ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਪੁਰਬ: ਕਿਵੇਂ ਹੁੰਦੀ ਹੈ ਨਵੇਂ ਸਰੂਪਾਂ ਦੀ ਛਪਾਈ ਅਤੇ ਪ੍ਰਕਾਸ਼ਨਾ ਦੀ ਕੀ ਹੈ ਪ੍ਰਕਿਰਿਆ

ਤਸਵੀਰ ਸਰੋਤ, Getty Images
- ਲੇਖਕ, ਰਾਜਵੀਰ ਕੌਰ ਗਿੱਲ
- ਰੋਲ, ਬੀਬੀਸੀ ਪੱਤਰਕਾਰ
ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ।।
ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨੀਓ ਗ੍ਰੰਥ।।
ਅੱਜ ਵੀ ਸਮੁੱਚਾ ਸਿੱਖ ਭਾਈਚਾਰਾ ਰੋਜ਼ਾਨਾ ਅਰਦਾਸ ਦੌਰਾਨ ਗੁਰੂ ਗੋਬਿੰਦ ਸਿੰਘ ਦੇ ਉਚਾਰੇ ਇਸ ਵਾਕ ਨੂੰ ਯਾਦ ਕਰਦਾ ਹੈ। ਸਿੱਖ ਧਾਰਮਿਕ ਲਿਖਤ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦਾ ਗੁਰੂ ਦਰਸਾਉਂਦੇ ਇਹ ਸ਼ਬਦ ਗੁਰੂ ਗੋਬਿੰਦ ਸਿੰਘ ਦੇ ਸਮਕਾਲੀ ਰਹੇ ਭਾਈ ਪ੍ਰਹਲਾਦ ਸਿੰਘ ਵਲੋਂ ਲਿਖੇ ਗਏ ‘ਰਹਿਤਨਾਮ’ ਵਿੱਚ ਦਰਜ ਹਨ।
ਭਾਸ਼ਾ ਵਿਭਾਗ ਵੱਲੋਂ ਪ੍ਰਕਾਸ਼ਿਤ ਕਿਤਾਬ ‘ਪੰਥ ਪ੍ਰਕਾਸ਼’ ਵਿੱਚ ਦਰਜ ਜਾਣਕਾਰੀ ਮੁਤਾਬਕ 1708 ਵਿੱਚ ਨਾਂਦੇੜ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਇਸ ਨੂੰ ਸਿੱਖਾਂ ਦੇ ਗਿਆਰਵੇਂ ਅਤੇ ਸਦੀਵੀ ਗੁਰੂ ਦਾ ਦਰਜਾ ਦਿੱਤਾ ਸੀ।
ਉਸ ਸਮੇਂ ਤੋਂ ਸਿੱਖ ਕੌਮ ਨੇ ਗੁਰੂ ਦੇ ਹੁਕਮ ਵੱਜੋਂ ਇਸ ਤੱਥ ਨੂੰ ਸਵਿਕਾਰਿਆ ਕਿ ਉਹ ਕਿਸੇ ਦੇਹ ਪੁਰਖ ਦੀ ਪੂਜਾ ਨਹੀਂ ਕਰਨਗੇ ਜਾਂ ਉਸ ਅੱਗੇ ਨਿਵਾਉਣਗੇ ਨਹੀਂ ਬਲਕਿ ਇਸ ਮਹਾਨ ਗ੍ਰੰਥ ਨੂੰ ਹੀ ਸ਼ਬਦ ਗੁਰੂ ਦੇ ਰੂਪ ਵਿੱਚ ਆਪਣਾ ਮਾਰਗ ਦਰਸ਼ਕ ਮੰਨਣਗੇ।
ਅੱਜ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਜਾਣਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਹੋਂਦ ਵਿੱਚ ਆਉਣ ਦੀ ਪ੍ਰਕਿਰਿਆ ਅਤੇ ਮੌਜੂਦਾ ਦੌਰ ਵਿੱਚ ਇਸ ਨੂੰ ਤਰੁੱਟੀ ਰਹਿਤ ਅਤੇ ਗ੍ਰੰਥ ਨੂੰ ਮੂਲ ਰੂਪ ਦੇ ਇੰਨ-ਬਿੰਨ੍ਹ ਬਣਾਉਣ ਲਈ ਇਸ ਦੀ ਛਪਾਈ ਅਤੇ ਪ੍ਰਕਾਸ਼ਨਾ ਨੂੰ ਲੈ ਕੇ ਕਿੰਨੀ ਅਹਿਤਿਆਤ ਵਰਤੀ ਜਾਂਦੀ ਹੈ। ਕੌਣ ਇਸ ਦੀ ਛਪਾਈ ਕਰਵਾ ਸਕਦਾ ਹੈ ਤੇ ਕੌਣ ਨਹੀਂ।
ਇੰਨਾ ਹੀ ਨਹੀਂ, ਘਰਾਂ ਅਤੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਾਂਭ-ਸੰਭਾਲ ਲਈ ਸਿੱਖ ਰਹਿਤ ਮਰਿਆਦਾ ਅਧੀਨ ਸਿੱਖਾਂ ਦੀ ਸਿਰਮੌਰ ਸੰਸਥਾ ਅਕਾਲ ਤਖ਼ਤ ਵਲੋਂ ਕੀ ਹੁਕਮ ਦਿੱਤੇ ਗਏ ਹਨ।

ਗੁਰੂ ਗ੍ਰੰਥ ਸਾਹਿਬ ਦੀ ਛਪਾਈ ਅਤੇ ਪ੍ਰਕਾਸ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ਉੱਤੇ ਮੌਜੂਦ ਜਾਣਕਾਰੀ ਮੁਤਾਬਕ ਸਿੱਖ ਗੁਰੂਆਂ ਵਲੋਂ ਲਿਖੀ ਬਾਣੀ ਨੂੰ ਇੱਕ ਥਾਂ ਇਕੱਤਰ ਕਰਨ ਦਾ ਕੰਮ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਨੇ ਸ਼ੁਰੂ ਕੀਤਾ ਸੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਪਿਤਾ ਗੁਰੂ ਰਾਮਦਾਸ ਦੀ ਬਾਣੀ ਨੂੰ ਇਕੱਠਾ ਕਰਨ ਦਾ ਕੰਮ ਕੀਤਾ। ਇਸ ਬਾਣੀ ਨੂੰ ਇਕੱਤਰ ਕਰਕੇ ਲਿਖਣ ਦਾ ਕੰਮ ਭਾਈ ਗੁਰਦਾਸ ਨੇ ਅੰਮ੍ਰਿਤਸਰ ਵਿੱਚ ਸਥਿਤ ਗੁਰਦੁਆਰਾ ਰਾਮਸਰ ਵਿੱਚ ਕੀਤਾ ਸੀ।
ਇਸ ਨੂੰ ਇੱਕ ਪੋਥੀ ਜਿਸ ਨੂੰ ‘ਆਦਿ ਗ੍ਰੰਥ’ ਕਿਹਾ ਗਿਆ ਸੀ, ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।
ਐੱਸਜੀਪੀਸੀ ਦੀ ਵੈੱਬਸਾਈਟ ਮੁਤਾਬਕ ਗੁਰੂ ਅਰਜਨ ਦੇਵ ਨੇ ਗੁਰੂਆਂ ਦੀ ਬਾਣੀ ਨੂੰ ਤਾਂ ਇੱਕ ਥਾਂ ਕੀਤਾ ਹੀ, ਉਸ ਸਮੇਂ ਗੁਰੂਆਂ ਦੇ ਉਨ੍ਹਾਂ ਭਗਤਾਂ ਤੇ ਲੇਖਕਾਂ ਦੀਆਂ ਲਿਖਤਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤਾ, ਜਿਹੜੀਆਂ ਗੁਰਬਾਣੀ ਦੇ ਫ਼ਲਸਫੇ ਨਾਲ ਮੇਲ ਖਾਂਦੀਆਂ ਸਨ।
ਇਸੇ ਲਈ ਗੁਰੂ ਗ੍ਰੰਥ ਸਾਹਿਬ ਵਿੱਚ 15 ਭਗਤਾਂ, 11 ਭੱਟਾਂ ਵਲੋਂ ਲਿਖੇ ਸਾਹਿਤ ਨੂੰ ਵੀ ਜਗ੍ਹਾ ਦਿੱਤੀ ਗਈ ਹੈ।
ਪੰਜਵੇਂ ਗੁਰੂ ਤੋਂ ਬਾਅਦ ਕਲਗੀਧਰ ਤੇ ਦਸਮ ਪਿਤਾ ਕਹਾਉਣ ਵਾਲੇ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਇਸ ਵਿੱਚ ਆਪਣੇ ਪਿਤਾ ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ ਨੂੰ ਦਰਜ ਕਰਵਾਉਣ ਦਾ ਕੰਮ ਨੇਪਰੇ ਚੜ੍ਹਵਾਇਆ ਸੀ।
ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ 1 ਸਤੰਬਰ, 1604 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲੇ ਗ੍ਰੰਥੀ ਅਖਵਾਉਣ ਵਾਲੇ ਬਾਬਾ ਬੁੱਢਾ ਜੀ ਨੇ ਕੀਤਾ ਸੀ।

ਤਸਵੀਰ ਸਰੋਤ, Getty Images
ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦੇ ਅਧਿਕਾਰ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਵੇਂ ਸਰੂਪ ਛਾਪਣ ਦੇ ਅਧਿਕਾਰ ਅਕਾਲ ਤਖ਼ਤ ਦੇ ਹੁਕਮਾਂ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਰਾਖਵੇਂ ਹਨ।
ਉਨ੍ਹਾਂ ਤੋਂ ਬਿਨ੍ਹਾਂ ਕੋਈ ਵੀ ਹੋਰ ਨਿੱਜੀ ਸੰਸਥਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਨਹੀਂ ਛਾਪ ਸਕਦੀ। ਇਸ ਤੋਂ ਇਲਾਵਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਛਾਪਣ ਦੇ ਅਧਿਕਾਰ ਹਨ।
ਇਸ ਬਾਰੇ ਐੱਸਜੀਪੀਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਦੱਸਦੇ ਹਨ ਕਿ ਕੁਝ ਸਮਾਂ ਪਹਿਲਾਂ ਤੱਕ ਕਈ ਨਿੱਜੀ ਸੰਸਥਾਵਾਂ ਸਨ, ਜੋ ਗੁਰੂ ਗ੍ਰੰਥ ਸਾਹਿਬ ਦੇ ਨਵੇਂ ਸਰੂਪ ਛਾਪਦੀਆਂ ਸਨ ਅਤੇ ਇਥੋਂ ਤੱਕ ਵੀ ਕਿ ਵਿਦੇਸ਼ਾਂ ਵਿੱਚ ਵੀ ਭੇਜਦੀਆਂ ਸਨ।
ਐੱਸਜੀਪੀਸੀ ਦੇ ਜਨਰਲ ਸਕੱਤਰ ਰਹਿ ਚੁੱਕੇ ਗਰੇਵਾਲ ਦੱਸਦੇ ਹਨ ਕਿ ਨਿੱਜੀ ਸੰਸਥਾਵਾਂ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦੇ ਮਾਮਲੇ ਵਿੱਚ ਰਹਿਤ ਮਰਿਆਦਾ ਅਤੇ ਲੋੜੀਂਦੇ ਧਾਰਮਿਕ ਮਾਪਦੰਡਾਂ ਦਾ ਧਿਆਨ ਨਾ ਰੱਖੇ ਜਾਣ ਦੀਆਂ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਸਨ।
ਇਸ ਤੋਂ ਬਾਅਦ ਅਕਾਲ ਤਖ਼ਤ ਵਲੋਂ ਇਸ ਬਾਬਤ ਹੁਕਮ ਜਾਰੀ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਨਵੇਂ ਸਰੂਪਾਂ ਦੀ ਛਪਾਈ ਦਾ ਕਾਰਜ ਮੁਕੰਮਲ ਰੂਪ ਵਿੱਚ ਐੱਸਜੀਪੀਸੀ ਨੂੰ ਦੇ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਵਲੋਂ ਸੁਣਾਏ ਗਏ ਫ਼ੈਸਲਿਆਂ ਨੂੰ ਸਿੱਖ ਕੌਮ ਹੁਕਮ ਵਜੋਂ ਕਬੂਲਦੀ ਹੈ।

ਤਸਵੀਰ ਸਰੋਤ, Getty Images
ਗੁਰੂ ਗ੍ਰੰਥ ਸਾਹਿਬ ਦੀ ਪ੍ਰਿੰਟਿੰਗ ਅਤੇ ਪ੍ਰਕਾਸ਼ਨਾ
ਗੁਰਚਰਨ ਸਿੰਘ ਗਰੇਵਾਲ ਦੱਸਦੇ ਹਨ ਕਿ ਅੰਮ੍ਰਿਤਸਰ ਵਿੱਚ ਗੁਰਦੁਆਰਾ ਰਾਮਸਰ ਵਿੱਚ ਇੱਕ ਖ਼ਾਸ ਇਮਾਰਤ ਇਸ ਕਾਰਜ ਲੇਖੇ ਲਾਈ ਗਈ ਹੈ। ਇਸ ਕੰਮ ਲਈ ਬਾਣੀ ਦੇ ਵਿਦਵਾਨ ਗੁਰਸਿੱਖ ਸਮਰਪਿਤ ਹਨ।
ਰਾਮਸਰ ਉਹ ਹੀ ਗੁਰਦੁਆਰਾ ਹੈ, ਜਿੱਥੇ ਬੈਠ ਕੇ ਭਾਈ ਗੁਰਦਾਸ ਨੇ ‘ਆਦਿ ਗ੍ਰੰਥ’ ਦੀ ਲਿਖਤ ਦਾ ਕੰਮ ਨੇਪਰੇ ਚਾੜਿਆ ਸੀ।
ਇਸ ਇਮਾਰਤ ਵਿੱਚ ਹਮੇਸ਼ਾਂ ਸਿਰ ਢੱਕ ਕੇ ਅਤੇ ਨੰਗੇ ਪੈਰੀਂ ਜਾਣ ਦੀ ਇਜ਼ਾਜਤ ਹੈ।
ਉਹ ਦੱਸਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਲਈ ਭਾਸ਼ਾ ਮਾਹਰਾਂ ਅਤੇ ਧਾਰਮਿਕ ਵਿਦਵਾਨਾਂ ਵੱਲੋਂ ਇੱਕ ਤਰੁੱਟੀ ਰਹਿਤ ਡਿਜੀਟਲ ਫ਼ਾਈਲ ਤਿਆਰ ਕੀਤੀ ਗਈ ਹੈ, ਜਿਸ ਨੂੰ ਛਪਾਈ ਲਈ ਇਸਤੇਮਾਲ ਕੀਤਾ ਜਾਂਦਾ ਹੈ।
“ਇਸ ਤੋਂ ਬਾਅਦ ਸੰਪੂਰਨ ਸਿੱਖਾਂ ਦੀ ਟੀਮ ਜੋ ਕਿ ਗੁਰਬਾਣੀ ਦੀ ਮਾਹਰ ਹੈ, ਇੱਕ-ਇੱਕ ਪੰਨੇ ਨੂੰ ਪੜ੍ਹਦੀ ਹੈ। ਇਸ ਵਿੱਚ ਲਿਖਤ ਤੇ ਪ੍ਰਿਟਿੰਗ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਂਦੀ ਹੈ ਤਾਂ ਕਿ ਕੋਈ ਵੀ ਲਗਾਂ ਮਾਤਰਾ ਇੱਧਰ ਤੋਂ ਉੱਧਰ ਨਾ ਹੋਈ ਹੋਵੇ ਅਤੇ ਨਵੇਂ ਸਰੂਪ ਦਮਦਮੀ ਬੀੜ ਨਾਲ ਇੰਨ-ਬਿੰਨ੍ਹ ਮੇਲ ਖਾਂਦੇ ਹੋਣ।”
ਗਰੇਵਾਲ ਦੱਸਦੇ ਹਨ ਕਿ ਸਮੇਂ-ਸਮੇਂ ਦਰਬਾਰ ਸਾਹਿਬ ਦੇ ਸਿੰਘ ਸਾਹਿਬਾਨ ਵੀ ਰਾਮਸਰ ਗੁਰਦੁਆਰੇ ਪਹੁੰਚਦੇ ਹਨ ਅਤੇ ਸਰੂਪਾਂ ਦੀ ਛਪਾਈ ਅਤੇ ਪ੍ਰਕਾਸ਼ਨ ਦਾ ਜਾਇਜ਼ਾ ਲੈਂਦੇ ਹਨ।
ਪੰਨਿਆਂ ਦੀ ਛਪਾਈ ਤੋਂ ਬਾਅਦ ਸਰੂਪਾਂ ਦੀ ਜਿਲਦਬੰਦੀ ਕੀਤੀ ਜਾਂਦੀ ਹੈ।
ਵਿਦਵਾਨਾਂ ਵਲੋਂ ਤਸੱਲੀ ਕਰਨ ਤੋਂ ਬਾਅਦ ਰਾਮਸਰ ਗੁਰਦੁਆਰੇ ਵਲੋਂ ਮੋਹਰ ਲਾਈ ਜਾਂਦੀ ਹੈ। ਜਿਸ ਦਾ ਅਰਥ ਹੈ ਕਿ ਸਰੂਪ ਪ੍ਰਕਾਸ਼ ਕੀਤੇ ਜਾਣ ਲਈ ਤਿਆਰ ਹਨ।

ਤਸਵੀਰ ਸਰੋਤ, Getty Images
ਨਵੇਂ ਸਰੂਪਾਂ ਨੂੰ ਗੁਰਦੁਆਰਿਆਂ ਵਿੱਚ ਬਿਰਾਜਮਾਨ ਕਰਨਾ
ਗਰੇਵਾਲ ਦੱਸਦੇ ਹਨ ਕਿ ਦਮਦਮੀ ਸਰੂਪ-ਯਾਨੀ ਉਹ ਸਰੂਪ ਜੋ ਪਹਿਲੇ ਮੁੱਢਲੇ ਸਰੂਪ ਦੀ ਕਾਪੀ ਹੀ ਹੈ। ਉਸੇ ਨੂੰ ਦੁਨੀਆਂ ਭਰ ਵਿੱਚ ਭੇਜਿਆ ਜਾਂਦਾ ਹੈ।
ਗੁਰਦੁਆਰੇ ਜਾਂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਲਈ ਰਾਮਸਰ ਗੁਰਦੁਆਰੇ ਤੋਂ ਸਰੂਪ ਮੰਗਵਾਏ ਜਾ ਸਕਦੇ ਹਨ। ਇਸ ਲਈ ਗੁਰਦੁਆਰੇ ਅਤੇ ਘਰ ਵਲੋਂ ਵੱਖੋ-ਵੱਖਰੇ ਫ਼ਾਰਮ ਭਰੇ ਜਾਂਦੇ ਹਨ। ਜੋ ਕਿ ਇੱਕ ਪ੍ਰਵਾਨਗੀ ਅਰਜ਼ੀ ਹੈ।
ਅਰਜ਼ੀ ਮਿਲਣ ਤੋਂ ਬਾਅਦ ਕਿਸੇ ਵੀ ਪਿੰਡ ਜਾਂ ਸ਼ਹਿਰ ਦੇ ਗੁਰਦੁਆਰੇ ਜਾਂ ਫਿਰ ਨਿੱਜੀ ਸਥਾਨ ਜਿੱਥੇ ਬੀੜ ਰੱਖੀ ਜਾਣੀ ਹੈ, ਦੀ ਜਾਂਚ ਕਰਨ ਲਈ ਮਾਹਰ ਜਾਂਦੇ ਹਨ।
ਇਸ ਵਿੱਚ ਸਰੂਪ ਦੀ ਸੁਰੱਖਿਆ, ਫ਼ਾਇਰ ਅਤੇ ਸੁੱਖ ਆਸਣ ਦੀ ਢੁੱਕਵੀਂ ਅਤੇ ਮਰਿਆਦਾ ਮੁਤਾਬਕ ਜਗ੍ਹਾ ਬਾਰੇ ਜਾਇਜ਼ਾ ਲਿਆ ਜਾਂਦਾ ਹੈ।
ਗਰੇਵਾਲ ਦੱਸਦੇ ਹਨ ਕਿ ਰਾਮਸਰ ਗੁਰਦੁਆਰੇ ਵਲੋਂ ਮਾਹਰ ਗੁਰਸਿੱਖਾਂ ਨੂੰ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਅਤੇ ਉਹ ਸਰੂਪ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਜਾਣ ਲਈ ਬਣੇ ਖ਼ਾਸ ਵਾਹਨ ਵਿੱਚ ਸਰੂਪ ਨੂੰ ਉਸ ਥਾਂ ਛੱਡ ਕੇ ਆਉਂਦੇ ਹਨ।
ਇਸ ਦੇ ਨਾਲ ਹੀ ਉਹ ਗੁਰਮਤਿ ਮਰਿਆਦਾ ਦੇ ਲਿਹਾਜ਼ ਨਾਲ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨਾਲ ਜੁੜੀਆਂ ਲਾਜ਼ਮੀ ਸਿੱਖਿਆਵਾਂ ਬਾਰੇ ਵੀ ਜਾਣਕਾਰੀ ਸਾਂਝੀ ਕਰਦੇ ਹਨ।
ਜ਼ਿਕਰਯੋਗ ਹੈ ਕਿ ਇਹ ਵਿਸ਼ੇਸ਼ ਵਾਹਨ ਕਿਸੇ ਵੀ ਤਰ੍ਹਾਂ ਦੀ ਭੇਟਾ ਤੋਂ ਬਿਨ੍ਹਾਂ ਸਰੂਪ ਨੂੰ ਪੰਜਾਬ ਅਤੇ ਹੋਰ ਥਾਵਾਂ ਉੱਤੇ ਪਹੁੰਚਾਕੇ ਆਉਣ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ। ਯਾਨੀ ਸਾਰਾ ਖ਼ਰਚਾ ਪ੍ਰਬੰਧਕ ਕਮੇਟੀ ਵਲੋਂ ਕੀਤਾ ਜਾਂਦਾ ਹੈ।
ਕਿਸੇ ਸਥਾਨਕ ਗੁਰਦੁਆਰੇ ’ਤੇ ਲਾਗੂ ਹੋਣ ਵਾਲੀਆਂ ਸ਼ਰਤਾਂ ਹੀ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਪ੍ਰਕਾਸ਼ ਕਰਨ ਉੱਤੇ ਲਾਗੂ ਹੁੰਦੀਆਂ ਹਨ।

ਤਸਵੀਰ ਸਰੋਤ, Getty Images
ਗੁਰੂ ਗ੍ਰੰਥ ਸਾਹਿਬ ਨੂੰ ਹੱਥੀਂ ਲਿਖਣਾ ਤੇ ਅਨੁਵਾਦ ਕਰਨਾ
ਅਸੀਂ ਕਈ ਵਾਰ ਸੁਣਿਆ ਹੈ ਕਿ ਕਿਸੇ ਨੇ ਹੱਥੀਂ ਲਿਖ ਕੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ। ਪਰ ਇਸ ਦੀ ਪ੍ਰਮਾਣਕਤਾ ਬਾਰੇ ਜਾਂ ਇਸ ਦੀ ਪ੍ਰਵਾਨਗੀ ਸਬੰਧੀ ਸਮਝਣ ਦੀ ਲੋੜ ਹੈ।
ਇਸ ਬਾਰੇ ਇੱਕ ਸਿੱਖ ਵਿਦਵਾਨ ਅਤੇ ਐੱਸਜੀਪੀਸੀ ਦੇ ਮਾਮਲਿਆਂ ਦੇ ਮਾਹਰ ਨੇ ਨਾਮ ਨਾ ਜ਼ਾਹਰ ਕਰਨ ਦੀ ਸ਼ਰਤ ਉੱਤੇ ਗੱਲ ਕਰਦਿਆਂ ਕਿਹਾ ਕਿ ਇਹ ਸ਼ਰਧਾ ਦਾ ਮਾਮਲਾ ਹੋ ਸਕਦਾ ਹੈ।
“ਹੋ ਸਕਦਾ ਹੈ ਕੋਈ ਇਸ ਨੂੰ ਇੱਕ ਸੇਵਾ ਵਜੋਂ ਘਰ ਬੈਠ ਕੇ ਲਿਖ ਲਵੇ। ਇਹ ਉਸ ਦੀ ਆਪਣੀ ਇੱਛਾ ਹੈ ਪਰ ਇਸ ਦੀ ਛਪਾਈ ਨਹੀਂ ਕੀਤੀ ਜਾ ਸਕਦੀ।”
“ਅਸਲ ਵਿੱਚ ਅਜਿਹੀ ਕੋਈ ਪ੍ਰਿਕਿਰਿਆ ਨਹੀਂ ਕਿ ਹੱਥੀਂ ਬੀੜ ਲਿਖਣ ਤੋਂ ਪਹਿਲਾਂ ਕਿਸੇ ਕਿਸਮ ਦੀ ਪ੍ਰਵਾਨਗੀ ਲਈ ਜਾ ਸਕੇ ਤੇ ਨਾ ਹੀ ਇਹ ਸੰਭਵ ਹੈ ਕਿ ਉਸ ਨੂੰ ਦਮਦਮੀ ਬੀੜ ਦੇ ਰੂਪ ਵਜੋਂ ਸਵਿਕਾਰਿਆ ਜਾ ਸਕੇ। ਇਸ ਲਈ ਅਜਿਹੀਆਂ ਅਪ੍ਰਮਾਣਿਕ ਹੱਥ-ਲਿਖਤ ਬੀੜਾਂ ਦਾ ਪ੍ਰਕਾਸ਼ ਕਰਨ ਦੀ ਵੀ ਐੱਸਜੀਪੀਸੀ ਆਗਿਆ ਨਹੀਂ ਦਿੰਦਾ।”
“ਇਹ ਹੀ ਨਿਯਮ ਗੁਰੂ ਗ੍ਰੰਥ ਸਾਹਿਬ ਦੇ ਅਨੁਵਾਦ ਉੱਤੇ ਵੀ ਲਾਗੂ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਉਹ ਤਰਜ਼ਮਾ ਜਿਸ ਨੂੰ ਸਿੱਖ ਵਿਦਵਾਨਾਂ ਵਲੋਂ ਨੀਝ ਨਾਲ ਘੋਖਣ ਅਤੇ ਪੜ੍ਹਨ ਤੋਂ ਬਾਅਦ ਐੱਸਜੀਪੀਸੀ ਵਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ, ਉਸੇ ਤਰਜ਼ਮੇ ਦੀ ਕਾਪੀ ਨੂੰ ਛਾਪਣ ਦੀ ਪ੍ਰਵਾਨਗੀ ਮਿਲ ਸਕਦੀ ਹੈ।”
“ਤਰਜ਼ਮੇ ਦੇ ਮਾਮਲੇ ਵਿੱਚ ਐੱਸਜੀਪੀਸੀ ਵਲੋਂ ਭਾਸ਼ਾ ਦੀ ਮੁਹਾਰਤ ਹਾਸਿਲ ਉਨ੍ਹਾਂ ਵਿਦਵਾਨਾਂ ਉੱਤੇ ਭਰੋਸਾ ਜਤਾਇਆ ਜਾਂਦਾ ਹੈ, ਜਿਨ੍ਹਾਂ ਨੂੰ ਬਾਣੀ ਦੀ ਪੂਰ੍ਹੀ ਤਰ੍ਹਾਂ ਸਮਝ ਹੋਵੇ।”
“ਸਪੱਸ਼ਟ ਸ਼ਬਦਾਂ ਵਿੱਚ ਕਹੀਏ ਤਾਂ ਗੁਰੂ ਗ੍ਰੰਥ ਸਾਹਿਬ ਦੇ ਦਮਦਮੀ ਸਰੂਪ ਦਾ ਹੀ ਅਨੁਵਾਦ ਪ੍ਰਵਾਨਿਤ ਹੈ ਅਤੇ ਉਸ ਦੀ ਛਪਾਈ ਵੀ ਐੱਸਜੀਪੀਸੀ ਹੀ ਕਰਵਾ ਸਕਦੀ ਹੈ।”
ਗੁਰਬਚਨ ਸਿੰਘ ਗਰੇਵਾਲ ਅਤੇ ਹੋਰ ਸਿੱਖ ਵਿਦਵਾਨ ਜਿਨ੍ਹਾਂ ਨਾਲ ਅਸੀਂ ਗੱਲ ਕੀਤੀ ਇਸ ਗੱਲ ਨਾਲ ਇਤਫ਼ਾਕ ਰੱਖਦੇ ਹਨ ਕਿ ਦਮਦਮੀ ਬੀੜ ਨੂੰ ਹੀ ਮੂਲ ਮੰਨਿਆ ਜਾਣਾ ਸਹੀ ਹੈ। ਅਤੇ ਇਸ ਦੀ ਜ਼ਿੰਮੇਵਾਰੀ ਇੱਕ ਅਜਿਹੀ ਸੰਸਥਾ ਕੋਲ ਹੀ ਹੋਣੀ ਚਾਹੀਦੀ ਹੈ ਜੋ ਬਾਣੀ ਦੀ ਸਮਝ ਰੱਖਦੀ ਹੋਵੇ ਅਤੇ ਸਿੱਖ ਮਰਿਆਦਾ ਦੀ ਪਾਲਣਾ ਕਰਦੀ ਹੋਵੇ।












