'ਚੋਰ ਸਿਪਾਹੀ ਦੀ ਖੇਡ 'ਚ ਨੂੰਹ ਨੇ ਸੱਸ ਨੂੰ ਜ਼ਿੰਦਾ ਸਾੜ੍ਹਿਆ', ਪੁਲਿਸ ਨੇ ਕਤਲ ਦੇ ਕੀ ਕਾਰਨ ਦੱਸੇ?

ਮਹਾਲਕਸ਼ਮੀ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਸੜ ਕੇ ਮਰਨ ਵਾਲੀ ਕਨਗਮਹਾਲਕਸ਼ਮੀ (ਫਾਈਲ ਫੋਟੋ)
    • ਲੇਖਕ, ਲੋਕੁਜੂ ਸ੍ਰੀਨਿਵਾਸਨ
    • ਰੋਲ, ਬੀਬੀਸੀ ਲਈ

(ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ)

ਪੁਲਿਸ ਦੇ ਅਨੁਸਾਰ ਵਿਸ਼ਾਖਾਪਟਨਮ ਵਿੱਚ ਇੱਕ ਔਰਤ ਨੇ ਆਪਣੀ ਸੱਸ ਨੂੰ ਕਥਿਤ ਤੌਰ 'ਤੇ ਜ਼ਿੰਦਾ ਸਾੜ੍ਹ ਦਿੱਤਾ।

ਪੁਲਿਸ ਨੇ ਦੱਸਿਆ ਕਿ ਨੂੰਹ ਨੇ ਕਤਲ ਨੂੰ ਇੱਕ ਹਾਦਸੇ ਵਜੋਂ ਦਰਸਾਉਣ ਦੀ ਕੋਸ਼ਿਸ਼ ਕੀਤੀ, ਪਰ ਪੁੱਛਗਿੱਛ ਦੌਰਾਨ, ਉਸ ਨੇ ਅਪਰਾਧ ਕਰਨ ਦੀ ਗੱਲ ਕਬੂਲ ਕੀਤੀ।

ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਨੇ ਆਪਣੀ ਸੱਸ ਨੂੰ ਮਾਰਨ ਦੀ ਯੋਜਨਾ ਦੇ ਹਿੱਸੇ ਵਜੋਂ "ਇੱਕ ਬੁੱਢੀ ਔਰਤ ਨੂੰ ਕਿਵੇਂ ਮਾਰਨਾ ਹੈ" ਵਾਕੰਸ਼ ਦੀ ਵਰਤੋਂ ਕਰਦੇ ਹੋਏ ਯੂਟਿਊਬ 'ਤੇ ਵੀਡੀਓ ਖੋਜੇ ਸਨ।

ਪੁਲਿਸ ਨੇ ਨੂੰਹ ਜਯੰਤੀ ਲਲਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਲਲਿਤਾ ਆਪਣੀ ਸੱਸ ਜਯੰਤੀ ਕਾਨਾਗਮਹਲਕਸ਼ਮੀ ਨੂੰ ਕਿਉਂ ਮਾਰਨਾ ਚਾਹੁੰਦੀ ਸੀ? ਉਸ ਨੇ ਪੁਲਿਸ ਪੁੱਛਗਿੱਛ ਦੌਰਾਨ ਕੀ ਕਿਹਾ?

ਪੁਲਿਸ

ਘਟਨਾ ਕਿਵੇਂ ਵਾਪਰੀ ?

ਪੁਲਿਸ ਨੇ ਕੀ ਦੱਸਿਆ...

ਵਿਸ਼ਾਖਾਪਟਨਮ ਦੇ ਪੇਂਡੂਰਥੀ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਵਾਪਰੀ ਇਸ ਘਟਨਾ ਦੇ ਵੇਰਵੇ ਪੇਂਡੂਰਥੀ ਪੀਐੱਸ ਅਧਿਕਾਰੀਆਂ ਅਤੇ ਪੱਛਮੀ ਜ਼ੋਨ ਦੇ ਏਸੀਪੀ ਪ੍ਰਿਥਵੀ ਤੇਜ ਨੇ ਬੀਬੀਸੀ ਨੂੰ ਦੱਸੇ।

ਪੇਂਦੁਥਰੀ ਪੁਲਿਸ ਸਟੇਸ਼ਨ ਨੂੰ ਸ਼ੁੱਕਰਵਾਰ ਸਵੇਰੇ ਅਪੰਨਾਪਲੇਮ ਤੋਂ ਇੱਕ ਫ਼ੋਨ ਆਇਆ।

ਇੱਕ ਆਦਮੀ ਨੇ ਪੁਲਿਸ ਨੂੰ ਰਿਪੋਰਟ ਦਿੱਤੀ ਕਿ 'ਵਰਸ਼ਿਨੀ ਹੋਮਜ਼' ਅਪਾਰਟਮੈਂਟ ਕੰਪਲੈਕਸ ਵਿੱਚ ਇੱਕ ਘਰ ਨੂੰ ਅੱਗ ਲੱਗ ਗਈ ਹੈ ਅਤੇ ਇੱਕ ਬਜ਼ੁਰਗ ਔਰਤ ਸੜ੍ਹ ਰਹੀ ਹੈ।

ਤੁਰੰਤ, ਪੇਂਦੁਥਰੀ ਸਰਕਲ ਇੰਸਪੈਕਟਰ ਸਤੀਸ਼ ਕੁਮਾਰ ਪੁਲਿਸ ਨਾਲ ਮੌਕੇ 'ਤੇ ਪਹੁੰਚੇ। ਉੱਥੇ, ਉਨ੍ਹਾਂ ਨੇ 63 ਸਾਲਾ ਜਯੰਤੀ ਨੂੰ ਕੁਰਸੀ 'ਤੇ ਮ੍ਰਿਤਕ ਪਾਇਆ। ਉਨ੍ਹਾਂ ਦੇ ਹੱਥ, ਪੈਰ ਅਤੇ ਅੱਖਾਂ ਬੰਨ੍ਹੀਆਂ ਹੋਈਆਂ ਸਨ।

ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਪੁੱਛਗਿੱਛ ਦੌਰਾਨ, ਔਰਤ ਨੇ ਕਿਹਾ, "ਮੇਰੀ ਸੱਸ ਦੀ ਮੌਤ ਟੀਵੀ ਦੇ ਸ਼ਾਰਟ ਸਰਕਟ ਕਾਰਨ ਹੋਈ।"

ਏਸੀਪੀ ਪ੍ਰਿਥਵੀ ਤੇਜ ਨੇ ਕਿਹਾ, "ਜਦੋਂ ਅਸੀਂ ਮੌਕੇ 'ਤੇ ਪਹੁੰਚੇ, ਤਾਂ ਘਰ ਵਿੱਚ ਦੋ ਬੱਚੇ ਅਤੇ ਨੂੰਹ ਲਲਿਤਾ ਵੀ ਸਨ। ਲਲਿਤਾ ਨੇ ਸਾਨੂੰ ਦੱਸਿਆ ਕਿ ਅੱਗ ਟੀਵੀ ਦੀਆਂ ਤਾਰਾਂ ਦੇ ਸ਼ਾਰਟ ਸਰਕਟ ਕਾਰਨ ਲੱਗੀ। ਹਾਲਾਂਕਿ, ਸਾਨੂੰ ਮੌਕੇ 'ਤੇ ਅਜਿਹੀ ਘਟਨਾ ਦੇ ਕੋਈ ਸੰਕੇਤ ਨਹੀਂ ਮਿਲੇ।"

ਲਲਿਤਾ ਨੇ ਪੁਲਿਸ ਨੂੰ ਦੱਸਿਆ, "ਅੰਟੀ ਜਯੰਤੀ ਅਤੇ ਮੇਰੇ ਬੱਚੇ ਚੋਰ-ਸਿਪਾਹੀ ਦੀ ਖੇਡ ਖੇਡ ਰਹੇ ਸਨ। ਇਸ ਲਈ ਉਹ ਕੁਰਸੀ 'ਤੇ ਬੈਠ ਗਈ ਅਤੇ ਬੱਚਿਆਂ ਨੇ ਉਨ੍ਹਾਂ ਦੀਆਂ ਲੱਤਾਂ, ਹੱਥ ਅਤੇ ਅੱਖਾਂ ਬੰਨ੍ਹ ਦਿੱਤੀਆਂ। ਉਸੇ ਸਮੇਂ ਟੀਵੀ ਸ਼ਾਰਟ ਸਰਕਟ ਹੋ ਗਿਆ ਅਤੇ ਇਹ ਹਾਦਸਾ ਵਾਪਰ ਗਿਆ।"

ਏਸੀਪੀ ਪ੍ਰਿਥਵੀ ਤੇਜ ਨੇ ਕਿਹਾ ਕਿ ਹਾਦਸੇ ਵਿੱਚ ਲਲਿਤਾ ਦੀ ਧੀ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।

ਉਨ੍ਹਾਂ ਨੇ ਦੱਸਿਆ, "ਲਲਿਤਾ ਦਾ ਪਤੀ ਇੱਕ ਪੁਜਾਰੀ ਹੈ। ਹਾਦਸੇ ਬਾਰੇ ਪਤਾ ਲੱਗਣ ਤੋਂ ਬਾਅਦ ਉਹ ਘਰ ਆਇਆ। ਉਸ ਨਾਲ ਗੱਲ ਕਰਨ ਤੋਂ ਬਾਅਦ, ਸਾਨੂੰ ਨੂੰਹ ਲਲਿਤਾ 'ਤੇ ਸ਼ੱਕ ਹੋਇਆ। ਇਸ ਲਈ ਅਸੀਂ ਉਸਦਾ ਸੈੱਲ ਫ਼ੋਨ ਲਿਆ ਅਤੇ ਉਸਦੀ ਇੰਟਰਨੈੱਟ ਖੋਜ ਦੀ ਜਾਂਚ ਕੀਤੀ।"

ਪੁਲਿਸ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਏਸੀਪੀ ਪ੍ਰਿਥਵੀ ਤੇਜ ਮੁਤਾਬਕ ਲਲਿਤਾ ਦੀ ਧੀ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ

ਯੂਟਿਊਬ ਸਰਚ ਹਿਸਟਰੀ

ਪੁਲਿਸ ਨੇ ਦੱਸਿਆ, "ਜਦੋਂ ਅਸੀਂ ਲਲਿਤਾ ਦੀਆਂ ਇੰਟਰਨੈੱਟ ਸਰਚਾਂ ਦੀ ਜਾਂਚ ਕੀਤੀ, ਤਾਂ ਸਾਨੂੰ ਪਤਾ ਲੱਗਾ ਕਿ ਉਸ ਨੇ ਕਈ ਵਾਰ 'ਕਿਵੇਂ ਇੱਕ ਬੁੱਢੀ ਔਰਤ ਨੂੰ ਮਾਰਨਾ ਹੈ' ਸਰਚ ਕੀਤਾ ਸੀ। ਇਸ ਨਾਲ ਉਸਦੇ ਵਿਰੁੱਧ ਸਾਡਾ ਸ਼ੱਕ ਹੋਰ ਵੀ ਮਜ਼ਬੂਤ ਹੋ ਗਿਆ।"

"ਜਦੋਂ ਅਸੀਂ ਉਸ ਨੂੰ ਦੁਬਾਰਾ ਪੁੱਛਗਿੱਛ ਕੀਤੀ, ਤਾਂ ਉਸ ਨੇ ਆਪਣੀ ਸੱਸ ਨੂੰ ਮਾਰਨ ਦੀ ਗੱਲ ਕਬੂਲ ਕਰ ਲਈ। ਵਿਆਹ ਤੋਂ ਬਾਅਦ ਤੋਂ ਹੀ ਉਸ ਦਾ ਆਪਣੀ ਸੱਸ ਨਾਲ ਰਿਸ਼ਤਾ ਚੰਗਾ ਨਹੀਂ ਸੀ। ਉਸਨੇ ਕਿਹਾ ਕਿ ਉਹ ਛੋਟੀਆਂ-ਛੋਟੀਆਂ ਗੱਲਾਂ ਲਈ ਵੀ ਉਸਨੂੰ ਦੋਸ਼ੀ ਠਹਿਰਾਉਂਦੀ ਸੀ ਅਤੇ ਹਰ ਰੋਜ਼ ਉਸ ਨੂੰ ਝਿੜਕਦੀ ਸੀ, ਜਿਸ ਕਾਰਨ ਉਸ ਨੇ ਉਸ ਨੂੰ ਮਾਰਨ ਦਾ ਫ਼ੈਸਲਾ ਕੀਤਾ।"

ਏਸੀਪੀ ਪ੍ਰਿਥਵੀ ਤੇਜ ਨੇ ਦੱਸਿਆ, "ਆਪਣੀ ਸੱਸ ਨੂੰ ਮਾਰਨ ਦਾ ਫੈਸਲਾ ਕਰਨ ਤੋਂ ਬਾਅਦ, 6 ਤਰੀਕ ਨੂੰ ਉਹ ਆਪਣੇ ਦੋਪਹੀਆ ਵਾਹਨ 'ਤੇ ਸਿੰਹਾਚਲਮ ਨੇੜੇ ਗਊਸ਼ਾਲਾ ਦੇ ਇੱਕ ਪੈਟ੍ਰੋਲ ਪੰਪ 'ਤੇ ਗਈ ਅਤੇ 100 ਰੁਪਏ ਵਿੱਚ ਪੈਟ੍ਰੋਲ ਖਰੀਦਿਆ। ਉਸ ਨੇ ਇਸਨੂੰ ਆਪਣੇ ਘਰ ਵਿੱਚ ਲੁਕਾ ਦਿੱਤਾ।"

ਪੁਲਿਸ ਜਾਂਚ ਦੌਰਾਨ ਮੁਲਜ਼ਮ ਲਲਿਤਾ ਨੇ ਕਿਹਾ, "ਮੈਂ ਬੱਚਿਆਂ ਨੂੰ ਆਪਣੀ ਦਾਦੀ ਨਾਲ 'ਚੋਰ-ਸਿਪਾਹੀ' ਵਾਲਾ ਖੇਡ ਖੇਡਣ ਲਈ ਕਿਹਾ। ਉਹ ਖੇਡ ਰਹੇ ਸਨ। ਖੇਡ ਦੇ ਹਿੱਸੇ ਵਜੋਂ, ਮੈਂ ਆਪਣੇ ਬੱਚਿਆਂ ਨੂੰ ਕਿਹਾ ਕਿ ਉਹ ਉਸ ਦੀਆਂ ਅੱਖਾਂ 'ਤੇ ਪੱਟੀ ਬੰਨ੍ਹਣ ਅਤੇ ਉਸ ਦੇ ਹੱਥ-ਪੈਰ ਕੁਰਸੀ ਨਾਲ ਬੰਨ੍ਹ ਦੇਣ। ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਖੇਡ ਦਾ ਹਿੱਸਾ ਸੀ।"

ਲਲਿਤਾ ਨੇ ਫਿਰ ਆਪਣੀ ਯੋਜਨਾ ਅਨੁਸਾਰ ਆਪਣੀ ਸੱਸ ਨੂੰ ਅੱਗ ਲਗਾ ਦਿੱਤੀ। ਪੁਲਿਸ ਨੇ ਕਿਹਾ ਕਿ ਉਸ ਨੇ ਫਿਰ ਇਸ ਨੂੰ ਇੱਕ ਹਾਦਸੇ ਵਰਗਾ ਬਣਾਉਣ ਦੀ ਕੋਸ਼ਿਸ਼ ਕੀਤੀ।

ਪੁਲਿਸ ਮੁਤਾਬਕ, "ਉਸ ਨੇ ਟੈਲੀਵਿਜ਼ਨ 'ਤੇ ਆਵਾਜ਼ ਵਧਾ ਦਿੱਤੀ ਤਾਂ ਜੋ ਕੋਈ ਉਸ ਦੀ ਸੱਸ ਦੀ ਚੀਕ ਨਾ ਸੁਣ ਸਕੇ। ਫਿਰ ਉਹ ਚੀਕੀ ਜਿਵੇਂ ਗੁਆਂਢੀਆਂ ਨੂੰ ਬੁਲਾ ਰਹੀ ਹੋਵੇ, 'ਮੇਰੀ ਸੱਸ ਜ਼ਿੰਦਾ ਸੜ ਰਹੀ ਹੈ। 'ਕ੍ਰਿਪਾ ਕਰਕੇ ਉਸ ਨੂੰ ਬਚਾਓ'।"

ਪਰ, ਅੰਤ ਵਿੱਚ ਪੁਲਿਸ ਵਿਭਾਗ ਵੀ ਹੈਰਾਨ ਰਹਿ ਗਿਆ ਜਦੋਂ ਉਨ੍ਹਾਂ ਨੂੰ ਲਲਿਤਾ ਦੀ ਚੋਰ-ਪੁਲਿਸ ਖੇਡ ਬਾਰੇ ਪਤਾ ਲੱਗਾ। ਲਲਿਤਾ ਨੇ ਜਾਂਚ ਦੌਰਾਨ ਦੱਸਿਆ ਕਿ ਉਸ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਇਸੇ ਲਈ ਉਸ ਨੇ ਆਪਣੀ ਸੱਸ ਨੂੰ ਮਾਰ ਦਿੱਤਾ।

ਪੱਛਮੀ ਜ਼ੋਨ ਦੇ ਏਸੀਪੀ ਨੇ ਕਿਹਾ ਕਿ ਪੁਲਿਸ ਨੇ ਜਯੰਤੀ ਲਲਿਤਾ ਨੂੰ ਉਸ ਦੇ ਪਤੀ ਦੁਆਰਾ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਹੈ।

ਘਰ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਘਰ ਦਾ ਦ੍ਰਿਸ਼ ਜਿੱਥੇ ਘਟਨਾ ਵਾਪਰੀ ਸੀ

'ਬੇਹੱਦ ਤੇਜ਼ ਭਾਵਨਾਵਾਂ ਕਾਰਨ ਹਨ'

ਇਸ ਘਟਨਾ ਬਾਰੇ ਬੀਬੀਸੀ ਨਾਲ ਗੱਲ ਕਰਦੇ ਹੋਏ ਵਿਸ਼ਾਖਾਪਟਨਮ ਤੋਂ ਇੱਕ ਮਨੋਵਿਗਿਆਨੀ ਅਤੇ ਮਨੋਵਿਗਿਆਨੀ-ਕਾਨੂੰਨੀ ਸਲਾਹਕਾਰ, ਡਾ. ਪੂਜਿਤਾ ਜੋਸਯੁਲਾ ਨੇ ਬੀਬੀਸੀ ਨੂੰ ਦੱਸਿਆ, "ਬੇਹੱਦ ਤੇਜ਼ ਭਾਵਨਾਵਾਂ ਹੀ ਕਾਰਨ ਹਨ ਕਿ ਇੱਕ ਵਿਅਕਤੀ ਕਤਲ ਕਰਨ ਦੀ ਹੱਦ ਤੱਕ ਚਲਿਆ ਜਾਂਦਾ ਹੈ।"

"ਕੁਝ ਪਰਿਵਾਰਕ ਪ੍ਰਣਾਲੀਆਂ ਵਿੱਚ ਸਖ਼ਤ ਸਮਾਜਿਕ ਅਤੇ ਸੱਭਿਆਚਾਰਕ ਨਿਯਮ ਇੱਕ ਵਿਅਕਤੀ ਦੀਆਂ ਭਾਵਨਾਵਾਂ ਨੂੰ ਦਬਾ ਦਿੰਦੇ ਹਨ। ਇਸ ਦੇ ਨਤੀਜੇ ਖ਼ਤਰਨਾਕ ਨਿਕਲਦੇ ਹਨ।"

ਪੂਜਿਤਾ ਨੇ ਦੱਸਿਆ, "ਕੁਝ ਲੋਕਾਂ ਵਿੱਚ ਟਾਈਪ-ਬੀ ਅਤੇ ਟਾਈਪ-ਸੀ ਸ਼ਖਸੀਅਤ ਦੇ ਮੁੱਦੇ ਹੋ ਸਕਦੇ ਹਨ। ਉਹ ਬਹੁਤ ਭਾਵੁਕ ਹੁੰਦੇ ਹਨ ਅਤੇ ਅਣਪਛਾਤੇ ਢੰਗ ਨਾਲ ਪ੍ਰਤੀਕਿਰਿਆ ਕਰਦੇ ਹਨ। ਉਹ ਆਪਣੇ ਬਾਰੇ ਬਹੁਤ ਜ਼ਿਆਦਾ ਸੋਚਦੇ ਹਨ।"

"ਉਹ ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦੇ। ਭਾਵਨਾਤਮਕ ਉਤਰਾਅ-ਚੜ੍ਹਾਅ ਉੱਚੇ ਹੁੰਦੇ ਹਨ ਅਤੇ 'ਸਵੈ-ਕੇਂਦਰਿਤਤਾ', ਸ਼ੱਕ ਤੇ ਭਾਵਨਾਵਾਂ ਦਾ ਬਹੁਤ ਜ਼ਿਆਦਾ ਪ੍ਰਗਟਾਵਾ ਹੁੰਦਾ ਹੈ। ਅਜਿਹੀਆਂ ਸਥਿਤੀਆਂ ਵਿੱਚ ਲੋਕ ਆਪਣੇ ਸਾਹਮਣੇ ਆਉਣ ਵਾਲੇ ਭਾਵਨਾਤਮਕ ਤਣਾਅ ਨੂੰ ਕਾਬੂ ਕਰਨ ਵਿੱਚ ਅਸਮਰੱਥ ਹੁੰਦੇ ਹਨ ਅਤੇ ਜੋਖ਼ਮ ਭਰੇ ਕੰਮਾਂ ਦਾ ਸਹਾਰਾ ਲੈਂਦੇ ਹਨ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)