'ਪੁੱਤਾਂ-ਭਰਾਵਾਂ ਨੂੰ ਹੀ ਸਮਝਾਓ, ਨੇਕ ਔਰਤ ਦਾ ਕਤਲ ਵੀ ਕਤਲ ਹੈ ਤੇ ਭੈੜੀ ਔਰਤ ਦਾ ਕਤਲ ਵੀ ਕਤਲ ਹੀ ਹੁੰਦਾ ਹੈ' - ਹਨੀਫ਼ ਦਾ ਵਲੌਗ

ਤਸਵੀਰ ਸਰੋਤ, AFP via Getty Images
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਤੇ ਲੇਖਕ
ਵੈਸੇ ਤਾਂ ਪਾਕਿਸਤਾਨ ਵਿੱਚ ਹਰ ਰੋਜ਼ ਕਿਤੇ ਨਾ ਕਿਤੇ ਔਰਤ ਕਤਲ ਹੁੰਦੀ ਹੈ। ਕਦੇ ਗੋਲ਼ੀ ਮਾਰ ਕੇ, ਕਦੇਂ ਡੰਡਿਆਂ ਨਾਲ, ਕਦੇ ਗਲ਼ ਘੁੱਟ ਕੇ, ਕਦੇ ਅੱਗ ਵਿੱਚ ਸਾੜ ਕੇ। ਪਰ ਚਾਰ ਸਾਢੇ ਚਾਰ ਸਾਲ ਪਹਿਲਾਂ ਇਸਲਾਮਾਬਾਦ ਵਿੱਚ ਨੂਰ ਮੁਕੱਦਮ ਦਾ ਕਤਲ ਹੋਇਆ ਤਾਂ ਸਾਰੀ ਖਲਕਤ ਕੰਬ ਜਿਹੀ ਗਈ।
ਸ਼ਾਇਦ ਇਸ ਲਈ ਕਿਉਂਕਿ ਕਾਤਲ ਅਮੀਰ ਮਾਂ-ਪਿਓ ਦਾ ਪੁੱਤਰ ਸੀ। ਕਤਲ ਹੋਣ ਵਾਲੀ ਵਿਚਾਰੀ ਵੀ ਪੜ੍ਹੀ-ਲਿਖੀ ਸੀ। ਇਸਲਾਮਾਬਾਦ ਵਿੱਚ ਮਹਿਲ ਦੇ ਆਕਾਰ ਦਾ ਇੱਕ ਵੱਡਾ ਜਿਹਾ ਘਰ...ਇੰਨਾ ਵੱਡਾ ਕਿ ਕਤਲ ਹੋਣ ਤੋਂ ਪਹਿਲਾਂ ਸਾਰੀ ਰਾਤ ਨੂਰ ਮੁਕੱਦਮ ਚੀਖਦੀ ਰਹੀ ਪਰ ਉਸ ਦੀ ਆਵਾਜ਼ ਬਾਹਰ ਨਹੀਂ ਗਈ। ਛੱਤਾਂ ਤੋਂ ਛਾਲਾਂ ਮਾਰ ਕੇ ਨੱਸਣ ਦੀ ਕੋਸ਼ਿਸ਼ ਕਰਦੀ ਰਹੀ, ਪਰ ਕਿਸੇ ਨੇ ਨਾ ਦੇਖਿਆ।
ਜਦੋਂ ਤੱਕ ਇਸਲਾਮਾਬਾਦ ਦੀ ਪੁਲਿਸ ਪਹੁੰਚੀ, ਨੂਰ ਦਾ ਗਾਟਾ ਵੱਢ ਦਿੱਤਾ ਗਿਆ ਸੀ। ਕਾਤਲ ਵੀ ਮੌਕੇ 'ਤੇ ਮੌਜੂਦ ਸੀ, ਆਲਾ ਏ ਕਤਲ ਵੀ ਬਰਾਮਦ ਹੋ ਗਿਆ। ਜਿਸ ਨੂੰ ਕਹਿੰਦੇ ਨੇ - ਓਪਨ ਅਤੇ ਸ਼ਟ ਕੇਸ ਸੀ।
ਮੁਜ਼ਰਿਮ ਨੂੰ ਫਾਂਸੀ ਦੀ ਸਜ਼ਾ ਹੋ ਗਈ, ਅਪੀਲਾਂ ਹੋਈਆਂ। ਹੁਣ ਕੋਈ ਚਾਰ ਸਾਲ ਤੋਂ ਬਾਦ ਅਪੀਲਾਂ ਰਿਜੈਕਟ ਨੇ ਤੇ ਫ਼ਾਂਸੀ ਦੀ ਸਜ਼ਾ ਬਰਕਰਾਰ।
‘ਪਾਕਿਸਤਾਨ 'ਚ ਔਰਤਾਂ ਦੇ ਦੋ ਤਰ੍ਹਾਂ ਦੇ ਲਿਵ ਇਨ ਰਿਲੇਸ਼ਨਸ਼ਿਪ’
ਪਰ ਇੱਕ ਵੱਡੇ ਜੱਜ ਸਾਬ੍ਹ ਨੇ ਇਨਸਾਫ਼ ਦੇਣ ਦੇ ਨਾਲ-ਨਾਲ ਕੌਮ ਦੀਆਂ ਧੀਆਂ-ਭੈਣਾਂ ਨੂੰ ਇੱਕ ਇਜ਼ਾਫੀ ਨੋਟ ਲਿਖ ਕੇ ਲੈਕਚਰ ਵੀ ਦਿੱਤਾ ਹੈ ਤੇ ਕਿਹਾ ਕਿ 'ਕੁੜੀਓ, ਜੇ ਕਿਤੇ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹੋਗੇ, ਇੱਕ ਤਾਂ ਇਹ ਗੁਨਾਹ ਵੀ ਹੈ, ਲਿਵ ਇਨ ਰਿਲੇਸ਼ਨਸ਼ਿਪ ਨਾਲ ਮੁਆਸ਼ਰਾ ਵੀ ਵਿਗੜ ਰਿਹਾ ਹੈ ਅਤੇ ਤੁਸੀਂ ਜਾਨ ਤੋਂ ਵੀ ਜਾ ਸਕਦੇ ਹੋ। ਜੋ ਨੂਰ ਨਾਲ ਹੋਇਆ ਸੀ, ਉਹ ਤੁਹਾਡੇ ਨਾਲ ਵੀ ਹੋ ਸਕਦਾ ਹੈ।'
ਵੱਡੇ ਜੱਜ ਸਾਬ੍ਹ ਨੇ, ਮਾਇ-ਲਾਰਡ ਨੇ ਕਾਨੂੰਨ ਤਾਂ ਪੜ੍ਹਿਆ ਹੀ ਹੋਣਾ ਹੈ ਲੇਕਿਨ ਲੱਗਦਾ ਹੈ ਕਿ ਉਨ੍ਹਾਂ ਨੇ ਕਦੇ ਅਖ਼ਬਾਰ ਨਹੀਂ ਪੜ੍ਹਿਆ ਕਿ ਜਿਸ ਮੁਲਕ ਵਿੱਚ ਰਹਿੰਦੇ ਹਨ ਉੱਥੇ ਕਦੇ ਜਨਾਨੀ ਦੇ ਕਤਲ ਹੋਣ ਦਾ ਮਸਲਾ ਪਹਿਲਾਂ ਉਨ੍ਹਾਂ ਦੇ ਸਾਹਮਣੇ ਨਹੀਂ ਆਇਆ।
ਪਾਕਿਸਤਾਨ ਵਿੱਚ 99 ਫ਼ੀਸਦ ਔਰਤਾਂ ਦੇ ਦੋ ਤਰ੍ਹਾਂ ਦੇ ਲਿਵ ਇਨ ਰਿਲੇਸ਼ਸਨਸ਼ਿਪ ਨੇ, ਜਾਂ ਮਾਪਿਆਂ ਨਾਲ ਜਾਂ ਸਹੁਰਿਆਂ ਨਾਲ।
‘ਔਰਤ ਨੂੰ ਕਤਲ ਹੋਣ ਲਈ ਘਰ ਦੀ ਦਹਿਲੀਜ਼ ਟੱਪਣੀ ਨਹੀਂ ਪੈਂਦੀ’
ਹਰ ਸਾਲ ਪਾਕਿਸਤਾਨ ਵਿੱਚ 1000 ਤੋਂ ਵੱਧ ਔਰਤ ਕਤਲ ਹੁੰਦੀ ਹੈ ਤੇ ਕਤਲ ਆਪਣੇ ਘਰ 'ਚ ਹੀ ਹੁੰਦੀ ਹੈ। ਉਸ ਨੂੰ ਕਤਲ ਹੋਣ ਲਈ ਆਪਣੇ ਘਰ ਦੀ ਦਹਿਲੀਜ਼ ਟੱਪਣੀ ਨਹੀਂ ਪੈਂਦੀ।
ਜ਼ਿਆਦਾਤਰ ਮਾਂ, ਪਿਓ, ਭਰਾ, ਮਾਮੇ, ਚਾਚੇ, ਸੱਸ-ਸੁਹਰੇ ਤੇ ਸਭ ਤੋਂ ਜ਼ਿਆਦਾ ਉਹ ਬੰਦਾ ਜਿਸ ਦੇ ਨਾਲ ਉਹ ਵਿਆਹੀ ਹੁੰਦੀ ਹੈ।
ਇਹ ਵਕੂਆ (ਵਾਰਦਾਤ) ਵਿਆਹ ਦੇ ਪਹਿਲੇ ਹਫਤੇ ਵੀ ਹੋ ਸਕਦਾ ਹੈ, ਪੰਜ ਬੱਚੇ ਪੈਦਾ ਹੋਣ ਤੋਂ ਬਾਅਦ ਵੀ।
ਜੇ ਕਦੇ ਕਿਸੇ ਬਾਹਰ ਵਾਲੇ ਦੇ ਹੱਥੋਂ ਮਾਰੀ ਜਾਂਦੀ ਹੈ, ਉਸ 'ਚ ਆਮ ਤੌਰ 'ਤੇ ਇਹ ਹੁੰਦਾ ਹੈ ਕਿ ਉਸ ਨੇ ਕਿਸੇ ਮੁੰਡੇ ਨੂੰ ਨਾਂਹ ਕਰ ਛੱਡੀ ਹੁੰਦੀ ਹੈ।
‘ਆਪਣੇ ਪੁੱਤਰਾਂ-ਭਰਾਵਾਂ ਨੂੰ ਹੀ ਸਮਝਾ ਲਿਆ ਕਰਨ’

ਤਸਵੀਰ ਸਰੋਤ, BBC URDU
ਪਹਿਲਾਂ ਇਸ ਤਰ੍ਹਾਂ ਦੀਆਂ ਗੱਲਾਂ ਪਿੰਡਾਂ ਦੀਆਂ ਭਰੀਆਂ ਪੰਚਾਇਤਾਂ 'ਚ ਸੁਣੀਂਦੀਆਂ ਸਨ, ਕਬਾਇਲੀ ਜਿਰਗੇ ਵਿੱਚ ਫੈਸਲੇ ਹੁੰਦੇ ਸਨ, ਜਿਸ ਵਿੱਚ ਔਰਤ ਨੂੰ ਮਾਰਨ ਤੋਂ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਇਸ ਔਰਤ 'ਚ ਕੋਈ ਪੈਹੜਜ਼ਰੂਰ ਹੋਵੇਗਾ, ਇਸ ਜ਼ਨਾਨੀ ਨੇ ਜ਼ਰੂਰ ਕੁਝ ਨਾ ਕੁਝ ਕੀਤਾ ਹੋਵੇਗਾ।
ਹੁਣ ਇਹੀ ਗੱਲ ਮੁਲਕ ਦੀ ਸਭ ਤੋਂ ਵੱਡੀ ਅਦਾਲਤ 'ਚ, ਸਭ ਤੋਂ ਵੱਡੇ ਜੱਜ ਕੋਲੋਂ ਆ ਗਈ ਹੈ।
ਮਾਇ-ਲਾਰਡ ਦੀ ਬੜੀ ਮਿਹਰਬਾਨੀ ਜੋ ਉਨ੍ਹਾਂ ਨੇ ਨੂਰ ਮੁਕੱਦਮ ਨੂੰ ਇਨਸਾਫ ਦੇ ਦਿੱਤਾ ਹੈ। ਹੁਣ ਉਸ ਦੀ ਮਣਾਂ ਮਿੱਟੀ ਥੱਲੇ ਦਫ਼ਨਾਈ ਔਰਤ ਦੀ ਕਬਰ 'ਤੇ ਖੜ੍ਹ ਕੇ ਲੈਕਚਰ ਨਾ ਦੇਣ। ਆਪਣੇ ਪੁੱਤਰਾਂ-ਭਰਾਵਾਂ ਨੂੰ ਹੀ ਸਮਝਾ ਲਿਆ ਕਰਨ ਕਿ ਬਈ ਨੇਕ ਔਰਤ ਦਾ ਕਤਲ ਵੀ ਕਤਲ ਤੇ ਭੈੜੀ ਔਰਤ ਦਾ ਕਤਲ ਵੀ ਕਤਲ ਹੀ ਹੁੰਦਾ ਹੈ ਤੇ ਦੋਵਾਂ ਦੀ ਸਜ਼ਾ ਵੀ ਇੱਕੋ ਹੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













