ਉਹ ਪਿੰਡ ਜਿੱਥੇ ਸੈਂਕੜੇ ਮਰਦਾਂ ਦਾ ਕਤਲ ਉਨ੍ਹਾਂ ਦੀਆਂ ਪਤਨੀਆਂ ਨੇ ਕੀਤਾ, ਕਤਲ ਦੇ ਇਰਾਦੇ ਬਾਰੇ ਅੱਜ ਵੀ ਰਹੱਸ ਕਾਇਮ ਹੈ

ਔਰਤਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੁਰੂ ਵਿੱਚ, 20 ਔਰਤਾਂ 'ਤੇ ਆਪਣੇ ਪਤੀਆਂ ਨੂੰ ਜ਼ਹਿਰ ਦੇਣ ਦੇ ਦੋਸ਼ ਵਿੱਚ ਮੁਕੱਦਮਾ ਚਲਾਇਆ ਗਿਆ (ਫਾਈਲ ਫੋਟੋ)

14 ਦਸੰਬਰ 1929 ਨੂੰ ਅਮਰੀਕੀ ਅਖ਼ਬਾਰ 'ਦ ਨਿਊਯਾਰਕ ਟਾਈਮਜ਼' ਵਿੱਚ ਇੱਕ ਖ਼ਬਰ ਪ੍ਰਕਾਸ਼ਿਤ ਹੋਈ ਜਿਸ ਨੇ ਨਾ ਸਿਰਫ਼ ਅਮਰੀਕਾ ਵਿੱਚ ਸਗੋਂ ਯੂਰਪ ਦੇ ਦੇਸ਼ ਹੰਗਰੀ ਵਿੱਚ ਵੀ ਲੋਕਾਂ ਨੂੰ ਹੈਰਾਨ ਕਰ ਦਿੱਤਾ।

ਇਸ ਖ਼ਬਰ ਦੇ ਅਨੁਸਾਰ, ਲਗਭਗ 50 ਔਰਤਾਂ ਵਿਰੁੱਧ ਇੱਕ ਕੇਸ ਸ਼ੁਰੂ ਕੀਤਾ ਗਿਆ ਸੀ।

ਇਨ੍ਹਾਂ ਸਾਰਿਆਂ 'ਤੇ ਇਲਜ਼ਾਮ ਸੀ ਕਿ ਉਨ੍ਹਾਂ ਯੂਰਪੀ ਦੇਸ਼ ਦੇ ਇੱਕ ਪਿੰਡ ਵਿੱਚ ਰਹਿਣ ਵਾਲੇ ਜ਼ਿਆਦਾਤਰ ਮਰਦਾਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਹੈ।

ਹਾਲਾਂਕਿ ਇਹ ਰਿਪੋਰਟ ਛੋਟੀ ਸੀ, ਇਸ ਵਿੱਚ ਬਹੁਤ ਸਾਰੀ ਜਾਣਕਾਰੀ ਸੀ।

ਇਹ ਦੱਸਿਆ ਗਿਆ ਸੀ ਕਿ 1911 ਅਤੇ 1929 ਦੇ ਵਿਚਕਾਰ, ਹੰਗਰੀ ਦੀ ਰਾਜਧਾਨੀ ਬੁਡਾਪੇਸਟ ਤੋਂ ਲਗਭਗ 130 ਕਿਲੋਮੀਟਰ ਦੱਖਣ ਵਿੱਚ ਨਾਗਿਰਾਵ ਨਾਮ ਦੇ ਇੱਕ ਇਲਾਕੇ ਦੀਆਂ ਕਈ ਔਰਤਾਂ ਨੇ 50 ਤੋਂ ਵੱਧ ਮਰਦਾਂ ਨੂੰ ਜ਼ਹਿਰ ਦੇ ਦਿੱਤਾ ਸੀ।

ਇਨ੍ਹਾਂ ਔਰਤਾਂ ਨੂੰ 'ਫਰਿਸ਼ਤਾ ਬਣਾਉਣ ਵਾਲੀਆਂ' ਕਿਹਾ ਜਾਂਦਾ ਸੀ ਅਤੇ ਉਨ੍ਹਾਂ ਨੇ ਜ਼ਹਿਰ ਵਿੱਚ ਮਿਲਾਏ ਗਏ ਆਰਸੈਨਿਕ ਦੇ ਘੋਲ ਨਾਲ ਮਰਦਾਂ ਨੂੰ ਮਾਰ ਦਿੱਤਾ ਸੀ।

ਕਈ ਸਾਲਾਂ ਬਾਅਦ ਜਾਂਚ ਸ਼ੁਰੂ ਹੋਈ

ਆਸਟ੍ਰੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਔਰਤਾਂ ਨੇ ਪਿੰਡ ਦੀਆਂ ਦਾਈਆਂ ਤੋਂ ਜ਼ਹਿਰਾਂ ਬਾਰੇ ਸਲਾਹ ਮੰਗੀ (ਫਾਈਲ ਫੋਟੋ)

ਕੁਝ ਲੋਕਾਂ ਨੇ ਇਸ ਨੂੰ ਆਧੁਨਿਕ ਇਤਿਹਾਸ ਵਿੱਚ ਔਰਤਾਂ ਦੁਆਰਾ ਮਰਦਾਂ ਦਾ ਸਭ ਤੋਂ ਵੱਡਾ ਸਮੂਹਿਕ ਕਤਲ ਕਿਹਾ ਹੈ।

ਬਾਅਦ ਵਿੱਚ ਔਰਤਾਂ ਦੇ ਮੁਕੱਦਮੇ ਦੌਰਾਨ ਇੱਕ ਨਾਮ ਵਾਰ-ਵਾਰ ਸਾਹਮਣੇ ਆਉਂਦਾ ਰਿਹਾ। ਉਹ ਨਾਮ ਜ਼ੋਜ਼ਸਾਨਾ ਫਾਜ਼ਕਾਸ ਸੀ। ਉਹ ਇਸ ਪਿੰਡ ਦੀ ਦਾਈ ਸੀ।

ਉਸ ਸਮੇਂ, ਇਹ ਪਿੰਡ ਆਸਟ੍ਰੋ-ਹੰਗਰੀ ਸਾਮਰਾਜ ਦੇ ਅਧੀਨ ਸੀ ਅਤੇ ਉੱਥੇ ਕੋਈ ਸਥਾਨਕ ਡਾਕਟਰ ਨਹੀਂ ਸੀ। ਦਾਈ ਲੋਕਾਂ ਨੂੰ ਦਵਾਈਆਂ ਆਦਿ ਦਿੰਦੀ ਸੀ।

2004 ਵਿੱਚ ਬੀਬੀਸੀ ਰੇਡੀਓ ਦੇ ਇੱਕ ਦਸਤਾਵੇਜ਼ੀ ਪ੍ਰੋਗਰਾਮ ਵਿੱਚ ਪਿੰਡ ਵਿੱਚ ਰਹਿਣ ਵਾਲੀ ਮਾਰੀਆ ਗੁਨਿਆ ਨੇ ਕਿਹਾ ਕਿ ਫਾਜ਼ਕਾਸ ਨੂੰ ਜ਼ਹਿਰ ਦੇਣ ਦੇ ਮੁੱਖ ਮੁਲਜ਼ਮ ਵਜੋਂ ਪੇਸ਼ ਕੀਤਾ ਗਿਆ ਸੀ ਕਿਉਂਕਿ ਪਿੰਡ ਦੀਆਂ ਔਰਤਾਂ ਉਸ ਨਾਲ ਆਪਣੀਆਂ ਨਿੱਜੀ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਗੱਲ ਕਰਦੀਆਂ ਸਨ।

ਗੁਨਿਆ ਨੇ ਕਿਹਾ ਕਿ ਫਾਜ਼ਕਾਸ ਨੇ ਉਨ੍ਹਾਂ ਔਰਤਾਂ ਨੂੰ ਸਮਝਾਇਆ ਕਿ ਜੇਕਰ ਉਨ੍ਹਾਂ ਨੂੰ ਆਪਣੇ ਪਤੀਆਂ ਜਾਂ ਮਰਦਾਂ ਨਾਲ ਕੋਈ ਸਮੱਸਿਆ ਹੈ ਤਾਂ ਉਹ ਉਨ੍ਹਾਂ ਨੂੰ ਇੱਕ ਆਸਾਨ ਹੱਲ ਦੇ ਸਕਦੀ ਹੈ।

ਹਾਲਾਂਕਿ ਫਾਜ਼ਕਾਸ 'ਤੇ ਸਮੂਹਿਕ ਕਤਲ ਦਾ ਇਲਜ਼ਾਮ ਲਗਾਇਆ ਗਿਆ ਸੀ, ਪਰ ਮੁਕੱਦਮੇ ਦੇ ਦਸਤਾਵੇਜ਼ਾਂ ਵਿੱਚ ਪਿੰਡ ਦੀਆਂ ਔਰਤਾਂ ਦੀਆਂ ਗਵਾਹੀਆਂ ਨੇ ਮਰਦਾਂ ਦੁਆਰਾ ਦੁਰਵਿਵਹਾਰ, ਬਲਾਤਕਾਰ ਅਤੇ ਹਿੰਸਾ ਦੀਆਂ ਭਿਆਨਕ ਕਹਾਣੀਆਂ ਦਾ ਖੁਲਾਸਾ ਕੀਤਾ।

ਪਰ ਕਹਾਣੀ ਨੂੰ ਕਈ ਸਾਲਾਂ ਤੱਕ ਦਬਾ ਦਿੱਤਾ ਗਿਆ। ਪੁਲਿਸ ਰਿਪੋਰਟਾਂ ਦੇ ਅਨੁਸਾਰ, ਸ਼ੁਰੂਆਤੀ ਕਤਲ 1911 ਵਿੱਚ ਹੋਏ ਸਨ ਪਰ ਜਾਂਚ 1929 ਤੱਕ ਸ਼ੁਰੂ ਨਹੀਂ ਹੋਈ ਸੀ।

ਕਤਲਾਂ ਦਾ ਖੁਲਾਸਾ ਕਿਵੇਂ ਹੋਇਆ?

ਸ਼ੁਰੂਆਤੀ ਘਟਨਾਵਾਂ

ਆਸਟ੍ਰੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਘਟਨਾਵਾਂ ਆਸਟ੍ਰੋ-ਹੰਗਰੀ ਸਾਮਰਾਜ ਦੇ ਪਤਨ ਦੌਰਾਨ ਵਾਪਰੀਆਂ

ਫਾਜ਼ਕਾਸ 1911 ਵਿੱਚ ਨਾਗੀਰੇਵ ਪਿੰਡ ਪਹੁੰਚੀ।

ਗੁਨਿਆ ਅਤੇ ਮੁਕੱਦਮੇ ਵਿੱਚ ਹੋਰ ਗਵਾਹਾਂ ਦੇ ਅਨੁਸਾਰ, ਉਹ ਦੋ ਕਾਰਨਾਂ ਕਰ ਕੇ ਸਭ ਦੀ ਨਜ਼ਰ ਵਿੱਚ ਆਈ। ਪਹਿਲਾ, ਉਹ ਇੱਕ ਦਾਈ ਸੀ ਅਤੇ ਦਵਾਈ ਵੀ ਜਾਣਦੀ ਸੀ। ਉਸ ਦੇ ਕੁਝ ਨੁਸਖ਼ਿਆਂ ਵਿੱਚ ਰਸਾਇਣ ਸਨ, ਜੋ ਕਿ ਇਲਾਕੇ ਵਿੱਚ ਆਮ ਨਹੀਂ ਸਨ।

ਦੂਜਾ, ਉਸ ਦੇ ਪਤੀ ਨੂੰ ਪਤਾ ਨਹੀਂ ਸੀ।

ਗੁਨਿਆ ਦੇ ਅਨੁਸਾਰ, "ਨਾਗੀਰਾਵ ਵਿੱਚ ਨਾ ਤਾਂ ਕੋਈ ਪੁਜਾਰੀ ਸੀ ਅਤੇ ਨਾ ਹੀ ਕੋਈ ਡਾਕਟਰ। ਇਸ ਲਈ ਉਸ ਦੇ ਗਿਆਨ ਨੇ ਲੋਕਾਂ ਨੂੰ ਆਕਰਸ਼ਿਤ ਕੀਤਾ ਅਤੇ ਉਹ ਉਸ 'ਤੇ ਭਰੋਸਾ ਕਰਨ ਲੱਗ ਪਏ।"

ਉਨ੍ਹਾਂ ਨੇ ਕਿਹਾ ਕਿ ਔਰਤਾਂ ਦੇ ਘਰਾਂ ਵਿੱਚ ਕਈ ਗੱਲਾਂ ਦੀ ਗਵਾਹ ਬਣੀ, ਜਿਵੇਂ ਕਿ ਮਰਦ ਆਪਣੀਆਂ ਪਤਨੀਆਂ ਨੂੰ ਕੁੱਟਦੇ, ਬਲਾਤਕਾਰ ਕਰਦੇ ਅਤੇ ਧੋਖਾ ਦਿੰਦੇ।

ਇਸ ਲਈ ਫਾਜ਼ਕਾਸ ਨੇ ਕੁਝ ਅਜਿਹਾ ਕਰਨਾ ਸ਼ੁਰੂ ਕਰ ਦਿੱਤਾ ਜੋ ਉਸ ਸਮੇਂ ਵਰਜਿਤ ਸੀ, ਯਾਨੀ ਕਿ ਉਸ ਨੇ ਗਰਭਪਾਤ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਉਸ ਨੂੰ ਅਦਾਲਤ ਵਿੱਚ ਵੀ ਪੇਸ਼ ਕੀਤਾ ਗਿਆ, ਪਰ ਉਸ ਨੂੰ ਕਦੇ ਸਜ਼ਾ ਨਹੀਂ ਦਿੱਤੀ ਗਈ।

ਗੁਣਿਆ ਕਹਿੰਦੀ ਹੈ ਕਿ ਅਸਲ ਸਮੱਸਿਆ ਇਹ ਸੀ ਕਿ ਵਿਆਹ ਜ਼ਿਆਦਾਤਰ ਪਰਿਵਾਰ ਦੀ ਮਰਜ਼ੀ ਨਾਲ ਕੀਤੇ ਜਾਂਦੇ ਸਨ ਅਤੇ ਬਹੁਤ ਸਾਰੀਆਂ ਜਵਾਨ ਕੁੜੀਆਂ ਦਾ ਵਿਆਹ ਉਨ੍ਹਾਂ ਤੋਂ ਬਹੁਤ ਵੱਡੇ ਮਰਦਾਂ ਨਾਲ ਕੀਤਾ ਜਾਂਦਾ ਸੀ।

ਔਰਤਾਂ
ਇਹ ਵੀ ਪੜ੍ਹੋ-

ਗੁਨਿਆ ਨੇ ਕਿਹਾ ਕਿ ਉਸ ਸਮੇਂ ਤਲਾਕ ਅਸੰਭਵ ਸੀ। ਤੁਸੀਂ ਵੱਖ ਨਹੀਂ ਰਹਿ ਸਕਦੇ ਸੀ, ਭਾਵੇਂ ਤੁਹਾਡਾ ਕਿੰਨਾ ਵੀ ਜ਼ੁਲਮ ਜਾਂ ਸ਼ੋਸ਼ਣ ਕੀਤਾ ਗਿਆ ਹੋਵੇ।

ਪਰ ਉਸ ਜ਼ਮਾਨੇ ਦੀਆਂ ਰਿਪੋਰਟਾਂ ਇਹ ਵੀ ਦੱਸਦੀਆਂ ਹਨ ਕਿ ਪ੍ਰਬੰਧਿਤ (ਅਰੈਂਜਡ) ਵਿਆਹ ਇੱਕ ਤਰ੍ਹਾਂ ਦੇ ਸਮਝੌਤੇ ਨਾਲ ਆਉਂਦੇ ਸਨ, ਜਿਸ ਵਿੱਚ ਜ਼ਮੀਨ, ਵਿਰਾਸਤ ਅਤੇ ਕਾਨੂੰਨੀ ਜ਼ਿੰਮੇਵਾਰੀਆਂ ਸ਼ਾਮਲ ਸਨ।

ਗੁਨਿਆ ਨੇ ਬੀਬੀਸੀ ਨੂੰ ਦੱਸਿਆ ਕਿ ਫਾਜ਼ਕਾਸ ਨੇ ਔਰਤਾਂ ਨੂੰ ਭਰੋਸਾ ਦਿਵਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦੀ ਹੈ।

ਇੱਕ ਆਦਮੀ ਨੂੰ ਜ਼ਹਿਰ ਦੇਣ ਦੀ ਪਹਿਲੀ ਘਟਨਾ ਉਸ ਦੇ ਆਉਣ ਨਾਲ ਹੀ 1911 ਵਿੱਚ ਵਾਪਰੀ ਸੀ। ਅਗਲੇ ਸਾਲਾਂ ਵਿੱਚ ਪਹਿਲੇ ਵਿਸ਼ਵ ਯੁੱਧ ਦੌਰਾਨ ਅਤੇ ਆਸਟ੍ਰੋ-ਹੰਗਰੀ ਸਾਮਰਾਜ ਦੇ ਢਹਿ ਜਾਣ ਨਾਲ ਅਜਿਹੀਆਂ ਘਟਨਾਵਾਂ ਵਧੀਆਂ ਅਤੇ ਹੋਰ ਮਰਦਾਂ ਦਾ ਕਤਲ ਹੋਣਾ ਸ਼ੁਰੂ ਹੋ ਗਿਆ।

ਇਸ ਤਰ੍ਹਾਂ, 18 ਸਾਲਾਂ ਵਿੱਚ 45 ਤੋਂ 50 ਆਦਮੀਆਂ ਦੀ ਮੌਤ ਹੋ ਗਈ। ਇਹ ਮ੍ਰਿਤਕ ਕਿਸੇ ਦੇ ਪਤੀ ਸਨ ਅਤੇ ਕਿਸੇ ਦੇ ਪਿਤਾ। ਉਨ੍ਹਾਂ ਸਾਰਿਆਂ ਨੂੰ ਪਿੰਡ ਦੇ ਕਬਰਿਸਤਾਨ ਵਿੱਚ ਦਫ਼ਨਾਇਆ ਗਿਆ।

ਬਹੁਤ ਸਾਰੇ ਲੋਕਾਂ ਨੇ ਨਾਗੀਰਾਵ ਨੂੰ 'ਕਾਤਲਾਂ ਦਾ ਸ਼ਹਿਰ' ਕਹਿਣਾ ਸ਼ੁਰੂ ਕਰ ਦਿੱਤਾ।

ਪੁਲਿਸ ਨੇ ਇਨ੍ਹਾਂ ਗੱਲਾਂ ਦਾ ਨੋਟਿਸ ਲਿਆ ਅਤੇ 1929 ਦੇ ਸ਼ੁਰੂ ਵਿੱਚ ਲਾਸ਼ਾਂ ਨੂੰ ਕਬਰਾਂ ਵਿੱਚੋਂ ਕੱਢਿਆ ਗਿਆ ਤਾਂ ਜੋ ਉਨ੍ਹਾਂ ਦੀ ਜਾਂਚ ਕੀਤੀ ਜਾ ਸਕੇ। ਉਨ੍ਹਾਂ ਲਾਸ਼ਾਂ ਵਿੱਚ ਸਿਰਫ਼ ਇੱਕ ਹੀ ਸਬੂਤ ਮਿਲਿਆ - 'ਆਰਸੈਨਿਕ'।

ਔਰਤਾਂ ʼਤੇ ਮੁਕੱਦਮਾ

ਆਸਟ੍ਰੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਅਨੁਮਾਨਾਂ ਅਨੁਸਾਰ, ਆਰਸੈਨਿਕ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ ਲਗਭਗ 300 ਸੀ (ਫਾਈਲ ਫੋਟੋ)

ਫਾਜ਼ਕਾਸ ਪਿੰਡ ਦੀ ਇੱਕ ਸਧਾਰਨ ਜਿਹੀ ਇੱਕ ਮੰਜ਼ਿਲਾ ਇਮਾਰਤ ਵਿੱਚ ਰਹਿੰਦੀ ਸੀ, ਜਿਸਦਾ ਦਰਵਾਜ਼ਾ ਸੜਕ ਵੱਲ ਖੁੱਲ੍ਹਦਾ ਸੀ। ਇਸ ਘਰ ਵਿੱਚ ਉਸ ਨੇ ਬਹੁਤ ਸਾਰੇ ਜ਼ਹਿਰੀਲੇ ਘੋਲ ਤਿਆਰ ਕੀਤੇ ਜਿਨ੍ਹਾਂ ਦੀ ਵਰਤੋਂ ਉਨ੍ਹਾਂ ਲੋਕਾਂ ਨੂੰ ਮਾਰਨ ਲਈ ਕੀਤੀ ਜਾਂਦੀ ਸੀ।

ਅੰਤ ਵਿੱਚ 19 ਜੁਲਾਈ 1929 ਨੂੰ, ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਆਈ।

ਜਦੋਂ ਉਸ ਨੇ ਪੁਲਿਸ ਵਾਲਿਆਂ ਨੂੰ ਨੇੜੇ ਆਉਂਦੇ ਦੇਖਿਆ, ਤਾਂ ਉਹ ਸਮਝ ਗਈ ਕਿ ਉਸ ਦਾ ਖੇਡ ਖ਼ਤਮ ਹੋ ਗਿਆ ਹੈ। ਜਦੋਂ ਤੱਕ ਪੁਲਿਸ ਵਾਲੇ ਉਸ ਦੇ ਘਰ ਪਹੁੰਚੇ, ਉਹ ਖ਼ੁਦ ਮਰ ਚੁੱਕੀ ਸੀ। ਉਨ੍ਹਾਂ ਨੇ ਆਪਣੇ ਆਪ ਤਿਆਰ ਕੀਤਾ ਜ਼ਹਿਰ ਪੀ ਲਿਆ ਸੀ।

ਪਰ ਇਹ ਦਾਈ ਇਕੱਲੀ ਮੁਜਰਿਮ ਨਹੀਂ ਸੀ।

ਜਦੋਂ ਹੋਰ ਔਰਤਾਂ ਬਾਰੇ ਵੀ ਜਾਣਕਾਰੀ ਮਿਲੀ ਤਾਂ 1929 ਵਿੱਚ ਨੇੜਲੇ ਕਸਬੇ ਸੋਜ਼ਨੋਕ ਵਿੱਚ 26 ਔਰਤਾਂ ਵਿਰੁੱਧ ਕੇਸ ਦਰਜ ਕੀਤਾ ਗਿਆ।

ਉਨ੍ਹਾਂ ਵਿੱਚੋਂ ਅੱਠ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਅਤੇ ਬਾਕੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਉਨ੍ਹਾਂ ਵਿੱਚੋਂ ਸੱਤ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਕਿਉਂਕਿ ਬਹੁਤ ਘੱਟ ਔਰਤਾਂ ਨੇ ਆਪਣਾ ਅਪਰਾਧ ਕਬੂਲ ਕੀਤਾ, ਇਸ ਲਈ ਇਹ ਬਿਲਕੁਲ ਨਹੀਂ ਪਤਾ ਲੱਗ ਸਕਿਆ ਕਿ ਉਨ੍ਹਾਂ ਦਾ ਇਰਾਦਾ ਕੀ ਸੀ।

ਇਸ ਸ਼ਹਿਰ ਦੇ ਪੁਰਾਲੇਖ ਦੇ ਇਤਿਹਾਸਕਾਰ ਡਾ. ਗੀਜ਼ਾ ਚੇਖ਼ ਨੇ ਅਦਾਲਤੀ ਰਿਕਾਰਡਾਂ ਦੇ ਆਧਾਰ 'ਤੇ ਬੀਬੀਸੀ ਨੂੰ ਦੱਸਿਆ ਕਿ ਅੱਜ ਵੀ ਬਹੁਤ ਸਾਰੇ ਸਵਾਲਾਂ ਦੇ ਜਵਾਬ ਨਹੀਂ ਮਿਲੇ ਹਨ।

ਗੀਜ਼ਾ ਚੇਖ਼ ਨੇ ਕਿਹਾ ਕਿ ਉਨ੍ਹਾਂ ਔਰਤਾਂ ਦੇ ਕਤਲਾਂ ਦੇ ਕਾਰਨਾਂ ਬਾਰੇ ਬਹੁਤ ਸਾਰੇ ਵਿਚਾਰ ਹਨ, ਜਿਵੇਂ ਕਿ ਗਰੀਬੀ, ਲਾਲਚ ਅਤੇ ਬੋਰੀਅਤ।

ਉਨ੍ਹਾਂ ਨੇ ਦੱਸਿਆ ਕਿ ਕੁਝ ਰਿਪੋਰਟਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਬਹੁਤ ਸਾਰੀਆਂ ਔਰਤਾਂ ਦੇ ਰੂਸੀ ਜੰਗੀ ਕੈਦੀਆਂ ਨਾਲ ਸਬੰਧ ਸਨ ਜਿਨ੍ਹਾਂ ਤੋਂ ਖੇਤ ਮਜ਼ਦੂਰਾਂ ਵਜੋਂ ਕੰਮ ਕਰਵਾਇਆ ਜਾਂਦਾ ਸੀ।

ਜਦੋਂ ਉਨ੍ਹਾਂ ਦੇ ਪਤੀ ਵਾਪਸ ਆਏ ਤਾਂ ਔਰਤਾਂ ਨੂੰ ਅਚਾਨਕ ਆਜ਼ਾਦੀ ਖੁਸਣ ਦਾ ਅਹਿਸਾਸ ਹੋਇਆ ਅਤੇ ਇਸ ਲਈ ਉਨ੍ਹਾਂ ਨੇ ਅਜਿਹਾ ਕੀਤਾ।

1950 ਦੇ ਦਹਾਕੇ ਵਿੱਚ ਇਤਿਹਾਸਕਾਰ ਫੇਰੇਂਕ ਗੇਰੋਗੇਵ ਕਮਿਊਨਿਸਟ ਸ਼ਾਸਨ ਦੇ ਤਹਿਤ ਆਪਣੀ ਕੈਦ ਦੌਰਾਨ ਪਿੰਡ ਦੇ ਇੱਕ ਬਜ਼ੁਰਗ ਆਦਮੀ ਨੂੰ ਮਿਲਿਆ।

ਬਜ਼ੁਰਗ ਕਿਸਾਨ ਨੇ ਦਾਅਵਾ ਕੀਤਾ ਕਿ ਨਾਗੀਵਾਰ ਦੀਆਂ ਔਰਤਾਂ ਪ੍ਰਾਚੀਨ ਸਮੇਂ ਤੋਂ ਹੀ ਆਪਣੇ ਮਰਦਾਂ ਨੂੰ ਮਾਰ ਰਹੀਆਂ ਸਨ।

ਨੇੜਲੇ ਕਸਬੇ ਤਿਸਜ਼ਾਕੁਰਤ ਵਿੱਚ ਕੁਝ ਲਾਸ਼ਾਂ ਨੂੰ ਕਬਰਾਂ ਵਿੱਚੋਂ ਕੱਢਿਆ ਗਿਆ ਸੀ ਅਤੇ ਉਨ੍ਹਾਂ ਵਿੱਚ ਆਰਸੈਨਿਕ ਪਾਇਆ ਗਿਆ ਸੀ। ਪਰ ਉਨ੍ਹਾਂ ਮੌਤਾਂ ਲਈ ਕਿਸੇ ਨੂੰ ਵੀ ਸਜ਼ਾ ਨਹੀਂ ਦਿੱਤੀ ਗਈ। ਕੁਝ ਅਨੁਮਾਨਾਂ ਅਨੁਸਾਰ, ਖੇਤਰ ਵਿੱਚ ਆਰਸੈਨਿਕ ਨਾਲ ਮਰਨ ਵਾਲੇ ਲੋਕਾਂ ਦੀ ਕੁੱਲ ਗਿਣਤੀ 300 ਤੱਕ ਪਹੁੰਚ ਗਈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)