ਕੀ ਹੁਣ ਜਹਾਜ਼ ਪਹਿਲਾਂ ਨਾਲੋਂ ਜ਼ਿਆਦਾ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ? ਅਸਲ ਸੱਚ ਕੀ?

ਤਸਵੀਰ ਸਰੋਤ, Getty Images
- ਲੇਖਕ, ਜੋਸ਼ੂਆ ਚੀਥਮ, ਯੀ ਮਾ ਅਤੇ ਮੈਟ ਮਰਫ਼ੀ
- ਰੋਲ, ਬੀਬੀਸੀ ਪੱਤਰਕਾਰ
ਹਾਲ ਹੀ ਵਿੱਚ ਹੋਏ ਜਹਾਜ਼ ਹਾਦਸਿਆਂ ਤੋਂ ਬਾਅਦ, ਕੁਝ ਸੋਸ਼ਲ ਮੀਡੀਆ ਯੂਜ਼ਰਜ਼ ਦਾ ਕਹਿਣਾ ਹੈ ਕਿ ਹਵਾਈ ਯਾਤਰਾਵਾਂ ਦੌਰਾਨ ਹਾਦਸੇ ਪਹਿਲਾਂ ਨਾਲੋਂ ਵੱਧ ਹੋ ਰਹੇ ਹਨ।
ਪਿਛਲੇ ਸਾਲ 29 ਦਸੰਬਰ ਨੂੰ ਦੱਖਣੀ ਕੋਰੀਆ ਵਿੱਚ ਇੱਕ ਜਹਾਜ਼ ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿੱਚ 179 ਲੋਕਾਂ ਦੀ ਮੌਤ ਹੋ ਗਈ ਸੀ।
ਇੱਕ ਮਹੀਨੇ ਬਾਅਦ ਵਾਸ਼ਿੰਗਟਨ ਡੀਸੀ ਵਿੱਚ ਇੱਕ ਫੌਜੀ ਹੈਲੀਕਾਪਟਰ ਅਤੇ ਇੱਕ ਯਾਤਰੀ ਜਹਾਜ਼ ਵਿਚਕਾਰ ਹੋਈ ਟੱਕਰ ਵਿੱਚ 67 ਲੋਕਾਂ ਦੀ ਮੌਤ ਹੋ ਗਈ।
ਪਿਛਲੇ ਮਹੀਨੇ ਹੀ, ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਇੱਕ ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਅਤੇ ਜ਼ਮੀਨ 'ਤੇ ਮੌਜੂਦ ਘੱਟੋ-ਘੱਟ 260 ਲੋਕਾਂ ਦੀ ਮੌਤ ਹੋ ਗਈ ਸੀ। ਸਿਰਫ਼ ਇੱਕ ਯਾਤਰੀ ਬ੍ਰਿਟਿਸ਼ ਨਾਗਰਿਕ ਵਿਸ਼ਵਾਸ ਕੁਮਾਰ ਰਮੇਸ਼ ਸੁਰੱਖਿਅਤ ਬਚ ਸਕੇ ਸਨ।
ਹਾਲਾਂਕਿ ਇਸ ਵਿਸ਼ੇ 'ਤੇ ਬਹੁਤੇ ਸਰਵੇ ਤਾਂ ਨਹੀਂ ਹੋਏ ਹਨ, ਪਰ ਫਰਵਰੀ ਵਿੱਚ ਐਸੋਸੀਏਟਿਡ ਪ੍ਰੈਸ ਦੇ ਇੱਕ ਸਰਵੇ ਵਿੱਚ ਸਾਹਮਣੇ ਆਇਆ ਸੀ ਕਿ ਹਾਦਸਿਆਂ ਦੀਆਂ ਆਨਲਾਈਨ ਤਸਵੀਰਾਂ ਨੇ ਕੁਝ ਅਮਰੀਕੀਆਂ ਦਾ ਹਵਾਈ ਯਾਤਰਾ ਵਿੱਚ ਵਿਸ਼ਵਾਸ ਘਟਾ ਦਿੱਤਾ ਹੈ।
ਪਰ ਬੀਬੀਸੀ ਵੈਰੀਫਾਈ ਨੇ ਅਮਰੀਕਾ ਅਤੇ ਦੁਨੀਆ ਭਰ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਅਤੇ ਪਾਇਆ ਕਿ ਅਸਲ ਵਿੱਚ ਤਾਂ ਪਿਛਲੇ 20 ਸਾਲਾਂ ਵਿੱਚ ਹਵਾਈ ਹਾਦਸਿਆਂ ਦੀ ਗਿਣਤੀ ਵਿੱਚ ਕੁੱਲ ਗਿਰਾਵਟ ਆਈ ਹੈ।
ਹਾਦਸਿਆਂ ਦੀ ਗਿਣਤੀ ਵਿੱਚ ਕਮੀ

ਤਸਵੀਰ ਸਰੋਤ, Getty Images
ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (ਐੱਨਟੀਐੱਸਬੀ) ਨੇ ਇਸ ਸਾਲ ਜਨਵਰੀ ਦੇ ਅੰਤ ਤੱਕ ਅਮਰੀਕਾ ਵਿੱਚ ਹੋਏ ਹਵਾਈ ਹਾਦਸਿਆਂ ਦਾ ਡਾਟਾ ਤਿਆਰ ਕੀਤਾ ਹੈ।
ਇਹ ਅੰਕੜੇ ਦਰਸਾਉਂਦੇ ਹਨ ਕਿ 2005 ਅਤੇ 2024 ਦੇ ਵਿਚਕਾਰ ਅਮਰੀਕਾ ਵਿੱਚ ਕੁੱਲ ਉਡਾਣਾਂ ਦੀ ਗਿਣਤੀ ਵਿੱਚ ਅਹਿਮ ਵਾਧੇ ਦੇ ਬਾਵਜੂਦ, ਹਵਾਈ ਹਾਦਸਿਆਂ ਵਿੱਚ ਕਮੀ ਆਈ ਹੈ।
ਜਨਵਰੀ 2025 ਵਿੱਚ ਹਾਦਸਿਆਂ ਦੀ ਗਿਣਤੀ 52 ਸੀ ਜਦੋਂ ਕਿ ਜਨਵਰੀ 2024 ਵਿੱਚ ਇਹ ਗਿਣਤੀ 58 ਸੀ ਅਤੇ ਜਨਵਰੀ 2023 ਅਜਿਹੇ 70 ਹਾਦਸੇ ਹੋਏ ਸਨ।
ਸੰਯੁਕਤ ਰਾਸ਼ਟਰ ਸੰਸਥਾ ਇੰਟਰਨੈਸ਼ਨਲ ਸਿਵਲ ਏਵੀਏਸ਼ਨ ਆਰਗੇਨਾਈਜ਼ੇਸ਼ਨ (ਆਈਸੀਏਓ) ਦੇ ਅੰਕੜਿਆਂ ਮੁਤਾਬਕ 2005 ਅਤੇ 2023 ਦੇ ਵਿਚਕਾਰ ਦੁਨੀਆ ਭਰ ਵਿੱਚ ਪ੍ਰਤੀ 10 ਲੱਖ ਹਵਾਈ ਉਡਾਣਾਂ ਵਿੱਚ ਹਾਦਸਿਆਂ ਵਿੱਚ ਸਪੱਸ਼ਟ ਗਿਰਾਵਟ ਆਈ ਹੈ।

ਆਈਸੀਏਓ ਦੀ ਜਹਾਜ਼ ਹਾਦਸੇ ਦੀ ਪਰਿਭਾਸ਼ਾ ਕਾਫ਼ੀ ਵਿਆਪਕ ਹੈ।
ਇਸ ਵਿੱਚ ਸਿਰਫ਼ ਉਹ ਘਟਨਾਵਾਂ ਹੀ ਸ਼ਾਮਲ ਨਹੀਂ ਹਨ ਜਿਨ੍ਹਾਂ ਵਿੱਚ ਯਾਤਰੀ ਜਾਂ ਚਾਲਕ ਦਲ ਗੰਭੀਰ ਰੂਪ ਵਿੱਚ ਜ਼ਖਮੀ ਹੁੰਦੇ ਹਨ ਜਾਂ ਮਰ ਜਾਂਦੇ ਹਨ, ਸਗੋਂ ਉਹ ਮਾਮਲੇ ਵੀ ਸ਼ਾਮਲ ਹਨ ਜਦੋਂ ਜਹਾਜ਼ ਖ਼ਰਾਬ ਹੋ ਜਾਂਦਾ ਹੈ ਅਤੇ ਮੁਰੰਮਤ ਦੀ ਲੋੜ ਹੁੰਦੀ ਹੈ ਜਾਂ ਲਾਪਤਾ ਹੋ ਜਾਂਦਾ ਹੈ।
ਜੇਕਰ ਅਸੀਂ ਦੁਨੀਆ ਭਰ ਵਿੱਚ ਹਵਾਈ ਹਾਦਸਿਆਂ ਵਿੱਚ ਮੌਤਾਂ ਦੀ ਗਿਣਤੀ 'ਤੇ ਨਜ਼ਰ ਮਾਰੀਏ, ਤਾਂ ਇਸ ਸਮੇਂ ਦੌਰਾਨ ਇਸ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ, ਕੁਝ ਸਾਲਾਂ ਵਿੱਚ ਵੱਡੇ ਹਾਦਸਿਆਂ ਕਾਰਨ ਇਹ ਗਿਣਤੀ ਅਚਾਨਕ ਵਧ ਗਈ ਹੈ।
2014 ਵਿੱਚ ਦੋ ਵੱਡੀਆਂ ਘਟਨਾਵਾਂ ਕਾਰਨ ਹਵਾਈ ਹਾਦਸਿਆਂ ਦੀ ਗਿਣਤੀ ਵਿੱਚ ਅਚਾਨਕ ਵਾਧਾ ਹੋਇਆ।
ਮਾਰਚ ਵਿੱਚ ਮਲੇਸ਼ੀਅਨ ਏਅਰਲਾਈਨਜ਼ ਦੀ ਉਡਾਣ ਐੱਮਐੱਚ370 ਕੁਆਲਾਲੰਪੁਰ ਤੋਂ ਬੀਜਿੰਗ ਜਾਂਦੇ ਸਮੇਂ 239 ਲੋਕਾਂ ਨਾਲ ਗਾਇਬ ਹੋ ਗਈ ਸੀ।
ਉਸੇ ਸਾਲ ਜੁਲਾਈ ਮਹੀਨੇ ਮਲੇਸ਼ੀਅਨ ਏਅਰਲਾਈਨਜ਼ ਦਾ ਇੱਕ ਹੋਰ ਜਹਾਜ਼, ਐੱਮਐੱਚ 17, ਪੂਰਬੀ ਯੂਕਰੇਨ ਵਿੱਚ ਇੱਕ ਰੂਸੀ ਮਿਜ਼ਾਈਲ ਦੁਆਰਾ ਮਾਰਿਆ ਗਿਆ ਸੀ , ਜਿਸ ਵਿੱਚ ਤਕਰੀਬਨ 300 ਲੋਕ ਮਾਰੇ ਗਏ ਸਨ।
ਮਾਹਰ ਕੀ ਕਹਿੰਦੇ ਹਨ?

ਤਸਵੀਰ ਸਰੋਤ, Getty Images
ਕੈਂਬਰਿਜ ਯੂਨੀਵਰਸਿਟੀ ਦੇ ਅੰਕੜਾ ਵਿਗਿਆਨੀ ਪ੍ਰੋਫ਼ੈਸਰ ਸਰ ਡੇਵਿਡ ਸਪੀਗੇਲਹਾਲਟਰ ਨੇ ਬੀਬੀਸੀ ਵੈਰੀਫ਼ਾਈ ਨੂੰ ਦੱਸਿਆ ਕਿ ਅਜਿਹੇ ਡਾਟਾ ਵਿੱਚ ਅਚਾਨਕ ਵੱਡੇ ਉਤਰਾਅ-ਚੜ੍ਹਾਅ ਆਮ ਗੱਲ ਹੈ।
ਉਨ੍ਹਾਂ ਮੁਤਾਬਕ, "ਜੇ ਤੁਸੀਂ ਹਾਦਸਿਆਂ ਦੀ ਬਜਾਇ ਮੌਤਾਂ ਦੀ ਗਿਣਤੀ ਕਰਦੇ ਹੋ, ਤਾਂ ਅੰਕੜੇ ਬਹੁਤ ਉਤਰਾਅ-ਚੜ੍ਹਾਅ ਵਾਲੇ ਹੋ ਜਾਂਦੇ ਹਨ ਅਤੇ ਸਿਰਫ਼ ਇੱਕ ਵੱਡੇ ਹਾਦਸੇ ਨਾਲ ਕਾਫ਼ੀ ਪ੍ਰਭਾਵਿਤ ਹੁੰਦੇ ਹਨ।"
ਉਨ੍ਹਾਂ ਕਿਹਾ, "ਅਜਿਹੇ ਹਾਦਸੇ ਇੱਕੋ ਤਰੀਕੇ ਨਾਲ ਨਹੀਂ ਵਾਪਰਦੇ, ਅਕਸਰ ਕਈ ਇੱਕੋ ਸਮੇਂ ਵਾਪਰਦੇ ਹਨ। ਇਸੇ ਕਰਕੇ ਕਈ ਵਾਰ ਅਜਿਹਾ ਲੱਗਦਾ ਹੈ ਜਿਵੇਂ ਇਨ੍ਹਾਂ ਹਵਾਈ ਹਾਦਸਿਆਂ ਦਾ ਆਪਸ ਵਿੱਚ ਕੋਈ ਸਬੰਧ ਹੋਵੇ, ਜਦੋਂ ਕਿ ਅਸਲ ਵਿੱਚ ਉਨ੍ਹਾਂ ਦਾ ਇੱਕ ਦੂਜੇ ਨਾਲ ਕੋਈ ਸਬੰਧ ਨਹੀਂ ਹੈ।"
ਪਿਛਲੇ ਕੁਝ ਮਹੀਨਿਆਂ ਵਿੱਚ ਹੋਏ ਇਨ੍ਹਾਂ ਵੱਡੇ ਹਵਾਈ ਹਾਦਸਿਆਂ ਬਾਰੇ, ਫ਼ਿਨਲੈਂਡ ਦੇ ਸਾਬਕਾ ਹਵਾਈ ਹਾਦਸੇ ਜਾਂਚ ਮੁਖੀ ਇਸਮੋ ਆਲਤੋਨੇਨ ਨੇ ਬੀਬੀਸੀ ਵੈਰੀਫ਼ਾਈ ਨੂੰ ਦੱਸਿਆ ਕਿ ਇਸਦਾ ਮਤਲਬ ਇਹ ਨਹੀਂ ਲਿਆ ਜਾਣਾ ਚਾਹੀਦਾ ਕਿ ਹਵਾਈ ਯਾਤਰਾ ਹੁਣ ਘੱਟ ਸੁਰੱਖਿਅਤ ਹੋ ਗਈ ਹੈ।
ਉਨ੍ਹਾਂ ਕਿਹਾ, "ਇਹ ਬਦਕਿਸਮਤੀ ਹੈ ਕਿ ਇੱਕੋ ਸਮੇਂ ਇੰਨੇ ਸਾਰੇ ਵੱਖ-ਵੱਖ ਹਾਦਸੇ ਵਾਪਰੇ, ਪਰ ਲੋਕਾਂ ਨੂੰ ਇਸ ਦੇ ਆਧਾਰ 'ਤੇ ਕੋਈ ਸਿੱਟਾ ਨਹੀਂ ਕੱਢਣਾ ਚਾਹੀਦਾ ਕਿਉਂਕਿ ਇਹ ਸਾਰੇ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਕਾਰਨਾਂ ਕਰਕੇ ਵਾਪਰੇ ਹਨ।"
ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਹੋਏ ਕੁਝ ਹਾਦਸਿਆਂ ਨੂੰ ਰੋਕਿਆ ਨਹੀਂ ਜਾ ਸਕਦਾ ਸੀ।
ਉਦਾਹਰਣ ਵਜੋਂ, ਦਸੰਬਰ ਵਿੱਚ, ਕਜ਼ਾਕਿਸਤਾਨ ਵਿੱਚ ਇੱਕ ਅਜ਼ਰਬਾਈਜਾਨ ਏਅਰਲਾਈਨਜ਼ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਦੋਂ ਇਸਨੂੰ ਇੱਕ ਰੂਸੀ ਜਹਾਜ਼ ਵਿਰੋਧੀ ਮਿਜ਼ਾਈਲ ਨੇ ਨਿਸ਼ਾਨਾ ਬਣਾਇਆ।
ਬਕਿੰਘਮਸ਼ਾਇਰ ਨਿਊ ਯੂਨੀਵਰਸਿਟੀ ਦੇ ਸਾਬਕਾ ਪਾਇਲਟ ਅਤੇ ਸੀਨੀਅਰ ਲੈਕਚਰਾਰ ਮਾਰਕੋ ਚੈਨ ਨੇ ਬੀਬੀਸੀ ਵੈਰੀਫ਼ਾਈ ਨੂੰ ਦੱਸਿਆ ਕਿ ਹਵਾਈ ਹਾਦਸਿਆਂ ਬਾਰੇ ਆਮ ਲੋਕਾਂ ਤੱਕ ਵਧੇਰੇ ਜਾਣਕਾਰੀ ਪਹੁੰਚ ਰਹੀ ਹੈ, ਕਿਉਂਕਿ ਇਹ ਹਾਦਸਿਆਂ ਨੂੰ ਹੁਣ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਜ਼ਿਆਦਾ ਦਿਖਾਇਆ ਜਾ ਰਿਹਾ ਹੈ।
ਸੋਸ਼ਲ ਮੀਡੀਆ 'ਤੇ ਅਜਿਹੇ ਹਾਦਸਿਆਂ ਬਾਰੇ ਬਹੁਤ ਚਰਚਾ ਹੋ ਰਹੀ ਹੈ

ਤਸਵੀਰ ਸਰੋਤ, Getty Images
ਟਿਕਟਾਕ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਸੁਪਰਮੈਨ ਫ਼ਿਲਮ ਦਾ ਇੱਕ ਦ੍ਰਿਸ਼ ਦਿਖਾਇਆ ਗਿਆ ਸੀ।
ਇਸ ਵਿੱਚ ਸੁਪਰਮੈਨ ਇੱਕ ਜੈੱਟ ਨੂੰ ਸਟੇਡੀਅਮ ਨਾਲ ਟਕਰਾਉਣ ਤੋਂ ਰੋਕਦਾ ਹੈ। ਇਸ ਵੀਡੀਓ ਦੇ ਨਾਲ ਕੈਪਸ਼ਨ ਸੀ, "ਪੀਟ ਬੁਟੀਗੀਗ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ, ਪਿਛਲੇ ਚਾਰ ਸਾਲਾਂ ਤੋਂ ਹਰ ਰੋਜ਼ ਅਜਿਹਾ ਕਰ ਰਹੇ ਹਨ।"
ਇਹ ਮਜ਼ਾਕੀਆ ਵੀਡੀਓ ਸੁਝਾਅ ਦਿੰਦਾ ਹੈ ਕਿ ਜਨਵਰੀ ਵਿੱਚ ਸਾਬਕਾ ਅਮਰੀਕੀ ਆਵਾਜਾਈ ਸਕੱਤਰ ਪੀਟ ਬੁਟੀਗੀਗ ਦੇ ਅਹੁਦਾ ਛੱਡਣ ਤੋਂ ਬਾਅਦ ਜਹਾਜ਼ ਹਾਦਸਿਆਂ ਵਿੱਚ ਵਾਧਾ ਹੋਇਆ ਹੈ।
ਪਿਛਲੇ ਕੁਝ ਸਾਲਾਂ ਵਿੱਚ, ਬੋਇੰਗ 737 ਮੈਕਸ ਜਹਾਜ਼ ਨਾਲ ਜੁੜੀਆਂ ਕਈ ਘਟਨਾਵਾਂ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਣੀਆਂ ਹਨ, ਖ਼ਾਸ ਕਰਕੇ ਜਨਵਰੀ 2024 ਵਿੱਚ ਜਦੋਂ ਉਡਾਣ ਦੌਰਾਨ ਇੱਕ ਦਰਵਾਜ਼ਾ ਟੁੱਟ ਗਿਆ ਸੀ।
ਇਨ੍ਹਾਂ ਘਟਨਾਵਾਂ ਕਾਰਨ, ਬਹੁਤ ਸਾਰੇ ਯੂਜ਼ਰਜ ਨੇ ਬੋਇੰਗ ਵੱਲੋਂ ਬਣਾਏ ਗਏ ਜਹਾਜ਼ਾਂ ਵਿੱਚ ਯਾਤਰਾ ਕਰਨ ਤੋਂ ਬਚਣਾ ਸ਼ੁਰੂ ਕਰ ਦਿੱਤਾ ਅਤੇ ਕੰਪਨੀ ਦੇ ਸ਼ੇਅਰ ਦੀ ਕੀਮਤ ਵਿੱਚ ਭਾਰੀ ਗਿਰਾਵਟ ਆਈ।
ਮਾਹਰਾਂ ਨੇ ਬੀਬੀਸੀ ਵੈਰੀਫ਼ਾਈ ਨੂੰ ਦੱਸਿਆ ਕਿ ਅਜਿਹੀਆਂ ਘਟਨਾਵਾਂ ਅਤੇ ਵੱਡੇ ਹਾਦਸਿਆਂ ਦੀ ਬਹੁਤ ਡੂੰਘਾਈ ਨਾਲ ਜਾਂਚ ਕੀਤੀ ਜਾਂਦੀ ਹੈ। ਹਾਦਸਿਆਂ ਨਾਲ ਸਬੰਧਤ ਨਵਾਂ ਡਾਟਾ ਅਤੇ ਜਾਣਕਾਰੀ ਪਾਇਲਟਾਂ ਦੇ ਸਿਖਲਾਈ ਸਿਮੂਲੇਟਰ ਵਿੱਚ ਪਾਈ ਜਾਂਦੀ ਹੈ ਤਾਂ ਜੋ ਉਹ ਭਵਿੱਖ ਵਿੱਚ ਅਜਿਹੀਆਂ ਸਥਿਤੀਆਂ ਲਈ ਤਿਆਰ ਰਹਿ ਸਕਣ।
ਇਸਮੋ ਆਲਤੋਨੇਨ ਨੇ ਕਿਹਾ, "ਜੇ ਤੁਸੀਂ ਅੱਜ ਦੇ ਸਿਮੂਲੇਟਰ ਨੂੰ ਦੇਖਦੇ ਹੋ, ਤਾਂ ਉਹ ਇੰਨੇ ਐਡਵਾਂਸ ਹਨ ਕਿ ਉਹ ਬਿਲਕੁਲ ਅਸਲੀ ਹਵਾਈ ਜਹਾਜ਼ਾਂ ਵਾਂਗ ਦਿਖਾਈ ਦਿੰਦੇ ਹਨ। ਇਸਦੀ ਤੁਲਨਾ ਉਸ ਸਮੇਂ ਨਾਲ ਨਹੀਂ ਕੀਤੀ ਜਾ ਸਕਦੀ ਜਦੋਂ ਮੈਂ 40 ਸਾਲ ਪਹਿਲਾਂ ਉਡਾਣ ਭਰਨੀ ਸ਼ੁਰੂ ਕੀਤੀ ਸੀ।"
ਰੈਗੂਲੇਟਰ ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ ਏਅਰਲਾਈਨਜ਼ ਵਿਰੁੱਧ ਸਖ਼ਤ ਕਾਰਵਾਈ ਕਰ ਸਕਦੇ ਹਨ, ਜਿਵੇਂ ਕਿ ਉਨ੍ਹਾਂ ਨੂੰ ਜੁਰਮਾਨਾ ਕਰਨਾ, ਉਨ੍ਹਾਂ ਦਾ ਲਾਇਸੈਂਸ ਮੁਅੱਤਲ ਕਰਨਾ ਜਾਂ ਉਨ੍ਹਾਂ ਦੀਆਂ ਉਡਾਣਾਂ 'ਤੇ ਪਾਬੰਦੀ ਲਗਾਉਣਾ। ਜੇਕਰ ਕੋਈ ਏਅਰਲਾਈਨ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਨਹੀਂ ਕਰਦੀ ਹੈ, ਤਾਂ ਉਸਨੂੰ ਕਿਸੇ ਦੇਸ਼ ਜਾਂ ਸਮੂਹ ਤੋਂ ਵੀ ਕੱਢ ਦਿੱਤਾ ਜਾਂਦਾ ਹੈ।
ਹਵਾਈ ਯਾਤਰਾ ਅਜੇ ਵੀ ਯਾਤਰਾ ਦਾ ਸਭ ਤੋਂ ਸੁਰੱਖਿਅਤ ਤਰੀਕਾ ਹੈ

ਇਨ੍ਹਾਂ ਹਾਲੀਆ ਹਾਦਸਿਆਂ ਦੇ ਬਾਵਜੂਦ, ਹਵਾਈ ਯਾਤਰਾ ਨੂੰ ਅਜੇ ਵੀ ਯਾਤਰਾ ਦਾ ਸਭ ਤੋਂ ਸੁਰੱਖਿਅਤ ਤਰੀਕਾ ਮੰਨਿਆ ਜਾਂਦਾ ਹੈ।
ਅਮਰੀਕੀ ਆਵਾਜਾਈ ਵਿਭਾਗ ਦੇ ਤਾਜ਼ਾ ਅੰਕੜਿਆਂ ਮੁਤਾਬਕ, 2022 ਵਿੱਚ ਅਮਰੀਕਾ ਵਿੱਚ ਆਵਾਜਾਈ ਨਾਲ ਸਬੰਧਤ ਸਾਰੀਆਂ ਮੌਤਾਂ ਵਿੱਚੋਂ 95 ਫ਼ੀਸਦ ਤੋਂ ਵੱਧ ਸੜਕੀ ਹਾਦਸਿਆਂ ਵਿੱਚ ਹੋਈਆਂ। ਹਵਾਈ ਯਾਤਰਾ ਨਾਲ ਸਬੰਧਤ ਮੌਤਾਂ 1 ਫ਼ੀਸਦ ਤੋਂ ਵੀ ਘੱਟ ਸਨ।
ਜੇਕਰ ਅਸੀਂ ਪ੍ਰਤੀ ਦੂਰੀ ਯਾਤਰਾ ਕੀਤੀ ਮੌਤਾਂ ਦੀ ਗਿਣਤੀ 'ਤੇ ਨਜ਼ਰ ਮਾਰੀਏ, ਤਾਂ ਹਵਾਈ ਯਾਤਰਾ ਦੀ ਸੁਰੱਖਿਆ ਸਪੱਸ਼ਟ ਹੋ ਜਾਂਦੀ ਹੈ।
ਅਮਰੀਕਾ ਸਥਿਤ ਇੱਕ ਗ਼ੈਰ-ਮੁਨਾਫ਼ਾ ਸੰਗਠਨ, ਨੈਸ਼ਨਲ ਸੇਫਟੀ ਕੌਂਸਲ (ਐੱਨਐੱਸਸੀ) ਦੇ ਤਾਜ਼ਾ ਅੰਕੜਿਆਂ ਮੁਤਾਬਕ, 2022 ਵਿੱਚ ਪ੍ਰਤੀ 10 ਕਰੋੜ ਮੀਲ ਮੀਲ ਯਾਤਰਾ ਕਰਨ ਵਾਲੇ ਹਵਾਈ ਜਹਾਜ਼ਾਂ ਵਿੱਚ ਯਾਤਰੀਆਂ ਦੀ ਮੌਤ ਦੀ ਗਿਣਤੀ ਸਿਰਫ 0.001 ਸੀ, ਜਦੋਂ ਕਿ ਯਾਤਰੀ ਵਾਹਨਾਂ (ਕਾਰਾਂ, ਬੱਸਾਂ, ਆਦਿ) ਵਿੱਚ ਇਹ 0.54 ਸੀ।
ਰਾਸ਼ਟਰੀ ਸੁਰੱਖਿਆ ਪ੍ਰੀਸ਼ਦ, ਅਮਰੀਕਾ ਵਿੱਚ ਵੱਖ-ਵੱਖ ਕਿਸਮਾਂ ਦੇ ਹਾਦਸਿਆਂ ਅਤੇ ਬਿਮਾਰੀਆਂ ਤੋਂ ਮੌਤ ਦੀ ਸੰਭਾਵਨਾ ਦੇ ਵੇਰਵੇ ਵੀ ਪ੍ਰਦਾਨ ਕਰਦੀ ਹੈ।
ਇਹ ਸਪੱਸ਼ਟ ਤੌਰ 'ਤੇ ਦਿਖਾਈ ਦਿੰਦਾ ਹੈ ਕਿ ਸੜਕ ਹਾਦਸਿਆਂ ਵਿੱਚ ਮਰਨ ਦਾ ਖ਼ਤਰਾ ਬਹੁਤ ਜ਼ਿਆਦਾ ਹੈ, ਜਦੋਂ ਕਿ ਜਹਾਜ਼ ਹਾਦਸਿਆਂ ਵਿੱਚ ਮਰਨ ਦਾ ਖ਼ਤਰਾ ਇੰਨਾ ਘੱਟ ਹੈ ਕਿ ਇਸਦਾ ਅੰਕੜਾ ਨਹੀਂ ਕੱਢਿਆ ਜਾ ਸਕਦਾ।
ਹਾਲਾਂਕਿ, ਇਹ ਵੀ ਸੱਚ ਹੈ ਕਿ ਹਰ ਦੇਸ਼ ਦੀਆਂ ਸੜਕਾਂ ਇੱਕੋ ਜਿਹੀਆਂ ਸੁਰੱਖਿਅਤ ਨਹੀਂ ਹਨ।
2021 ਦੇ ਅੰਕੜਿਆਂ ਦੇ ਆਧਾਰ 'ਤੇ, ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਭਰ ਦੇ ਦੇਸ਼ਾਂ ਵਿੱਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਦੀ ਗਣਨਾ ਕੀਤੀ ਹੈ।
ਇਸ ਦੇ ਮੁਤਾਬਕ, ਸੜਕ ਹਾਦਸਿਆਂ ਦੇ ਮਾਮਲੇ ਵਿੱਚ ਦੁਨੀਆ ਦੇ ਸਭ ਤੋਂ ਖਤਰਨਾਕ ਦੇਸ਼ ਗਿਨੀ (ਪ੍ਰਤੀ 100,000 ਲੋਕਾਂ ਵਿੱਚ 37.4 ਮੌਤਾਂ), ਲੀਬੀਆ (34.0) ਅਤੇ ਹੈਤੀ (31.3) ਹਨ।
ਪਰ ਤੁਸੀਂ ਦੁਨੀਆਂ ਵਿੱਚ ਕਿਤੇ ਵੀ ਰਹਿੰਦੇ ਹੋ, ਇਸਮੋ ਆਲਤੋਨੇਨ ਦਾ ਯਾਤਰੀਆਂ ਲਈ ਇੱਕ ਆਮ ਸੁਨੇਹਾ ਹੈ: "ਇਸ ਗੱਲ ਵੱਲ ਖ਼ਾਸ ਧਿਆਨ ਦਿਓ ਕਿ ਤੁਸੀਂ ਹਵਾਈ ਅੱਡੇ 'ਤੇ ਕਿਵੇਂ ਪਹੁੰਚਦੇ ਹੋ।"
ਉਨ੍ਹਾਂ ਨੇ ਕਿਹਾ, "ਦਰਅਸਲ, ਹਵਾਈ ਅੱਡੇ ਤੱਕ ਤੁਹਾਡੀ ਯਾਤਰਾ ਉਡਾਣ ਦਾ ਸਭ ਤੋਂ ਖਤਰਨਾਕ ਹਿੱਸਾ ਹੁੰਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












