'ਤੂੰ ਪਾਸ ਤਾਂ ਹੋ ਗਈ ਹੈ ਨਾ', ਐੱਸਐੱਸਬੀ ਵਿੱਚ ਪਹਿਲਾ ਰੈਂਕ ਹਾਸਲ ਕਰਨ ਵਾਲੀ ਸਹਿਜਲਦੀਪ ਕੌਰ ਨੇ ਜਦੋਂ ਆਪਣੇ ਮਾਪਿਆਂ ਨੂੰ ਫੋਨ ਕੀਤਾ...

ਸਹਿਜਲਦੀਪ

ਤਸਵੀਰ ਸਰੋਤ, Sehjaldeep Kaur

ਤਸਵੀਰ ਕੈਪਸ਼ਨ, ਸਹਿਜਲਦੀਪ ਬਚਪਨ ਤੋਂ ਹੀ ਨੇਵੀ ਵਿੱਚ ਜਾਣਾ ਚਾਹੁੰਦੇ ਸਨ
    • ਲੇਖਕ, ਨਵਜੋਤ ਕੌਰ ਅਤੇ ਪਰਦੀਪ ਸ਼ਰਮਾ
    • ਰੋਲ, ਬੀਬੀਸੀ ਸਹਿਯੋਗੀ

'ਪਾਪਾ ਮੈਨੂੰ ਫੋਨ ਉੱਤੇ ਕਹਿੰਦੇ ਕਿ ਮੈਨੂੰ ਯਾਦ ਹੈ ਕਿ ਤੂੰ ਕਿਵੇਂ ਦੇਰ ਰਾਤ ਤੱਕ ਪੜ੍ਹਦੀ ਸੀ, ਅਸੀਂ ਸੌਂ ਕੇ ਉੱਠ ਜਾਂਦੇ ਸੀ ਤੇ ਤੂੰ ਪੜ੍ਹਦੀ ਹੀ ਹੁੰਦੀ ਸੀ, ਕਦੇ-ਕਦੇ ਕਿਤਾਬ ਤੇਰੇ ਮੂੰਹ ਉੱਤੇ ਹੀ ਪਈ ਹੁੰਦੀ ਤੇ ਤੂੰ ਸੌਂ ਜਾਂਦੀ ਸੀ।"

ਇਹ ਕਹਿ ਕੇ ਸਹਿਜਲਦੀਪ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ, ਉਨ੍ਹਾਂ ਨੇ ਰੋਂਦੇ ਹੋਏ ਕਿਹਾ, "ਮੈਨੂੰ ਬਹੁਤ ਮਾਣ ਹੈ ਕਿ ਮੈਂ ਆਪਣੇ ਪਾਪਾ ਦਾ ਮਾਣ ਵਧਾਇਆ ਹੈ।"

ਇਹ ਜਜ਼ਬਾਤ ਹੁਸ਼ਿਆਰਪੁਰ ਦੀ ਚੋਣ ਨੈਸ਼ਨਲ ਡਿਫੈਂਸ ਅਕੈਡਮੀ (ਐੱਨਡੀਏ) ਖੜਕਵਾਸਲਾ ਦੇ 155ਵੇਂ ਐੱਨਡੀਏ ਕੋਰਸ ਲਈ ਚੁਣੇ ਗਏ 18 ਸਾਲਾ ਸਹਿਜਲਦੀਪ ਕੌਰ ਨੇ ਬੀਬੀਸੀ ਨਾਲ ਸਾਂਝੇ ਕੀਤੇ।

ਸਹਿਜਲਦੀਪ ਕੌਰ ਦੀ ਸਿਰਫ ਚੋਣ ਹੀ ਨਹੀਂ ਹੋਈ, ਉਨ੍ਹਾਂ ਨੇ ਮੈਰਿਟ ਲਿਸਟ ਵਿੱਚੋਂ 81 ਏਆਈਆਰ (ਰੈਂਕ) ਹਾਸਲ ਕੀਤਾ ਹੈ, ਜਦਕਿ ਸਰਵਸਿਜ਼ ਸਿਲੈਕਸ਼ਨ ਬੋਰਡ (ਐੱਸਐੱਸਬੀ) ਇੰਟਰਵਿਊ ਵਿੱਚ 570 ਅੰਕ ਹਾਸਲ ਕੀਤੇ ਹਨ, ਜੋ ਕਿ ਕੁੱਲੇ ਚੁਣੇ ਗਏ ਸਾਰੇ 735 ਮੁੰਡੇ-ਕੁੜੀਆਂ ਵਿੱਚੋਂ ਸਭ ਤੋਂ ਵੱਧ ਹਨ।

ਸਹਿਜਲਦੀਪ ਕੌਰ ਨੇ ਮੋਹਾਲੀ ਵਿੱਚ ਪੰਜਾਬ ਸਰਕਾਰ ਦੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਵਿੱਚ ਕੋਚਿੰਗ ਪ੍ਰਾਪਤ ਕੀਤੀ ਹੈ, ਉਹ ਜੁਲਾਈ ਮਹੀਨੇ ਤੋਂ ਮਾਈ ਭਾਗੋ ਇੰਸਟੀਚਿਊਟ ਵਿੱਚ ਟਰੇਨਿੰਗ ਲੈ ਰਹੇ ਹਨ।

ਉਹ ਦਸੰਬਰ ਮਹੀਨੇ ਵਿੱਚ ਕੈਡੇਟ ਵਜੋਂ ਸਿਖਲਾਈ ਲੈਣ ਲਈ ਨੈਸ਼ਨਲ ਡਿਫੈਂਸ ਅਕੈਡਮੀ ਜਾਣਗੇ।

ਕਿਸਾਨੀ ਪਰਿਵਾਰ ਨਾਲ ਸਬੰਧਤ ਸਹਿਜਲਦੀਪ

ਸਹਿਜਲਦੀਪ ਦੇ ਪਿਤਾ ਕਿਸਾਨ ਹਨ

ਤਸਵੀਰ ਸਰੋਤ, pradeep sharma/bbc

ਤਸਵੀਰ ਕੈਪਸ਼ਨ, ਸਹਿਜਲਦੀਪ ਦੇ ਪਿਤਾ ਕਿਸਾਨ ਹਨ

ਸਹਿਜਲਦੀਪ ਕੌਰ ਹੁਸ਼ਿਆਰਪੁਰ ਦੇ ਚੌਟਾਲਾ ਪਿੰਡ ਦੀ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਛੋਟੇ ਕਿਸਾਨ ਹਨ ਅਤੇ ਮਾਂ ਹਾਊਸ ਵਾਈਫ਼ ਹਨ।

ਸਹਿਜਲਦੀਪ ਨੇ ਨਾਲ ਦੇ ਪਿੰਡ ਵਿੱਚ ਇੱਕ ਪ੍ਰਾਈਵੇਟ ਸਕੂਲ ਤੋਂ ਦਸਵੀਂ ਦੀ ਪੜ੍ਹਾਈ ਪੂਰੀ ਕੀਤੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਕੇਂਦਰੀ ਵਿਦਿਆਲਿਆ ਪਿੰਡ ਗੱਜ, ਭੂੰਗਾ ਤੋਂ 12ਵੀਂ ਜਮਾਤ ਦੀ ਪੜ੍ਹਾਈ ਕੀਤੀ।

ਹੁਣ ਉਹ ਮਾਈ ਭਾਗੋ ਆਰਮਡ ਇੰਸਟੀਚਿਊਟ ਵਿੱਚ ਟਰੇਨਿੰਗ ਲੈਣ ਤੋਂ ਇਲਾਵਾ ਐੱਮਸੀਐੱਮ ਡੀ.ਏ.ਵੀ ਕਾਲਜ ਚੰਡੀਗੜ੍ਹ ਤੋਂ ਬੀਐੱਸਸੀ ਕਰ ਰਹੇ ਹਨ।

ਸਹਿਜਲਦੀਪ ਦੇ ਮੁਤਾਬਕ ਐੱਨਡੀਏ ਵਿੱਚ ਦਾਖਲਾ ਲੈਣ ਦਾ ਸੁਪਨਾ ਸਿਰਫ ਇਸ ਕਰਕੇ ਪੂਰਾ ਹੋ ਸਕਿਆ ਕਿਉਂਕਿ ਉਨ੍ਹਾਂ ਦੇ ਮਾਪਿਆਂ ਨੇ ਪੂਰਾ ਸਹਿਯੋਗ ਦਿੱਤਾ।

ਹਾਲਾਂਕਿ ਮਾਪਿਆਂ ਨੂੰ ਐੱਨਡੀਏ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰ ਉਹ ਬਸ ਮੇਰੀ ਹਰ ਗੱਲ ਮੰਨਦੇ ਅਤੇ ਮੈਨੂੰ ਅੱਗੇ ਤੁਰਨ ਲਈ ਪ੍ਰੇਰਦੇ ਰਹਿੰਦੇ ਸਨ।

ਸਹਿਜਲਦੀਪ ਦੇ ਮਾਤਾ

ਆਪਣੇ ਮਾਪਿਆਂ ਨਾਲ ਜੁੜਿਆ ਇੱਕ ਕਿੱਸਾ ਸਾਂਝਾ ਕਰਦੇ ਹਨ ਸਹਿਜਲਦੀਪ ਹੱਸਦੇ ਹੋਏ ਕਹਿੰਦੇ ਹਨ,"ਜਦੋਂ ਮੈਂ ਐੱਨਡੀਏ ਦਾ ਨਤੀਜਾ ਆਉਣ ਬਾਰੇ ਆਪਣੇ ਮਾਪਿਆਂ ਨੂੰ ਫੋਨ ਲਾ ਕੇ ਦੱਸਿਆ ਕਿ ਮੈਂ ਐੱਸਐੱਸਬੀ ਬੋਰਡ ਵਿੱਚ ਸਭ ਤੋਂ ਵੱਧ ਨੰਬਰ ਲਏ ਹਨ ਤਾਂ ਮੇਰੇ ਮੰਮੀ ਕਹਿ ਰਹੇ ਸੀ ਕਿ ਤੂੰ ਪਾਸ ਹੋ ਗਈ ਏ ਜਾਂ ਨਹੀਂ!"

ਇਹ ਸੁਣ ਕੇ ਮੇਰੇ ਨਾਲ ਮੌਜੂਦ ਸਾਰੇ ਵਿਦਿਆਰਥੀ ਹੱਸ ਪਏ।

ਵੀਡੀਓ ਕੈਪਸ਼ਨ, ਹੁਸ਼ਿਆਰਪੁਰ ਦੇ ਪਿੰਡ ਚੌਟਾਲਾ ਦੀ ਸਹਿਜਲਦੀਪ ਕੌਰ ਨੇ ਸਰਵਿਸ ਸਿਲੈਕਸ਼ਨ ਬੋਰਡ ਇੰਟਰਵਿਊ ਵਿੱਚ ਪਹਿਲਾ ਰੈਂਕ ਹਾਸਲ ਕੀਤਾ ਹੈ

ਸਹਿਜਲਦੀਪ ਖੁਸ਼ੀ ਭਰੀਆਂ ਅੱਖਾਂ ਨਾਲ ਦੱਸਦੇ ਹਨ, "ਮੈਂ ਆਪਣੇ ਪਰਿਵਾਰ ਤੋਂ ਜੋ ਵੀ ਮੰਗਦੀ ਸੀ ਉਹ ਹਰ ਹਾਲ ਵਿੱਚ ਪੂਰਾ ਕਰ ਦਿੰਦੇ ਹਨ। ਮੈਂ ਦਿਨ ਰਾਤ ਪੜ੍ਹਨ ਦਾ ਆਪਣਾ ਕੰਮ ਪੂਰੀ ਲਗਨ ਨਾਲ ਕਰਦੀ ਸੀ ਤੇ ਮੇਰੇ ਮਾਪੇ ਮੈਨੂੰ ਕਦੇ ਵੀ ਔਖ ਨਹੀਂ ਆਉਣ ਦਿੰਦੇ ਸੀ।"

ਜਲ ਸੈਨਾ ਵਿੱਚ ਅਫ਼ਸਰ ਬਣਨਾ ਚਾਹੁੰਦੇ ਹਨ ਸਹਿਜਲਦੀਪ

ਸਹਿਜਲਦੀਪ ਕੌਰ

ਤਸਵੀਰ ਸਰੋਤ, Sehjaldeep Kaur

ਤਸਵੀਰ ਕੈਪਸ਼ਨ, ਸਹਿਜਲਦੀਪ ਨੇ ਐੱਸਐੱਸਬੀ ਇੰਟਰਵਿਊ ਵਿੱਚ 570 ਅੰਕ ਹਾਸਲ ਕੀਤੇ ਹਨ, ਜੋ ਕਿ ਇਸ ਵਾਰ ਦੇ ਮੁਕਾਬਲੇ ਵਿੱਚ ਸਭ ਤੋਂ ਵੱਧ ਨੰਬਰ ਹਨ

ਸਹਿਜਲਦੀਪ ਦੱਸਦੇ ਹਨ ਕਿ ਉਹ ਬਚਪਨ ਤੋਂ ਨੇਵੀ ਅਫ਼ਸਰ ਬਣਨ ਦਾ ਸੁਪਨਾ ਲੈ ਰਹੇ ਸਨ, ਇੰਟਰਨੈੱਟ ਉੱਤੇ ਨੇਵੀ ਅਫਸਰਾਂ ਅਤੇ ਸਮੁੰਦਰੀ ਜਹਾਜ਼ਾਂ ਬਾਰੇ ਸਰਚ ਕਰਦੇ ਰਹਿੰਦੇ ਸਨ।

ਉਹ ਕਹਿੰਦੇ ਹਨ, "ਮੈਨੂੰ ਨੇਵੀ ਜਾਂ ਫੌਜ ਬਾਰੇ ਜਾਣਕਾਰੀ ਦੇਣ ਵਾਲਾ ਵੀ ਕੋਈ ਸਖਸ਼ ਮੇਰੇ ਆਲੇ-ਦੁਆਲੇ ਨਹੀਂ ਸੀ, ਪਰ ਮੈਂ ਆਪਣੇ ਫੋਨ ਨੂੰ ਬਹੁਤ ਸੁਚਾਰੂ ਢੰਗ ਨਾਲ ਵਰਤਿਆ ਤਾਂ ਜੋ ਮੈਂ ਇੱਕ ਨਵਾਂ ਸੁਪਨਾ ਦੇਖ ਸਕਾਂ।"

"ਸਮੁੰਦਰੀ ਜਹਾਜ਼ ਬਾਰੇ ਪੜ੍ਹਦੇ ਰਹਿਣਾ ਮੇਰਾ ਸ਼ੌਂਕ ਬਣ ਗਿਆ ਹੈ। ਮੈਂ ਹੁਣ ਵੀ ਐੱਨਡੀਏ ਵਿੱਚ ਵੀ ਜਲ-ਸੈਨਾ ਦੇ ਲਈ ਹੀ ਸਿਖਲਾਈ ਲੈਣਾ ਚਾਹੁੰਦੀ ਹਾਂ ਅਤੇ ਇੱਕ ਦਿਨ ਵੱਡੀ ਨੇਵੀ ਅਫ਼ਸਰ ਬਣਨਾ ਹੀ ਮੇਰਾ ਸੁਪਨਾ ਹੈ।"

ਕੁੜੀਆਂ ਬਸ ਸੁਪਨੇ ਦੇਖਣ, ਪੂਰੇ ਜ਼ਰੂਰ ਹੋਣਗੇ

ਜਸਬੀਰ ਸਿੰਘ ਸੰਧੂ

ਸਹਿਜਲਦੀਪ ਆਪਣੀ ਸਕੂਲੀ ਪੜ੍ਹਾਈ ਦੇ ਦਿਨਾਂ ਨੂੰ ਯਾਦ ਕਰਦੇ ਕਹਿੰਦੇ ਹਨ, "ਮੈਂ ਪੜ੍ਹਾਈ ਵਿੱਚ ਚੰਗੀ ਸੀ, ਅੰਗਰੇਜ਼ੀ ਭਾਸ਼ਾ ਸਿੱਖਣ ਲਈ ਮੈਂ ਸ਼ੁਰੂ ਤੋਂ ਹੀ ਮਿਹਨਤ ਕਰਦੀ ਸੀ। ਕਈ ਵਾਰ ਸਾਰੀ-ਸਾਰੀ ਰਾਤ ਮੈਂ ਪੜ੍ਹਦੀ ਰਹਿੰਦੀ ਸੀ।"

"ਫੋਨ ਉੱਤੇ ਵੀ ਮੈਂ ਪੜ੍ਹਾਈ ਅਤੇ ਡਿਫੈਂਸ ਅਕੈਡਮੀ ਬਾਰੇ ਹੀ ਖੋਜਦੀ ਰਹਿੰਦੀ ਸੀ। ਮੈਂ ਬਸ ਸੁਪਨਾ ਦੇਖਿਆ ਸੀ, ਉਸ ਨੂੰ ਪੂਰਾ ਕਰਨ ਲਈ ਮਿਹਨਤ ਕੀਤੀ।"

ਉਹ ਕਹਿੰਦੇ ਹਨ, "ਪਹਿਲਾਂ ਮਾਈ ਭਾਗੋ ਆਰਮਡ ਇੰਸਟੀਚਿਊਟ ਆਉਣ ਦਾ ਸੁਪਨਾ ਪੂਰਾ ਹੋਇਆ, ਹੁਣ ਡਿਫੈਂਸ ਅਕੈਡਮੀ ਜਾਣ ਦਾ ਸੁਪਨਾ ਪੂਰਾ ਹੋ ਗਿਆ ਅਤੇ ਉਮੀਦ ਹੈ ਕਿ ਇੱਕ ਦਿਨ ਨੇਵੀ ਅਫ਼ਸਰ ਬਣਨ ਦਾ ਸੁਪਨਾ ਵੀ ਪੂਰਾ ਹੋਵੇਗਾ।"

ਸਹਿਜਲਦੀਪ ਕੌਰ

ਤਸਵੀਰ ਸਰੋਤ, Sehjaldeep Kaur

ਤਸਵੀਰ ਕੈਪਸ਼ਨ, ਸਹਿਜਲਦੀਪ ਕਹਿੰਦੇ ਹਨ ਕਿ ਉਨ੍ਹਾਂ ਨੇ ਅੰਗਰੇਜ਼ੀ ਭਾਸ਼ਾ ਸਿੱਖਣ ਲਈ ਬਹੁਤ ਮਿਹਨਤ ਕੀਤੀ
ਇਹ ਵੀ ਪੜ੍ਹੋ-

ਉਹ ਆਪਣੀ ਉਮਰ ਦੀਆਂ ਪੰਜਾਬ ਦੀਆਂ ਹੋਰ ਨੌਜਵਾਨ ਕੁੜੀਆਂ ਨੂੰ ਵੀ ਇਹੀ ਅਪੀਲ ਕਰਦੇ ਹਨ ਕਿ ਕੁੜੀਆਂ ਭਾਵੇਂ ਪਿੰਡਾਂ ਵਿੱਚ ਹਨ, ਆਲੇ-ਦੁਆਲੇ ਪੜ੍ਹਾਈ ਦੇ ਸਰੋਤ ਬਹੁਤ ਘੱਟ ਹਨ ਪਰ ਉਮੀਦ ਨਾ ਹਾਰਨ।

ਉਹ ਕਹਿੰਦੇ ਹਨ ਕਿ ਨੌਜਵਾਨਾਂ ਫੋਨ, ਇੰਟਰਨੈੱਟ ਦੀ ਮਦਦ ਨਾਲ ਆਪਣਾ ਰਸਤਾ ਆਪ ਖੋਜਣ, ਉਨ੍ਹਾਂ ਨੂੰ ਇੱਕ ਦਿਨ ਆਪਣੇ ਸੁਪਨੇ ਪੂਰੇ ਕਰਨ ਦਾ ਮੌਕਾ ਮਿਲੇਗਾ।

'18 ਘੰਟੇ ਲਗਾਤਾਰ ਪੜ੍ਹਦੀ ਸੀ ਸਾਡੀ ਧੀ'

ਸਹਿਜਲਦੀਪ ਦੇ ਮਾਤਾ ਪਰਵਿੰਦਰ ਕੌਰ

ਤਸਵੀਰ ਸਰੋਤ, Pradeep Sharma/BBC

ਤਸਵੀਰ ਕੈਪਸ਼ਨ, ਸਹਿਜਲਦੀਪ ਦੇ ਮਾਤਾ ਪਰਵਿੰਦਰ ਕੌਰ ਨੂੰ ਆਪਣੀ ਧੀ ਉੱਤੇ ਮਾਣ ਹੈ

ਸਹਿਜਲਦੀਪ ਕੌਰ ਦੇ ਮਾਤਾ ਪਰਵਿੰਦਰ ਕੌਰ ਜਿੱਥੇ ਆਪਣੀ ਧੀ ਦੀ ਸਫ਼ਲਤਾ ਉੱਤੇ ਮਾਣ ਮਹਿਸੂਸ ਕਰਦੇ ਹਨ ਉੱਥੇ ਹੀ ਉਨ੍ਹਾਂ ਦਾ ਧੰਨਵਾਦ ਵੀ ਕਰਦੇ ਹਨ।

ਪਰਵਿੰਦਰ ਕੌਰ ਦੱਸਦੇ ਹਨ ਕਿ ਭਾਵੇਂ ਸਹਿਜਲਦੀਪ ਦੇ ਪਿਤਾ ਵਾਲੇ ਪਰਿਵਾਰ ਵਿੱਚੋਂ ਕੋਈ ਵੀ ਫੌਜ ਵਿੱਚ ਨਹੀਂ ਸੀ ਪਰ ਉਸ ਦੇ ਨਾਨਕੇ ਪਰਿਵਾਰ ਵਿੱਚ ਫੌਜੀ ਪਿਛੋਕੜ ਜ਼ਰੂਰ ਸੀ।

ਇਸ ਲਈ ਉਹ ਵੀ ਚਾਹੁੰਦੇ ਸਨ ਕਿ ਉਨ੍ਹਾਂ ਦੇ ਬੱਚੇ ਵੀ ਫੌਜ ਵਿੱਚ ਜਾਣ ਤੇ ਜੇਕਰ ਸਹਿਜਲਦੀਪ ਦੇ ਸੁਪਨਿਆਂ ਦੀ ਗੱਲ ਕਰੀਏ ਤਾਂ ਉਹ ਪਹਿਲੀ ਜਮਾਤ ਤੋਂ ਆਪਣੇ ਅਧਿਆਪਕਾਂ ਨੂੰ ਕਹਿੰਦੀ ਸੀ ਕਿ ਉਹ ਵੱਡੀ ਹੋ ਕੇ ਆਈਪੀਐੱਸ ਅਫ਼ਸਰ ਬਣੇਗੀ। ਇਸ ਲਈ ਅਧਿਆਪਕ ਵੀ ਮਾਪਿਆਂ ਨੂੰ ਸਹਿਜਲਦੀਪ ਨੂੰ ਯੂਪੀਐੱਸਸੀ ਦੀ ਤਿਆਰੀ ਕਰਨ ਲਈ ਪ੍ਰੇਰਦੇ ਰਹਿੰਦੇ।

ਸਹਿਜਲਦੀਪ ਦੇ ਮਾਤਾ ਪਰਵਿੰਦਰ ਕੌਰ ਕਹਿੰਦੇ ਹਨ ਕਿ ਗਿਆਰਵੀਂ-ਬਾਹਰਵੀਂ ਦੀ ਪੜ੍ਹਾਈ ਲਈ ਉਨ੍ਹਾਂ ਦੀ ਧੀ 18 ਘੰਟੇ ਪੜ੍ਹਦੀ ਸੀ।

ਉਨ੍ਹਾਂ ਕਿਹਾ, "ਸਵੇਰ ਵੇਲੇ ਜਦੋਂ ਅਸੀਂ ਸੌਂ ਕੇ ਉਠਦੇ ਸੀ ਉਦੋਂ ਉਹ ਸਾਡੇ ਪੈਰਾਂ ਦੀ ਆਵਾਜ਼ ਸੁਣ ਕੇ ਇਸ ਡਰ ਤੋਂ ਭੱਜ ਕੇ ਬੈੱਡ 'ਤੇ ਪੈ ਜਾਂਦੀ ਸੀ ਕਿ ਹੁਣ ਘਰਦਿਆਂ ਤੋਂ ਝਿੜਕਾਂ ਪੈਣਗੀਆਂ ਕਿ ਸਾਰੀ ਰਾਤ ਸੁੱਤੀ ਕਿਉਂ ਨਹੀਂ, ਪੜ੍ਹਾਈ ਤੋਂ ਇਲਾਵਾ ਉਸਨੂੰ ਹੋਰ ਕੋਈ ਵੀ ਸ਼ੌਂਕ ਨਹੀਂ ਸੀ।"

ਐੱਨਡੀਏ ਦਾ ਪੇਪਰ ਦੇਣ ਲਈ ਚੰਡੀਗੜ੍ਹ ਆਉਣਾ ਵੀ ਇੱਕ ਸੁਪਨਾ ਸੀ

ਸਹਿਜਲਦੀਪ ਕੌਰ

ਸਹਿਜਲਦੀਪ ਦੇ ਪਿਤਾ ਜਗਦੇਵ ਸਿੰਘ ਆਪਣੀ ਧੀ ਦੀ ਸਫ਼ਲਤਾ ਨੂੰ ਬਿਆਨ ਕਰਦੇ ਕਹਿੰਦੇ ਹਨ, "ਮੈਨੂੰ ਐੱਨਡੀਏ ਬਾਰੇ ਵੀ ਨਹੀਂ ਪਤਾ ਸੀ ਕਿ ਇਹ ਕੀ ਹੈ, ਮੈਨੂੰ ਸਹਿਜਲਦੀਪ ਨੇ ਹੀ ਐੱਨਡੀਏ ਬਾਰੇ ਦੱਸਿਆ।"

"ਜਦੋਂ ਸਹਿਜਲਦੀਪ ਦਾ ਐੱਨਡੀਏ ਦਾ ਪੇਪਰ ਲਈ ਸੈਂਟਰ ਚੰਡੀਗੜ੍ਹ ਬਣਿਆ ਤਾਂ ਉਸਨੇ ਮੈਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਚੱਲਿਓ ਪਰ ਮੈਂ ਉਸਨੂੰ ਕਿਹਾ ਕਿ ਪੁੱਤ ਤੂੰ ਪਹਿਲਾਂ ਦੱਸਣਾ ਸੀ ਕਿ ਤੇਰਾ ਕੋਈ ਪੇਪਰ ਹੈ ਹੁਣ ਮੈਂ ਖੇਤੀ ਦੇ ਕੰਮ ਛੱਡ ਕੇ ਚੰਡੀਗੜ੍ਹ ਕਿਵੇਂ ਜਾਵਾਂ।

ਉਹ ਕਹਿੰਦੇ ਹਨ, "ਫ਼ਿਰ ਮੈਂ ਇਹ ਸੋਚ ਕੇ ਸਹਿਜਲਦੀਪ ਨਾਲ ਚੰਡੀਗੜ੍ਹ ਆਇਆ ਕਿ ਇਹ ਇਕੱਲੀ ਚੰਡੀਗੜ੍ਹ ਕਿਵੇਂ ਘੁੰਮੇਗੀ ਇਸ ਨੂੰ ਤਾਂ ਚੰਡੀਗੜ੍ਹ ਦਾ ਕੁਝ ਵੀ ਨਹੀਂ ਪਤਾ। ਇਸ ਤਰ੍ਹਾਂ ਸਹਿਜਲਦੀਪ ਨੇ ਐੱਨਡੀਏ ਦਾ ਪੇਪਰ ਦਿੱਤਾ ਜਿਸਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ।"

'ਪੰਜਾਬ ਦੇ ਪੇਂਡੂ ਖੇਤਰਾਂ ਦੀਆਂ ਕੁੜੀਆਂ ਮੇਰਾ ਮਾਣ ਹਨ'

ਸਹਿਜਲਦੀਪ ਕੌਰ

ਤਸਵੀਰ ਸਰੋਤ, Sehajaldeep Kaur

ਤਸਵੀਰ ਕੈਪਸ਼ਨ, ਮਾਪਿਆਂ ਮੁਤਾਬਕ ਸਹਿਜਲਦੀਪ ਕੌਰ ਨੇ ਗਿਆਰਵੀਂ-ਬਾਹਰਵੀਂ ਕਲਾਸ ਵਿੱਚ 18-18 ਘੰਟੇ ਪੜ੍ਹਾਈ ਕੀਤੀ

ਮਾਈ ਭਾਗੋ ਆਰਮਡ ਇੰਸਟੀਚਿਊਟ ਫਾਰ ਗਰਲਜ਼ ਦੇ ਡਾਇਰੈਕਟਰ ਸੇਵਾ ਮੁਕਤ ਮੇਜਰ ਜਨਰਲ ਜਸਬੀਰ ਸਿੰਘ ਸੰਧੂ ਆਪਣੇ ਅਦਾਰੇ ਦੀਆਂ ਵਿਦਿਆਰਥਣਾਂ ਦੇ ਸਫਲ ਹੋਣ ਉੱਤੇ ਮਾਣ ਮਹਿਸੂਸ ਕਰਦੇ ਹਨ।

ਜੀਐੱਸ ਸੰਧੂ ਕਹਿੰਦੇ ਹਨ, "ਐੱਨਡੀਏ ਵਿੱਚ ਕੁੜੀਆਂ ਦੇ ਦਾਖਲੇ ਲਈ ਮੁਕਾਬਲਾ ਬਹੁਤ ਔਖਾ ਹੈ। ਐੱਨਡੀਏ ਵਿੱਚ ਮੁੰਡਿਆਂ ਲਈ 376 ਅਸਾਮੀਆਂ ਦੇ ਮੁਕਾਬਲੇ ਕੁੜੀਆਂ ਲਈ ਮਹਿਜ਼ 25 ਅਸਾਮੀਆਂ ਹਨ। ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਹਰ ਸਾਲ ਆਪਣੇ ਅਦਾਰੇ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ ਕੁੜੀਆਂ ਨੂੰ ਐੱਨਡੀਏ ਵਿੱਚ ਭੇਜ ਜਾਣ ਦੇ ਕਾਬਲ ਬਣਾ ਸਕੀਏ।"

"ਇਸ ਸਾਲ ਸਾਡੇ ਅਦਾਰੇ ਵਿੱਚੋਂ 6 ਕੁੜੀਆਂ ਨੇ ਐੱਨਡੀਏ ਪ੍ਰੀਖਿਆ ਪਾਸ ਕੀਤੀ ਹੈ।"

ਉਹ ਕਹਿੰਦੇ ਹਨ ਸਾਡੇ ਅਦਾਰੇ ਵਿੱਚ 70 ਫ਼ੀਸਦ ਕੁੜੀਆਂ ਪੰਜਾਬ ਦੇ ਪੇਂਡੂ ਇਲਾਕਿਆਂ ਤੋਂ ਹਨ। ਜਿਨ੍ਹਾਂ ਵਿੱਚੋਂ ਇੱਕ ਸਹਿਜਲਦੀਪ ਕੌਰ ਹੈ।

"ਸਹਿਜਲਦੀਪ ਦੀ ਤਰ੍ਹਾਂ ਹਰ ਸਾਲ ਪੰਜਾਬ ਦੀਆਂ ਕੁੜੀਆਂ ਸਾਨੂੰ ਮਾਣ ਮਹਿਸੂਸ ਕਰਨ ਦਾ ਮੌਕਾ ਦਿੰਦੀਆਂ ਹਨ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)