ਕੀ ਗਲੂਟਨ-ਫ੍ਰੀ ਡਾਇਟ ਸਾਡੇ ਸਭ ਲਈ ਸਿਹਤਮੰਦ ਹੋ ਸਕਦੀ ਹੈ ਜਾਂ ਇਸ ਬਾਰੇ ਸੋਚ ਸਮਝ ਕੇ ਫੈਸਲਾ ਲੈਣ ਦੀ ਲੋੜ ਹੈ

ਤਸਵੀਰ ਸਰੋਤ, Getty Images
- ਲੇਖਕ, ਅਮਨਪ੍ਰੀਤ ਕੌਰ
- ਰੋਲ, ਬੀਬੀਸੀ ਪੱਤਰਕਾਰ
ਗਲੂਟਨ-ਫ੍ਰੀ ਡਾਇਟ ਦਾ ਰੁਝਾਨ ਅੱਜਕੱਲ੍ਹ ਕਾਫੀਂ ਵੱਧ ਰਿਹਾ ਹੈ। ਜਿਨ੍ਹਾਂ ਨੂੰ ਤਾਂ ਗਲੂਟਨ ਤੋਂ ਕੋਈ ਐਲਰਜੀ ਹੈ, ਉਨ੍ਹਾਂ ਲਈ ਗਲੂਟਨ-ਫ੍ਰੀ ਡਾਇਟ ਲੈਣਾ ਬੇਹੱਦ ਜ਼ਰੂਰੀ ਹੈ ਪਰ ਬਹੁਤ ਸਾਰੇ ਉਹ ਲੋਕ ਵੀ ਗਲੂਟਨ ਛੱਡ ਰਹੇ ਹਨ ਜਿਨ੍ਹਾਂ ਨੂੰ ਨਾ ਤਾਂ ਕੋਈ ਐਲਰਜੀ ਹੈ ਅਤੇ ਨਾ ਹੀ ਕੋਈ ਮੈਡਿਕਲ ਸਮੱਸਿਆ।
ਗਲੂਟਨ ਇੱਕ ਪ੍ਰੋਟੀਨ ਹੈ ਜੋ ਕਣਕ, ਜੌਂ ਅਤੇ ਰਾਈ ਵਿੱਚ ਮੌਜੂਦ ਹੁੰਦਾ ਹੈ ਅਤੇ ਇਹ ਸਦੀਆਂ ਤੋਂ ਮਨੁੱਖੀ ਖੁਰਾਕ ਦਾ ਹਿੱਸਾ ਹੈ। ਪਰ ਇਸ ਦੇ ਬਾਵਜੂਦ ਬਹੁਤ ਸਾਰੇ ਲੋਕ ਗਲੂਟਨ-ਫ੍ਰੀ ਡਾਇਟ ਕਿਉਂ ਅਪਣਾ ਰਹੇ ਹਨ? ਕੀ ਗਲੂਟਨ ਸੱਚਮੁੱਚ ਸਾਡੀ ਸਿਹਤ ਲਈ ਵਧੀਆ ਨਹੀਂ ਹੈ?
ਲੋਕਾਂ ਵਿੱਚ ਇਸ ਡਾਇਟ ਨੂੰ ਲੈ ਕੇ ਕੀ ਉਲਝਣਾਂ ਹਨ? ਇਸ ਰਿਪੋਰਟ ਵਿੱਚ ਮਾਹਰਾਂ ਦੇ ਹਵਾਲੇ ਨਾਲ ਦੱਸਾਂਗੇ ਕਿ ਕੀ ਗਲੂਟਨ ਛੱਡ ਗਲੂਟਨ-ਫ੍ਰੀ ਡਾਇਟ ਅਪਣਾਉਣਾ ਸੱਚਮੁੱਚ ਸਿਹਤਮੰਦ ਵਿਕਲਪ ਹੈ?
ਕੀ ਹੈ ਗਲੂਟਨ ਅਤੇ ਗਲੂਟਨ-ਫ੍ਰੀ?
ਸੀਨੀਅਰ ਸਲਾਹਕਾਰ ਡਾਇਟੀਸ਼ੀਅਨ ਅਤੇ ਵਨ ਡਾਇਟ ਟੂਡੇ ਦੇ ਸੰਸਥਾਪਕ ਡਾ. ਅਨੂ ਅਗਰਵਾਲ ਮੁਤਾਬਕ ਗਲੂਟਨ ਇੱਕ ਤਰ੍ਹਾਂ ਦਾ ਪ੍ਰੋਟੀਨ ਹੈ, ਜੋ ਆਮ ਤੌਰ 'ਤੇ ਕਣਕ, ਜੌਂ ਅਤੇ ਰਾਈ ਵਰਗੇ ਅਨਾਜਾਂ 'ਚ ਪਾਇਆ ਜਾਂਦਾ ਹੈ।
ਇਹ ਭੋਜਨਾਂ ਨੂੰ ਆਕਾਰ ਦੇਣ ਲਈ ਇੱਕ ਬਾਈਂਡਿੰਗ ਏਜੰਟ ਵਜੋਂ ਵੀ ਕੰਮ ਕਰਦਾ ਹੈ। ਪਾਣੀ ਨਾਲ ਮਿਲਣ 'ਤੇ ਇਹ ਇੱਕ ਚਿਪਚਿਪਾ ਜਾਲ ਬਣਾਉਂਦਾ ਹੈ ਅਤੇ ਲਚਕਤਾ ਦਿੰਦਾ ਹੈ, ਜੋ ਰੋਟੀ, ਬਰੈਡ, ਪਾਸਤਾ, ਆਦਿ ਦੇ ਉਤਪਾਦਨ 'ਚ ਅਹਿਮ ਹੈ।

ਤਸਵੀਰ ਸਰੋਤ, Getty Images
ਦੂਜੇ ਪਾਸੇ ਗਲੂਟਨ-ਫ੍ਰੀ ਯਾਨੀ ਜਿਸ ਵਿੱਚ ਗਲੂਟਨ ਬਿਲਕੁਲ ਨਹੀਂ ਹੁੰਦਾ। ਇਹ ਖੁਰਾਕ ਸਿਲਿਅਕ ਡਿਜ਼ੀਜ਼, ਨਾਨ-ਸਿਲਿਅਕ ਗਲੂਟਨ ਸੈਂਸੀਟਿਵਿਟੀ (NCGS) ਜਾਂ ਵੀਟ ਐਲਰਜੀ ਵਾਲੇ ਲੋਕਾਂ ਲਈ ਬਹੁਤ ਜ਼ਰੂਰੀ ਹੈ। ਇਸ ਵਿੱਚ ਗਲੂਟਨ ਦੇ ਸਾਰੇ ਸਰੋਤਾਂ, ਕਣਕ, ਜੌਂ, ਰਾਈ ਅਤੇ ਇਨ੍ਹਾਂ ਦੇ ਡੈਰੀਵੇਟਿਵਜ਼ ਤੋਂ ਪਰਹੇਜ਼ ਕਰਨਾ ਹੁੰਦਾ ਹੈ।
ਨੈਸ਼ਨਲ ਇੰਸਟੀਚਿਊਟਸ ਆਫ਼ ਹੈਲਥ (NIH) ਦੇ ਅਨੁਸਾਰ ਸਿਲਿਅਕ ਡਿਜ਼ੀਜ਼ ਇੱਕ ਆਟੋਇਮਿਊਨ ਸਥਿਤੀ ਹੈ, ਇਸ ਵਿੱਚ ਗਲੂਟਨ ਦੇ ਸੇਵਨ ਨਾਲ ਛੋਟੀ ਆਂਦਰ ਨੂੰ ਨੁਕਸਾਨ ਹੁੰਦਾ ਹੈ।
ਇਸ ਨੁਕਸਾਨ ਦੇ ਨਤੀਜੇ ਵਜੋਂ ਪੋਸ਼ਕ ਤੱਤਾਂ ਦੇ ਸਰੀਰ ਤੱਕ ਪਹੁੰਚਣ ਵਿੱਚ ਦਿੱਕਤ ਆਉਂਦੀ ਹੈ, ਜਿਸ ਕਰਕੇ ਦਸਤ, ਢਿੱਡ ਫੁੱਲਣਾ, ਪੇਟ ਦਰਦ, ਭਾਰ ਘਟ ਜਾਣਾ, ਰੈਸ਼ ਅਤੇ ਕਬਜ਼ ਵਰਗੀਆਂ ਗੈਸਟਰੋਇੰਟੇਸਟਾਈਨਲ ਸ਼ਿਕਾਇਤਾਂ ਆ ਸਕਦੀਆਂ ਹਨ।
ਹਾਲਾਂਕਿ ਅੱਜ-ਕੱਲ੍ਹ ਗਲੂਟਨ-ਫ੍ਰੀ ਡਾਇਟ ਉਹ ਲੋਕ ਵੀ ਲੈ ਰਹੇ ਹਨ ਜਿਨ੍ਹਾਂ ਨੂੰ ਇਸ ਸਬੰਧੀ ਕੋਈ ਸਮੱਸਿਆ ਨਹੀਂ ਹੈ। ਉਹ ਮੰਨਦੇ ਹਨ ਕਿ ਇਹ ਡਾਇਟ ਸਿਹਤ ਲਈ ਵਧੀਆ ਹੈ ਅਤੇ ਕਈ ਸਮੱਸਿਆਵਾਂ ਨੂੰ ਸੁਧਾਰਨ ਵਿੱਚ ਵੀ ਮਦਦ ਕਰ ਸਕਦੀ ਹੈ। ਪਰ ਐੱਨਆਈਐੱਚ ਮੁਤਾਬਕ ਇਸ ਦਾ ਸਮਰਥਨ ਕਰਨ ਲਈ ਅਜੇ ਬਹੁਤ ਘੱਟ ਖੋਜ ਹੋਈ ਹੈ।
ਕੀ ਗਲੂਟਨ ਸਿਹਤ ਲਈ ਸੱਚਮੁੱਚ ਮਾੜਾ ਹੈ?

ਹਾਰਵਰਡ ਯੂਨੀਵਰਸਿਟੀ ਦੇ ਹਾਰਵਰਡ ਮੈਡੀਕਲ ਸਕੂਲ ਦੀ ਰਿਪੋਰਟ ਮੁਤਾਬਕ ਇਸ ਗੱਲ ਦਾ ਕੋਈ ਠੋਸ ਸਬੂਤ ਨਹੀਂ ਹੈ ਕਿ ਗਲੂਟਨ-ਫ੍ਰੀ ਖੁਰਾਕ ਸਿਹਤ ਨੂੰ ਹੋਰ ਬਿਹਤਰ ਬਣਾਏਗੀ ਜਾਂ ਬਿਮਾਰੀਆਂ ਨੂੰ ਰੋਕੇਗੀ। ਜੇ ਤੁਹਾਨੂੰ ਇਸ ਸਬੰਧੀ ਕੋਈ ਐਲਰਜੀ ਨਹੀਂ ਹੈ ਤਾਂ ਤੁਸੀਂ ਬਿਨਾਂ ਕਿਸੇ ਮੁਸ਼ਕਲ ਦੇ ਗਲੂਟਨ ਖਾ ਸਕਦੇ ਹੋ।
ਐੱਨਆਈਐੱਚ ਦੀ ਰਿਪੋਰਟ ਅਨੁਸਾਰ ਕਣਕ ਦੇ ਆਟੇ ਨਾਲ ਬਣੇ ਬਹੁਤ ਸਾਰੇ ਭੋਜਨ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ। ਕਣਕ ਅਤੇ ਹੋਰ ਅਨਾਜਾਂ ਨੂੰ ਛੱਡਣ ਨਾਲ ਤੁਹਾਡੇ ਸਰੀਰ 'ਚ ਕਈ ਪੌਸ਼ਟਿਕ ਤੱਤਾਂ ਦੀ ਕਮੀ ਆ ਸਕਦੀ ਹੈ, ਜਿਵੇਂ ਕੈਲਸ਼ੀਅਮ, ਫਾਈਬਰ, ਫੋਲੇਟ ਅਤੇ ਆਇਰਨ।
ਡਾ. ਅਨੂ ਅਗਰਵਾਲ ਦੱਸਦੇ ਹਨ ਕਿ, "ਗਲੂਟਨ ਸਿਹਤਮੰਦ ਲੋਕਾਂ ਲਈ ਕੁਦਰਤੀ ਤੌਰ 'ਤੇ ਮਾੜਾ ਨਹੀਂ ਹੈ। ਸਦੀਆਂ ਤੋਂ ਗਲੂਟਨ ਵਾਲੇ ਭੋਜਨ ਲੋਕਾਂ ਨੂੰ ਪ੍ਰੋਟੀਨ, ਫਾਈਬਰ ਅਤੇ ਪੌਸ਼ਟਿਕ ਤੱਤ ਪ੍ਰਦਾਨ ਕਰਦੇ ਆ ਰਹੇ ਹਨ। ਪਰ ਇਸ ਦੇ ਡੈਰੀਵੇਟਿਵਜ਼ ਜਿਵੇਂ ਮੈਦਾ ਜਾਂ ਸੂਜੀ ਦਾ ਜੇਕਰ ਲਗਾਤਾਰ ਅਤੇ ਵੱਡੀ ਮਾਤਰਾ ਵਿੱਚ ਸੇਵਨ ਕੀਤਾ ਜਾਵੇ ਤਾਂ ਇਹ ਸਿਹਤ 'ਤੇ ਮਾੜੇ ਪ੍ਰਭਾਵ ਪਾ ਸਕਦੇ ਹਨ।"
ਉਸ ਦੱਸਦੇ ਹਨ ਕਿ ਇਹ ਦੋਵੇਂ ਕਣਕ ਤੋਂ ਪ੍ਰਾਪਤ ਕੀਤੇ ਜਾਂਦੇ ਹਨ, ਪਰ ਪ੍ਰੋਸੈਸਿੰਗ ਵਿਧੀਆਂ ਪੂਰੇ ਅਨਾਜ ਵਿੱਚ ਪਾਏ ਜਾਣ ਵਾਲੇ ਜ਼ਰੂਰੀ ਪੌਸ਼ਟਿਕ ਤੱਤਾਂ ਨੂੰ ਖ਼ਤਮ ਕਰ ਦਿੰਦੀਆਂ ਹਨ। ਇਸ ਲਈ ਸਿਹਤ ਸਮੱਸਿਆਵਾਂ ਦਾ ਕਾਰਨ ਗਲੂਟਨ ਨਹੀਂ, ਬਲਕਿ ਰਿਫਾਈਂਡ, ਪ੍ਰੋਸੈਸਡ ਅਤੇ ਪੈਕੇਜ ਵਾਲੇ ਭੋਜਨ ਹਨ, ਜਿਵੇਂ ਮੈਦਾ, ਸੂਜੀ ਨਾਲ ਬਣੇ ਸਨੈਕਸ, ਬਿਸਕੁਟ, ਚਿਪਸ, ਆਦਿ।

ਤਸਵੀਰ ਸਰੋਤ, Getty Images
ਇਨ੍ਹਾਂ ਭੋਜਨਾਂ ਵਿੱਚ ਸੋਡੀਅਮ, ਸ਼ੂਗਰ ਅਤੇ ਹੋਰ ਐਡਿਟਿਵ ਵੱਧ ਹੋ ਸਕਦੇ ਹਨ, ਜਿਨ੍ਹਾਂ ਕਾਰਨਾਂ ਕਰਕੇ ਭਾਰ ਵਧਣਾ, ਬਲੱਡ ਸ਼ੂਗਰ 'ਚ ਬਦਲਾਅ ਅਤੇ ਹੋਰ ਦਿੱਕਤਾਂ ਆ ਸਕਦੀਆਂ ਹਨ।
ਮਾਹਰਾਂ ਮੁਤਾਬਕ ਜਦੋਂ ਫਾਸਟ ਫ਼ੂਡ ਜਾਂ ਪ੍ਰੋਸੈੱਸਡ ਭੋਜਨਾਂ ਕਰਕੇ ਸਿਹਤ ਸਮੱਸਿਆਵਾਂ ਆਉਂਦੀਆਂ ਹਨ ਤਾਂ ਲੋਕ ਗਲੂਟਨ-ਫ੍ਰੀ ਖੁਰਾਕ ਵੱਲ ਨੂੰ ਜਾਂਦੇ ਹਨ, ਹਾਲਾਂਕਿ ਤੁਸੀਂ ਮਿਲੇਟਸ, ਰਾਗੀ, ਬਾਜਰਾ ਜਾਂ ਕੁੱਟੂ ਦੇ ਆਟੇ ਦਾ ਵਿਕਲਪ ਵੀ ਚੁਣ ਸਕਦੇ ਹੋ। ਇੱਥੋਂ ਤੱਕ ਕਿ ਬਹੁਤ ਸਾਰੇ ਭੋਜਨ ਕੁਦਰਤੀ ਤੌਰ 'ਤੇ ਹੀ ਗਲੂਟਨ-ਫ੍ਰੀ ਹੁੰਦੇ ਹਨ, ਜਿਵੇਂ:
- ਸਾਬਤ ਅਨਾਜ
- ਫਲ ਅਤੇ ਸਬਜ਼ੀਆਂ
- ਮੀਟ, ਮੱਛੀ, ਪੋਲਟਰੀ ਅਤੇ ਆਂਡੇ
- ਬੀਨਜ਼
- ਨੱਟਸ ਅਤੇ ਬੀਜ
- ਡੇਅਰੀ ਉਤਪਾਦ
ਗਲੂਟਨ-ਫ੍ਰੀ ਡਾਇਟ ਕਿੰਨੀ ਸਿਹਤਮੰਦ ਹੈ?
ਐੱਨਆਈਐੱਚ ਮੁਤਾਬਕ ਗਲੂਟਨ-ਫ੍ਰੀ ਖੁਰਾਕ ਦੀ ਪਾਲਣਾ ਕਰਨ ਵੇਲੇ ਸਰੀਰ 'ਚ ਕਈ ਕਮੀਆਂ ਵੀ ਆ ਸਕਦੀਆਂ ਹਨ। ਪ੍ਰੋਸੈਸਡ ਗਲੂਟਨ-ਫ੍ਰੀ ਉਤਪਾਦਾਂ, ਜਿਵੇਂ ਬਰੈੱਡ, ਅਨਾਜ, ਅਤੇ ਬਿਸਕੁੱਟਾਂ ਵਿੱਚ ਅਕਸਰ ਫਾਈਬਰ, ਆਇਰਨ, ਜ਼ਿੰਕ ਅਤੇ ਪੋਟਾਸ਼ੀਅਮ ਘੱਟ ਹੁੰਦੇ ਹਨ।
ਕਈ ਮਾਮਲਿਆਂ 'ਚ ਗਲੂਟਨ-ਫ੍ਰੀ ਖੁਰਾਕ ਪੋਸ਼ਟਿਕ ਤੱਤਾਂ ਦੀ ਕਮੀ ਦੇ ਜੋਖਮਾਂ ਨੂੰ ਵੀ ਵਧਾ ਸਕਦੀ ਹੈ, ਖਾਸ ਕਰਕੇ ਵਿਟਾਮਿਨ ਬੀ, ਆਇਰਨ ਅਤੇ ਕਈ ਖਣਿਜਾਂ ਵਿੱਚ। ਹਾਰਵਰਡ ਮੈਡੀਕਲ ਸਕੂਲ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਭੋਜਨਾਂ ਵਿੱਚ ਫਾਈਬਰ ਘੱਟ ਅਤੇ ਖੰਡ ਅਤੇ ਫੈਟ ਵੱਧ ਹੁੰਦੀ ਹੈ।

ਤਸਵੀਰ ਸਰੋਤ, Getty Images
ਕਈ ਅਧਿਐਨਾਂ ਵਿੱਚ ਸਿਲਿਅਕ ਡਿਜ਼ੀਜ਼ ਵਾਲੇ ਲੋਕਾਂ ਸਣੇ ਜਿਹੜੇ ਗਲੂਟਨ-ਫ੍ਰੀ ਖੁਰਾਕ ਦੀ ਪਾਲਣਾ ਕਰਦੇ ਹਨ ਉਨ੍ਹਾਂ ਵਿੱਚ ਭਾਰ ਦਾ ਵਧਣਾ ਅਤੇ ਮੋਟਾਪਾ ਵੀ ਪਾਇਆ ਗਿਆ ਹੈ।
ਇਸ ਦੇ ਨਾਲ ਹੀ ਗਲੂਟਨ-ਫ੍ਰੀ ਭੋਜਨ ਰਵਾਇਤੀ ਭੋਜਨਾਂ ਨਾਲੋਂ ਵਧੇਰੇ ਮਹਿੰਗੇ ਹੁੰਦੇ ਹਨ। ਲੋਕ ਅਕਸਰ ਉਨ੍ਹਾਂ ਭੋਜਨਾਂ ਲਈ ਵਧੇਰੇ ਕੀਮਤਾਂ ਦੇਣ ਲਈ ਤਿਆਰ ਹੁੰਦੇ ਹਨ ਜਿਨ੍ਹਾਂ ਬਾਰੇ ਉਹ ਸੋਚਦੇ ਹਨ ਕਿ ਸਿਹਤਮੰਦ ਹਨ। ਪਰ ਸਮੱਸਿਆ ਇਹ ਹੈ ਕਿ ਇਸ ਗੱਲ ਦੇ ਬਹੁਤ ਘੱਟ ਸਬੂਤ ਹਨ ਕਿ ਇਹ ਭੋਜਨ ਅਸਲ ਵਿੱਚ ਤੁਹਾਡੇ ਲਈ ਸਭ ਤੋਂ ਬਿਹਤਰ ਹਨ।
ਡਾ. ਅਨੂ ਅਗਰਵਾਲ ਕਹਿੰਦੇ ਹਨ ਕਿ, "ਗਲੂਟਨ-ਫ੍ਰੀ ਖੁਰਾਕ ਵਿੱਚ ਫਾਈਬਰ ਦੀ ਮਾਤਰਾ ਵਧਾਉਣ ਲਈ ਗਲੂਟਨ-ਫ੍ਰੀ ਸਾਬਤ ਅਨਾਜਾਂ ਦੀ ਵਰਤੋਂ ਕਰੋ, ਜਿਵੇਂ ਕਿਨੋਆ, ਅਮਰੰਥ, ਟੇਫ, ਬਾਜਰਾ, ਜਵਾਰ, ਬਕਵੀਟ ਅਤੇ ਗਲੂਟਨ-ਫ੍ਰੀ ਓਟਸ।
ਮਾਹਰ ਕਹਿੰਦੇ ਹਨ ਕਿ, ਗਲੂਟਨ-ਫ੍ਰੀ ਡਾਇਟ ਦੀ ਸਖ਼ਤੀ ਨਾਲ ਪਾਲਣਾ ਕਰਨਾ ਸਿਲਿਅਕ ਡਿਜ਼ੀਜ਼ ਜਾਂ ਇਸ ਸਬੰਧੀ ਜਿਨ੍ਹਾਂ ਨੂੰ ਸਮੱਸਿਆ ਹੈ, ਉਨ੍ਹਾਂ ਲੋਕਾਂ ਲਈ ਤਾਂ ਜ਼ਰੂਰੀ ਹੈ।
ਪਰ ਜੇ ਇਹ ਸਮੱਸਿਆਵਾਂ ਨਾ ਹੋਣ ਦੇ ਬਾਵਜੂਦ ਤੁਸੀਂ ਗਲੂਟਨ ਛੱਡਦੇ ਹੋ ਅਤੇ ਸਿਹਤਮੰਦ ਭੋਜਨ ਨਹੀਂ ਖਾਂਦੇ ਤਾਂ ਇਹ ਸਹੀ ਵਿਕਲਪ ਨਹੀਂ ਹੈ। ਇਸ ਦੇ ਬਦਲੇ ਭਰਪੂਰ ਅਨਾਜ, ਫਲ ਅਤੇ ਸਬਜ਼ੀਆਂ ਖਾਣਾ ਯਕੀਨੀ ਬਣਾਓ।
ਬਿਨਾਂ ਪਲੈਨਿੰਗ ਜਾਂ ਸਲਾਹ ਦੇ ਗਲੂਟਨ-ਫ੍ਰੀ ਡਾਇਟ ਸ਼ੁਰੂ ਕਰਨ ਦੇ ਕੀ ਨੁਕਸਾਨ ਹੋ ਸਕਦੇ?

ਰੈਨਫੋਰਟ ਵੈਲਨੈਸ 'ਚ ਵਿਗਿਆਨਕ ਸਲਾਹਕਾਰ ਅਤੇ ਡਾਇਟੀਸ਼ੀਅਨ ਸ਼ਿਖਾ ਸ਼ਰਮਾ ਮੁਤਾਬਕ ਲੋਕਾਂ ਵਿੱਚ ਜਾਗਰੂਕਤਾ ਘੱਟ ਹੋਣ ਕਰਕੇ ਉਹ ਸੋਸ਼ਲ ਮੀਡੀਆ 'ਤੇ ਦਿੱਤੀ ਜਾ ਰਹੀ ਜਾਣਕਾਰੀ ਤੋਂ ਪ੍ਰਭਾਵਿਤ ਹੋ ਜਾਂਦੇ ਹਨ ਅਤੇ ਅਚਾਨਕ ਆਪਣੀ ਡਾਇਟ ਬਦਲਣ ਬਾਰੇ ਸੋਚ ਲੈਂਦੇ ਹਨ ਕਿਉਂਕਿ ਉਨ੍ਹਾਂ ਮੁਤਾਬਕ ਇਹ ਸਿਹਤਮੰਦ ਹੋਵੇਗੀ।
ਉਹ ਦੱਸਦੇ ਹਨ ਕਿ ਕਈ ਵਾਰ ਕੋਈ ਨਾਮੀ ਕਲਾਕਾਰ ਜਾਂ ਇੰਫਲੂਐਂਸਰਸ ਇਸ ਬਾਰੇ ਗੱਲ ਕਰਦੇ ਹਨ ਤਾਂ ਲੋਕਾਂ ਨੂੰ ਲੱਗਦਾ ਹੈ ਇਹੀ ਸਿਹਤਮੰਦ ਵਿਕਲਪ ਹੈ ਜਾਂ ਕੁਝ ਲੋਕ ਇਹ ਸੋਚ ਲੈਂਦੇ ਹਨ ਜੇ ਗਲੂਟਨ ਸਿਲਿਅਕ ਡਿਜ਼ੀਜ਼ ਵਾਲਿਆਂ ਲਈ ਮਾੜਾ ਹੈ ਤਾਂ ਸਾਡੇ ਲਈ ਵੀ ਮਾੜਾ ਹੋ ਸਕਦਾ ਹੈ।
ਡਾ. ਅਨੂ ਅਗਰਵਾਲ ਕਹਿੰਦੇ ਹਨ ਕਿ, "ਜੇਕਰ ਕੋਈ ਬਿਨਾਂ ਸਲਾਹ ਦੇ ਡਾਇਟ 'ਚ ਬਦਲਾਅ ਜਾਂ ਕੋਈ ਹੋਰ ਡਾਇਟ ਲੈਣਾ ਸ਼ੁਰੂ ਕਰ ਰਿਹਾ ਹੈ ਤਾਂ ਉਨ੍ਹਾਂ ਦੇ ਸਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਘਾਟ ਆ ਸਕਦੀ ਹੈ। ਕਿਉਂਕਿ ਡਾਇਟ ਵਿੱਚ ਉਨ੍ਹਾਂ ਵੱਲੋਂ ਲਿਆਂਦੇ ਜਾ ਰਹੇ ਬਦਲਾਅ ਢੁਕਵੇਂ ਬਦਲਾਅ ਹਨ ਜਾ ਨਹੀਂ ਇਹ ਇੱਕ ਮਾਹਰ ਡਾਇਟੀਸ਼ੀਅਨ ਹੀ ਦੱਸ ਸਕਦਾ ਹੈ।"
ਇਸ ਦੇ ਨਾਲ ਹੀ ਉਹ ਕਹਿੰਦੇ ਹਨ ਕਿ ਜੇਕਰ ਕੋਈ ਐਥਲੀਟ ਹੈ ਜਾਂ ਕਿਸੇ ਨੂੰ ਸਿਲਿਅਕ ਡਿਜ਼ੀਜ਼ ਜਾਂ ਇਨਫਲਾਮੇਟਰੀ ਬਾਊਲ ਸਿੰਡਰੋਮ (IBS) ਜਾਂ ਕੋਈ ਹੋਰ ਅਲਰਜੀ ਹੈ ਤਾਂ ਉਨ੍ਹਾਂ ਨੂੰ ਡਾਇਟੀਸ਼ੀਅਨ ਜਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ। ਕਿਉਂਕਿ ਡਾਇਟ 'ਚ ਬਦਲਾਅ ਕਦੋਂ, ਕਿਵੇਂ ਅਤੇ ਕਿੰਨੇ ਸਮੇਂ ਲਈ ਕਰਨਾ ਹੈ ਇਹ ਜਾਣਨਾ ਬੇਹੱਦ ਜ਼ਰੂਰੀ ਹੈ।
ਉਹ ਇਹ ਵੀ ਕਹਿੰਦੇ ਹਨ ਕਿ ਸਾਬਤ ਅਨਾਜ ਛੱਡਣ ਤੋਂ ਪਹਿਲਾਂ ਵੀ ਸਲਾਹ ਲੈ ਲੈਣੀ ਚਾਹੀਦੀ ਹੈ।

ਤਸਵੀਰ ਸਰੋਤ, Getty Images
ਡਾਇਟੀਸ਼ੀਅਨ ਸ਼ਿਖਾ ਸ਼ਰਮਾ ਵੀ ਕਹਿੰਦੇ ਹਨ ਕਿ, "ਡਾਇਟ ਵਿੱਚ ਇਸ ਤਰ੍ਹਾਂ ਦਾ ਬਦਲਾਅ ਕਰਨਾ ਬੁਰਾ ਨਹੀਂ ਹੈ ਪਰ ਬੇਤਰਤੀਬੇ ਤਰੀਕੇ ਨਾਲ ਡਾਇਟ ਬਦਲਣ ਦੀ ਬਜਾਏ ਸਮਝਦਾਰੀ ਨਾਲ ਕੰਮ ਲੈਣਾ ਬੇਹੱਦ ਜ਼ਰੂਰੀ ਹੈ। ਜਿਵੇਂ ਤੁਸੀਂ ਆਪਣੀ ਜ਼ਿੰਦਗੀ 'ਚ ਵਿੱਤੀ ਅਤੇ ਹੋਰ ਯੋਜਨਾਵਾਂ ਬਣਾਉਂਦਾ ਹੋ, ਠੀਕ ਉਸੇ ਤਰ੍ਹਾਂ ਸਰੀਰ ਲਈ ਪੋਸ਼ਣ ਸੰਬੰਧੀ ਵੀ ਸਹੀ ਪਲੈਨਿੰਗ ਕਰ ਲੈਣੀ ਚਾਹੀਦੀ ਹੈ ਕਿ ਤੁਹਾਡੇ ਸਰੀਰ ਲਈ ਕੀ ਖਾਣਾ ਬਿਹਤਰ ਹੈ।"
ਗਲੂਟਨ ਨੂੰ ਲੈ ਕੇ ਲੋਕਾਂ 'ਚ ਕਈ ਉਲਝਣਾਂ ਵੀ ਹਨ, ਜਿਵੇਂ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਹਨ ਕਿ ਸੋਜਸ਼, ਡਾਇਬਿਟੀਜ਼ ਜਾਂ ਮੋਟਾਪੇ ਵਿੱਚ ਵੀ ਗਲੂਟਨ-ਫ੍ਰੀ ਡਾਇਟ ਲੈਣੀ ਚਾਹੀਦੀ ਹੈ, ਹਾਲਾਂਕਿ ਇਨ੍ਹਾਂ ਸਮੱਸਿਆਵਾਂ ਦਾ ਕਾਰਨ ਗਲੂਟਨ ਨਹੀਂ ਸਗੋਂ ਇਸ ਨੂੰ ਪ੍ਰੋਸੈੱਸ ਕਰਨ ਮਗਰੋਂ ਬਣਿਆ ਭੋਜਨ ਹੈ।
ਇਸ ਬਾਰੇ ਮਾਹਰ ਕਹਿੰਦੇ ਹਨ ਕਿ ਇਨ੍ਹਾਂ ਮਾਮਲਿਆਂ ਵਿੱਚ ਵੀ ਡਾਕਟਰ ਦੀ ਸਲਾਹ ਅਤੇ ਸੰਤੁਲਿਤ ਡਾਇਟ ਦੀ ਲੋੜ ਹੁੰਦੀ ਹੈ।
ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਕਿਸੇ ਵੀ ਖੁਰਾਕ ਦੀ ਚੋਣ ਵਾਂਗ, ਗਲੂਟਨ-ਫ੍ਰੀ ਲੈਣ ਦਾ ਫੈਸਲਾ ਵੀ ਵਿਅਕਤੀਗਤ ਸਿਹਤ ਜ਼ਰੂਰਤਾਂ 'ਤੇ ਅਧਾਰਤ ਹੋਣਾ ਚਾਹੀਦਾ ਹੈ ਅਤੇ ਭਰੋਸੇਯੋਗ ਡਾਕਟਰੀ ਸਲਾਹ ਮਗਰੋਂ ਹੀ ਕੋਈ ਕਦਮ ਚੁੱਕਣਾ ਚਾਹੀਦਾ ਹੈ। ਇਸ ਦੇ ਨਾਲ ਹੀ ਲੋੜੀਂਦੇ ਵਿਟਾਮਿਨ ਅਤੇ ਖਣਿਜ ਪ੍ਰਾਪਤ ਕਰਨ ਲਈ ਸਿਹਤਮੰਦ ਭੋਜਨ ਖਾਣਾ ਜ਼ਰੂਰੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












