ਗੁਰੂ ਗ੍ਰੰਥ ਸਾਹਿਬ ਦੇ 328 ਪਵਿੱਤਰ ਸਰੂਪਾਂ ਦੇ ਕਥਿਤ ਤੌਰ 'ਤੇ ਲਾਪਤਾ ਹੋਣ ਦੇ ਮਾਮਲੇ 'ਚ ਗ੍ਰਿਫ਼ਤਾਰ ਹੋਇਆ ਵਿਅਕਤੀ ਕੌਣ ਹੈ

ਤਸਵੀਰ ਸਰੋਤ, Hindustan Times via Getty Images
ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਕਥਿਤ ਤੌਰ 'ਤੇ ਲਾਪਤਾ ਹੋਣ ਦੇ ਮਾਮਲੇ 'ਚ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਆਡੀਟਰ ਰਹੇ ਹਨ।
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ, ਬੀਤੀ ਰਾਤ ਕੋਹਲੀ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਇਹ ਪੇਸ਼ੀ ਸਖ਼ਤ ਸੁਰੱਖਿਆ ਪਹਿਰੇ ਹੇਠ ਹੋਈ।
ਫਿਲਹਾਲ ਮੁਲਜ਼ਮ ਨੂੰ 6 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
ਇਸ ਮਾਮਲੇ ਵਿੱਚ ਦਰਜ ਐੱਫਆਈਆਰ ਮੁਤਾਬਕ ਸ਼੍ਰੀ ਗੁਰੂ ਗ੍ਰੰਥ ਜੀ ਦੇ 328 ਪਾਵਨ ਸਰੂਪ ਲਾਪਤਾ ਕਰਨ ,ਪਾਵਨ ਅੰਗ ਅਨਅਧਿਕਾਰਿਤ ਛਾਪਣ ,ਲਾਪਤਾ ਕਰਨ ਅਤੇ ਅੰਗਾ ਨੂੰ ਰੋਲਣ ਦੇ ਇਲਜ਼ਾਮ ਲਗਾਉਂਦੇ ਹੋਏ ਸਤਿੰਦਰ ਕੋਹਲੀ ਸਣੇ 16 ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪੂਰੀ ਕਾਰਵਾਈ 'ਤੇ ਸਵਾਲ ਚੁੱਕੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸਰਕਾਰ ਦੋਹਰੀ ਨੀਤੀ ਅਪਣਾ ਰਹੀ ਹੈ ਅਤੇ ਸਿਖਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ।
ਦੂਜੇ ਪਾਸੇ, ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਹੈ ਕਿ ਇਹ ਸਾਰੀ ਕਾਰਵਾਈ ਹਾਈ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਹੋਈ ਜਾਂਚ ਅਨੁਸਾਰ ਹੀ ਕੀਤੀ ਗਈ ਹੈ।
ਕੌਣ ਹਨ ਸਤਿੰਦਰ ਸਿੰਘ ਕੋਹਲੀ

ਤਸਵੀਰ ਸਰੋਤ, Satinder Singh Kohli/Linkedin
ਸਤਿੰਦਰ ਸਿੰਘ ਕੋਹਲੀ ਦੇ ਲਿੰਕਡਇਨ ਪ੍ਰੋਫ਼ਾਈਲ ਮੁਤਾਬਕ, ਉਹ ਐਸ ਐਸ ਕੋਹਲੀ ਐਂਡ ਐਸੋਸੀਏਟਸ ਦੇ ਮੈਨੇਜਿੰਗ ਪਾਰਟਨਰ ਹਨ।
ਪੇਸ਼ੇ ਤੋਂ ਇੱਕ ਚਾਰਟਡ ਅਕਾਊਂਟੈਂਟ ਕੋਹਲੀ, ਕਈ ਸਾਲਾਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਆਡੀਟਰ ਰਹੇ ਹਨ।
ਉਨ੍ਹਾਂ ਕੋਲ ਪੰਜਾਬ ਯੂਨੀਵਰਸਿਟੀ ਤੋਂ ਬਿਜ਼ਨਸ/ਕਾਮਰਸ ਵਿਚ ਬੈਚਲਰ ਡਿਗਰੀ ਹੈ।
ਧਾਮੀ ਨੇ ਚੁੱਕੇ ਸਵਾਲ

ਤਸਵੀਰ ਸਰੋਤ, Getty Images
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਤੇ ਗੰਭੀਰ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਸਰਕਾਰ ਦੋਹਰੀ ਨੀਤੀ ਅਪਣਾ ਰਹੀ ਹੈ ਅਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਇੱਕ ਪਾਸੇ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਜਦਕਿ ਦੂਜੇ ਪਾਸੇ ਇਨ੍ਹਾਂ ਗੰਭੀਰ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਸ਼੍ਰੋਮਣੀ ਕਮੇਟੀ ਦੇ ਅੰਦਰੂਨੀ ਪ੍ਰਬੰਧਕੀ ਮਾਮਲਿਆਂ ਵਿੱਚ ਜਾਣਬੁੱਝ ਕੇ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ।
ਉਨ੍ਹਾਂ ਇਲਜ਼ਾਮ ਲਗਾਇਆ ਕਿ ਭਗਵੰਤ ਮਾਨ ਆਪਣੇ ਸਿਆਸੀ ਮਾਸਟਰ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਅਤੇ ਆਪਣੇ ਮੁੱਖ ਮੰਤਰੀ ਅਹੁਦੇ ਨੂੰ ਬਚਾਉਣ ਲਈ ਅਜਿਹੀ ਸਿਆਸਤ ਕਰ ਰਹੇ ਹਨ।
ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਪੰਜਾਬ ਸਰਕਾਰ ਨੂੰ 328 ਪਵਿੱਤਰ ਸਰੂਪਾਂ ਦੇ ਮੁੱਦੇ ਦਾ ਸਿਆਸੀਕਰਨ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਜੋ ਕਿ ਸ਼੍ਰੋਮਣੀ ਕਮੇਟੀ ਦੁਆਰਾ ਪਹਿਲਾਂ ਹੀ ਹੱਲ ਕੀਤਾ ਜਾ ਚੁੱਕਾ ਹੈ, ਅਤੇ ਭਾਈਚਾਰੇ ਨੂੰ ਇਸ ਮੁੱਦੇ 'ਤੇ ਜ਼ੋਰਦਾਰ ਸੰਘਰਸ਼ ਕਰਨ ਲਈ ਮਜਬੂਰ ਨਹੀਂ ਕਰਨਾ ਚਾਹੀਦਾ।
ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਦਰਜ ਹੋਇਆ ਪਰਚਾ - ਕੁਲਦੀਪ ਸਿੰਘ ਧਾਲੀਵਾਲ

ਤਸਵੀਰ ਸਰੋਤ, AAP
ਆਮ ਆਦਮੀ ਪਾਰਟੀ ਦੇ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਇੱਕ ਵੀਡੀਓ ਬਿਆਨ ਜਾਰੀ ਕਰਦਿਆਂ ਕਿਹਾ ਹੈ ''ਹਾਈ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਜਿਹੜੇ ਬੰਦਿਆਂ ਖ਼ਿਲਾਫ਼ ਪਰਚਾ ਦਰਜ ਹੋਇਆ ਸੀ, ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਸਿੱਟ ਬਣੀ ਜਿਸ ਦੀ ਬਹੁਤ ਵੱਡੀ ਪ੍ਰਾਪਤੀ ਹੈ ਕਿ ਚੰਡੀਗੜ੍ਹ ਦੇ ਇੱਕ ਹੋਟਲ ਵਿੱਚੋਂ ਸਤਿੰਦਰ ਸਿੰਘ ਕੋਹਲੀ - ਜਿਹੜਾ ਕਿ ਚਾਰਟਡ ਅਕਾਊਂਟੈਂਟ ਹੈ ਅਤੇ ਉਸ ਸਮੇਂ ਐਸਜੀਪੀਸੀ ਦਾ ਵੀ ਚਾਰਟਡ ਅਕਾਊਂਟੈਂਟ ਸੀ, ਅਤੇ ਲਾਪਤਾ ਸਰੂਪਾਂ ਦੇ ਮਾਮਲੇ 'ਚ ਮੁੱਖ ਮੁਲਜ਼ਮ ਮੰਨਿਆ ਜਾਂਦਾ ਹੈ - ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।''
328 ਸਰੂਪਾਂ ਦਾ ਮਾਮਲਾ ਕੀ ਹੈ?

ਤਸਵੀਰ ਸਰੋਤ, Getty Images
ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੇ ਗੁੰਮ ਹੋਣ ਦਾ ਮਾਮਲਾ ਸਾਲ 2020 ਵਿੱਚ ਪਹਿਲੀ ਵਾਰ ਲੋਕਾਂ ਸਾਹਮਣੇ ਆਇਆ।
ਹਾਲਾਂਕਿ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ ਉਦੋਂ 267 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਾਪਤਾ (ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ) ਹੋਣ ਦੀ ਗੱਲ ਕੀਤੀ ਗਈ ਸੀ ਪਰ ਬਾਅਦ ਵਿੱਚ ਅਕਾਲ ਤਖ਼ਤ ਵੱਲੋਂ ਬਣਾਈ ਗਈ ਜਾਂਚ ਕਮੇਟੀ ਨੇ ਲਾਪਤਾ (ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ) ਹੋਏ ਸਰੂਪਾਂ ਦੀ ਗਿਣਤੀ 328 ਦੱਸੀ।
26 ਜੂਨ 2020 ਨੂੰ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੀ ਚਾਰ ਮੈਂਬਰੀ ਟੀਮ ਨੇ ਇੱਕ ਪੱਤਰ ਲਿਖ ਕੇ ਅਕਾਲ ਤਖ਼ਤ ਅਤੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ 267 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਲੋਪ ਹੋਣ ਦੀ ਸ਼ਿਕਾਇਤ ਕੀਤੀ।
ਜਿਸ ਵਿੱਚ ਲਿਖਿਆ ਸੀ, "ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਕਾਰਡ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪਾਂ ਦਾ ਘੱਟ ਹੋਣਾ, ਮਈ 2016 ਵਿੱਚ 80 ਦੇ ਕਰੀਬ ਸਰੂਪ ਅਗਨ ਭੇਂਟ ਹੋਏ ਅਤੇ ਪਾਣੀ ਨਾਲ ਗਿੱਲੇ ਹੋਏ ਪਾਵਨ ਸਰੂਪਾਂ ਦੀ ਸਿਆਸੀ ਕਾਰਨਾਂ ਕਰਕੇ ਇਨਕੁਆਰੀ ਨਾ ਕਰਵਾਉਣਾ ਅਤੇ ਗੁਪਤ ਤਰੀਕੇ ਨਾਲ ਇਨ੍ਹਾਂ ਪਾਵਨ ਸਰੂਪਾਂ ਦੇ ਸਸਕਾਰ ਕਰਨਾ ਅਤੇ ਇਸ ਸਬੰਧੀ ਸਬੰਧਤ ਰਿਕਾਰਡ ਅਤੇ ਵੇਰਵੇ ਨਾ ਆਉਣ ਦੇਣਾ ਅਤੇ ਭੁੱਲ/ਗਲਤੀ ਲਈ ਮਰਿਆਦਾ ਅਨੁਸਾਰ ਪਛਚਾਤਾਪ ਨਾ ਕਰਨ ਦੀ ਕਾਰਵਾਈ ਦੀ ਇਨਕੁਆਰੀ ਸੀਨੀਅਰ ਅਧਿਕਾਰੀਆਂ ਤੋਂ ਕਰਵਾਈ ਜਾਵੇ।"
ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੀ ਟੀਮ ਦੇ ਮੈਂਬਰ ਰਹੇ ਸੀਨੀਅਰ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, "ਸਾਨੂੰ ਕਿਸੇ ਰੇਡੀਓ ਚੈਨਲ ਤੋਂ ਜਾਣਕਾਰੀ ਮਿਲੀ ਸੀ ਕਿ ਸਾਲ 2016 ਤੋਂ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਗਿਣਤੀ ਵਿੱਚ ਬੇਨਿਯਮੀਆਂ ਪਾਈਆਂ ਜਾ ਰਹੀਆਂ ਹਨ, ਜਿਸ ਤੋਂ ਬਾਅਦ ਅਸੀਂ ਮਈ 2020 ਤੋਂ ਜੂਨ 2020 ਤੱਕ ਪਹਿਲਾਂ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਤੌਰ ਉੱਤੇ ਇਸ ਮਾਮਲੇ ਦੀ ਜਾਂਚ ਕੀਤੀ ਅਤੇ ਫਿਰ ਪੱਤਰ ਲਿਖ ਕੇ ਅਕਾਲ ਤਖ਼ਤ ਅਤੇ ਤਤਕਾਲੀ ਪੰਜਾਬ ਸਰਕਾਰ ਨੂੰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ।"
ਜਿਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਵੱਲੋਂ ਸਾਲ 2020 ਵਿੱਚ ਈਸ਼ਰ ਸਿੰਘ ਦੀ ਅਗਵਾਈ ਵਿੱਚ ਇੱਕ ਜਾਂਚ ਕਮੇਟੀ ਬਣਾਈ। ਜਿਸ ਨੇ 23 ਅਗਸਤ 2020 ਨੂੰ ਆਪਣੀ ਜਾਂਚ ਰਿਪੋਰਟ ਅਕਾਲ ਤਖ਼ਤ ਅੱਗੇ ਪੇਸ਼ ਕੀਤੀ। ਜਿਸ ਵਿੱਚ 328 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਗਾਇਬ ਹੋਣ ਦੀ ਗੱਲ ਕਹੀ ਗਈ।
ਈਸ਼ਰ ਸਿੰਘ ਦੀ ਅਗਵਾਈ ਵਾਲੀ ਜਾਂਚ ਕਮੇਟੀ ਨੇ ਰਿਪੋਰਟ ਵਿੱਚ 16 ਸ਼੍ਰੋਮਣੀ ਕਮੇਟੀ ਕਰਮਚਾਰੀਆਂ ਨੂੰ 328 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਰਿਕਾਰਡ ਵਿੱਚ ਪਾਈਆਂ ਗਈਆਂ ਬੇਨਿਯਮੀਆਂ ਦਾ ਦੋਸ਼ੀ ਠਹਿਰਾਇਆ ਸੀ। ਹਾਲਾਂਕਿ ਰਿਪੋਰਟ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਸਰੂਪ ਕਿੱਥੇ ਗਏ।
ਜਾਂਚ ਰਿਪੋਰਟ ਦੇ ਅਧਾਰ ਉੱਤੇ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ 16 ਕਰਮਚਾਰੀਆਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਸਨ।
ਸ਼੍ਰੋਮਣੀ ਕਮੇਟੀ ਨੇ ਰਿਪੋਰਟ ਦੇ ਅਧਾਰ ਉੱਤੇ ਕੀ ਕੀਤੀ ਕਾਰਵਾਈ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਲ 2020 ਵਿੱਚ ਈਸ਼ਰ ਸਿੰਘ ਦੀ ਰਿਪੋਰਟ ਨੂੰ ਅਧਾਰ ਨੂੰ ਮੰਨ ਕੇ ਜ਼ਿੰਮੇਵਾਰ ਠਹਿਰਾਏ ਗਏ ਆਪਣੇ 16 ਕਰਮਚਾਰੀਆਂ ਖ਼ਿਲਾਫ਼ ਅੰਦਰੂਨੀ ਵਿਭਾਗੀ ਕਾਰਵਾਈ ਕੀਤੀ । ਸ਼੍ਰੋਮਣੀ ਕਮੇਟੀ ਨੇ ਅਕਾਲ ਤਖ਼ਤ ਅੱਗੇ ਮੁਆਫੀ ਵੀ ਮੰਗੀ ਅਤੇ ਮਾਮਲੇ ਨੂੰ ਵਿੱਤੀ ਬੇਨਿਯਮੀ ਮੰਨ ਕੇ ਅੰਦਰੂਨੀ ਤੌਰ ਤੇ ਨਿਪਟਾਉਣ ਦਾ ਦਾਅਵਾ ਕੀਤਾ।
ਰਿਪੋਰਟ ਵਿੱਚ ਨਾਮਜ਼ਦ 16 ਕਰਮਚਾਰੀਆਂ ਵਿੱਚੋਂ ਜ਼ਿਆਦਾਤਰ ਨੂੰ ਬਰਖਾਸਤ ਕੀਤਾ ਗਿਆ ਜਾਂ ਸਸਪੈਂਡ ਕੀਤਾ ਗਿਆ ਜਦਕਿ ਸਾਬਕਾ ਚੀਫ਼ ਸਕੱਤਰ ਡਾ. ਰੂਪ ਸਿੰਘ ਨੇ ਅਸਤੀਫਾ ਦੇ ਦਿੱਤਾ।
ਬੀਬੀਸੀ ਨਾਲ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ 16 ਕਰਮਚਾਰੀਆਂ ਖਿਲਾਫ ਕਾਰਵਾਈ ਵੀ ਕੀਤੀ ਗਈ ਸੀ ਤੇ ਉਨ੍ਹਾਂ ਤੋਂ ਰਿਕਵਰੀ ਕਰਵਾਉਣ ਦੇ ਹੁਕਮ ਵੀ ਦਿੱਤੇ ਗਏ ਸਨ। ਰਿਕਵਰੀ ਕਿੰਨੀ ਹੋਈ ਹੈ ਇਸ ਬਾਰੇ ਉਹਨਾਂ ਨੇ ਫਿਲਹਾਲ ਜਾਣਕਾਰੀ ਸਾਂਝੀ ਨਹੀਂ ਕੀਤੀ।

ਤਸਵੀਰ ਸਰੋਤ, AFP via Getty Images
2025 ਵਿੱਚ ਮਾਮਲੇ ਨੇ ਲਿਆ ਨਵਾਂ ਮੋੜ
2020 ਵਿੱਚ ਸ਼੍ਰੋਮਣੀ ਕਮੇਟੀ ਮੈਂਬਰਾਂ ਖਿਲਾਫ ਕਾਰਵਾਈ ਕਰਨ ਮਗਰੋਂ ਵੀ ਕਈ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਨੂੰ ਇਹ ਕਹਿ ਕੇ ਘੇਰਿਆ ਕਿ ਆਖਰ 328 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿੱਥੇ ਗਏ, ਇਸ ਦੇ ਬਾਰੇ ਜਾਣਕਾਰੀ ਸਾਂਝੀ ਕਿਉਂ ਨਹੀਂ ਕੀਤੀ ਜਾ ਰਹੀ ।
ਸ਼੍ਰੋਮਣੀ ਕਮੇਟੀ ਦਾ ਵਿਰੋਧ ਕਰਨ ਵਾਲਿਆਂ ਵਿੱਚ ਇੱਕ ਸੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ, ਜਿਹਨਾਂ ਨੇ ਆਪਣੀ ਜਥੇਬੰਦੀ ਸਿੱਖ ਸਦਭਾਵਨਾ ਦਲ ਵੱਲੋਂ 4 ਨਵੰਬਰ 2020 ਤੋਂ ਹਰਮੰਦਿਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਉੱਤੇ ਪੱਕਾ ਧਰਨਾ ਲਾ ਦਿੱਤਾ।
ਬੀਬੀਸੀ ਨਾਲ ਗੱਲ ਕਰਦਿਆਂ ਬਲਦੇਵ ਸਿੰਘ ਵਡਾਲਾ ਨੇ ਕਿਹਾ, "ਅਸੀਂ ਪੰਜਾਬ ਵਿੱਚ ਰਹੀ ਕਾਂਗਰਸ ਸਰਕਾਰ, ਮੌਜੂਦਾ ਸਰਕਾਰ ਨੂੰ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਕਰਨ ਦੀ ਬੇਨਤੀ ਕਰਦੇ ਰਹੇ, ਪਰ ਕਿਸੇ ਨੇ ਸਾਡੀ ਗੱਲ ਨਾ ਸੁਣੀ। ਇਸ ਕਰਕੇ ਅਸੀਂ 7 ਦਸੰਬਰ 2025 ਨੂੰ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮਿਲ ਕੇ ਇਸ ਮਾਮਲੇ ਉੱਤੇ ਅੰਮ੍ਰਿਤਸਰ ਵਿੱਚ ਇੱਕ ਵੱਡੀ ਮਹਾਂਪੰਚਾਇਤ ਕਰਨ ਦਾ ਐਲਾਨ ਕੀਤਾ। ਉਸ ਦਿਨ ਪੰਜਾਬ ਸਰਕਾਰ ਸਾਡੇ ਅੱਗੇ ਝੁਕੀ ਅਤੇ ਅੰਮ੍ਰਿਤਸਰ ਪੁਲਿਸ ਨੇ 328 ਗੁਰੂ ਗਰੰਥ ਸਾਹਿਬ ਦੇ ਸਰੂਪ ਲਾਪਤਾ ਹੋਣ ਸੰਬੰਧੀ ਇੱਕ ਐੱਫਆਈਆਰ ਦਰਜ ਕੀਤੀ।"
ਇਸ ਵਿੱਚ ਸ਼੍ਰੋਮਣੀ ਕਮੇਟੀ ਦੇ 16 ਸਾਬਕਾ ਕਰਮਚਾਰੀਆਂ ਨੂੰ ਨਾਮਜ਼ਦ ਕੀਤਾ ਗਿਆ, ਜਿਨ੍ਹਾਂ ਵਿੱਚ ਸਾਬਕਾ ਮੁੱਖ ਸਕੱਤਰ ਰੂਪ ਸਿੰਘ, ਸਾਬਕਾ ਸਕੱਤਰ ਮਨਜੀਤ ਸਿੰਘ, ਗੁਰਬਚਨ ਸਿੰਘ, ਸਤਿੰਦਰ ਸਿੰਘ, ਨਿਸ਼ਾਨ ਸਿੰਘ, ਪਰਮਜੀਤ ਸਿੰਘ, ਗੁਰਮੁਖ ਸਿੰਘ, ਜੁਝਾਰ ਸਿੰਘ, ਬਾਜ ਸਿੰਘ, ਦਲਬੀਰ ਸਿੰਘ, ਕਮਲਜੀਤ ਸਿੰਘ, ਕੁਲਵੰਤ ਸਿੰਘ, ਜਸਪ੍ਰੀਤ ਸਿੰਘ, ਗੁਰਬਚਨ ਸਿੰਘ, ਸਤਿੰਦਰ ਸਿੰਘ ਅਤੇ ਅਮਰਜੀਤ ਸਿੰਘ ਸ਼ਾਮਲ ਹਨ। ਐੱਫਆਈਆਰ ਵਿੱਚ ਬੇਅਦਬੀ (295-ਏ), ਧੋਖਾਧੜੀ ਅਤੇ ਸਾਜ਼ਿਸ਼ ਵਰਗੀਆਂ ਧਰਾਵਾਂ ਨੂੰ ਸ਼ਾਮਲ ਕੀਤਾ ਗਿਆ ।
ਪੰਜਾਬ ਸਰਕਾਰ ਨੇ 22 ਦਸੰਬਰ 2025 ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਸਿੱਟ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਦਾ ਗਠਨ ਕੀਤਾ, ਜਿਸਦੀ ਅਗਵਾਈ ਮੁਹਾਲੀ ਏਆਈਜੀ (ਵਿਜੀਲੈਂਸ) ਜਗਤਪ੍ਰੀਤ ਸਿੰਘ ਕਰ ਰਹੇ ਹਨ।
ਇਸ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਐੱਫਆਈਆਰ ਦਰਜ ਕਰਨ ਅਤੇ ਸਿੱਟ ਦਾ ਗਠਨ ਕਰਨ ਤੋਂ ਬਾਅਦ 28 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸ਼੍ਰੋਮਣੀ ਕਮੇਟੀ ਨੇ ਪੁਲਿਸ ਕਾਰਵਾਈ ਦਾ ਵਿਰੋਧ ਕੀਤਾ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












