ਤੁਹਾਨੂੰ ਵੀ ਸਫ਼ਰ 'ਤੇ ਜਾਣ ਤੋਂ ਪਹਿਲਾਂ ਘਬਰਾਹਟ ਹੁੰਦੀ ਹੈ, ਜਾਣੋ ਟ੍ਰੈਵਲ ਐਂਗਜ਼ਾਇਟੀ ਨੂੰ ਕਾਬੂ ਕਿਵੇਂ ਕਰੀਏ ਅਤੇ ਇਸ ਦੇ ਕਾਰਨ ਕੀ ਹੁੰਦੇ ਹਨ

ਤਸਵੀਰ ਸਰੋਤ, Getty Images
- ਲੇਖਕ, ਅਮਨਪ੍ਰੀਤ ਕੌਰ
- ਰੋਲ, ਬੀਬੀਸੀ ਪੱਤਰਕਾਰ
ਕੀ ਤੁਸੀਂ ਵੀ ਸਫ਼ਰ 'ਤੇ ਜਾਣ ਤੋਂ ਪਹਿਲਾਂ ਘਬਰਾਹਟ ਮਹਿਸੂਸ ਕਰਦੇ ਹੋ? ਜਾਂ ਜਿਵੇਂ ਹੀ ਟ੍ਰੈਵਲ ਕਰਨ ਦੀ ਤਰੀਕ ਨੇੜੇ ਆਉਂਦੀ ਹੈ, ਮਨ ਵਿੱਚ ਅਜੀਬ ਜਿਹਾ ਤਣਾਅ ਪੈਦਾ ਹੋ ਜਾਂਦਾ ਹੈ ਅਤੇ ਦਿਮਾਗ਼ 'ਚ ਸਿਰਫ਼ ਇਹੀ ਚਲ ਰਿਹਾ ਹੁੰਦਾ ਹੈ ਕਿ 'ਕਿਤੇ ਕੁਝ ਹੋ ਨਾ ਜਾਵੇ?"
ਇਸ ਸਥਿਤੀ ਨੂੰ 'ਟ੍ਰੈਵਲ ਐਂਗਜ਼ਾਇਟੀ' ਕਹਿੰਦੇ ਹਨ। ਇਹ ਕਿਸੇ ਵੀ ਕਿਸਮ ਦੇ ਸਫ਼ਰ ਨਾਲ ਹੋ ਸਕਦਾ ਹੈ: ਫਲਾਈਟ, ਕਾਰ, ਬਸ, ਟ੍ਰੇਨ ਜਾਂ ਛੋਟੇ ਸਫ਼ਰਾਂ 'ਤੇ ਵੀ।
ਹਾਲ ਹੀ ਵਿੱਚ ਮਸ਼ਹੂਰ ਫ਼ਿਲਮ ਨਿਰਮਾਤਾ ਕਰਨ ਜੌਹਰ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਪੋਸਟ ਸ਼ੇਅਰ ਕਰਦਿਆਂ ਟ੍ਰੈਵਲ ਐਂਗਜ਼ਾਇਟੀ ਬਾਰੇ ਗੱਲ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਯਾਤਰਾ ਤੋਂ ਪਹਿਲਾਂ ਹੀ ਉਨ੍ਹਾਂ ਦੀ ਚਿੰਤਾ ਵੱਧ ਜਾਂਦੀ ਹੈ, ਉਨ੍ਹਾਂ ਨੂੰ ਏਅਰਪੋਰਟ ਜਲਦੀ ਪਹੁੰਚਣ ਦੀ ਸਖ਼ਤ ਲੋੜ ਮਹਿਸੂਸ ਹੁੰਦੀ ਹੈ ਅਤੇ ਕਈ ਵਾਰ ਤਾਂ ਉਹ ਗਰਾਊਂਡ ਸਟਾਫ਼ ਦੇ ਆਉਣ ਤੋਂ ਵੀ ਪਹਿਲਾਂ ਪਹੁੰਚ ਜਾਂਦੇ ਹਨ।
ਉਹ ਅੱਗੇ ਦੱਸਦੇ ਹਨ ਕਿ, "ਏਅਰਪੋਰਟ ਲੌਂਜ ਵਿੱਚ ਬੈਠ ਕੇ ਮੈਂ 50 ਵਾਰ ਆਪਣਾ ਪਾਸਪੋਰਟ ਅਤੇ ਬੋਰਡਿੰਗ ਪਾਸ ਚੈੱਕ ਕਰਦਾ ਰਹਿੰਦਾ ਹਾਂ। ਜਹਾਜ਼ 'ਚ ਬੈਠਣ ਮਗਰੋਂ ਵੀ ਪਾਇਲਟ ਦੀ ਹਰ ਅਨਾਊਂਸਮੈਂਟ, ਮੌਸਮ ਦੀ ਜਾਣਕਾਰੀ, ਉਡਾਣ ਦੀ ਮਿਆਦ ਬਾਰੇ ਜਾਣਕਾਰੀ ਦਾ ਇੰਤਜ਼ਾਰ ਕਰਦਾ ਹਾਂ। ਜੇ ਉਹ ਕਹਿ ਦੇਣ ਉਡਾਣ ਸੁਚਾਰੂ ਢੰਗ ਨਾਲ ਜਾਵੇਗੀ ਤਾਂ ਥੋੜੀ ਰਾਹਤ ਮਹਿਸੂਸ ਹੁੰਦੀ ਹੈ, ਨਹੀਂ ਤਾਂ ਛੋਟੇ ਸਫ਼ਰ ਦੌਰਾਨ ਮੈਂ ਹਰ 10 ਮਿੰਟ 'ਚ ਮੈਪ ਦੇਖਦਾ ਹਾਂ। ਅਤੇ ਲੰਬੇ ਸਫ਼ਰ ਦੌਰਾਨ ਗੋਲੀ ਖਾ ਕੇ ਸੌਣ ਦੀ ਕੋਸ਼ਿਸ਼ ਕਰਦਾ ਹਾਂ।"
ਹਾਲਾਂਕਿ ਸਿਰਫ਼ ਕਰਨ ਜੌਹਰ ਨਹੀਂ ਬਹੁਤ ਲੋਕਾਂ ਵਿੱਚ ਇਹ ਐਂਗਜ਼ਾਇਟੀ ਹੋਣਾ ਆਮ ਹੈ ਅਤੇ ਲੱਛਣ ਪਛਾਣ ਕੇ ਇਸ 'ਤੇ ਕਾਬੂ ਪਾਇਆ ਜਾ ਸਕਦਾ ਹੈ। ਸਮਝਦੇ ਹਾਂ ਟ੍ਰੈਵਲ ਐਂਗਜ਼ਾਇਟੀ ਕਿਉਂ ਹੁੰਦੀ ਹੈ ਅਤੇ ਸਫ਼ਰ ਤੋਂ ਪਹਿਲਾਂ ਇਸ ਐਂਗਜ਼ਾਇਟੀ 'ਤੇ ਕਿਵੇਂ ਕਾਬੂ ਪਾਇਆ ਜਾ ਸਕਦਾ ਹੈ।

ਤਸਵੀਰ ਸਰੋਤ, Getty Images/KaranJohar/Insta
ਕੀ ਹੁੰਦੀ ਹੈ ਟ੍ਰੈਵਲ ਐਂਗਜ਼ਾਇਟੀ?
ਦਿੱਲੀ ਦੇ ਹੋਪਿੰਗ ਹੋਰਾਈਜ਼ਨਜ਼ ਕਲੀਨਿਕ 'ਚ ਕੰਸਲਟੈਂਟ, ਮਨੋਚਿਕਿਤਸਕ ਡਾ. ਪੱਲਵੀ ਰਾਜਹੰਸ ਦੱਸਦੇ ਹਨ ਕਿ ਮਨੋਰੋਗ ਵਿਗਿਆਨ ਵਿੱਚ, ਐਂਗਜ਼ਾਇਟੀ ਨੂੰ ਬੋਧਾਤਮਕ, ਵਿਵਹਾਰਕ, ਭਾਵਨਾਤਮਕ ਅਤੇ ਸਰੀਰਕ ਤੌਰ 'ਤੇ ਪ੍ਰਗਟ ਕੀਤੀ ਗਈ ਮਾਨਸਿਕ ਸਥਿਤੀ ਵਜੋਂ ਸਮਝਿਆ ਜਾਂਦਾ ਹੈ।
ਉਹ ਕਹਿੰਦੇ ਹਨ, ਯਾਤਰਾ ਦੇ ਸਬੰਧ ਵਿੱਚ ਐਂਗਜ਼ਾਇਟੀ ਦਾ ਅਨੁਭਵ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਜ਼ਿਆਦਾਤਰ ਲੋਕ ਸਫ਼ਰ ਤੋਂ ਪਹਿਲਾਂ ਜਾਂ ਸਫ਼ਰ ਦੌਰਾਨ ਆਮ ਜਾਂ ਦਰਮਿਆਨੇ ਪੱਧਰ ਦੀ ਟ੍ਰੈਵਲ ਐਂਗਜ਼ਾਇਟੀ ਮਹਿਸੂਸ ਕਰਦੇ ਹਨ।
ਇਹ ਐਂਜ਼ਾਇਟੀ ਕਿਸੇ ਵੀ ਤਰ੍ਹਾਂ ਦੇ ਸਫ਼ਰ ਦੌਰਾਨ ਹੋ ਸਕਦੀ ਹੈ, ਭਾਵੇਂ ਉਹ ਸਫ਼ਰ ਫਲਾਈਟ, ਕਾਰ, ਬਸ ਜਾਂ ਟ੍ਰੇਨ ਰਾਹੀਂ ਹੋਵੇ। ਇੱਥੋਂ ਤੱਕ ਕਿ ਛੋਟੇ ਸਫ਼ਰਾਂ ਦੌਰਾਨ ਵੀ ਐਂਗਜ਼ਾਇਟੀ ਪੈਦਾ ਹੋ ਸਕਦੀ ਹੈ। ਇਸ ਵਿੱਚ ਯਾਤਰਾ ਦੀ ਯੋਜਨਾ ਬਣਾਉਣ, ਉਚਾਈ, ਬੰਦ ਜਾਂ ਭੀੜ-ਭੜੱਕੇ ਵਾਲੇ ਵਾਤਾਵਰਣ 'ਚ ਸਫ਼ਰ ਕਰਨ ਦਾ ਡਰ ਵੀ ਸ਼ਾਮਲ ਹੈ।
ਸਰ ਗੰਗਾ ਰਾਮ ਹਸਪਤਾਲ, ਦਿੱਲੀ ਵਿੱਚ ਮਨੋਵਿਗਿਆਨੀ ਨੀਲਮ ਮਿਸ਼ਰਾ ਕਹਿੰਦੇ ਹਨ ਕਿ, "ਕੁਝ ਲੋਕਾਂ 'ਚ ਹਲਕੀ ਘਬਰਾਹਟ ਹੁੰਦੀ ਹੈ ਪਰ ਕਈਆਂ ਵਿੱਚ ਇਹ ਐਂਗਜ਼ਾਇਟੀ ਗੰਭੀਰ ਵੀ ਹੋ ਸਕਦੀ ਹੈ। ਜਿਵੇਂ ਕਈ ਲੋਕਾਂ ਵਿੱਚ ਘਰ ਤੋਂ ਦਫ਼ਤਰ ਤੱਕ ਕਾਰ 'ਤੇ ਸਫ਼ਰ ਕਰਕੇ ਜਾਣਾ ਵੀ ਬੇਆਰਾਮ ਅਤੇ ਬੇਚੈਨੀ ਪੈਦਾ ਕਰ ਸਕਦਾ ਹੈ।"
ਉਹ ਦੱਸਦੇ ਹਨ, "ਕਈ ਵਾਰ ਲੋਕ ਜ਼ਿਆਦਾ ਸੋਚਣ ਲੱਗ ਜਾਂਦੇ ਹਨ ਅਤੇ ਕਈ ਤਰ੍ਹਾਂ ਦੀਆਂ ਧਾਰਨਾਵਾਂ ਵੀ ਬਣਾ ਲੈਂਦੇ ਹਨ। ਜਿਵੇਂ ਕੁਝ ਲੋਕ ਸੋਚਦੇ ਹਨ ਕਿ ਜੇ ਮੈਨੂੰ ਸਫ਼ਰ ਦੌਰਾਨ ਦਿਲ ਦਾ ਦੌਰਾ ਪੈ ਗਿਆ ਤਾਂ ਮੈਂ ਕੀ ਕਰਾਂਗਾ? ਕੋਈ ਡਾਕਟਰੀ ਸਹਾਇਤਾ ਉਪਲਬਧ ਹੋਵੇਗੀ ਜਾਂ ਨਹੀਂ?"

ਤਸਵੀਰ ਸਰੋਤ, Getty Images
ਮਨੋਵਿਗਿਆਨੀ ਨੀਲਮ ਮਿਸ਼ਰਾ ਮੁਤਾਬਕ ਉਹ ਲੋਕ ਇਸ ਬਾਰੇ ਇੰਨਾ ਜ਼ਿਆਦਾ ਸੋਚ ਲੈਂਦੇ ਹਨ ਕਿ ਕਈ ਵਾਰ ਉਨ੍ਹਾਂ ਵਿੱਚ ਸਰੀਰਕ ਤੌਰ 'ਤੇ ਵੀ ਇਸ ਦਾ ਅਸਰ ਦਿਖਣ ਲੱਗਦਾ ਹੈ, ਜਿਵੇਂ ਉਨ੍ਹਾਂ ਦੀ ਛਾਤੀ ਵਿੱਚ ਹਲਕਾ ਦਰਦ ਉੱਠ ਸਕਦਾ ਹੈ।
ਉਨ੍ਹਾਂ ਮੁਤਾਬਕ ਇਹ ਐਂਗਜ਼ਾਇਟੀ ਉਨ੍ਹਾਂ ਲੋਕਾਂ ਵਿੱਚ ਵੀ ਵਧੇਰੇ ਦੇਖੀ ਜਾ ਸਕਦੀ ਹੈ ਜਿਨ੍ਹਾਂ ਦਾ ਪਿਛਲੇ ਸਫ਼ਰਾਂ ਦੌਰਾਨ ਬੁਰਾ ਅਨੁਭਵ ਰਿਹਾ ਹੋਵੇ। ਇਸ ਵਿੱਚ ਇਨ੍ਹਾਂ ਗੱਲਾਂ ਨੂੰ ਲੈ ਕੇ ਵੀ ਚਿੰਤਾ ਹੋ ਸਕਦੀ ਹੈ:
- ਦੁਰਘਟਨਾਵਾਂ
- ਸੁਰੱਖਿਆ
- ਸਿਹਤ ਨਾਲ ਜੁੜੇ ਜੋਖ਼ਮ
- ਰਾਹ ਭੁੱਲ ਜਾਣਾ
- ਯਾਤਰਾ ਰੱਦ ਜਾਂ ਮੁਲਤਵੀ ਹੋਣਾ
- ਘਰ ਤੋਂ ਦੂਰ ਜਾਣਾ
ਟ੍ਰੈਵਲ ਐਂਗਜ਼ਾਇਟੀ ਦੇ ਮੁੱਖ ਕਾਰਨ ਕੀ ਹਨ?

ਤਸਵੀਰ ਸਰੋਤ, Getty Images/BBC
ਡਾ. ਪੱਲਵੀ ਰਾਜਹੰਸ ਮੁਤਾਬਕ, ਪਿਛਲੇ ਸਫ਼ਰਾਂ ਦੌਰਾਨ ਰਿਹਾ ਮਾੜਾ ਅਨੁਭਵ, ਕਲੋਸਟ੍ਰੋਫੋਬੀਆ ਜਾਂ ਐਕਰੋਫੋਬੀਆ ਵਰਗੀਆਂ ਸਥਿਤੀਆਂ ਟ੍ਰੈਵਲ ਐਂਗਜ਼ਾਇਟੀ ਦੇ ਮੁੱਖ ਕਰਨਾ 'ਚੋਂ ਇੱਕ ਹਨ।
ਕਲੋਸਟ੍ਰੋਫੋਬੀਆ ਯਾਨੀ ਬੰਦ ਥਾਵਾਂ 'ਤੇ ਜਾਣਾ ਜਾਂ ਸਫ਼ਰ ਕਰਨ ਦਾ ਡਰ ਅਤੇ ਐਕਰੋਫੋਬੀਆ ਯਾਨੀ ਖੁੱਲ੍ਹੀਆਂ ਥਾਵਾਂ ਜਾਂ ਭੀੜ ਵਾਲੀਆਂ ਥਾਵਾਂ ਦਾ ਡਰ, ਜੋ ਤੁਹਾਡੀ ਯਾਤਰਾ ਕਰਨ ਦੀ ਯੋਜਨਾ 'ਤੇ ਅਸਰ ਪਾ ਸਕਦੇ ਹਨ।
ਪਿਛਲੇ ਮਾੜੇ ਅਨੁਭਵਾਂ ਵਿੱਚ, ਟਰਬੁਲੇਂਸ ਦਾ ਸਾਹਮਣਾ ਕਰਨਾ, ਸਫ਼ਰ ਦੌਰਾਨ ਬਿਮਾਰੀ ਜਾਂ ਕੋਈ ਹੋਰ ਮਾੜਾ ਅਨੁਭਵ ਜਾਂ ਸਮਾਨ ਗਵਾਚ ਜਾਣਾ, ਇਹ ਸਭ ਇੱਕ ਇਨਸਾਨ ਅੰਦਰ ਲੰਬੇ ਸਮੇਂ ਲਈ ਡਰ ਪੈਦਾ ਕਰ ਸਕਦਾ ਹੈ।
ਇਸ ਦੇ ਹੋਰ ਕਾਰਨ ਇਹ ਹੋ ਸਕਦੇ ਹਨ:
- ਨਵੀਂ ਜਾਂ ਅਣਜਾਣ ਥਾਂ 'ਤੇ ਜਾਣ ਦਾ ਡਰ
- ਉੱਚਾਈ ਦਾ ਡਰ, ਬੰਦ ਬੱਸਾਂ/ਰੇਲਗੱਡੀਆਂ ਦਾ ਸਫ਼ਰ ਜਾਂ ਟਰਬੁਲੇਂਸ ਦਾ ਡਰ
- ਸਫ਼ਰ ਦੌਰਾਨ ਸਿਹਤ ਅਤੇ ਸੁਰੱਖਿਆ ਨੂੰ ਲੈ ਕੇ ਡਰ
- ਫਲਾਈਟ, ਬੱਸ ਜਾਂ ਰੇਲਗੱਡੀ ਦਾ ਕੈਂਸਲ ਜਾਂ ਮੁਲਤਵੀ ਹੋਣਾ ਜਾਂ ਕੋਈ ਦਸਤਾਵੇਜ਼ ਭੁੱਲ ਜਾਣ ਦਾ ਡਰ
- ਆਪਣੇ ਕਮਫ਼ਰਟ ਜ਼ੋਨ ਨੂੰ ਛੱਡਣਾ ਜਾਂ ਘਰ ਤੋਂ ਦੂਰ ਜਾਣਾ
ਇਸ ਦੇ ਨਾਲ ਹੀ ਡਾ. ਪੱਲਵੀ ਦੱਸਦੇ ਹਨ ਕਿ ਜ਼ਿਆਦਾ ਯਾਤਰਾ ਦੁਰਘਟਨਾਵਾਂ ਦੀਆਂ ਖ਼ਬਰਾਂ ਸੁਣਨਾ ਜਾਂ ਦੇਖਣਾ ਅਤੇ ਯਾਤਰਾ ਸੁਰੱਖਿਆ ਬਾਰੇ ਗਲਤ ਜਾਣਕਾਰੀਆਂ ਦੇ ਸੰਪਰਕ ਵਿੱਚ ਆਉਣਾ ਵੀ ਡਰ ਅਤੇ ਐਂਗਜ਼ਾਇਟੀ ਪੈਦਾ ਕਰ ਸਕਦਾ ਹੈ।
ਟ੍ਰੈਵਲ ਐਂਗਜ਼ਾਇਟੀ ਦੇ ਲੱਛਣ

ਡਾ. ਪੱਲਵੀ ਅਤੇ ਮਨੋਵਿਗਿਆਨੀ ਨੀਲਮ ਮਿਸ਼ਰਾ ਦੇ ਦੱਸਣ ਅਨੁਸਾਰ ਸਫ਼ਰ ਤੋਂ ਪਹਿਲਾਂ ਜਾਂ ਦੌਰਾਨ ਹੋਣ ਵਾਲੀ ਐਂਗਜ਼ਾਇਟੀ ਸਰੀਰਕ, ਭਾਵਨਾਤਮਕ ਅਤੇ ਵਿਵਹਾਰਕ ਲੱਛਣਾਂ ਦੇ ਰੂਪ ਵਿੱਚ ਦਿਖਾਈ ਦੇ ਸਕਦੀ ਹੈ।
ਸਰੀਰਕ ਲੱਛਣ:
- ਤੇਜ਼ ਧੜਕਣ
- ਪਸੀਨਾ ਆਉਣਾ
- ਗੈਸਟਰੋਇੰਟੇਸਟਾਈਨਲ ਸਮੱਸਿਆਵਾਂ
- ਮਤਲੀ
- ਸਾਹ ਚੜ੍ਹਨਾ
- ਚੱਕਰ ਆਉਣੇ
- ਸਿਰ ਦਰਦ
- ਮਾਸਪੇਸ਼ੀਆਂ ਵਿੱਚ ਤਣਾਅ
ਮਾਨਸਿਕ ਲੱਛਣ:
- ਯਾਤਰਾ ਨੂੰ ਲੈ ਕੇ ਹਰ ਵੇਲੇ ਚਿੰਤਾ ਕਰਦੇ ਰਹਿਣਾ
- ਬੁਰੇ ਖ਼ਿਆਲ ਆਉਣੇ
- ਛੋਟੀ ਗੱਲ ਨੂੰ ਵੀ ਵੱਡੇ ਹਾਦਸੇ ਵਾਂਗ ਸੋਚਣਾ
- ਸਫ਼ਰ ਵਿੱਚ ਚੱਕਰ/ਉਲਟੀ ਜਾਂ ਬੀਮਾਰ ਹੋਣ ਦਾ ਡਰ
- ਚਿੜਚਿੜਾਪਨ
- ਘਰ ਜਾਂ ਪਰਿਵਾਰ ਤੋਂ ਦੂਰ ਜਾਣ ਦੀ ਘਬਰਾਹਟ
ਵਿਵਹਾਰਕ ਲੱਛਣ:
- ਯਾਤਰਾ ਤੋਂ ਬਚਣਾ
- ਵਾਰ-ਵਾਰ ਯਾਤਰਾ ਦੀ ਡੀਟੇਲ ਨੂੰ ਚੈੱਕ ਕਰਨਾ ਜਾਂ ਬਦਲਣਾ
- ਹਰ ਕਿਸੇ ਤੋਂ ਯਾਤਰਾ ਬਾਰੇ ਭਰੋਸਾ ਲੈਂਦੇ ਰਹਿਣਾ
- ਯਾਤਰਾ ਤੋਂ ਪਹਿਲਾਂ ਦੇ ਦਿਨਾਂ ਵਿੱਚ ਨੀਂਦ ਵਿੱਚ ਵਿਘਨ ਆਉਣਾ
ਟ੍ਰੈਵਲ ਐਂਗਜ਼ਾਇਟੀ ਤੋਂ ਕਿਵੇਂ ਬਚਿਆ ਜਾ ਸਕਦਾ?

ਤਸਵੀਰ ਸਰੋਤ, Getty Images
ਮਨੋਵਿਗਿਆਨੀ ਨੀਲਮ ਮਿਸ਼ਰਾ ਕਹਿੰਦੇ ਹਨ ਕਿ, "ਜੇ ਤੁਹਾਨੂੰ ਸਫ਼ਰ ਕਰਨ ਤੋਂ ਪਹਿਲਾ ਜਾਂ ਦੌਰਾਨ ਜ਼ਿਆਦਾ ਐਂਗਜ਼ਾਇਟੀ ਮਹਿਸੂਸ ਹੁੰਦੀ ਹੈ ਤਾਂ ਪਹਿਲਾਂ ਹੌਲੀ-ਹੌਲੀ ਛੋਟੇ ਸਫ਼ਰਾਂ 'ਤੇ ਜਾਣਾ ਸ਼ੁਰੂ ਕਰੋ ਅਤੇ ਲੰਬੇ ਸਫ਼ਰਾਂ ਤੋਂ ਪਰਹੇਜ਼ ਕਰੋ। ਪਾਣੀ, ਕੁਝ ਦਵਾਈਆਂ ਅਤੇ ਕੰਮਫਰਟ ਦੇਣ ਵਾਲੀਆਂ ਚੀਜ਼ਾਂ ਸਫ਼ਰ ਦੌਰਾਨ ਆਪਣੇ ਨਾਲ ਰੱਖੋ।"
ਡਾ. ਪੱਲਵੀ ਮੁਤਾਬਕ ਅਰਾਮ ਦੇਣ ਵਾਲੀਆਂ ਤਕਨੀਕਾਂ ਦੀ ਵਰਤੋਂ ਕਰੋ ਅਤੇ ਸਾਹ ਦੀਆਂ ਐਕਸਰਸਾਈਜ਼ ਕਰੋ, ਇਹ ਤੁਹਾਡੇ ਦਿਲ ਅਤੇ ਦਿਮਾਗ਼ ਨੂੰ ਸ਼ਾਂਤ ਰੱਖਣਗੀਆਂ। ਉਹ ਮਾਹਰਾਂ ਦੀ ਸਲਾਹ ਨਾਲ ਡੂੰਘੇ ਸਾਹ ਲੈਣ, ਧਿਆਨ (ਮੈਡੀਟੇਸ਼ਨ) ਕਰਨ ਅਤੇ ਹੋਰ ਗ੍ਰਾਊਂਡਿੰਗ ਤਕਨੀਕਾਂ ਅਪਨਾਉਣ ਦੀ ਵੀ ਸਲਾਹ ਦਿੰਦੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਨਕਾਰਾਤਮਕ ਖ਼ਬਰਾਂ ਤੋਂ ਦੂਰ ਰਹੋ ਅਤੇ ਯਾਤਰਾ 'ਤੇ ਜਾਣ ਤੋਂ ਪਹਿਲਾਂ ਦੁਰਘਟਨਾਵਾਂ ਜਾਂ ਪ੍ਰੇਸ਼ਾਨ ਕਰਨ ਵਾਲੀਆਂ ਖ਼ਬਰਾਂ ਜਾਂ ਵੀਡੀਓਜ਼ ਨਾ ਦੇਖੋ।
ਲਗਾਤਾਰ ਪੈਦਾ ਹੋਣ ਵਾਲੀ ਐਂਗਜ਼ਾਇਟੀ ਦੇ ਮਾਮਲਿਆਂ ਵਿੱਚ ਪ੍ਰੋਫੈਸ਼ਨਲ ਮਦਦ ਲੈ ਲੈਣਾ ਜ਼ਰੂਰੀ ਹੈ। ਇਸ ਵਿੱਚ ਥੈਰੇਪੀ ਜਿਵੇਂ, ਬੋਧਾਤਮਕ ਵਿਵਹਾਰਕ ਥੈਰੇਪੀ (ਸੀਬੀਟੀ) ਜਾਂ ਥੋੜ੍ਹੇ ਸਮੇਂ ਲਈ ਦਵਾਈ ਦੀ ਸਹਾਇਤਾ ਲੈਣਾ ਵੀ ਮਦਦਗਾਰ ਹੋ ਸਕਦਾ ਹੈ।
ਇਸ ਤੋਂ ਇਲਾਵਾ ਆਪਣੇ ਡਰ ਅਤੇ ਚਿੰਤਾ ਨੂੰ ਦੋਸਤਾਂ ਜਾਂ ਪਰਿਵਾਰ ਨਾਲ ਸਾਂਝਾ ਕਰਨਾ ਵੀ ਮਦਦ ਕਰ ਸਕਦਾ ਹੈ।
ਹਾਲ ਹੀ 'ਚ ਹੋਏ ਹਾਦਸਿਆਂ ਦਾ ਅਸਰ?

ਤਸਵੀਰ ਸਰੋਤ, Reuters
ਇਸੇ ਸਾਲ ਦੇ ਜੂਨ ਮਹੀਨੇ ਵਿੱਚ ਗੁਜਰਾਤ ਦੇ ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਇੱਕ ਯਾਤਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਹ ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਰਿਹਾਇਸ਼ੀ ਇਲਾਕੇ ਦੀ ਇੱਕ ਇਮਾਰਤ ʼਤੇ ਜਾ ਡਿੱਗਿਆ ਸੀ।
ਉਸ ਜਹਾਜ਼ ਵਿੱਚ 10 ਕਰੂ ਮੈਂਬਰਾਂ ਸਣੇ 242 ਯਾਤਰੀ ਸਵਾਰ ਸਨ। ਜਿਨ੍ਹਾਂ ਵਿੱਚੋਂ ਸਿਰਫ਼ ਇੱਕ ਵਿਅਕਤੀ ਹੀ ਜ਼ਿੰਦਾ ਬਚਿਆ ਅਤੇ ਬਾਕੀ 241 ਲੋਕਾਂ ਦੀ ਮੌਤ ਹੋ ਗਈ ਸੀ।
ਇਸ ਤੋਂ ਇਲਾਵਾ ਹਾਲ ਹੀ ਦੇ ਸਮੇਂ ਵਿੱਚ ਕਈ ਏਸੀ ਅਤੇ ਸਲੀਪਰ ਬੱਸਾਂ ਨੂੰ ਅੱਗ ਲੱਗਣ ਦੇ ਮਾਮਲੇ ਵੀ ਸਾਹਮਣੇ ਆਏ ਸਨ।
ਅਤੇ ਹੁਣ ਇੰਡਿਗੋ ਏਅਰਲਾਈਨਜ਼ ਦੀਆਂ ਉਡਾਣਾਂ ਰੱਦ ਹੋਣ ਅਤੇ ਦੇਰੀ ਹੋਣ ਕਰਕੇ ਹਜ਼ਾਰਾਂ ਯਾਤਰੀਆਂ ਨੂੰ ਏਅਰਪੋਰਟਾਂ 'ਤੇ ਖੱਜਲ-ਖੁਆਰ ਹੋਣਾ ਪਿਆ। ਹਾਲਾਂਕਿ ਕਈ ਵਾਰ ਜਹਾਜ਼ਾਂ ਦੀ ਐਮਰਜੈਂਸੀ ਲੈਂਡਿੰਗ ਦੇ ਮਾਮਲੇ ਵੀ ਸਾਹਮਣੇ ਆਏ।
ਇਹ ਸਥਿਤੀਆਂ ਆਮ ਲੋਕਾਂ ਅਤੇ ਪਹਿਲਾਂ ਤੋਂ ਹੀ ਐਂਗਜ਼ਾਇਟੀ ਵਾਲੇ ਲੋਕਾਂ 'ਤੇ ਕੀ ਅਸਰ ਪਾਉਂਦੀਆਂ ਹਨ, ਇਸ ਬਾਰੇ ਮਨੋਵਿਗਿਆਨੀ ਨੀਲਮ ਮਿਸ਼ਰਾ ਕਹਿੰਦੇ ਹਨ ਕਿ ਇਸ ਕਰਕੇ ਲੋਕ ਓਵਰਥਿੰਕ ਕਰ ਲੈਂਦੇ ਹਨ ਯਾਨੀ ਬਹੁਤ ਜ਼ਿਆਦਾ ਸੋਚਣ ਲੱਗ ਜਾਂਦੇ ਹਨ। ਇਸ ਦੇ ਨਾਲ ਹੀ ਉਹ ਸਫ਼ਰ ਨੂੰ ਲੈ ਕੇ ਅਸੁਰੱਖਿਅਤ ਵੀ ਮਹਿਸੂਸ ਕਰ ਸਕਦੇ ਹਨ।
ਮਨੋਚਿਕਿਤਸਕ ਡਾ. ਪੱਲਵੀ ਰਾਜਹੰਸ ਕਹਿੰਦੇ ਹਨ ਕਿ, "ਇਹ ਸਥਿਤੀਆਂ ਕੁਝ ਵਿਅਕਤੀਆਂ ਨੂੰ ਵਧੇਰੇ ਸਾਵਧਾਨ ਕਰ ਦਿੰਦੀਆਂ ਹਨ ਅਤੇ ਕਈ ਲੋਕਾਂ ਵਿੱਚ ਯਾਤਰਾ ਨੂੰ ਲੈ ਕੇ ਆਤਮਵਿਸ਼ਵਾਸ ਦੀ ਘਾਟ ਵੀ ਪੈਦਾ ਹੋ ਸਕਦੀ ਹੈ।"
ਉਹ ਅੱਗੇ ਕਹਿੰਦੇ ਹਨ, "ਇਹ ਸਥਿਤੀ ਯਾਤਰਾ ਨਾਲ ਸਬੰਧਤ ਐਂਗਜ਼ਾਇਟੀ ਵਿੱਚ ਵਾਧਾ ਕਰਨ ਦੇ ਅਨੁਭਵ ਵੱਲ ਲਿਜਾ ਸਕਦੀਆਂ ਹਨ, ਖਾਸ ਕਰਕੇ ਉਨ੍ਹਾਂ ਲੋਕਾਂ ਵਿੱਚ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਡਰ ਜਾਂ ਐਂਗਜ਼ਾਇਟੀ ਹੈ ਜਾਂ ਜਿਨ੍ਹਾਂ ਦੇ ਪਹਿਲਾਂ ਵੀ ਯਾਤਰਾ ਨਾਲ ਸਬੰਧਤ ਮਾੜੇ ਅਨੁਭਵ ਰਹਿ ਚੁਕੇ ਹਨ।"
ਹਾਲਾਂਕਿ ਮਾਹਰ ਇਹ ਕਹਿੰਦੇ ਹਨ ਕਿ ਇਨ੍ਹਾਂ ਟ੍ਰੈਵਲ ਐਂਗਜ਼ਾਇਟੀ ਦੇ ਲੱਛਣਾਂ ਨੂੰ ਪਛਾਣ ਕੇ, ਸਹੀ ਤਰੀਕੇ ਅਪਣਾ ਕੇ ਅਤੇ ਸਮੱਸਿਆ ਵਧਣ ਦੀ ਸੂਰਤ ਵਿੱਚ ਡਾਕਟਰੀ ਸਹਾਇਤਾ ਲੈ ਕੇ ਐਂਗਜ਼ਾਇਟੀ ਨੂੰ ਕਾਬੂ ਕੀਤਾ ਜਾ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












