ਕੁੜੀ ਦੇ ਪਰਿਵਾਰ ਨੇ ਜਾਤੀ ਵਿਤਕਰੇ ਕਾਰਨ ਪ੍ਰੇਮੀ ਦਾ ਕੀਤਾ ਕਥਿਤ ਕਤਲ, ਕੁੜੀ ਨੇ ਕਰਵਾਇਆ ਲਾਸ਼ ਨਾਲ 'ਵਿਆਹ'

- ਲੇਖਕ, ਮਸਤਾਨ ਮਿਰਜ਼ਾ
- ਰੋਲ, ਬੀਬੀਸੀ ਲਈ
(ਇਸ ਘਟਨਾ ਦੇ ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ।)
ਮਹਾਰਾਸ਼ਟਰ ਦੇ ਨਾਂਦੇੜ ਸ਼ਹਿਰ ਦੇ ਜੂਨਾ ਘਾਟ (ਜੂਨਾ ਗੰਜ) ਇਲਾਕੇ ਵਿੱਚ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੋਂ ਇੱਕ ਪਰਿਵਾਰ ਨੇ ਆਪਣੀ ਧੀ ਦੇ ਪ੍ਰੇਮ ਸਬੰਧਾਂ ਦਾ ਵਿਰੋਧ ਕਰਦੇ ਹੋਏ ਉਸ ਦੇ ਪ੍ਰੇਮੀ ਦਾ ਕਥਿਤ ਕਤਲ ਕਰ ਦਿੱਤਾ।
ਪੁਲਿਸ ਮੁਤਾਬਕ, ਸਕਸ਼ਮ ਤਾਟੇ (20) ਅਤੇ ਆਚਲ ਮਾਮੀ਼ਵਾਰ (21) ਪਿਛਲੇ ਤਿੰਨ ਸਾਲਾਂ ਤੋਂ ਇੱਕ-ਦੂਜੇ ਨਾਲ ਪਿਆਰ ਕਰਦੇ ਸਨ। ਪਰ ਆਚਲ ਦਾ ਪਰਿਵਾਰ ਇਸ ਰਿਸ਼ਤੇ ਦੇ ਸਖ਼ਤ ਖ਼ਿਲਾਫ਼ ਸੀ ਕਿਉਂਕਿ ਉਨ੍ਹਾਂ ਦੀ ਜਾਤ ਵੱਖ-ਵੱਖ ਸੀ।
ਸਕਸ਼ਮ ਦੇ ਕਤਲ ਤੋਂ ਬਾਅਦ, ਉਸ ਦੀ ਪ੍ਰੇਮਿਕਾ ਆਚਲ ਨੇ ਉਸ ਦੀ ਲਾਸ਼ 'ਤੇ ਹਲਦੀ ਅਤੇ ਸਿੰਦੂਰ ਲਗਾਇਆ। ਆਚਲ ਨੇ ਇਹ ਹਲਦੀ ਅਤੇ ਸਿੰਦੂਰ ਆਪਣੇ ਮੱਥੇ 'ਤੇ ਵੀ ਲਗਾਇਆ।
ਇਸ ਤੋਂ ਬਾਅਦ, ਉਸ ਨੇ ਐਲਾਨ ਕੀਤਾ ਕਿ ਉਹ ਹੁਣ ਸਕਸ਼ਮ ਦੇ ਘਰ ਹੀ ਰਹੇਗੀ।
ਸਕਸ਼ਮ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਦਾ ਸੀ।
ਆਚਲ ਨੇ ਕਿਹਾ, "ਮੇਰਾ ਪ੍ਰੇਮੀ ਮਰ ਕੇ ਵੀ ਜਿੱਤ ਗਿਆ ਅਤੇ ਮੇਰੇ ਮਾਪੇ ਉਸ ਨੂੰ ਮਾਰ ਕੇ ਵੀ ਹਾਰ ਗਏ।"
ਉਨ੍ਹਾਂ ਨੇ ਕਿਹਾ, "ਸਾਡੇ ਪਰਿਵਾਰ ਵਾਲੇ ਇਸ ਦਾ ਵਿਰੋਧ ਕਰ ਰਹੇ ਸਨ ਕਿਉਂਕਿ ਅਸੀਂ ਵੱਖ-ਵੱਖ ਜਾਤਾਂ ਦੇ ਸੀ।"
ਆਚਲ ਨੇ ਮੀਡੀਆ ਦੇ ਸਾਹਮਣੇ ਆਪਣਾ ਪੱਖ ਰੱਖਿਆ। ਉਨ੍ਹਾਂ ਨੇ ਕਿਹਾ, "ਸਕਸ਼ਮ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਤੋਂ ਰਿਹਾਅ ਹੋਇਆ ਸੀ ਅਤੇ ਉਦੋਂ ਤੋਂ ਉਸ ਨੂੰ ਮੇਰੇ ਪਰਿਵਾਰ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ।"
ਉਨ੍ਹਾਂ ਨੇ ਕਿਹਾ, "ਵੀਰਵਾਰ ਸ਼ਾਮ ਕਰੀਬ 5:45 ਵਜੇ ਪਰਿਵਾਰ ਨੇ ਸਕਸ਼ਮ ਨੂੰ ਮਾਰਨ ਲਈ ਜਾਲ ਫਸਾਇਆ ਅਤੇ ਉਸ 'ਤੇ ਹਮਲਾ ਕਰ ਦਿੱਤਾ।"
ਪੁਲਿਸ ਮੁਤਾਬਕ ਆਚਲ ਦੇ ਪਿਤਾ ਗਜਾਨਨ ਮਾਮੀਡਵਾਰ, ਭਰਾ ਸਾਹਿਲ ਅਤੇ ਹਿਮੇਸ਼ ਨੇ ਸਕਸ਼ਮ ਨੂੰ ਕਥਿਤ ਗੋਲੀ ਮਾਰੀ ਅਤੇ ਫਿਰ ਉਸ 'ਤੇ ਕਈ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ।
ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਅਤੇ ਮੁਲਜ਼ਮ ਦੋਵਾਂ ਦਾ ਪਹਿਲਾਂ ਤੋਂ ਅਪਰਾਧਿਕ ਰਿਕਾਰਡ ਹੈ।
ਕਤਲ ਤੋਂ ਪਹਿਲਾਂ ਧਮਕੀਆਂ

ਸਕਸ਼ਮ ਦੇ ਪਰਿਵਾਰ ਦਾ ਦਾਅਵਾ ਹੈ ਕਿ ਕਤਲ ਤੋਂ ਦੋ ਘੰਟੇ ਪਹਿਲਾਂ ਆਚਲ ਦੀ ਮਾਂ ਜੈਸ਼੍ਰੀ ਮਾਮੀਡਵਾਰ, ਉਨ੍ਹਾਂ ਦੇ ਘਰ ਆਈ ਅਤੇ ਉਸ ਨੂੰ ਖੁੱਲ੍ਹਆਮ ਧਮਕੀ ਦਿੱਤੀ ਸੀ।
ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ ਹੈ।
ਆਚਲ ਨੇ ਮੀਡੀਆ ਨੂੰ ਦੱਸਿਆ, "ਸਕਸ਼ਮ ਅਤੇ ਮੈਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ। ਪਰ ਮੇਰੇ ਪਰਿਵਾਰ ਨੂੰ ਇਹ ਮਨਜ਼ੂਰ ਨਹੀਂ ਸੀ।"
ਉਨ੍ਹਾਂ ਨੇ ਕਿਹਾ, "ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਹੀ ਸਕਸ਼ਮ ਨੂੰ ਮਾਰਨ ਦੀ ਯੋਜਨਾ ਬਣਾਈ ਗਈ ਸੀ। ਮੈਨੂੰ ਵੀ ਧਮਕੀ ਦਿੱਤੀ ਗਈ ਸੀ। ਇਹ ਕਤਲ ਜਾਤ ਅਤੇ ਨਫ਼ਰਤ ਕਾਰਨ ਕੀਤਾ ਗਿਆ।"
ਆਚਲ ਨੇ ਕਿਹਾ, "ਸਕਸ਼ਮ ਹੁਣ ਨਹੀਂ ਰਿਹਾ, ਪਰ ਮੈਂ ਅਜੇ ਵੀ ਉਸ ਨੂੰ ਪਿਆਰ ਕਰਦੀ ਹਾਂ। ਮੈਂ ਉਸ ਦੇ ਘਰ ਹੀ ਰਹਾਂਗੀ।"

ਸਕਸ਼ਮ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ, ਇਤਵਾਰਾ ਪੁਲਿਸ ਨੇ ਗਜਾਨਨ ਮਾਮੀਡਵਾਰ ਸਮੇਤ ਛੇ ਲੋਕਾਂ ਖ਼ਿਲਾਫ਼ ਕਤਲ ਅਤੇ ਤਸ਼ੱਦਦ ਦਾ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੇ ਕਿਹਾ ਕਿ ਸਾਰੇ ਮੁਲਜ਼ਮਾਂ ਨੂੰ ਸਿਰਫ਼ 12 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਆਚਲ ਦੀ ਮਾਂ, ਪਿਤਾ ਅਤੇ ਭਰਾ ਸਾਰੇ ਹਿਰਾਸਤ ਵਿੱਚ ਹਨ। ਬੀਬੀਸੀ ਮਰਾਠੀ ਨੇ ਮੁਲਜ਼ਮ ਦੇ ਪਰਿਵਾਰ ਅਤੇ ਵਕੀਲਾਂ ਤੋਂ ਬਿਆਨ ਲੈਣ ਦੀ ਕੋਸ਼ਿਸ਼ ਕੀਤੀ, ਪਰ ਅਜੇ ਤੱਕ ਕੋਈ ਬਿਆਨ ਨਹੀਂ ਮਿਲ ਸਕਿਆ। ਜਿਵੇਂ ਹੀ ਬਿਆਨ ਮਿਲਦੇ ਹਨ, ਅਸੀਂ ਕਹਾਣੀ ਵਿੱਚ ਅਪਡੇਟ ਕਰਾਂਗੇ।
ਆਚਲ ਨੇ ਗੁੱਸੇ ਵਿੱਚ ਕਿਹਾ, "ਮੇਰੇ ਪਿਤਾ ਅਤੇ ਮੇਰੇ ਭਰਾ ਨੇ ਮੇਰੇ ਸਕਸ਼ਮ (ਪ੍ਰੇਮੀ) ਨੂੰ ਮਾਰ ਦਿੱਤਾ। ਹਾਲਾਂਕਿ, ਉਹ ਉਸ ਨੂੰ ਮਾਰ ਕੇ ਹਾਰ ਗਏ, ਜਦਕਿ ਸਕਸ਼ਮ ਮਰ ਕੇ ਜਿੱਤ ਗਿਆ ਕਿਉਂਕਿ ਸਾਡਾ ਪਿਆਰ ਅਜੇ ਵੀ ਜ਼ਿੰਦਾ ਹੈ।"

ਪੂਰੀ ਘਟਨਾ ਦਾ ਵੇਰਵਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ, "ਮੈਂ ਪਿਛਲੇ ਤਿੰਨ ਸਾਲਾਂ ਤੋਂ ਸਕਸ਼ਮ ਤਾਟੇ ਨਾਲ ਪ੍ਰੇਮ ਸਬੰਧਾਂ ਵਿੱਚ ਸੀ। ਮੇਰੇ ਪਰਿਵਾਰ ਨੂੰ ਇਹ ਮਨਜ਼ੂਰ ਨਹੀਂ ਸੀ। ਇਸ ਲਈ ਉਨ੍ਹਾਂ ਨੇ ਉਸ ਨੂੰ ਇਸ ਤਰ੍ਹਾਂ ਮਾਰ ਦਿੱਤਾ।"
ਆਚਲ ਕਹਿੰਦੀ ਹੈ, "ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ, ਪਰ ਮੇਰੇ ਪਿਤਾ ਨੂੰ ਇਹ ਮਨਜ਼ੂਰ ਨਹੀਂ ਸੀ ਕਿਉਂਕਿ ਉਨ੍ਹਾਂ ਦੀ ਜਾਤ ਵੱਖਰੀ ਸੀ। ਉਹ ਕਹਿੰਦੇ ਸਨ, 'ਤੂੰ ਕਿਸੇ ਹੋਰ ਨਾਲ ਗੱਲ ਕਰ ਸਕਦੀ ਹੈ, ਮੈਂ ਤੇਰਾ ਵਿਆਹ ਕਰਵਾ ਦੇਵਾਂਗਾ, ਪਰ ਉਸ ਨਾਲ ਗੱਲ ਕਰਨਾ ਬੰਦ ਕਰ ਦਿਓ।'"
ਐੱਫਆਈਆਰ ਦੇ ਅਨੁਸਾਰ, ਮੁਲਜ਼ਮ ਦੀ ਭਾਲ ਕਰਦੇ ਸਮੇਂ, ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਉਹ ਅਪਰਾਧ ਨੂੰ ਅੰਜਾਮ ਦੇ ਕੇ ਪਰਭਣੀ ਦੇ ਮਾਨਵਤ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਰਹਿਣ ਲਈ ਚਲਾ ਗਿਆ ਹੈ।
ਪੁਲਿਸ ਦੇ ਅਨੁਸਾਰ, ਗਜਾਨਨ ਮਾਮੀਡਵਾਰ (45) ਅਤੇ ਸਾਹਿਲ ਗਜਾਨਨ ਮਾਮੀਡਵਾਰ (25) ਨੇ ਮਿਲੀਭੁਗਤ ਅਤੇ ਸਾਜ਼ਿਸ਼ ਵਿੱਚ ਅਪਰਾਧ ਕਰਨ ਦੀ ਗੱਲ ਕਬੂਲ ਕਰ ਲਈ ਹੈ।
ਪੁਲਿਸ ਨੇ ਕੀ ਕਿਹਾ?

ਨਾਂਦੇੜ ਦੇ ਡੀਐੱਸਪੀ ਪ੍ਰਸ਼ਾਂਤ ਸ਼ਿੰਦੇ ਦੇ ਅਨੁਸਾਰ, "ਸਕਸ਼ਮ ਤਾਟੇ (20 ਸਾਲ) ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਅਸੀਂ ਮੁਲਜ਼ਮ ਗ੍ਰਿਫਤਾਰ ਕਰ ਲਏ ਹਨ। ਇਸ ਮਾਮਲੇ ਵਿੱਚ ਅੱਗੇ ਦੀ ਜਾਂਚ ਜਾਰੀ ਹੈ।"
ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਇਸ ਮਾਮਲੇ ਵਿੱਚ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 103, 61 (2), 189, 190, 191 (2), ਅਤੇ 193 (3) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੇ ਕਿਹਾ, "ਇਸ ਮਾਮਲੇ ਵਿੱਚ ਕੁੱਲ ਛੇ ਮੁਲਜ਼ਮ ਹਨ। ਇਨ੍ਹਾਂ ਵਿੱਚ ਜੈਸ਼੍ਰੀ ਮਦਨਸਿੰਘ ਠਾਕੁਰ, ਗਜਾਨਨ ਬਾਲਾਜੀਰਾਓ ਮਾਮੀਡਵਾਰ, ਸਾਹਿਲ ਮਾਮੀਡਵਾਰ, ਹਿਮੇਸ਼ ਮਾਮੀਡਵਾਰ, ਸੋਮੇਸ਼ ਸੁਭਾਸ਼ ਲਕੇ, ਵੇਦਾਂਤ ਅਸ਼ੋਕ ਕੁੰਦੇਕਰ ਸ਼ਾਮਲ ਹੈ, ਜਿਨ੍ਹਾਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












