ਤੁਹਾਡੀ ਉਮਰ ਵੱਖ-ਵੱਖ ਤਰੀਕੇ ਦੀਆਂ ਕਸਰਤਾਂ ਕਰਨ ਨਾਲ ਕਿਵੇਂ ਵੱਧ ਸਕਦੀ ਹੈ

ਕਾਲੇ ਤੇ ਭੂਰੇ ਵਾਲਾਂ ਵਾਲੀ ਇੱਕ ਨੌਜਵਾਨ ਇਨਸਟਰਕਟਰ ਇੱਕ ਅਧੇੜ ਮਹਿਲਾ ਨੂੰ ਕਸਰਤ ਦੇ ਗੁਰ ਦੱਸਦੇ ਹੋਏ। ਮਹਿਲਾ ਅੱਗੇ ਅਤੇ ਅਤੇ ਲੜਕੀ ਉਸਦੇ ਪਿੱਛੇ ਹੈ ਅਤੇ ਔਰਤ ਦੀਆਂ ਬਾਹਾਂ ਸਿੱਧੀਆਂ ਕਰਵਾ ਰਹੀ ਹੈ।

ਤਸਵੀਰ ਸਰੋਤ, Getty Images

    • ਲੇਖਕ, ਫਿਲਿਪਾ ਰੌਕਸਬੀ ਅਤੇ ਜੋਅ ਮੈਕਫੈਡਨ
    • ਰੋਲ, ਸਿਹਤ ਰਿਪੋਰਟਰ

ਇੱਕ ਅਧਿਐਨ ਵਿੱਚ ਸਾਹਮਣੇ ਆਇਆ ਕਿ ਹਰ ਹਫ਼ਤੇ ਵੱਖ -ਵੱਖ ਕਿਸਮ ਦੀ ਸਰੀਰਕ ਵਰਜਿਸ਼ ਕਰਨਾ ਸਿਹਤ ਨੂੰ ਬਿਹਤਰ ਬਣਾਉਣ ਅਤੇ ਲੰਬੀ ਉਮਰ ਲਈ ਫ਼ਾਇਦੇਮੰਦ ਹੋ ਸਕਦਾ ਹੈI

ਅਮਰੀਕਾ ਵਿੱਚ 1,10,000 ਮਰਦਾਂ ਅਤੇ ਔਰਤਾਂ ਦੀਆਂ ਹਫ਼ਤਾਵਾਰੀ ਕਸਰਤ ਆਦਤਾਂ ਨੂੰ ਵਾਚਣ ਤੋਂ ਬਾਅਦ ਖੋਜਕਾਰਾਂ ਨੇ ਦੇਖਿਆ ਉਹ ਲੋਕ ਜੋ ਕਿ ਸਭ ਤੋਂ ਵੱਧ ਕਿਸਮ ਦੀ ਕਸਰਤ ਕਰਦੇ ਸਨ, ਉਨ੍ਹਾਂ ਦੀ ਮੌਤ ਦੀ ਸੰਭਾਵਨਾ ਸਿਰਫ਼ ਇੱਕ ਹੀ ਤਰ੍ਹਾਂ ਦੀ ਕਸਰਤ ਉੱਤੇ ਧਿਆਨ ਦੇਣ ਵਾਲਿਆਂ ਨਾਲੋਂ 19% ਘੱਟ ਸੀ I

ਇਹ ਅਸਰ ਪੈਦਲ ਚੱਲਣ, ਟੈਨਿਸ, ਰੋਇੰਗ ਅਤੇ ਜੌਗਿੰਗ ਵਰਗੀਆਂ ਵਿਅਕਤੀਗਤ ਖੇਡਾਂ ਨਾਲੋਂ ਜ਼ਿਆਦਾ ਸੀ।

ਮਾਹਰਾਂ ਮੁਤਾਬਿਕ ਤੁਸੀਂ ਕਿੰਨੀ ਕਸਰਤ ਕਰਦੇ ਹੋ, ਇਹ ਅਜੇ ਵੀ ਬਹੁਤ ਅਹਿਮ ਹੈI ਲੇਕਿਨ ਉਹ ਵੱਖੋ-ਵੱਖ ਸਰਗਰਮੀਆਂ ਜੋ ਤੁਹਾਨੂੰ ਸਕੂਨ ਦਿੰਦੀਆਂ ਹੋਣ, ਉਨ੍ਹਾਂ ਨਾਲ ਕਈ ਤਰ੍ਹਾਂ ਦੇ ਲਾਭ ਹੋ ਸਕਦੇ ਹਨI

'ਹਰੇਕ ਕਸਰਤ ਕੁੱਝ ਵੱਖਰਾ ਦਿੰਦੀ ਹੈ'

ਮੈਡੀ ਸੜਕ ਉੱਤੇ ਦੌੜਦੇ ਹੋਏ,

ਤਸਵੀਰ ਸਰੋਤ, Maddie Albon

ਤਸਵੀਰ ਕੈਪਸ਼ਨ, ਮੈਡੀ ਨੂੰ ਯੋਗਾ ਕਰਨਾ, ਟੈਨਿਸ ਖੇਡਣਾ ਅਤੇ ਟ੍ਰਾਇਥਲੋਨ ਵੀ ਪਸੰਦ ਹਨ

ਲੰਡਨ ਵਾਸੀ 29 ਸਾਲਾ ਗਲੋਬਲ ਮਾਰਕੀਟਿੰਗ ਮੈਨੇਜਰ ਮੈਡੀ ਐਲਬਨ ਆਪਣੇ ਵਿਹਲੇ ਸਮੇਂ ਵਿੱਚ ਟ੍ਰਾਇਥਲੋਨ ਕਰਦੇ ਹਨ- ਪਰ ਇਹ ਸਿਰਫ਼ ਸ਼ੁਰੂਆਤ ਕਰਨ ਵਾਲਿਆਂ ਲਈ ਹੈ।

ਉਨ੍ਹਾਂ ਦੀਆਂ ਹੋਰ ਖੇਡਾਂ ਵਿੱਚ ਟੈਨਿਸ, ਸਪਿਨ ਕਲਾਸਾਂ, ਯੋਗਾ, ਪਿਲਾਟਿਸ ਅਤੇ ਵਜ਼ਨ ਚੁੱਕਣ ਵਰਗੀਆਂ ਹੋਰ ਕਸਰਤਾਂ ਵੀ ਸ਼ਾਮਲ ਹਨ।

ਉਹ ਕਹਿੰਦੇ ਹਨ, "ਹਰ ਕਿਸਮ ਦੀ ਕਸਰਤ ਕੁਝ ਨਾ ਕੁਝ ਵੱਖਰਾ ਦਿੰਦੀ ਹੈ। ਕਿਸੇ ਇੱਕ ਖੇਡ ਵਿੱਚ ਚੰਗਾ ਹੋਣ ਲਈ ਵੱਖ-ਵੱਖ ਕਸਰਤਾਂ ਜ਼ਰੂਰੀ ਹਨ - ਚੰਗਾ ਦੌੜਨ ਲਈ ਤੁਹਾਨੂੰ ਭਾਰ ਤੋਲਨ ਦੀ ਵੀ ਲੋੜ ਹੈ।"

ਮੈਡੀ,ਜੋ ਕਿ ਨਿਊਜ਼ੀਲੈਂਡ ਤੋਂ ਹਨ —ਨੇ ਮਹਿਸੂਸ ਕੀਤਾ ਕਿ ਵੱਖ-ਵੱਖ ਕਸਰਤਾਂ ਉਨ੍ਹਾਂ ਦੇ ਮਿਜ਼ਾਜ ਵਿੱਚ ਵੀ ਮਦਦ ਕਰਦੀਆਂ ਹਨ।"

ਕਥਨ

"ਕਈ ਵਾਰ ਮੇਰੇ ਵਿੱਚ ਸਖ਼ਤ ਕਸਰਤ ਕਰਨ ਦੀ ਤਾਕਤ ਨਹੀਂ ਹੁੰਦੀ, ਤਾਂ ਯੋਗਾ ਮਨ ਨੂੰ ਸ਼ਾਂਤ ਕਰਦੀ ਹਾਂ। ਇਹ ਮੇਰੀ ਮਾਨਸਿਕ ਤੰਦਰੁਸਤੀ ਲਈ ਬਹੁਤ ਲਾਭਕਾਰੀ ਹੈ।"

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ "ਵਧੀਆ ਹੈ ਕਿ ਤੁਹਾਡੇ ਕੋਲ ਆਪਣੇ ਸਰੀਰ ਨੂੰ ਹਿਲਾਉਣ ਅਤੇ ਦਿਨ ਵਿੱਚ ਉਸ ਸਮੇਂ ਨੂੰ ਸੱਚਮੁੱਚ ਆਪਣੇ ਲਈ ਸਮਰਪਿਤ ਕਰਨ ਲਈ ਹੋਰ ਵਿਕਲਪ ਹੋਣI"

ਮੈਡੀ ਨੇ ਪਿਛਲੇ ਸਾਲ ਟ੍ਰਾਇਥਲੋਨ ਸ਼ੁਰੂ ਕੀਤੇ ਸਨ ਅਤੇ ਹੁਣ ਉਹ ਟੀਮ ਖੇਡਾਂ ਵੀ ਅਜ਼ਮਾਉਣਾ ਚਾਹੁੰਦੇ ਹਨ, ਕਿਉਂਕਿ ਹੋ ਸਕਦਾ ਹੈ ਉਨ੍ਹਾਂ ਦੀਆਂ ਮੌਜੂਦਾ ਕਸਰਤਾਂ ਨਾਲੋਂ "ਥੋੜ੍ਹਾ ਵਧੇਰੇ ਸਮਾਜਿਕ" ਹੋਣ।

ਸਰੀਰਕ ਤੌਰ 'ਤੇ ਸਰਗਰਮ ਰਹਿਣ ਨੂੰ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਇਹ ਦਿਲ, ਖੂਨ ਦੀਆਂ ਨਾੜੀਆਂ ਅਤੇ ਫੇਫੜਿਆਂ ਦੀਆਂ ਕਈ ਬਿਮਾਰੀਆਂ ਦੇ ਖਤਰੇ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਨਿਯਮਤ ਕਸਰਤ ਕਰਨ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਕਾਰਨ ਹੋਣ ਵਾਲੀ ਅਕਾਲ ਮੌਤ ਦੇ ਖਤਰੇ ਨੂੰ ਵੀ ਘਟਾਇਆ ਜਾ ਸਕਦਾ ਹੈ।

ਹਾਰਵਰਡ ਸਕੂਲ ਆਫ਼ ਪਬਲਿਕ ਹੈਲਥ ਦੇ ਡਾ. ਯਾਂਗ ਹੁ - ਜੋ ਬੀਐਮਜੇ ਮੈਡੀਸਿਨ ਜਰਨਲ ਵਿੱਚ ਛਪੇ ਇਸ ਅਧਿਐਨ ਦੇ ਮੁੱਖ ਲੇਖਕ ਹਨ, ਉਹ ਕਹਿੰਦੇ ਹਨ, "ਪੂਰੀ ਸਰੀਰਕ ਗਤੀਵਿਧੀ ਦਾ ਉੱਚ ਪੱਧਰ ਰੱਖਣਾ ਮਹੱਤਵਪੂਰਨ ਹੈ, ਅਤੇ ਇਸ ਤੋਂ ਇਲਾਵਾ, ਗਤੀਵਿਧੀਆਂ ਵਿੱਚ ਵਿਭਿੰਨਤਾ ਲਿਆਉਣਾ ਹੋਰ ਵੀ ਵਧੇਰੇ ਲਾਭਦਾਇਕ ਹੋ ਸਕਦਾ ਹੈI"

ਉਨ੍ਹਾਂ ਨੇ ਅੱਗੇ ਕਿਹਾ, "ਅਜਿਹੀਆਂ ਗਤੀਵਿਧੀਆਂ ਨੂੰ ਮਿਲਾ ਕੇ ਕਰਨਾ ਜਿਨ੍ਹਾਂ ਦੇ ਸਿਹਤ ਲਈ ਵੱਖੋ-ਵੱਖਰੇ ਅਤੇ ਪੂਰਕ ਲਾਭ ਹਨ [ਜਿਵੇਂ ਕਿ ਮਾਸਪੇਸ਼ੀਆਂ ਦੀ ਮਜ਼ਬੂਤੀ ਵਾਲੀ ਟ੍ਰੇਨਿੰਗ ਅਤੇ ਐਰੋਬਿਕ ਕਸਰਤ], ਸਿਹਤ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ।"

ਐਨਐਚਐੱਸ ਦੀ ਸਲਾਹ ਅਨੁਸਾਰ 19–64 ਸਾਲ ਦੇ ਬਾਲਗਾਂ ਨੂੰ ਇਹ ਕਰਨ ਦਾ ਟੀਚਾ ਰੱਖਣਾ ਚਾਹੀਦਾ ਹੈ:

  • ਹਫ਼ਤੇ ਵਿੱਚ ਘੱਟੋ-ਘੱਟ ਦੋ ਦਿਨ ਵੱਡੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਾਲੀਆਂ ਗਤੀਵਿਧੀਆਂ ਕਰਨੀਆਂ ਚਾਹੀਦੀਆਂ ਹਨ।
  • ਹਫ਼ਤੇ ਵਿੱਚ 150 ਮਿੰਟ ਦਰਮਿਆਨੀ ਤੀਬਰਤਾ ਦੀ ਕਸਰਤ ਜਾਂ 75 ਮਿੰਟ ਦੀ ਤੇਜ਼ ਕਸਰਤ ਕਰਨੀ ਚਾਹੀਦੀ ਹੈ
  • ਕਸਰਤ ਨੂੰ ਹਫ਼ਤੇ ਦੇ 4-5 ਦਿਨਾਂ ਵਿੱਚ ਬਰਾਬਰ ਵੰਡ ਕੇ ਕਰੋ।
  • ਬਿਨ੍ਹਾਂ ਹਿੱਲ-ਜੁੱਲ ਕੀਤੇ, ਬਹੁਤਾ ਸਮਾਂ ਬੈਠਕੇ ਜਾਂ ਲੇਟ ਕੇ ਨਾ ਬਿਤਾਓ।
ਕਸਰਤ ਵਜੋਂ ਰੱਸਾ ਖਿੱਚਦੀ ਹੋਈ ਮਹਿਲਾ

ਤਸਵੀਰ ਸਰੋਤ, Getty Images

ਐਰੋਬਿਕ ਗਤੀਵਿਧੀਆਂ ਦਿਲ ਦੀ ਧੜਕਨ ਨੂੰ ਵਧਾਉਂਦੀਆਂ ਹਨ ਅਤੇ ਤੁਹਾਨੂੰ ਤੇਜ਼ ਸਾਹ ਲੈਣ ਲਈ ਮਜਬੂਰ ਕਰਦੀਆਂ ਹਨI ਇਨ੍ਹਾਂ ਵਿੱਚ ਤੇਜ਼ ਸੈਰ, ਸਾਈਕਲ ਚਲਾਉਣਾ, ਟੈਨਿਸ ਖੇਡਣਾ, ਨੱਚਣਾ, ਹਾਈਕਿੰਗ ਜਾਂ ਘਾਹ ਕੱਟਣਾ ਸ਼ਾਮਲ ਹੈ।

ਤੇਜ਼ ਕਸਰਤ ਨਾਲ ਸਾਹ ਬਹੁਤ ਤੇਜ਼ ਹੋ ਜਾਂਦਾ ਹੈI ਉਦਾਹਰਨ ਵਜੋਂ ਦੌੜਨਾ, ਤੈਰਾਕੀ, ਫੁੱਟਬਾਲ, ਹਾਕੀ, ਜਿਮਨਾਸਟਿਕਸ ਜਾਂ ਪੌੜੀਆਂ ਚੜ੍ਹਨਾ।

ਮਾਸਪੇਸ਼ੀਆਂ ਮਜ਼ਬੂਤ ਕਰਨ ਵਾਲੀਆਂ ਕਸਰਤਾਂ ਵਿੱਚ ਯੋਗਾ, ਭਾਰ ਚੁੱਕਣਾ, ਤਾਈ ਚੀ, ਉੱਠਕ-ਬੈਠਕ, ਬਾਗਬਾਨੀ ਅਤੇ ਖ਼ਰੀਦਾਰੀ ਵਾਲੇ ਭਾਰੇ ਥੈਲੇ ਚੁੱਕਣਾ ਸ਼ਾਮਲ ਹਨ।

ਇਸ ਖੋਜ ਲਈ 30-55 ਸਾਲ ਦੀਆਂ 70 ਹਜ਼ਾਰ ਤੋਂ ਵੱਧ ਨਰਸਾਂ ਅਤੇ 40–75 ਸਾਲ ਦੇ 40 ਹਜ਼ਾਰ ਸਿਹਤ ਪੇਸ਼ੇਵਰਾਂ ਤੋਂ ਹਰ ਹਫ਼ਤੇ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਜਿਵੇਂ ਸੈਰ, ਜੌਗਿੰਗ, ਦੌੜਨਾ, ਸਾਈਕਲਿੰਗ, ਤੈਰਨਾ, ਰੋਇੰਗ, ਟੈਨਿਸ ਅਤੇ ਸਕੁਆਸ਼ ਬਾਰੇ ਜਾਣਕਾਰੀ ਇਕੱਠੀ ਕੀਤੀ ਗਈI

ਉਨ੍ਹਾਂ ਨੇ ਇਹ ਪ੍ਰਸ਼ਨਾਵਲੀਆਂ ਹਰ ਦੋ ਸਾਲ ਬਾਅਦ ਭਰੀਆਂ, ਜਿਨ੍ਹਾਂ ਵਿੱਚ ਵਜ਼ਨ ਚੁੱਕਣ, ਯੋਗਾ ਵਰਗੀਆਂ ਹਲਕੀਆਂ ਕਸਰਤਾਂ, ਬਾਗਬਾਨੀ ਅਤੇ ਪੌੜੀਆਂ ਚੜ੍ਹਨ ਵਰਗੀਆਂ ਗਤੀਵਿਧੀਆਂ ਵੀ ਸ਼ਾਮਲ ਸਨ।

ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਜ਼ਿਆਦਾਤਰ ਇਕੱਲੀਆਂ ਕਸਰਤਾਂ ਨਾਲ ਵੀ ਮੌਤ ਦੇ ਖਤਰੇ ਵਿੱਚ ਕਮੀ ਆਈ। ਲੇਕਿਨ ਜਿਹੜੇ ਲੋਕ ਸਭ ਤੋਂ ਵੱਧ ਕਿਸਮਾਂ ਦੀ ਕਸਰਤ ਕਰਦੇ ਸਨ, ਉਨ੍ਹਾਂ ਦੇ ਨਤੀਜੇ ਹੋਰ ਵੀ ਚੰਗੇ ਸਨ।

ਉਨ੍ਹਾਂ ਵਿੱਚ ਕੈਂਸਰ, ਦਿਲ ਦੀ ਬਿਮਾਰੀ, ਫੇਫੜਿਆਂ ਦੀਆਂ ਬਿਮਾਰੀਆਂ ਅਤੇ ਹੋਰ ਕਾਰਨਾਂ ਕਰਕੇ ਮੌਤ ਦਾ ਖਤਰਾ ਦੂਜਿਆਂ ਨਾਲੋਂ 13% ਤੋਂ 41% ਤੱਕ ਘੱਟ ਸੀ।

ਅਧਿਐਨ ਨੇ ਇਹ ਵੀ ਦਰਸਾਇਆ ਕਿ ਹਫ਼ਤੇ ਵਿੱਚ ਛੇ ਘੰਟੇ ਦਰਮਿਆਨੀ ਕਸਰਤ ਜਾਂ ਤਿੰਨ ਘੰਟੇ ਤੇਜ਼ ਕਸਰਤ ਸਭ ਤੋਂ ਉੱਤਮ ਮਾਤਰਾ ਹੈ, ਇਸ ਤੋਂ ਬਾਅਦ ਲਾਭ ਇੱਕ ਪੱਧਰ 'ਤੇ ਠਹਿਰ ਜਾਂਦੇ ਹਨ।

ਹਾਲਾਂਕਿ ਇਹ ਅਧਿਐਨ ਵੱਡਾ ਹੈ ਅਤੇ ਸਰੀਰਕ ਸਰਗਰਮੀ ਨੂੰ ਵਾਰ-ਵਾਰ ਮਾਪਿਆ ਗਿਆ, ਫਿਰ ਵੀ ਖੋਜ ਦੀਆਂ ਕੁਝ ਸੀਮਾਵਾਂ ਹਨ। ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਲੋਕਾਂ ਦੀ ਸਿਹਤ ਨੇ ਉਨ੍ਹਾਂ ਵਲੋਂ ਕੀਤੀ ਜਾਣ ਵਾਲੀ ਕਸਰਤ ਦੀ ਚੋਣ ਨੂੰ ਪ੍ਰਭਾਵਿਤ ਕੀਤਾ ਹੋਵੇ, ਨਾ ਕਿ ਕਸਰਤ ਨੇ ਸਿਹਤ ਨੂੰ। ਅਧਿਐਨ ਨੇ ਜੀਵਨ ਸ਼ੈਲੀ ਦੇ ਕਈ ਕਾਰਕਾਂ ਨੂੰ ਧਿਆਨ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਹੈ ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)