ਕੀ ਏਆਈ ਦੀ ਵੱਧ ਵਰਤੋਂ ਸਾਡੇ ਦਿਮਾਗ ਨੂੰ ਕਮਜ਼ੋਰ ਕਰ ਰਹੀ ਹੈ

ਆਰਟੀਫਿਸ਼ਿਅਲ ਇੰਟੈਲਿਜੈਂਸ

ਤਸਵੀਰ ਸਰੋਤ, yacobchuk/Getty

ਤਸਵੀਰ ਕੈਪਸ਼ਨ, ਏਆਈ ਦੀ ਵਰਤੋਂ ਦਾ ਸਾਡੇ ਦਿਮਾਗ਼ ਉੱਤੇ ਕਿਹੋ ਜਿਹਾ ਅਸਰ ਪੈ ਰਿਹਾ ਹੈ, ਇਹ ਪਤਾ ਲਗਾਉਣ ਦੇ ਲਈ ਮੈਸਾਚੁਸੈਟਸ ਇੰਸਟੀਚਿਊਟ ਆਫ ਟੈਕਨਾਲਜੀ ਨੇ ਪ੍ਰੀਖਣ ਕੀਤੇ
    • ਲੇਖਕ, ਜੌਰਜ ਸੈਂਡਮੈਨ
    • ਰੋਲ, ਬੀਬੀਸੀ ਪੱਤਰਕਾਰ

ਤੁਸੀਂ ਕਿਸੇ AI ਚੈਟਬੋਟ ਨੂੰ ਆਖ਼ਰੀ ਵਾਰ ਕੀ ਕਰਨ ਲਈ ਕਿਹਾ ਸੀ?

ਸ਼ਾਇਦ ਤੁਸੀਂ ਉਸ ਨੂੰ ਕਿਸੇ ਔਖੇ ਸਵਾਲ ਦਾ ਜਵਾਬ ਦੇਣ ਲਈ ਇੱਕ ਲੇਖ ਦੀ ਰੂਪਰੇਖਾ ਤਿਆਰ ਕਰਨ ਲਈ ਕਿਹਾ ਹੋਵੇਗਾ ਜਾਂ ਇੱਕ ਵੱਡੇ ਡਾਟਾ ਸੈੱਟ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਕਿਹਾ ਹੋ ਸਕਦਾ ਹੈ ਜਾਂ ਇਹ ਪੁਸ਼ਟੀ ਕਰਨ ਲਈ ਕਿ ਤੁਹਾਡਾ ਕਵਰ ਲੈਟਰ ਨੌਕਰੀ ਦੇ ਵੇਰਵਿਆਂ ਨਾਲ ਮੇਲ ਖਾਂਦਾ ਹੈ ਜਾਂ ਨਹੀਂ।

ਕੁਝ ਮਾਹਰ ਚਿੰਤਤ ਹਨ ਕਿ ਅਜਿਹੇ ਕੰਮ ਏਆਈ ਕੋਲੋਂ ਕਰਵਾਉਣ ਨਾਲ ਸਾਡੇ ਦਿਮਾਗ਼ ਦੀ ਮਿਹਨਤ ਘੱਟ ਜਾਂਦੀ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸਾਡੀ ਆਲੋਚਨਾਤਮਕ ਸੋਚ ਅਤੇ ਮੁਸ਼ਕਲਾਂ ਹੱਲ ਕਰਨ ਦੀਆਂ ਯੋਗਤਾ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।

ਇਸ ਸਾਲ ਦੀ ਸ਼ੁਰੂਆਤ ਵਿੱਚ ਮੈਸੇਚੁਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਨੇ ਇੱਕ ਅਧਿਐਨ ਪ੍ਰਕਾਸ਼ਿਤ ਕੀਤਾ। ਇਸ ਵਿੱਚ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਨੇ ਲੇਖ ਲਿਖਣ ਲਈ ਚੈਟ ਐਪ GPT ਦੀ ਵਰਤੋਂ ਕੀਤੀ ਉਨ੍ਹਾਂ ਵਿੱਚ ਇਸ ਸਮੇਂ ਦੌਰਾਨ ਕੌਗਨਿਟਿਵ ਪ੍ਰਕਿਰਿਆ ਨਾਲ ਜੁੜੀ ਦਿਮਾਗ਼ ਦੀ ਨੈੱਟਵਰਕ ਗਤੀਵਿਧੀ ਘੱਟ ਰਹੀ।

ਅਧਿਐਨ ਕਰਨ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦਾ ਅਧਿਐਨ "ਸਿੱਖਣ ਦੀਆਂ ਯੋਗਤਾਵਾਂ ਵਿੱਚ ਸੰਭਾਵੀ ਗਿਰਾਵਟ ਬਾਰੇ ਗੰਭੀਰ ਚਿੰਤਾ' ਨੂੰ ਸਾਹਮਣੇ ਲਿਆਉਂਦੀਆਂ ਹਨ।

ਇਸ ਅਧਿਐਨ ਵਿੱਚ ਕੁੱਲ 54 ਜਣੇ ਸ਼ਾਮਲ ਕੀਤੇ ਗਏ ਸਨ, ਜਿਨ੍ਹਾਂ ਨੂੰ ਐਮਆਈਟੀ ਅਤੇ ਨੇੜਲੀਆਂ ਯੂਨੀਵਰਸਿਟੀਆਂ ਤੋਂ ਚੁਣਿਆ ਗਿਆ ਸੀ।

ਹਿੱਸਾ ਲੈਣ ਵਾਲਿਆਂ ਦੀ ਦਿਮਾਗ਼ੀ ਗਤੀਵਿਧੀ ਨੂੰ ਇਲੈਕਟ੍ਰੋਐਂਸੈਫਲੋਗ੍ਰਾਫੀ (EEG) ਦੀ ਵਰਤੋਂ ਕਰਕੇ ਰਿਕਾਰਡ ਕੀਤਾ ਗਿਆ। ਇਸ ਪ੍ਰਕਿਰਿਆ ਦੇ ਦੌਰਾਨ ਖੋਪੜੀ 'ਤੇ ਇਲੈਕਟ੍ਰੋਡ ਲਗਾਏ ਜਾਂਦੇ ਹਨ।

ਹਿੱਸਾ ਲੈਣ ਵਾਲਿਆਂ ਨੇ ਲੇਖਾਂ ਦੇ ਸਵਾਲਾਂ ਦਾ ਸਾਰ ਤਿਆਰ ਕਰਨ, ਸਰੋਤ ਲੱਭਣ ਅਤੇ ਭਾਸ਼ਾ ਅਤੇ ਸ਼ੈਲੀ ਨੂੰ ਬਿਹਤਰ ਬਣਾਉਣ ਵਰਗੇ ਕੰਮ AI ਤੋਂ ਕਰਵਾਏ।

AI ਦੀ ਵਰਤੋਂ ਵਿਚਾਰਾਂ ਨੂੰ ਪੈਦਾ ਕਰਨ ਅਤੇ ਸੰਗਠਿਤ ਕਰਨ ਲਈ ਵੀ ਕੀਤੀ ਗਈ ਪਰ ਕੁਝ ਯੂਜ਼ਰਜ਼ ਦਾ ਮੰਨਣਾ ਸੀ ਕਿ AI ਇਸ ਸਬੰਧ ਵਿੱਚ ਬਹੁਤੀ ਅਸਰਦਾਰ ਨਹੀਂ ਹੈ।

'ਏਆਈ ਜਵਾਬ ਲੱਭਣਾ ਬਹੁਤ ਸੌਖਾ ਬਣਾਉਂਦੀ ਹੈ'

ਆਰਟੀਫਿਸ਼ਿਅਲ ਇੰਟੈਲਿਜੈਂਸ

ਤਸਵੀਰ ਸਰੋਤ, Klaus Vedfelt/Getty

ਤਸਵੀਰ ਕੈਪਸ਼ਨ, ਆਕਸਫੋਰਡ ਦੇ ਇੱਕ ਸਰਵੇ ਵਿੱਚ ਪਾਇਆ ਗਿਆ ਕਿ ਹਰ 10 ਵਿੱਚੋਂ 6 ਸਕੂਲੀ ਬੱਚਿਆਂ ਨੂੰ ਲੱਗਾ ਕਿ ਏਆਈ ਨੇ ਉਨ੍ਹਾਂ ਦੀਆਂ ਸਮਰੱਥਾਵਾਂ ਉੱਤੇ ਅਸਰ ਪਾਇਆ ਹੈ

ਇੱਕ ਵੱਖਰੇ ਅਧਿਐਨ ਵਿੱਚ ਕਾਰਨੇਗੀ ਮੈਲਨ ਯੂਨੀਵਰਸਿਟੀ ਅਤੇ ਮਾਈਕ੍ਰੋਸਾਫਟ (ਜੋ ਕੋਪਾਇਲਟ ਦਾ ਸੰਚਾਲਨ ਕਰਦੀ ਹੈ) ਦੇ ਸਾਹਮਣੇ ਆਇਆ ਕਿ ਜੇਕਰ ਲੋਕ ਏਆਈ 'ਤੇ ਬਹੁਤ ਜ਼ਿਆਦਾ ਨਿਰਭਰ ਹੋ ਜਾਂਦੇ ਹਨ ਤਾਂ ਉਨ੍ਹਾਂ ਦੀਆਂ ਪ੍ਰੌਬਲਮ ਸੌਲਵਿੰਗ ਭਾਵ ਮੁਸ਼ਕਲਾਂ ਨੂੰ ਸੁਲਝਾਉਣ ਦੀਆਂ ਯੋਗਤਾਵਾਂ ਕਮਜ਼ੋਰ ਹੋ ਸਕਦੀਆਂ ਹਨ।

ਖੋਜਕਰਤਾਵਾਂ ਨੇ 319 ਵ੍ਹਾਈਟ-ਕਾਲਰ ਕਰਮਚਾਰੀਆਂ ਦਾ ਸਰਵੇਖਣ ਕੀਤਾ ਜੋ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਆਪਣੇ ਕੰਮ ਵਿੱਚ ਏਆਈ ਟੂਲਜ਼ ਦੀ ਵਰਤੋਂ ਕਰਦੇ ਹਨ।

ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਏਆਈ ਦੀ ਵਰਤੋਂ ਕਰਦੇ ਹੋਏ ਕ੍ਰਿਟਿਕਲ ਥਿੰਕਿੰਗ ਕਿਵੇਂ ਅਪਣਾਉਂਦੇ ਹਨ।

ਅਧਿਐਨ ਵਿੱਚ AI ਨੂੰ ਦਿੱਤੇ ਗਏ 900 ਵੱਖ-ਵੱਖ ਕੰਮਾਂ ਦਾ ਵਿਸ਼ਲੇਸ਼ਣ ਕੀਤਾ ਗਿਆ।

ਇਨ੍ਹਾਂ ਵਿੱਚ ਨਵੀਆਂ ਖੋਜਾਂ ਲਈ ਡੇਟਾ ਦਾ ਵਿਸ਼ਲੇਸ਼ਣ ਕਰਨ ਤੋਂ ਲੈ ਕੇ ਇਹ ਜਾਂਚ ਕਰਨਾ ਵੀ ਸ਼ਾਮਲ ਸੀ ਕਿ ਕੀ ਕੋਈ ਕੰਮ ਤੈਅ ਨਿਯਮਾਂ ਉੱਤੇ ਖ਼ਰਾ ਉਤਰਦਾ ਹੈ ਜਾਂ ਨਹੀਂ।

ਅਧਿਐਨ ਦੇ ਮੁਤਾਬਕ ਜਿਸ ਹੱਦ ਤੱਕ ਲੋਕਾਂ ਨੂੰ AI ਦੀਆਂ ਸਮਰੱਥਾਵਾਂ 'ਤੇ ਭਰੋਸਾ ਸੀ ਉਸੇ ਅਨੁਪਾਤ ਵਿੱਚ ਉਨ੍ਹਾਂ ਨੇ ਘੱਟ ਕ੍ਰਿਟਿਕਲ ਥਿੰਕਿੰਗ ਦੀ ਵਰਤੋਂ ਕੀਤੀ।

ਇਸ ਵਿੱਚ ਕਿਹਾ ਗਿਆ "ਹਾਲਾਂਕਿ ਜੈਨੇਰੇਟਿਵ ਏਆਈ ਕੰਮ ਦੀ ਕੁਸ਼ਲਤਾ ਵਧਾ ਸਕਦਾ ਹੈ ਪਰ ਇਹ ਕੰਮ ਨਾਲ ਜੁੜੀ ਡੂੰਘੀ ਸੋਚ ਨੂੰ ਵੀ ਰੋਕ ਸਕਦਾ ਹੈ ਅਤੇ ਟੂਲ 'ਤੇ ਜ਼ਿਆਦਾ ਨਿਰਭਰਤਾ ਲੰਬੇ ਸਮੇਂ ਵਿੱਚ ਦਿੱਕਤ ਹੱਲ ਕਰਨ ਦੀ ਸਮਰੱਥਾ ਵਿੱਚ ਕਮੀ ਲਿਆ ਸਕਦੀ ਹੈ।"

ਏਆਈ ਟੂਲਜ਼

ਬ੍ਰਿਟੇਨ ਵਿੱਚ ਸਕੂਲੀ ਬੱਚਿਆਂ 'ਤੇ ਵੀ ਅਜਿਹਾ ਹੀ ਇੱਕ ਅਧਿਐਨ ਕੀਤਾ ਗਿਆ ਸੀ, ਜਿਸਨੂੰ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਨੇ ਅਕਤੂਬਰ ਵਿੱਚ ਪ੍ਰਕਾਸ਼ਿਤ ਕੀਤਾ ਸੀ।

ਅਧਿਐਨ ਵਿੱਚ ਪਾਇਆ ਗਿਆ ਕਿ ਹਰ ਦਸ ਵਿੱਚੋਂ ਛੇ ਵਿਦਿਆਰਥੀਆਂ ਨੇ ਮਹਿਸੂਸ ਕੀਤਾ ਕਿ ਏਆਈ ਦਾ ਸਕੂਲ ਦਾ ਕੰਮ ਕਰਨ ਦੀ ਉਨ੍ਹਾਂ ਦੀ ਯੋਗਤਾ 'ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ।

ਅਜਿਹੇ ਵਿੱਚ ਏਆਈ ਦੀ ਤੇਜ਼ੀ ਨਾਲ ਵੱਧ ਰਹੀ ਵਰਤੋਂ ਦੇ ਵਿਚਕਾਰ ਸਵਾਲ ਇਹ ਹੈ ਕਿ ਕੀ ਸਾਡੀਆਂ ਬੋਧਾਤਮਕ(ਕੌਗਨਿਟਿਵ) ਯੋਗਤਾਵਾਂ ਦੇ ਕਮਜ਼ੋਰ ਹੋਣ ਦਾ ਖ਼ਤਰਾ ਹੈ?

ਸਕੂਲ ਸਰਵੇਖਣਾਂ 'ਤੇ ਕੰਮ ਕਰਨ ਵਾਲੇ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਦੀ ਇੱਕ ਜਨਰੇਟਿਵ ਏਆਈ ਮਾਹਰ ਡਾ. ਅਲੈਗਜ਼ੈਂਡਰਾ ਟੋਮੇਸਕੂ ਕਹਿੰਦੇ ਹਨ ਕਿ ਹਾਲਾਂਕਿ, ਇਹ ਜ਼ਰੂਰੀ ਨਹੀਂ ਕਿ ਅਜਿਹਾ ਹੋਵੇ।

ਉਹ ਕਹਿੰਦੇ ਹਨ, "ਸਾਡਾ ਅਧਿਐਨ ਦਰਸਾਉਂਦਾ ਹੈ ਕਿ ਦਸ ਵਿੱਚੋਂ 9 ਵਿਦਿਆਰਥੀ ਕਹਿੰਦੇ ਹਨ ਕਿ ਏਆਈ ਨੇ ਉਨ੍ਹਾਂ ਦੇ ਸਕੂਲ ਦੇ ਕੰਮ ਦੇ ਘੱਟੋ-ਘੱਟ ਇੱਕ ਹੁਨਰ ਵਿੱਚ ਸੁਧਾਰ ਕੀਤਾ ਹੈ, ਭਾਵੇਂ ਇਹ ਮੁਸ਼ਕਲ ਹੱਲ ਕਰਨ ਦੀ ਸਮਰੱਥਾ ਹੋਵੇ, ਰਚਨਾਤਮਕਤਾ ਹੋਵੇ, ਜਾਂ ਰਿਵਿਜ਼ਨ।"

"ਪਰ ਇਸਦੇ ਨਾਲ ਹੀ, ਲਗਭਗ ਇੱਕ ਚੌਥਾਈ ਵਿਦਿਆਰਥੀ ਕਹਿੰਦੇ ਹਨ ਕਿ ਏਆਈ ਦੀ ਵਰਤੋਂ ਨੇ ਉਨ੍ਹਾਂ ਦਾ ਕੰਮ ਬਹੁਤ ਸੌਖਾ ਬਣਾ ਦਿੱਤਾ ਹੈ। ਇਸ ਲਈ ਇਹ ਮੁੱਦਾ ਕਾਫ਼ੀ ਸੂਖਮ ਅਤੇ ਗੁੰਝਲਦਾਰ ਹੈ।"

ਡਾ. ਟੋਮੇਸਕੂ ਇਹ ਵੀ ਕਹਿੰਦੇ ਹਨ ਕਿ ਬਹੁਤ ਸਾਰੇ ਵਿਦਿਆਰਥੀ ਏਆਈ ਦੀ ਸਹੀ ਵਰਤੋਂ ਬਾਰੇ ਹੋਰ ਮਾਰਗਦਰਸ਼ਨ ਚਾਹੁੰਦੇ ਹਨ।

ਚੈਟਜੀਪੀਟੀ ਦੇ ਮੁਖੀ ਸੈਮ ਆਲਟਮੈਨ ਦੇ ਮੁਤਾਬਕ ਇਸਦੇ 800 ਮਿਲੀਅਨ ਤੋਂ ਵੱਧ ਹਫਤਾਵਾਰੀ ਉਪਭੋਗਤਾ ਹਨ। ਚੈਟਜੀਪੀਟੀ ਨੇ ਵਿਦਿਆਰਥੀਆਂ ਨੂੰ ਤਕਨਾਲੋਜੀ ਦੀ ਬਿਹਤਰ ਵਰਤੋਂ ਕਰਨ ਵਿੱਚ ਮਦਦ ਕਰਨ ਲਈ 100 ਪ੍ਰੋਂਪਟਾਂ ਦਾ ਇੱਕ ਸੈੱਟ ਜਾਰੀ ਕੀਤਾ ਹੈ।

ਪਰ ਯੂਨੀਵਰਸਿਟੀ ਕਾਲਜ ਲੰਡਨ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਸਿੱਖਿਆ ਦੀ ਖੋਜ ਕਰਨ ਵਾਲੇ ਪ੍ਰੋਫੈਸਰ ਵੇਨ ਹੋਮਜ਼ ਦਾ ਮੰਨਣਾ ਹੈ ਕਿ ਇਹ ਕਾਫ਼ੀ ਨਹੀਂ ਹੈ।

ਉਹ ਚਾਹੁੰਦੇ ਹਨ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਵਰਤੋਂ ਲਈ ਉਤਸ਼ਾਹਿਤ ਕਰਨ ਤੋਂ ਪਹਿਲਾਂ, AI ਟੂਲਜ਼ ਦੇ ਸਿੱਖਣ 'ਤੇ ਪੈਣ ਵਾਲੇ ਅਸਰ 'ਤੇ ਵਧੇਰੇ ਵਿਆਪਕ ਅਕਾਦਮਿਕ ਖੋਜ ਕੀਤੀ ਜਾਵੇ।

ਪ੍ਰੋ. ਹੋਮਜ਼ ਕਹਿੰਦੇ ਹਨ, "ਅੱਜ ਦੀ ਤਰੀਕ ਵਿੱਚ ਸਿੱਖਿਆ ਵਿੱਚ ਇਨ੍ਹਾਂ ਟੂਲਜ਼ ਦਾ ਅਸਰ, ਉਨ੍ਹਾਂ ਦੀ ਸੁਰੱਖਿਆ, ਜਾਂ ਇਹ ਸਾਬਤ ਕਰਨ ਲਈ ਵੀ ਕੋਈ ਵੱਡੇ ਪੱਧਰ ਦਾ ਸੁਤੰਤਰ ਸਬੂਤ ਮੌਜੂਦ ਨਹੀਂ ਹੈ ਕਿ ਇਨ੍ਹਾਂ ਦਾ ਅਸਰ ਵਾਕਈ ਸਕਾਰਾਤਮਕ ਹੈ।"

ਬਿਹਤਰ ਨਤੀਜੇ, ਸਿੱਖਣ ਦੇ ਮਾਮਲੇ ਵਿੱਚ ਕਮਜ਼ੋਰ

ਆਕਸਫੋਰਡ ਯੂਨੀਵਰਸਿਟੀ
ਤਸਵੀਰ ਕੈਪਸ਼ਨ, ਆਕਸਫੋਰਡ ਯੂਨੀਵਰਸਿਟੀ ਨੇ ਸਤੰਬਰ 2025 ਵਿੱਚ ਵਿਦਿਆਰਥੀਆਂ ਨੂੰ ਮੁਫ਼ਤ ਵਿੱਚ ਚੈਟ ਜੀਪੀਟੀ ਮੁਹੱਈਆ ਕਰਵਾਉਣਾ ਸ਼ੁਰੂ ਕੀਤਾ ਹੈ

ਪ੍ਰੋਫੈਸਰ ਵੇਨ ਹੋਮਜ਼ ਉਸ ਅਧਿਐਨ ਵੱਲ ਇਸ਼ਾਰਾ ਕਰਦੇ ਹਨ ਜੋ ਕੌਗਨਿਟਿਵ ਐਟ੍ਰੋਫੀ ਦਾ ਸੁਝਾਅ ਦਿੰਦੀ ਹੈ, ਯਾਨੀ ਅਜਿਹੀ ਸਥਿਤੀ ਜਿੱਥੇ AI ਦੀ ਵਰਤੋਂ ਕਰਨ ਤੋਂ ਬਾਅਦ ਇੱਕ ਵਿਅਕਤੀ ਦੀਆਂ ਯੋਗਤਾਵਾਂ ਅਤੇ ਹੁਨਰ ਹੌਲੀ-ਹੌਲੀ ਕਮਜ਼ੋਰ ਹੋ ਸਕਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਦਿੱਕਤ ਰੇਡੀਓਲੋਜਿਸਟਸ ਦੇ ਨਾਲ ਦੇਖੀ ਗਈ ਹੈ ਜੋ ਮਰੀਜ਼ਾਂ ਦੀ ਜਾਂਚ ਕਰਨ ਤੋਂ ਪਹਿਲਾਂ ਐਕਸ-ਰੇ ਨੂੰ ਸਮਝਣ ਲਈ ਏਆਈ ਟੂਲਜ਼ ਦੀ ਵਰਤੋਂ ਕਰਦੇ ਹਨ।

ਹਾਰਵਰਡ ਮੈਡੀਕਲ ਸਕੂਲ ਵੱਲੋਂ ਪਿਛਲੇ ਸਾਲ ਪ੍ਰਕਾਸ਼ਿਤ ਕੀਤੇ ਗਏ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਕਿ ਏਆਈ ਨੇ ਕੁਝ ਡਾਕਟਰਾਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਕੀਤਾ, ਪਰ ਦੂਜਿਆਂ ਦੀ ਕਾਰਗੁਜ਼ਾਰੀ ਨੂੰ ਵੀ ਕਮਜ਼ੋਰ ਕੀਤਾ।

ਰਿਸਰਚਰ ਪੂਰੀ ਤਰ੍ਹਾਂ ਸਮਝ ਨਹੀਂ ਸਕੇ ਕਿ ਅਜਿਹਾ ਕਿਉਂ ਹੋਇਆ?

ਅਧਿਐਨ ਦੇ ਲੇਖਕਾਂ ਨੇ ਇਹ ਸਮਝਣ ਲਈ ਹੋਰ ਖੋਜ ਦੀ ਮੰਗ ਕੀਤੀ ਕਿ ਮਨੁੱਖ ਅਤੇ ਏਆਈ ਇਕੱਠੇ ਕਿਵੇਂ ਕੰਮ ਕਰਦੇ ਹਨ, ਤਾਂ ਜੋ ਅਜਿਹੇ ਤਰੀਕੇ ਵਿਕਸਤ ਕੀਤੇ ਜਾ ਸਕਣ ਜੋ ਮਨੁੱਖੀ ਪ੍ਰਦਰਸ਼ਨ ਨੂੰ ਨੁਕਸਾਨ ਪਹੁੰਚਾਉਣ ਦੀ ਥਾਂ ਬਿਹਤਰ ਬਣਾਉਣ।

ਪ੍ਰੋਫੈਸਰ ਹੋਮਜ਼ ਨੂੰ ਖ਼ਦਸ਼ਾ ਹੈ ਕਿ ਸਕੂਲ ਜਾਂ ਯੂਨੀਵਰਸਿਟੀ ਦੇ ਵਿਦਿਆਰਥੀ ਆਪਣੇ ਕੰਮ ਲਈ ਏਆਈ 'ਤੇ ਬਹੁਤ ਜ਼ਿਆਦਾ ਨਿਰਭਰ ਹੋ ਸਕਦੇ ਹਨ, ਜਿਸ ਨਾਲ ਉਹ ਸਿੱਖਿਆ ਰਾਹੀਂ ਮਿਲਣ ਵਾਲੇ ਬੁਨਿਆਦੀ ਹੁਨਰਾਂ ਨੂੰ ਵਿਕਸਤ ਨਹੀਂ ਕਰ ਸਕਣਗੇ।

ਹੋ ਸਕਦਾ ਹੈ ਕਿ ਏਆਈ ਦੀ ਵਰਤੋਂ ਨਾਲ ਕਿਸੇ ਵਿਦਿਆਰਥੀ ਦਾ ਲੇਖ ਵਧੀਆ ਅੰਕ ਹਾਸਲ ਕਰ ਲਵੇ, ਪਰ ਸਵਾਲ ਇਹ ਹੈ ਕਿ ਕੀ ਵਿਦਿਆਰਥੀ ਅਸਲ ਵਿੱਚ ਲੋੜੀਂਦੀ ਸਮਝ ਵਿਕਸਤ ਕਰ ਰਹੇ ਹਨ?

ਪ੍ਰੋਫੈਸਰ ਹੋਮਜ਼ ਕਹਿੰਦੇ ਹਨ, "ਉਨ੍ਹਾਂ ਦੀ ਆਉਟਪੁੱਟ ਬਿਹਤਰ ਹੈ, ਪਰ ਉਨ੍ਹਾਂ ਦੀ ਸਿਖਲਾਈ ਅਸਲ ਵਿੱਚ ਕਮਜ਼ੋਰ ਹੋ ਰਹੀ ਹੈ।"

ਚੈਟ ਜੀਪੀਟੀ ਦੀ ਵਰਤੋਂ ਬਾਰੇ ਇਸਦੇ ਅਧਿਕਾਰੀ ਕੀ ਕਹਿੰਦੇ ਹਨ

ਚੈਟ ਜੀਪੀਟੀ ਸੈਮ ਆਲਟਮੈਨ

ਤਸਵੀਰ ਸਰੋਤ, Justin Sullivan/Getty Images)

ਤਸਵੀਰ ਕੈਪਸ਼ਨ, ਚੈਟ ਜੀਪੀਟੀ ਨੇ ਵਿਦਿਆਰਥੀਆਂ ਦੇ ਲਈ 100 ਪ੍ਰੌਂਪਟਸ ਦਾ ਇੱਕ ਸੈੱਟ ਜਾਰੀ ਕੀਤਾ ਹੈ ਤਾਂ ਕਿ ਉਹ ਇਸ ਤਕਨੀਕ ਦੀ ਬਿਹਤਰ ਵਰਤੋਂ ਕਰ ਸਕਣ

ਉੱਥੇ ਹੀ ਚੈਟਜੀਪੀਟੀ ਦੀ ਮਾਲਕ ਕੰਪਨੀ ਓਪਨਏਆਈ ਵਿੱਚ ਕੌਮਾਂਤਰੀ ਸਿੱਖਿਆ ਦੀ ਮੁਖੀ ਜਯਨਾ ਦੇਵਾਨੀ ਕਹਿੰਦੇ ਹਨ ਕਿ ਕੰਪਨੀ "ਇਸ ਬਹਿਸ ਤੋਂ ਪੂਰੀ ਤਰ੍ਹਾਂ ਜਾਣੂ ਹੈ।"

ਜਯਨਾ ਨੇ ਆਕਸਫੋਰਡ ਯੂਨੀਵਰਸਿਟੀ ਨਾਲ ਸਮਝੌਤੇ ਵਿੱਚ ਵੀ ਭੂਮਿਕਾ ਨਿਭਾਈ ਸੀ।

ਉਹ ਬੀਬੀਸੀ ਨੂੰ ਕਹਿੰਦੇ ਹਨ, "ਅਸੀਂ ਬਿਲਕੁਲ ਇਹ ਨਹੀਂ ਮੰਨਦੇ ਕਿ ਵਿਦਿਆਰਥੀਆਂ ਨੂੰ ਆਪਣੇ ਕੰਮ ਨੂੰ ਆਊਟਸੋਰਸ ਕਰਨ ਲਈ ਚੈਟਜੀਪੀਟੀ ਦੀ ਵਰਤੋਂ ਕਰਨੀ ਚਾਹੀਦੀ ਹੈ।"

ਉਨ੍ਹਾਂ ਦੇ ਮੁਤਾਬਕ ਚੈਟਜੀਪੀਟੀ ਦੀ ਸਭ ਤੋਂ ਚੰਗੀ ਵਰਤੋਂ ਟਿਊਟਰ ਵਜੋਂ ਕੀਤੀ ਜਾਣੀ ਚਾਹੀਦਾ ਹੈ ਸਿਰਫ਼ ਸਿੱਧੇ ਜਵਾਬ ਦੇਣ ਵਾਲੇ ਟੂਲ ਵਜੋਂ ਨਹੀਂ।

ਉਹ ਇੱਕ ਮਿਸਾਲ ਦਿੰਦੇ ਹਨ ਕਿ ਕਿਵੇਂ ਵਿਦਿਆਰਥੀ ਸਟੱਡੀ ਮੋਡ ਸੈਟਿੰਗ ਦੀ ਵਰਤੋਂ ਕਰਕੇ ਚੈਟ ਜੀਪੀਟੀ ਨਾਲ ਸਵਾਲ ਜਵਾਬ ਕਰ ਸਕਦੇ ਹਨ।

ਸਟੂਡੈਂਟ ਉਸ ਸਵਾਲ ਨੂੰ ਪਾਉਂਦੇ ਹਨ ਜਿਸਨੂੰ ਸਮਝਣ ਵਿੱਚ ਉਨ੍ਹਾਂ ਨੂੰ ਮੁਸ਼ਕਲ ਆ ਰਹੀ ਹੈ, ਅਤੇ ਚੈਟਬੋਟ ਉਸ ਸਵਾਲ ਨੂੰ ਹਿੱਸਿਆਂ ਵਿੱਚ ਵੰਡ ਕੇ ਸਮਝਣ ਵਿੱਚ ਉਨ੍ਹਾਂ ਦੀ ਮਦਦ ਕਰਦਾ ਹੈ।

ਉਹ ਇੱਕ ਹੋਰ ਉਦਾਹਰਣ ਦਿੰਦੇ ਹੈ: ਦੇਰ ਰਾਤ ਨੂੰ ਇੱਕ ਅਜਿਹੇ ਵਿਸ਼ੇ 'ਤੇ ਅਸਾਈਨਮੈਂਟ ਕਰਨੀ ਹੈ ਜਿਸਨੂੰ ਵਿਦਿਆਰਥੀ ਪੂਰੀ ਤਰ੍ਹਾਂ ਨਹੀਂ ਸਮਝਦਾ।

ਉਹ ਕਹਿੰਦੇ ਹਨ, "ਜੇ ਤੁਹਾਨੂੰ ਕੋਈ ਪ੍ਰੈਜ਼ੈਨਟੇਸ਼ਨ ਦੇਣੀ ਪਵੇ ਅਤੇ ਅੱਧੀ ਰਾਤ ਹੋ ਜਾਵੇ, ਤਾਂ ਤੁਸੀਂ ਆਪਣੇ (ਯੂਨੀਵਰਸਿਟੀ) ਟਿਊਟਰ ਨੂੰ ਈਮੇਲ ਨਹੀਂ ਕਰਦੇ ਅਤੇ ਮਦਦ ਨਹੀਂ ਮੰਗੋਗੋ।"

"ਮੇਰਾ ਮੰਨਣਾ ਹੈ ਕਿ ਜੇਕਰ ਚੈਟ ਜੀਪੀਟੀ ਨੂੰ ਸੋਚ-ਸਮਝ ਕੇ ਵਰਤਿਆ ਜਾਵੇ ਤਾਂ ਇਸ ਵਿੱਚ ਸਿੱਖਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਸਮਰੱਥਾ ਹੈ।"

ਪਰ ਪ੍ਰੋਫ਼ੈਸਰ ਵੇਨ ਹੋਮਜ਼ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਕੋਈ ਵੀ ਵਿਦਿਆਰਥੀ ਜੋ ਏਆਈ ਟੂਲਸ ਦੀ ਵਰਤੋਂ ਕਰਦਾ ਹੈ, ਉਸਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਰੀਜ਼ਨਿੰਗ ਕਿਵੇਂ ਕੰਮ ਕਰਦੀ ਹੈ ਅਤੇ ਉਨ੍ਹਾਂ ਨੂੰ ਮੁਹੱਈਆ ਕਰਵਾਉਣ ਵਾਲੀਆਂ ਡੇਟਾ ਨੂੰ ਕਿਵੇਂ ਸੰਭਾਲਦੀਆਂ ਹਨ।

ਉਹ ਕਹਿੰਦੇ ਹੈ ਕਿ ਏਆਈ ਤੋਂ ਪ੍ਰਾਪਤ ਨਤੀਜਿਆਂ ਦੀ ਹਮੇਸ਼ਾ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਉਹ ਏਆਈ ਦੀਆਂ ਸਮਰੱਥਾਵਾਂ ਅਤੇ ਪ੍ਰਭਾਵ ਵੱਲ ਇਸ਼ਾਰਾ ਕਰਦਿਆਂ ਕਹਿੰਦੇ ਹਨ, "ਇਹ ਸਿਰਫ਼ ਕੈਲਕੁਲੇਟਰ ਦਾ ਨਵਾਂ ਅਡੀਸ਼ਨ ਨਹੀਂ ਹੈ।"

"ਮੈਂ ਆਪਣੇ ਵਿਦਿਆਰਥੀਆਂ ਨੂੰ ਕਦੇ ਵੀ ਏਆਈ ਦੀ ਵਰਤੋਂ ਨਾ ਕਰਨ ਲਈ ਨਹੀਂ ਕਹਿੰਦਾ, ਪਰ ਮੈਂ ਇਹ ਜ਼ਰੂਰ ਕਹਿੰਦਾ ਹਾਂ ਕਿ ਸਾਨੂੰ ਏਆਈ ਦੀਆਂ ਸਾਰੀਆਂ ਬਾਰੀਕੀਆਂ ਨੂੰ ਸਮਝਣ ਦੀ ਲੋੜ ਹੈ ਤਾਂ ਜੋ ਅਸੀਂ ਸੂਚਿਤ ਫ਼ੈਸਲੇ ਲੈ ਸਕੀਏ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)