ਸਰਕਾਰੀ ਨੌਕਰੀ ਛੱਡ ਕੇ ਯੂਕੇ ਗਏ ਨੌਜਵਾਨ ਦੇ ਕਤਲ ਬਾਰੇ ਪੁਲਿਸ ਨੇ ਕੀ ਦੱਸਿਆ, ਪਰਿਵਾਰ ਦੀ ਕੀ ਹੈ ਮੰਗ

ਤਸਵੀਰ ਸਰੋਤ, Family
- ਲੇਖਕ, ਇਲੀਅਟ ਬਾਲ
- ਰੋਲ, ਵੈਸਟ ਮਿਡਲੈਂਡਜ਼
- ਲੇਖਕ, ਅਭਿਸ਼ੇਕ ਡੇ
- ਰੋਲ, ਬੀਬੀਸੀ ਪੱਤਰਕਾਰ
ਸਰਕਾਰੀ ਨੌਕਰੀ ਛੱਡ ਕੇ ਯੂਕੇ ਗਏ ਹਰਿਆਣਾ ਦੇ ਇੱਕ 30 ਸਾਲਾ ਨੌਜਵਾਨ ਦਾ ਉੱਥੇ ਕਥਿਤ ਤੌਰ ਉੱਤੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਮ੍ਰਿਤਕ ਵਿਜੈ ਕੁਮਾਰ ਜਨਵਰੀ ਮਹੀਨੇ ਵਿੱਚ ਇੰਗਲੈਂਡ ਪੜ੍ਹਨ ਲਈ ਗਿਆ ਸੀ।
ਵੈਸਟ ਮਰਸੀਆ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ 5 ਜਣਿਆਂ ਨੂੰ ਕਤਲ ਦੇ ਸ਼ੱਕ ਤਹਿਤ ਗਿਰਫ਼ਤਾਰ ਕੀਤਾ ਗਿਆ ਸੀ। ਪੁਲਿਸ ਮੁਤਾਬਕ ਇਹ ਸ਼ੱਕੀ ਹੁਣ ਜ਼ਮਾਨਤ ਉੱਤੇ ਬਾਹਰ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਵੈਸਟ ਮਰਸੀਆ ਪੁਲਿਸ ਵੱਲੋਂ ਪਹਿਲਾਂ 22 ਤੋਂ 35 ਸਾਲ ਦੀ ਉਮਰ ਦੇ ਸ਼ੱਕੀਆਂ ਨੂੰ ਗਿਰਫ਼ਤਾਰ ਕੀਤਾ ਗਿਆ ਸੀ।
25 ਨਵੰਬਰ ਨੂੰ ਵਿਜੈ ਕੁਮਾਰ ਨੂੰ ਯੂਕੇ ਦੇ ਵਰਸਟਰ ਵਿੱਚ ਪੈਂਦੇ ਬਾਰਬਰਨ ਰੋਡ ਉੱਤੇ ਗੰਭੀਰ ਜ਼ਖ਼ਮ ਲੱਗੇ ਸਨ।
ਇਸ ਘਟਨਾ ਮਗਰੋਂ ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਵਿੱਚ ਪੈਂਦੇ ਵਿਜੈ ਦੇ ਪਿੰਡ ਜਗਰਾਮਬਾਸ ਵਿੱਚ ਸੋਗ ਦਾ ਮਾਹੌਲ ਹੈ।
ਪਰਿਵਾਰ ਤੱਕ ਕਿਵੇਂ ਪਹੁੰਚੀ ਖ਼ਬਰ

ਤਸਵੀਰ ਸਰੋਤ, Family
ਬੀਬੀਸੀ ਸਹਿਯੋਗੀ ਮਨੋਜ ਢਾਕਾ ਨਾਲ ਗੱਲ ਕਰਦਿਆਂ ਵਿਜੈ ਦੇ ਵੱਡੇ ਭਰਾ ਰਵੀ ਨੇ ਦੱਸਿਆ ਕਿ ਉਹ ਜਨਵਰੀ ਮਹੀਨੇ ਵਿੱਚ ਐੱਮਬੀਏ ਦੀ ਪੜ੍ਹਾਈ ਲਈ ਯੂਕੇ ਗਿਆ ਸੀ।
ਰਵੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ 25 ਨਵੰਬਰ ਨੂੰ ਵਿਜੈ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਬਾਰੇ ਜਾਣਕਾਰੀ ਯੂਕੇ ਦੀ ਪੁਲਿਸ ਵੱਲੋਂ ਦਿੱਤੀ ਗਈ ਸੀ ਤੇ ਇਸ ਮਗਰੋਂ ਉਨ੍ਹਾਂ ਨੂੰ ਵਿਜੈ ਦੀ ਮੌਤ ਹੋਣ ਬਾਰੇ ਜਾਣਕਾਰੀ ਮਿਲੀ।
ਰਵੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਮੁਤਾਬਕ ਵਿਜੈ ਦੀ ਮੌਤ ਚਾਕੂ ਕਾਰਨ ਹੋਏ ਜ਼ਖ਼ਮਾਂ ਕਰਕੇ ਹੋਈ ਹੈ। ਵਿਜੈ ਕੁਮਾਰ ਦੇ ਦੋ ਭਰਾ ਹਨ ਅਤੇ ਇੱਕ ਭੈਣ ਹੈ।

ਵਿਜੈ ਦੇ ਪਿਤਾ ਸੁਰਿੰਦਰ ਸਿੰਘ ਸ਼ਿਓਰਾਨ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਫਿਜ਼ਿਕਸ ਵਿਸ਼ੇ ਵਿੱਚ ਐੱਮਐੱਸਸੀ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਕੀਤੀ ਸੀ।
ਉਨ੍ਹਾਂ ਨੇ ਦੱਸਿਆ, "ਇਸ ਮਗਰੋਂ ਉਸ ਨੇ ਪਬਲਿਕ ਵਰਕਸ ਡਿਪਾਰਟਮੈਂਟ (ਪੀਡਬਲਿਊਡੀ) ਅਤੇ ਫਿਰ ਐਕਸਾਈਜ਼ ਡਿਪਾਰਟਮੈਂਟ ਵਿੱਚ ਨੌਕਰੀ ਕੀਤੀ ਸੀ।"
ਵਿਜੈ ਕੁਮਾਰ ਦੇ ਪਿਤਾ ਭਾਰਤੀ ਫੌਜ ਤੋਂ ਰਿਟਾਇਰਡ ਹਨ।

ਰਵੀ ਕੁਮਾਰ ਨੇ ਕਿਹਾ, "ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਵਿਜੈ ਦੀ ਦੇਹ ਭਾਰਤ ਵਾਪਸ ਲਿਆਂਦੀ ਜਾਵੇ।"
ਉਨ੍ਹਾਂ ਕਿਹਾ ਕਿ ਉਹ ਪੁਲਿਸ ਦੇ ਨਾਲ ਸੰਪਰਕ ਵਿੱਚ ਹਨ ਅਤੇ ਜਾਂਚ ਬਾਰੇ ਜਾਣਕਾਰੀ ਲੈ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਵਿਜੈ ਦੀ ਦੇਹ ਨੂੰ ਭਾਰਤ ਵਾਪਸ ਲਿਆਉਣ ਲਈ ਗ੍ਰਹਿ ਮੰਤਰਾਲੇ, ਭਾਰਤੀ ਹਾਈ ਕਮਿਸ਼ਨ ਅਤੇ ਹਰਿਆਣਾ ਸਰਕਾਰ ਨੂੰ ਲਿਖਿਆ ਹੈ।
ਰਵੀ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਭਰਾ ਚੰਗੇ ਸੁਭਾਅ ਵਾਲਾ ਸੀ ਅਤੇ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਦਾ ਸੀ।

ਤਸਵੀਰ ਸਰੋਤ, FB/Worcester Police
ਜਗਰਾਮਬਾਸ ਪਿੰਡ ਵਿੱਚ ਹੀ ਰਹਿੰਦੇ ਵਿਜੈ ਦੇ ਚਾਚੇ ਦੇ ਪੁੱਤਰ ਨੇ ਕਿਹਾ, "ਉਸ ਨੂੰ ਪੜ੍ਹਾਈ ਨਾਲ ਪਿਆਰ ਸੀ, ਇਸ ਲਈ ਪੀਡਬਲਿਊਡੀ ਵਿੱਚ ਨੌਕਰੀ ਤੋਂ ਬਾਅਦ ਉਸ ਨੇ ਐਕਸਾਈਜ਼ ਦਾ ਐਗਜ਼ਾਮ ਪਾਸ ਕੀਤਾ ਅਤੇ ਫਿਰ ਉਚੇਰੀ ਪੜ੍ਹਾਈ ਲਈ ਵਿਦੇਸ਼ ਗਿਆ ਸੀ।"
ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਵਿਜੈ ਨਾਲ ਰੋਜ਼ਾਨਾ ਗੱਲਬਾਤ ਹੁੰਦੀ ਸੀ ਅਤੇ ਉਹ ਚਾਹੁੰਦਾ ਸੀ ਉਹ ਵਿਦੇਸ਼ ਵਿੱਚ ਵੱਸ ਸਕੇ।
ਜਗਰਾਮਬਾਸ ਪਿੰਡ ਦੇ ਵਸਨੀਕ ਬਲਵੰਤ ਸਿੰਘ ਨੇ ਕਿਹਾ, "ਪਿੰਡ ਦੇ ਇੱਕ ਨੌਜਵਾਨ ਦੇ ਕਤਲ ਦੀ ਘਟਨਾ ਨੂੰ ਲੈ ਕੇ ਪੂਰਾ ਪਿੰਡ ਦੁਖੀ ਹੈ।"
ਦਾਦਰੀ ਤੋਂ ਵਿਧਾਇਕ ਸੁਨੀਲ ਸਾਂਗਵਾਨ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੂੰ ਚਿੱਠੀਆਂ ਲਿਖੀਆਂ ਹਨ। ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਲੰਡਨ ਵਿੱਚ ਭਾਰਤੀ ਹਾਈ ਕਮੀਸ਼ਨ ਨਾਲ ਤਾਲਮੇਲ ਕਰਕੇ ਲੋੜੀਂਦੇ ਦਸਤਾਵੇਜ਼ਾਂ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ ਜਾਵੇ।
ਇਸ ਦੇ ਨਾਲ ਹੀ ਵਿਜੈ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਵਿੱਚ ਸਹਿਯੋਗ ਦੀ ਮੰਗ ਕੀਤੀ ਗਈ ਹੈ।
ਵਿਜੈ ਨੂੰ ਪਰਿਵਾਰ ਵੱਲੋਂ ਕਿਵੇਂ ਯਾਦ ਕੀਤਾ ਜਾ ਰਿਹਾ

ਤਸਵੀਰ ਸਰੋਤ, Family
ਵਿਜੈ ਕੁਮਾਰ ਦੇ ਪਰਿਵਾਰ ਵੱਲੋਂ ਇੱਕ ਸੁਨੇੇਹੇ ਵਿੱਚ ਕਿਹਾ ਗਿਆ ਕਿ "ਉਸ ਦੇ ਦਿਲ ਵਿੱਚ ਪਰਿਵਾਰ ਅਤੇ ਆਪਣੇ ਦੋਸਤਾਂ ਲਈ ਪਿਆਰ ਸੀ।"
ਉਨ੍ਹਾਂ ਨੇ ਅੱਗੇ ਕਿਹਾ, "ਉਸ ਦੇ ਦੁਆਲੇ ਜ਼ਿੰਦਗੀ ਰੌਣਕ ਭਰੀ ਸੀ, ਔਖਿਆਈ ਵੇਲੇ ਵੀ ਉਹ ਹੌਂਸਲੇ ਨਾਲ ਭਰਿਆ ਰਹਿੰਦਾ ਸੀ। "
"ਉਹ ਹਮੇਸ਼ਾ ਇਸ ਬਾਰੇ ਬੋਲਦਾ ਨਹੀਂ ਸੀ ਪਰ ਉਹ ਛੋਟੀਆਂ-ਛੋਟੀਆਂ ਗੱਲਾਂ ਰਾਹੀਂ ਅਤੇ ਚੰਗਿਆਈ ਵਿਖਾ ਕੇ ਦਰਸਾਉਂਦਾ ਸੀ।"
"ਹਾਲਾਂਕਿ ਉਸ ਦਾ ਸਾਡੇ ਨਾਲ ਬਿਤਾਇਆ ਸਮਾਂ ਬਹੁਤ ਘੱਟ ਸੀ ਪਰ ਇਹ ਅਰਥ ਭਰਪੂਰ ਸੀ, ਉਸ ਦੇ ਵਿਛੋੜੇ ਨੇ ਸਾਨੂੰ ਗ਼ਮਗੀਨ ਕੀਤਾ ਹੈ ਅਤੇ ਸਾਡੀਆਂ ਜ਼ਿੰਦਗੀਆਂ ਨੂੰ ਸੁੰਨਾ ਕਰ ਦਿੱਤਾ ਹੈ।"
ਪਰਿਵਾਰ ਦਾ ਕਹਿਣਾ ਹੈ ਕਿ ਵਿਜੈ ਦੀ ਮੌਤ ਉਨ੍ਹਾਂ ਦੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਸਮੇਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਉਹ ਵਿਜੈ ਨੂੰ ਯਾਦ ਕਰਦੇ ਰਹਿਣਗੇ।
ਜਾਂਚ ਕਰਨ ਵਾਲਿਆਂ ਵੱਲੋਂ ਇਹ ਬੇਨਤੀ ਕੀਤੀ ਗਈ ਹੈ ਕਿ ਜਿਸ ਕੋਲ ਵੀ ਇਸ ਮਾਮਲੇ ਬਾਰੇ ਜਾਣਕਾਰੀ ਹੋਵੇ ਉਹ ਉਨ੍ਹਾਂ ਨਾਲ ਸੰਪਰਕ ਕਰੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












