱਚ ਘੱਟ ਪਾਏ ਗਏ ਅਤੇ ਮਰਦਾਂ ਵਿੱਚ ਉਸ ਹੱਦ ਤੱਕ ਨਹੀਂ ਦੇਖੇ ਗਏ, ਹਾਲਾਂਕਿ ਸਭ ਤੋਂ ਵੱਧ ਅਸਮਾਨਤਾ ਵਾਲੇ ਦੇਸ਼ਾਂ ਵਿੱਚ ਮਰਦਾਂ ਦੇ ਦਿਮਾਗ ਵਿੱਚ ਵੀ ਜ਼ਿਆਦਾ ਬਦਲਾਅ ਹੋਏ।

ਕਰਾਸਲੇ ਕਹਿੰਦੇ ਹਨ, "ਇਸ ਲਈ ਜੇਕਰ ਤੁਸੀਂ ਲਿੰਗ ਸਮਾਨਤਾ ਵਿੱਚ ਸੁਧਾਰ ਕਰਦੇ ਹੋ, ਤਾਂ ਤੁਸੀਂ ਔਰਤਾਂ ਦੀ ਸਿਹਤ ਵਿੱਚ ਸੁਧਾਰ ਕਰੋਗੇ ਅਤੇ ਇਸ ਨਾਲ ਸਭ ਦਾ ਖਰਚਾ ਵੀ ਘਟ ਹੋਵੇਗਾ।"

ਹੋਰ ਖੋਜ ਵਿੱਚ ਵੀ ਲਿੰਗ ਵਿਤਕਰੇ ਦੇ ਮਾਨਸਿਕ ਸਿਹਤ ਪ੍ਰਭਾਵਾਂ ਨੂੰ ਦੇਖਿਆ ਗਿਆ ਹੈ। ਯੂਕੇ ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜਿਨਸੀ ਵਿਤਕਰੇ ਦਾ ਅਨੁਭਵ ਕਰਨ ਵਾਲੀਆਂ ਔਰਤਾਂ ਦੀ ਮਾਨਸਿਕ ਸਿਹਤ ਚਾਰ ਸਾਲ ਬਾਅਦ ਬਹੁਤ ਖ਼ਰਾਬ ਸੀ।

ਲਗਭਗ 3,000 ਔਰਤਾਂ ਦੇ ਅਧਿਐਨ ਵਿੱਚ, ਪੰਜ ਵਿੱਚੋਂ ਇੱਕ ਔਰਤ ਨੇ ਲਿੰਗਵਾਦ ਦਾ ਅਨੁਭਵ ਕਰਨ ਦੀ ਗੱਲ ਕੀਤੀ, ਜਿਸ ਵਿੱਚ ਜਨਤਕ ਥਾਵਾਂ 'ਤੇ ਅਸੁਰੱਖਿਅਤ ਮਹਿਸੂਸ ਕਰਨ ਤੋਂ ਲੈ ਕੇ ਅਪਮਾਨਿਤ ਹੋਣ ਜਾਂ ਸਰੀਰਕ ਤੌਰ 'ਤੇ ਹਮਲਾ ਹੋਣਾ ਵੀ ਸ਼ਾਮਲ ਸੀ। ਇਨ੍ਹਾਂ ਔਰਤਾਂ ਵਿੱਚ ਮਨੋਵਿਗਿਆਨਕ ਪਰੇਸ਼ਾਨੀ ਅਤੇ ਜੀਵਨ ਵਿਚ ਘੱਟ ਸੰਤੁਸ਼ਟੀ ਦੀ ਸ਼ਿਕਾਇਤ ਕਰਨ ਦੀ ਸੰਭਾਵਨਾ ਤਿੰਨ ਗੁਣਾ ਜ਼ਿਆਦਾ ਸੀ।

ਔਰਤਾਂ ਦੀ ਸਿਹਤ

ਕਿੰਗਜ਼ ਕਾਲਜ ਲੰਡਨ ਦੀ ਇੱਕ ਸਿਹਤ ਮਨੋਵਿਗਿਆਨੀ ਅਤੇ ਇਸ ਅਧਿਐਨ ਦੀ ਮੁੱਖ ਲੇਖਕਾ ਰੂਥ ਹੈਕੇਟ, ਕਰਾਸਲੇ ਦੇ ਨਿਰੀਖਣਾਂ ਨਾਲ ਸਹਿਮਤ ਹੁੰਦੇ ਕਹਿੰਦੇ ਹਨ, "ਸਮੇਂ ਦੇ ਨਾਲ ਤਣਾਅਪੂਰਨ ਤਜ਼ਰਬਿਆਂ ਦੇ ਵਾਰ-ਵਾਰ ਸੰਪਰਕ ਵਿੱਚ ਆਉਣ ਨਾਲ ਸਰੀਰ 'ਤੇ ਬੁਰਾ ਅਸਰ ਪੈਂਦਾ ਹੈ ਅਤੇ ਫਿਰ ਇਹ ਨੁਕਸਾਨਦੇਹ ਜੈਵਿਕ ਤਬਦੀਲੀਆਂ ਮਾੜੀ ਮਾਨਸਿਕ ਸਿਹਤ ਨਾਲ ਜੁੜ ਸਕਦੀਆਂ ਹਨ। ਇਹ ਸਿਰਫ਼ ਲੋਕਾਂ ਨੂੰ ਥਕਾ ਰਿਹਾ ਹੈ।"

ਕੁਝ ਸਾਲਾਂ ਬਾਅਦ, ਹੈਕੇਟ ਨੇ 52 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਵਿੱਚ ਵੀ ਇਸੇ ਤਰ੍ਹਾਂ ਦੇ ਨਤੀਜੇ ਲੱਭਣ ਲਈ ਫਾਲੋ-ਅੱਪ ਖੋਜ ਦੀ ਅਗਵਾਈ ਕੀਤੀ। ਜਿਨ੍ਹਾਂ ਔਰਤਾਂ ਨੇ ਲਿੰਗ-ਅਧਾਰਤ ਵਿਤਕਰੇ ਦੀ ਰਿਪੋਰਟ ਕੀਤੀ, ਜਿਵੇਂ ਕਿ ਸੋਸ਼ਣ ਅਤੇ ਘੱਟ ਸਤਿਕਾਰ ਨਾਲ ਪੇਸ਼ ਆਉਣਾ, ਉਨ੍ਹਾਂ ਨੇ ਛੇ ਸਾਲਾਂ ਬਾਅਦ ਆਪਣੀ ਮਾਨਸਿਕ ਸਿਹਤ ਵਿੱਚ ਗਿਰਾਵਟ ਦੱਸੀ, ਨਾਲ ਹੀ ਜ਼ਿਆਦਾ ਇਕੱਲਤਾ ਅਤੇ ਜੀਵਨ ਸੰਤੁਸ਼ਟੀ ਅਤੇ ਜੀਵਨ ਦੀ ਗੁਣਵੱਤਾ ਵਿੱਚ ਕਮੀ ਦੱਸੀ। ਕੁਲ ਮਿਲਾ ਕੇ ਇਹ ਨਤੀਜੇ ਦਰਸਾਉਂਦੇ ਹਨ ਕਿ ਲਿੰਗ ਵਿਤਕਰੇ ਦਾ ਲੰਬੇ ਸਮੇਂ ਤੱਕ ਨੁਕਸਾਨ ਹੁੰਦਾ ਹੈ।

ਇਸ ਦੇ ਉਲਟ ਵੱਖਰੇ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਜਿਹੜੀਆਂ ਔਰਤਾਂ ਵਧੇਰੇ ਲਿੰਗ ਸਮਾਨਤਾ ਵਾਲੇ ਸਮਾਜਾਂ ਵਿੱਚ ਰਹਿੰਦੀਆਂ ਹਨ, ਉਨ੍ਹਾਂ ਵਿੱਚ ਡਿਪਰੈਸ਼ਨ ਦੀ ਦਰ ਘੱਟ ਹੁੰਦੀ ਹੈ।

ਮਾਨਸਿਕ ਸਿਹਤ 'ਤੇ ਪ੍ਰਭਾਵਾਂ ਤੋਂ ਇਲਾਵਾ, ਔਰਤਾਂ ਦੀ ਸਿਹਤ ਦੇ ਮਾਮਲੇ ਵਿੱਚ ਡਾਕਟਰੀ ਇਲਾਜ ਵਿੱਚ ਅਸਮਾਨਤਾ ਵੀ ਇੱਕ ਵੱਡਾ ਮੁੱਦਾ ਹੈ।

ਵਿਗਿਆਨਕ ਸਾਹਿਤ ਵਿੱਚ ਇਹ ਗੱਲ ਦਸਤਾਵੇਜ਼ੀ ਤੌਰ 'ਤੇ ਦਰਜ ਹੈ ਕਿ ਮੈਡੀਕਲ ਸੈਟਿੰਗਾਂ ਵਿੱਚ ਔਰਤਾਂ ਦੀ ਸਰੀਰਕ ਸਿਹਤ ਸੰਬੰਧੀ ਚਿੰਤਾਵਾਂ ਨੂੰ ਘੱਟ ਗੰਭੀਰਤਾ ਨਾਲ ਲਿਆ ਜਾਂਦਾ ਹੈ।

ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਐਮਰਜੈਂਸੀ ਵਿਭਾਗਾਂ ਵਿੱਚ ਔਰਤਾਂ ਨੂੰ ਮਰਦਾਂ ਨਾਲੋਂ ਓਪੀਔਡ ਪੇਨਕਿੱਲਰ ਦਿੱਤੇ ਜਾਣ ਦੀ ਸੰਭਾਵਨਾ ਘੱਟ ਹੁੰਦੀ ਹੈ। 2024 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਉਨ੍ਹਾਂ ਨੂੰ ਹੋਰ ਪੇਨਕਿੱਲਰ ਦਿੱਤੇ ਜਾਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ, ਭਾਵੇਂ ਉਨ੍ਹਾਂ ਦੇ ਦਰਦ ਦੇ ਲੱਛਣ ਇੱਕੋ ਜਿਹੇ ਹੋਣ।

ਅਧਿਐਨ ਦੇ ਲੇਖਕ ਕਹਿੰਦੇ ਹਨ, "ਸਾਡਾ ਕੰਮ ਦਰਦ ਪ੍ਰਬੰਧਨ ਵਿੱਚ ਇੱਕ ਯੋਜਨਾਬੱਧ ਲਿੰਗ-ਸੰਬੰਧੀ ਅਸਮਾਨਤਾ ਨੂੰ ਦਰਸਾਉਂਦਾ ਹੈ। ਐਮਰਜੈਂਸੀ ਵਿਭਾਗ ਤੋਂ ਡਿਸਚਾਰਜ ਹੋਣ ਵਾਲੀ ਔਰਤ ਨੂੰ ਦਰਦ ਦੀ ਸ਼ਿਕਾਇਤ ਲਈ ਮਿਲਣ ਵਾਲੇ ਇਲਾਜ ਦੀ ਸੰਭਾਵਨਾ ਇੱਕ ਮਰਦ ਮਰੀਜ਼ ਦੇ ਮੁਕਾਬਲੇ ਕਾਫ਼ੀ ਘੱਟ ਹੁੰਦੀ ਹੈ।"

ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਔਰਤਾਂ ਦੀ ਸਿਹਤ 'ਤੇ ਇਸਦੇ ਪ੍ਰਭਾਵ ਹੈਰਾਨੀ ਦੀ ਗੱਲ ਨਹੀਂ, ਨਤੀਜੇ ਹੋਰ ਵੀ ਗੰਭੀਰ ਵਜੋਂ ਹੋ ਸਕਦੇ ਹਨ ਅਤੇ ਇਹ ਹਮੇਸ਼ਾ ਤੁਰੰਤ ਦਿਖਾਈ ਨਹੀਂ ਦਿੰਦੇ
ਇਹ ਵੀ ਪੜ੍ਹੋ-

ਢਾਂਚਾਗਤ ਲਿੰਗਵਾਦ ਦੇ ਨੁਕਸਾਨ ਦਾ ਦਾਇਰਾ

ਢਾਂਚਾਗਤ ਲਿੰਗਵਾਦ ਇੰਨਾ ਨੁਕਸਾਨਦੇਹ ਕਿਉਂ ਹੈ, ਇਸ ਦੇ ਕਈ ਹੋਰ ਕਾਰਨ ਹਨ। ਪੈਟਰੀਸੀਆ ਹੋਮਨ ਦੱਸਦੇ ਹਨ ਕਿ ਇਹ ਔਰਤਾਂਨੂੰ ਉਨ੍ਹਾਂ ਜ਼ਰੂਰੀ ਸੰਸਥਾਵਾਂ ਤੱਕ ਪਹੁੰਚਣ ਤੋਂ ਰੋਕਦਾ ਹੈ ਜੋ ਤੰਦਰੁਸਤੀ ਨੂੰ ਉਤਸ਼ਾਹਿਤ ਕਰਦੇ ਹਨ ਜਿਵੇਂ ਕਿ ਉਚਿਤ ਤਨਖਾਹ ਅਤੇ ਖੁਦਮੁਖਤਿਆਰੀ।

ਇਹ ਉਨ੍ਹਾਂ ਨੂੰ ਘਰੇਲੂ ਹਿੰਸਾ, ਅਸੁਰੱਖਿਅਤ ਕੰਮ ਕਰਨ ਵਾਲੇ ਵਾਤਾਵਰਣ ਅਤੇ ਲੰਬੇ ਸਮੇਂ ਤੱਕ ਤਣਾਅ ਵਰਗੇ ਨੁਕਸਾਨਦੇਹ ਤਜ਼ਰਬਿਆਂ ਦੇ ਸੰਪਰਕ ਵਿੱਚ ਵੀ ਲਿਆ ਸਕਦਾ ਹੈ।

ਇਸ ਤੋਂ ਇਲਾਵਾ, ਮਰਦਾਂ ਲਈ ਵੀ ਨੁਕਸਾਨ ਹਨ। ਦੇਖਣ ਵਿੱਚ ਤਾਂ ਉਨ੍ਹਾਂ ਨੂੰ ਵੱਧ ਤਨਖਾਹ ਅਤੇ ਘਰੇਲੂ ਤੌਰ 'ਤੇ ਘੱਟ ਕੰਮ ਕਰਨ ਦਾ ਫਾਇਦਾ ਹੋ ਸਕਦਾ ਹੈ, ਪਰ ਜਿਵੇਂ ਕਿ ਹੋਮਨ ਦੱਸਦੇ ਹਨ, ਢਾਂਚਾਗਤ ਲਿੰਗਵਾਦ ਗ਼ੈਰ-ਸਹਾਇਕ ਮਰਦਾਨਗੀ ਦੇ ਨਿਯਮਾਂ ਨੂੰ ਉਤਸ਼ਾਹਿਤ ਕਰ ਸਕਦਾ ਹੈ ਜੋ ਜੋਖਮ ਲੈਣ, ਹਿੰਸਾ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਸਿਹਤ ਸੰਭਾਲ ਤੋਂ ਬਚਣ ਨੂੰ ਉਤਸ਼ਾਹਿਤ ਕਰਦੇ ਹਨ।

ਨਿੱਜੀ ਰਿਸ਼ਤਿਆਂ ਵਿੱਚ ਰਵਾਇਤੀ ਮਰਦਾਨਾ ਨਿਯਮਾਂ ਦੀ ਪਾਲਣਾ ਕਰਨ ਦੇ ਮਰਦਾਂ ਲਈ ਵੀ ਬੁਰੇ ਨਤੀਜੇ ਨਿਕਲਦੇ ਹਨ।

19,000 ਤੋਂ ਜ਼ਿਆਦਾ ਲੋਕਾਂ ਉੱਤੇ ਕੀਤੀ ਗਈ ਇੱਕ ਵੱਡੀ ਮੈਟਾ-ਵਿਸ਼ਲੇਸ਼ਣ ਵਿੱਚ ਸਾਹਮਣੇ ਆਇਆ ਹੈ ਕਿ ਜੋ ਮਰਦ ਔਰਤਾਂ ਉੱਤੇ ਦਬਦਬਾ ਪਾਉਣ ਅਤੇ ਜਿਨਸੀ ਆਜ਼ਾਦੀ ਵਰਗੇ ਗੁਣਾਂ ਨੂੰ ਅਪਣਾਉਂਦੇ ਹਨ, ਉਨ੍ਹਾਂ ਨੂੰ ਮਾਨਸਿਕ ਸਿਹਤ ਸਮੱਸਿਆਵਾਂ ਦਾ ਅਨੁਭਵ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ।

ਜਿਵੇਂ ਕਿ ਅਧਿਐਨ ਦੇ ਲੇਖਕਾਂ ਨੇ ਕਿਹਾ ਹੈ, "ਲਿੰਗਵਾਦ ਸਿਰਫ਼ ਇੱਕ ਸਮਾਜਿਕ ਬੇਇਨਸਾਫ਼ੀ ਨਹੀਂ ਹੈ, ਸਗੋਂ ਅਜਿਹੇ ਰਵੱਈਏ ਨੂੰ ਅਪਨਾਉਣ ਵਾਲਿਆਂ ਲਈ ਇਸਦੇ ਮਾਨਸਿਕ ਸਿਹਤ ਨਾਲ ਸਬੰਧਤ ਨੁਕਸਾਨਦੇਹ ਨਤੀਜੇ ਵੀ ਹੁੰਦੇ ਹਨ।"

ਦੂਜੇ ਸ਼ਬਦਾਂ ਵਿੱਚ ਜਦੋਂ ਮਰਦ ਸਖ਼ਤ ਲਿੰਗ ਨਿਯਮਾਂ ਨੂੰ ਆਪਣਾ ਲੈਂਦੇ ਹਨ ਤਾਂ ਇਹ ਉਨ੍ਹਾਂ ਦੀ ਸਿਹਤ ਨੂੰ ਲੰਬੇ ਸਮੇਂ ਨਾਲ ਪ੍ਰਭਾਵਿਤ ਕਰ ਸਕਦਾ ਹੈ।

ਉਹੀ ਪ੍ਰਣਾਲੀ ਜੋ ਉਨ੍ਹਾਂ ਨੂੰ ਵਿਸ਼ੇਸ਼ ਅਧਿਕਾਰ ਦਿੰਦਾ ਹੈ ਉਹ ਮਰਦਾਂ ਨੂੰ ਇਹ ਮਹਿਸੂਸ ਕਰਵਾ ਸਕਦਾ ਹੈ ਕਿ ਉਨ੍ਹਾਂ ਨੂੰ ਮਰਦਾਨਗੀ ਦੇ ਇੱਕ ਵਿਸ਼ੇਸ਼ ਦ੍ਰਿਸ਼ਟੀਕੋਣ ਨਾਲ ਹੀ ਚੱਲਣਾ ਪਵੇਗਾ ਅਤੇ ਜੇਕਰ ਇਹ ਦ੍ਰਿਸ਼ਟੀਕੋਣ ਪੂਰਾ ਨਹੀਂ ਹੁੰਦਾ, ਤਾਂ ਉਨ੍ਹਾਂ ਦੀ ਮਾਨਸਿਕ ਸਿਹਤ ਖ਼ਰਾਬ ਹੋ ਸਕਦੀ ਹੈ।

ਇਸ ਤੋਂ ਇਲਾਵਾ ਜਦੋਂ ਮਰਦਾਂ ਨੂੰ ਸ਼ਕਤੀ ਤੋਂ ਵਾਂਝਾ ਕੀਤਾ ਜਾਂਦਾ ਹੈ ਤਾਂ ਇਹ ਬਦਲੇ ਵਿੱਚ ਔਰਤਾਂ 'ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਸ਼ਕਤੀ ਅਤੇ ਰੁਤਬੇ ਦੀ ਇੱਛਾ, ਜਿਸਦੀ ਉਮੀਦ ਅਕਸਰ ਮਰਦਾਂ ਤੋਂ ਕੀਤੀ ਜਾਂਦੀ ਹੈ, ਸਿੱਧੇ ਤੌਰ 'ਤੇ ਵਧੇਰੇ ਜਿਨਸੀ ਪਰੇਸ਼ਾਨੀ ਵੱਲ ਲੈ ਜਾਂਦੀ ਹੈ।

ਕਈ ਪ੍ਰਯੋਗਾਂ ਵਿੱਚ ਇਹ ਪਾਇਆ ਗਿਆ ਹੈ ਕਿ ਜਿਨ੍ਹਾਂ ਮਰਦਾਂ ਨੇ ਪਹਿਲਾਂ ਕਦੇ ਸ਼ਕਤੀਹੀਣ ਮਹਿਸੂਸ ਕਰਨ ਕੀਤਾ ਹੈ, ਉਨ੍ਹਾਂ ਸ਼ਕਤੀ ਮਿਲਣ ਉੱਤੇ ਦੂਜਿਆਂ ਨਾਲ ਜ਼ਿਆਦਾ ਜਿਨਸੀ ਪਰੇਸ਼ਾਨੀ ਦੇਣ ਵਾਲਾ ਵਿਵਹਾਰ ਕਰਦੇ ਹਨ।

ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੋਰ ਖੋਜ ਵਿੱਚ ਵੀ ਲਿੰਗ ਵਿਤਕਰੇ ਦੇ ਮਾਨਸਿਕ ਸਿਹਤ ਪ੍ਰਭਾਵਾਂ ਨੂੰ ਦੇਖਿਆ ਗਿਆ ਹੈ

ਤਬਦੀਲੀ ਨੂੰ ਕਿਵੇਂ ਉਤਸ਼ਾਹਿਤ ਕੀਤਾ ਜਾਵੇ

ਜਦੋਂ ਹੱਲ ਦੀ ਗੱਲ ਆਉਂਦੀ ਹੈ, ਤਾਂ ਅਜਿਹੇ ਨਿੱਜੀ ਅਤੇ ਸਮਾਜਿਕ ਬਦਲਾਅ ਹਨ ਜੋ ਅਸੀਂ ਸਾਰੇ ਲਿਆ ਸਕਦੇ ਹਾਂ।

ਨੌਜਵਾਨਾਂ ਦੇ ਸਰਪ੍ਰਸਤ ਅਗਲੀ ਪੀੜ੍ਹੀ ਨਾਲ ਢੁਕਵੇਂ ਵਿਵਹਾਰ ਬਾਰੇ ਛੋਟੀ ਉਮਰ ਵਿੱਚ ਹੀ ਗੱਲ ਕਰ ਸਕਦੇ ਹਨ ਅਤੇ ਲਿੰਗ ਰੂੜ੍ਹੀਵਾਦੀ ਧਾਰਨਾਵਾਂ ਅਤੇ ਲਿੰਗਵਾਦੀ ਧਾਰਨਾਵਾਂ ਤੋਂ ਸਾਵਧਾਨ ਰਹਿ ਸਕਦੇ ਹਨ।

ਖ਼ਾਸ ਕਰਕੇ ਇਹ ਦੇਖਦੇ ਹੋਏ ਕਿ ਰੂੜ੍ਹੀਵਾਦੀ ਧਾਰਨਾਵਾਂ ਤਿੰਨ ਮਹੀਨੇ ਦੀ ਉਮਰ ਵਿੱਚ ਹੀ ਲਾਗੂ ਹੋ ਸਕਦੀਆਂ ਹਨ। ਮਾਪੇ ਘਰ ਵਿੱਚ ਲਿੰਗਵਾਦੀ ਧਾਰਨਾਵਾਂ ਨੂੰ ਚੁਣੌਤੀ ਦੇਣ ਵਾਲੇ ਕਦਮ ਜਾਣਬੁੱਝ ਕੇ ਚੱਕ ਸਕਦੇ ਹਨ।

ਇਹ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਜਦੋਂ ਪੁਰਸ਼ ਔਰਤਾਂ ਪ੍ਰਤੀ ਦੁਸ਼ਮਣੀ ਦਿਖਾਉਂਦੇ ਹਨ, ਜਿਸਨੂੰ "ਦੁਸ਼ਮਣੀ ਭਰੀ ਮਰਦਾਨਗੀ" ਕਿਹਾ ਜਾਂਦਾ ਹੈ, ਤਾਂ ਇਸਦਾ ਸੰਬੰਧ ਔਰਤਾਂ ਵਿਰੁੱਧ ਹਿੰਸਾ ਦੀਆਂ ਵਧਦੀਆਂ ਘਟਨਾਵਾਂ ਨਾਲ ਜੋੜਿਆ ਗਿਆ ਹੈ।

ਸਮਾਜਿਕ ਪੱਧਰ 'ਤੇ, ਨੀਤੀਗਤ ਉਪਾਅ ਇਨ੍ਹਾਂ ਅਸੰਤੁਲਨਾਂ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦੇ ਹਨ, ਜਿਵੇਂ ਕਿ ਸਾਰੇ ਕਾਮਿਆਂ, ਮਰਦਾਂ ਅਤੇ ਔਰਤਾਂ ਲਈ ਤਨਖਾਹ ਵਾਲੀ ਫੈਮਿਲੀ ਲੀਵ ਦੇਣਾ ।

ਇਸਨੂੰ ਕਈ ਨੋਰਡਿਕ ਦੇਸ਼ਾਂ ਵਿੱਚ ਸਫਲਤਾਪੂਰਵਕ ਲਾਗੂ ਕੀਤਾ ਗਿਆ ਹੈ, ਜਿੱਥੇ ਤਨਖਾਹ ਵਾਲੀ "ਇਸਨੂੰ ਵਰਤੋ ਜਾਂ ਗੁਆ ਦਿਓ" ਪਹੁੰਚ ਨੇ ਪੇਰੇਂਟਲ ਲੀਵ ਲੈਣ ਵਾਲੇ ਮਰਦਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ। ਇਹ ਬਦਲੇ ਵਿੱਚ ਦੇਖਭਾਲ ਨੂੰ ਆਮ ਬਣਾਉਂਦਾ ਹੈ ਅਤੇ ਇਸਨੂੰ ਮਹੱਤਵ ਦਿੰਦਾ ਹੈ ਅਤੇ ਘਰ ਵਿੱਚ ਵਧੇਰੇ ਸਹਾਇਤਾ ਮਿਲਣ ਦੇ ਨਾਲ, ਔਰਤਾਂ ਨੂੰ ਕੰਮ ਨਾਲ ਵਧੇਰੇ ਜੁੜਨ ਵਿੱਚ ਮਦਦ ਮਿਲਦੀ ਹੈ, ਜਿਸ ਨਾਲ ਆਰਥਿਕ ਨੁਕਸਾਨ ਨੂੰ ਘੱਟ ਹੁੰਦਾ ਹੈ।

ਜਦੋਂ ਮਰਦ ਘਰ ਵਿੱਚ ਵਧੇਰੇ ਦੇਖਭਾਲ ਕਰਦੇ ਹਨ, ਤਾਂ ਮਰਦਾਨਗੀ ਕੀ ਹੈ ਇਸਦਾ ਵਿਚਾਰ ਸਮੇਂ ਦੇ ਨਾਲ ਬਦਲ ਸਕਦਾ ਹੈ ਅਤੇ ਵਿਕਸਤ ਹੋ ਸਕਦਾ ਹੈ, ਇੱਕ ਅਜਿਹਾ ਵਿਚਾਰ ਜਿਸ ਵਿੱਚ ਦੇਖਭਾਲ ਅਤੇ ਔਰਤਾਂ ਦਾ ਬਿਹਤਰ ਸਮਰਥਨ ਕਰਨਾ ਸ਼ਾਮਲ ਹੈ।

ਇੱਥੋਂ ਤੱਕ ਕਿ ਇੱਕ ਵੱਖਰੀ ਭਾਵਨਾ ਵੀ ਵਿਕਸਤ ਹੁੰਦੀ ਹੈ ਕਿ ਇੱਕ ਆਦਮੀ ਹੋਣ ਦਾ ਕੀ ਅਰਥ ਹੈ, ਇੱਕ ਅਲੱਗ ਸਮਝ ਵਿਕਸਿਤ ਹੁੰਦੀ ਹੈ ਜਿਸਨੂੰ "ਦੇਖਭਾਲ ਕਰਨ ਵਾਲੀ ਮਰਦਾਨਗੀ" ਕਿਹਾ ਗਿਆ ਹੈ।

ਹੋਮਨ ਦੱਸਦੇ ਹਨ, "ਜਦੋਂ ਔਰਤਾਂ ਨੂੰ ਸਸ਼ਕਤ ਬਣਾਇਆ ਜਾਂਦਾ ਹੈ, ਤਾਂ ਇਸ ਨਾਲ ਸਾਰੇ ਸਮਾਜ ਨੂੰ ਲਾਭ ਹੁੰਦਾ ਹੈ, ਕਿਉਂਕਿ ਸੱਤਾ ਵਿੱਚ ਬੈਠੀਆਂ ਔਰਤਾਂ ਸਿਹਤ ਸੰਭਾਲ, ਜਨਤਕ ਸਿਹਤ, ਸਿੱਖਿਆ, ਭਲਾਈ ਅਤੇ ਸਮਾਜਿਕ ਸੁਰੱਖਿਆ ਪ੍ਰੋਗਰਾਮਾਂ ਵਿੱਚ ਵਧੇਰੇ ਨਿਵੇਸ਼ ਕਰਦੀਆਂ ਹਨ ਜੋ ਵਿਆਪਕ ਆਬਾਦੀ ਦੀ ਸਿਹਤ ਨੂੰ ਬਿਹਤਰ ਬਣਾ ਸਕਦੀਆਂ ਹਨ।"

"ਇਸਦੇ ਉਲਟ, ਵਧੇਰੇ ਢਾਂਚਾਗਤ ਲਿੰਗਵਾਦ ਇਹਨਾਂ ਖੇਤਰਾਂ ਵਿੱਚ ਜਨਤਕ ਨਿਵੇਸ਼ ਨੂੰ ਘਟਾਉਂਦਾ ਹੈ, ਜਿਸ ਨਾਲ ਮਰਦਾਂ ਸਮੇਤ ਹਰ ਕਿਸੇ ਨੂੰ ਨੁਕਸਾਨ ਹੁੰਦਾ ਹੈ।"

ਅਤੇ ਅੰਤ ਵਿੱਚ ਲਿੰਗਵਾਦ ਦੇ ਨਤੀਜਿਆਂ ਬਾਰੇ ਖੁੱਲ੍ਹ ਕੇ ਗੱਲ ਕਰਨ ਨਾਲ ਇਸ ਨਾਲ ਜੁੜੇ ਨੁਕਸਾਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇਸ ਗੱਲ ਦੇ ਸਬੂਤ ਵੀ ਹਨ ਕਿ ਅਣਚਾਹੇ ਵਿਤਕਰੇ ਬਾਰੇ ਬੋਲਣਾ ਮਾਨਸਿਕ ਸਿਹਤ ਲਈ ਲਾਭਦਾਇਕ ਹੈ, ਕਿਉਂਕਿ ਇਸ ਨਾਲ ਵਧੇਰੇ ਸਮਰਥਨ ਮਿਲ ਸਕਦਾ ਹੈ।

ਹਾਲਾਂਕਿ, ਨਾਲ ਹੀ ਸਾਨੂੰ ਇਸ ਮੁੱਦੇ ਦੀ ਢਾਂਚਾਗਤ ਵਿਆਪਕਤਾ ਨੂੰ ਸਵੀਕਾਰ ਕਰਨ ਦੀ ਜ਼ਰੂਰਤ ਹੈ ਅਤੇ ਇਹ ਵੀ ਮੰਨਣਾ ਪਵੇਗਾ ਕਿ ਵਿਅਕਤੀਗਤ ਕੋਸ਼ਿਸ਼ਾਂ ਹੀ ਕਾਫ਼ੀ ਨਹੀਂ ਹਨ।

ਫਿਲਹਾਲ ਲਈ ਸਬੂਤ ਅਜੇ ਵੀ ਇੱਕ ਗੰਭੀਰ ਤਸਵੀਰ ਪੇਸ਼ ਕਰਦੇ ਹਨ ਕਿ ਔਰਤਾਂ ਨੂੰ ਇੱਕ ਅਜਿਹੀ ਦੁਨੀਆਂ ਵਿੱਚ ਰਹਿਣ ਲਈ ਹਜੇ ਕਿੰਨਾ ਲੰਬਾ ਸਫ਼ਰ ਤੈਅ ਕਰਨਾ ਪਵੇਗਾ ਜਿੱਥੇ ਉਹ ਨਾ ਸਿਰਫ਼ ਸੁਰੱਖਿਅਤ ਮਹਿਸੂਸ ਕਰਨ, ਸਗੋਂ ਜਿੱਥੇ ਉਨ੍ਹਾਂ ਦੀ ਸਿਹਤ 'ਤੇ ਢਾਂਚਾਗਤ ਲਿੰਗਵਾਦ ਦਾ ਪ੍ਰਭਾਵ ਨਾ ਪਵੇ। ਹਾਲਾਂਕਿ, ਬਦਲਾਅ ਸੰਭਵ ਹੈ ਜੇਕਰ ਸਾਡੇ ਵਿੱਚੋਂ ਜ਼ਿਆਦਾ ਲੋਕ ਇਸ ਬਾਰੇ ਗੱਲ ਕਰਦੇ ਹਨ ਕਿ ਦਾਅ 'ਤੇ ਕੀ ਲੱਗਿਆ ਹੈ।

ਮੇਲਿਸਾ ਹੋਗਨਬੂਮ ਬੀਬੀਸੀ ਦੀ ਸਿਹਤ ਅਤੇ ਵਿਗਿਆਨ ਪੱਤਰਕਾਰ ਹਨ ਅਤੇ ਬ੍ਰੈੱਡਵਿਨਰਸ (2025) ਅਤੇ 'ਦ ਮਦਰਹੁੱਡ ਕੰਪਲੈਕਸ' ਦੀ ਲੇਖਕਾ ਹਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)