ਨਿਕੋਟੀਨ ਪਾਊਚ, ਨਸ਼ੇ ਦੀਆਂ ਪੁੜੀਆਂ ਜੋ ਕਿਸ਼ੋਰਾਂ ਦੀ ਸਿਹਤ ਖ਼ਰਾਬ ਕਰ ਰਹੀਆਂ ਹਨ, ਜਾਣੋ ਕਿਹੜੇ ਦੇਸ਼ਾਂ 'ਚ ਅਜਿਹੇ ਮਾਮਲੇ ਵੱਧ ਰਹੇ ਹਨ

ਤਸਵੀਰ ਸਰੋਤ, Getty Images
- ਲੇਖਕ, ਰੂਥ ਕਲੇਗ
- ਰੋਲ, ਸਿਹਤ ਅਤੇ ਤੰਦਰੁਸਤੀ ਰਿਪੋਰਟਰ
ਫਿਨ ਨੇ ਇੱਕ ਗੋਲ, ਚਮਕੀਲੀ ਡੱਬੀ ਵਿੱਚੋਂ ਇੱਕ ਛੋਟਾ, ਚਿੱਟਾ, ਟੀ-ਬੈਗ ਵਰਗਾ ਪਾਊਚ ਚੁੱਕ ਕੇ ਆਪਣੇ ਉੱਪਰਲੇ ਬੁੱਲ੍ਹ ਅਤੇ ਮਸੂੜੇ ਦੇ ਵਿਚਕਾਰ ਰੱਖ ਲਿਆ ਹੈ।
ਉਸ ਨੇ ਮੈਨੂੰ ਦੱਸਿਆ ਕਿ ਉਹ ਅਤੇ ਉਨ੍ਹਾਂ ਦੇ ਦੋਸਤ ਨਿਕੋਟੀਨ ਪਾਊਚ - ਜਾਂ ਸਨਸ - ਦੀ ਵਰਤੋਂ ਉਦੋਂ ਤੱਕ ਕਰਦੇ ਹਨ ਜਦੋਂ ਤੱਕ ਉਨ੍ਹਾਂ ਨੂੰ ਉਲਟੀ ਨਹੀਂ ਆ ਜਾਂਦੀ।
ਫਿਨ ਮੁਤਾਬਕ ਇੱਕ ਪਾਊਚ ਵਿੱਚ ਨਿਕੋਟੀਨ ਦੀ ਮਾਤਰਾ 150 ਮਿਲੀ ਗ੍ਰਾਮ ਹੁੰਦੀ ਹੈ। ਇਹ ਮਾਤਰਾ ਉਨ੍ਹਾਂ ਨੂੰ "ਬੇਜਾਨ" ਕਰਨ ਲਈ ਕਾਫ਼ੀ ਹੈ, ਖਾਸ ਕਰਕੇ ਜਦੋਂ ਉਹ ਇੱਕੋ ਵਾਰ ਵਿੱਚ ਦੋ ਜਾਂ ਤਿੰਨ ਵਰਤ ਲੈਂਦੇ ਹਨ।
ਫਿਨ ਨੇ ਸਮਝਾਇਆ, "ਪਹਿਲਾਂ ਇਹ ਬਹੁਤ ਤੇਜ਼ ਲੱਗਦਾ ਹੈ। ਤੁਸੀਂ ਆਪਣੇ ਮਸੂੜਿਆਂ 'ਤੇ ਜਲਣ ਮਹਿਸੂਸ ਕਰਦੇ ਹੋ, ਅਤੇ ਫਿਰ ਤੁਹਾਨੂੰ ਨਸ਼ੇ ਦੀ ਲੋਰ ਚੜ੍ਹਦੀ ਹੈ।"
ਫਿਨ ਨੇ ਕਿਹਾ ਕਿ ਇਹ ਨਸ਼ਾ ਕਿਸੇ ਵੀ ਸਿਗਰਟ ਨਾਲੋਂ ਕਿਤੇ ਜ਼ਿਆਦਾ ਤੇਜ਼ ਹੁੰਦਾ ਹੈ, ਅਤੇ ਅਕਸਰ ਉਹ ਅਤੇ ਉਸਦੇ ਦੋਸਤ ਆਪਣੇ ਬੁੱਲ੍ਹਾਂ ਹੇਠਾਂ ਪਾਊਚ ਰੱਖਣ ਤੋਂ ਪਹਿਲਾਂ ਲੇਟ ਜਾਂਦੇ ਹਨ।
ਫਿਨ ਨੇ ਮੈਨੂੰ ਦੱਸਿਆ ਹੈ ਕਿ ਇਨ੍ਹਾਂ ਦੀ ਵਰਤੋਂ ਕਰਨੀ ਕਿੰਨੀ ਸੌਖੀ ਹੈ; ਇਹ ਇੰਨੇ ਲੁਕਵੇਂ ਹਨ ਕਿ ਉਹ ਸਕੂਲ ਵਿੱਚ ਵੀ ਇਨ੍ਹਾਂ ਦੀ ਵਰਤੋਂ ਕਰਦੇ ਹਨ।
ਉਹ ਕਹਿੰਦਾ ਹੈ, "ਮੈਂ ਪਹਿਲਾਂ ਕਲਾਸ ਵਿੱਚ ਬੈਠਾ ਹੁੰਦਾ ਸੀ ਅਤੇ ਮੇਰੇ ਮੂੰਹ ਵਿੱਚ ਇੱਕ ਅਜਿਹਾ ਪਾਊਚ ਹੁੰਦਾ ਸੀ ਜੋ ਇੰਨਾ ਤੇਜ਼ ਸੀ ਕਿ ਮੇਰੀ ਹਾਲਤ ਖ਼ਰਾਬ ਹੋ ਜਾਂਦੀ ਸੀ। ਮੈਨੂੰ ਪਸੀਨਾ ਆ ਰਿਹਾ ਸੀ, ਮੂੰਹ ਵਿੱਚੋਂ ਲਾਰਾਂ ਵਗ ਰਹੀਆਂ ਸਨ ਅਤੇ ਧਿਆਨ ਟਿਕਾਉਣ ਵਿੱਚ ਮੁਸ਼ਕਲ ਹੋ ਰਹੀ ਸੀ।"
ਉਹ ਕਹਿੰਦੇ ਹਨ ਕਿ ਅਖੀਰ ਵਿੱਚ, ਅਧਿਆਪਕ ਨੇ ਦੇਖਿਆ ਕਿ ਉਹ "ਬਿਲਕੁਲ ਪੀਲਾ (ਬਿਮਾਰ)" ਦਿਖਾਈ ਦੇ ਰਿਹਾ ਸੀ, ਤਾਂ ਉਸਨੇ ਬਹਾਨਾ ਬਣਾਇਆ ਅਤੇ ਆਪਣੀ ਗਣਿਤ ਦੀ ਕਲਾਸ ਵਿੱਚੋਂ ਬਾਹਰ ਭੱਜ ਗਿਆ।
ਫਿਨ, ਜੋ ਚਾਹੁੰਦਾ ਹੈ ਕਿ ਅਸੀਂ ਸਿਰਫ਼ ਉਸਦਾ ਪਹਿਲਾ ਨਾਮ ਹੀ ਵਰਤੀਏ, ਇਹ ਸਭ ਕਿਸੇ ਮਾਣ ਕਰਕੇ ਨਹੀਂ ਦੱਸ ਰਿਹਾ। ਸਗੋਂ ਅਸਲ ਵਿੱਚ, ਉਹ ਕਹਿੰਦਾ ਹੈ ਕਿ ਉਸਨੂੰ ਪਾਊਚ ਸ਼ੁਰੂ ਕਰਨ ਦਾ ਪਛਤਾਵਾ ਹੈ। ਉਹ ਹੁਣ ਆਪਣੇ ਆਪ ਨੂੰ ਇੱਕ ਨਸ਼ੇੜੀ ਵਜੋਂ ਦੇਖਦਾ ਹੈ ਅਤੇ ਦੂਜਿਆਂ ਨੂੰ ਸਾਵਧਾਨ ਕਰਨਾ ਚਾਹੁੰਦਾ ਹੈ।
"ਮੈਂ ਬਸ ਵੇਪਿੰਗ ਤੋਂ ਅੱਕ ਗਿਆ ਸੀ, ਅਤੇ ਹੁਣ ਮੈਂ ਇਨ੍ਹਾਂ ਵਿੱਚ ਫਸ ਗਿਆ ਹਾਂ।"

ਤਸਵੀਰ ਸਰੋਤ, Getty Images
ਨੌਜਵਾਨਾਂ ਦੀ ਇੱਕ ਵਧਦੀ ਗਿਣਤੀ ਨਿਕੋਟੀਨ ਪਾਊਚਾਂ ਦੀ ਵਰਤੋਂ ਕਰ ਰਹੀ ਹੈ। ਕੁਝ ਵੇਪਿੰਗ ਜਾਂ ਸਿਗਰਟਨੋਸ਼ੀ ਛੱਡ ਕੇ ਇਸ ਪਾਸੇ ਆ ਰਹੇ ਹਨ, ਜਦਕਿ ਕੁਝ ਪਹਿਲੀ ਵਾਰ ਨਿਕੋਟੀਨ ਵਰਤ ਕੇ ਦੇਖ ਰਹੇ ਹਨ।
ਬੀਬੀਸੀ ਨਿਊਜ਼ ਦੁਆਰਾ ਦੇਖੇ ਗਏ ਅੰਕੜੇ ਦੱਸਦੇ ਹਨ ਕਿ ਬ੍ਰਿਟੇਨ ਵਿੱਚ 16 ਤੋਂ 24 ਸਾਲ ਦੇ ਨੌਜਵਾਨਾਂ ਵਿੱਚ ਇਸ ਦੀ ਵਰਤੋਂ ਵਿੱਚ ਲਗਭਗ ਚਾਰ ਗੁਣਾ ਵਾਧਾ ਹੋਇਆ ਹੈ। ਸਾਲ ਕਿ 2022 ਵਿੱਚ ਇਹ ਗਿਣਤੀ 1% ਤੋਂ ਵੀ ਘੱਟ ਸੀ ਅਤੇ 2024 ਵਿੱਚ ਵਧ ਕੇ 3.6% ਹੋ ਗਈ ਹੈ।
ਇਹ ਪਾਊਚ ਆਨਲਾਈਨ, ਸੁਪਰਮਾਰਕੀਟਾਂ ਅਤੇ ਨੁੱਕੜ ਵਾਲੀਆਂ ਦੁਕਾਨਾਂ 'ਤੇ ਆਮ ਵਿਕਦੇ ਹਨ। 20 ਦੇ ਪੁੜੀਆਂ ਲਈ ਲਗਭਗ ਪੰਜ ਪੌਂਡ ਦੀ ਕੀਮਤ ਵਾਲੇ ਇਹ ਪਾਊਚ ਵੱਖ-ਵੱਖ ਨਿਕੋਟੀਨ ਸਮਰੱਥਾ ਵਾਲੇ ਵਿਦੇਸ਼ੀ ਸੁਆਦਾਂ ਵਿੱਚ ਆਉਂਦੇ ਹਨ। 1.5 ਮਿਲੀ ਗ੍ਰਾਮ ਤੋਂ ਲੈ ਕੇ ਵਧੇਰੇ "ਖ਼ਤਰਨਾਕ" ਅਨੁਭਵ ਲਈ 150 ਮਿਲੀ ਗ੍ਰਾਮ ਤੱਕ ਦੇ ਦਾਅਵੇ ਕੀਤੇ ਜਾਂਦੇ ਹਨ।
ਕੋਈ ਵੀ ਇਨ੍ਹਾਂ ਨੂੰ ਖਰੀਦ ਸਕਦਾ ਹੈ। ਸਿਗਰਟ, ਵੇਪ ਅਤੇ ਸ਼ਰਾਬ ਦੀ ਤਰ੍ਹਾਂ ਇਨ੍ਹਾਂ ਲਈ ਕੋਈ ਘੱਟੋ-ਘੱਟ ਉਮਰ ਸੀਮਾ ਤੈਅ ਨਹੀਂ ਹੈ। ਨਾ ਹੀ ਪਾਊਚਾਂ ਵਿੱਚ ਨਿਕੋਟੀਨ ਦੀ ਮਾਤਰਾ 'ਤੇ ਕੋਈ ਪਾਬੰਦੀ ਹੈ।
ਟ੍ਰੇਡਿੰਗ ਸਟੈਂਡਰਡਜ਼ ਦੀ ਤੰਬਾਕੂ ਅਤੇ ਵੇਪਿੰਗ ਲਈ ਮੁੱਖ ਅਧਿਕਾਰੀ ਕੇਟ ਪਾਈਕ ਚੇਤਾਵਨੀ ਦਿੰਦੀ ਹੈ, "ਮੈਂ 11 ਜਾਂ 12 ਸਾਲ ਦੀ ਉਮਰ ਦੇ ਬੱਚਿਆਂ ਬਾਰੇ ਸੁਣਿਆ ਹੈ ਜੋ ਦੁਕਾਨਾਂ 'ਤੇ ਜਾ ਕੇ ਇਨ੍ਹਾਂ ਨੂੰ ਖਰੀਦ ਰਹੇ ਹਨ।"
ਉਹ ਕਹਿੰਦੀ ਹੈ ਕਿ ਉਸਦੀ ਸੰਸਥਾ ਨੂੰ ਮਾਪਿਆਂ ਅਤੇ ਅਧਿਆਪਕਾਂ ਤੋਂ ਲਗਾਤਾਰ ਰਿਪੋਰਟਾਂ ਮਿਲ ਰਹੀਆਂ ਹਨ ਕਿ ਬੱਚਿਆਂ ਨੂੰ ਨਿਕੋਟੀਨ ਪਾਊਚ ਵੇਚੇ ਜਾ ਰਹੇ ਹਨ।
"ਇਹ ਬਹੁਤ ਨਿਰਾਸ਼ਾਜਨਕ ਹੈ ਕਿ ਵਰਤਮਾਨ ਵਿੱਚ ਅਸੀਂ ਉਹਨਾਂ ਨੂੰ ਰੋਕਣ ਲਈ ਕੁਝ ਨਹੀਂ ਕਰ ਸਕਦੇ।"

ਨਿਕੋਟੀਨ ਪਾਊਚ ਕੀ ਹਨ?
- ਇਨ੍ਹਾਂ ਨੂੰ ਵ੍ਹਾਈਟ ਸਨਸ ਵਜੋਂ ਵੀ ਜਾਣਿਆ ਜਾਂਦਾ ਹੈ, ਇਨ੍ਹਾਂ ਵਿੱਚ ਤੰਬਾਕੂ ਦੇ ਪੱਤਿਆਂ ਤੋਂ ਕੱਢੀ ਗਈ ਨਿਕੋਟੀਨ, ਸੋਡੀਅਮ ਕਾਰਬੋਨੇਟ, ਸੁਆਦ ਅਤੇ ਮਿਠਾਸ ਪਾਉਣ ਵਾਲੇ ਤੱਤ ਹੁੰਦੇ ਹਨ।
- ਇਨ੍ਹਾਂ ਦਾ ਪੀਐਚ (pH) ਮੁੱਲ ਅਕਸਰ ਉੱਚਾ ਹੁੰਦਾ ਹੈ, ਜੋ ਕਿ ਸੋਡੀਅਮ ਕਾਰਬੋਨੇਟ ਦੇ ਕਾਰਨ ਹੁੰਦਾ ਹੈ। ਇਹ ਨਿਕੋਟੀਨ ਨੂੰ ਮਸੂੜਿਆਂ ਦੀ ਨਰਮ ਪਰਤ ਰਾਹੀਂ ਤੇਜ਼ੀ ਨਾਲ ਖੂਨ ਦੇ ਪ੍ਰਵਾਹ ਵਿੱਚ ਜਾਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਨਸ਼ਾ ਬਹੁਤ ਤੇਜ਼ੀ ਨਾਲ ਚੜ੍ਹਦਾ ਹੈ।
ਸਰੋਤ: ਇੰਸਟੀਚਿਊਟ ਆਫ਼ ਓਡੋਂਟੋਲੋਜੀ, ਗੋਥਨਬਰਗ ਯੂਨੀਵਰਸਿਟੀ
ਕੇਟ ਪਾਈਕ ਸਰਕਾਰ ਨੂੰ 'ਤੰਬਾਕੂ ਅਤੇ ਵੇਪਸ ਬਿੱਲ' ਨੂੰ ਤਰਜੀਹ ਦੇਣ ਦੀ ਅਪੀਲ ਕਰ ਰਹੀ ਹੈ, ਜੋ ਜੇਕਰ ਪਾਸ ਹੋ ਜਾਂਦਾ ਹੈ, ਤਾਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਹ ਪਾਊਚ ਵੇਚਣਾ ਗੈਰ-ਕਾਨੂੰਨੀ ਹੋ ਜਾਵੇਗਾ।
ਉਹ ਕਹਿੰਦੀ ਹੈ, "ਸਾਨੂੰ ਉਨ੍ਹਾਂ ਲੋਕਾਂ ਵਿਰੁੱਧ ਕਾਰਵਾਈ ਕਰਨ ਦੀ ਲੋੜ ਹੈ ਜੋ ਜਾਣਬੁੱਝ ਕੇ ਜਾਂ ਲਾਪਰਵਾਹੀ ਨਾਲ ਬੱਚਿਆਂ ਨੂੰ ਅਜਿਹੇ ਉਤਪਾਦ ਦੀ ਆਦਤ ਪੈਣ ਦੇ ਖ਼ਤਰੇ ਵਿੱਚ ਪਾਉਂਦੇ ਹਨ ਜਿਸਦਾ ਨਸ਼ਾ ਬਹੁਤ ਜ਼ਿਆਦਾ ਲਗਦਾ ਹੈ।"
ਨਸ਼ੇ ਦੀ ਵੱਡੀ ਮਾਤਰਾ ਹੋਣ ਦੇ ਬਾਵਜੂਦ, ਨਿਕੋਟੀਨ ਪਾਊਚਾਂ ਦੀ ਪੈਕਿੰਗ 'ਤੇ ਇਹ ਚੇਤਾਵਨੀ ਲਿਖਣੀ ਜ਼ਰੂਰੀ ਨਹੀਂ ਹੈ ਕਿ, "ਇਸ ਉਤਪਾਦ ਵਿੱਚ ਨਿਕੋਟੀਨ ਹੈ ਜੋ ਕਿ ਇੱਕ ਬਹੁਤ ਹੀ ਨਸ਼ੀਲਾ ਪਦਾਰਥ ਹੈ।"

ਤਸਵੀਰ ਸਰੋਤ, Kent Trading Standards
ਜੇਕਰ ਪਾਊਚਾਂ ਵਿੱਚ 16.7 ਮਿਲੀ ਗ੍ਰਾਮ ਤੋਂ ਵੱਧ ਨਿਕੋਟੀਨ ਹੈ, ਤਾਂ ਆਮ ਉਤਪਾਦ ਸੁਰੱਖਿਆ ਨਿਯਮਾਂ ਦੇ ਤਹਿਤ, ਪੈਕਿੰਗ 'ਤੇ ਖੋਪੜੀ ਅਤੇ ਕਾਟਵੀਆਂ ਹੱਡੀਆਂ (ਖ਼ਤਰੇ) ਦਾ ਨਿਸ਼ਾਨ ਹੋਣਾ ਚਾਹੀਦਾ ਹੈ ਅਤੇ ਰਸਾਇਣਕ ਤੱਤਾਂ ਦੀ ਸੂਚੀ ਅੰਗਰੇਜ਼ੀ ਵਿੱਚ ਲਿਖੀ ਹੋਣੀ ਚਾਹੀਦੀ ਹੈ।
ਕੇਟ ਪਾਈਕ ਅਨੁਸਾਰ, ਇਹਨਾਂ ਨਿਯਮਾਂ ਦੀ ਲਗਾਤਾਰ ਉਲੰਘਣਾ ਕੀਤੀ ਜਾ ਰਹੀ ਹੈ।
ਇਹ ਪਾਊਚ ਸਿਗਰਟ ਨਾਲੋਂ ਕਾਫ਼ੀ ਘੱਟ ਨੁਕਸਾਨਦੇਹ ਹਨ। ਰਸਾਇਣ ਕਿਉਂਕਿ ਫੇਫੜਿਆਂ ਵਿੱਚ ਨਹੀਂ ਜਾਂਦੇ, ਇਸ ਲਈ ਇਹ ਵੇਪ ਨਾਲੋਂ ਵੀ ਘੱਟ ਖ਼ਤਰੇ ਵਾਲੇ ਵੀ ਹੋ ਸਕਦੇ ਹਨ। ਯੂਨੀਵਰਸਿਟੀ ਕਾਲਜ ਲੰਡਨ ਦੇ ਇੱਕ ਸੀਨੀਅਰ ਖੋਜਕਰਤਾ, ਹੈਰੀ ਟੈਟਨ-ਬਰਚ ਦਾ ਕਹਿਣਾ ਹੈ ਕਿ ਪਾਊਚ ਨਿਕੋਟੀਨ ਲੈਣ ਦਾ "ਸਭ ਤੋਂ ਘੱਟ ਨੁਕਸਾਨਦੇਹ ਤਰੀਕਾ" ਹਨ। ਇਹ ਸਿਰਫ਼ ਉਨ੍ਹਾਂ ਲਈ ਫਾਇਦੇਮੰਦ ਹਨ ਜੋ ਨਸ਼ਾ ਛੱਡਣਾ ਚਾਹੁੰਦੇ ਹਨ, ਨਾ ਕਿ ਉਹਨਾਂ ਲਈ ਜੋ ਪਹਿਲੀ ਵਾਰ ਨਿਕੋਟੀਨ ਦੀ ਵਰਤੋਂ ਕਰ ਰਹੇ ਹਨ।
ਹਾਲਾਂਕਿ, ਜ਼ਿਆਦਾ ਮਾਤਰਾ ਵਿੱਚ ਨਿਕੋਟੀਨ ਦੀ ਵਰਤੋਂ ਕਰਨ ਵਾਲਿਆਂ ਲਈ ਦਿਲ ਦੇ ਰੋਗਾਂ ਦਾ ਖ਼ਤਰਾ ਰਹਿੰਦਾ ਹੈ ਅਤੇ ਮਸੂੜਿਆਂ ਨੂੰ ਹੋਣ ਵਾਲੇ ਨੁਕਸਾਨ ਬਾਰੇ ਚਿੰਤਾ ਵਧ ਰਹੀ ਹੈ।
ਫਿਨ, ਇੱਕ ਸਾਲ ਤੋਂ ਵੱਧ ਸਮੇਂ ਤੋਂ ਇਨ੍ਹਾਂ ਦੀ ਵਰਤੋਂ ਕਰ ਰਿਹਾ ਹੈ। ਫਿਨ ਕਹਿੰਦਾ ਹੈ ਕਿ ਉਸਦਾ "ਮੂੰਹ ਬੁਰੀ ਤਰ੍ਹਾਂ ਖ਼ਰਾਬ ਹੋ ਗਿਆ ਸੀ" ਅਤੇ ਇੱਕ ਵਾਰ ਤਾਂ ਉਸਦੇ "ਮਸੂੜੇ ਦੀ ਅੱਧੀ ਪਰਤ ਹੀ ਉੱਤਰ ਗਈ ਸੀ।"
ਬੋਰਨਮਾਊਥ ਸਥਿਤ ਦੰਦਾਂ ਦੇ ਡਾਕਟਰ ਪੈਟ੍ਰਿਕ ਸਾਰਾਬੀ ਨੇ ਅਜਿਹੇ ਮਰੀਜ਼ਾਂ ਦਾ ਇਲਾਜ ਕੀਤਾ ਹੈ ਜਿਨ੍ਹਾਂ ਦੇ ਮਸੂੜਿਆਂ ਦੇ ਜ਼ਖ਼ਮ ਇੰਨੇ ਡੂੰਘੇ ਸਨ ਕਿ ਦੰਦਾਂ ਦੀ ਜੜ੍ਹ ਦਿਖਾਈ ਦੇ ਰਹੀ ਸੀ।
ਉਹ ਕਹਿੰਦੇ ਹਨ, "ਇਨ੍ਹਾਂ ਉਤਪਾਦਾਂ ਦਾ ਲੰਬੇ ਸਮੇਂ ਦੌਰਾਨ ਹੋਣ ਵਾਲਾ ਨੁਕਸਾਨ ਬਹੁਤ ਹੀ ਚਿੰਤਾਜਨਕ ਹੈ।"
ਪੈਟ੍ਰਿਕ ਦਾ ਇੱਕ ਮਰੀਜ਼, ਜੋ ਕਿ 23 ਸਾਲਾਂ ਦਾ ਵਿਦਿਆਰਥੀ ਹੈ, ਆਪਣੀਆਂ ਪ੍ਰੀਖਿਆਵਾਂ ਦੀ ਤਿਆਰੀ ਦੌਰਾਨ ਮਸੂੜਿਆਂ ਦੇ ਜ਼ਖਮ ਬਣਨੇ ਸ਼ੁਰੂ ਹੋ ਗਏ। ਉਹ ਵੇਪਿੰਗ ਛੱਡਣ ਅਤੇ ਆਪਣੀ ਪੜ੍ਹਾਈ 'ਤੇ ਧਿਆਨ ਕੇਂਦਰਿਤ ਕਰਨ ਲਈ ਦਿਨ ਵਿੱਚ ਪੰਜ ਪਾਊਚਾਂ ਦੀ ਵਰਤੋਂ ਕਰ ਰਿਹਾ ਸੀ।
ਵਿਦਿਆਰਥੀ ਕਹਿੰਦਾ ਹੈ, "ਇਹ ਸਿਰਫ਼ ਸ਼ੌਕ ਵਜੋਂ ਸ਼ੁਰੂ ਹੋਇਆ ਸੀ, ਪਰ ਜਲਦੀ ਹੀ ਇਸਦੀ ਆਦਤ ਪੈ ਗਈ। ਮੈਂ ਉਦੋਂ ਚਿੰਤਤ ਹੋ ਗਿਆ ਜਦੋਂ ਮੇਰੇ ਮਸੂੜੇ ਦਾ ਇੱਕ ਹਿੱਸਾ—ਜਿੱਥੇ ਮੈਂ ਪਾਊਚ ਰੱਖਦਾ ਸੀ—ਉੱਤਰ ਗਿਆ।"
ਅੱਠ ਮਹੀਨੇ ਪਹਿਲਾਂ ਇਹ ਸਭ ਛੱਡਣ ਤੋਂ ਬਾਅਦ ਹੁਣ ਉਸਦੇ ਮਸੂੜੇ ਠੀਕ ਹੋ ਰਹੇ ਹਨ।

ਤਸਵੀਰ ਸਰੋਤ, Sintija Miļuna-Meldere
ਡਾਕਟਰ ਸਾਰਾਬੀ, ਜਿਨ੍ਹਾਂ ਨੇ ਨਿਕੋਟੀਨ ਪਾਊਚਾਂ 'ਤੇ ਦੋ ਸਾਲਾਂ ਦੀ ਖੋਜ ਕੀਤੀ ਹੈ, ਕਹਿੰਦੇ ਹਨ ਕਿ ਇਸ ਨਾਲ ਮਸੂੜਿਆਂ ਦੀ ਬਿਮਾਰੀ ਅਤੇ ਹੱਡੀਆਂ ਦੇ ਖੁਰਨ ਦਾ ਖਤਰਾ ਵੱਧ ਜਾਂਦਾ ਹੈ।
ਡਾਕਟਰ ਸਾਰਾਬੀ ਨੂੰ ਡਰ ਹੈ ਕਿ ਨਿਕੋਟੀਨ ਪਾਊਚਾਂ ਦੀ ਵਰਤੋਂ ਦੀ ਜੋ "ਲਹਿਰ" ਸਵੀਡਨ ਵਿੱਚ ਆਈ ਹੈ, ਉਹ ਜਲਦੀ ਹੀ ਯੂਕੇ ਵਿੱਚ ਵੀ ਆ ਜਾਵੇਗੀ। ਸਵੀਡਨ ਵਿੱਚ 16 ਤੋਂ 29 ਸਾਲ ਦੇ 25% ਨੌਜਵਾਨ ਇਸ ਦੀ ਵਰਤੋਂ ਕਰਦੇ ਹਨ ਅਤੇ ਉੱਥੇ ਦੰਦਾਂ ਦੇ ਡਾਕਟਰ ਮਸੂੜਿਆਂ ਦੀ ਅਜਿਹੀ ਸੋਜ ਦੇ ਮਰੀਜ਼ ਦੇਖ ਰਹੇ ਹਨ ਜਿਨ੍ਹਾਂ ਨੂੰ ਠੀਕ ਹੋਣ ਵਿੱਚ ਮਹੀਨੇ ਜਾਂ ਸਾਲ ਲੱਗ ਰਹੇ ਹਨ। ਟੋਬੈਕੋ-ਸਨਸ ਦੀ ਸ਼ੁਰੂਆਤ ਅਸਲ ਵਿੱਚ ਸਵੀਡਨ ਤੋਂ ਹੀ ਹੋਈ ਸੀ।
ਕੁਝ ਸਮਾਂ ਪਹਿਲਾਂ ਹੀ ਗੋਥਨਬਰਗ ਯੂਨੀਵਰਸਿਟੀ ਵਿੱਚ ਇੱਕ ਪੰਜ ਸਾਲਾ ਅਧਿਐਨ ਸ਼ੁਰੂ ਹੋਇਆ ਹੈ ਕਿ ਕਿਉਂ ਚਿੱਟੇ ਸਨਸ ਤੰਬਾਕੂ ਆਧਾਰਿਤ ਉਤਪਾਦਾਂ ਦੇ ਮੁਕਾਬਲੇ ਇੰਨਾ ਜ਼ਿਆਦਾ ਨੁਕਸਾਨ ਕਰ ਰਹੇ ਹਨ।
ਓਰਲ ਮੈਡੀਸਨ ਦੇ ਮਾਹਰ ਡਾਕਟਰ ਗੀਤਾ ਗੇਲ, ਜੋ ਇਸ ਅਧਿਐਨ ਦੀ ਅਗਵਾਈ ਕਰ ਰਹੇ ਹਨ, ਕਹਿੰਦੇ ਹਨ ਕਿ ਇਸ ਉਤਪਾਦ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ "ਚਿੰਤਾਜਨਕ" ਹੈ, ਜਦੋਂ ਕਿ ਇਸਦੇ ਦੂਰ-ਰਸੀ ਨਤੀਜਿਆਂ ਬਾਰੇ ਬਹੁਤ ਘੱਟ ਜਾਣਕਾਰੀ ਉਪਲਬਧ ਹੈ।

ਤਸਵੀਰ ਸਰੋਤ, Getty Images
ਸਰਕਾਰ ਦਾ ਕਹਿਣਾ ਹੈ ਕਿ 'ਤੰਬਾਕੂ ਅਤੇ ਵੇਪਸ ਬਿੱਲ' 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਨ੍ਹਾਂ ਦੀ ਵਿਕਰੀ 'ਤੇ ਰੋਕ ਲਗਾਏਗਾ ਅਤੇ ਬੱਚਿਆਂ ਲਈ ਇਨ੍ਹਾਂ ਦੀ ਇਸ਼ਤਿਹਾਰਬਾਜ਼ੀ ਨੂੰ ਰੋਕੇਗਾ।
ਸਰਕਾਰ ਦੇ ਇੱਕ ਬੁਲਾਰੇ ਨੇ ਅੱਗੇ ਕਿਹਾ, "ਇਹ ਆਉਣ ਵਾਲੀ ਪੀੜ੍ਹੀ ਨੂੰ ਨਿਕੋਟੀਨ ਦੀ ਆਦਤ ਪੈਣ ਤੋਂ ਰੋਕੇਗਾ ਅਤੇ ਨਸ਼ੇ ਦੇ ਚੱਕਰ ਅਤੇ ਇਸ ਤੋਂ ਹੋਣ ਵਾਲੇ ਨੁਕਸਾਨ ਨੂੰ ਖ਼ਤਮ ਕਰੇਗਾ।"
ਫਿਨ ਕਹਿੰਦਾ ਹੈ ਕਿ ਉਸ ਦੇ ਸਕੂਲ ਦੇ ਬਹੁਤ ਸਾਰੇ ਦੋਸਤ ਵੇਪਿੰਗ ਛੱਡ ਕੇ ਨਿਕੋਟੀਨ ਪਾਊਚਾਂ ਵੱਲ ਚਲੇ ਗਏ ਹਨ।
ਉਸ ਨੇ ਵੀ ਅਜਿਹਾ ਹੀ ਕੀਤਾ ਸੀ, ਪਰ ਹੁਣ ਉਸ ਨੂੰ ਲੱਗਦਾ ਹੈ ਕਿ ਬਹੁਤ ਹੋ ਗਿਆ ਹੈ, ਅਤੇ ਉਹ ਇਸ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਫਿਨ ਕਹਿੰਦਾ ਹੈ, "ਮੈਂ ਸਿਰਫ਼ ਇਹੀ ਸੋਚਦਾ ਰਹਿੰਦਾ ਸੀ ਕਿ ਮੈਨੂੰ ਇਸ ਦੀ ਕਿੰਨੀ ਜ਼ਿਆਦਾ ਲੋੜ ਹੈ - ਇਹ ਹੱਦ ਤੋਂ ਵੱਧ ਹੋ ਗਿਆ ਸੀ। ਵੇਪਿੰਗ ਦੇ ਮੁਕਾਬਲੇ ਸਨਸ ਦੀ ਆਦਤ ਛੱਡਣੀ ਬਹੁਤ ਜ਼ਿਆਦਾ ਮੁਸ਼ਕਲ ਹੈ।"
ਫਿਨ ਦੀ ਸਲਾਹ ਹੈ: "ਪਹਿਲੀ ਗੱਲ ਤਾਂ ਇਨ੍ਹਾਂ ਚੀਜ਼ਾਂ ਦੇ ਚੱਕਰ ਵਿੱਚ ਪਵੋ ਹੀ ਨਾ। ਨਿਕੋਟੀਨ ਤੁਹਾਨੂੰ ਆਪਣੇ ਜਾਲ ਵਿੱਚ ਫਸਾ ਲੈਂਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












