ਲੰਬੀ ਅਤੇ ਸਿਹਤਮੰਦ ਜ਼ਿੰਦਗੀ ਜਿਉਣ ਲਈ ਇਹ ਸਾਧਾਰਨ ਪੰਜ ਵਿਗਿਆਨਕ ਤਰੀਕੇ ਕੰਮ ਆ ਸਕਦੇ ਹਨ

ਤਸਵੀਰ ਸਰੋਤ, Getty Images
- ਲੇਖਕ, ਮੈਲਿਸਾ ਹੋਗੇਨਬੂਮ
- ਰੋਲ, ਸੀਨੀਆਰ ਸਿਹਤ ਪੱਤਰਕਾਰ, ਬੀਬੀਸੀ ਗਲੋਬਲ
ਸਧਾਰਨ ਤੇ ਵਿਗਿਆਨਕ ਤੌਰ 'ਤੇ ਸਿੱਧ ਹੋਏ ਬਦਲਾਅ, ਜੋ ਤੁਸੀਂ ਹੁਣ ਕਰਕੇ ਆਪਣੀ ਬਾਅਦ ਦੀ ਜ਼ਿੰਦਗੀ ਨੂੰ ਸਿਹਤਮੰਦ ਬਣਾ ਸਕਦੇ ਹੋ।
ਜੇਕਰ ਤੁਸੀਂ ਅਕਸਰ ਆਪਣੀਆਂ ਚਾਬੀਆਂ ਕਿਤੇ ਰੱਖ ਕੇ ਭੁੱਲ ਜਾਂਦੇ ਹੋ ਤਾਂ ਤੁਸੀਂ ਅਜਿਹੇ ਇਕੱਲੇ ਨਹੀਂ ਹੋ। ਭੁੱਲਣ ਦੀ ਆਦਤ ਵਧਣਾ ਬੁਢਾਪੇ ਦਾ ਇੱਕ ਆਮ ਹਿੱਸਾ ਹੈ ਅਤੇ ਇਹ ਵਿਆਪਕ ਧਾਰਨਾ ਹੈ ਕਿ ਉਮਰ ਵਧਣ ਦੇ ਨਾਲ ਸਾਡੀਆਂ ਬੌਧਿਕ (ਸੋਚਣ-ਸਮਝਣ ਦੀਆਂ) ਸਮਰੱਥਾਵਾਂ ਘਟਦੀਆਂ ਜਾਂਦੀਆਂ ਹਨ।
ਪਰ ਬੌਧਿਕ ਕਮਜ਼ੋਰੀਆਂ ਬੁਢਾਪੇ ਦਾ ਕੋਈ ਲਾਜ਼ਮੀ ਹਿੱਸਾ ਨਹੀਂ ਹਨ। ਅਜਿਹੇ ਕਦਮ ਹਨ ਜੋ ਅਸੀਂ ਸਾਰੇ ਲੰਬੇ ਸਮੇਂ ਤੱਕ ਚੰਗੀ ਤਰ੍ਹਾਂ ਜੀਉਣ ਲਈ ਚੁੱਕ ਸਕਦੇ ਹਾਂ ਅਤੇ ਇਸ ਪ੍ਰਕਿਰਿਆ ਵਿੱਚ ਆਪਣੇ ਦਿਮਾਗ ਦੀ ਰੱਖਿਆ ਕਰ ਸਕਦੇ ਹਾਂ।
ਬਚਪਨ ਦੇ ਸ਼ੁਰੂਆਤੀ ਦੌਰ ਵਿੱਚ ਸਾਡਾ ਦਿਮਾਗ ਲਗਾਤਾਰ ਨਿਊਰੋਨਸ ਦੇ ਵਿਚਕਾਰ ਨਵੇਂ ਸਬੰਧ ਬਣਾਉਂਦਾ ਹੈ ਜਾਂ ਪੁਰਾਣੇ ਸਬੰਧਾਂ ਨੂੰ ਮਜ਼ਬੂਤ ਕਰਦਾ ਹੈ। ਬੱਚਿਆਂ ਦੇ ਰੂਪ ਵਿੱਚ ਪਹਿਲੇ ਕੁਝ ਸਾਲਾਂ 'ਚ ਹਰ ਸਕਿੰਟ ਵਿੱਚ ਦਸ ਲੱਖ ਤੋਂ ਵੱਧ ਨਵੇਂ ਨਿਊਰਲ ਕਨੈਕਸ਼ਨ ਬਣਦੇ ਹਨ।
ਪਰ ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਹੈ, ਇਹ ਰਫ਼ਤਾਰ ਹੌਲੀ ਹੋਣੀ ਸ਼ੁਰੂ ਹੋ ਜਾਂਦੀ ਹੈ, ਖਾਸ ਕਰਕੇ ਉਦੋਂ ਜਦੋਂ ਇਨ੍ਹਾਂ ਵਿੱਚੋਂ ਕੁਝ ਕਨੈਕਸ਼ਨਾਂ ਦੀ ਹੁਣ ਲੋੜ ਨਹੀਂ ਰਹਿੰਦੀ। ਇੱਕ ਤਾਜ਼ਾ ਅਧਿਐਨ ਨੇ ਦਿਖਾਇਆ ਹੈ ਕਿ ਸਾਡਾ ਦਿਮਾਗ ਸਾਡੇ ਜੀਵਨ ਕਾਲ ਵਿੱਚ ਪੰਜ ਮੁੱਖ 'ਯੁੱਗਾਂ' ਵਿੱਚੋਂ ਗੁਜ਼ਰਦਾ ਹੈ, ਜਿਸ ਵਿੱਚ ਔਸਤਨ 9 ਸਾਲ, 32 ਸਾਲ, 66 ਸਾਲ ਅਤੇ 83 ਸਾਲ ਦੀ ਉਮਰ ਵਿੱਚ ਮੁੱਖ ਮੋੜ ਆਉਂਦੇ ਹਨ।
ਇਸ ਵਿੱਚ ਪਾਇਆ ਗਿਆ ਕਿ ਸਾਡਾ ਦਿਮਾਗ ਕੇਵਲ 30 ਸਾਲਾਂ ਦੀ ਉਮਰ ਵਿੱਚ ਆਪਣੇ 'ਬਾਲਗ' ਪੜਾਅ ਵਿੱਚ ਪਹੁੰਚਦਾ ਹੈ ਕਿਉਂਕਿ ਦਿਮਾਗ ਦੇ ਹਿੱਸੇ ਵਧੇਰੇ ਸੰਗਠਿਤ ਹੋ ਜਾਂਦੇ ਹਨ, ਜਦੋਂ ਕਿ 60 ਸਾਲ ਦੀ ਉਮਰ ਦੇ ਅੱਧ ਤੱਕ ਪਹੁੰਚਦਿਆਂ ਇਸ ਦੀ ਬਣਤਰ ਬੁਢਾਪੇ ਦੇ ਸੰਕੇਤ ਦਿਖਾਉਣ ਲੱਗ ਪੈਂਦੀ ਹੈ।
ਪਰ ਸਾਡੇ ਦਿਮਾਗ ਦੀ ਬਣਤਰ ਵਿੱਚ ਇਹ ਤਬਦੀਲੀਆਂ ਹਰ ਕਿਸੇ ਲਈ ਇੱਕੋ ਜਿਹੀਆਂ ਨਹੀਂ ਹੁੰਦੀਆਂ ਅਤੇ ਨਾ ਹੀ ਇਹ ਪੱਥਰ 'ਤੇ ਲਕੀਰ ਹਨ। ਜਿਵੇਂ ਅਸੀਂ ਮਾਸਪੇਸ਼ੀਆਂ ਨੂੰ ਮਜ਼ਬੂਤ ਰੱਖਣ ਲਈ ਕਸਰਤ ਕਰਦੇ ਹਾਂ, ਉਸੇ ਤਰ੍ਹਾਂ ਦਿਮਾਗੀ ਸਬੰਧਾਂ ਨੂੰ ਬਣਾਈ ਰੱਖਣ ਲਈ ਸਾਨੂੰ ਆਪਣੇ ਮਨ ਨੂੰ ਕਿਰਿਆਸ਼ੀਲ (ਐਕਟਿਵ) ਰੱਖਣ ਦੀ ਲੋੜ ਹੁੰਦੀ ਹੈ।
ਇੱਕ ਵੱਡੀ ਖੋਜ ਵਿੱਚ ਪਾਇਆ ਗਿਆ ਹੈ ਕਿ ਇੱਕ ਸਰਗਰਮ ਜੀਵਨ ਸ਼ੈਲੀ ਡਿਮੈਂਸ਼ੀਆ (ਯਾਦਾਸ਼ਤ ਜਾਣ ਦੀ ਬਿਮਾਰੀ) ਨੂੰ ਕਾਫ਼ੀ ਹੱਦ ਤੱਕ ਟਾਲ ਸਕਦੀ ਹੈ ਜਾਂ ਲੋਕਾਂ ਨੂੰ ਇਸ ਤੋਂ ਬਚਣ ਵਿੱਚ ਮਦਦ ਕਰ ਸਕਦੀ ਹੈ।
ਟੀਮ ਨੇ ਦਿਖਾਇਆ ਕਿ ਸਿੱਖਿਆ, ਮੇਲ-ਜੋਲ, ਕੰਮ ਅਤੇ ਮਨੋਰੰਜਨ ਦੀਆਂ ਗਤੀਵਿਧੀਆਂ ਬੌਧਿਕ ਭੰਡਾਰ ਬਣਾਉਣ ਵਿੱਚ ਮਦਦ ਕਰਦੀਆਂ ਹਨ।
ਇਹ ਦਿਮਾਗ ਦੀ ਉਮਰ ਵਧਣ ਕਾਰਨ ਹੋਣ ਵਾਲੇ ਕਿਸੇ ਵੀ ਨੁਕਸਾਨ ਨੂੰ ਸਹਿਣ ਦੀ ਸਮਰੱਥਾ ਨੂੰ ਦਰਸਾਉਂਦਾ ਹੈ, ਕਿਉਂਕਿ ਦਿਮਾਗ ਨੁਕਸਾਨ ਦੀ ਭਰਪਾਈ ਲਈ ਨਵੇਂ ਰਸਤੇ ਲੱਭ ਸਕਦਾ ਹੈ, ਜਿਸ ਨਾਲ ਦਿਮਾਗ ਉਮਰ ਦੇ ਨਾਲ ਹੋਣ ਵਾਲੀ ਗਿਰਾਵਟ ਦੇ ਵਿਰੁੱਧ ਵਧੇਰੇ ਮਜ਼ਬੂਤ ਬਣ ਜਾਂਦਾ ਹੈ।
ਮੈਂ ਪਿਛਲੇ ਕੁਝ ਮਹੀਨਿਆਂ ਤੋਂ ਇਸ ਵਿਗਿਆਨ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਅਸੀਂ ਕਿਵੇਂ ਵਧੀਆ ਢੰਗ ਨਾਲ ਬੁੱਢੇ ਹੋ ਸਕਦੇ ਹਾਂ ਅਤੇ ਕਈ ਮਾਹਰਾਂ ਨਾਲ ਗੱਲਬਾਤ ਕੀਤੀ, ਆਪਣੇ ਨਵੇਂ ਨਿਊਜ਼ਲੈਟਰ ਕੋਰਸ ''ਲਿਵ ਵੈੱਲ ਫੌਰ ਲੌਂਗਰ" ਲਈ, ਜੋ 17 ਜਨਵਰੀ 2026 ਨੂੰ ਸ਼ੁਰੂ ਹੋ ਰਿਹਾ ਹੈ।
ਅਸੀਂ ਇਸ ਵਿੱਚ ਸਧਾਰਨ ਪਰ ਅਮਲ ਕਰਨ ਯੋਗ ਵਿਗਿਆਨ-ਅਧਾਰਿਤ ਕਸਰਤਾਂ ਭਰੀਆਂ ਹਨ ਜੋ ਤੁਹਾਨੂੰ ਲੰਬੇ ਸਮੇਂ ਤੱਕ ਸਿਹਤਮੰਦ ਰੱਖਣ ਵਿੱਚ ਮਦਦ ਕਰਨਗੀਆਂ।
ਮੇਰੇ ਲਈ ਸਭ ਤੋਂ ਖਾਸ ਗੱਲ ਇਹ ਹੈ ਕਿ ਖੋਜ ਤੋਂ ਪਤਾ ਲੱਗਦਾ ਹੈ ਕਿ ਅਸੀਂ ਛੋਟੀਆਂ-ਛੋਟੀਆਂ ਲਗਾਤਾਰ ਤਬਦੀਲੀਆਂ ਕਰਕੇ ਆਪਣੀ ਲੰਬੀ ਉਮਰ 'ਤੇ ਕਿਵੇਂ ਅਸਰ ਪਾ ਸਕਦੇ ਹਾਂ।
ਉਦਾਹਰਨ ਵਜੋਂ, ਇਹ ਸਪੱਸ਼ਟ ਹੈ ਕਿ ਜਦੋਂ ਅਸੀਂ ਸਰੀਰਕ ਤੌਰ 'ਤੇ ਸਰਗਰਮ ਹੁੰਦੇ ਹਾਂ ਤਾਂ ਇਹ ਸਾਡੀ ਦਿਮਾਗੀ ਸਿਹਤ ਅਤੇ ਤੰਦਰੁਸਤੀ ਨੂੰ ਵੀ ਲਾਭ ਪਹੁੰਚਾਉਂਦਾ ਹੈ।
ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ, ਹੇਠਾਂ ਪੰਜ ਤਰੀਕੇ ਦਿੱਤੇ ਗਏ ਹਨ ਜਿਨ੍ਹਾਂ ਨਾਲ ਤੁਸੀਂ ਆਪਣੀ ਤੰਦਰੁਸਤੀ ਨੂੰ ਵਧਾ ਸਕਦੇ ਹੋ ਅਤੇ ਇਸ ਪ੍ਰਕਿਰਿਆ ਵਿੱਚ ਆਪਣੇ ਦਿਮਾਗ ਨੂੰ ਜਵਾਨ ਰੱਖ ਸਕਦੇ ਹੋ।

ਕੁਝ ਨਵਾਂ ਸਿੱਖਣ ਲਈ ਕਦੇ ਵੀ ਬਹੁਤੀ ਦੇਰ ਨਹੀਂ ਹੁੰਦੀ
ਸਭ ਤੋਂ ਪਹਿਲਾਂ ਇਹ ਸਮਝਣਾ ਮਹੱਤਵਪੂਰਨ ਹੈ ਕਿ ਸਾਡੀ ਬੌਧਿਕ ਸਿਹਤ ਕਈ ਕਿਸਮ ਦੀਆਂ ਯੋਗਤਾਵਾਂ ਦਾ ਇੱਕ ਵਿਸ਼ਾਲ ਸਮੂਹ ਹੈ ਜਿਨ੍ਹਾਂ ਨੂੰ ਅਸੀਂ ਹਰ ਰੋਜ਼ ਵਰਤਦੇ ਹਾਂ।
ਇਸ ਵਿੱਚ ਤਰਕ ਨਾਲ ਸੋਚਣ ਦੀ ਸਮਰੱਥਾ, ਸਮੱਸਿਆ ਹੱਲ ਕਰਨ ਦੀ ਯੋਗਤਾ, ਧਿਆਨ ਕੇਂਦ੍ਰਿਤ ਕਰਨ ਦੀ ਸਮਰੱਥਾ ਅਤੇ ਜਾਣਕਾਰੀ ਪ੍ਰਕਿਰਿਆ ਦੀ ਗਤੀ ਸ਼ਾਮਲ ਹੁੰਦੀ ਹੈ।
ਇਹ ਯੋਗਤਾਵਾਂ (ਹੁਨਰ) ਵੱਖ-ਵੱਖ ਹੋ ਸਕਦੀਆਂ ਹਨ ਅਤੇ ਸਾਡੀ ਜੀਵਨ ਸ਼ੈਲੀ ਦੇ ਆਧਾਰ 'ਤੇ ਵਿਕਸਿਤ ਅਤੇ ਬਦਲ ਸਕਦੀਆਂ ਹਨ।
ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਨ੍ਹਾਂ ਨੂੰ ਕਿਸੇ ਵੀ ਉਮਰ ਵਿੱਚ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਅਤੇ ਵਧਾਇਆ ਵੀ ਜਾ ਸਕਦਾ ਹੈ।
ਜਿਵੇਂ ਕਿ ਸਕਾਟਲੈਂਡ ਦੀ ਐਡਿਨਬਰਗ ਸਥਿਤ ਹੇਰਿਓਟ ਵਾਟ ਯੂਨੀਵਰਸਿਟੀ ਦੇ ਮਨੋਵਿਗਿਆਨੀ ਐਲਨ ਗੌ ਦੱਸਦੇ ਹਨ ਕਿ ਭਾਵੇਂ ਇਨ੍ਹਾਂ ਵਿੱਚੋਂ ਕੁਝ ਪ੍ਰਕਿਰਿਆਵਾਂ ਹੌਲੀ ਹੋ ਜਾਂਦੀਆਂ ਹਨ, ਪਰ ਬੌਧਿਕ ਸਮਰੱਥਾ ਵਿੱਚ ਭਾਰੀ ਗਿਰਾਵਟ ਬੁਢਾਪੇ ਦਾ ਕੋਈ ਲਾਜ਼ਮੀ ਨਤੀਜਾ ਨਹੀਂ ਹੈ।
ਉਹ ਕਹਿੰਦੇ ਹਨ, 'ਸਾਡੇ ਕੋਲ ਜੀਵਨ ਦੇ ਹਰ ਪੜਾਅ ਅਤੇ ਹਰ ਉਮਰ ਵਿੱਚ ਆਪਣੀ ਦਿਮਾਗੀ ਸਿਹਤ ਦੀ ਰੱਖਿਆ ਕਰਨ ਅਤੇ ਇਸ ਨੂੰ ਉਤਸ਼ਾਹਿਤ ਕਰਨ ਦੇ ਮੌਕੇ ਹੁੰਦੇ ਹਨ।'

ਅਸਲ ਵਿੱਚ ਅਸੀਂ ਆਪਣੇ ਬੌਧਿਕ ਹੁਨਰ ਨੂੰ ਅਜਿਹਾ ਹੁਲਾਰਾ ਦੇ ਸਕਦੇ ਹਾਂ ਜੋ ਭਵਿੱਖ ਵਿੱਚ ਸਾਡੀ ਸੋਚਣ ਦੀ ਸ਼ਕਤੀ ਦੀ ਰੱਖਿਆ ਕਰੇਗਾ।
ਹਾਲਾਂਕਿ ਕੁਝ ਬੌਧਿਕ ਸਮਰੱਥਾਵਾਂ ਵਿੱਚ ਉਮਰ ਦੇ ਨਾਲ ਬਦਲਾਅ ਆਉਣ ਦੀ ਸੰਭਾਵਨਾ ਹੁੰਦੀ ਹੈ, ਜਿਵੇਂ ਕਿ ਜਾਣਕਾਰੀ ਨੂੰ ਪ੍ਰੋਸੈਸ ਕਰਨ ਦੀ ਗਤੀ, ਪਰ ਐਲਨ ਗੌ ਦਾ ਕਹਿਣਾ ਹੈ ਕਿ ਇਸ ਨੂੰ ਲਾਜ਼ਮੀ ਤੌਰ 'ਤੇ ਸਮੱਸਿਆ ਨਹੀਂ ਮੰਨਿਆ ਜਾਣਾ ਚਾਹੀਦਾ, ਇਹ ਗਿਰਾਵਟ ਉਦੋਂ ਵੀ ਸ਼ੁਰੂ ਹੋ ਸਕਦੀ ਹੈ ਜਦੋਂ ਅਸੀਂ ਆਪਣੇ ਕੰਮਕਾਜੀ ਜੀਵਨ ਦੇ ਸਭ ਤੋਂ ਵਧੀਆ ਦੌਰ ਵਿੱਚ ਹੁੰਦੇ ਹਾਂ।
ਅਲਜ਼ਾਈਮਰ ਰਿਸਰਚ ਦੁਆਰਾ ਚਲਾਈ ਗਈ ਇੱਕ ਜਾਗਰੂਕਤਾ ਮੁਹਿੰਮ ਦਾ ਇੱਕ ਪ੍ਰਭਾਵਸ਼ਾਲੀ ਸੰਦੇਸ਼ ਇਹ ਹੈ ਕਿ ਨਵਾਂ ਐਕਸ਼ਨ ਲੈਣ ਲਈ 'ਨਾ ਕਦੇ ਬਹੁਤ ਜਲਦੀ ਹੁੰਦੀ ਹੈ ਅਤੇ ਨਾ ਹੀ ਕਦੇ ਬਹੁਤ ਦੇਰ'।
ਆਪਣੀ ਸੋਚਣ ਸਮਝਣ ਦੀ ਸਮਰੱਥਾ ਨੂੰ ਵਧਾਉਣ ਅਤੇ ਡਿਮੈਂਸ਼ੀਆ ਦੇ ਖ਼ਤਰੇ ਨੂੰ ਘਟਾਉਣ ਦਾ ਇੱਕ ਸਧਾਰਨ ਤਰੀਕਾ ਹੈ ਕੁਝ ਨਵਾਂ ਅਜ਼ਮਾਉਣਾ।
ਤੁਹਾਡੇ ਵਿੱਚੋਂ ਜਿਨ੍ਹਾਂ ਨੂੰ ਗਾਰਡਨਿੰਗ ਦਾ ਸ਼ੌਕ ਹੈ, ਉਹ ਗਾਰਡਨਿੰਗ ਦੀ ਕੋਸ਼ਿਸ਼ ਕਰ ਸਕਦੇ ਹਨ, ਕਿਉਂਕਿ ਖੋਜ ਦੱਸਦੀ ਹੈ ਕਿ ਇਹ ਬੌਧਿਕ ਕਾਰਜਸ਼ੀਲਤਾ ਨੂੰ ਬਰਕਰਾਰ ਰੱਖਦੀ ਹੈ ਅਤੇ ਇਸ ਤਰ੍ਹਾਂ ਤੁਹਾਨੂੰ ਲੰਬੇ ਸਮੇਂ ਤੱਕ ਜੀਉਣ ਵਿੱਚ ਮਦਦ ਕਰ ਸਕਦੀ ਹੈ।
ਡਾਕਟਰ ਹੁਣ ਇਸ ਨੂੰ ਸਿਹਤ ਸੰਭਾਲ ਵਿੱਚ ਵੀ ਸ਼ਾਮਲ ਕਰ ਰਹੇ ਹਨ। ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਹੈ, ਗਾਰਡਨਿੰਗ ਖਾਸ ਤੌਰ 'ਤੇ ਫਾਇਦੇਮੰਦ ਹੋ ਸਕਦੀ ਹੈ, ਕਿਉਂਕਿ ਪੌਦਿਆਂ ਬਾਰੇ ਸਿੱਖਣ ਅਤੇ ਉਨ੍ਹਾਂ ਨੂੰ ਜੀਵਿਤ ਰੱਖਣ ਦੀ ਪ੍ਰਕਿਰਿਆ ਸਾਡੇ ਦਿਮਾਗ ਦੇ ਉਨ੍ਹਾਂ ਹਿੱਸਿਆਂ ਨੂੰ ਸਰਗਰਮ ਕਰ ਸਕਦੀ ਹੈ ਜਿਨ੍ਹਾਂ ਦੀ ਅਸੀਂ ਸ਼ਾਇਦ ਵਰਤੋਂ ਨਹੀਂ ਕਰਦੇ।
ਜਾਂ ਫਿਰ ਕੋਈ ਨਵੀਂ ਭਾਸ਼ਾ ਸਿੱਖਣ ਬਾਰੇ ਕੀ ਖਿਆਲ ਹੈ? ਕਿਉਂਕਿ ਇਹ ਦਿਮਾਗ ਦੇ ਵੱਖ-ਵੱਖ ਹਿੱਸਿਆਂ ਨੂੰ ਜੋੜਦੀ ਹੈ ਅਤੇ ਇਨ੍ਹਾਂ ਖੇਤਰਾਂ ਵਿਚਕਾਰ ਸੰਪਰਕ ਨੂੰ ਵਧਾਉਂਦੀ ਹੈ।
ਅਜਿਹਾ ਕਰਨ ਨਾਲ ਅਲਜ਼ਾਈਮਰ ਦੇ ਲੱਛਣਾਂ ਦੇ ਸ਼ੁਰੂ ਹੋਣ ਵਿੱਚ ਪੰਜ ਸਾਲ ਤੱਕ ਦੀ ਦੇਰੀ ਪਾਈ ਗਈ ਹੈ।"
ਦਿਮਾਗ ਨੂੰ ਸਹੀ ਪੋਸ਼ਣ ਦੀ ਲੋੜ
ਦਹਾਕਿਆਂ ਦੀ ਖੋਜ ਨੇ ਸਾਨੂੰ ਦੱਸਿਆ ਹੈ ਕਿ ਸਾਨੂੰ ਇੱਕ ਸੰਤੁਲਿਤ ਅਤੇ ਸਿਹਤਮੰਦ ਖ਼ੁਰਾਕ ਦੀ ਲੋੜ ਹੈ, ਇਹ ਗੱਲ ਤਾਂ ਸਪੱਸ਼ਟ ਹੈ ਪਰ ਵਿਕਲਪ ਇੰਨੇ ਜ਼ਿਆਦਾ ਹਨ ਕਿ ਇਹ ਸਮਝਣਾ ਮੁਸ਼ਕਲ ਹੋ ਜਾਂਦਾ ਹੈ ਕਿ ਕਿਸ ਚੀਜ਼ 'ਤੇ ਧਿਆਨ ਕੇਂਦਰਿਤ ਕੀਤਾ ਜਾਵੇ।
ਇੱਕ ਸਧਾਰਨ ਦਿਸ਼ਾ-ਨਿਰਦੇਸ਼ ਇਹ ਹੈ ਕਿ ਆਪਣੀ ਖ਼ੁਰਾਕ ਵਿੱਚ ਫਲਾਂ ਅਤੇ ਸਬਜ਼ੀਆਂ ਦੇ ਵੱਧ ਤੋਂ ਵੱਧ ਰੰਗ ਸ਼ਾਮਲ ਕਰੋ। ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਸਾਨੂੰ ਲੋੜੀਂਦੇ ਵਿਟਾਮਿਨ, ਖਣਿਜ ਅਤੇ ਫਾਈਬਰ ਮਿਲਣਗੇ, ਜਿਸ ਨਾਲ ਦਿਮਾਗੀ ਸਿਹਤ ਨੂੰ ਫਾਇਦਾ ਹੋਵੇਗਾ।
ਉਦਾਹਰਨ ਵਜੋਂ, ਰੋਜ਼ਾਨਾ ਫਲਾਂ ਅਤੇ ਸਬਜ਼ੀਆਂ ਦਾ ਇੱਕ ਵਾਧੂ ਹਿੱਸਾ ਸਿਹਤ ਨੂੰ ਤੰਦਰੁਸਤ ਬਣਾਉਂਦਾ ਹੈ। ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸਿਆ ਹੈ, ਫਲਾਂ ਅਤੇ ਸਬਜ਼ੀਆਂ ਨਾਲ ਭਰਪੂਰ ਖ਼ੁਰਾਕ ਦੇ ਸਾਡੇ ਦਿਮਾਗ ਅਤੇ ਦਿਲ ਨੂੰ ਹੋਣ ਵਾਲੇ ਫਾਇਦੇ ਪੋਸ਼ਣ ਵਿਗਿਆਨ ਦੇ ਸਭ ਤੋਂ ਸਥਿਰ ਨਤੀਜਿਆਂ ਵਿੱਚੋਂ ਇੱਕ ਹਨ।
ਯੂਕੇ ਦੀ ਐਬਰਡੀਨ ਯੂਨੀਵਰਸਿਟੀ ਵਿੱਚ 'ਗੱਟ ਬਾਇਓਲੋਜੀ' ਦੀ ਪ੍ਰੋਫੈਸਰ ਕੈਰਨ ਸਕੌਟ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਬੌਧਿਕ ਸਿਹਤ ਲਈ ਸਭ ਤੋਂ ਪ੍ਰਭਾਵਸ਼ਾਲੀ ਖ਼ੁਰਾਕੀ ਤਬਦੀਲੀਆਂ ਵਿੱਚੋਂ ਇੱਕ ਹੈ ਫਾਈਬਰ ਦੀ ਮਾਤਰਾ ਵਧਾਉਣਾ।
ਇੱਕ ਤਾਜ਼ਾ ਅਧਿਐਨ ਵਿੱਚ ਪਾਇਆ ਗਿਆ ਕਿ ਇੱਕ ਸਧਾਰਨ ਫਾਈਬਰ ਸਪਲੀਮੈਂਟ ਨੇ ਤਿੰਨ ਮਹੀਨਿਆਂ ਵਿੱਚ ਦਿਮਾਗੀ ਕਾਰਜਪ੍ਰਣਾਲੀ ਵਿੱਚ ਸੁਧਾਰ ਦਿਖਾਇਆ।
ਚੰਗੀ ਖ਼ਬਰ ਇਹ ਹੈ ਕਿ ਇਸ ਦੇ ਬਹੁਤ ਸਾਰੇ ਵੱਖ-ਵੱਖ ਸਰੋਤ ਹਨ, ਜਿਵੇਂ ਕਿ ਡ੍ਰਾਈ ਫਰੂਟਸ ਤੋਂ ਲੈ ਕੇ ਫਲ ਅਤੇ ਸਬਜ਼ੀਆਂ, ਜਿਸ ਕਰਕੇ ਇਸ ਦੀ ਮਾਤਰਾ ਵਧਾਉਣਾ ਆਸਾਨ ਹੈ।
ਸਾਨੂੰ ਸਹੀ ਕਿਸਮ ਦੀ ਫੈਟ ਖਾਣ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਹੈ, ਜਿਵੇਂ ਕਿ ਪੌਲੀਅਨਸੈਚੁਰੇਟਿਡ ਫੈਟਸ, ਜੋ ਵੱਧ ਫੈਟ ਵਾਲੀ ਮੱਛੀ ਜਿਵੇਂ ਕਿ ਸਾਲਮਨ ਅਤੇ ਟਰਾਊਟ ਅਤੇ ਅਖਰੋਟ ਵਿੱਚ ਪਾਈ ਜਾਂਦੀ ਹੈ।
ਇਹ ਚੀਜ਼ਾਂ ਡਿਮੈਂਸ਼ੀਆ ਤੋਂ ਬਚਾਉਣ ਲਈ ਜਾਣੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਸੈਚੁਰੇਟਿਡ ਫੈਟਸ ਦੀ ਮਾਤਰਾ ਘਟਾਉਣਾ ਵੀ ਫਾਇਦੇਮੰਦ ਹੋ ਸਕਦਾ ਹੈ, ਜੋ ਕਿ ਪ੍ਰੋਸੈਸਡ ਮੀਟ ਵਿੱਚ ਆਮ ਹੁੰਦੀ ਹੈ।
ਇਹ ਫੈਟ ਜਿਗਰ ਵਿੱਚ 'ਸੇਰਾਮਾਈਡਜ਼' ਨਾਮਕ ਨੁਕਸਾਨਦੇਹ ਮਿਸ਼ਰਣ ਪੈਦਾ ਕਰ ਸਕਦੀ ਹੈ, ਜੋ ਦਿਲ ਦੀਆਂ ਬਿਮਾਰੀਆਂ ਅਤੇ ਅਲਜ਼ਾਈਮਰ ਦੇ ਵਧੇ ਹੋਏ ਖ਼ਤਰੇ ਨਾਲ ਜੁੜੇ ਹੋਏ ਹਨ।
ਸਾਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਆਪਣੀ ਖ਼ੁਰਾਕ ਵਿੱਚ ਲੋੜੀਂਦਾ 'ਕੋਲੀਨ' ਲੈ ਰਹੇ ਹਾਂ। ਕੋਲੀਨ ਆਮ ਤੌਰ 'ਤੇ ਅੰਡਿਆਂ ਦੇ ਨਾਲ-ਨਾਲ ਕਈ ਹੋਰ ਜਾਨਵਰਾਂ ਤੋਂ ਮਿਲਣ ਵਾਲੇ ਭੋਜਨਾਂ ਵਿੱਚ ਪਾਇਆ ਜਾਂਦਾ ਹੈ ਅਤੇ ਇਹ ਸਾਡੀ ਯਾਦਾਸ਼ਤ ਨੂੰ ਸੁਧਾਰਨ ਨਾਲ ਜੁੜਿਆ ਹੋਇਆ ਹੈ।
ਜਦੋਂ ਕਿ ਇਸ ਦੀ ਕਮੀ ਨੂੰ ਪਾਰਕਿੰਸਨਸ ਅਤੇ ਅਲਜ਼ਾਈਮਰ ਦੀ ਬਿਮਾਰੀ ਨਾਲ ਜੋੜਿਆ ਗਿਆ ਹੈ। ਕੋਲੀਨ ਦੀ ਜ਼ਿਆਦਾ ਮਾਤਰਾ ਲੈਣ ਨਾਲ ਡਿਪ੍ਰੈਸ਼ਨ ਦਾ ਖ਼ਤਰਾ ਵੀ ਘੱਟ ਪਾਇਆ ਗਿਆ ਹੈ।

ਕਸਰਤ ਕਰਨ ਦੇ ਫਾਇਦੇ
ਜਦੋਂ ਗੱਲ ਲੋੜੀਂਦੀ ਕਸਰਤ ਕਰਨ ਦੀ ਆਉਂਦੀ ਹੈ ਤਾਂ ਸਾਡੀਆਂ ਨੇਕ ਇੱਛਾਵਾਂ ਦੇ ਬਾਵਜੂਦ ਹਰ ਹਫ਼ਤੇ ਤੈਅ ਸਮੇਂ ਮੁਤਾਬਕ ਕਸਰਤ ਕਰਨਾ ਮੁਸ਼ਕਲ ਹੋ ਸਕਦਾ ਹੈ।
ਇਸ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਫਾਇਦੇ ਲੈਣ ਲਈ ਤੁਹਾਨੂੰ ਬਹੁਤ ਜ਼ਿਆਦਾ ਸਖ਼ਤ ਕਸਰਤ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਨਿਯਮਿਤ ਤੌਰ 'ਤੇ ਪੈਦਲ ਚੱਲਣਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
ਤੁਸੀਂ ਕਿੰਨੀ ਤੇਜ਼ ਚੱਲਦੇ ਹੋ, ਚਾਹੇ ਉਹ ਦੁਕਾਨਾਂ ਤੱਕ ਜਾਣਾ ਹੋਵੇ ਜਾਂ ਪਾਰਕ ਤੱਕ, ਇਹ ਤੁਹਾਡੀ ਸਮੁੱਚੀ ਸਿਹਤ ਅਤੇ ਤੁਹਾਡੇ ਦਿਮਾਗ ਦੀ ਉਮਰ ਬਾਰੇ ਜਾਣਕਾਰੀ ਦੇ ਸਕਦਾ ਹੈ।
ਜਾਂ ਜੇਕਰ ਤੁਹਾਡੇ ਦਫ਼ਤਰ ਵਿੱਚ ਐਸਕੇਲੇਟਰ ਹਨ ਤਾਂ ਉਨ੍ਹਾਂ ਦੀ ਬਜਾਏ ਆਮ ਪੌੜੀਆਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਦਿਨ ਵਿੱਚ ਸਿਰਫ਼ ਕੁਝ ਮੰਜ਼ਿਲਾਂ ਚੜ੍ਹਨਾ ਵੀ ਤੁਹਾਡੀ ਸਿਹਤ ਅਤੇ ਦਿਮਾਗ ਨੂੰ ਹੁਲਾਰਾ ਦੇ ਸਕਦਾ ਹੈ।
ਤੁਸੀਂ ਕਿਸੇ ਵੀ ਰੂਪ ਵਿੱਚ ਕਸਰਤ ਕਰੋ, ਲਗਾਤਾਰ ਹਰਕਤ ਵਿੱਚ ਰਹਿਣ ਦੇ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਬਹੁਤ ਵੱਡੇ ਫਾਇਦੇ ਹਨ।
ਇਹ ਦਿਮਾਗ ਦੇ ਉਨ੍ਹਾਂ ਹਿੱਸਿਆਂ ਨੂੰ ਮਜ਼ਬੂਤ ਕਰਦਾ ਹੈ ਜਿਨ੍ਹਾਂ ਨੂੰ ਅਲਜ਼ਾਈਮਰ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ, ਜਿਸ ਨਾਲ ਦਿਮਾਗ ਬੁਢਾਪੇ ਦੇ ਪ੍ਰਭਾਵਾਂ ਪ੍ਰਤੀ ਵਧੇਰੇ ਮਜ਼ਬੂਤ ਬਣ ਜਾਂਦਾ ਹੈ ਅਤੇ ਸੰਭਾਵੀ ਤੌਰ 'ਤੇ ਬੌਧਿਕ ਗਿਰਾਵਟ ਹੌਲੀ ਹੋ ਜਾਂਦੀ ਹੈ।
ਇੱਕ ਤਾਜ਼ਾ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਅੱਧਖੜ ਉਮਰ ਵਿੱਚ ਸਭ ਤੋਂ ਵੱਧ ਕਸਰਤ ਕੀਤੀ, ਉਨ੍ਹਾਂ ਵਿੱਚ ਸਭ ਤੋਂ ਘੱਟ ਕਸਰਤ ਕਰਨ ਵਾਲਿਆਂ ਦੇ ਮੁਕਾਬਲੇ ਡਿਮੈਂਸ਼ੀਆ ਦਾ ਖ਼ਤਰਾ 45 ਫੀਸਦ ਤੱਕ ਘੱਟ ਸੀ।
ਸਭ ਤੋਂ ਵਧੀਆ ਗੱਲ ਇਹ ਹੈ ਕਿ ਕਸਰਤ ਮੂਡ ਨੂੰ ਖੁਸ਼ਗਵਾਰ ਬਣਾਉਂਦੀ ਹੈ ਅਤੇ ਡਿਪ੍ਰੈਸ਼ਨ ਨੂੰ ਘਟਾ ਸਕਦੀ ਹੈ।
ਯੂਕੇ ਦੀ ਲੀਡਜ਼ ਯੂਨੀਵਰਸਿਟੀ ਵਿੱਚ ਬੌਧਿਕ ਬੁਢਾਪੇ ਅਤੇ ਨਿਊਰੋਇਮੇਜਿੰਗ ਦੀ ਪ੍ਰੋਫੈਸਰ ਮੇਲਾਨੀ ਬਰਕ ਦਾ ਕਹਿਣਾ ਹੈ ਕਿ ਵਧੀਆ ਢੰਗ ਨਾਲ ਉਮਰ ਵਧਣ ਬਾਰੇ ਇੱਕ ਮਹੱਤਵਪੂਰਨ ਅਤੇ ਸਕਾਰਾਤਮਕ ਸੰਦੇਸ਼ ਇਹ ਹੈ ਕਿ ਇਹ ਬੁਢਾਪੇ ਦੇ ਬਾਹਰੀ ਕਾਰਕਾਂ ਬਾਰੇ ਨਹੀਂ ਹੈ, ਬਲਕਿ "ਅੰਦਰੂਨੀ ਕਾਰਕ ਕਿਤੇ ਜ਼ਿਆਦਾ ਮਹੱਤਵਪੂਰਨ ਹਨ, ਕਿਉਂਕਿ ਜੇਕਰ ਤੁਸੀਂ ਅੰਦਰੋਂ ਚੰਗਾ ਮਹਿਸੂਸ ਕਰਦੇ ਹੋ, ਤਾਂ ਤੁਸੀਂ ਬਾਹਰੋਂ ਵੀ ਚੰਗੇ ਦਿਖੋਗੇ।"
ਉਹ ਅੱਗੇ ਕਹਿੰਦੇ ਹਨ ਕਿ ਸਰਗਰਮ ਰਹਿਣ ਅਤੇ ਜੀਵਨ ਦੀ ਬਿਹਤਰ ਗੁਣਵੱਤਾ ਲਈ ਚੰਗਾ ਮਹਿਸੂਸ ਕਰਨਾ ਬਹੁਤ ਜ਼ਰੂਰੀ ਹੈ।
ਲੰਬੀ ਉਮਰ ਜਿਉਣ ਲਈ ਦੋਸਤਾਂ ਨੂੰ ਪਹਿਲ ਦਿਓ
'ਲਿਵ ਵੈੱਲ ਫਾਰ ਲੌਂਗਰ' ਕੋਰਸ ਲਈ ਖੋਜ ਕਰਦੇ ਸਮੇਂ ਜੋ ਗੱਲ ਮੈਨੂੰ ਨਿੱਜੀ ਤੌਰ 'ਤੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਲੱਗੀ ਅਤੇ ਜਿਸ ਦਾ ਮੈਂ ਤੁਰੰਤ ਲਾਭ ਉਠਾ ਸਕਦਾ ਹਾਂ, ਉਹ ਇਹ ਹੈ ਕਿ ਸਾਡੀ ਸਮਾਜਿਕ ਦੁਨੀਆ ਸਾਡੀ ਤੰਦਰੁਸਤੀ ਲਈ ਕਿੰਨੀ ਮਹੱਤਵਪੂਰਨ ਹੈ ਨਾ ਸਿਰਫ਼ ਹੁਣ ਲਈ, ਸਗੋਂ ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਹੈ ਉਸ ਸਮੇਂ ਲਈ ਵੀ।
ਕਈ ਵਾਰ ਮੈਂ ਕਿਸੇ ਭੀੜ-ਭੜੱਕੇ ਵਾਲੇ ਅਤੇ ਸ਼ੋਰ-ਸ਼ਰਾਬੇ ਵਾਲੇ ਪਬ ਵਿੱਚ ਜਾਣ ਦੀ ਬਜਾਏ ਘਰ ਵਿੱਚ ਸ਼ਾਮ ਬਿਤਾਉਣ ਨੂੰ ਜ਼ਿਆਦਾ ਤਰਜੀਹ ਦਿੰਦਾ ਹਾਂ, ਪਰ ਦੋਸਤਾਂ ਨੂੰ ਮਿਲਣ ਤੋਂ ਬਾਅਦ ਮੈਂ ਹਮੇਸ਼ਾ ਬਿਹਤਰ ਮਹਿਸੂਸ ਕਰਦਾ ਹਾਂ।
ਮੈਂ ਸਿੱਖਿਆ ਹੈ ਕਿ ਦੋਸਤਾਂ ਨਾਲ ਨਿਯਮਿਤ ਮੁਲਾਕਾਤਾਂ ਨੂੰ ਪਹਿਲ ਦੇਣਾ, ਚਾਹੇ ਉਹ ਦੌੜਦੇ ਸਮੇਂ ਹੋਵੇ ਜਾਂ ਥੋੜ੍ਹੀ ਦੇਰ ਕੌਫੀ ਪੀਂਦੇ ਹੋਏ, ਸੱਚਮੁੱਚ ਮੇਰੇ ਮੂਡ ਨੂੰ ਵਧਾਉਂਦਾ ਹੈ।
ਫਿਰ ਵੀ ਮੈਂ ਦੇਖਦਾ ਹਾਂ ਕਿ ਬਹੁਤ ਸਾਰੇ ਲੋਕ ਦੂਜਿਆਂ ਨੂੰ ਮਿਲਣ ਲਈ ਕੋਸ਼ਿਸ਼ ਕਰਨਾ ਹੀ ਬੰਦ ਕਰ ਦਿੰਦੇ ਹਨ। ਇਸ ਗੱਲ ਦੇ ਲਗਾਤਾਰ ਸਬੂਤ ਮਿਲ ਰਹੇ ਹਨ ਕਿ ਵਿਸ਼ਵ ਪੱਧਰ 'ਤੇ ਇਕੱਲਾਪਣ ਵਧ ਰਿਹਾ ਹੈ।
ਦੂਜਿਆਂ ਨਾਲ ਸਮਾਜਿਕ ਮੇਲ-ਜੋਲ ਸਾਡੀ ਉਮਰ ਵਧਾਉਂਦਾ ਹੈ ਅਤੇ ਜੋ ਲੋਕ ਮਿਲਣਸਾਰ ਹੁੰਦੇ ਹਨ, ਉਹ ਅਲੱਗ-ਥਲੱਗ ਰਹਿਣ ਵਾਲਿਆਂ ਨਾਲੋਂ ਜ਼ਿਆਦਾ ਸਿਹਤਮੰਦ ਹੁੰਦੇ ਹਨ।
ਜਿਵੇਂ ਕਿ ਮੇਰੇ ਇੱਕ ਸਹਿਕਰਮੀ ਡੇਵਿਡ ਰੌਬਸਨ ਨੇ ਦੱਸਿਆ ਹੈ, ਸਾਡੀਆਂ ਦੋਸਤੀਆਂ 'ਸਾਡੇ ਇਮਿਊਨ ਸਿਸਟਮ ਦੀ ਮਜ਼ਬੂਤੀ ਤੋਂ ਲੈ ਕੇ ਦਿਲ ਦੀ ਬਿਮਾਰੀ ਨਾਲ ਮਰਨ ਦੇ ਖ਼ਤਰੇ ਤੱਕ, ਹਰ ਚੀਜ਼ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ'। ਉਹ ਸਾਨੂੰ ਲੰਬੀ ਉਮਰ ਜਿਉਣ ਵਿੱਚ ਵੀ ਮਦਦ ਕਰ ਸਕਦੀਆਂ ਹਨ।
ਦਰਅਸਲ, ਤੁਹਾਡਾ ਸਮਾਜਿਕ ਦਾਇਰਾ ਤੁਹਾਡੀ ਸਿਹਤ ਨੂੰ ਓਨਾ ਹੀ ਪ੍ਰਭਾਵਿਤ ਕਰ ਸਕਦਾ ਹੈ ਜਿੰਨੀ ਕਿ ਤੁਹਾਡੀ ਕਸਰਤ।
ਇਸੇ ਕਰਕੇ ਵਿਸ਼ਵ ਸਿਹਤ ਸੰਗਠਨ ਦੇ ਇੱਕ ਕਮਿਸ਼ਨ ਨੇ ਸਮਾਜਿਕ ਸਬੰਧਾਂ ਨੂੰ 'ਗਲੋਬਲ ਹੈਲਥ ਪ੍ਰਾਇਓਰਟੀ' ਕਿਹਾ ਹੈ। ਸਮਾਜਿਕ ਮੇਲ-ਜੋਲ ਵਧਾਉਣ ਦਾ ਇੱਕ ਸਧਾਰਨ ਤਰੀਕਾ ਸਾਂਝੀ ਦਿਲਚਸਪੀ ਵਾਲੇ ਕੰਮਾਂ ਰਾਹੀਂ ਦੂਜਿਆਂ ਨਾਲ ਜੁੜਨਾ ਹੈ, ਜਿਵੇਂ ਕਿ ਕੋਈ ਨਵਾਂ ਸ਼ੌਕ, ਭਾਸ਼ਾ ਦਾ ਕੋਰਸ ਜਾਂ ਰਨਿੰਗ ਗਰੁੱਪ ਮਦਦਗਾਰ ਹੋ ਸਕਦਾ ਹੈ।
ਮੇਰੀ ਸਹਿਕਰਮੀ ਮੌਲੀ ਗੋਰਮਨ ਨੇ ਖ਼ੁਦ ਇਸ ਦੀ ਕੋਸ਼ਿਸ਼ ਕੀਤੀ ਸੀ, ਜੇਕਰ ਤੁਸੀਂ ਚਾਹੋ ਤਾਂ ਪੜ੍ਹ ਸਕਦੇ ਹੋ ਕਿ ਉਸ ਦਾ ਅਨੁਭਵ ਕਿਹੋ ਜਿਹਾ ਰਿਹਾ।
ਮੈਨੂੰ ਨਿੱਜੀ ਤੌਰ 'ਤੇ ਆਪਣੀ ਹਫ਼ਤਾਵਾਰੀ 5 ਕਿਲੋਮੀਟਰ ਦੀ ਦੌੜ ਤੋਂ ਬਹੁਤ ਫਾਇਦਾ ਹੁੰਦਾ ਹੈ। ਉੱਥੇ ਜਾਣੇ-ਪਛਾਣੇ ਚਿਹਰਿਆਂ ਨੂੰ ਸਿਰਫ਼ 'ਹੈਲੋ' ਕਹਿਣਾ ਵੀ ਮੈਨੂੰ ਓਨਾ ਹੀ ਉਤਸ਼ਾਹਿਤ ਕਰਦਾ ਹੈ ਜਿੰਨਾ ਕਿ ਖ਼ੁਦ ਕਸਰਤ।
ਬੇਸ਼ਕ ਅਜਨਬੀਆਂ ਜਾਂ ਜਾਣ-ਪਹਿਚਾਣ ਵਾਲਿਆਂ ਨਾਲ ਡੂੰਘੇ ਰਿਸ਼ਤੇ ਬਣਾਉਣਾ ਮੁਸ਼ਕਲ ਲੱਗ ਸਕਦਾ ਹੈ, ਪਰ ਖੋਜ ਦੱਸਦੀ ਹੈ ਕਿ ਇਸ ਦਾ ਇੱਕ ਸੌਖਾ ਰਸਤਾ ਵੀ ਹੈ।
ਜੇ ਅਸੀਂ ਸਹੀ ਸਵਾਲ ਪੁੱਛੀਏ ਅਤੇ ਆਪਣੇ ਬਾਰੇ ਥੋੜ੍ਹੀ ਵੱਧ ਨਿੱਜੀ ਜਾਣਕਾਰੀ ਸਾਂਝੀ ਕਰੀਏ, ਜਿਸਨੂੰ "reciprocal self-disclosure" ਕਿਹਾ ਜਾਂਦਾ ਹੈ ਤਾਂ ਅਸੀਂ ਹੋਰਨਾਂ ਨਾਲ ਜ਼ਿਆਦਾ ਨੇੜਲੇ ਸੰਬੰਧ ਬਣਾ ਸਕਦੇ ਹਾਂ।

ਮਾਨਸਿਕਤਾ ਵਿੱਚ ਬਦਲਾਵ
ਜਦੋਂ ਅਸੀਂ ਚੰਗੀ ਤਰ੍ਹਾਂ ਜਿਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਸ਼ਾਇਦ ਇਹ ਮੰਨ ਲੈਂਦੇ ਹਾਂ ਕਿ ਸਾਨੂੰ ਬਹੁਤ ਵੱਡੀਆਂ ਤਬਦੀਲੀਆਂ ਕਰਨ ਦੀ ਲੋੜ ਹੈ।
ਪਰ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੈ, ਖੋਜ ਦਰਸਾਉਂਦੀ ਹੈ ਕਿ ਆਪਣੀ ਜ਼ਿੰਦਗੀ ਵਿੱਚ ਵੱਡੇ ਬਦਲਾਅ ਕਰਨ ਦੀ ਬਜਾਏ ਛੋਟੀਆਂ ਅਤੇ ਲਗਾਤਾਰ ਤਬਦੀਲੀਆਂ ਹੀ ਬਿਹਤਰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦੀ ਕੁੰਜੀ ਹਨ।
ਪਹਿਲਾ ਕਦਮ ਇਹ ਸਮਝਣਾ ਹੈ ਕਿ ਅਸੀਂ ਖ਼ੁਦ ਸਾਰਥਕ ਤਬਦੀਲੀਆਂ ਲਿਆ ਸਕਦੇ ਹਾਂ ਅਤੇ ਅਸੀਂ ਅਜਿਹਾ ਤੁਰੰਤ ਕਰ ਸਕਦੇ ਹਾਂ।
ਜਿਵੇਂ ਕਿ ਗੌ ਮੈਨੂੰ ਦੱਸਦੇ ਹਨ, 'ਜੇ ਲੋਕਾਂ ਨੂੰ ਇਹ ਵਿਸ਼ਵਾਸ ਹੀ ਨਹੀਂ ਹੈ ਕਿ ਬਦਲਾਅ ਸੰਭਵ ਹੈ ਤਾਂ ਬਹੁਤ ਘੱਟ ਸੰਭਾਵਨਾ ਹੈ ਕਿ ਉਹ ਕਿਸੇ ਸੁਧਾਰ ਲਈ ਤਿਆਰ ਹੋਣਗੇ... ਇਸ ਲਈ ਇਹ ਗਿਆਨ ਵਧਾਉਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਉਮਰ ਦੇ ਕਿਸੇ ਵੀ ਪੜਾਅ 'ਤੇ ਦਿਮਾਗੀ ਸਿਹਤ ਦੀ ਰੱਖਿਆ ਅਤੇ ਇਸ ਨੂੰ ਵਧਾਉਣ ਲਈ ਕੀ ਕਰ ਸਕਦੇ ਹਾਂ।'
ਉਦਾਹਰਨ ਵਜੋਂ, ਕੋਈ ਨਵੀਂ ਕਸਰਤ ਅਜ਼ਮਾਉਣੀ, ਨਵਾਂ ਸ਼ੌਕ ਲੱਭਣਾ ਜਾਂ ਕਿਸੇ ਕਿਤਾਬ ਪੜ੍ਹਨ ਵਾਲੇ ਸਮੂਹ ਵਿੱਚ ਸ਼ਾਮਲ ਹੋਣਾ ਵਰਗੇ ਸਧਾਰਨ ਕੰਮ ਕੀਤੇ ਜਾ ਸਕਦੇ ਹਨ।
ਅਤੇ ਜੋ ਕੋਈ ਵੀ ਇਹ ਕਦਮ ਚੁੱਕਣ ਲਈ ਤਿਆਰ ਹੈ, ਉਨ੍ਹਾਂ ਲਈ ਖ਼ੁਰਾਕ, ਕਸਰਤ, ਬੌਧਿਕ ਸਿਖਲਾਈ ਅਤੇ ਦਿਲ ਦੀ ਸਿਹਤ ਵਿੱਚ ਸਾਂਝੇ ਤੌਰ 'ਤੇ ਕੀਤੀਆਂ ਤਬਦੀਲੀਆਂ ਉਨ੍ਹਾਂ ਬਜ਼ੁਰਗਾਂ ਦੀ ਦਿਮਾਗੀ ਸਿਹਤ ਵਿੱਚ ਮਹੱਤਵਪੂਰਨ ਸੁਧਾਰ ਲਿਆਉਂਦੀਆਂ ਹਨ ਜਿਨ੍ਹਾਂ ਨੂੰ ਡਿਮੈਂਸ਼ੀਆ ਦਾ ਖ਼ਤਰਾ ਹੈ।
ਇਹ ਇਤਿਹਾਸਕ 'ਫਿੰਗਰ' (ਫਿਨਿਸ਼ ਜੈਰੀਐਟ੍ਰਿਕ ਇੰਟਰਵੈਂਸ਼ਨ) ਅਧਿਐਨ ਵਿੱਚ ਦਿਖਾਇਆ ਗਿਆ ਸੀ, ਜਿਸ ਵਿੱਚ 60 ਤੋਂ 77 ਸਾਲ ਦੀ ਉਮਰ ਦੇ 1260 ਭਾਗੀਦਾਰ ਸ਼ਾਮਲ ਸਨ। ਉਨ੍ਹਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਸੀ।
ਇੱਕ ਉਹ ਜਿਨ੍ਹਾਂ ਨੇ ਜੀਵਨ ਸ਼ੈਲੀ ਵਿੱਚ ਸੁਧਾਰ ਦੇ ਦੋ ਸਾਲਾ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਦੂਜਾ 'ਕੰਟਰੋਲ ਗਰੁੱਪ' ਜਿਨ੍ਹਾਂ ਨੂੰ ਸਿਰਫ਼ ਨਿਯਮਿਤ ਸਿਹਤ ਸਲਾਹ ਦਿੱਤੀ ਗਈ।
ਅਧਿਐਨ ਵਿੱਚ ਪਾਇਆ ਗਿਆ ਕਿ ਕੰਟਰੋਲ ਗਰੁੱਪ ਦੇ ਮੁਕਾਬਲੇ, ਜੀਵਨ ਸ਼ੈਲੀ ਵਿੱਚ ਤਬਦੀਲੀ ਕਰਨ ਵਾਲੇ ਗਰੁੱਪ ਦੇ ਭਾਗੀਦਾਰਾਂ ਦੀ ਸਮੁੱਚੀ ਬੌਧਿਕ ਕਾਰਜਪ੍ਰਣਾਲੀ ਵਿੱਚ 25 ਫੀਸਦ ਵਧੇਰੇ ਸੁਧਾਰ ਹੋਇਆ, ਨਾਲ ਹੀ ਉਨ੍ਹਾਂ ਦੀ ਯਾਦਾਸ਼ਤ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦੀ ਸਮਰੱਥਾ ਵਿੱਚ ਵੀ ਵਾਧਾ ਹੋਇਆ।
ਅਤੇ ਅੰਤ ਵਿੱਚ ਜਦੋਂ ਮੈਂ ਗੌ ਨੂੰ ਪੁੱਛਦਾ ਹਾਂ ਕਿ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਬਾਰੇ ਉਨ੍ਹਾਂ ਦਾ ਕੀ ਸੁਝਾਅ ਹੈ ਤਾਂ ਉਹ ਕਹਿੰਦੇ ਹਨ ਕਿ ਇਹ 'ਅੱਜ ਮਾਮੂਲੀ ਤਬਦੀਲੀਆਂ' ਕਰਨ ਬਾਰੇ ਹੈ ਅਤੇ ਇਸ ਦਾ ਕੋਈ ਜਾਦੂਈ ਹੱਲ ਨਹੀਂ ਹੈ।
ਇਸ ਲਈ ਇਹ ਸਪੱਸ਼ਟ ਹੈ ਕਿ ਸਾਡੀ ਜ਼ਿੰਦਗੀ ਦੇ ਵੱਖ-ਵੱਖ ਖੇਤਰਾਂ ਵਿੱਚ ਕੀਤੇ ਗਏ ਸੁਧਾਰ ਇਕੱਠੇ ਮਿਲ ਕੇ ਸਾਨੂੰ ਹੁਣ ਅਤੇ ਭਵਿੱਖ ਵਿੱਚ ਵੀ ਲੰਬੇ ਸਮੇਂ ਤੱਕ ਫ਼ਾਇਦੇ ਦਿੰਦੇ ਹਨ।
ਮੈਲਿਸਾ ਹੋਗੇਨਬੂਮ ਬੀਬੀਸੀ ਗਲੋਬਲ ਦੀ ਸੀਨੀਅਰ ਸਿਹਤ ਪੱਤਰਕਾਰ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












