ਇੰਦਰਪ੍ਰੀਤ ਸਿੰਘ ਪੈਰੀ ਕੌਣ ਸੀ, ਜਿਸ ਦਾ ਕਥਿਤ ਤੌਰ 'ਤੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤੇ ਉਸ ਦਾ ਲਾਰੈਂਸ ਬਿਸ਼ਨੋਈ ਨਾਲ ਕੀ ਰਿਸ਼ਤਾ ਸੀ

ਲਾਰੈਂਸ ਬਿਸ਼ਨੋਈ ਅਤੇ ਇੰਦਰਪ੍ਰੀਤ ਸਿੰਘ ਪੈਰੀ

ਤਸਵੀਰ ਸਰੋਤ, inderpreet singh PaRry/FB

ਤਸਵੀਰ ਕੈਪਸ਼ਨ, ਲਾਰੈਂਸ ਬਿਸ਼ਨੋਈ ਅਤੇ ਇੰਦਰਪ੍ਰੀਤ ਸਿੰਘ ਪੈਰੀ ਕਾਲਜ ਵਿੱਚ ਇਕੱਠੇ ਪੜ੍ਹਦੇ ਸਨ
    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਸਹਿਯੋਗੀ

1 ਦਸੰਬਰ 2025 ਨੂੰ ਦੇਰ ਸ਼ਾਮ ਚੰਡੀਗੜ੍ਹ ਪੁਲਿਸ ਨੂੰ ਇੱਕ ਕਾਰ ਵਿੱਚ ਮੌਜੂਦ ਇੰਦਰਪ੍ਰੀਤ ਸਿੰਘ ਪੈਰੀ ਨਾਮ ਦੇ ਵਿਅਕਤੀ ਉੱਤੇ ਗੋਲੀਆਂ ਚੱਲਣ ਦੀ ਖ਼ਬਰ ਮਿਲੀ।

ਇਹ ਵਾਰਦਾਤ ਚੰਡੀਗੜ੍ਹ ਦੇ ਸੈਕਟਰ 26 ਦੀ ਟਿੰਬਰ ਮਾਰਕਿਟ ਵਿੱਚ ਹੋਈ ਸੀ।

ਮੌਕੇ ਉੱਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਇੰਦਰਪ੍ਰੀਤ ਸਿੰਘ ਪੈਰੀ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਇੰਦਰਪ੍ਰੀਤ ਪੈਰੀ ਦੀ ਮੌਤ ਪਿੱਛੇ ਸੋਸ਼ਲ ਮੀਡੀਆ ਉੱਤੇ ਵੱਖ-ਵੱਖ ਕਿਸਮ ਦੀ ਬਹਿਸ ਅਤੇ ਪੋਸਟਾਂ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਬਾਰੇ ਬੀਬੀਸੀ ਨੂੰ ਅਜੇ ਤੱਕ ਕਿਸੇ ਵੀ ਅਧਿਕਾਰਤ ਵਿਅਕਤੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ।

ਇੰਦਰਪ੍ਰੀਤ ਪੈਰੀ ਉੱਤੇ ਹੋਏ ਹਮਲੇ ਵਾਲੀ ਸ਼ਾਮ ਚੰਡੀਗੜ੍ਹ ਪੁਲਿਸ ਦੇ ਆਈਜੀ ਪੁਸ਼ਪੇਂਦਰ ਕੁਮਾਰ ਵੱਲੋਂ ਖ਼ਬਰ ਏਜੰਸੀ ਏਐੱਨਆਈ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ, "ਸ਼ਾਮ 6 ਵਜੇ ਦੇ ਕਰੀਬ, ਸਾਨੂੰ ਸੂਚਨਾ ਮਿਲੀ ਕਿ ਸੈਕਟਰ 26 ਦੀ ਟਿੰਬਰ ਮਾਰਕਿਟ ਵਿੱਚ ਇੱਕ ਕਾਰ ਵਿੱਚ ਇੱਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।"

"ਉੱਥੇ ਪਹੁੰਚਣ ਤੋਂ ਬਾਅਦ ਉਸ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮਰੀਜ਼ ਦੀ ਪਛਾਣ ਕੀਤੀ ਹੈ। ਮ੍ਰਿਤਕ ਦਾ ਨਾਮ ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਹੈ, ਜੋ ਕਿ ਚੰਡੀਗੜ੍ਹ ਦਾ ਹੀ ਰਹਿਣ ਵਾਲਾ ਸੀ ਅਤੇ ਉਹ ਵੀ ਰਿਕਾਰਡ ਅਪਰਾਧੀ ਹੈ। ਉਸ ਦੇ ਖ਼ਿਲਾਫ਼ ਕੁਝ ਅਪਰਾਧਿਕ ਮਾਮਲੇ ਦਰਜ ਹਨ।"

ਦੂਜੇ ਪਾਸੇ ਬੀਬੀਸੀ ਨਾਲ ਗੱਲ ਕਰਦਿਆਂ ਚੰਡੀਗੜ੍ਹ ਦੇ ਆਈਜੀ ਪੁਸ਼ਪੇਂਦਰ ਕੁਮਾਰ ਨੇ ਕਿਹਾ, "ਵਾਰਦਾਤ ਤੋਂ ਬਾਅਦ ਇੰਦਰਪ੍ਰੀਤ ਪੈਰੀ ਨੂੰ ਕਾਫੀ ਗੋਲੀਆਂ ਲੱਗੀਆਂ ਹੋਈਆਂ ਸਨ। ਪੋਸਟਮਾਰਟਮ ਦੀ ਰਿਪੋਰਟ ਆਉਣੀ ਅਜੇ ਵੀ ਬਾਕੀ ਹੈ। ਇਸ ਵਾਰਦਾਤ ਪਿੱਛੇ ਕੌਣ ਹੈ, ਫਿਲਹਾਲ ਇਸ ਦੇ ਬਾਰੇ ਕੋਈ ਲੀਡ ਨਹੀਂ ਮਿਲੀ ਹੈ, ਪੁਲਿਸ ਜਾਂਚ ਕਰ ਰਹੀ ਹੈ।"

ਇਸ ਬਾਰੇ ਮ੍ਰਿਤਕ ਇੰਦਰਪ੍ਰੀਤ ਸਿੰਘ ਪੈਰੀ ਦੇ ਪਰਿਵਾਰਕ ਮੈਂਬਰ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ, "ਇੰਦਰਪ੍ਰੀਤ ਪੈਰੀ ਇੱਕ ਦਸੰਬਰ ਨੂੰ ਲਗਭਗ ਸ਼ਾਮ ਪੰਜ ਵਜੇ ਘਰੋਂ ਨਿਕਲਿਆ ਸੀ। ਉਹ ਕਿੱਥੇ ਜਾ ਰਿਹਾ ਸੀ ਇਸ ਬਾਰੇ ਪਰਿਵਾਰ ਨੂੰ ਵੀ ਕੋਈ ਜਾਣਕਾਰੀ ਨਹੀਂ ਸੀ।"

"ਪਰ ਉਸ ਤੋਂ ਬਾਅਦ ਲਗਭਗ 6 ਵਜੇ ਪਰਿਵਾਰ ਨੂੰ ਇੱਕ ਪੁਲਿਸ ਮੁਲਾਜ਼ਮ ਦਾ ਫੋਨ ਆਇਆ ਅਤੇ ਉਸਨੇ ਦੱਸਿਆ ਕਿ ਇੰਦਰਪ੍ਰੀਤ ਪੈਰੀ ਦੀ ਕਾਰ ਉੱਤੇ ਗੋਲੀਆਂ ਚੱਲੀਆਂ ਹਨ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪਰ ਹਸਪਤਾਲ ਪਹੁੰਚਣ ਉੱਤੇ ਸਾਨੂੰ ਪਤਾ ਲੱਗਿਆ ਕਿ ਉਹ (ਇੰਦਰਪ੍ਰੀਤ ਪੈਰੀ) ਹੁਣ ਨਹੀਂ ਰਿਹਾ।"

ਪਰਿਵਾਰਕ ਮੈਂਬਰ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਉੱਤੇ ਕਿਹਾ, "ਪਰਿਵਾਰ ਇਸ ਵੇਲੇ ਸਦਮੇ ਵਿੱਚ ਹੈ, ਪੈਰੀ ਬਾਰੇ ਜੋ ਵੀ ਖਬਰਾਂ, ਜਾਂ ਜੋ ਵੀ ਵੀਡੀਓ ਸੋਸ਼ਲ ਮੀਡੀਆ ਉੱਤੇ ਚੱਲ ਰਹੀਆਂ ਹਨ ਇਸ ਬਾਰੇ ਅਸੀਂ ਫਿਲਹਾਲ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਪੁਲਿਸ ਜਾਂਚ ਕਰ ਰਹੀ ਹੈ ਤੇ ਸਾਨੂੰ ਉਮੀਦ ਹੈ ਕਿ ਪੈਰੀ ਦੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਤੇ ਸਾਨੂੰ ਇਨਸਾਫ਼ ਮਿਲੇਗਾ।"

ਇੰਦਰਪ੍ਰੀਤ ਸਿੰਘ ਪੈਰੀ

ਇੰਦਰਪ੍ਰੀਤ ਸਿੰਘ ਪੈਰੀ ਕੌਣ ਸੀ?

ਇੰਦਰਪ੍ਰੀਤ ਪੈਰੀ ਦੇ ਪਰਿਵਾਰਕ ਮੈਂਬਰ ਮੁਤਾਬਕ, "ਅਸੀਂ ਸ਼ੁਰੂ ਤੋਂ ਹੀ ਚੰਡੀਗੜ੍ਹ ਵਿੱਚ ਰਹਿ ਰਹੇ ਹਾਂ। ਪੈਰੀ ਬਚਪਨ ਤੋਂ ਵਾਲੀਬਾਲ ਖੇਡਣ ਦਾ ਸ਼ੌਕੀਨ ਸੀ ਅਤੇ ਸਕੂਲ ਵੇਲੇ ਤੋਂ ਉਹ ਵਾਲੀਬਾਲ ਦੇ ਟੂਰਨਾਮੈਂਟ ਵਿੱਚ ਹਿੱਸਾ ਲੈਂਦਾ ਸੀ।"

"ਕਿਉਂਕਿ ਪਰਿਵਾਰ ਵਿੱਚ ਸਾਰੇ ਪੁਲਿਸ ਮੁਲਾਜ਼ਮ ਸਨ ਤਾਂ ਉਹ ਸਾਡੇ ਉੱਤੇ ਇੱਕ ਰੈਂਕ ਵੱਧ ਵਾਲਾ ਪੁਲਿਸ ਅਫ਼ਸਰ ਬਣਨਾ ਚਾਹੁੰਦਾ ਸੀ। ਕਾਲਜ ਵਿੱਚ ਉਹ ਵਿਦਿਆਰਥੀ ਰਾਜਨੀਤੀ ਵਿੱਚ ਸਰਗਰਮ ਹੋਇਆ, ਇਸ ਬਾਰੇ ਪਰਿਵਾਰ ਨੂੰ ਜਾਣਕਾਰੀ ਹੁੰਦੀ ਸੀ। ਪੈਰੀ ਦਾ ਨਾਮ ਪਾਰਟੀਆਂ ਦੇ ਪੋਸਟਰਾਂ ਉੱਤੇ ਵੀ ਲਿਖਿਆ ਹੁੰਦਾ ਸੀ, ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਸੀ ਕਿ ਬਾਹਰ ਆਖਰ ਹੋਰ ਕੀ ਕੁਝ ਚਲ ਰਿਹਾ।"

ਸਾਲ 2022 ਵਿੱਚ ਇੱਕ ਨਿੱਜੀ ਚੈੱਨਲ ਨੂੰ ਦਿੱਤੇ ਇੰਟਰਵਿਊ ਵਿੱਚ ਇੰਦਰਪ੍ਰੀਤ ਸਿੰਘ ਪੈਰੀ ਨੇ ਦੱਸਿਆ, "ਮੈਂ ਦਸਵੀਂ ਤੱਕ ਦੀ ਪੜ੍ਹਾਈ ਚੰਡੀਗੜ੍ਹ ਤੋਂ ਕੀਤੀ ਹੈ। ਉਸ ਤੋਂ ਬਾਅਦ ਕੰਪਿਊਟਰ ਐਪਲੀਕੇਸ਼ਨ ਵਿੱਚ ਡਿਪਲੋਮਾ ਕੀਤਾ। ਮੇਰੇ ਦਾਦਾ ਜੀ ਪੁਲਿਸ ਵਿੱਚ ਸਨ ਤੇ ਪਿਤਾ ਤੇ ਭਰਾ ਵੀ ਪੁਲਿਸ ਮੁਲਾਜ਼ਮ ਹਨ। ਇਸ ਲਈ ਮੈਂ ਵੀ ਹਮੇਸ਼ਾ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦਾ ਸੀ।"

ਪੈਰੀ ਨੇ ਦੱਸਿਆ ਸੀ, "ਗ੍ਰੈਜੂਏਸ਼ਨ ਕਰਨ ਲਈ ਮੈਂ ਚੰਡੀਗੜ੍ਹ 10 ਸੈਕਟਰ ਡੀਏਵੀ ਕਾਲਜ ਵਿੱਚ ਬੀਏ ਵਿੱਚ ਦਾਖ਼ਲਾ ਲਿਆ, ਕਾਲਜ ਵਿੱਚ ਮੈਂ ਖੇਡਾਂ ਵਿੱਚ ਵੀ ਹਿੱਸਾ ਲੈਣ ਲੱਗ ਹੈ। ਕਾਲਜ ਵਿੱਚ ਹੀ ਮੈਂ ਵਿਦਿਆਰਥੀ ਜਥੇਬੰਦੀਆਂ ਦੇ ਸੰਪਰਕ ਵਿੱਚ ਆਇਆ।"

"ਕਾਲਜ ਵਿੱਚ ਹੀ ਮੈਂ ਸੋਪੂ (ਸਟੂਡੈਂਟ ਆਰਗੇਨਾਈਜੇਸ਼ਨ ਆਫ਼ ਪੰਜਾਬ ਯੂਨੀਵਰਸਿਟੀ) ਪਾਰਟੀ ਵਿੱਚ ਸ਼ਾਮਲ ਹੋਇਆ। ਮੈਂ ਸੋਪੂ ਪਾਰਟੀ ਲਈ ਕੰਪੇਨ ਕਰਦਾ ਸੀ। ਮੈਂ ਪੜ੍ਹਾਈ ਕਰਦਾ ਸੀ ਤੇ ਖੇਡਦਾ ਸੀ ਅਤੇ ਪੁਲਿਸ ਦੀ ਭਰਤੀ ਲਈ ਤਿਆਰੀ ਕਰ ਰਿਹਾ ਸੀ।"

ਇੰਦਰਪ੍ਰੀਤ ਸਿੰਘ ਪੈਰੀ

ਤਸਵੀਰ ਸਰੋਤ, inderpreet singh PaRry/FB

ਤਸਵੀਰ ਕੈਪਸ਼ਨ, ਇੰਦਰਪ੍ਰੀਤ ਸਿੰਘ ਪੈਰੀ ਚੰਡੀਗੜ੍ਹ ਦਾ ਹੀ ਰਹਿਣ ਵਾਲਾ ਸੀ

17 ਦਿਨ ਪਹਿਲਾਂ ਹੋਇਆ ਸੀ ਪੈਰੀ ਦਾ ਵਿਆਹ

ਪੈਰੀ ਵੱਲੋਂ ਦਿੱਤੇ ਪੁਰਾਣੇ ਇੰਟਰਵਿਊ ਮੁਤਾਬਕ, "2011 ਵਿੱਚ ਮੈਂ ਪਹਿਲੀ ਵਾਰ ਕਿਸੇ ਝਗੜੇ ਦੇ ਕੇਸ ਵਿੱਚ ਕੁਝ ਦਿਨ ਜੇਲ੍ਹ ਗਿਆ ਸੀ। 2011 ਤੋਂ ਬਾਅਦ ਮੈਂ 2015 ਵਿੱਚ ਕੁਝ ਮਹੀਨੇ ਜੇਲ੍ਹ ਵਿੱਚ ਕੱਢੇ ਅਤੇ ਫਿਰ 2016 ਵਿੱਚ ਕੁਝ ਦਿਨਾਂ ਲਈ ਜੇਲ੍ਹ ਗਿਆ। ਇਸ ਤੋਂ ਬਾਅਦ 2017 ਵਿੱਚ ਫੇਰ ਜੇਲ੍ਹ ਗਿਆ ਅਤੇ 2021 ਵਿੱਚ ਬਾਹਰ ਆਇਆ।"

ਹਾਲਾਂਕਿ ਇਨ੍ਹਾਂ ਕੇਸਾਂ ਬਾਰੇ ਇੰਦਰਪ੍ਰੀਤ ਪੈਰੀ ਦੇ ਪਰਿਵਾਰਕ ਮੈਂਬਰਾਂ ਨੇ ਕੋਈ ਵੀ ਜਾਣਕਾਰੀ ਬੀਬੀਸੀ ਨਾਲ ਸਾਂਝੀ ਨਹੀਂ ਕੀਤੀ।

ਉਨ੍ਹਾਂ ਦਾ ਕਹਿਣਾ ਸੀ, "ਅਸੀਂ ਆਪਣੇ ਪੁੱਤਰ ਦੇ ਦੇਹਾਂਤ ਮੌਕੇ ਇਨ੍ਹਾਂ ਕੇਸਾਂ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦੇ। ਪਰ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਉਹ ਆਪਣੀ ਸਜ਼ਾ ਪੂਰੀ ਕੱਟ ਕੇ ਜੇਲ੍ਹ ਤੋਂ ਬਾਹਰ ਆਇਆ ਸੀ ਤੇ ਜਦੋਂ ਦਾ ਉਹ ਜੇਲ੍ਹ ਤੋਂ ਬਾਹਰ ਆਇਆ ਸੀ ਤਾਂ ਉਹ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਇਹ ਯਕੀਨੀ ਬਣਾਉਂਦਾ ਸੀ ਕਿ ਉਹ ਕਾਨੂੰਨ ਮੁਤਾਬਕ ਹੀ ਕੋਈ ਕੰਮ ਕਰੇ।"

"ਉਸ ਨੇ ਆਪਣੀ ਸੁਰੱਖਿਆ ਲਈ ਹਾਈਕੋਰਟ ਵਿੱਚ ਸਿਕਿਊਰਿਟੀ ਦੀ ਮੰਗ ਲਈ ਅਪੀਲ ਵੀ ਕੀਤੀ ਸੀ, ਜੋ ਉਸ ਨੂੰ ਨਹੀਂ ਮਿਲੀ ਸੀ।"

ਪਰਿਵਾਰ ਮੁਤਾਬਕ, "ਇੰਦਰਪ੍ਰੀਤ ਪੈਰੀ ਘਰ ਵਿੱਚ ਛੋਟਾ ਮੁੰਡਾ ਸੀ ਤਾਂ ਸਭ ਦਾ ਲਾਡਲਾ ਸੀ। 13 ਨਵੰਬਰ 2025 ਨੂੰ ਹੀ ਪੈਰੀ ਦਾ ਵਿਆਹ ਹੋਇਆ ਸੀ ਤੇ ਉਸ ਨੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਸੀ ਪਰ ਸਾਨੂੰ ਨਹੀਂ ਪਤਾ ਸੀ ਕਿ ਉਹ ਇਸ ਤਰ੍ਹਾਂ ਦੁਨੀਆਂ ਤੋਂ ਚਲਾ ਜਾਵੇਗਾ।"

ਲਾਰੈਂਸ ਬਿਸ਼ਨੋਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਾਰੈਂਸ ਬਿਸ਼ਨੋਈ ਦੀ 2019 ਦੀ ਤਸਵੀਰ

ਲਾਰੈਂਸ ਬਿਸ਼ਨੋਈ ਨਾਲ ਪੈਰੀ ਦਾ ਸਬੰਧ

ਲਾਰੈਂਸ ਬਿਸ਼ਨੋਈ ਨਾਲ ਇੰਦਰਪ੍ਰੀਤ ਪੈਰੀ ਦੇ ਸਬੰਧਾਂ ਬਾਰੇ ਗੱਲ ਕਰਦਿਆਂ ਪੈਰੀ ਦੇ ਪਰਿਵਾਰਕ ਮੈਂਬਰ ਨੇ ਬੀਬੀਸੀ ਨੂੰ ਦੱਸਿਆ, "ਦੋਵੇਂ ਇੱਕਠੇ ਰਹਿੰਦੇ ਸੀ, ਕਾਲਜ ਵੇਲੇ ਦੋਵੇਂ ਵਿਦਿਆਰਥੀ ਰਾਜਨੀਤੀ ਵਿੱਚ ਸਰਗਰਮ ਸਨ, ਇੱਕ ਦੂਜੇ ਨੂੰ ਮਿਲਦੇ ਸੀ ਅਤੇ ਇਹ ਆਮ ਗੱਲ ਹੈ। ਕੋਈ ਵੀ ਦੋਸਤ ਜਦੋਂ ਪੜ੍ਹਦੇ ਹੋਣ ਤਾਂ ਉਨ੍ਹਾਂ ਦਾ ਇਕੱਠੇ ਰਹਿਣਾ-ਘੁੰਮਣਾ ਆਮ ਗੱਲ ਹੁੰਦੀ ਹੈ। ਪਰ ਪਰਿਵਾਰ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਘਰੋਂ ਬਾਹਰ ਪੈਰੀ ਕੀ ਕਰ ਰਿਹਾ।"

ਇੰਦਰਪ੍ਰੀਤ ਪੈਰੀ ਉੱਤੇ ਪੈਸੇ ਵਸੂਲਣ ਦੇ ਲੱਗ ਰਹੇ ਇਲਜ਼ਾਮਾਂ ਬਾਰੇ ਪਰਿਵਾਰ ਨੇ ਕਿਹਾ, "ਸਾਡੇ ਪੁਰਖੇ ਵੀ ਪੁਲਿਸ ਵਿੱਚ ਸਨ, ਹੁਣ ਵੀ ਪਰਿਵਾਰ ਦੇ ਲਗਭਗ ਸਾਰੇ ਮੈਂਬਰ ਚੰਗੀਆਂ ਨੌਕਰੀਆਂ ਤੋਂ ਰਿਟਾਇਰ ਹੋ ਚੁੱਕੇ ਹਨ ਜਾਂ ਨੌਕਰੀ ਕਰ ਰਹੇ ਹਨ, ਇਸ ਲਈ ਸਾਨੂੰ ਨਹੀਂ ਲੱਗਦਾ ਕਿ ਪੈਰੀ ਨੂੰ ਅਜਿਹਾ ਕੋਈ ਕੰਮ ਕਰਨ ਦੀ ਲੋੜ ਸੀ।"

ਲਾਰੈਂਸ ਬਿਸ਼ਨੋਈ ਨਾਲ ਦੋਸਤੀ ਦਾ ਜ਼ਿਕਰ ਇੰਦਰਪ੍ਰੀਤ ਪੈਰੀ ਨੇ ਸਾਲ 2022 ਵਿੱਚ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਵੀ ਕੀਤਾ ਸੀ।

ਇੰਟਰਵਿਊ ਵਿੱਚ ਪੈਰੀ ਨੇ ਕਿਹਾ, "ਅਸੀਂ ਕਲਾਸਮੇਟ ਰਹੇ ਹਾਂ, ਕਲਾਸਮੇਟ ਕੀ ਫਾਸਟ ਫਰੈਂਡ ਸੀ। ਵਰਕ ਆਊਟ ਅਸੀਂ ਦੋਵਾਂ ਨੇ ਕਰਨਾ ਹੁੰਦਾ ਸੀ, ਅਸੀਂ ਇਕੱਠੇ ਜਿਮ ਜਾਂਦੇ ਸੀ। ਉਹ ਰੈਸਲਿੰਗ ਕਰਦਾ ਸੀ ਤੇ ਮੈਂ ਵਾਲੀਬਾਲ ਦਾ ਖਿਡਾਰੀ ਸੀ। ਉਹ ਮੇਰੇ ਕਰੀਬ ਸੀ।"

ਆਈਜੀ ਪੁਸ਼ਪੇਂਦਰ ਕੁਮਾਰ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਚੰਡੀਗੜ੍ਹ ਆਈਜੀ ਪੁਸ਼ਪੇਂਦਰ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਜਾਂਚ ਕਰ ਰਹੀ ਹੈ

ਪੈਰੀ ਦੇ ਪਰਿਵਾਰਕ ਮੈਂਬਰਾਂ ਨੇ ਅੱਗੇ ਕਿਹਾ, "ਫਿਲਹਾਲ ਪਰਿਵਾਰ ਪੈਰੀ ਦੀਆਂ ਆਖ਼ਰੀ ਰਸਮਾਂ ਵਿੱਚ ਲੱਗਿਆ ਹੋਇਆ ਹੈ, ਪਰ ਥੋੜ੍ਹੇ ਦਿਨਾਂ ਤੱਕ ਅਸੀਂ ਪੁਲਿਸ ਅਤੇ ਕਾਨੂੰਨ ਦਾ ਸਹਾਰਾ ਲਵਾਂਗੇ ਤਾਂ ਜੋ ਸਾਨੂੰ ਇਨਸਾਫ਼ ਮਿਲੇ।"

"ਪਰ ਇਹ ਜ਼ਰੂਰ ਹੈ ਕਿ ਅਜੇ ਵੀ ਸਾਡਾ ਪਰਿਵਾਰ ਕਿਸੇ ਦੇ ਨਿਸ਼ਾਨੇ ਉੱਤੇ ਹੋ ਸਕਦਾ ਹੈ, ਅਸੀਂ ਪੁਲਿਸ ਨੂੰ ਕਹਿ ਰਹੇ ਹਾਂ ਕਿ ਸਾਡੀ ਸੁਰੱਖਿਆ ਕੀਤੀ ਜਾਵੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)