ਢਿੱਡ ਦਾ ਵਧਣਾ ਕੀ ਮੋਟਾਪਾ ਹੈ ਜਾਂ ਗੈਸ ਦਾ ਗੁਬਾਰ, ਕਿਵੇਂ ਪਤਾ ਕਰੀਏ, ਜਾਣੋ ਲੱਛਣ

ਤਸਵੀਰ ਸਰੋਤ, Getty Images
- ਲੇਖਕ, ਅਮਨਪ੍ਰੀਤ ਕੌਰ
- ਰੋਲ, ਬੀਬੀਸੀ ਪੱਤਰਕਾਰ
ਫੁੱਲਿਆ ਹੋਇਆ ਢਿੱਡ ਹਰ ਵਾਰ ਸਿਰਫ਼ ਭਾਰ ਵਧਣ ਦਾ ਸੰਕੇਤ ਨਹੀਂ ਹੁੰਦਾ। ਕਈ ਵਾਰ ਇਹ ਢਿੱਡ ਦੀ ਚਰਬੀ ਯਾਨੀ ਬੈਲੀ ਫੈਟ ਜਾਂ ਬਲੋਟਿੰਗ (ਢਿੱਡ ਭਰਿਆ ਮਹਿਸੂਸ ਹੋਣਾ) ਵੀ ਹੋ ਸਕਦਾ ਹੈ।
ਡਾਕਟਰਾਂ ਮੁਤਾਬਕ, ਅਕਸਰ ਅਜਿਹਾ ਹੁੰਦਾ ਹੈ ਕਿ ਕੁਝ ਲੋਕ ਬਲੋਟਿੰਗ ਅਤੇ ਪੇਟ ਦੀ ਚਰਬੀ ਨੂੰ ਲੈ ਕੇ ਉਲਝਣ ਵਿੱਚ ਪੈ ਜਾਂਦੇ ਹਨ। ਕਈ ਵਾਰ ਲੋਕਾਂ ਨੂੰ ਢਿੱਡ ਫੁੱਲਣ 'ਤੇ ਅਜਿਹਾ ਲੱਗਦਾ ਹੈ ਕਿ ਇਹ ਚਰਬੀ ਹੈ ਪਰ ਉਹ ਬਲੋਟਿੰਗ ਵੀ ਹੋ ਸਕਦੀ ਹੈ ਕਿਉਂਕਿ ਦੋਵਾਂ ਹੀ ਮਾਮਲਿਆਂ 'ਚ ਢਿੱਡ ਭਰਿਆ ਅਤੇ ਫੁੱਲਿਆ ਹੋਇਆ ਮਹਿਸੂਸ ਹੁੰਦਾ ਹੈ।
ਇਸ ਲਈ ਇਨ੍ਹਾਂ ਦੋਵਾਂ ਵਿੱਚ ਫਰਕ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਹੀ ਪਛਾਣ ਕਰਕੇ ਹੀ ਸਹੀ ਇਲਾਜ ਅਤੇ ਸਿਹਤ ਸੰਭਾਲ ਸੰਭਵ ਹੋ ਸਕਦੀ ਹੈ।
ਇਸ ਰਿਪੋਰਟ ਰਾਹੀਂ ਸਮਝਦੇ ਹਾਂ ਕਿ ਬਲੋਟਿੰਗ ਅਤੇ ਬੈਲੀ ਫੈਟ ਦਾ ਪਤਾ ਕਿਵੇਂ ਲੱਗ ਸਕਦਾ ਹੈ, ਇਨ੍ਹਾਂ ਦੇ ਲੱਛਣ ਅਤੇ ਕਾਰਨ ਕੀ ਹਨ ਅਤੇ ਇਹ ਸਿਹਤ ਲਈ ਕੀ ਖ਼ਤਰੇ ਪੈਦਾ ਕਰ ਸਕਦੇ ਹਨ।
ਪੇਟ ਦੀ ਚਰਬੀ (ਬੈਲੀ ਫੈਟ) ਅਤੇ ਬਲੋਟਿੰਗ 'ਚ ਲੋਕ ਉਲਝ ਕਿਉਂ ਜਾਂਦੇ ਹਨ?

ਦਿੱਲੀ ਦੇ ਆਕਾਸ਼ ਹੈਲਥਕੇਅਰ ਸੁਪਰ ਸਪੈਸ਼ਿਐਲਿਟੀ ਹਸਪਤਾਲ ਵਿੱਚ ਕੰਸਲਟੈਂਟ ਐਂਡੋਕਰੀਨੋਲੋਜਿਸਟ ਡਾ. ਮੋਨਿਕਾ ਸ਼ਰਮਾ ਕਹਿੰਦੇ ਹਨ ਕਿ ਲੋਕ ਅਕਸਰ ਇਹ ਨਹੀਂ ਸਮਝ ਪਾਉਂਦੇ ਕਿ ਉਨ੍ਹਾਂ ਦਾ ਫੁੱਲਿਆ ਢਿੱਡ ਚਰਬੀ ਹੈ ਜਾਂ ਬਲੋਟਿੰਗ।
ਇਸ ਦਾ ਕਾਰਨ ਇਹ ਹੈ ਕਿ ਦੋਹਾਂ ਹੀ ਹਾਲਤਾਂ ਵਿੱਚ ਢਿੱਡ ਵੱਡਾ, ਫੁੱਲਿਆ ਅਤੇ ਭਰਿਆ ਮਹਿਸੂਸ ਹੁੰਦਾ ਹੈ। ਪਰ ਇਸ ਦੇ ਕਾਰਨ, ਸਮਾਂ ਅਤੇ ਲੱਛਣ ਬਿਲਕੁਲ ਵੱਖਰੇ ਹੁੰਦੇ ਹਨ:
ਜਿਵੇਂ ਬੈਲੀ ਫੈਟ ਹੌਲੀ-ਹੌਲੀ ਵਧਦਾ ਹੈ ਅਤੇ ਦਿਨ ਦੇ ਕਿਸੇ ਵੀ ਸਮੇਂ ਢਿੱਡ ਦਾ ਆਕਾਰ ਜ਼ਿਆਦਾਤਰ ਇੱਕੋ ਤਰ੍ਹਾਂ ਦਾ ਰਹਿੰਦਾ ਹੈ। ਇਹ ਸਿਰਫ਼ ਕਿਸੇ ਸਮੇਂ ਭੋਜਨ ਖਾਣ ਮਗਰੋਂ ਨਹੀਂ ਵਧਦਾ।
ਬਲੋਟਿੰਗ ਅਕਸਰ ਖਾਣ ਤੋਂ ਬਾਅਦ ਅਚਾਨਕ ਹੁੰਦੀ ਹੈ ਅਤੇ ਢਿੱਡ ਵਿੱਚ ਜਕੜਨ, ਸੋਜ, ਬੇਅਰਾਮੀ ਜਾਂ ਭਰਿਆ ਹੋਇਆ ਮਹਿਸੂਸ ਹੁੰਦਾ ਹੈ। ਜੋ ਆਮ ਤੌਰ 'ਤੇ ਘੰਟਿਆਂ ਜਾਂ ਕੁਝ ਦਿਨਾਂ ਵਿੱਚ ਹੀ ਸਹੀ ਹੋ ਜਾਂਦਾ ਹੈ ਅਤੇ ਆਮ ਆਕਾਰ ਵਾਪਸ ਆ ਜਾਂਦਾ ਹੈ। ਕਈ ਵਾਰ ਇਹ ਸਰੀਰ 'ਚੋਂ ਗੈਸ ਬਣ ਕੇ ਜਾਂ ਟਾਇਲਟ ਜਾਣ ਮਗਰੋਂ ਵੀ ਘਟ ਜਾਂਦਾ ਹੈ।
ਦੋਹਾਂ ਹਾਲਤਾਂ ਨੂੰ ਇੱਕੋ ਹੀ ਸਮਝਣ ਨਾਲ ਤੁਸੀਂ ਗਲਤ ਇਲਾਜ ਜਾਂ ਡਾਇਟ ਵੱਲ ਜਾ ਸਕਦੇ ਹੋ, ਇਸ ਲਈ ਫਰਕ ਸਮਝਣਾ ਜ਼ਰੂਰੀ ਹੈ।
ਕੀ ਹੈ ਬਲੋਟਿੰਗ?

ਤਸਵੀਰ ਸਰੋਤ, Getty Images
ਗੈਸਟ੍ਰੋਐਂਟਰੋਲੋਜੀ ਮੈਟਰੋ ਹਸਪਤਾਲ, ਫਰੀਦਾਬਾਦ 'ਚ ਡਾਇਰੈਕਟਰ ਡਾ. ਵਿਸ਼ਾਲ ਖੁਰਾਨਾ ਦੱਸਦੇ ਹਨ ਕਿ ਬਲੋਟਿੰਗ ਆਮ ਤੌਰ 'ਤੇ ਇਸ ਨਾਲ ਜੁੜਿਆ ਹੋਇਆ ਹੈ ਕਿ ਤੁਹਾਡਾ ਸਰੀਰ ਭੋਜਨ ਨੂੰ ਕਿਵੇਂ ਪਚਾ ਰਿਹਾ ਹੈ ਜਾਂ ਤੁਹਾਡੇ ਸਿਸਟਮ ਵਿੱਚ ਕਿੰਨੀ ਗੈਸ ਮੌਜੂਦ ਹੈ। ਉਹ ਅੱਗੇ ਕਹਿੰਦੇ ਹਨ, "ਇਹ ਸਧਾਰਨ ਲੱਗਦਾ ਹੈ, ਪਰ ਆਦਤਾਂ, ਭੋਜਨ ਵਿਕਲਪਾਂ ਅਤੇ ਇੱਥੋਂ ਤੱਕ ਕਿ ਤਣਾਅ ਜਾਂ ਹਾਰਮੋਨਜ਼ ਵੀ ਇਸ ਪਿੱਛੇ ਕਾਰਨ ਹੋ ਸਕਦੇ ਹਨ।"
ਨੈਸ਼ਨਲ ਹੈਲਥ ਸਰਵਿਸ ਮੁਤਾਬਕ, ਜੇ ਤੁਹਾਨੂੰ ਬਲੋਟਿੰਗ ਹੈ ਤਾਂ ਤੁਹਾਨੂੰ ਢਿੱਡ ਆਮ ਨਾਲੋਂ ਵੱਧ ਭਰਿਆ ਅਤੇ ਵੱਡਾ ਮਹਿਸੂਸ ਹੋਵੇਗਾ, ਢਿੱਡ 'ਚ ਦਰਦ ਜਾਂ ਬੇਅਰਾਮੀ ਹੋਵੇਗੀ, ਢਿੱਡ 'ਚੋਂ ਅਵਾਜ਼ਾਂ ਆ ਸਕਦੀਆਂ ਹਨ ਜਾਂ ਤੁਸੀਂ ਆਮ ਨਾਲੋਂ ਵੱਧ ਗੈਸ ਪਾਸ ਕਰ ਰਹੇ ਹੋਵੋਗੇ।
ਡਾ. ਵਿਸ਼ਾਲ ਮੁਤਾਬਕ, "ਜੇ ਤੁਸੀਂ ਬਹੁਤ ਤੇਜ਼ੀ ਨਾਲ ਖਾਂਦੇ ਹੋ, ਤਾਂ ਤੁਸੀਂ ਸ਼ਾਇਦ ਵਾਧੂ ਹਵਾ ਨਿਗਲ ਰਹੇ ਹੋ ਅਤੇ ਉਹ ਹਵਾ ਸਿੱਧੀ ਤੁਹਾਡੇ ਢਿੱਡ ਵਿੱਚ ਜਾਂਦੀ ਹੈ। ਸਾਡੇ ਵਿੱਚੋਂ ਬਹੁਤਿਆਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਬਹੁਤ ਜਲਦੀ ਖਾ ਰਹੇ ਹਾਂ ਅਤੇ ਸਹੀ ਢੰਗ ਨਾਲ ਨਹੀਂ ਚਬਾ ਰਹੇ, ਜਿਸ ਕਾਰਨ ਬਲੋਟਿੰਗ ਹੋ ਸਕਦੀ ਹੈ।"
ਬਲੋਟਿੰਗ ਦੇ ਕਾਰਨ

ਤਸਵੀਰ ਸਰੋਤ, Getty Images
- ਸਭ ਤੋਂ ਆਮ ਕਾਰਨ ਤੁਹਾਡੇ ਪੇਟ ਵਿੱਚ ਬਹੁਤ ਜ਼ਿਆਦਾ ਗੈਸ ਹੋਣਾ ਹੈ
- ਬਹੁਤ ਜ਼ਿਆਦਾ ਖਾ ਲੈਣਾ ਜਾਂ ਜਲਦਬਾਜ਼ੀ ਵਿੱਚ ਖਾਣਾ
- ਕੁਝ ਭੋਜਨ ਜਾਂ ਪੀਣ ਵਾਲੇ ਪਦਾਰਥਾਂ ਕਰਕੇ ਜਿਵੇਂ, ਬੀਨਜ਼, ਦਾਲਾਂ, ਪਿਆਜ਼, ਬ੍ਰੋਕਲੀ, ਫੁੱਲ ਗੋਭੀ, ਅਤੇ ਸੌਫਟ ਡ੍ਰਿੰਕਸ
- ਕਬਜ਼ ਜਾਂ ਇਰੀਟੇਬਲ ਬੋਅਲ ਸਿੰਡਰੋਮ (IBS) ਅਤੇ ਕਬਜ਼
ਡਾ. ਵਿਸ਼ਾਲ ਮੁਤਾਬਕ, "ਕੁਝ ਲੋਕਾਂ ਨੂੰ ਕੁਝ ਖਾਸ ਭੋਜਨ, ਜਿਵੇਂ ਕਿ ਦੁੱਧ ਜਾਂ ਕਣਕ, ਨੂੰ ਪਚਾਉਣ ਵਿੱਚ ਵੀ ਮੁਸ਼ਕਲ ਆਉਂਦੀ ਹੈ। ਲੈਕਟੋਜ਼ ਇੰਟੋਲਰੈਂਸ ਜਾਂ ਸੀਲੀਅਕ ਬਿਮਾਰੀ ਵਿੱਚ ਵੀ ਬਲੋਟਿੰਗ ਇੱਕ ਆਮ ਲੱਛਣ ਹੈ।"
ਔਰਤਾਂ ਵਿੱਚ ਹਾਰਮੋਨਲ ਤਬਦੀਲੀਆਂ ਕਾਰਨ ਮਾਹਵਾਰੀ ਤੋਂ ਪਹਿਲਾਂ ਜਾਂ ਦੌਰਾਨ ਵੀ ਜ਼ਿਆਦਾ ਬਲੋਟਿੰਗ ਹੋ ਸਕਦੀ ਹੈ।

ਤਸਵੀਰ ਸਰੋਤ, Getty Images
ਐੱਨਐੱਚਐੱਸ ਅਨੁਸਾਰ, ਕਈ ਵਾਰ ਨਾ ਦੂਰ ਹੋਣ ਵਾਲੀ ਬਲੋਟਿੰਗ ਕਿਸੇ ਹੋਰ ਗੰਭੀਰ ਚੀਜ਼ ਦਾ ਸੰਕੇਤ ਹੋ ਸਕਦੀ ਹੈ ਜਿਵੇਂ ਕਿ ਅੰਡਕੋਸ਼ ਦਾ ਕੈਂਸਰ।
ਡਾ. ਵਿਸ਼ਾਲ ਦੱਸਦੇ ਹਨ ਕਿ, "ਜੇ ਅਚਾਨਕ ਭਾਰ ਘਟਣ, ਉਲਟੀਆਂ, ਪੇਟ ਵਿੱਚ ਗੰਭੀਰ ਦਰਦ, ਮਲ ਵਿੱਚ ਖੂਨ, ਚਮੜੀ ਦਾ ਪੀਲਾ ਹੋਣਾ ਜਾਂ ਢਿੱਡ ਤੇਜ਼ੀ ਨਾਲ ਵਧਣ ਵਰਗੀ ਸਥਿਤੀ ਹੋਵੇ, ਤਾਂ ਇਸਨੂੰ ਨਜ਼ਰਅੰਦਾਜ਼ ਨਾ ਕਰੋ। ਇਹ ਹੋਰ ਗੰਭੀਰ ਸਮੱਸਿਆਵਾਂ ਵੱਲ ਇਸ਼ਾਰਾ ਕਰ ਸਕਦੇ ਹਨ।"
ਇਸ ਦੇ ਨਾਲ ਹੀ ਲੰਬੇ ਸਮੇਂ ਤੱਕ ਜਾਂ ਵਾਰ-ਵਾਰ ਹੋ ਰਹੀ ਬਲੋਟਿੰਗ ਸਧਾਰਨ ਨਹੀਂ ਹੈ। ਲਗਾਤਾਰ ਢਿੱਡ ਵਿੱਚ ਦਰਦ, ਬਿਨਾਂ ਕਾਰਨ ਭਾਰ ਘਟਣਾ ਜਾਂ ਕਮਜ਼ੋਰੀ ਵਰਗੇ ਲੱਛਣ ਗੰਭੀਰ ਸਮੱਸਿਆਵਾਂ ਜਿਵੇਂ IBD, ਕੈਂਸਰ ਜਾਂ ਇਨਫੈਕਸ਼ਨ ਦੇ ਸੰਕੇਤ ਹੋ ਸਕਦੇ ਹਨ। ਇਸ ਲਈ ਡਾਕਟਰ ਦੀ ਸਲਾਹ ਅਤੇ ਚੈੱਕ-ਅਪ ਬੇਹੱਦ ਜ਼ਰੂਰੀ ਹੈ।
ਪੇਟ ਦੀ ਚਰਬੀ (ਬੈਲੀ ਫੈਟ) ਬਾਰੇ ਸਮਝੋ

ਬੈਲੀ ਫੈਟ ਢਿੱਡ ਦੇ ਆਲੇ-ਦੁਆਲੇ ਜਮ੍ਹਾਂ ਹੋਈ ਚਰਬੀ ਨੂੰ ਦਰਸਾਉਂਦਾ ਹੈ ਅਤੇ ਇਸ ਵਿੱਚ ਚਮੜੀ ਦੇ ਹੇਠਾਂ ਚਰਬੀ ਅਤੇ ਅੰਦਰੂਨੀ ਅੰਗਾਂ ਦੇ ਆਲੇ-ਦੁਆਲੇ ਵਿਸਰਲ ਚਰਬੀ ਦੋਵੇਂ ਸ਼ਾਮਲ ਹਨ। ਵਿਸਰਲ ਚਰਬੀ ਪਾਚਕ ਤੌਰ 'ਤੇ ਕਿਰਿਆਸ਼ੀਲ ਹੁੰਦੀ ਹੈ, ਇਹ ਇੱਕ ਐਂਡੋਕਰੀਨ ਅੰਗ ਵਾਂਗ ਵਿਵਹਾਰ ਕਰਦੀ ਹੈ ਜੋ ਸੋਜਸ਼ ਅਤੇ ਪਾਚਕ ਬਿਮਾਰੀ ਨੂੰ ਉਤਸ਼ਾਹਿਤ ਕਰਨ ਵਾਲੇ ਰਸਾਇਣਾਂ ਨੂੰ ਛੱਡਦੀ ਹੈ।
ਹਾਰਵਰਡ ਯੂਨੀਵਰਸਿਟੀ ਵਿੱਚ ਪ੍ਰਕਾਸ਼ਿਤ ਖੋਜ ਮੁਤਾਬਕ ਬੈਲੀ ਫੈਟ ਇੱਕ ਹੋਰ ਪ੍ਰੋਟੀਨ ਯਾਨੀ ਐਂਜੀਓਟੈਨਸਿਨ ਦੇ ਉਤਪਾਦਨ ਨੂੰ ਵੀ ਵਧਾਉਂਦੀ ਹੈ, ਜਿਸ ਨਾਲ ਖੂਨ ਦੀਆਂ ਨਾੜੀਆਂ ਸੁੰਗੜਨੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਬਲੱਡ ਪ੍ਰੈਸ਼ਰ ਵਧਦਾ ਹੈ।
ਦਿੱਲੀ ਦੇ ਫੋਰਟਿਸ ਐਸਕਾਰਟਸ ਹਸਪਤਾਲ ਵਿੱਚ ਸੀਨੀਅਰ ਕਾਰਡੀਓਲੋਜਿਸਟ ਡਾ. ਸ਼ਿਵ ਕੁਮਾਰ ਚੌਧਰੀ ਮੁਤਾਬਕ ਢਿੱਡ ਦੇ ਆਲੇ-ਦੁਆਲੇ ਇਕੱਠੀ ਹੋਈ ਚਰਬੀ ਸਰੀਰ ਦੇ ਦੂਜੇ ਹਿੱਸਿਆਂ ਵਿਚਲੀ ਚਰਬੀ ਨਾਲੋਂ ਜ਼ਿਆਦਾ ਖ਼ਤਰਨਾਕ ਹੈ।
ਬੈਲੀ ਫੈਟ ਦੇ ਕਾਰਨ

ਤਸਵੀਰ ਸਰੋਤ, Getty Images
- ਗੈਰ ਸਿਹਤਮੰਦ ਅਤੇ ਵੱਧ ਕੈਲੋਰੀਜ਼ ਵਾਲਾ ਭੋਜਨ ਖਾਣਾ ਜਿਵੇਂ, ਰਿਫਾਈਂਡ ਕਾਰਬੋਹਾਈਡਰੇਟ, ਸ਼ੂਗਰ, ਸੈਚੂਰੇਟਿਡ ਚਰਬੀ ਅਤੇ ਪ੍ਰੋਸੈਸਡ ਭੋਜਨ
- ਸਰੀਰਕ ਗਤੀਵਿਧੀ ਦੀ ਘਾਟ
- ਲੰਬੇ ਸਮੇਂ ਤੱਕ ਬੈਠੇ ਰਹਿਣਾ
- ਘੱਟ ਜਾਂ ਪੂਰੀ ਨੀਂਦ ਨਾ ਹੋਣਾ
- ਗੰਭੀਰ ਤਣਾਅ, ਸਿਗਰਟਨੋਸ਼ੀ, ਹਾਰਮੋਨ ਤਬਦੀਲੀਆਂ ਜਾਂ ਉਮਰ ਦਾ ਵਧਣਾ ਵੀ ਕਾਰਨ ਹੋ ਸਕਦਾ ਹੈ
ਬੈਲੀ ਫੈਟ ਹਾਈਪਰਟੈਨਸ਼ਨ, ਡਿਸਲਿਪੀਡੇਮੀਆ, ਟਾਈਪ 2 ਸ਼ੂਗਰ, ਫੈਟੀ ਲੀਵਰ, ਦਿਲ ਦੀ ਬਿਮਾਰੀ, ਸਟ੍ਰੋਕ ਅਤੇ ਜ਼ਿਆਦਾ ਫੈਟ ਸਮੇਂ ਤੋਂ ਪਹਿਲਾਂ ਮੌਤ ਦੇ ਜੋਖਮ ਨੂੰ ਵੀ ਵਧਾਉਂਦਾ ਹੈ।
ਡਾ. ਸ਼ਿਵ ਕੁਮਾਰ ਚੌਧਰੀ ਮੁਤਾਬਕ, ਇਸ ਦੇ ਨਾਲ ਹੀ ਇਹ ਕੁਝ ਕੈਂਸਰਾਂ (ਖਾਸ ਕਰਕੇ ਕੋਲੋਰੈਕਟਲ ਅਤੇ ਛਾਤੀ), ਸਲੀਪ ਐਪਨੀਆ, ਦਮਾ, ਡਿਮੈਂਸ਼ੀਆ ਅਤੇ ਫੇਫੜਿਆਂ ਸਬੰਧੀ ਦਿੱਕਤਾਂ ਵੀ ਪੈਦਾ ਕਰ ਸਕਦਾ ਹੈ।
ਬਲੋਟਿੰਗ ਅਤੇ ਬੈਲੀ ਫੈਟ ਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ?

ਤਸਵੀਰ ਸਰੋਤ, Getty Images
ਡਾ. ਵਿਸ਼ਾਲ ਖੁਰਾਨਾ ਅਤੇ ਡਾ. ਸ਼ਿਵ ਕੁਮਾਰ ਚੌਧਰੀ ਦੇ ਦੱਸਣ ਮੁਤਾਬਕ ਸਮਝੋ ਕਿ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਬਲੋਟਿੰਗ:
- ਪ੍ਰੋਸੈਸਡ ਅਤੇ ਫੈਟ ਵਾਲੇ ਭੋਜਨਾਂ ਦਾ ਸੇਵਨ ਘਟਾਓ
- ਉੱਚ-ਫਾਈਬਰ, ਪਾਣੀ ਨਾਲ ਭਰਪੂਰ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਕਰੋ
- ਭੋਜਨ। ਜਿਨ੍ਹਾਂ ਤੋਂ ਐਲਰਜੀ ਹੈ ਜਾਂ ਜੋ ਤੁਹਾਡਾ ਸਰੀਰ ਨਹੀਂ ਪਚਾ ਸਕਦਾ, ਉਹ ਪਛਾਣੋ ਅਤੇ ਉਨ੍ਹਾਂ ਤੋਂ ਬਚੋ
- ਹੌਲੀ ਅਤੇ ਧਿਆਨ ਨਾਲ ਖਾਓ ਅਤੇ ਨਿਯਮਤ ਕਸਰਤ ਕਰੋ
- ਜੇਕਰ ਲੱਛਣ ਲਗਾਤਾਰ ਰਹਿੰਦੇ ਹਨ ਜਾਂ ਵਿਗੜਦੇ ਹਨ, ਤਾਂ ਡਾਕਟਰ ਨਾਲ ਸਲਾਹ ਕਰੋ
ਬੈਲੀ ਫੈਟ:
- ਸਬਜ਼ੀਆਂ, ਫਲ, ਸਾਬਤ ਅਨਾਜ, ਸਿਹਤਮੰਦ ਚਰਬੀ ਅਤੇ ਲੋੜੀਂਦੇ ਪ੍ਰੋਟੀਨ 'ਤੇ ਜ਼ੋਰ ਦੇਣ ਵਾਲੀ ਸੰਤੁਲਿਤ ਖੁਰਾਕ ਦੀ ਪਾਲਣਾ ਕਰੋ
- ਮਿੱਠੇ ਪੀਣ ਵਾਲੇ ਪਦਾਰਥ, ਮਿਠਾਈਆਂ, ਰਿਫਾਇੰਡ ਆਟਾ, ਡੀਪ ਫ੍ਰਾਈ ਭੋਜਨ ਘੱਟ ਖਾਓ
- ਨਿਯਮਤ ਸਰੀਰਕ ਗਤੀਵਿਧੀ ਅਤੇ ਤਣਾਅ ਪ੍ਰਬੰਧਨ ਲਈ ਯੋਗ ਜਾਂ ਧਿਆਨ ਕਰੋ
- 7-8 ਘੰਟਿਆਂ ਦੀ ਚੰਗੀ ਨੀਂਦ ਲਵੋ
- ਸਿਗਰਟਨੋਸ਼ੀ ਤੋਂ ਬਚੋ ਅਤੇ ਸ਼ਰਾਬ ਦਾ ਸੇਵਨ ਘੱਟ ਕਰੋ
ਹਾਲਾਂਕਿ ਕਈ ਵਾਰ ਢਿੱਡ ਦਾ ਫੁੱਲਣਾ ਸਿਰਫ਼ ਬਲੋਟਿੰਗ ਜਾਂ ਬੈਲੀ ਫੈਟ ਨਹੀਂ ਹੁੰਦਾ, ਸਗੋਂ, ਲਿਵਰ ਦੀ ਬਿਮਾਰੀ ਕਾਰਨ ਪੇਟ ਵਿੱਚ ਪਾਣੀ ਭਰ ਜਾਣਾ, ਮਾਲਐਬਜ਼ਾਰਪਸ਼ਨ ਸਿੰਡਰੋਮ, ਇਨਫਲਾਮੇਟਰੀ ਬਾਵਲ ਡਿਜ਼ੀਜ਼ ਜਾਂ ਕਈ ਮਾਮਲਿਆਂ 'ਚ ਟੀਬੀ ਜਾਂ ਟਿਊਮਰ ਵੀ ਹੋ ਸਕਦਾ ਹੈ।
ਇਸ ਲਈ ਆਪਣੇ ਸਰੀਰ ਦੇ ਸੰਕੇਤਾਂ ਨੂੰ ਸਮਝਣਾ ਅਤੇ ਸਮੇਂ 'ਤੇ ਸਹੀ ਕਦਮ ਚੁੱਕਣਾ ਬਹੁਤ ਜ਼ਰੂਰੀ ਹੈ। ਨੈਸ਼ਨਲ ਹੈਲਥ ਸਰਵਿਸ ਮੁਤਾਬਕ, ਜੇ ਲੱਛਣ ਲੰਬੇ ਸਮੇਂ ਤੱਕ ਰਹਿਣ ਜਾਂ ਗੰਭੀਰ ਹੋਣ ਤਾਂ ਜਲਦੀ ਡਾਕਟਰੀ ਸਲਾਹ ਨਾਲ ਤੁਰੰਤ ਇਲਾਜ ਯਕੀਨੀ ਬਣਾਉਣਾ ਚਾਹੀਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












