ਜਸਦੀਪ ਸਿੰਘ ਗਿੱਲ ਕੌਣ ਹਨ, ਜਿਨ੍ਹਾਂ ਨੂੰ ਡੇਰਾ ਰਾਧਾ ਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਨਵਾਂ ਉੱਤਰਾਧਿਕਾਰੀ ਐਲਾਨਿਆ

ਤਸਵੀਰ ਸਰੋਤ, https://boardstewardship.com/
ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਅਗਲੇ ਉੱਤਰਾਧਿਕਾਰੀ ਜਸਦੀਪ ਸਿੰਘ ਗਿੱਲ ਹੋਣਗੇ। ਡੇਰੇ ਦੇ ਮੌਜੂਦਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਸੋਮਵਾਰ ਨੂੰ ਉਨ੍ਹਾਂ ਦੇ ਨਾਮ ਦਾ ਐਲਾਨ ਕੀਤਾ।
ਡੇਰੇ ਵੱਲੋਂ ਚਿੱਠੀ ਜਾਰੀ ਕਰਦਿਆਂ ਜਸਦੀਪ ਸਿੰਘ ਗਿੱਲ ਨੂੰ ਰਾਧਾ ਸਵਾਮੀ ਡੇਰੇ ਦੀਆਂ ਸੁਸਾਇਟੀਆਂ ਦਾ ਪ੍ਰਸ਼ਾਸਨਿਕ ਸਰਪ੍ਰਸਤ ਐਲਾਨਿਆ ਹੈ। ਇਹ ਅੱਗੇ ਵਾਰਿਸ ਬਣਾਉਣ ਦੀ ਪਲਾਨਿੰਗ ਦਾ ਹਿੱਸਾ ਹੈ।
ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਨੂੰ ਭਵਿੱਖ ਵਿੱਚ ਬਤੌਰ ‘ਸੰਤ ਸਤਿਗੁਰੂ’ ਸ਼ਰਧਾਲੂਆਂ ਨੂੰ ''ਨਾਮ'' ਦੇਣ ਦਾ ਵੀ ਅਧਿਕਾਰ ਦਿੱਤਾ ਜਾਵੇਗਾ।
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਅਜੇ ਗੱਦੀ ਨਹੀਂ ਸੌਂਪੀ ਗਈ ਹੈ ਅਤੇ ਨਾ ਹੀ ਦਸਤਾਰਬੰਦੀ ਕੀਤੀ ਗਈ ਹੈ ।
ਕਿਹਾ ਗਿਆ ਹੈ,"ਬਾਬਾ ਜੀ ( ਗੁਰਿੰਦਰ ਸਿੰਘ ਢਿੱਲੋਂ) ਦੀ ਸਿਹਤ ਠੀਕ ਹੈ ਅਤੇ ਉਹ ਸਤਿਸੰਗ ਕਰਦੇ ਰਹਿਣਗੇ ਅਤੇ ਸਰਪ੍ਰਸਤ ਨਿਯੁਕਤ ਕੀਤੇ ਗਏ ਜਸਦੀਪ ਸਿੰਘ ਗਿੱਲ ਉਨ੍ਹਾਂ ਦੇ ਨਾਲ ਬੈਠਿਆ ਕਰਨਗੇ ਅਤੇ ਉਨ੍ਹਾਂ ਦੀ ਸਰਪ੍ਰਸਤੀ ਹੇਠ ਰਹਿਣਗੇ।"
"ਸੰਗਤ ਨੂੰ ਭੱਜ ਦੌੜ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਇਸ ਮਾਮਲੇ ਵਿੱਚ ਕੋਈ ਰਸਮੀ ਸਮਾਗਮ ਨਹੀਂ ਹੋ ਰਿਹਾ। ਕ੍ਰਿਪਾ ਕਰਕੇ ਅਫਵਾਹਾਂ ਉੱਤੇ ਵਿਸ਼ਵਾਸ ਨਾ ਕਰੋ ਅਤੇ ਬਾਬਾ ਜੀ ਅਤੇ ਉਨ੍ਹਾਂ ਦੇ ਗੱਦੀਨਸ਼ੀਨ ਖੁਦ ਸਤਿਸੰਗ ਸੈਂਟਰਾਂ ਉੱਤੇ ਪਹੁੰਚਣਗੇ।"
"ਓਵਰਸੀਜ਼ ਸਤਿਸੰਗ ਨਵੇਂ ਮਹਾਰਾਜ (ਜਸਦੀਪ ਸਿੰਘ ਗਿੱਲ ) ਵੱਲੋਂ ਕੀਤੀਆਂ ਜਾਣਗੀਆਂ।"
ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਜਾਰੀ ਰਸਮੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਗੁਰਿੰਦਰ ਸਿੰਘ ਢਿੱਲੋਂ ਹੀ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੌਜੂਦਾ ਸੰਤ ਸਤਿਗੁਰੂ (ਮੁਖੀ) ਹਨ।
"ਜਸਦੀਪ ਸਿੰਘ ਗਿੱਲ ਭਵਿੱਖ ਵਿੱਚ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸੰਤ ਸਤਿਗੁਰੂ ਹੋਣਗੇ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਨਾਮ ਦਾਨ ਦੇਣ ਦਾ ਅਧਿਕਾਰ ਹੋਵੇਗਾ। ਉਦੋਂ ਤੱਕ ਉਹ ਗੁਰਿੰਦਰ ਸਿੰਘ ਜੀ ਢਿਲੋਂ ਦੇ ਨਾਲ ਸਤਿਸੰਗਾਂ ਵਿੱਚ ਹਾਜ਼ਰੀ ਭਰਦੇ ਰਹਿਣਗੇ।"
ਜਸਦੀਪ ਸਿੰਘ ਨੇ ਹਾਲ ਦੇ ਵਿੱਚ (31 ਮਈ, 2024) ਸਿਪਲਾ ਚੀਫ ਸਟ੍ਰੈਟਜੀ ਅਫ਼ਸਰ ਵਜੋਂ ਅਸਤੀਫ਼ਾ ਦਿੱਤਾ ਹੈ।
ਬੋਰਡ ਸਟ੍ਰਿਊਵਰਸ਼ਿਪ ਦੀ ਵੈਬਸਾਈਟ ਮੁਤਾਬਕ, ਚੀਫ ਸਟ੍ਰੈਟਜੀ ਅਫ਼ਸਰ ਅਤੇ ਸਿਪਲਾ ਲਿਮਿਟਿਡ ਦੇ ਸੀਨੀਅਰ ਮੈਨੇਜਮੈਂਟ ਪਰਸੋਨਲ ਨੇ ਨਿੱਜੀ ਕਾਰਨਾਂ ਕਰਕੇ ਅਸਤੀਫ਼ਾ ਦੇ ਦਿੱਤਾ ਹੈ।

ਜਸਦੀਪ ਸਿੰਘ ਗਿੱਲ ਕੌਣ ਹਨ
ਜਸਦੀਪ ਸਿੰਘ 2019 ਵਿੱਚ ਸਿਪਲਾ ਵਿੱਚ ਮੁੱਖ ਰਣਨੀਤੀ ਅਧਿਕਾਰੀ ਅਤੇ ਚੀਫ਼ ਆਫ਼ ਸਟਾਫ ਵਜੋਂ ਜੁੜੇ ਸਨ।
ਉਹ ਬੋਰਡ ਆਬਜ਼ਰਵਰ ਵਜੋਂ ਐਥਰਿਸ ਅਤੇ ਅਚੀਰਾ ਲੈਬਜ਼ ਪ੍ਰਾਈਵੇਟ ਲਿਮਟਿਡ ਨਾਲ ਵੀ ਜੁੜੇ ਹੋਏ ਸਨ।
ਇਸ ਤੋਂ ਪਹਿਲਾਂ, ਜਸਦੀਪ ਸਿੰਘ ਰੈਨਬੈਕਸੀ ਵਿੱਚ ਸੀਈਓ ਦੇ ਕਾਰਜਕਾਰੀ ਸਹਾਇਕ ਅਤੇ ਕੈਮਬ੍ਰਿਜ ਯੂਨੀਵਰਸਿਟੀ ਐਂਟਰਪ੍ਰੀਨਿਓਰਜ਼ ਵਿੱਚ ਪ੍ਰਧਾਨ ਅਤੇ ਚੇਅਰਮੈਨ ਵਜੋਂ ਕੰਮ ਕਰ ਚੁੱਕੇ ਹਨ।
ਜਸਦੀਪ ਸਿੰਘ ਨੇ ਕੈਮਬ੍ਰਿਜ ਯੂਨੀਵਰਸਿਟੀ ਤੋਂ ਕੈਮੀਕਲ ਇੰਜੀਨੀਅਰਿੰਗ ਵਿੱਚ ਪੀਐੱਚਡੀ ਕੀਤੀ ਹੈ ਅਤੇ ਐਕਸਚੇਂਜ ਪ੍ਰੋਗਰਾਮ ਦੇ ਤਹਿਤ ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਕੈਮੀਕਲ ਇੰਜੀਨੀਅਰਿੰਗ ਵਿੱਚ ਮਾਸਟਰ ਡਿਗਰੀ ਵੀ ਕੀਤੀ ਹੈ।
ਉਨ੍ਹਾਂ ਨੇ ਬਾਇਓਕੈਮੀਕਲ ਇੰਜੀਨੀਅਰਿੰਗ ਅਤੇ ਬਾਇਓਟੈਕਨਾਲੋਜੀ ਵਿੱਚ ਆਪਣੀ ਬੈਚਲਰ ਅਤੇ ਮਾਸਟਰ ਡਿਗਰੀਆਂ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਦਿੱਲੀ ਤੋਂ ਹਾਸਿਲ ਕੀਤੀਆਂ ਹਨ।
ਉਨ੍ਹਾਂ ਨੂੰ ਕੈਮਬ੍ਰਿਜ ਯੂਨੀਵਰਸਿਟੀ (2004) ਦੀ ਸਿਖ਼ਰ ਦੇ 100 ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਸੂਚੀ ਵਿੱਚ ਵੀ ਚੁਣਿਆ ਗਿਆ ਸੀ।
ਜਸਦੀਪ ਸਿੰਘ ਗਿੱਲ ਨੂੰ ਵਿਹਲੇ ਸਮੇਂ ਵਿੱਚ ਗੋਲਫ ਅਤੇ ਸੁਕੈਅਸ਼ ਖੇਡਣਾ ਪਸੰਦ ਹੈ।

ਤਸਵੀਰ ਸਰੋਤ, RSSB
ਬਾਬਾ ਗੁਰਿੰਦਰ ਸਿੰਘ ਢਿੱਲੋਂ
ਗੁਰਿੰਦਰ ਸਿੰਘ ਢਿੱਲੋਂ ਦਾ ਜਨਮ 1954 ਵਿੱਚ ਹੋਇਆ ਸੀ। ਉਹ ਪੰਜਾਬ ਨਾਲ ਸੰਬਧਤ ਅਤੇ ਕਿਰਸਾਨੀ ਪਰਿਵਾਰ ਵਿੱਚੋਂ ਆਉਂਦੇ ਹਨ।
ਉਨ੍ਹਾਂ ਨੂੰ 1990 ਵਿੱਚ ਰਾਧਾ ਸੁਆਮੀ ਸਤਿਸੰਗ ਦੇ ਅਧਿਆਤਮਿਕ ਮੁਖੀ ਵਜੋਂ ਥਾਪਿਆ ਗਿਆ ਸੀ।
ਇਸ ਅਹੁਦੇ ਤੋਂ ਬਿਰਾਜਮਾਨ ਹੋਣ ਤੋਂ ਪਹਿਲਾਂ ਉਹ ਸਪੇਨ ਵਿੱਚ ਰਹਿੰਦੇ ਸਨ।
ਪਿਛਲੇ ਸਮੇਂ ਦੌਰਾਨ ਉਨ੍ਹਾਂ ਨੂੰ ਕੈਂਸਰ ਅਤੇ ਦਿਲ ਦੀ ਬਿਮਾਰੀਆਂ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ ਹਨ।
ਡੇਰੇ ਨਾਲ ਜੁੜੇ ਇੱਕ ਸ਼ਰਧਾਲੂ ਨੇ ਦੱਸਿਆ ਕਿ ਉਨ੍ਹਾਂ ਦੇ ਸਿਹਤ ਨਾਸਾਜ਼ ਹੋਣ ਕਾਰਨ ਉਨ੍ਹਾਂ ਨੇ ਡੇੇਰੇ ਦੇ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਉਣ ਲ਼ਈ ਜਸਦੀਪ ਸਿੰਘ ਗਿੱਲ ਨੂੰ ਮੁਖੀ ਥਾਪਿਆ ਹੈ।
ਜਸਦੀਪ ਗਿੱਲ ਦਾ ਪਿਛੋਕੜ ਮੋਗਾ ਜ਼ਿਲ੍ਹੇ ਨਾਲ ਹੈ ਅਤੇ ਉਨ੍ਹਾਂ ਦਾ ਪਰਿਵਾਰ ਲੰਬੇ ਸਮੇਂ ਤੋਂ ਡੇਰਾ ਬਿਆਸ ਵਿੱਚ ਹੀ ਸੇਵਾ ਕਰਦਾ ਹੈ।
ਉਹ ਪਰਿਵਾਰ ਮੌਜੂਦਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਦਾ ਰਿਸ਼ਤੇਦਾਰ ਹੈ।

ਤਸਵੀਰ ਸਰੋਤ, NARENDRAMODI/X
ਡੇਰਾ ਰਾਧਾ ਸੁਆਮੀ ਬਿਆਸ
ਡੇਰਾ ਰਾਧਾ ਸੁਆਮੀ ਬਿਆਸ ਦੀ ਵੈਬਸਾਈਟ ਮੁਤਾਬਕ ਇਸ ਦੀ ਸਥਾਪਨਾ 1891 ਵਿੱਚ ਹੋਈ ਅਤੇ ਅੱਜ ਇਸ ਦੇ ਪੈਰੋਕਾਰ 90 ਦੇਸ਼ਾਂ ਵਿੱਚ ਮੌਜੂਦ ਹਨ।
ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਬਿਆਸ ਕਸਬੇ ਵਿੱਚ ਸਥਾਪਿਤ ਇਹ ਡੇਰਾ ਇੱਕ ਸਵੈ-ਨਿਰਭਰ ਭਾਈਚਾਰਾ ਹੈ, ਜਿਸ ਵਿੱਚ ਪ੍ਰਸ਼ਾਸਨਿਕ ਅਤੇ ਰਿਹਾਇਸ਼ੀ ਸਹੂਲਤਾਂ ਸ਼ਾਮਲ ਹੈ।
ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਵਲੰਟੀਅਰਾਂ ਦੁਆਰਾ ਸੰਭਾਲਿਆ ਜਾਂਦਾ ਹੈ ਅਤੇ ਕਾਰਜਾਂ ਨੂੰ ਲੋਕਾਂ ਦੇ ਦਾਨ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ।
ਡੇਰਾ ਦਾਅਵਾ ਕਰਦਾ ਹੈ ਕਿ ਸੰਸਥਾ ਕਿਸੇ ਵੀ ਤਰ੍ਹਾਂ ਦਾ ਫੰਡ ਇਕੱਠਾ ਕਰਨ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੁੰਦਾ ਹੈ।
ਡੇਰੇ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਕਿਸੇ ਵੀ ਸਿਆਸੀ ਪਾਰਟੀ ਨਾਲ ਹੋਈ ਰਾਜਨੀਤਿਕ ਜਾਂ ਵਪਾਰਕ ਸਾਂਝ ਨਹੀਂ ਹੈ।
ਭਾਵੇਂ ਕਿ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਸਣੇ ਹੋਰ ਸਿਆਸੀ ਪਾਰਟੀਆਂ ਦੇ ਆਗੂ ਇੱਥੇ ਹਾਜ਼ਰੀ ਲੁਆਉਂਦੇ ਰਹੇ ਹਨ।
ਡੇਰਾ ਮੁਖੀ ਦੀਆਂ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨਾਲ ਮੁਲਾਕਾਤਾਂ ਕਈ ਵਾਰ ਮੀਡੀਆ ਦੀਆਂ ਸੁਰਖ਼ੀਆਂ ਬਣਦੇ ਰਹੇ ਹਨ। ਡੇਰੇ ਵਿੱਚ ਅਕਾਲੀ ਦਲ ਦੇ ਮਰਹੂਮ ਆਗੂ ਪ੍ਰਕਾਸ਼ ਸਿੰਘ ਬਾਦਲ ਵੀ ਆਉਂਦੇ ਰਹੇ ਹਨ।
ਡੇਰੇ ਦੀ ਵੈਬਾਸਾਈਟ ਮੁਤਾਬਕ ਇਸ ਦੀ ''ਰੂਹਾਨੀ ਵਿਚਾਰਧਾਰਾ ਦੇ ਪ੍ਰਚਾਰ ਲਈ ਸਤਿਸੰਗ'' ਕਿਰਾਏ ਦੇ ਹਾਲਾਂ, ਕਮਿਊਨਿਟੀ ਸੈਂਟਰਾਂ ਜਾਂ ਡੇਰੇ ਦੀ ਮਲਕੀਅਤ ਵਾਲੀਆਂ ਜਾਇਦਾਦਾਂ ਵਿੱਚ ਹੁੰਦੇ ਹਨ।
ਇਨ੍ਹਾਂ ਦਾ ਮਕਸਦ ਡੇਰੇ ਦੇ ਫਲਸਫ਼ੇ ਦੀ ਵਿਆਖਿਆ ਕਰਨਾ ਹੈ। ਸਤਿਸੰਗ ਗ਼ੈਰ-ਸੰਪ੍ਰਦਾਇਕ ਹਨ ਅਤੇ ਆਮ ਜਨਤਾ ਲਈ ਖੁੱਲ੍ਹੇ ਹਨ, ਜਿਸ ਦੀ ਕੋਈ ਫੀਸ ਨਹੀਂ ਲਈ ਜਾਂਦੀ ਹੈ ਅਤੇ ਕੋਈ ਇਸ਼ਤਿਹਾਰਬਾਜ਼ੀ ਜਾਂ ਧਰਮ ਪਰਿਵਰਤਨ ਨਹੀਂ ਕਰਵਾਇਆ ਜਾਂਦਾ।

ਤਸਵੀਰ ਸਰੋਤ, Getty Images
ਪੰਜਾਬ 'ਚ ਕਿੰਨੇ ਡੇਰੇ ਹਨ
ਅਜਿਹਾ ਮੰਨਿਆ ਜਾਂਦਾ ਹੈ ਕਿ ਪੰਜਾਬ ਵਿਚ ਡੇਰਿਆਂ ਦੀ ਸ਼ੁਰੂਆਤ ਦਾ ਵੱਡਾ ਕਾਰਨ ਸਮਾਜਿਕ ਭੇਦਭਾਵ ਹੈ ਅਤੇ ਇਹੀ ਕਾਰਨ ਹੈ ਕਿ ਇਨ੍ਹਾਂ ਡੇਰਿਆਂ ਦੇ ਜ਼ਿਆਦਾਤਰ ਸਮਰਥਕ ਸਮਾਜ ਦੇ ਹੇਠਲੇ ਤਬਕੇ ਤੋਂ ਆਉਂਦੇ ਹਨ।
ਇਹ ਡੇਰੇ ਲੋਕਾਂ ਨੂੰ ਭਜਨ ਕਰਨ, ਸ਼ਰਾਬ ਛੱਡਣ, ਨਸ਼ਿਆਂ ਤੋਂ ਦੂਰ ਰਹਿਣ ਅਤੇ ਔਰਤਾਂ ਦਾ ਸਨਮਾਨ ਕਰਨ ਵਰਗੇ ਸੰਦੇਸ਼ ਦਿੰਦੇ ਹਨ।
ਡੇਰਿਆਂ ਅਤੇ ਧਰਮ ਦਾ 'ਆਪਸ ਵਿੱਚ ਬਹੁਤ ਨੇੜੇ ਦਾ ਸਬੰਧ' ਹੈ। ਡੇਰੇ ਪੂਰੀ ਤਰ੍ਹਾਂ ਧਰਮ ਵਾਂਗ ਸੰਸਥਾ ਨਹੀਂ ਪਰ ਉਸੇ ਤਰੀਕੇ ਨਾਲ ਕੰਮ ਕਰਦੇ ਹਨ।
ਸਿੱਖ ਧਰਮ ਦੇ ਹੋਂਦ ਵਿੱਚ ਆਉਣ ਨਾਲ-ਨਾਲ ਹੀ ਨਵੇਂ ਡੇਰਿਆਂ ਦੇ ਹੋਂਦ ਵਿੱਚ ਆਉਣ ਦਾ ਸਿਲਸਿਲਾ ਵੀ ਸ਼ੁਰੂ ਹੁੰਦਾ ਹੈ। ਇਨ੍ਹਾਂ ਵਿੱਚ ਉਦਾਸੀ, ਨਿਰਮਲੇ, ਨਿੰਰਕਾਰੀ, ਨਾਮਧਾਰੀ ਆਦਿ ਜ਼ਿਕਰਯੋਗ ਹਨ।
ਪੰਜਾਬ ਵਿੱਚ ਕਿੰਨੇ ਡੇਰੇ ਹਨ ਇਨ੍ਹਾਂ ਦੀ ਸਹੀ ਗਿਣਤੀ ਦਾ ਕੋਈ ਰਿਕਾਰਡ ਨਹੀਂ ਮਿਲਦਾ ਹੈ। ਪਰ ਯਕੀਨ ਨਾਲ ਇੱਕ ਦਾਅਵਾ ਜਰੂਰ ਕੀਤਾ ਜਾ ਸਕਦਾ ਹੈ ਕਿ ਇਨ੍ਹਾਂ ਦੀ ਗਿਣਤੀ ਸੈਕੜਿਆਂ ਵਿੱਚ ਹੈ।
ਪੰਜਾਬ ਦੇ 12 ਹਜ਼ਾਰ ਤੋਂ ਵੱਧ ਪਿੰਡਾਂ ਵਿੱਚੋਂ ਸ਼ਾਇਦ ਹੀ ਕੋਈ ਪਿੰਡ ਅਜਿਹਾ ਹੋਵੇ ਜਿੱਥੇ ਕੋਈ ਛੋਟਾ-ਮੋਟਾ ਡੇਰਾ ਨਾ ਹੋਵੇ। ਪਰ ਜਾਣਕਾਰ ਮੰਨਦੇ ਹਨ 300 ਦੇ ਕਰੀਬ ਵੱਡੇ ਡੇਰੇ ਹਨ।
ਇਨ੍ਹਾਂ ਵਿੱਚ ਸਿੱਖ, ਹਿੰਦੂ, ਸੂਫ਼ੀ ਅਤੇ ਇਸਾਈ ਪਾਦਰੀਆਂ ਦੇ ਨਿੱਜੀ ਡੇਰੇ ਵੀ ਸ਼ਾਮਲ ਹਨ।
ਇਨ੍ਹਾਂ ਵਿੱਚੋਂ ਸਿਰਫ਼ ਦਰਜਨ ਦੇ ਕਰੀਬ ਹੀ ਡੇਰੇ ਹਨ, ਜਿਨ੍ਹਾਂ ਦੇ ਪੈਰੋਕਾਰਾਂ ਦੀ ਗਿਣਤੀ ਹਜ਼ਾਰਾਂ ਤੋਂ ਲੱਖਾਂ ਦੇ ਅੰਕੜੇ ਤੱਕ ਪਹੁੰਚਦੀ ਹੋਵੇਗੀ, ਜਿਨ੍ਹਾਂ ਵਿੱਚ ਡੇਰਾ ਰਾਧਾ ਸੁਆਮੀ ਦਾ ਨਾਮ ਸ਼ੁਮਾਰ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












