ਕੌਣ ਹਨ ਗੁਰਪ੍ਰੀਤ ਸਿੰਘ ਰੇਹਲ, ਜਿਨ੍ਹਾਂ 'ਤੇ ਯੂਕੇ ਸਰਕਾਰ ਨੇ 'ਅੱਤਵਾਦ 'ਚ ਸ਼ਾਮਲ ਸੰਗਠਨਾਂ ਨਾਲ ਸਬੰਧ' ਹੋਣ ਦੇ ਇਲਜ਼ਾਮਾਂ ਹੇਠ ਕਾਰਵਾਈ ਕੀਤੀ ਹੈ

ਗੁਰਪ੍ਰੀਤ ਸਿੰਘ ਰੇਹਲ ਅਤੇ ਮੋਰਕੈਂਬੇ ਕਲੱਬ

ਤਸਵੀਰ ਸਰੋਤ, BBC Sport / Getty Images

ਤਸਵੀਰ ਕੈਪਸ਼ਨ, ਗੁਰਪ੍ਰੀਤ ਸਿੰਘ ਰੇਹਲ ਦੀਆਂ ਯੂਕੇ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਦਿੱਤਾ ਗਿਆ ਹੈ
    • ਲੇਖਕ, ਡੈਨੀਅਲ ਆਸਟਿਨ
    • ਰੋਲ, ਸੀਨੀਅਰ ਪੱਤਰਕਾਰ,ਬੀਬੀਸੀ ਸਪੋਰਟ

ਪੇਸ਼ੇਵਰ ਬ੍ਰਿਟਿਸ਼ ਕਲੱਬ ਮੋਰੇਕੈਂਬੇ ਨੂੰ ਇਸੇ ਸਾਲ ਪੰਜਾਬ ਵਾਰੀਅਰਜ਼ ਵੱਲੋਂ ਟੇਕਓਵਰ ਕੀਤਾ ਗਿਆ ਸੀ। ਟੇਕਓਵਰ ਕਰਨ ਸਮੇਂ ਗੁਰਪ੍ਰੀਤ ਸਿੰਘ ਰੇਹਲ ਨੇ ਕਲੱਬ ਦੇ ਪ੍ਰਸ਼ੰਸਕਾਂ ਨੂੰ "ਅਨੁਸ਼ਾਸਨ, ਵਿਸ਼ਵਾਸ ਅਤੇ ਹਮਦਰਦੀ" ਦਾ ਵਾਅਦਾ ਕੀਤਾ ਸੀ। ਹੁਣ ਉਨ੍ਹਾਂ 'ਤੇ ਯੂਕੇ ਸਰਕਾਰ ਨੇ ਅੱਤਵਾਦ ਵਿੱਚ ਸ਼ਾਮਲ ਹੋਣ ਦੇ ਸ਼ੱਕ ਦੇ ਇਲਜ਼ਾਮਾਂ ਕਾਰਨ ਯੂਕੇ ਵਿਚਲੀਆਂ ਉਨ੍ਹਾਂ ਦੀਆਂ ਜਾਇਦਾਦਾਂ ਫ੍ਰੀਜ਼ ਕਰ ਦਿੱਤੀਆਂ ਹਨ।

ਗੁਰਪ੍ਰੀਤ ਸਿੰਘ ਰੇਹਲ ਇਸ ਟੇਕਓਵਰ ਡੀਲ ਪਿੱਛੇ ਮੁੱਖ ਹਸਤੀਆਂ ਵਿੱਚੋਂ ਇੱਕ ਸਨ। ਇਹ ਡੀਲ/ਸੌਦਾ ਪਿਛਲੇ ਮਾਲਕ ਜੇਸਨ ਵਿਟਿੰਘਮ ਨਾਲ ਮਹੀਨਿਆਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਅਗਸਤ ਵਿੱਚ ਪੂਰ ਚੜ੍ਹਿਆ ਸੀ।

ਯੂਕੇ ਦੇ ਵਿੱਤ ਮੰਤਰਾਲੇ ਮੁਤਾਬਕ, ਉਨ੍ਹਾਂ ਨੇ ਜੋ ਮੁਲਾਂਕਣ ਕੀਤਾ ਹੈ ਉਸ ਅਨੁਸਾਰ ਰੇਹਲ 'ਤੇ ਬੱਬਰ ਖਾਲਸਾ ਅਤੇ ਬੱਬਰ ਅਕਾਲੀ ਲਹਿਰ - ਜੋ ਕ੍ਰਮਵਾਰ ਯੂਕੇ ਕਾਨੂੰਨ ਦੇ ਤਹਿਤ ਪਾਬੰਦੀਸ਼ੁਦਾ ਐਲਾਨੇ ਗਏ ਸਮੂਹ ਹਨ - ਲਈ ਭਰਤੀ, ਹਥਿਆਰ ਖਰੀਦਣ ਅਤੇ ਫਾਇਨੈਂਸ ਕਰਨ ਦਾ ਸ਼ੱਕ ਹੈ।

ਯੂਕੇ ਸਰਕਾਰ ਦੀ ਐੱਚਐੱਮ ਟ੍ਰੈਜਰੀ ਨੇ ਗੁਰਪ੍ਰੀਤ ਸਿੰਘ ਰੇਹਲ ਦੀਆਂ ਯੂਕੇ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਦਿੱਤਾ ਹੈ।

ਇੱਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ "ਯੂਕੇ ਨੇ ਗੁਰਪ੍ਰੀਤ ਸਿੰਘ ਰੇਹਲ ਦੇ ਵਿਰੁੱਧ ਜਾਇਦਾਦ ਜ਼ਬਤ ਕਰਨ ਅਤੇ ਡਾਇਰੈਕਟਰ ਨੂੰ ਅਯੋਗ ਠਹਿਰਾਉਣ ਦਾ ਐਲਾਨ ਕੀਤਾ ਹੈ, ਜਿਨ੍ਹਾਂ 'ਤੇ ਭਾਰਤ ਵਿੱਚ ਅੱਤਵਾਦ ਵਿੱਚ ਸ਼ਾਮਲ ਸੰਗਠਨਾਂ ਨਾਲ ਸਬੰਧਿਤ ਹੋਣ ਦਾ ਸ਼ੱਕ ਹੈ।''

ਮੋਰੇਕੈਂਬੇ ਅਤੇ ਪੰਜਾਬ ਵਾਰੀਅਰਜ਼ ਨੇ ਕੀ ਕਿਹਾ

ਮੋਰੇਕੈਂਬੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਵਾਰੀਅਰਜ਼ ਵੱਲੋਂ ਮੋਰੇਕੈਂਬੇ ਦੇ ਟੇਕਓਵਰ ਪਿੱਛੇ ਮੁੱਖ ਹਸਤੀਆਂ ਵਿੱਚੋਂ ਇੱਕ ਗੁਰਪ੍ਰੀਤ ਸਿੰਘ ਰੇਹਲ ਵੀ ਸਨ

ਇੱਕ ਬਿਆਨ ਵਿੱਚ, ਮੋਰੇਕੈਂਬੇ ਅਤੇ ਪੰਜਾਬ ਵਾਰੀਅਰਜ਼ ਨੇ ਆਪਣੇ ਆਪ ਨੂੰ ਗੁਰਪ੍ਰੀਤ ਸਿੰਘ ਤੋਂ ਵੱਖ ਕਰ ਲਿਆ ਹੈ।

ਉਨ੍ਹਾਂ ਕਿਹਾ, "ਇੱਕ ਵਿਅਕਤੀ ਜਿਨ੍ਹਾਂ ਨੇ ਪਹਿਲਾਂ ਸਾਡੇ ਸੰਗਠਨਾਂ ਲਈ ਮਾਰਕੀਟਿੰਗ ਅਤੇ ਕਮਿਊਨੀਕੇਸ਼ਨ ਵਿੱਚ ਸਲਾਹਕਾਰ ਭੂਮਿਕਾ ਨਿਭਾਈ ਸੀ, ਹੁਣ ਮੋਰੇਕੈਂਬੇ ਐਫਸੀ ਜਾਂ ਪੰਜਾਬ ਵਾਰੀਅਰਜ਼ ਨਾਲ ਸਬੰਧਿਤ ਨਹੀਂ ਹਨ।"

"ਇਸ ਸਲਾਹਕਾਰ ਅਹੁਦੇ ਕੋਲ ਕੋਈ ਰਣਨੀਤਕ, ਵਿੱਤੀ ਜਾਂ ਸੰਚਾਲਨ ਅਧਿਕਾਰ ਨਹੀਂ ਸੀ, ਅਤੇ ਉਨ੍ਹਾਂ ਦਾ ਮਾਲਕੀ ਜਾਂ ਕਲੱਬ ਦੇ ਫੈਸਲੇ ਲੈਣ ਵਿੱਚ ਕੋਈ ਦਖ਼ਲ ਨਹੀਂ ਸੀ।''

"ਹਾਲ ਹੀ ਵਿੱਚ ਸਾਹਮਣੇ ਆਈਆਂ ਗੰਭੀਰ ਚਿੰਤਾਵਾਂ ਤੋਂ ਬਾਅਦ, ਅਸੀਂ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਅਤੇ ਦੋਵਾਂ ਸੰਗਠਨਾਂ ਨਾਲ ਉਨ੍ਹਾਂ ਦਾ ਸਬੰਧ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਹੈ।"

ਸੁਤੰਤਰ ਫੁੱਟਬਾਲ ਰੈਗੂਲੇਟਰ ਨੇ ਕਿਹਾ ਕਿ ਉਹ "ਸਬੰਧਤ ਅਧਿਕਾਰੀਆਂ ਨਾਲ ਕੰਮ ਕਰ ਰਿਹਾ ਹੈ ਅਤੇ ਇਸ ਮਾਮਲੇ ਦੀ ਤੁਰੰਤ ਜਾਂਚ ਕਰਨ ਲਈ ਆਪਣੀਆਂ ਕਾਨੂੰਨੀ ਜਾਣਕਾਰੀ ਇਕੱਠੀ ਕਰਨ ਦੀਆਂ ਸ਼ਕਤੀਆਂ ਦੀ ਵਰਤੋਂ ਕਰ ਰਿਹਾ ਹੈ।"

ਬੀਬੀਸੀ ਨੇ ਇਸ ਬਾਬਤ ਟਿੱਪਣੀ ਲਈ ਮੋਰੇਕੈਂਬੇ ਐਫਸੀ ਨਾਲ ਸੰਪਰਕ ਕੀਤਾ ਹੈ।

ਇਹ ਵੀ ਪੜ੍ਹੋ-

'ਇੰਨੇ ਪਾਰਦਰਸ਼ੀ, ਤੁਸੀਂ ਸਾਡੇ ਤੋਂ ਤੰਗ ਆ ਜਾਓਗੇ'

ਗੁਰਪ੍ਰੀਤ ਸਿੰਘ ਰੇਹਲ

ਤਸਵੀਰ ਸਰੋਤ, BBC Sport

ਤਸਵੀਰ ਕੈਪਸ਼ਨ, ਪੰਜਾਬ ਵਾਰੀਅਰਜ਼ ਵੱਲੋਂ ਕਲੱਬ ਦੇ ਟੇਕਓਵਰ ਦੀ ਪੁਸ਼ਟੀ ਵਾਲੇ ਦਿਨ ਦਿਨ ਬੀਬੀਸੀ ਦੇ ਇੱਕ ਇੰਟਰਵਿਊ ਵਿੱਚ ਗੁਰਪ੍ਰੀਤ ਸਿੰਘ ਰੇਹਲ

ਪੰਜਾਬ ਵਾਰੀਅਰਜ਼ ਦੁਆਰਾ ਮੋਰੇਕੈਂਬੇ ਦੇ ਟੇਕਓਵਰ ਤੋਂ ਬਾਅਦ ਪ੍ਰਸ਼ੰਸਕ ਖੁਸ਼ ਸਨ ਕਿਉਂਕਿ ਪਹਿਲਾਂ ਉਨ੍ਹਾਂ ਨੂੰ ਡਰ ਸੀ ਕਿ ਬਕਾਇਆ ਕਰਜ਼ਿਆਂ ਅਤੇ ਤਨਖਾਹਾਂ ਦੀ ਅਦਾਇਗੀ ਨਾ ਹੋਣ ਕਾਰਨ ਨੈਸ਼ਨਲ ਲੀਗ ਤੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਟੀਮ ਨੂੰ ਖ਼ਤਮ ਕਰ ਦਿੱਤਾ ਜਾਵੇਗਾ।

ਇਸ ਗਰੁੱਪ ਵਿੱਚ ਕਈ ਸਿੱਖ ਨਿਵੇਸ਼ਕ ਸ਼ਾਮਲ ਸਨ ਅਤੇ ਇਸ ਦੀ ਜ਼ਿਆਦਾਤਰ ਫੰਡਿੰਗ ਮੁੱਖ ਸ਼ੇਅਰਧਾਰਕ ਕੁਲਜੀਤ ਸਿੰਘ ਮੋਮੀ ਤੋਂ ਆਉਂਦੀ ਸੀ। ਇਸ ਗਰੁੱਪ ਨੇ ਫੰਡਿੰਗ ਦਾ ਸਬੂਤ ਪ੍ਰਦਾਨ ਕਰਨ ਲਈ ਆਖ਼ਰੀ ਮਿਤੀ ਤੋਂ ਕੁਝ ਪਹਿਲਾਂ ਹੀ ਕਲੱਬ ਨੂੰ ਖਰੀਦ ਲਿਆ ਸੀ।

ਆਪਣੇ ਪਹਿਲੇ ਦਿਨ ਰੇਹਲ, ਮਜ਼ੂਮਾ ਮੋਬਾਈਲ ਸਟੇਡੀਅਮ ਵਿੱਚ ਆਪਣੇ ਪ੍ਰੈਸ ਰਿਲੇਸ਼ਨਜ਼ ਦਾ ਪ੍ਰਬੰਧਨ ਕਰ ਰਹੇ ਸਨ। ਉਨ੍ਹਾਂ ਬੀਬੀਸੀ ਨਾਲ ਵਾਰੀਅਰਜ਼ ਦੇ ਹੈਡ ਆਫ਼ ਕਮਿਊਨੀਕੇਸ਼ਨਜ਼ ਵਜੋਂ ਮਿਲਵਾਇਆ ਗਿਆ ਸੀ। ਫਿਰ ਗੁਰਪ੍ਰੀਤ ਸਿੰਘ ਅਤੇ ਸੀਈਓ ਰੁਪਿੰਦਰ ਸਿੰਘ ਹੀ ਸਨ ਜਿਨ੍ਹਾਂ ਨੇ ਸਮੂਹ ਦਾ ਪਹਿਲਾ ਜਨਤਕ ਇੰਟਰਵਿਊ ਦੇਣ ਦਾ ਫੈਸਲਾ ਕੀਤਾ ਸੀ।

ਰੇਹਲ ਨੇ ਇੰਟਰਵਿਊ ਵਿੱਚ ਦਾਅਵਾ ਕੀਤਾ ਸੀ, "ਅਸੀਂ ਇੰਨੇ ਪਾਰਦਰਸ਼ੀ ਰਹਾਂਗੇ, ਕਿ ਤੁਸੀਂ ਸਾਡੇ ਤੋਂ ਤੰਗ ਆ ਜਾਓਗੇ।"

ਰੇਹਲ ਦਾ ਨਾਮ ਕਲੱਬ ਦੇ ਖਾਤਿਆਂ ਵਿੱਚ ਡਾਇਰੈਕਟਰ ਜਾਂ ਸ਼ੇਅਰਧਾਰਕ ਵਜੋਂ ਸੂਚੀਬੱਧ ਨਹੀਂ ਸੀ। ਸਮੂਹ ਦੇ ਜ਼ੋਰ ਦੇ ਕੇ ਇਹ ਕਹਿਣ ਦੇ ਬਾਵਜੂਦ ਵੀ ਕਿ ਉਹ ਇੱਕ ਬਾਹਰੀ ਸਲਾਹਕਾਰ ਸਨ, ਰਹੇਲ ਨੇ ਇੰਟਰਵਿਊ ਦੌਰਾਨ ਪੰਜਾਬ ਵਾਰੀਅਰਜ਼ ਨੂੰ "ਅਸੀਂ" ਕਹਿ ਕੇ ਗੱਲ ਕੀਤੀ।

ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸਮੂਹ ਦੀ ਵਿਰਾਸਤ ਉਨ੍ਹਾਂ ਨੂੰ ਇੱਕ ਵਧੇਰੇ ਨੈਤਿਕ ਫੁੱਟਬਾਲ ਕਲੱਬ ਦਾ ਮਾਲਕ ਬਣਾਵੇਗੀ।

ਉਨ੍ਹਾਂ ਕਿਹਾ ਸੀ, "ਪੰਜਾਬ - ਪੰਜ ਦਰਿਆਵਾਂ ਦੀ ਧਰਤੀ, ਸਾਡੀ ਮਾਤ ਭੂਮੀ ਹੈ। ਸਾਡੇ ਲਈ, ਸਾਡੀ ਵਿਰਾਸਤ, ਸਾਡੀ ਸੰਸਕ੍ਰਿਤੀ ਅਤੇ ਸਾਡਾ ਵਿਸ਼ਵਾਸ ਸਾਡੇ ਮੁੱਖ ਸਿਧਾਂਤ ਹਨ। ਉਹੀ ਸਾਨੂੰ ਉਹ ਬਣਾਉਂਦੇ ਹਨ, ਜੋ ਅਸੀਂ ਹਾਂ।''

"ਅਸੀਂ ਸਿਰਫ਼ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡੇ 'ਤੇ ਭਰੋਸਾ ਕਰੋ।"

ਯੂਕੇ ਦੀ ਐੱਚਐੱਮ ਟ੍ਰੈਜਰੀ ਦਾ ਬਿਆਨ

ਰੇਹਲ 'ਤੇ ਪਾਬੰਦੀ ਦਾ ਐਲਾਨ ਕਰਦੇ ਹੋਏ ਆਪਣੇ ਬਿਆਨ ਵਿੱਚ ਵਿੱਤ ਮੰਤਰਾਲੇ ਨੇ ਕਿਹਾ, "ਖਾਲਿਸਤਾਨ ਪੱਖੀ ਸਮੂਹ ਬੱਬਰ ਖਾਲਸਾ ਲਈ ਫੰਡਿੰਗ ਨੂੰ ਰੋਕਣ ਲਈ ਡੋਮੈਸਟਿਕ ਕਾਊਂਟਰ ਟੈਰਰਿਜ਼ਮ ਰਿਜੀਮ ਦਾ ਇਹ ਪਹਿਲਾ ਇਸਤੇਮਾਲ ਹੈ।"

ਲੇਬਰ ਸੰਸਦ ਮੈਂਬਰ ਅਤੇ ਵਿੱਤ ਮੰਤਰਾਲੇ ਦੇ ਵਿੱਤ ਆਰਥਿਕ ਸਕੱਤਰ ਲੂਸੀ ਰਿਗਬੀ ਨੇ ਕਿਹਾ: "ਜਦੋਂ ਅੱਤਵਾਦੀ ਯੂਕੇ ਦੀ ਵਿੱਤੀ ਪ੍ਰਣਾਲੀ ਦੀ ਦੁਰਵਰਤੋਂ ਕਰਦੇ ਹਨ, ਤਾਂ ਅਸੀਂ ਚੁੱਪ ਨਹੀਂ ਬੈਠਾਂਗੇ।''

"ਇਹ ਵੱਡਾ ਕਦਮ ਦਰਸਾਉਂਦਾ ਹੈ ਕਿ ਅਸੀਂ ਅੱਤਵਾਦ ਦੀ ਫੰਡਿੰਗ ਨੂੰ ਰੋਕਣ ਲਈ ਆਪਣੇ ਕੋਲ ਮੌਜੂਦ ਹਰ ਸਾਧਨ ਦੀ ਵਰਤੋਂ ਕਰਨ ਲਈ ਤਿਆਰ ਹਾਂ - ਫਿਰ ਚਾਹੇ ਇਹ ਜਿੱਥੇ ਵੀ ਹੁੰਦਾ ਹੈ ਅਤੇ ਜੋ ਵੀ ਜ਼ਿੰਮੇਵਾਰ ਹੋਵੇ। ਯੂਕੇ ਉਨ੍ਹਾਂ ਸ਼ਾਂਤੀਪੂਰਨ ਭਾਈਚਾਰਿਆਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਜੋ ਹਿੰਸਾ ਅਤੇ ਨਫ਼ਰਤ ਫੈਲਾਉਣ ਵਾਲਿਆਂ ਦੇ ਵਿਰੁੱਧ ਹਨ।"

ਯੂਕੇ ਦੇ ਕਾਨੂੰਨ ਤਹਿਤ ਰੇਹਲ ਵੱਲੋਂ ਫੰਡ ਜਾਂ ਵਿੱਤੀ ਸੇਵਾਵਾਂ ਪ੍ਰਦਾਨ ਕਰਨਾ ਹੁਣ ਗੈਰ-ਕਾਨੂੰਨੀ ਹੈ।

ਇਸ ਹਫ਼ਤੇ ਦੇ ਸ਼ੁਰੂ ਵਿੱਚ ਰੇਹਲ ਦੀ ਇੱਕ ਫੋਟੋ ਨੈਸ਼ਨਲ ਲੀਗ ਦੇ ਸੀਈਓ ਫਿਲ ਅਲੈਗਜ਼ੈਂਡਰ ਨਾਲ ਮੋਰੇਕੈਂਬੇ ਲਈ ਮੁਲਾਕਾਤ ਦੌਰਾਨ ਲਈ ਗਈ ਸੀ, ਜੋ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀ ਗਈ ਸੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)