'ਸਾਡੀਆਂ ਤਿੰਨ ਫਲਾਈਟਾਂ ਰੱਦ ਹੋ ਚੁੱਕੀਆਂ', ਇੰਡੀਗੋ ਦੀਆਂ 100 ਤੋਂ ਵੱਧ ਉਡਾਣਾਂ ਰੱਦ ਅਤੇ ਕਈ ਲੇਟ ਹੋਈਆਂ, ਯਾਤਰੀ ਨਾਰਾਜ਼

ਤਸਵੀਰ ਸਰੋਤ, Getty Images
ਬੁੱਧਵਾਰ ਨੂੰ ਇੰਡਿਗੋ ਏਅਰਲਾਈਨਜ਼ ਦੀਆਂ ਦਰਜਨਾਂ ਉਡਾਣਾਂ ਰੱਦ ਹੋਣ ਅਤੇ ਦੇਰੀ ਹੋਣ ਨਾਲ ਹਜ਼ਾਰਾਂ ਯਾਤਰੀ ਏਅਰਪੋਰਟ 'ਤੇ ਘੰਟਿਆਂ ਤੱਕ ਫਸੇ ਰਹੇ।
ਖ਼ਬਰ ਏਜੰਸੀ ਰਾਇਟਰਜ਼ ਮੁਤਾਬਿਕ, ਬੁੱਧਵਾਰ ਨੂੰ ਭਾਰਤ ਦੀਆਂ ਸਭ ਤੋਂ ਵੱਡੀਆਂ ਏਅਰਲਾਈਨਜ਼ ਵਿੱਚੋਂ ਇੱਕ ਇੰਡੀਗੋ ਦੀਆਂ 150 ਉਡਾਣਾਂ ਰੱਦ ਹੋ ਗਈਆਂ ਅਤੇ ਦਰਜਨਾਂ ਉਡਾਣਾਂ ਨੂੰ ਦੇਰੀ ਦਾ ਸਾਹਮਣਾ ਕਰਨਾ ਪਿਆ।
ਏਜੰਸੀ ਨੇ ਸਰੋਤਾਂ ਅਤੇ ਇੰਡੀਗੋ ਦੇ ਇੱਕ ਪਾਇਲਟ ਦੇ ਹਵਾਲੇ ਨਾਲ ਦੱਸਿਆ ਕਿ 'ਥਕਾਵਟ ਨਾਲ ਨਜਿੱਠਣ ਅਤੇ ਪਾਇਲਟਾਂ ਲਈ ਆਰਾਮ ਦਾ ਸਮਾਂ ਵਧਾਉਣ ਲਈ 1 ਜੁਲਾਈ ਅਤੇ 1 ਨਵੰਬਰ ਨੂੰ ਲਾਗੂ ਕੀਤੇ ਗਏ ਨਵੇਂ ਸਰਕਾਰੀ ਨਿਯਮਾਂ ਤੋਂ ਬਾਅਦ ਏਅਰਲਾਈਨ ਨੂੰ ਪਾਇਲਟਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਰੋਸਟਰ ਪ੍ਰਬੰਧਨ ਜਟਿਲ ਹੋ ਗਿਆ ਹੈ।'
ਸਥਾਨਕ ਮੀਡੀਆ ਵਿੱਚ ਅਜਿਹੀਆਂ ਖ਼ਬਰਾਂ ਹਨ ਕਿ ਕਈ ਉਡਾਣਾਂ ਵਿੱਚ 12–12 ਘੰਟੇ ਤੱਕ ਦੀ ਦੇਰੀ ਹੋਈ ਹੈ।
ਵੀਰਵਾਰ ਨੂੰ ਦਿੱਲੀ ਹਵਾਈ ਅੱਡੇ 'ਤੇ ਮੌਜੂਦ ਬੀਬੀਸੀ ਪੱਤਰਕਾਰ ਸੁਮੇਧਾ ਪਾਲ ਨੇ ਕਈ ਯਾਤਰੀਆਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ।
ਗਣੇਸ਼ ਨਾਮ ਦੇ ਇੱਕ ਯਾਤਰੀ ਕਹਿੰਦੇ ਹਨ,''ਕਿਸੇ ਨੂੰ ਕਿਸੇ ਦੀ ਕੋਈ ਚਿੰਤਾ ਹੀ ਨਹੀਂ। ਇਹ ਸਿਸਟਮ ਦੀ ਹੀ ਖ਼ਰਾਬੀ ਹੈ ਨਾ ਕਿ ਸਾਡੀ ਅਸੀਂ ਪਰਦੇਸ ਤੋਂ ਆਏ, ਉੱਥੇ ਸਭ ਸਿਸਟਮ ਨਾਲ ਚੱਲਦਾ ਹੈ।''
ਸੋਨੂੰ ਨਾਮ ਦੀ ਇੱਕ ਮਹਿਲਾ ਯਾਤਰੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਤਿੰਨ ਫਲਾਈਟਾਂ ਰੱਦ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ, ''ਅਸੀਂ ਰੇਵਾੜੀ ਤੋਂ ਆਏ ਹਾਂ, ਸਾਡੇ ਨਾਲ ਬੱਚੇ ਹਨ, ਠੰਡ 'ਚ ਬੱਚਿਆਂ ਨਾਲ ਵਾਰ-ਵਾਰ ਆਉਣਾ ਕਿੰਨਾ ਮੁਸ਼ਕਿਲ ਹੈ। ਕੋਈ ਖਾਣਾ-ਪਾਣੀ ਦੀ ਵੀ ਸਹੂਲਤ ਨਹੀਂ ਦਿੱਤੀ।''
ਉਡਾਣਾਂ ਦੇ ਰੱਦ ਹੋਣ ਅਤੇ ਦੇਰੀ ਹੋਣ ਦੀਆਂ ਸ਼ਿਕਾਇਤਾਂ ਹੈਦਰਾਬਾਦ ਏਅਰਪੋਰਟ ਤੋਂ ਵੀ ਮਿਲੀਆਂ ਹਨ।
ਹੈਦਰਾਬਾਦ ਏਅਰਪੋਰਟ ਵੱਲੋਂ ਐਕਸ 'ਤੇ ਇਸ ਐਮਰਜੈਂਸੀ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਲਿਖਿਆ ਗਿਆ, "ਸਾਨੂੰ ਪਤਾ ਹੈ ਕਿ ਆਪ੍ਰੇਸ਼ਨ ਸੰਬੰਧੀ ਕਾਰਨਾਂ ਕਰਕੇ ਆਰਜੀਆਈਏ ਦੀਆਂ ਕੁਝ ਉਡਾਣਾਂ ਵਿੱਚ ਦੇਰੀ ਅਤੇ ਸਮੇਂ ਵਿੱਚ ਬਦਲਾਅ ਹੋ ਰਹੇ ਹਨ।"
"ਹਵਾਈ ਅੱਡੇ 'ਤੇ ਸਾਡੀਆਂ ਟੀਮਾਂ ਏਅਰਲਾਈਨਜ਼ ਨਾਲ ਮਿਲਕੇ ਉਨ੍ਹਾਂ ਦੇ ਸੰਚਾਲਨ ਵਿੱਚ ਸਹਿਯੋਗ ਕਰ ਰਹੀਆਂ ਹਨ ਅਤੇ ਯਾਤਰੀਆਂ ਨੂੰ ਸਮੇਂ-ਸਮੇਂ 'ਤੇ ਜਾਣਕਾਰੀ ਅਤੇ ਮਾਰਗਦਰਸ਼ਨ ਪ੍ਰਦਾਨ ਕਰ ਰਹੀਆਂ ਹਨ।"
ਯਾਤਰੀਆਂ ਨੇ ਦੱਸੀ ਪਰੇਸ਼ਾਨੀ

ਤਸਵੀਰ ਸਰੋਤ, AFP via Getty Images
ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਹਾਲਾਤਾਂ ਵਿੱਚ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬੀਬੀਸੀ ਹਿੰਦੀ ਦੇ ਸੰਪਾਦਕ ਨਿਤਿਨ ਸ਼੍ਰੀਵਾਸਤਵ 2 ਦਸੰਬਰ ਨੂੰ ਕੋਲਕਾਤਾ ਜਾ ਰਹੇ ਸਨ। ਹਵਾਈ ਅੱਡੇ 'ਤੇ ਕੀ ਹਾਲ ਸੀ, ਉਨ੍ਹਾਂ ਨੇ ਦੱਸਿਆ -
2 ਦਸੰਬਰ ਨੂੰ ਦਿੱਲੀ–ਕੋਲਕਾਤਾ ਜਾਣ ਵਾਲੀ ਇੰਡੀਗੋ ਫ਼ਲਾਈਟ 6E223 ਨੇ ਸ਼ਾਮ ਸਾਢੇ ਚਾਰ ਵਜੇ ਉਡਾਣ ਭਰਨੀ ਸੀ ਪਰ ਯਾਤਰੀਆਂ ਨੂੰ ਸਮੇਂ 'ਤੇ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਹੀ ਪਤਾ ਚੱਲਿਆ ਕਿ ਦੇਰੀ ਹੋ ਰਹੀ ਹੈ।
ਸੁਰੱਖਿਆ ਜਾਂਚ ਤੋਂ ਬਾਅਦ ਅੰਦਰ ਦਾ ਨਜ਼ਾਰਾ ਇਹ ਸੀ ਕਿ ਬੇਚੈਨ ਯਾਤਰੀ 'ਫ਼ਲਾਈਟ ਸ਼ੈਡਿਊਲ ਸਕ੍ਰੀਨ' ਦੇ ਸਾਹਮਣੇ ਭੀੜ ਲਗਾਈ ਖੜ੍ਹੇ ਰਹੇ। ਇੰਡੀਗੋ ਦੀ ਲਗਭਗ ਹਰੇਕ ਫਲਾਈਟ 'ਚ ਦੇਰੀ ਸੀ ਜਾਂ ਕੈਂਸਲ ਹੋਣ ਦਾ ਨਿਸ਼ਾਨ ਨਜ਼ਰ ਆ ਰਿਹਾ ਸੀ।
ਇੰਡੀਗੋ ਦੀ ਦੂਜੀ ਫ਼ਲਾਈਟ ਦੇ ਬੋਰਡਿੰਗ ਗੇਟਾਂ 'ਤੇ ਇੰਤਜ਼ਾਰ ਕਰਨ ਵਾਲਿਆਂ ਦੀ ਲੰਮੀ ਗਿਣਤੀ ਸੀ ਅਤੇ ਕਈ ਗੇਟਾਂ 'ਤੇ ਤਾਂ ਲੋਕ ਆਪਣਾ ਗੁੱਸਾ ਵੀ ਜ਼ਾਹਿਰ ਕਰ ਰਹੇ ਸਨ, ਸਟਾਫ਼ ਤੋਂ ਜਵਾਬ ਮੰਗ ਰਹੇ ਸਨ।
ਸਾਡੀ ਫ਼ਲਾਈਟ ਦਾ ਬੋਰਡਿੰਗ ਗੇਟ ਹਰ ਅੱਧੇ ਘੰਟੇ 'ਤੇ ਬਦਲਿਆ ਜਾ ਰਿਹਾ ਸੀ, ਇਹ ਦੱਸਦਿਆਂ ਕਿ 'ਸਿਰਫ਼ ਇੱਕ ਘੰਟੇ ਦੀ ਹੀ ਦੇਰੀ ਹੈ'। ਅਜਿਹਾ ਰਾਤ 9 ਵਜੇ ਤੱਕ ਚੱਲਦਾ ਰਿਹਾ ਅਤੇ ਪੰਜ ਘੰਟਿਆਂ ਦੇ ਇੰਤਜ਼ਾਰ ਅਤੇ ਚਾਰ ਬੋਰਡਿੰਗ ਗੇਟ ਬਦਲੇ ਜਾਣ ਤੋਂ ਬਾਅਦ ਜਹਾਜ਼ ਨੇ ਉਡਾਣ ਭਰੀ।
ਅੱਜ ਯਾਨੀ 4 ਦਸੰਬਰ ਨੂੰ ਵੀ ਵਾਪਸੀ ਦੀ ਫ਼ਲਾਈਟ ਲਈ ਕੁਝ ਅਜਿਹਾ ਹੀ ਹੋ ਰਿਹਾ ਹੈ। ਇੰਡਿਗੋ 6E 5077 ਦੀ ਫ਼ਲਾਈਟ ਜਿਸਨੇ ਸਵੇਰੇ 9:50 ਵਜੇ ਉਡਾਣ ਭਰਨੀ ਸੀ, ਉਸ ਦੇ ਯਾਤਰੀਆਂ ਨੂੰ ਦੋ ਵਾਰ ਉਡਾਣ ਵਿੱਚ ਦੇਰੀ ਦੇ ਅਲਰਟ ਆਏ।

ਇਸ ਵਿਚਕਾਰ ਦੂਜੀਆਂ ਏਅਰਲਾਈਨ ਕੰਪਨੀਆਂ ਦੀਆਂ ਟਿਕਟਾਂ ਦੇ ਭਾਅ ਆਸਮਾਨ ਛੂਹ ਰਹੇ ਹਨ, ਮਿਸਾਲ ਵਜੋਂ ਅੱਜ ਯਾਨੀ ਵੀਰਵਾਰ ਨੂੰ ਹੀ ਇੱਕ ਦੂਜੀ ਵੱਡੀ ਏਅਰਲਾਈਨ ਦੀ ਕੋਲਕਾਤਾ ਤੋਂ ਦਿੱਲੀ ਜਾਣ ਵਾਲੀ ਫ਼ਲਾਈਟ ਦਾ ਟਿਕਟ 38,000 ਰੁਪਏ ਤੱਕ ਹੋ ਚੁੱਕਿਆ ਹੈ।
ਜ਼ਾਹਿਰ ਹੈ, ਇਹ ਉਨ੍ਹਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ ਜੋ ਇਸੇ ਤਰ੍ਹਾਂ ਦੇ ਟਿਕਟ ਆਮ ਤੌਰ 'ਤੇ 5500–7500 ਰੁਪਏ ਵਿੱਚ ਖ਼ਰੀਦਦੇ ਰਹੇ ਹਨ।
ਪਹਿਲਾਂ ਤੋਂ ਸੀ ਪਰੇਸ਼ਾਨੀ, ਡੀਜੀਸੀਏ ਨੇ ਕੀ ਦੱਸਿਆ

ਤਸਵੀਰ ਸਰੋਤ, AFP via Getty Images
ਡਾਇਰੈਟੋਰੇਟ ਜਨਰਲ ਆਫ਼ ਸਿਵਿਲ ਏਵੀਏਸ਼ਨ (ਡੀਜੀਸੀਏ) ਨੇ ਕਿਹਾ ਹੈ ਕਿ ਇੰਡੀਗੋ ਪ੍ਰਭਾਵਿਤ ਯਾਤਰੀਆਂ ਨੂੰ ਵਿਕਲਪਿਕ ਯਾਤਰਾ ਸਹੂਲਤਾਂ ਜਾਂ ਰੀਫ਼ੰਡ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
ਡੀਜੀਸੀਏ ਦੇ ਅਨੁਸਾਰ, ਉਡਾਣਾਂ ਦੇ ਰੱਦ ਹੋਣ ਅਤੇ ਦੇਰੀ ਦੀ ਸਮੱਸਿਆ ਨੂੰ ਘਟਾਉਣ ਲਈ ਡੀਜੀਸੀਏ ਹਾਲਾਤਾਂ 'ਤੇ ਨਜ਼ਰ ਰੱਖ ਰਿਹਾ ਹੈ ਅਤੇ ਸਮੀਖਿਆ ਕਰ ਰਿਹਾ ਹੈ।
ਡੀਜੀਸੀਏ ਨੇ ਏਅਰਲਾਈਨ ਤੋਂ ਮੌਜੂਦਾ ਹਾਲਾਤਾਂ ਦੇ ਪੈਦਾ ਹੋਣ ਦੇ ਕਾਰਨ ਦੱਸਣ ਨੂੰ ਕਿਹਾ ਹੈ ਅਤੇ ਹਾਲਾਤ ਸੁਧਾਰਨ ਲਈ ਬਦਲ ਵਾਲੀਆਂ ਯੋਜਨਾਵਾਂ ਵੀ ਪੇਸ਼ ਕਰਨ ਲਈ ਕਿਹਾ ਹੈ।
ਡੀਜੀਸੀਏ ਨੇ ਪਿਛਲੇ ਦੋ ਮਹੀਨਿਆਂ ਵਿੱਚ ਏਅਰਲਾਈਨ ਦੇ ਪ੍ਰਦਰਸ਼ਨ ਨੂੰ ਲੈ ਕੇ ਵੀ ਅੰਕੜੇ ਦਿੱਤੇ ਹਨ।
ਇਨ੍ਹਾਂ ਵਿੱਚ ਦੱਸਿਆ ਗਿਆ ਹੈ ਕਿ ਉਡਾਣਾਂ ਦੇ ਸਮੇਂ ਸਿਰ ਚੱਲਣ ਨੂੰ ਲੈ ਕੇ ਇੰਡੀਗੋ ਦਾ ਪ੍ਰਦਰਸ਼ਨ ਨਵੰਬਰ ਵਿੱਚ 67.70 ਫੀਸਦੀ ਅਤੇ ਅਕਤੂਬਰ ਵਿੱਚ 84.1 ਫੀਸਦੀ ਰਿਹਾ ਸੀ।
ਜਦਕਿ ਨਵੰਬਰ ਵਿੱਚ ਇੰਡਿਗੋ ਦੀਆਂ ਕੁੱਲ 1,232 ਉਡਾਣਾਂ ਰੱਦ ਹੋਈਆਂ ਹਨ ।
ਇੰਡੀਗੋ ਨੇ ਕੀ ਦੱਸਿਆ

ਤਸਵੀਰ ਸਰੋਤ, AFP via Getty Images
ਵੱਡੇ ਪੱਧਰ 'ਤੇ ਉਡਾਣਾਂ ਦੇ ਰੱਦ ਹੋਣ, ਦੇਰੀ ਹੋਣ ਅਤੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨ ਨੂੰ ਲੈ ਕੇ ਇੰਡੀਗੋ ਨੇ ਬਿਆਨ ਜਾਰੀ ਕੀਤਾ ਹੈ।
ਇੰਡੀਗੋ ਦੇ ਬੁਲਾਰੇ ਨੇ ਕਿਹਾ, "ਅਸੀਂ ਮੰਨਦੇ ਹਾਂ ਕਿ ਪਿਛਲੇ ਦੋ ਦਿਨਾਂ ਤੋਂ ਪੂਰੇ ਨੈੱਟਵਰਕ ਵਿੱਚ ਇੰਡੀਗੋ ਦੇ ਸੰਚਾਲਨ ਵਿੱਚ ਕਾਫ਼ੀ ਵਿਘਨ ਰਿਹਾ ਹੈ ਅਤੇ ਅਸੀਂ ਆਪਣੇ ਗਾਹਕਾਂ ਨੂੰ ਹੋਈ ਪਰੇਸ਼ਾਨੀ ਲਈ ਦਿਲੋਂ ਮੁਆਫ਼ੀ ਮੰਗਦੇ ਹਾਂ।"
"ਨਿੱਕੀਆਂ-ਮੋਟੀਆਂ ਤਕਨੀਕੀ ਗੜਬੜੀਆਂ, ਸਰਦੀਆਂ ਦੇ ਮੌਸਮ ਨਾਲ ਜੁੜੇ ਸ਼ੈਡਿਊਲ ਵਿੱਚ ਬਦਲਾਅ, ਖ਼ਰਾਬ ਮੌਸਮ, ਹਵਾਬਾਜ਼ੀ ਪ੍ਰਣਾਲੀ ਵਿੱਚ ਵਧਦੀ ਭੀੜਭਾੜ ਅਤੇ ਨਵੇਂ ਕਰੂ ਰੋਸਟਰਿੰਗ ਨਿਯਮਾਂ (ਉਡਾਣ ਡਿਊਟੀ ਸਮਾਂ ਸੀਮਾ) ਦੀਆਂ ਸਮੱਸਿਆਵਾਂ ਸਮੇਤ ਕਈ ਅਣਕਿਆਸੀਆਂ ਸੰਚਾਲਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।"
"ਸਾਡੇ ਸੰਚਾਲਨ 'ਤੇ ਇੰਨਾ ਨਕਾਰਾਤਮਕ ਪ੍ਰਭਾਵ ਪਿਆ ਹੈ ਕਿ ਇਸ ਦੀ ਉਮੀਦ ਕਰਨਾ ਵੀ ਸੰਭਵ ਨਹੀਂ ਸੀ। ਇਸ ਰੁਕਾਵਟ ਨੂੰ ਰੋਕਣ ਅਤੇ ਸਥਿਰਤਾ ਬਹਾਲ ਕਰਨ ਲਈ ਅਸੀਂ ਆਪਣੇ ਸ਼ੈਡਿਊਲ ਵਿੱਚ ਕੁਝ ਬਦਲਾਅ ਸ਼ੁਰੂ ਕੀਤੇ ਹਨ। ਇਹ ਉਪਾਅ ਅਗਲੇ 48 ਘੰਟਿਆਂ ਤੱਕ ਲਾਗੂ ਰਹਿਣਗੇ।"
"ਸਾਨੂੰ ਆਪਣੇ ਸੰਚਾਲਨ ਨੂੰ ਨਾਰਮਲ ਬਣਾਉਣ ਅਤੇ ਪੂਰੇ ਨੈੱਟਵਰਕ ਵਿੱਚ ਸਮੇਂ ਸਬੰਧੀ ਆਪਣੀਆਂ ਪਾਬੰਦੀਆਂ ਨੂੰ ਹੌਲੀ–ਹੌਲੀ ਬਹਾਲ ਕਰਨ ਵਿੱਚ ਮਦਦ ਕਰਨਗੇ। ਸਾਡੀਆਂ ਟੀਮਾਂ ਗਾਹਕਾਂ ਦੀ ਅਸੁਵਿਧਾ ਨੂੰ ਘਟਾਉਣ ਅਤੇ ਸੰਚਾਲਨ ਨੂੰ ਛੇਤੀ ਤੋਂ ਛੇਤੀ ਸਥਿਰ ਕਰਨ ਲਈ ਦਿਨ-ਰਾਤ ਕੰਮ ਕਰ ਰਹੀਆਂ ਹਨ।"
ਕੰਪਨੀ ਨੇ ਯਾਤਰੀਆਂ ਦੀ ਮਦਦ ਕਰਨ, ਵਿਕਲਪਿਕ ਵਿਵਸਥਾ ਕਰਨ ਜਾਂ ਕਿਰਾਏ ਵਾਪਸ ਕਰਨ ਦੀ ਪੇਸ਼ਕਸ਼ ਦੀ ਗੱਲ ਕਹੀ ਹੈ।
ਕਿਉਂ ਨਾਰਾਜ਼ ਹਨ ਪਾਇਲਟ

ਤਸਵੀਰ ਸਰੋਤ, AFP via Getty Images
ਅੰਗਰੇਜ਼ੀ ਅਖ਼ਬਾਰ ਦਿ ਹਿੰਦੂ ਦੇ ਅਨੁਸਾਰ, ਸਰਕਾਰੀ ਅੰਕੜਿਆਂ ਤੋਂ ਪਤਾ ਚੱਲਿਆ ਕਿ 2 ਦਸੰਬਰ ਨੂੰ ਇੰਡਿਗੋ ਦੀਆਂ ਸਿਰਫ਼ 35 ਫੀਸਦੀ ਉਡਾਣਾਂ ਹੀ ਸਮੇਂ ਸਿਰ ਸਨ ਅਤੇ 1 ਦਸੰਬਰ ਨੂੰ ਸਿਰਫ਼ 49.5 ਫੀਸਦੀ ਉਡਾਣਾਂ ਸਮੇਂ ਸਿਰ ਚੱਲੀਆਂ ਸਨ।
ਦਿ ਹਿੰਦੂ ਨੇ ਲਿਖਿਆ, "1 ਨਵੰਬਰ ਤੋਂ ਪਾਇਲਟਾਂ ਦੇ ਡਿਊਟੀ ਮਾਪਦੰਡ ਪੂਰੀ ਤਰ੍ਹਾਂ ਲਾਗੂ ਹੋਣ ਕਾਰਨ ਸੰਕਟ ਦੀ ਸ਼ੁਰੂਆਤ ਹੋਈ। ਸਰਕਾਰ ਨੇ ਇਸ ਨੂੰ ਇੱਕ ਸਾਲ ਲਈ ਟਾਲ਼ ਦਿੱਤਾ ਸੀ ਤਾਂ ਜੋ ਏਅਰਲਾਈਨ ਆਪਣੇ ਚਾਲਕ ਦਲ ਦੀ ਯੋਜਨਾ ਬਣਾ ਸਕੇ। ਏਅਰਲਾਈਨ ਨੇ ਇਸ ਦੇ ਲਾਗੂ ਹੋਣ 'ਤੇ ਵਿਆਪਕ ਉਡਾਣਾਂ ਰੱਦ ਹੋਣ ਦੀ ਚੇਤਾਵਨੀ ਦਿੱਤੀ ਸੀ। ਪਰ ਪਾਇਲਟ ਸੰਗਠਨਾਂ ਨੇ ਦਿੱਲੀ ਹਾਈ ਕੋਰਟ ਦਾ ਰੁਖ਼ ਕੀਤਾ ਅਤੇ ਅਪ੍ਰੈਲ 2025 'ਚ ਲਾਗੂ ਕਰਨ ਦਾ ਆਦੇਸ਼ ਮਿਲਿਆ।"
"ਪਾਇਲਟਾਂ ਦੀ ਵਧਦੀ ਥਕਾਵਟ ਨੂੰ ਲੈ ਕੇ ਚਿੰਤਾਵਾਂ ਨਾਲ ਨਿਪਟਣ ਲਈ ਤਿਆਰ ਕੀਤੇ ਗਏ ਆਰਾਮ ਅਤੇ ਡਿਊਟੀ ਘੰਟਿਆਂ ਦੇ ਨਵੇਂ ਮਾਪਦੰਡਾਂ, ਜਿਨ੍ਹਾਂ ਦੇ ਖ਼ਿਲਾਫ਼ ਏਅਰਲਾਈਨ ਨੇ ਦੋ ਸਾਲ ਲੰਬੀ ਲੜਾਈ ਲੜੀ। ਦਿੱਲੀ ਹਾਈ ਕੋਰਟ ਦੇ ਅਪ੍ਰੈਲ 2025 ਦੇ ਆਦੇਸ਼ ਮੁਤਾਬਕ, ਇਸ ਨੂੰ ਦੋ ਪੜਾਵਾਂ ਵਿੱਚ ਲਾਗੂ ਕੀਤਾ ਜਾਣਾ ਸੀ। ਇਸ ਵਿੱਚ ਹਫ਼ਤੇਵਰ ਆਰਾਮ ਦੇ ਘੰਟੇ 36 ਤੋਂ ਵਧਾ ਕੇ 48 ਘੰਟੇ ਕਰਨ ਸਮੇਤ ਕਈ ਪ੍ਰਬੰਧ 1 ਜੁਲਾਈ ਤੋਂ ਲਾਗੂ ਕਰ ਦਿੱਤੇ ਗਏ ਸਨ। ਜਦਕਿ ਰਾਤ ਨੂੰ ਪਾਇਲਟਾਂ ਦੇ ਇਸਤੇਮਾਲ 'ਤੇ ਪਾਬੰਦੀ ਲਗਾਉਣ ਵਾਲੇ ਬਾਕੀ ਪ੍ਰਬੰਧ 1 ਨਵੰਬਰ ਤੋਂ ਲਾਗੂ ਹੋਣੇ ਸਨ।"
ਦਿ ਹਿੰਦੂ ਨੇ ਲਿਖਿਆ, "ਇਨ੍ਹਾਂ ਅੰਤਿਮ ਪ੍ਰਬੰਧਾਂ ਦੇ ਲਾਗੂ ਹੋਣ ਤੋਂ ਬਾਅਦੋਂ ਹੀ ਏਅਰਲਾਈਨਸ ਪਾਇਲਟਾਂ ਦੀ ਘਾਟ ਨਾਲ ਜੂਝ ਰਹੀਆਂ ਹਨ। ਕੰਪਨੀਆਂ ਪਾਇਲਟਾਂ ਤੋਂ ਆਪਣੀਆਂ ਛੁੱਟੀਆਂ ਰੱਦ ਕਰਨ ਦੀ ਬੇਨਤੀ ਕਰ ਰਹੀਆਂ ਹਨ। ਪਰ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਅਸੰਤੋਸ਼ ਕਾਰਨ ਪਾਇਲਟ ਸਹਿਯੋਗ ਕਰਨ ਦੇ ਇੱਛੁਕ ਨਹੀਂ ਹਨ। ਡੀਜੀਸੀਏ ਮਾਪਦੰਡਾਂ ਅਨੁਸਾਰ 13 ਘੰਟਿਆਂ ਦੀ ਡਿਊਟੀ ਤੋਂ ਵੱਧ ਕੰਮ ਕਰਨਾ, 7,000 ਕਰੋੜ ਦੇ ਮੁਨਾਫੇ ਦੇ ਬਾਵਜੂਦ ਤਨਖ਼ਾਹ ਵਿੱਚ ਵਾਧਾ ਨਾ ਹੋਣਾ, ਅਤੇ ਏਅਰਲਾਈਨ ਵੱਲੋਂ ਨਵੇਂ ਪਾਇਲਟ ਡਿਊਟੀ ਮਾਪਦੰਡਾਂ ਦੀ ਵਿਆਖਿਆ ਆਪਣੇ ਹਿਤ ਵਿੱਚ ਮੋੜਣ ਨੂੰ ਲੈ ਕੇ ਹਾਲੀਆ ਵਿਵਾਦ ਨੇ ਪਾਇਲਟਾਂ ਨੂੰ ਨਾਰਾਜ਼ ਕਰ ਦਿੱਤਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












